Wednesday 3 September 2014

ਪੱਛਮੀ ਬੰਗਾਲ 'ਚ ਅਗਾਂਹਵਧੂ ਸਿਆਸੀ ਮੰਚ ਦਾ ਗਠਨ

ਰਾਸ਼ਟਰੀ ਝਰੋਖਾ
ਪੱਛਮੀ ਬੰਗਾਲ ਦੀ ਰਾਜਧਾਨੀ ਕੋਲਕਾਤਾ ਵਿਖੇ, ਮਿਹਨਤਕਸ਼ ਲੋਕਾਂ ਦੇ ਜਮਹੂਰੀਅਤ ਅਤੇ ਧਰਮ ਨਿਰਪੱਖਤਾ ਦੀ ਰਾਖੀ ਲਈ ਅੰਦੋਲਨ ਵਜੋਂ ਗਠਿਤ ਕੀਤੇ ਗਏ ਸਿਆਸੀ ਮੰਚ ''ਗਣਮੰਚ'' ਵਲੋਂ 7 ਅਗਸਤ ਨੂੰ ਫਨੀਭੂਸ਼ਨ ਮੰਚ ਵਿਖੇ ਇਕ ਕਨਵੈਨਸ਼ਨ ਆਯੋਜਤ ਕੀਤੀ ਗਈ। 'ਗਣ ਮੰਚ' ਪਿਛਲੇ ਦਿਨੀਂ ਪੱਛਮੀ ਬੰਗਾਲ ਵਿਚ ਕੰਮ ਕਰਦੀਆਂ ਖੱਬੇਪੱਖੀ ਜਥੇਬੰਦੀਆਂ ਵਲੋਂ ਗਠਤ ਕੀਤਾ ਗਿਆ ਸੀ। ਇਸ ਮੰਚ ਦਾ ਮਕਸਦ ਧਰਮ ਨਿਰਪੱਖਤਾ, ਜਮਹੂਰੀਅਤ ਅਤੇ ਮੇਹਨਤਕਸ਼ ਲੋਕਾਂ ਦੇ ਹੱਕਾਂ-ਹਿੱਤਾਂ ਦੀ ਰਾਖੀ ਲਈ ਲੋਕਾਂ ਨੂੰ ਜਥੇਬੰਦ ਕਰਨਾ ਹੈ। ਇਸ ਵਿਚ ਹੇਠ ਲਿਖੀਆਂ ਪੰਜ ਖੱਬੇ ਪੱਖੀ ਜਥੇਬੰਦੀਆਂ ਸ਼ਾਮਲ ਹਨ : 
1. ਸੀ.ਪੀ.ਆਈ.(ਐਮ.ਐਲ.) ਲਿਬਰੇਸ਼ਨ, 2. ਸਾਮਾਜਿਕ ਨਿਆਏ ਵਿਚਾਰ ਮੰਚ, 3. ਮਜ਼ਦੂਰ ਕਰਾਂਤੀ ਪਰੀਸ਼ਦ 4. ਰੈਡੀਕਲ ਸੋਸ਼ਲਿਸਟ 5. ਲੈਫਟ ਕੁਲੈਕਟਿਵ
ਕਨਵੈਨਸ਼ਨ ਵਿਚ ਸ਼ਾਮਲ ਲੋਕਾਂ ਨਾਲ ਖਚਾ ਖਚ ਭਰੇ ਹਾਲ ਨੂੰ 'ਗਣਮੰਚ' ਦੇ ਆਗੂਆਂ ਕਾਮਰੇਡ ਪਾਰਥਾ ਘੋਸ਼ (ਸੀ.ਪੀ.ਆਈ.(ਐਮ.ਐਲ.)ਲਿਬਰੇਸ਼ਨ), ਕਾਮਰੇਡ ਅਬਦੁਲ ਰਜ਼ਾਕ ਮੁੱਲਾ (ਸਾਮਾਜਿਕ ਨਿਆਏ ਵਿਚਾਰ ਮੰਚ), ਕਾਮਰੇਡ ਅਮਿਤਾਭ ਭੱਟਾਚਾਰੀਆ (ਮਜ਼ਦੂਰ ਕਰਾਂਤੀ ਪਰੀਸ਼ਦ), ਕਾਮਰੇਡ ਕੁਨਾਲ ਚੱਟੋਪਾਧਿਆਏ (ਰੈਡੀਕਲ ਸੋਸ਼ਲਿਸਟ) ਅਤੇ ਕਾਮਰੇਡ ਪ੍ਰਸਨਜੀਤ ਬੋਸ (ਲੈਫਟ ਕੁਲੈਕਟਿਵ) ਨੇ ਸੰਬੋਧਨ ਕੀਤਾ। 
ਇਸ ਕਨਵੈਨਸ਼ਨ ਵਿਚ ਦੂਜਿਆਂ ਸੂਬਿਆਂ ਤੋਂ ਆਏ ਭਰਾਤਰੀ ਪਾਰਟੀਆਂ ਤੇ ਜਥੇਬੰਦੀਆਂ ਦੇ ਡੈਲੀਗੇਟਾਂ ਨੇ ਵੀ ਸ਼ਮੂਲੀਅਤ ਕੀਤੀ। ਪੰਜਾਬ ਤੋਂ ਸੀ.ਪੀ.ਐਮ.ਪੰਜਾਬ, ਕੇਰਲ ਤੋਂ ਰੈਵੋਲਿਊਸ਼ਨਰੀ ਮਾਰਕਸਿਸਟ ਪਾਰਟੀ, ਤਾਮਿਲਨਾਡੂ ਤੋਂ ਮਾਰਕਸਿਸਟ ਪਾਰਟੀ ਅਤੇ ਮਹਾਰਾਸ਼ਟਰ ਤੋਂ ਗੋਦਾਵਰੀ ਪਾਰੂਲੇਕਰ ਮਾਰਕਸਵਾਦੀ ਵਿਚਾਰ ਮੰਚ ਦੇ ਆਗੂ ਵੀ ਕਨਵੈਨਸ਼ਨ ਵਿਚ ਸ਼ਾਮਲ ਸਨ। ਇਨ੍ਹਾਂ ਸਭਨਾਂ ਵਲੋਂ ਸੀ.ਪੀ.ਐਮ.ਪੰਜਾਬ ਦੇ ਆਗੂ ਕਾਮਰੇਡ ਮੰਗਤ ਰਾਮ ਪਾਸਲਾ ਨੇ ਇਕੱਠ ਨੂੰ ਸੰਬੋਧਨ ਕੀਤਾ। 
ਸਮੂਹ ਬੁਲਾਰਿਆਂ ਨੇ ਕੇਂਦਰ ਵਿਚ ਸੱਤਾਸੀਨ ਨਰਿੰਦਰ ਮੋਦੀ ਦੀ ਅਗਵਾਈ ਵਾਲੀ ਬੀ.ਜੇ.ਪੀ. ਸਰਕਾਰ ਵਲੋਂ ਧਰਮ ਨਿਰਪੱਖਤਾ ਤੇ ਜਮਹੂਰੀਅਤ ਪ੍ਰਤੀ ਪੈਦਾ ਕੀਤੇ ਗਏ ਖਤਰੇ ਦੀ ਵਿਆਖਿਆ ਕੀਤੀ। ਬੁਲਾਰਿਆਂ ਨੇ ਇਹ ਵੀ ਦੱਸਿਆ ਕਿ ਕੇਂਦਰ ਵਿਚ ਸੱਤਾ ਸੰਭਾਲਣ ਤੋਂ ਫੌਰੀ ਬਾਅਦ ਬੀ.ਜੇ.ਪੀ. ਸਰਕਾਰ ਤਿੱਖੀਆਂ ਨਵਉਦਾਰਵਾਦੀ ਨੀਤੀਆਂ ਅਖਤਿਆਰ ਕਰ ਰਹੀ ਹੈ, ਜਿਹੜੀਆਂ ਲਾਜ਼ਮੀ ਰੂਪ ਵਿਚ ਮਿਹਨਤਕਸ਼ ਲੋਕਾਂ ਦੇ ਹੱਕਾਂ ਤੇ ਹਿੱਤਾਂ ਨੂੰ ਸੱਟ ਮਾਰਨਗੀਆਂ। ਦੂਜੇ ਪਾਸੇ, ਤਿਣਮੂਲ ਕਾਂਗਰਸ ਦੀ ਅਗਵਾਈ ਵਾਲੀ ਪੱਛਮੀ ਬੰਗਾਲ ਸਰਕਾਰ ਵੀ ਲੋਕ ਵਿਰੋਧੀ ਨੀਤੀਆਂ ਅਪਨਾ ਰਹੀ ਹੈ ਅਤੇ ਰਾਜ ਦੇ ਲੋਕਾਂ ਦੇ ਜਮਹੂਰੀ ਅਧਿਕਾਰਾਂ ਦਾ ਘਾਣ ਕਰ ਰਹੀ ਹੈ। ਉਸੇ ਵੇਲੇ ਇਹ ਵੀ ਵੇਖਣ ਵਿਚ ਆ ਰਿਹਾ ਹੈ ਕਿ ਪੱਛਮੀ ਬੰਗਾਲ ਵਿਚ ਫੈਕਟਰੀਆਂ ਬੰਦ ਕੀਤੀਆਂ ਜਾ ਰਹੀਆਂ ਹਨ ਜਿਸਦੇ ਸਿੱਟੇ ਵਜੋਂ ਮਜ਼ਦੂਰ ਜਮਾਤ ਲਈ ਵੱਡੀਆਂ ਮੁਸ਼ਕਲਾਂ ਪੈਦਾ ਹੋ ਰਹੀਆਂ ਹਨ। ਖੱਬਾ ਮੋਰਚਾ ਜਿਹੜਾ ਕਿ ਸੂਬੇ ਦੀ ਮੁੱਖ ਵਿਰੋਧੀ ਧਿਰ ਹੈ, ਤ੍ਰਿਣਮੂਲ ਕਾਂਗਰਸ ਦੇ ਇਸ ਹਮਲੇ ਦਾ ਢੁਕਵੇਂ ਰੂਪ ਵਿਚ ਪ੍ਰਤੀਰੋਧ ਕਰਨ ਜਾਂ ਇਨ੍ਹਾਂ ਲੋਕਾਂ ਦੇ ਮੁੱਦਿਆਂ 'ਤੇ ਅੰਦੋਲਨ ਉਸਾਰਨ ਵਿਚ ਅਸਫਲ ਰਿਹਾ ਹੈ। ਸਿੱਟੇ ਵਜੋਂ, ਖੱਬੇ ਮੋਰਚੇ ਦੇ ਸਮਰਥਕ ਵੀ ਬੀ.ਜੇ.ਪੀ. ਵਿਚ ਸ਼ਾਮਲ ਹੋ ਰਹੇ ਹਨ, ਜਿਹੜੀ ਕਿ ਲੋਕ ਸਭਾ ਚੋਣਾਂ ਤੋਂ ਬਾਅਦ ਵੱਡੀ ਰਾਜਨੀਤਕ ਸ਼ਕਤੀ ਬਣਕੇ ਉਭਰੀ ਹੈ। ਪੱਛਮੀ ਬੰਗਾਲ ਵਿਚ ਬੀ.ਜੇ.ਪੀ. ਵਰਗੀ ਫਿਰਕੂ ਸ਼ਕਤੀ ਦਾ ਉਭਾਰ ਗੰਭੀਰ ਚਿੰਤਾ ਦਾ ਵਿਸ਼ਾ ਹੈ। ਅਜਿਹੀ ਸਥਿਤੀ ਵਿਚ ਖੱਬੇ ਪੱਖੀ ਸ਼ਕਤੀਆਂ ਵਲੋਂ ਇਕਜੁਟ ਹੋਣਾ ਅਤੇ ਕੇਂਦਰ ਦੀ ਬੀ.ਜੇ.ਪੀ. ਸਰਕਾਰ ਤੇ ਸੂਬੇ ਦੀ ਤ੍ਰਿਣਮੂਲ ਕਾਂਗਰਸ ਸਰਕਾਰ ਵਿਰੁੱਧ ਜਨ ਅੰਦੋਲਨ ਉਸਾਰਨਾ ਜ਼ਰੂਰੀ ਬਣ ਜਾਂਦਾ ਹੈ। ਕਨਵੈਨਸ਼ਨ ਨੂੰ ਸੰਬੋਧਨ ਕਰਦਿਆਂ ਸਮੂਹ ਬੁਲਾਰਿਆਂ ਨੇ ਸੂਬਾ ਤੇ ਕੇਂਦਰੀ ਸਰਕਾਰ ਦੀਆਂ ਨੀਤੀਆਂ ਵਿਰੁੱਧ ਮਜ਼ਬੂਤ ਅੰਦੋਲਨ ਉਸਾਰਨ ਦਾ ਅਹਿਦ ਕੀਤਾ। ਫੈਸਲਾ ਕੀਤਾ ਗਿਆ ਕਿ ਸਨਅਤਾਂ ਦੇ ਬੰਦ ਕੀਤੇ ਜਾਣ ਅਤੇ ਮਜ਼ਦੂਰਾਂ ਦੀ ਮੰਦੀ ਹਾਲਤ ਦੇ ਮੁੱਦੇ ਨੂੰ ਲੈ ਕੇ ਸਤੰਬਰ ਦੇ ਮਹੀਨੇ ਵਿਚ ਇਕ ਰੋਸ ਮਾਰਚ ਕੀਤਾ ਜਾਵੇਗਾ। 
ਕਨਵੈਨਸ਼ਨ ਵਿਚ ਹੇਠ ਲਿਖਿਆ ਮਤਾ ਪ੍ਰਵਾਨ ਕੀਤਾ ਗਿਆ : 
ਦੇਸ਼ ਅਤੇ ਸੂਬੇ ਦੇ ਲੋਕਾਂ ਲਈ ਚਿੰਤਾ ਪੈਦਾ ਕਰਨ ਵਾਲੀਆਂ ਰਾਜਨੀਤਕ, ਸਮਾਜਕ ਤੇ ਆਰਥਕ ਸਥਿਤੀਆਂ ਦੇ ਪਿਛੋਕੜ ਵਿਚ ਅਸੀਂ ਜਨਸੰਘਰਸ਼ਾਂ ਲਈ ਇਕ ਮੰਚ ਉਸਾਰਨ ਦਾ ਫੈਸਲਾ ਕੀਤਾ ਹੈ। ਇਹ ਮੰਚ ਹੋਵੇਗਾ, ''ਮਿਹਨਤਕਸ਼ ਲੋਕਾਂ ਦਾ ਜਮਹੂਰੀਅਤ ਤੇ ਧਰਮ ਨਿਰਪੱਖਤਾ ਲਈ ਅੰਦੋਲਨ'', ਜਿਸ ਦਾ ਬੰਗਾਲੀ ਵਿਚ ਸੰਖੇਪ ਰੂਪ ਵਿਚ ਨਾਂਅ 'ਗਣਮੰਚ' ਹੋਵੇਗਾ। ਅਸੀਂ ਹੇਠ ਲਿਖੀਆਂ ਕਦਰਾਂ-ਕੀਮਤਾਂ ਪ੍ਰਤੀ ਪ੍ਰਤੀਬੱਧ ਹਾਂ : 

(ੳ) ਜਮਹੂਰੀਅਤ ਅਤੇ ਜਮਹੂਰੀ ਹੱਕਾਂ ਦੀ ਰਾਖੀ ਲਈ;

(ਅ) ਧਰਮ ਨਿਰਪੱਖਤਾ ਅਤੇ ਫਿਰਕੂ ਸਦਭਾਵ ਲਈ;

(ੲ) ਕਾਰਪੋਰੇਟ ਪੱਖੀ ਨਵਉਦਾਰਵਾਦੀ ਨੀਤੀਆਂ ਦੇ ਵਿਰੋਧ ਲਈ, ਜਿਹੜੀਆਂ ਕਿ ਸਮਾਜਕ ਅਸਮਾਨਤਾ ਨੂੰ ਵਧਾਉਂਦੀਆਂ ਹਨ ਅਤੇ ਵਸੀਲਿਆਂ ਦੀ ਲੁੱਟ ਵੱਲ ਲਿਜਾਂਦੀਆਂ ਹਨ; 

(ਸ) ਔਰਤਾਂ, ਆਦਿਵਾਸੀਆਂ, ਦਲਿਤਾਂ, ਘੱਟ ਗਿਣਤੀਆਂ ਅਤੇ ਹੋਰ ਵਾਂਝੇ ਰਹਿ ਗਏ ਲੋਕਾਂ ਨੂੰ ਸਮਾਜਕ ਨਿਆਂ ਪ੍ਰਦਾਨ ਕਰਨ ਲਈ;

(ਹ) ਦੁਨੀਆਂ ਭਰ ਵਿਚ ਅਗਾਂਹਵਧੂ ਅਤੇ ਜਮਹੂਰੀ ਕਦਰਾਂ-ਕੀਮਤਾਂ ਦੀ ਝੰਡਾਬਰਦਾਰੀ ਲਈ ਅਤੇ ਫੌਜਵਾਦ ਤੇ ਚੌਧਰਵਾਦ ਦੇ ਵਿਰੋਧ ਲਈ। 
ਅਸੀਂ ਸਮੂਹ ਅਗਾਂਹਵਧੂ, ਜਮਹੂਰੀ, ਧਰਮ ਨਿਰਪੱਖ ਤੇ ਖੱਬੀਆਂ ਰਾਜਨੀਤਕ ਪਾਰਟੀਆਂ, ਜਥੇਬੰਦੀਆਂ, ਗਰੁੱਪਾਂ ਅਤੇ ਵਿਅਕਤੀਆਂ ਨੂੰ ਸੱਦਾ ਦਿੰਦੇ ਹਾਂ ਜਿਹੜੇ ਉਪਰੋਕਤ ਵਰਣਿਤ ਅਸੂਲਾਂ ਨਾਲ ਸਹਿਮਤ ਹਨ ਅਤੇ ਉਨ੍ਹਾਂ ਲਈ ਲੜਨ ਦੀ ਇੱਛਾ ਰੱਖਦੇ ਹਨ, ਸਾਡੇ ਨਾਲ ਇਕਜੁੱਟ ਹੋਣ ਅਤੇ ਇਸ ਮੰਚ ਨੂੰ ਮਜ਼ਬੂਤ ਕਰਨ। 
ਚੋਣ ਮੁਹਿੰਮ ਦੌਰਾਨ ''ਅੱਛੇ ਦਿਨਾਂ'' ਦਾ ਵਾਅਦਾ ਕਰਨ ਵਾਲਾ ਪ੍ਰਧਾਨ ਮੰਤਰੀ ਹੁਣ ''ਕੌੜੀ ਗੋਲੀ'' ਦੀ ਗੱਲ ਕਰਨ ਲੱਗ ਪਿਆ ਹੈ। ਬਜਟ ਦੇ ਮੌਕੇ 'ਤੇ ਰੇਲ ਕਿਰਾਇਆਂ ਵਿਚ ਕੀਤਾ ਗਿਆ ਤਿੱਖਾ ਵਾਧਾ ਅਤੇ ਪਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿਚ ਵਾਧਾ ਦਰਸਾਉਂਦੇ ਹਨ ਕਿ ਇਹ ਸਰਕਾਰ ਵੀ ਪਹਿਲੀ ਕਾਂਗਰਸ ਸਰਕਾਰ ਦੀਆਂ ਹੀ ਜਨਵਿਰੋਧੀ ਨੀਤੀਆਂ ਨੂੰ ਹੀ ਹੋਰ ਵਧੇਰੇ ਤਿੱਖੇ ਰੂਪ ਵਿਚ ਲਾਗੂ ਕਰਨਾ ਜਾਰੀ ਰੱਖੇਗੀ। ਇਸਦੇ ਨਾਲ ਨਾਲ ਆਰ.ਐਸ.ਐਸ.-ਬੀ.ਜੇ.ਪੀ. ਦੀ ਫਿਰਕੂ ਰਾਜਨੀਤੀ ਦਾ ਖਤਰਾ ਵੀ ਵੱਧ ਜਾਵੇਗਾ। 
ਸੂਬੇ ਵਿਚ ਤ੍ਰਿਣਮੂਲ ਕਾਂਗਰਸ ਸਰਕਾਰ ਦੀ ਭੂਮਿਕਾ ਦਿਨ-ਬ-ਦਿਨ ਨਿਘਾਰ ਵੱਲ ਵੱਧ ਰਹੀ ਹੈ। ਫਿਰੌਤੀਆਂ, ਕਤਲਾਂ ਅਤੇ ਰਾਜਨੀਤੀ ਦੇ ਅਪਰਾਧੀਕਰਨ ਨੇ ਖਤਰਨਾਕ ਰੂਪ ਅਖਤਿਆਰ ਕਰ ਲਿਆ ਹੈ। ਤ੍ਰਿਣਮੂਲ ਕਾਂਗਰਸ ਦੇ ਗੁੰਡਿਆਂ ਵਲੋਂ ਲੋਕਾਂ ਦੇ ਜਮਹੂਰੀ ਹੱਕਾਂ 'ਤੇ ਹਮਲੇ, ਤ੍ਰਿਣਮੂਲ ਦੇ ਗੁੰਡਿਆਂ ਵਲੋਂ ਸਰਕਾਰ ਦੀ ਸ਼ਹਿ 'ਤੇ ਵਿਰੋਧੀਆਂ ਉਤੇ ਹਮਲੇ ਅਤੇ ਔਰਤਾਂ ਵਿਰੁੱਧ ਹਿੰਸਾ ਸੂਬੇ ਵਿਚ ਰੋਜ਼ਾਨਾ ਦੀ ਗੱਲ ਬਣ ਗਈ ਹੈ। ਜੇਸਪ, ਹਿੰਦ ਮੋਟਰਜ਼, ਡਨਲਪ, ਸ਼ਾਲੀਮਾਰ ਵਰਗੀਆਂ ਫੈਕਟਰੀਆਂ ਇਕ-ਇਕ ਕਰਕੇ ਬੰਦ ਹੋ ਗਈਆਂ ਹਨ। ਇਲੈਕਟਰੋ-ਮੈਡੀਕਲ ਵਰਗੀਆਂ ਜਨਤਕ ਖੇਤਰ ਦੀਆਂ ਕੰਪਨੀਆਂ ਦਾ ਨਵੀਨੀਕਰਨ ਕਰਨ ਦਾ ਵਾਅਦਾ ਕਰਨ ਤੋਂ ਬਾਵਜੂਦ, ਉਨ੍ਹਾਂ ਨੂੰ ਬੰਦ ਕਰਨ ਦੇ ਯਤਨ ਕੀਤੇ ਜਾ ਰਹੇ ਹਨ। ਬੰਦ ਸਨਅਤਾਂ ਨੂੰ ਮੁੜ ਚਾਲੂ ਕਰਨ ਦਾ ਚੋਣ ਵਾਅਦਾ ਠੰਡੇ ਬਸਤੇ ਵਿਚ ਪਾ ਦਿੱਤਾ ਹੈ। 
ਤ੍ਰਿਣਮੂਲ ਕਾਂਗਰਸ ਦੇ ਗੈਰ ਜਮਹੂਰੀ ਸ਼ਾਸਨ ਅਤੇ ਸੀ.ਪੀ.ਆਈ.(ਐਮ) ਦੀ ਅਗਵਾਈ ਵਾਲੇ ਖੱਬੇ ਮੋਰਚੇ ਦੀ ਨਿਰੰਤਰ ਅਸਫਲਤਾ ਦਾ ਸਿੱਟਾ ਸੂਬੇ ਵਿਚ ਬੀ.ਜੇ.ਪੀ. ਦਾ ਸਮਰਥਨ ਵੱਧਣ ਵਿਚ ਨਿਕਲ ਰਿਹਾ ਹੈ। ਬੀ.ਜੇ.ਪੀ. ਦਾ ਉਭਾਰ ਫਿਰਕੂ ਧਰੂਵੀਕਰਣ ਨੂੰ ਯਕੀਨੀ ਬਣਾਏਗਾ ਜਿਹੜਾ ਮਿਹਨਤੀ ਲੋਕਾਂ ਦੀ ਏਕਤਾ ਨੂੰ ਤੋੜਨ ਦੀ ਰਾਜਨੀਤੀ ਨੂੰ ਬਲ ਪ੍ਰਦਾਨ ਕਰੇਗਾ। ਇਹ ਸੂਬੇ ਦੀ ਧਰਮ ਨਿਰਪੱਖ ਅਗਾਂਹਵਧੂ ਵਿਰਾਸਤ ਨੂੰ ਵੀ ਨੁਕਸਾਨ ਪਹੁੰਚਾਏਗਾ। 
ਸੂਬੇ ਵਿਚ ਦਰਪੇਸ਼ ਅਜਿਹੇ ਰਾਜਨੀਤਕ ਪਿਛੋਕੜ ਵਿਚ 'ਗਣਮੰਚ' ਇਕ ਵਿਸ਼ਾਲ ਜਨ ਅੰਦੋਲਨ ਉਸਾਰਨ ਲਈ ਆਪਣੀ ਪੂਰੀ ਸ਼ਕਤੀ ਲਾਵੇਗਾ। ਮਿਹਨਤੀ ਲੋਕਾਂ ਦੇ ਫੌਰੀ ਮੁੱਦਿਆਂ ਅਤੇ ਮੰਗਾਂ, ਜਿਨ੍ਹਾਂ ਨੂੰ ਤਰਜ਼ੀਹ ਅਤੇ ਫੌਰੀ ਧਿਆਨ ਦਿੱਤਾ ਜਾਵੇਗਾ। ਉਹ ਹੇਠ ਲਿਖੇ ਅਨੁਸਾਰ ਹਨ : 

(1) ਕੇਂਦਰ ਅਤੇ ਸੂਬਾ ਸਰਕਾਰ ਜੇਸਪ, ਹਿੰਦ ਮੋਟਰ, ਡਨਲਪ, ਸ਼ਾਲੀਮਾਰ ਅਤੇ ਜੂਟ ਮਿਲਾਂ ਆਦਿ ਵਰਗੀਆਂ ਬੰਦ ਪਈਆਂ ਫੈਕਟਰੀ ਨੂੰ ਖੋਲ੍ਹਣ ਲਈ ਫੌਰੀ ਕਦਮ ਚੁੱਕੇ; ਉਤਰ ਬੰਗਾਲ ਦੇ ਚਾਹ ਬਾਗਾਂ ਵਿਚ ਕਿਰਤੀਆਂ ਦੀਆਂ ਮੌਤਾਂ ਨੂੰ ਰੋਕਣ ਲਈ ਉਨ੍ਹਾਂ ਨੂੰ ਵਿਸ਼ੇਸ਼ ਭੱਤੇ ਦਿੱਤੇ ਜਾਣ; ਗੈਰ ਸੰਗਠਤ ਖੇਤਰ ਵਿਚ ਘੱਟੋ ਘੱਟ ਤਣਖਾਹ 15000 ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇ। 

(2) ਬੇਲਗਾਮ ਮਹਿੰਗਾਈ ਨੂੰ ਨੱਥ ਪਾਉਣ ਲਈ ਰਾਜ ਸਰਕਾਰ ਜਮਾਖੋਰਾਂ ਅਤੇ ਕਾਲਾ ਬਜਾਰੀਆਂ ਵਿਰੁੱਧ ਸਖਤ ਕਦਮ ਚੁੱਕੇ; ਕੇਂਦਰ ਸਰਕਾਰ ਲੋਕਾਂ ਦੀ ਭੋਜਨ ਸੁਰੱਖਿਆ ਨੂੰ ਯਕੀਨੀ ਬਨਾਉਣ ਲਈ ਸਰਵਵਿਆਪੀ ਜਨਤਕ ਵੰਡ ਪ੍ਰਣਾਲੀ ਰਾਹੀਂ ਸਸਤੇ ਭਾਆਂ 'ਤੇ ਜ਼ਰੂਰੀ ਵਸਤਾਂ ਮੁਹੱਈਆ ਕਰਨ ਦਾ ਪ੍ਰਬੰਧ ਕਰੇ। 

(3) ਖਾਦਾਂ-ਬੀਜਾਂ-ਨਦੀਨ ਨਾਸ਼ਕਾਂ ਦੀਆਂ ਵੱਧ ਰਹੀਆਂ ਕੀਮਤਾਂ ਦੇ ਮੱਦੇਨਜ਼ਰ, ਸਰਕਾਰ ਕਿਸਾਨਾਂ ਨੂੰ ਅਸਰਦਾਰ ਢੰਗ ਨਾਲ ਮਦਦ ਪ੍ਰਦਾਨ ਕਰੇ ਅਤੇ ਕਿਸਾਨਾਂ ਨੂੰ ਫਸਲਾਂ ਦੇ ਸਮਰਥਨ ਭਾਅ ਮਿਲਣੇ ਯਕੀਨੀ ਬਣਾਏ ਜਾਣ। 

