Wednesday, 3 September 2014

ਸਾਹਿਤ ਤੇ ਸੱਭਿਆਚਾਰ (ਸੰਗਰਾਮੀ ਲਹਿਰ - ਸਤੰਬਰ 2014)

ਗੁਜਰਾਤ 'ਚ ਅਖੌਤੀ ਵਿਕਾਸ ਦੀ

ਇਕ ਕਹਾਣੀ, ਇਹ ਵੀ
ਧਰਮਿਸ਼ਠਾ, 13 ਸਾਲਾਂ ਦੀ ਕੁੜੀ, ਸਵੇਰੇ 6 ਵਜੇ ਉਠਦੀ ਹੈ। ਉਠਦਿਆਂ ਸਾਰ ਆਪਣੇ ਘਰ ਦੇ ਬਰਾਂਡੇ ਦੇ ਕੱਚੇ ਫਰਸ਼ 'ਤੇ ਬੈਠ ਕੇ ਆਪਣਾ ਸਕੂਲ ਦਾ ਕੰਮ ਕਰ ਰਹੀ ਹੈ। ਉਹ ਇਹ ਕੰਮ ਰਾਤ ਨੂੰ ਨਹੀਂ ਕਰ ਸਕਦੀ, ਕਿਉਂਕਿ ਥੱਕੀ ਟੁੱਟੀ ਜਦੋਂ ਉਹ ਘਰ ਪੁੱਜਦੀ ਹੈ ਤਾਂ ਉਸ ਕੋਲ ਸਕੂਲ ਦਾ ਕੰਮ ਕਰਨ ਜੋਗੀ ਤਾਕਤ ਨਹੀਂ ਹੁੰਦੀ। ਉਸਦੇ ਨੇੜੇ ਹੀ ਗੁਆਂਢੀਆਂ ਦੀ ਮੱਝ ਤੇ ਉਸਦਾ ਕੱਟਾ ਬੱਝੇ ਹਨ। ਪੜ੍ਹਾਈ ਦੇ ਨਾਲ-ਨਾਲ ਉਸਨੂੰ ਮੱਝ ਦਾ ਅੜਿੰਗਣਾ ਅਤੇ ਕੱਟੇ ਦੀਆਂ ਖਰਮਸਤੀਆਂ ਨੂੰ ਵੀ ਝੱਲਣਾ ਪੈ ਰਿਹਾ ਹੈ। ਸਕੂਲ ਦਾ ਕੰਮ ਘੰਟੇ ਵਿਚ ਹੀ ਮੁਕਾ ਕੇ ਉਹ ਘਰ ਦੇ ਕੱਚੇ ਫਰਜ਼ 'ਤੇ ਝਾੜੂ ਮਾਰਦੀ ਹੈ, ਭਾਂਡੇ ਮਾਂਜਦੀ ਹੈ। ਛੇਤੀ-ਛੇਤੀ ਕੰਮ ਮੁਕਾ ਕੇ ਆਪਣੀ ਸਭ ਤੋਂ ਵਧੀਆ ਡਰੈਸ, ਬੈਂਗਣੀ ਰੰਗ ਦੀ ਕੁਰਤੀ ਅਤੇ ਕਾਲੀ ਸਲਵਾਰ, ਮਿਲਦੇ-ਜੁਲਦੇ ਰੰਗ ਦਾ ਦੁਪੱਟਾ ਪਾਉਂਦੀ ਹੈ। ਐਨੇ ਨੂੰ ਉਸਦੀ ਨਾਨੀ ਆਟਾ ਗੁੰਨ੍ਹ ਲੈਂਦੀ ਹੈ। ਧਰਮਿਸ਼ਠਾ ਸਕੂਲ ਲਈ ਤਿਆਰ ਹੋ ਗਈ ਹੈ। ਹੁਣ ਉਹ ਆਪਣੀ ਨਾਨੀ ਨਾਲ ਗੈਸ ਚੁੱਲ੍ਹੇ ਕੋਲ ਬੈਠਕੇ ਪਰੌਂਠੇ ਬਣਵਾਉਂਦੀ ਹੈ। ਸਾਰੇ ਟੱਬਰ ਦੇ ਪਰੌਂਠੇ ਬਣਵਾਉਂਦੇ ਹੁੰਦੇ ਹਨ। ਫੇਰ ਅਚਾਰ ਨਾਲ ਦੋ ਪਰੌਂਠੇ ਖਾਂਦੀ ਹੈ। ਇਹ ਉਸਦਾ ਸ਼ਾਮ ਤੱਕ ਦਾ ਖਾਣਾ ਹੈ। ਜੇ ਪੈਸੇ ਹੋਣ ਤਾਂ ਦੁਪਹਿਰ ਨੂੰ ਉਹ ਚਿਪਸ ਆਦਿ ਖਰੀਦ ਕੇ ਅੱਧੀ ਛੁੱਟੀ ਵੇਲੇ ਆਪਣੀਆਂ ਸਹੇਲੀਆਂ ਨਾਲ ਰਲਕੇ ਖਾ ਲੈਂਦੀ ਹੈ। 
