Wednesday 3 September 2014

ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਦੀ ਕਨਵੈਨਸ਼ਨ

ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦੇ ਸਾਂਝੇ ਮੋਰਚੇ ਵਲੋਂ 16 ਅਗਸਤ 2014 ਨੂੰ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਵਿਚ ਇਕ ਵਿਸ਼ਾਲ ਕਨਵੈਨਸ਼ਨ ਕੀਤੀ ਗਈ। ਇਸ ਕਨਵੈਨਸ਼ਨ ਦਾ ਸਾਰਾ ਪ੍ਰੋਗਰਾਮ ਮਜ਼ਦੂਰ ਜਥੇਬੰਦੀਆਂ ਦੀ 19 ਜੁਲਾਈ ਨੂੰ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਦਫਤਰ ਜਲੰਧਰ ਵਿਖੇ ਸਵਰਣ ਸਿੰਘ ਨਾਗੋਕੇ ਦੀ ਪ੍ਰਧਾਨਗੀ ਹੇਠ ਹੋਈ ਸਾਂਝੀ ਮੀਟਿੰਗ ਵਿਚ ਬਣਾਇਆ ਗਿਆ ਸੀ। ਇਸ ਮੀਟਿੰਗ ਵਿਚ ਪੰਜਾਬ ਖੇਤ ਮਜ਼ਦੂਰ ਯੂਨੀਅਨ ਵਲੋਂ ਲਛਮਣ ਸਿੰਘ ਸੇਵੇਵਾਲਾ ਅਤੇ ਹਰਮੇਸ਼ ਮਾਲੜੀ, ਪੇਂਡੂ ਮਜ਼ਦੂਰ ਯੂਨੀਅਨ ਵਲੋਂ ਸਾਥੀ ਤਰਸੇਮ ਪੀਟਰ, ਕੁਲ ਹਿੰਦ ਖੇਤ ਮਜ਼ਦੂਰ ਯੂਨੀਅਨ ਵਲੋਂ ਰਾਮ ਸਿੰਘ ਨੂਰਪੁਰੀ, ਬਲਦੇਵ ਸਿੰਘ ਨੂਰਪੁਰੀ, ਗੁਰਮੇਸ਼ ਸਿੰਘ, ਵਾਸਦੇਵ ਜਮਸ਼ੇਰ ਅਤੇ ਪ੍ਰਕਾਸ਼ ਕਲੇਰ ਦਿਹਾਤੀ ਮਜ਼ਦੂਰ ਸਭਾ ਵਲੋਂ ਸਾਥੀ ਦਰਸ਼ਨ ਨਾਹਰ, ਗੁਰਨਾਮ ਸਿੰਘ ਦਾਊਦ ਅਤੇ ਸਾਥੀ ਮਹੀਪਾਲ, ਪੇਂਡੂ ਮਜ਼ਦੂਰ ਯੂਨੀਅਨ (ਮਸ਼ਾਲ) ਵਲੋਂ ਗਿੰਦਰ ਸਿੰਘ ਰੋਡੇ ਅਤੇ ਠਾਣਾ ਸਿੰਘ ਰੋਡੇ, ਖੇਤ ਮਜਦੂਰ ਸਭਾ ਵਲੋਂ ਸਵਰਨ ਸਿੰਘ ਨਾਗੋਕੇ ਤੋਂ ਇਲਾਵਾ ਗੁਲਜਾਰ ਗੋਰੀਆ ਅਤੇ ਸੰਤੋਖ ਸਿੰਘ ਹਾਜ਼ਰ ਹੋਏ ਸਨ। ਇਸ ਮੀਟਿੰਗ ਦੇ ਫੈਸਲੇ ਅਨੁਸਾਰ ਹੀ 16 ਅਗਸਤ ਦੀ ਕਨਵੈਨਸ਼ਨ ਜਲੰਧਰ ਵਿਖੇ ਕੀਤੀ ਗਈ। ਇਸ ਕਨਵੈਨਸ਼ਨ ਦੀ ਪ੍ਰਧਾਨਗੀ ਸਾਥੀ ਲਛਮਣ ਸਿੰਘ ਸੇਵੇਵਾਲਾ, ਸਾਥੀ ਭੂਪ ਚੰਦ ਚੰਨੋ, ਸਾਥੀ ਦਰਸ਼ਨ ਨਾਹਰ, ਸਾਥੀ ਸਵਰਨ ਸਿੰਘ ਨਾਗੋਕੇ, ਸਾਥੀ ਹੰਸ ਰਾਜ ਪੱਬਵਾਂ ਅਤੇ ਸਾਥੀ ਗਿੰਦਰ ਸਿੰਘ ਰੋਡੇ ਉਪਰ ਅਧਾਰਤ ਪ੍ਰਧਾਨਗੀ ਮੰਡਲ ਨੇ ਕੀਤੀ। 