(4) ਦਲਿਤਾਂ, ਆਦਿਵਾਸੀਆਂ ਤੇ ਮੁਸਲਿਮ ਘਟਗਿਣਤੀਆਂ ਲਈ ਸਮਾਜਕ ਨਿਆਂ ਯਕੀਨੀ ਬਨਾਉਣ ਲਈ ਵਿਸ਼ੇਸ਼ ਕਦਮ ਚੁੱਕੇ ਜਾਣ; ਸੱਚਰ ਕਮੇਟੀ ਅਤੇ ਰੰਗਾਨਾਥ ਮਿਸ਼ਰਾ ਕਮੀਸ਼ਨ ਦੀਆਂ ਸਿਫਾਰਿਸ਼ਾਂ ਲਾਗੂ ਕੀਤੀਆਂ ਜਾਣ; ਜੰਗਲਾਂ ਦੇ ਵਾਸੀਆਂ ਦੇ ਅਧਿਕਾਰ ਫਾਰੇਸਟ ਐਕਟ, 2006 ਨੂੰ ਠੀਕ ਢੰਗ ਨਾਲ ਲਾਗੂ ਕਰਕੇ ਯਕੀਨੀ ਬਣਾਏ ਜਾਣ। 

(5) ਔਰਤਾਂ ਵਿਰੁੱਧ ਅਤਿਆਚਾਰਾਂ ਅਤੇ ਬਲਾਤਕਾਰਾਂ ਨੂੰ ਰੋਕਣ ਅਤੇ ਟਾਕਰਾ ਕਰਨ ਲਈ ਫੌਰੀ ਕਦਮ ਚੁੱਕੇ ਜਾਣ; ਕਾਮਦੁਨੀ, ਮਧਿਅਮਗ੍ਰਾਮ ਅਤੇ ਕੋਨਨਗਰ ਵਰਗੇ ਮਾਮਲਿਆਂ ਵਿਚ, ਵਿਸ਼ੇਸ਼ ਕੋਰਟਾਂ ਰਾਹੀਂ ਤੇਜ਼ੀ ਨਾਲ ਨਿਆਂ ਪ੍ਰਦਾਨ ਕਰਦੇ ਹੋਏ ਇਨ੍ਹਾਂ ਕੇਸਾਂ ਦਾ ਫੈਸਲਾ ਕੀਤਾ ਜਾਵੇ। 

(6) ਤ੍ਰਿਣਮੂਲ ਕਾਂਗਰਸ ਸਰਕਾਰ ਦੀ ਸ਼ਹਿ 'ਤੇ ਹੋ ਰਹੀ ਰਾਜਨੀਤਕ ਹਿੰਸਾ ਅਤੇ ਜਮਹੂਰੀ ਹੱਕਾਂ ਤੇ ਹਮਲਿਆਂ ਨੂੰ ਫੌਰੀ ਤੌਰ 'ਤੇ ਰੋਕਿਆ ਜਾਵੇ; ਸ਼ਾਰਦਾ ਜਾਂ ਟੀ.ਈ.ਟੀ. ਘੁਟਾਲਿਆਂ ਜਾਂ ਰਾਜਨੀਤਕ ਹਿੰਸਾ ਵਿਚ ਸ਼ਾਮਲ ਹਾਕਮ ਪਾਰਟੀ ਦੇ ਸੰਸਦਾਂ, ਵਿਧਾਇਕਾਂ-ਆਗੂਆਂ ਨੂੰ ਫੌਰੀ ਰੂਪ ਵਿਚ ਗ੍ਰਿਫਤਾਰ ਕੀਤਾ ਜਾਵੇ। 
ਆਉਣ ਵਾਲੇ ਦਿਨਾਂ ਵਿਚ 'ਗਣਮੰਚ' ਇਨ੍ਹਾਂ ਮੰਗਾਂ ਉਤੇ ਸੰਘਰਸ਼ ਪ੍ਰੋਗਰਾਮ ਦਾ ਆਗਾਜ਼ ਕਰੇਗਾ। 

No comments:

Post a Comment