ਸਭ ਕੰਮਕਾਰ ਮੁਕਾਕੇ, ਉਠਣ ਤੋਂ 3 ਘੰਟੇ ਬਾਅਦ, ਉਹ ਆਪਣੇ ਸਕੂਲ ਲਈ ਆਪਣੀਆਂ ਸਹੇਲੀਆਂ ਨਾਲ ਨਿਕਲ ਪੈਂਦੀ ਹੈ। ਉਹ ਘਰੋਂ ਤੁਰਨ ਲੱਗੀ ਉਹ ਅਸਮਾਨ ਵੱਲ ਮੂੰਹ ਕਰਕੇ ਦੇਖਦੀ ਹੈ ਕਿ ਕਿਤੇ ਮੀਂਹ ਪੈਣ ਵਾਲਾ ਤਾਂ ਨਹੀਂ ਹੈ। ਸ਼ੁਕਰ ਮਨਾਉਂਦੀ ਹੈ ਕਿ ਮੀਂਹ ਪੈਣ ਦੀ ਕੋਈ ਸੰਭਾਵਨਾ ਨਹੀਂ ਹੈ ਅਤੇ ਨਾ ਹੀ ਪਿਛਲੇ ਕਈ ਦਿਨਾਂ ਤੋਂ ਪਿਆ ਹੈ। ਹੁਣ ਸਕੂਲ ਜਾਂਦੇ ਰਾਹ ਦਾ ਚਿੱਕੜ ਸੁੱਕ ਚੁੱਕਾ ਹੈ, ਇਸ ਲਈ ਉਨ੍ਹਾਂ ਦੇ ਕੱਪੜੇ ਨਹੀਂ ਲਿਬੜਨਗੇ। ਹੀਰਾਨ ਦਰਿਆ ਵਿਚ ਵੀ ਪਾਣੀ ਘੱਟ ਹੋਵੇਗਾ। ਅੱਧੇ ਘੰਟੇ ਦੇ ਪੈਦਲ ਸਫਰ ਤੋਂ ਬਾਅਦ ਉਹ ਹੀਰਾਨ ਦਰਿਆ ਦੇ ਕੰਢੇ 'ਤੇ ਆਪਣੀਆਂ 20 ਦੇ ਲਗਭਗ ਸਹੇਲੀਆਂ ਦੇ ਗਰੁੱਪ ਨਾਲ ਪੁੱਜ ਜਾਂਦੀ ਹੈ। ਉਹ ਸਾਰੀਆਂ ਆਪਣੀਆਂ ਸਲਵਾਰਾਂ ਨੂੰ ਟੁੰਗਕੇ ਦਰਿਆ ਵਿਚ ਠਿਲ੍ਹ ਪੈਂਦੀਆਂ ਹਨ। ਆਪਣੀਆਂ ਕਿਤਾਬਾਂ ਨੂੰ ਪਾਣੀ ਤੋਂ ਬਚਾਉਂਦੀਆਂ ਉਪਰ ਚੁੱਕਦੀਆਂ, ਬੜਾ ਬੋਝ ਬੋਚ ਕੇ ਪੈਰ ਧਰਦੀਆਂ ਹਨ। ਡਰ ਹੈ, ਕਿਤੇ ਟੋਏ ਵਿਚ ਪੈਰ ਨਾ ਪੈ ਜਾਵੇ, ਰੁੜ੍ਹਨ ਦਾ ਖਤਰਾ ਹੈ। ਧਰਮਿਸ਼ਠਾ ਸਭ ਤੋਂ ਕੱਦ ਵਿਚ ਛੋਟੀ ਹੈ, ਇਸ ਲਈ ਉਸਦੀ ਕਮਰ ਤੱਕ ਪਾਣੀ ਆ ਜਾਂਦਾ ਹੈ। ਇਸ ਤਰ੍ਹਾਂ ਉਹ 30 ਮਿੰਟਾਂ ਵਿਚ ਦਰਿਆ ਦਾ 600 ਮੀਟਰ ਦਾ ਪਾਣੀ ਭਰਿਆ ਪਾਟ ਪਾਰ ਕਰਦੀਆਂ ਹਨ। 
ਉਹ ਦਰਿਆ ਪਾਰ ਕਰਕੇ ਨਰਮਦਾ ਜ਼ਿਲ੍ਹੇ ਦੇ ਸੇਵਾਡਾ ਪਿੰਡ ਪਹੁੰਚ ਗਈਆਂ ਹਨ। ਹੁਣ ਸ਼ੁਰੂ ਹੁੰਦਾ ਹੈ 5 ਕਿਲੋਮੀਟਰ ਦੂਰ ਸਕੂਲ ਪੁੱਜਣ ਦਾ ਸਫਰ। ਕੱਚਾ ਰਸਤਾ, ਸ਼ੁਕਰ ਹੈ, ਅੱਜ ਚਿੱਕੜ ਨਹੀਂ ਹੈ। ਕਪਾਹ ਦੇ ਖੇਤਾਂ ਵਿਚੋਂ ਗੁਜਰਦਾ ਕੱਚਾ ਰਸਤਾ ਡਰਾਉਣਾ ਹੈ। ਉਹ ਮੁੰਡਿਆਂ ਦੇ ਗਰੁੱਪ ਦੇ ਪਿੱਛੇ ਪਿੱਛੇ ਚਲਦੀਆਂ ਹਨ। ਸ਼ੁਕਰ ਮਨਾਉਂਦੀਆਂ ਹਨ, ਅੱਜ ਮੀਂਹ ਪੈ ਨਹੀਂ ਰਿਹਾ, ਗਰਮੀ ਹੋਣ ਕਰਕੇ ਉਨ੍ਹਾਂ ਦੇ ਕੱਪੜੇ ਸਕੂਲ ਤੱਕ ਦੇ ਇਕ ਘੰਟੇ ਦੇ ਸਫਰ ਵਿਚ ਸੁੱਕ ਗਏ ਹਨ। ਮੀਂਹ ਪੈਣ ਦੀ ਹਾਲਤ ਵਿਚ ਧਰਮਿਸ਼ਠਾ ਅਤੇ ਉਸਦੀਆਂ ਸਹੇਲੀਆਂ ਨੂੰ ਗਿੱਲੇ ਕੱਪੜਿਆਂ ਵਿਚ ਹੀ ਸਾਰੇ ਦਿਨ ਰਹਿਣਾ ਪੈਣਾ ਹੈ। 11 ਵਜੇ ਦੇ ਲਗਭਗ ਉਹ ਸਕੂਲ ਪੁੱਜਦੀਆਂ ਹਨ। ਪ੍ਰਾਥਨਾ ਹੋ ਚੁੱਕੀ ਹੈ, ਉਨ੍ਹਾਂ ਨੂੰ ਦਰਿਆ ਪਾਰ ਤੋਂ ਆਉਣ ਕਰਕੇ ਪ੍ਰਾਥਨਾ ਤੋਂ ਛੋਟ ਮਿਲੀ ਹੋਈ ਹੈ। 