ਇਸ ਕਨਵੈਨਸ਼ਨ ਨੂੰ ਰਾਮ ਸਿੰਘ ਨੂਰਪੁਰੀ, ਲਾਲ ਚੰਦ ਕਟਾਰੂਚੱਕ, ਹਰਮੇਸ਼ ਮਾਲੜੀ, ਗੁਲਜਾਰ ਗੋਰੀਆ, ਰੂੜਾ ਰਾਮ ਪਰਜੀਆਂ, ਗੁਰਮੇਸ਼ ਸਿੰਘ, ਮਹੀਪਾਲ ਬਠਿੰਡਾ, ਧਰਮਿੰਦਰ ਅਜਨਾਲਾ, ਕਸ਼ਮੀਰ ਸਿੰਘ ਘੁੱਗਸ਼ੋਰ, ਗਿੰਦਰ ਸਿੰਘ ਰੋਡੇ ਅਤੇ ਲਛਮਣ ਸਿੰਘ ਸੇਵੇਵਾਲਾ ਆਦਿ ਸਾਥੀਆਂ ਨੇ ਵਿਸ਼ੇਸ਼ ਤੌਰ 'ਤੇ ਸੰਬੋਧਨ ਕੀਤਾ। ਸਟੇਜ ਸਕੱਤਰ ਦੀ ਜਿੰਮੇਵਾਰੀ ਗੁਰਨਾਮ ਸਿੰਘ ਦਾਊਦ ਨੇ ਨਿਭਾਈ। ਕਨਵੈਨਸ਼ਨ ਵਿਚ ਦੋ ਮਤੇ ਸਟੇਜ ਵਲੋਂ ਗੁਰਨਾਮ ਸਿੰਘ ਦਾਊਦ ਨੇ ਪੇਸ਼ ਕੀਤੇ। ਇਕ ਮਤਾ ਪੰਜਾਬ ਵਿਚ ਵੱਗ ਰਹੇ ਨਸ਼ਿਆਂ ਦੇ ਛੇਵੇਂ ਦਰਿਆ ਦੇ ਖਿਲਾਫ ਅਤੇ ਦੂਜਾ ਮਤਾ ਬਾਲਦ ਕਲਾਂ, ਸਮੇਤ ਪੰਜਾਬ ਦੇ ਵੱਖ ਵੱਖ ਪਿੰਡਾਂ ਵਿਚ ਚਲ ਰਹੇ ਜ਼ਮੀਨੀ ਸੰਘਰਸ਼ ਦੀ ਹਮਾਇਤ ਅਤੇ ਸੰਘਰਸ਼ ਦੌਰਾਨ ਗ੍ਰਿਫਤਾਰ ਕੀਤੇ ਸਾਥੀਆਂ ਦੀ ਤੁਰੰਤ ਰਿਹਾਈ ਬਾਰੇ ਸੀ। ਇਹ ਦੋਵੇਂ ਮਤੇ ਸਾਥੀਆਂ ਨੇ ਨਾਹਰਿਆਂ ਦੀ ਗੂੰਜ ਵਿਚ ਪਾਸ ਕੀਤੇ। ਮੰਗਾਂ ਦਾ ਇਕ ਮੰਗ ਪੱਤਰ ਕਨਵੈਨਸ਼ਨ ਵਿਚ ਵੰਡਿਆ ਗਿਆ ਅਤੇ ਬੁਲਾਰੇ ਸਾਥੀਆਂ ਨੇ ਉਨ੍ਹਾਂ ਮੰਗਾਂ ਉਤੇ ਵਿਸਥਾਰ ਸਹਿਤ ਚਰਚਾ ਆਪਣੇ ਭਾਸ਼ਨਾਂ ਵਿਚ ਕੀਤੀ। 
ਇਸ ਮੰਗ ਪੱਤਰ ਵਿਚ ਮੰਗ ਕੀਤੀ ਗਈ ਸੀ ਕਿ ਤਿੱਖੇ ਜ਼ਮੀਨੀ ਸੁਧਾਰ ਕਰਕੇ ਵਾਧੂ ਨਿਕਲਦੀ ਜ਼ਮੀਨ ਬੇਜ਼ਮੀਨੇ ਮਜ਼ਦੂਰ ਕਿਸਾਨਾਂ ਵਿਚ ਵੰਡੀ ਜਾਵੇ। ਪੰਚਾਇਤੀ ਅਤੇ ਸ਼ਾਮਲਾਤ ਜ਼ਮੀਨਾਂ ਵਿਚੋਂ ਦਲਿਤਾਂ ਨੂੰ ਤੀਜਾ ਹਿੱਸਾ ਜ਼ਮੀਨ ਆਮ ਠੇਕੇ 'ਤੇ ਦਿੱਤੀਆਂ ਜਾਣ। ਫਰਜੀ ਬੋਲੀਆਂ ਉਪਰ ਸਖਤੀ ਨਾਲ ਰੋਕ ਲਾਈ ਜਾਵੇ ਅਤੇ ਹੋਈਆਂ ਫਰਜੀ ਬੋਲੀਆਂ ਰੱਦ ਕੀਤੀਆਂ ਜਾਣ। ਬੇਜ਼ਮੀਨੇ ਲੋੜਵੰਦ ਮਜ਼ਦੂਰਾਂ ਨੂੰ 10-10 ਮਰਲੇ ਦੇ ਰਿਹਾਇਸ਼ੀ ਪਲਾਟ ਦਿੱਤੇ ਜਾਣ, ਮਕਾਨ ਬਣਾਉਣ ਲਈ ਘੱਟੋ ਘੱਟ 3 ਲੱਖ ਰੁਪਏ ਗ੍ਰਾਂਟ ਦਿੱਤੀ ਜਾਵੇ। ਪੰਚਾਇਤਾਂ ਤੋਂ ਮਤੇ ਪਵਾਉਣ ਦੀ ਜ਼ਿੰਮੇਵਾਰੀ ਤੇ ਕਬਜ਼ੇ ਦਿਵਾਉਣ ਦੀ ਜ਼ਿੰਮੇਵਾਰੀ ਪੰਜਾਬ ਸਰਕਾਰ ਖ਼ੁਦ ਲਏ। ਪਹਿਲਾਂ ਅਲਾਟ ਕੀਤੇ ਪਲਾਟਾਂ ਦੇ ਕਬਜ਼ੇ ਤੁਰੰਤ ਦਿਵਾਏ ਜਾਣ। ਪਹਿਲਾਂ ਅਲਾਟ ਕੀਤੇ ਪਲਾਟ ਵੇਚਣ ਅਤੇ ਖਰੀਦਣ ਵਾਲੇ ਲੋੜਵੰਦਾਂ ਉਪਰ ਦਰਜ ਕੀਤੇ ਕੇਸ ਅਤੇ ਜਾਰੀ ਕੀਤੇ ਨੋਟਿਸ ਰੱਦ ਕੀਤੇ ਜਾਣ। ਲੈਟਰੀਨਾਂ ਬਣਾਉਣ ਲਈ ਢੁਕਵੀਂ ਗ੍ਰਾਂਟ ਅਤੇ ਰੂੜੀਆਂ ਸੁੱਟਣ ਲਈ ਟੋਏ ਦਿੱਤੇ ਜਾਣ। 
ਮਨਰੇਗਾ ਅਧੀਨ ਪਰਵਾਰ ਦੇ ਸਾਰੇ ਬਾਲਗ ਮੈਂਬਰਾਂ ਨੂੰ ਸਾਰਾ ਸਾਲ ਕੰਮ ਦਿੱਤਾ ਜਾਵੇ। ਦਿਹਾੜੀ ਘੱਟੋ ਘੱਟ 350 ਰੁਪਏ ਦਿੱਤੀ ਜਾਵੇ ਅਤੇ ਕੰਮ ਨਾ ਦੇਣ ਦੀ ਸੂਰਤ ਵਿਚ ਦਿਹਾੜੀ ਦਾ ਅੱਧਾ ਹਿੱਸਾ ਬੇਰੁਜ਼ਗਾਰੀ ਭੱਤਾ ਦਿੱਤਾ ਜਾਵੇ। ਮਨਰੇਗਾ ਨੂੰ ਸਹੀ ਅਰਥਾਂ ਵਿਚ ਲਾਗੂ ਕਰਾਉਣ ਲਈ ਵੱਖਰਾ ਸਰਕਾਰੀ ਵਿਭਾਗ ਸਥਾਪਤ ਕੀਤਾ ਜਾਵੇ। ਇਸ ਵਿਚ ਹਰ ਤਰ੍ਹਾਂ ਦਾ ਭਰਿਸ਼ਟਾਚਾਰ ਤੇ ਸਰਕਾਰੀ ਦਖਲ ਬੰਦ ਕੀਤਾ ਜਾਵੇ। ਪੰਜਾਬ ਭਰ ਵਿਚ ਕੰਮ ਚਾਲੂ ਕੀਤਾ ਜਾਵੇ ਅਤੇ ਪਹਿਲਾਂ ਕੀਤੇ ਕੰਮਾਂ ਦਾ ਬਕਾਇਆ ਤੁਰੰਤ ਜਾਰੀ ਕੀਤਾ ਜਾਵੇ। 
ਪਿੰਡ-ਪਿੰਡ ਸਸਤੇ ਭਾਅ 'ਤੇ ਸਰਕਾਰੀ ਡੀਪੂ ਖੋਲ ਕੇ ਰਸੋਈ ਗੈਸ ਸਮੇਤ ਸਾਰੀਆਂ ਜ਼ਰੂਰੀ ਵਰਤੋਂ ਦੀਆਂ ਚੀਜਾਂ ਸਸਤੀਆਂ ਸਪਲਾਈ ਕੀਤੀਆਂ ਜਾਣ। ਹਰ ਤਰ੍ਹਾਂ ਦੀਆਂ ਸਕੀਮਾਂ ਅਧੀਨ ਆਉਂਦੇ ਅਨਾਜ ਦਾ ਰਹਿੰਦਾ ਕੋਟਾ ਤੁਰੰਤ ਜਾਰੀ ਕੀਤਾ ਜਾਵੇ, ