Wednesday, 3 September 2014

ਸਾਥੀ ਹਜ਼ਾਰਾ ਸਿੰਘ ਜਸੜ ਨੂੰ 9ਵੀਂ ਬਰਸੀ 'ਤੇ ਸ਼ਰਧਾਂਜਲੀਆਂ

ਉੱਘੇ ਦੇਸ਼ਭਗਤ, ਮਿਸਾਲੀ ਕਮਿਊਨਿਸਟ ਅਤੇ ਕਿਸਾਨ-ਮਜ਼ਦੂਰ ਲਹਿਰ ਦੇ ਉਸਰੱਈਏ ਕਾਮਰੇਡ ਹਜ਼ਾਰਾ ਸਿੰਘ ਜੱਸੜ ਦੀ 9ਵੀਂ ਬਰਸੀ ਮੌਕੇ 3 ਅਗਸਤ ਨੂੰ ਸੀ ਪੀ ਐੱਮ ਪੰਜਾਬ ਵੱਲੋਂ ਵਿਸ਼ਾਲ ਕਾਨਫਰੰਸ ਉਨ੍ਹਾਂ ਦੇ ਜੱਦੀ ਪਿੰਡ ਜੱਸੜ ਵਿਖੇ ਕੀਤੀ ਗਈ। ਜਿਸ ਨੂੰ ਸੰਬੋਧਨ ਕਰਦਿਆਂ ਸੀ ਪੀ ਐੱਮ ਪੰਜਾਬ ਦੇ ਸੂਬਾ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਆਪਣੇ ਯੁੱਧ ਸਾਥੀ ਤੇ ਪ੍ਰੇਰਨਾ-ਸਰੋਤ ਕਾਮਰੇਡ ਹਜ਼ਾਰਾ ਸਿੰਘ ਜੱਸੜ ਨੂੰ ਸ਼ਰਧਾਂਜਲੀ ਭੇਟ ਕਰਦਿਆਂ ਕਿਹਾ ਕਿ ਅਸੀਂ ਇਹੋ ਜਿਹੇ ਮਿਸਾਲੀ ਤੇ ਸੱਚੇ-ਸੁੱਚੇ ਕਮਿਊਨਿਸਟ ਆਗੂ ਦੀ ਉਂਗਲ ਫੜ ਕੇ ਕਮਿਊਨਿਸਟ ਪਾਰਟੀ ਵਿਚ ਆਏ ਸਾਂ ਤੇ ਹਮੇਸ਼ਾ ਉਨ੍ਹਾਂ ਤੋਂ ਅਗਵਾਈ ਲੈਂਦੇ ਰਹੇ, ਜਿਨ੍ਹਾਂ ਨੇ ਆਪਣਾ ਸਾਰਾ ਜੀਵਨ ਹੀ ਦੱਬੇ-ਕੁਚਲੇ ਲੋਕਾਂ ਦੇ ਲੇਖੇ ਲਾ ਦਿੱਤਾ, ਪਰ ਅੱਜ ਬੜੇ ਅਫਸੋਸ ਨਾਲ ਕਹਿਣਾ ਪੈਂਦਾ ਹੈ ਕਿ ਮੌਜੂਦਾ ਰਾਜਸੀ ਹਾਕਮ ਆਪਣੀਆਂ ਤਿਜੌਰੀਆਂ ਭਰਨ ਤੇ ਪਰਵਾਰਵਾਦ ਪਾਲਣ ਵਿਚ ਲੱਗੇ ਹੋਏ ਹਨ। ਸਾਥੀ ਪਾਸਲਾ ਨੇ ਕਿਹਾ ਕਿ ਮੋਦੀ ਸਰਕਾਰ ਤਾਂ ਇਹ ਕਹਿ ਰਹੀ ਹੈ ਕਿ ਮਹਿੰਗਾਈ ਤਾਂ ਵਧਣੀ ਹੀ ਵਧਣੀ ਹੈ, ਅਸੀਂ ਇਸ ਨੂੰ ਘਟਾ ਨਹੀਂ ਸਕਦੇ। ਦੂਸਰੇ ਪਾਸੇ ਲੋਕਾਂ ਦੀਆਂ ਜ਼ਮੀਨਾਂ ਖੋਹੀਆਂ ਜਾ ਰਹੀਆਂ ਹਨ, ਨਸ਼ਿਆਂ ਦਾ ਦਰਿਆ ਵੱਗ ਰਿਹਾ ਹੈ, ਲੋਕਾਂ ਦੇ ਕਾਲੇ ਦਿਨ ਆ ਗਏ ਹਨ, ਲੋਕਾਂ ਦੇ ਰੋਹ ਤੇ ਸੰਘਰਸ਼ ਨੂੰ ਰੋਕਣ ਲਈ ਬਾਦਲ ਸਰਕਾਰ ਨੇ ਕਾਲੇ ਕਾਨੂੰਨ ਲੈ ਆਉਂਦੇ ਹਨ ਕਿ ਕੋਈ ਦਲੀਲ, ਅਪੀਲ ਤੇ ਵਕੀਲ ਨਹੀ ਚੱਲੇਗਾ। ਸਾਥੀ ਪਾਸਲਾ ਨੇ ਕਿਹਾ ਕਿ ਮੋਦੀ ਸਰਕਾਰ ਫਿਰਕਾਪ੍ਰਸਤੀ ਨੂੰ ਹਵਾ ਦੇ ਰਹੀ ਹੈ, ਜੋ ਬਹੁਤ ਹੀ ਖਤਰਨਾਕ ਹੈ। ਉਨ੍ਹਾ ਕਿਹਾ ਕਿ 4 ਅਗਸਤ ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਖੇ ਪੰਜਾਬ ਦੀਆਂ ਖੱਬੀਆਂ ਪਾਰਟੀਆਂ ਵੱਲੋਂ ਸੂਬਾ ਪੱਧਰੀ ਕਾਨਫਰੰਸ ਕੀਤੀ ਜਾ ਰਹੀ ਹੈ, ਜਿਥੇ ਅਗਲੇ ਸੰਘਰਸ਼ ਦਾ ਐਲਾਨ ਕੀਤਾ ਜਾਵੇਗਾ। 
ਇਸ ਮੌਕੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਤੇ ਬਾਰਡਰ ਏਰੀਆ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾਈ ਜਨਰਲ ਸਕੱਤਰ ਰਤਨ ਸਿੰਘ ਰੰਧਾਵਾ ਨੇ ਦੇਸ਼ ਭਗਤ ਸਾਥੀ ਨੂੰ ਪ੍ਰਣਾਮ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਬਣਾਉਣ ਲਈ ਸਿਰਤੋੜ ਯਤਨ ਕਰਨ ਵਾਲੇ ਕਾਰਪੋਰੇਟ ਘਰਾਣਿਆਂ ਨੂੰ ਮੋਦੀ ਸਰਕਾਰ ਵੱਲੋਂ ਜ਼ਮੀਨ ਮਿਲਣੀ ਸੌਖੀ ਅਤੇ ਸਸਤੀ ਕਰਨ ਲਈ ਜ਼ਮੀਨ ਹਥਿਆਊ ਕਾਨੂੰਨ ਨੂੰ ਬਦਲਿਆ ਜਾ ਰਿਹਾ ਹੈ, ਖੇਤੀ ਸੈਕਟਰ ਨੂੰ ਮਿਲਦੀਆਂ ਸਬਸਿਡੀਆਂ ਵਿਚ ਕਟੌਤੀ ਕਰਨ ਦੀਆਂ ਨਵੀਆਂ ਕਿਸਾਨ ਵਿਰੋਧੀ ਸਕੀਮਾਂ ਘੜੀਆਂ ਜਾ ਰਹੀਆਂ ਹਨ। ਇਸ ਮੌਕੇ ਜਨਵਾਦੀ ਇਸਤਰੀ ਸਭਾ ਪੰਜਾਬ ਦੀ ਸੂਬਾਈ ਆਗੂ ਅਤੇ ਸਮਾਜ ਸੇਵਕਾ ਨੀਲਮ ਘੁਮਾਣ ਨੇ ਕਿਹਾ ਕਿ ਸਾਮਰਾਜ ਨਿਰਦੇਸ਼ਤ ਲੋਕ ਵਿਰੋਧੀ ਨੀਤੀਆਂ ਜਿਥੇ ਹੋਰ ਵਰਗਾਂ ਨੂੰ ਪ੍ਰਭਾਵਤ ਕਰਦੀਆਂ ਹਨ, ਉਥੇ ਔਰਤਾਂ ਉਪਰ ਇਨ੍ਹਾਂ ਦਾ ਬਹੁਤ ਮਾਰੂ ਅਸਰ ਪੈ ਰਿਹਾ ਹੈ ਔਰਤਾਂ ਉਪਰ ਆਏ ਦਿਨ ਜੁਰਮ ਹੋ ਰਹੇ ਹਨ। ਇਸ ਮੌਕੇ ਸੀ ਪੀ ਐੱਮ ਅਜਨਾਲਾ ਦੇ ਕਾਰਜਕਾਰੀ ਸਕੱਤਰ ਗੁਰਨਾਮ ਸਿੰਘ ਉਮਰਪੁਰਾ, ਅਹਿਲ ਸਿੰਘ ਚੇਤਨਪੁਰਾ, ਸੁਰਜੀਤ ਸਿੰਘ ਭੂਰੇਗਿੱਲ, ਬੀਬੀ ਅਜੀਤ ਕੌਰ, ਸੁੱਚਾ ਸਿੰਘ ਠੱਠਾ, ਬਚਨ ਸਿੰਘ ਜੱਸੜ, ਜਸਪਾਲ ਸਿੰਘ ਜੱਸੜ, ਮਾਸਟਰ ਹਰਭਜਨ ਸਿੰਘ ਟਰਪਈ, ਸਤਨਾਮ ਸਿੰਘ, ਜੀਵਨ ਸਿੰਘ ਦਿਆਲਪੁਰਾ, ਜੋਗਾ ਸਿੰਘ ਅਵਾਣ, ਪਰਮਜੀਤ ਸਿੰਘ ਗੋਰੇਨੰਗਲ, ਬਲਦੇਵ ਸਿੰਘ ਮੱਦੂਛਾਂਗਾ ਆਦਿ ਨੇ ਵੀ ਆਪਣੇ ਵਿਚਾਰ ਰੱਖੇ ਅਤੇ ਸ਼ਰਧਾਂਜਲੀਆਂ ਭੇਟ ਕੀਤੀਆਂ। ਇਸ ਮੌਕੇ ਹਜਾਰਾ ਸਿੰਘ ਜੱਸੜ ਦੀ ਬੇਟੀ ਸਮਾਜ ਸੇਵਕਾ ਬੀਬੀ ਸੁਰਜੀਤ ਕੌਰ ਜੱਸੜ ਨੇ ਆਪਣੇ ਅਤੇ ਆਪਣੇ ਪਰਵਾਰ ਵੱਲੋਂ ਆਏ ਲੋਕਾਂ ਦਾ ਧੰਨਵਾਦ ਕੀਤਾ।

No comments:

Post a Comment