ਧਰਮਿਸ਼ਠਾ ਕਲਾਸਰੂਮ ਵਿਚ ਪੁੱਜ ਗਈ ਹੈ ਅਤੇ ਹੋਰ ਚਾਰ ਕੁੜੀਆਂ ਨਾਲ ਭੂੰਜੇ ਚੌਕੜੀ ਮਾਰਕੇ ਬੈਠ ਜਾਂਦੀ ਹੈ। ਉਹ ਸਕੂਲ ਵਿਚ ਲੇਟ ਦਾਖਲ ਹੋਈ ਹੈ। ਡੈਸਕ ਪਹਿਲਾਂ ਹੀ ਭਰ ਚੁੱਕੇ ਸਨ। ਉਨ੍ਹਾਂ ਲਈ ਡੈਸਕ ਨਹੀਂ ਹਨ, ਇਸ ਲਈ ਉਨ੍ਹਾਂ ਨੂੰ ਥੱਲੇ ਬੈਠਣਾ ਪੈਂਦਾ ਹੈ। ਕਲਾਸ ਨੱਕੋਂ ਨੱਕ ਭਰੀ ਹੈ। ਪ੍ਰਿੰਸੀਪਲ ਮੁਤਾਬਕ 9ਵੀਂ ਕਲਾਸ ਦੇ 118 ਵਿਦਿਆਰਥੀਆਂ ਨੂੰ ਦੋ ਸੈਕਸ਼ਨਾਂ ਵਿਚ ਵੰਡਿਆ ਗਿਆ ਹੈ, ਕਿਉਂਕਿ ਅਧਿਆਪਕਾਂ ਦੀ ਘਾਟ ਹੈ। ਸਕੂਲ ਵਿਚ ਅਧਿਆਪਕਾਂ ਦੀਆਂ 6 ਅਸਾਮੀਆਂ ਖਾਲੀ ਹਨ। ਇਸ ਸਕੂਲ ਵਿਚ 363 ਕੁੜੀਆਂ ਪੜ੍ਹਦੀਆਂ ਹਨ, ਪਰ ਇਕ ਵੀ ਔਰਤ ਅਧਿਆਪਕਾ ਨਹੀਂ ਹੈ। ਇਕ ਪੀਰੀਅਡ ਲੰਘ ਗਿਆ ਹੈ, ਪਰ ਕੋਈ ਅਧਿਆਪਕ ਪੜ੍ਹਾਉਣ ਲਈ ਨਹੀਂ ਆਇਆ। ਦੂਜੇ ਪੀਰੀਅਡ ਵਿਚ ਅਧਿਆਪਕ ਆਇਆ ਹੈ, ਉਸ ਕੋਲ ਕਿਤਾਬਾਂ ਦੇ ਬੰਡਲ ਹਨ। ਉਹ ਵੰਡਣ ਲਈ ਇਕ-ਇਕ ਵਿਦਿਆਰਥੀ ਨੂੰ ਨਾਂਅ ਲੈ ਕੇ ਆਵਾਜ਼ ਮਾਰਦਾ ਹੈ। ਧਰਮਿਸ਼ਠਾ ਦੀ ਵਾਰੀ ਨਹੀਂ ਆਈ। ਉਸਨੇ 130 ਰੁਪਏ ਜਮਾਂ ਨਹੀਂ ਕਰਵਾਏ ਸੀ, ਇਸ ਲਈ ਉਸਨੂੰ ਕਿਤਾਬਾਂ ਨਹੀਂ ਮਿਲੀਆਂ। ਕਿਉਂਕਿ ਕਿਤਾਬਾਂ ਪੈਸੇ ਜਮਾ ਕਰਵਾਉਣ ਵਾਲੇ ਨੂੰ ਹੀ ਮਿਲਣੀਆਂ ਹਨ। ਬਹੁਤਾ ਸਮਾਂ ਕਲਾਸ ਵਿਚ ਕੋਈ ਅਧਿਆਪਕ ਨਹੀਂ ਆਇਆ। ਧਰਮਿਸ਼ਠਾ ਵਰਗੇ ਕੁੱਝ ਬੱਚੇ ਆਰਾਮ ਨਾਲ ਬੈਠ ਕੇ ਪੜ੍ਹ ਰਹੇ ਹਨ। ਕੁੱਝ ਬਾਹਰ ਖੇਡ ਰਹੇ ਹਨ, ਕੁੱਝ ਕਲਾਸ ਵਿਚ ਹੀ ਖਰੂਦ ਪਾ ਰਹੇ ਹਨ। ਸ਼ਾਮ ਦੇ 5 ਵੱਜ ਗਏ ਹਨ। ਛੁੱਟੀ ਦੀ ਘੰਟੀ ਵੱਜਦੀ ਹੈ। ਧਰਮਿਸ਼ਠਾ ਫਿਰ ਆਪਣੀਆਂ  ਸਹੇਲੀਆਂ ਨਾਲ ਵਾਪਸੀ ਸਫਰ 'ਤੇ ਉਸੇ ਤਰ੍ਹਾਂ ਨਦੀ ਪਾਰ ਕਰਕੇ ਘਰ ਪੁੱਜਦੀ ਹੈ। ਸ਼ਾਮ ਦੇ 6 ਵਜੇ ਤੋਂ ਕਿਤੇ ਬਾਅਦ। ਉਹ ਬੁਰੀ ਤਰ੍ਹਾਂ ਥੱਕ ਚੁੱਕੀ ਹੈ। ਉਸਦੀ ਨਾਨੀ ਨੇ ਉਸ ਲਈ ਦਾਲ ਚੌਲ ਬਣਾਏ ਹੋਏ ਹਨ। ਉਹ ਖਾਂਦੀ ਹੈ ਅਤੇ ਘੂਕ ਸੌ ਜਾਂਦੀ ਹੈ। ਮੁੜ ਸਵੇਰੇ ਉਠ ਕੇ ਅਗਲੇ ਦਿਨ ਸਕੂਲ ਲਈ ਰਵਾਨਾ ਹੋਣ ਹਿੱਤ ਸ਼ਕਤੀ ਜੁਟਾਉਣ ਲਈ। 
ਇਹ ਕੋਈ ਕਾਲਪਨਿਕ ਕਹਾਣੀ ਨਹੀਂ ਹੈ, ਬਲਕਿ ਇਹ ਸੱਚੀ ਜੀਵਨ ਗਾਥਾ ਹੈ, ਜਿਹੜੀ ਗੁਜਰਾਤ ਦੇ ਆਦਿਵਾਸੀ ਬਹੁਲ ਛੋਟਾ ਉਦੇਪੁਰ ਜ਼ਿਲ੍ਹੇ ਦੇ ਸੰਨਖੇਡਾ ਤਾਲੁਕਾ ਦੇ ਸਾਜਨਪੁਰਾ, ਚਮਾਰਵਾਡਾ, ਵਾਸਨ ਆਦਿ 16 ਪਿੰਡਾਂ ਦੇ ਆਦਿਵਾਸੀ ਵਸਨੀਕਾਂ ਨੂੰ ਹਢਾਉਣੀ ਪੈਂਦੀ ਹੈ। 16 ਆਦਿਵਾਸੀ ਪਿੰਡਾਂ ਦੇ 125 ਦੇ ਲਗਭਗ ਵਿਦਿਆਰਥੀ ਰੋਜ਼ ਹੀ ਨਰਮਦਾ ਜ਼ਿਲ੍ਹੇ ਦੇ ਉਤਰਵਾਡੀ ਪਿੰਡ ਵਿਚ ਸਥਿਤ ਸੀਨੀਅਰ ਸੈਕੰਡਰੀ ਸਕੂਲ ਵਿਚ ਪੜ੍ਹਨ ਜਾਂਦੇ ਹਨ। ਕਿਉਂਕਿ ਉਨ੍ਹਾਂ ਦੇ ਜ਼ਿਲ੍ਹੇ ਵਿਚ ਇਸ ਤੋਂ ਨੇੜੇ ਕੋਈ ਸੀਨੀਅਰ ਸੈਕੰਡਰੀ ਸਕੂਲ ਨਹੀਂ ਹੈ। ਅਸਲ ਕਹਾਣੀ ਤਾਂ ਹੋਰ ਵੀ ਲੂੰ ਕੰਡੇ ਖੜ੍ਹੇ ਕਰਨ ਵਾਲੀ ਹੈ। ਪਿੰਡ ਦੇ ਲੋਕਾਂ ਮੁਤਾਬਕ ਬਰਸਾਤਾਂ ਵਿਚ ਪਾਣੀ ਜ਼ਿਆਦਾ ਹੋ ਜਾਂਦਾ ਹੈ ਤਾਂ ਬੱਚਿਆਂ ਨੂੰ ਪਿੱਤਲ ਦੀਆਂ ਗਾਗਰਾਂ ਨੂੰ ਨਾਲ ਲੈ ਕੇ ਜਾਣਾ ਪੈਂਦਾ ਹੈ ਤਾਂਕਿ ਉਸ ਸਹਾਰੇ ਤਰਦੇ ਹੋਏ ਦੂਜੇ ਕੰਢੇ ਪੁੱਜ ਸਕਣ। ਪਿੰਡ ਦਾ ਇਕ ਵਿਅਕਤੀ ਇਨ੍ਹਾਂ ਬੱਚਿਆਂ ਨਾਲ ਦਰਿਆ ਪਾਰ ਕਰਦਾ ਹੈ ਤਾਂਕਿ ਅਣਹੋਣੀ ਹੋਣ ਸਮੇਂ ਬਚਾਅ ਲਈ ਮਦਦ ਕਰ ਸਕੇ। ਕੁੱਝ ਪਿੰਡ ਵਾਸੀ ਕੰਢੇ 'ਤੇ ਖਲੋਂਦੇ ਹਨ। ਜੇਕਰ ਕੋਈ ਦੁਰਘਟਨਾ ਵਾਪਰੇ ਤਾਂ ਉਹ ਛਾਲਾਂ ਮਾਰਕੇ ਬੱਚਿਆਂ ਦੀ ਮਦਦ ਕਰ ਸਕਣ। ਐਨਾ ਹੀ ਨਹੀਂ ਇਸ ਦਰਿਆ ਵਿਚ ਮਗਰਮੱਛ ਵੀ ਆਮ ਹੀ ਦੇਖਣ ਨੂੰ ਮਿਲਦੇ ਹਨ। ਪ੍ਰੰਤੂ ਪਿੰਡ ਵਾਸੀਆਂ ਦਾ ਕਹਿਣਾ ਹੈ ਕਿ ਅੱਜ ਤੱਕ ਕਦੇ ਵੀ ਉਨ੍ਹਾਂ ਨੇ ਬੱਚਿਆਂ 'ਤੇ ਹਮਲਾ ਨਹੀਂ ਕੀਤਾ। 
ਇਹ ਕਹਾਣੀ ਬਿਹਾਰ, ਝਾਰਖੰਡ ਜਾਂ ਉਤਰ ਪ੍ਰਦੇਸ਼ ਜਿਹੇ ਕਿਸੇ ਪਿਛੜੇ ਸੂਬੇ ਦੀ ਨਹੀਂ, ਬਲਕਿ ਉਸ ਗੁਜਰਾਤ ਦੀ ਹੈ, ਜਿਸਦੇ ਵਿਕਾਸ ਨੂੰ ਮਾਡਲ ਵਜੋਂ ਪੇਸ਼ ਕਰਕੇ ਨਰਿੰਦਰ ਮੋਦੀ ਪ੍ਰਧਾਨ ਮੰਤਰੀ ਦੀ ਕੁਰਸੀ ਹਾਸਲ ਕਰਨ ਵਿਚ ਸਫਲ ਹੋਇਆ ਹੈ। ਇਹ ਅੰਗਰੇਜ਼ੀ ਦੇ ਪ੍ਰਸਿੱਧ ਕੌਮੀ ਅਖਬਾਰ 'ਇੰਡੀਅਨ ਐਕਸਪ੍ਰੈਸ' ਦੀਆਂ ਰਿਪੋਰਟਾਂ 'ਤੇ ਅਧਾਰਤ ਸੱਚੀ ਕਹਾਣੀ ਹੈ। ਸਾਜਨਪੁਰ ਦੇ ਲੋਕਾਂ ਮੁਤਾਬਕ ਉਹ ਲਗਾਤਾਰ ਦਰਿਆ ਉਤੇ ਪੁਲ ਬਨਾਉਣ ਦੀ ਮੰਗ ਕਰਦੇ ਰਹੇ ਹਨ। ਪਿੰਡ ਦੇ ਵਸਨੀਕ ਨਰਪਤ ਸਿੰਹ ਚੌਹਾਨ ਮੁਤਾਬਕ 2009 ਵਿਚ ਨਰਿੰਦਰ ਮੋਦੀ, ਜੋ ਉਸ ਵੇਲੇ ਸੂਬੇ ਦੇ ਮੁੱਖ ਮੰਤਰੀ ਸਨ, ਰਾਜਪਿਪਲਾ ਵਿਖੇ ਆਜ਼ਾਦੀ ਘੁਲਾਟੀਏ ਪੰਜਾਭਾਈ ਕਾਭਾਈ ਚੌਹਾਨ ਨੂੰ ਸਨਮਾਨਤ ਕਰਨ ਲਈ ਆਏ ਸਨ। ਉਨ੍ਹਾਂ ਦੇ ਧਿਆਨ ਵਿਚ ਇਹ ਸਮੱਸਿਆ ਲਿਆਂਦੀ ਗਈ ਸੀ। ਮੋਦੀ ਨੇ ਛੇਤੀ ਤੋਂ ਛੇਤੀ ਪੁਲ ਬਨਾਉਣ ਦਾ ਵਾਅਦਾ ਕੀਤਾ ਸੀ ਪ੍ਰੰਤੂ ਉਹ ਵਾਅਦਾ ਕਦੇ ਵਫਾ ਨਹੀਂ ਹੋਇਆ। 2011 ਵਿਚ ਮੌਜੂਦਾ ਮੁਖਮੰਤਰੀ ਆਨੰਦੀਬੇਨ ਪਟੇਲ, ਜੋ ਉਸ ਵੇਲੇ ਸੜਕ ਤੇ ਨਿਰਮਾਣ ਮੰਤਰੀ ਸੀ, ਨੂੰ ਵੀ ਇਸ ਪੁੱਲ ਲਈ ਕਈ ਵਾਰ ਲਿਖਕੇ ਬੇਨਤੀ ਕੀਤੀ ਗਈ ਸੀ। ਐਨਾ ਹੀ ਨਹੀਂ ਸਬੰਧਤ ਸਕੂਲ ਦੇ ਪ੍ਰਿੰਸੀਪਲ ਨੇ ਵੀ ਦਰਿਆ 'ਤੇ ਪੁੱਲ ਬਨਾਉਣ ਲਈ ਬੇਨਤੀ ਕੀਤੀ ਸੀ। ਪ੍ਰੰਤੂ ਸਰਕਾਰ ਦੇ ਕੰਨਾਂ 'ਤੇ ਜੂੰ ਤੱਕ ਨਹੀਂ ਸਰਕੀ। 
'ਇੰਡੀਅਨ ਐਕਸਪ੍ਰੈਸ' ਵਿਚ 3 ਅਗਸਤ ਨੂੰ ਇਸ ਬਾਰੇ ਰਿਪੋਰਟ ਅਤੇ ਫੋਟੋਆਂ ਛਪਣ ਤੋਂ ਬਾਅਦ 'ਕੌਮੀ ਮਨੁੱਖੀ ਅਧਿਕਾਰ ਕਮੀਸ਼ਨ' ਨੇ ਇਸਦਾ ਆਪਣੀ ਸਵੈ ਇੱਛਾ ਨਾਲ ਨੋਟਿਸ ਲਿਆ। ਉਸ ਅਨੁਸਾਰ, ਨਦੀ ਪਾਰ ਕਰਕੇ ਪੜ੍ਹਨ ਜਾਣ ਵਾਲੇ 125 ਦੇ ਕਰੀਬ ਬੱਚਿਆਂ ਦੇ ਮਨੁੱਖੀ ਅਧਿਕਾਰਾਂ ਉਤੇ ਹੀ ਨਹੀਂ ਬਲਕਿ ਉਨ੍ਹਾਂ ਪਿੰਡਾਂ ਦੇ ਬੱਚਿਆਂ ਦੇ ਸਿੱਖਿਆ ਦੇ ਅਧਿਕਾਰ ਦੀ ਵੀ ਇਹ ਘੋਰ ਉਲੰਘਣਾ ਹੈ। ਕਮੀਸ਼ਨ ਵਲੋਂ ਨੋਟਸ ਭੇਜਣ ਦੇ ਕੁੱਝ ਘੰਟਿਆਂ ਬਾਅਦ ਹੀ ਗੁਜਰਾਤ ਸਰਕਾਰ ਦੇ ਮੁੱਖ ਸਕੱਤਰ ਨੇ ਸਬੰਧਤ ਥਾਂ ਤੇ ਨਦੀ ਉਤੇ ਪੁੱਲ ਬਨਾਉਣ ਦੀ ਪ੍ਰਕਿਰਿਆ ਸ਼ੁਰੂ ਕਰਨ ਦਾ ਐਲਾਨ ਕਰ ਦਿੱਤਾ ਹੈ। ਹੁਣ ਦੇਖੋ ਕਿੰਨੇ ਸਮੇਂ ਵਿਚ ਇਹ 8 ਕਰੋੜੀ ਪੁੱਲ ਤਿਆਰ ਹੁੰਦਾ ਹੈ। ਅਤੇ ਇਹ ਵੀ ਦੇਖਣਾ ਬਣਦਾ ਹੈ ਕਿ ਕਿਤੇ ਇਸ ਪੁੱਲ ਦਾ ਵੀ ਉਹ ਹਸ਼ਰ ਤਾਂ ਨਹੀਂ ਹੋਵੇਗਾ। ਜਿਸ ਤਰ੍ਹਾਂ ਨਰਮਦਾ ਦਰਿਆ ਤੋਂ ਕੱਛ ਨਹਿਰ ਤੱਕ ਪਾਣੀ ਲਿਜਾਉਣ ਵਾਲੇ ਦੁਨੀਆਂ ਦੇ ਸਭ ਤੋਂ ਵੱਡੇ ਸਾਈਫਨ ਦਾ ਹੋਇਆ ਸੀ। ਕੁੱਝ ਦਿਨ ਪਹਿਲਾਂ 15 ਅਗਸਤ ਨੂੰ ਇਸ ਸਾਈਫਨ ਦਾ ਗੁਜਰਾਤ ਦੀ ਮੁੱਖ ਮੰਤਰੀ ਆਨੰਦੀ ਬੇਨ ਪਟੇਲ ਨੇ ਬੜੀ ਧੂਮਧਾਮ ਨਾਲ ਉਦਘਾਟਨ ਕੀਤਾ ਸੀ ਪ੍ਰੰਤੂ ਦੋ ਦਿਨ ਬਾਅਦ ਹੀ ਇਹ ਰੁੜ ਗਿਆ ਸੀ। 
ਇਸ ਸਮੁੱਚੀ ਕਹਾਣੀ ਨੂੰ ਜੇਕਰ ਗਹੁ ਨਾਲ ਵੇਖੀਏ ਤਾਂ ਪੈਰ-ਪੈਰ 'ਤੇ ਗੁਜਰਾਤ ਦੇ 'ਵਿਕਾਸ' ਦੇ ਦਰਸ਼ਨ ਹੁੰਦੇ ਹਨ। ਗਰੀਬ ਲੋਕ ਕੱਚੇ ਘਰਾਂ ਵਿਚ ਰਹਿਣ ਲਈ ਮਜ਼ਬੂਰ। ਸਿੱਖਿਆ ਦੀ ਹਾਲਤ, ਛੋਟਾ ਉਦੇਪੁਰ ਦੇ ਉਨ੍ਹਾਂ ਪਿੰਡਾਂ ਦੇ 5 ਕਿਲੋਮੀਟਰ ਦੇ ਘੇਰੇ ਵਿਚ ਇਕ ਵੀ ਸੀਨੀਅਰ ਸੈਕੰਡਰੀ ਸਕੂਲ ਨਹੀਂ, ਸਕੂਲ ਦੂਜੇ ਜ਼ਿਲ੍ਹੇ ਵਿਚ ਦਰਿਆ ਪਾਰ 5 ਕਿਲੋਮੀਟਰ ਦੂਰ, ਉਸ ਵਿਚ ਵੀ ਪੂਰੇ ਡੈਸਕ ਨਹੀਂ, ਪੂਰੇ ਅਧਿਆਪਕ ਨਹੀਂ, ਨਦੀ ਪਾਰ ਕਰਨ ਲਈ ਕੋਈ ਪੁਲ ਨਹੀਂ, 16 ਪਿੰਡਾਂ ਦੇ ਸਕੂਲੀ ਬੱਚਿਆਂ ਸਮੇਤ ਹਜ਼ਾਰਾਂ ਵਸਨੀਕਾਂ ਲਈ। ਸੜਕਾਂ ਦੀ ਹਾਲਤ, ਕੱਚੇ ਰਸਤੇ ਜਿੱਥੇ ਥੋੜ੍ਹਾ ਜਿਹਾ ਮੀਂਹ ਪੈਣ 'ਤੇ ਚਿੱਕੜ ਹੋ ਜਾਂਦਾ ਹੈ। ਇਹ ਕਹਾਣੀ ਨਰਿੰਦਰ ਮੋਦੀ ਦੇ 10 ਸਾਲਾਂ ਦੇ ਮੁੱਖ ਮੰਤਰੀ ਵਜੋਂ ਕਾਰਜਕਾਲ ਦੌਰਾਨ ਹੋਏ 'ਵਿਕਾਸ' ਦੀ ਕਹਾਣੀ ਹੈ। ਜਿਹੜੀ ਇਸ ਤੱਥ ਨੂੰ ਇਕ ਵਾਰ ਮੁੜ ਤਸਦੀਕ ਕਰਦੀ ਹੈ ਕਿ ਸੰਸਾਰ ਪ੍ਰਸਿੱਧ ਤਾਨਾਸ਼ਾਹ ਹਿਟਲਰ ਦੇ ਪ੍ਰਚਾਰ ਮੰਤਰੀ ਗੋਇਬਲਸ ਦੇ ਨਕਸ਼ੇ ਕਦਮ 'ਤੇ ਚਲਦਿਆਂ ਗੁਜਰਾਤ ਦੇ ਵਿਕਾਸ ਦਾ ਢੋਲ ਲੋਕ ਸਭਾ ਚੋਣਾਂ ਵਿਚ ਬਜਾਕੇ ਦੇਸ਼ ਦੇ ਲੋਕਾਂ ਨੂੰ ਠੱਗਿਆ ਤੇ ਭਰਮਾਇਆ ਗਿਆ ਹੈ। 
ਪੇਸ਼ਕਸ਼ - ਰਵੀ ਕੰਵਰ
('ਇੰਡੀਅਨ ਐਕਸਪ੍ਰੈਸ' ਦੀਆਂ ਰਿਪੋਰਟਾਂ 'ਤੇ ਅਧਾਰਤ)




ਕਵਿਤਾ

- ਮੰਗਤ ਰਾਮ ਪਾਸਲਾ

'ਚੰਗੇ ਦਿਨਾਂ' ਦੀ ਆਮਦ ਤੋਂ ਬਾਅਦ! 
ਬਰਲਿਨ ਦੀ ਕੰਧ ਤਾਂ ਢੈਅ ਗਈ ਸੀ ਪਰ.....
ਉਸਦੀ ਨੀਂਹ ਚੋਂ' ਹਿਟਲਰ ਵਰਗੀ ਰੂਹ ਨਿਕਲੀ ਹੈ।
ਹੀਰੋਸ਼ੀਮਾ ਤੇ ਨਾਗਾਸਾਕੀ ਦੇ ਬੰਬਾਂ ਦੀ ਦੁਰਗੰਧ,
ਬਗਦਾਦ ਤੇ ਮਸੂਲ ਦੇ ਮਦਰੱਸਿਆਂ ਤੱਕ ਪੁੱਜ ਗਈ ਹੈ। 
ਬੱਚੇ ਵਿਲਕ ਰਹੇ ਨੇ!
ਹਨੋਈ ਤੇ ਸੈਗਾਉਂ ਵਿਚਲੀ ਕਤਲਗਾਹ,
ਹੁਣ ਗਾਜ਼ਾਪੱਟੀ ਤਬਦੀਲ ਹੋ ਗਈ ਹੈ। 
ਜ਼ੋਰਾਵਰਾਂ ਦਾ ਜ਼ੋਰ ਹੈ।
ਹਰ ਪਾਸੇ ਜ਼ੁਲਮ ਦਾ ਸ਼ੋਰ ਹੈ।
ਬਜਬਜ ਘਾਟ 'ਤੇ ਉਤਰੇ ਯਾਤਰੂਆਂ ਦੇ ਸੁਆਗਤ ਲਈ, 
ਲਾਠੀ,ਗੋਲੀ, ਕਾਲੇ ਪਾਣੀ..........
ਤਿਆਰ ਖੜ੍ਹੇ ਨੇ ਨਿਪਟਣ ਲਈ 
ਓਬਾਮਾ ਤੇ ਮਲਿਕਾ ਦੋਵੇਂ, 
ਧੰਦੇ ਖਾਤਰ ਦਿੱਲੀ ਵੱਲ ਨੂੰ,
ਕੂਚ ਕਰ ਰਹੇ ਨੇ!
ਸੰਸਦ ਮਾਰਗ 'ਤੇ, 
ਪਲਕਾਂ ਵਿਛਾ ਦਿੱਤੀਆਂ ਨੇ ਮਸੋਲਿਨੀ ਦਿਆਂ ਯਾਰਾਂ।
ਰਾਮ ਦੇ ਬਸਤਰ
ਰਾਵਣ ਨੇ ਪਾ ਲਏ ਨੇ।
ਬਾਨਰ ਸੈਨਾ ਦੇ ਸਿਪਾਹੀ 
ਲੱਗਦਾ ਹੈ ਧੋਖਾ ਖਾ ਗਏ ਨੇ। 
ਲੰਕਾ ਦਹਿਨ ਦੀ ਥਾਂ ਤਾਹੀਓਂ ਤਾਂ....
ਅਯੁਧਿਆ ਦੇ ਖੰਡਰ ਬਣਨ ਦੀ ਚਿੰਤਾ ਹੈ।
ਮਿਲਾਂ, ਖੇਤਾਂ ਤੇ ਚੌਂਕਾਂ ਦੇ,
ਭੁੱਖੇ ਤੇ ਅਧਨੰਗੇ ਮਿੱਤਰੋ......
ਬੀਰ ਰਸੀ ਕਿਸੇ ਵਾਰ ਨੂੰ ਛੇੜੋ।
ਯੁਧ ਕਰੋ, ਆਇਆ ਹੈ ਸਰਹਿੰਦ ਦੀ,
ਇੱਟ ਨਾਲ ਇੱਟ ਖੜਕਾਣ ਦਾ ਵੇਲਾ।
ਜਲ੍ਹਿਆਂ ਵਾਲੇ ਬਾਗ ਦੇ ਅੰਦਰ, 
ਮੌਤ ਦੇ ਨਗਮੇ ਗਾਣ ਦਾ ਵੇਲਾ।
ਗੰਗਾ ਤੇ ਸਿੰਧ ਵਿਚਲਾ,
ਹੁਣ ਹੈ ਫਰਕ ਮੁਕਾਣ ਦਾ ਵੇਲਾ। 



ਮਹਿੰਗਾਈ

- ਸੁਭਾਸ਼ 'ਦੀਵਾਨਾ'
ਖੰਡ ਕੌੜੀ ਹੋ ਗਈ ਹੈ ਖੰਡ ਨਾ ਖਾਇਆ ਕਰੋ।
ਹਰਜ ਕੀ ਹੈ ਖੰਡ ਦੀ ਥਾਂ ਲੂਣ ਜੇ ਪਾਇਆ ਕਰੋ?

ਹੋ ਗਿਆ ਸਾਬਣ ਜੇ ਮਹਿੰਗਾ ਇਹ ਵੀ ਨਾ ਲਾਇਆ ਕਰੋ,
ਕੱਪੜਿਆਂ ਦੀ ਤੇ ਬਦਨ ਦੀ ਮੈਲ ਨਾ ਜ਼ਾਇਆ ਕਰੋ।

ਪਹੁੰਚ ਵਿਚੋਂ ਕੱਪ ਚਾਹ ਦਾ ਵੀ ਜੇ ਬਾਹਰ ਹੋ ਗਿਐ,
ਬੰਦਾ ਪਰਵਰ ਤਾਜ਼ਾ ਪਾਣੀ ਨੋਸ਼ ਫਰਮਾਇਆ ਕਰੋ। 

ਕੀ ਕਿਹੈ ਹਰ ਚੀਜ਼ ਨੂੰ ਹੀ ਅੱਗ ਲੱਗਦੀ ਜਾ ਰਹੀ?
ਕੌਣ ਭੜੂਆ ਆਖਦੈ ਬਾਜ਼ਾਰ ਨੂੰ ਜਾਇਆ ਕਰੋ। 

ਲਾਰਿਆਂ ਤੇ ਨਾਅਰਿਆਂ ਦੇ ਲਾ ਕੇ ਦਿੱਤੇ ਸੀ ਅੰਬਾਰ,
ਢਾ ਕੇ ਢੇਰੀ ਬਹਿ ਗਏ ਕਿਉਂ, ਕੁਝ ਨਾ ਕੁਝ ਖਾਇਆ ਕਰੋ। 

ਜਦ ਕਹਾਂ 'ਜੈ ਹਿੰਦ' ਦਾ ਨਾਅਰਾ ਤੁਸੀਂ ਲਾਇਆ ਕਰੋ,
ਉਸ ਤੋਂ ਪਿਛੋਂ ਵੋਟ ਜਿੱਥੇ ਕਹਿ ਦਿਆਂ ਪਾਇਆ ਕਰੋ। 

--

ਬਸਤੀ ਪੱਥਰ-ਕੁੱਟਾਂ ਦੀ
ਔਹ ਪੱਥਰ-ਠੇਕੀ ਦੀ ਛਾਵੇਂ,
ਤੀਵੀਂ ਪੱਥਰਾਈ ਬੈਠੀ ਏ
ਭੰਨੀ ਏ ਪਈ ਮੁਸ਼ੱਕਤ ਦੀ
ਏਦਾਂ ਮੁਰਝਾਈ ਬੈਠੀ ਏ
ਹੱਕਤਲਫੀ ਬੇਇਨਸਾਫੀ ਦਾ
ਇਕ ਚਿੰਨ ਬਣਾਈ ਬੈਠੀ ਏ
ਕੀਲੀ ਏ ਫਿਕਰਾਂ ਸੋਚਾਂ ਨੇ
ਇਉਂ ਨੀਵੀਂ ਪਾਈ ਬੈਠੀ ਏ
ਕੋਈ ਸੱਧਰ ਜੀਵਨ ਦੀ ਸੋਹਣੀ
ਜਿਉਂ ਕਤਲ ਕਰਾਈ ਬੈਠੀ ਏ
ਦਿੱਲੀ ਦੀ ਗਹਿਮਾ ਗਹਿਮੀ ਵਿਚ
ਮਾਯੂਸ ਖੁਦਾਈ ਬੈਠੀ ਏ
ਓ ਥੱਕੇ ਟੁੱਟੇ ਮਜ਼ਦੂਰਾ!
ਪੱਥਰ ਸੰਗ ਮੱਥਾ ਮਾਰਦਿਆਂ 
ਤਕਦੀਰ ਨਖੁੱਟੇ ਮਜ਼ਬੂਰਾ! 
ਤਕਦੀਰ ਨਖੁੱਟੀ ਰਹਿਣੀ ਏ
ਇਸ ਪੂੰਜੀਵਾਦੀ ਢਾਂਚੇ ਨੂੰ
ਜਦ ਤਾਈਂ ਕਰਦਾ ਚੂਰ ਨਹੀਂ
ਇਹ ਬਸਤੀ ਪੱਥਰ-ਕੁੱਟਾਂ ਦੀ
ਦਿੱਲੀ ਤੋਂ ਬਹੁਤੀ ਦੂਰ ਨਹੀਂ।
- ਦਰਸ਼ਨ ਸਿੰਘ ਮਾਸਟਰ
('ਪੱਥਰ ਠੇਕੀਆਂ' ਸਿਰਲੇਖ ਹੇਠ ਲਿਖੀ ਗਈ ਲੰਬੀ ਕਵਿਤਾ ਚੋਂ )


-- 
ਸੁਲੱਖਣ ਸਰਹੱਦੀ
ਜੇ ਤੂੰ ਪਾਉਣੇ ਹੱਕ ਹਨ, 
ਮੋਢੇ ਰੱਖ ਸਲੀਬ।
ਬਿਨ ਸੰਘਰਸ਼ ਨਾ ਬਦਲਦੇ, 
ਆਪਣੇ ਆਪ ਨਸੀਬ।

ਜੇਕਰ ਤੈਨੂੰ ਚੇਤਨਾ, 
ਤਦ ਨ੍ਹੇਰਾ ਨਾ ਢੋਅ। 
ਬੁਝ ਗਏ ਨੈਣੀਂ ਬੀਜਦੇ,
ਫਿਰ ਸੂਰਜ ਦੀ ਲੋਅ।



ਐਨਕ ਦੇ ਸ਼ੀਸ਼ੇ

- ਕੁਲਤਾਰ ਸਿੰਘ 'ਕੁਲਤਾਰ'
ਐਨਕ ਦੇ ਸ਼ੀਸ਼ੇ ਬਦਲਾਅ ਕੇ ਵੇਖਾਂਗੇ
ਲੋਕ-ਦਿਲਾਂ ਵਿਚ ਝਾਤੀ ਪਾ ਕੇ ਵੇਖਾਂਗੇ।

ਕ੍ਰੋਧ ਈਰਖਾ ਹਉਮੈ ਲਾਲਚ ਨਫ਼ਰਤ ਛੱਡ
ਸਾਂਝਾਂ ਦੀ ਗਲਵਕੜੀ ਪਾ ਕੇ ਵੇਖਾਂਗੇ।

ਭੀੜ ਬਣੀ ਤੇ ਜੋ ਸਜਣ ਮੂੰਹ ਫੇਰ ਗਏ
ਖੋਟੇ ਸਿੱਕੇ ਫੇਰ ਚਲਾਅ ਕੇ ਵੇਖਾਂਗੇ।

ਦਰਦ ਆਪਣਾ ਪਿੰਡੇ ਰੋਜ਼ ਹੰਡਾਉਂਦੇ ਹਾਂ
ਦਰਦ ਪਰਾਏ ਨੂੰ ਅਪਣਾ ਕੇ ਵੇਖਾਂਗੇ

ਸੁਪਨੇ ਸਹਿਮੇ ਨੀਂਦ ਗੁਆਚੀ ਅੱਖਾਂ 'ਚੋਂ
ਸੁੱਤੇ ਸੁਪਨੇ ਫੇਰ ਜਗਾ ਕੇ ਵੇਖਾਂਗੇ

ਨਵੀਂ ਪੁਸ਼ਾਕ ਪੁਆ ਕੇ ਗੀਤਾਂ ਗ਼ਜ਼ਲਾਂ ਨੂੰ
ਸੱਥਾਂ ਦੇ ਵਿਚ ਜਾ ਕੇ ਗਾ ਕੇ ਵੇਖਾਂਗੇ।

ਲੜਖੜਾਉਂਦੀ ਉਬੜ-ਖਾਬੜ ਸੋਚਾਂ ਨੂੰ
ਸੰਘਰਸ਼ਾਂ ਦੀ ਪਾਣ ਚੜ੍ਹਾਅ ਕੇ ਵੇਖਾਂਗੇ। 

ਕਹਿੰਦੇ ਨੇ 'ਕੁਲਤਾਰ' ਗ਼ਜ਼ਲ ਨਹੀਂ ਲਿਖ ਸਕਦਾ
ਲੋਕ ਮੇਚਵੇਂ ਸ਼ੇਅਰ ਬਣਾ ਕੇ ਵੇਖਾਂਗੇ। 
              (ਨਵੀਂ ਛਪੀ ਪੁਸਤਕ 'ਕਰਵਟ' 'ਚੋਂ)   

No comments:

Post a Comment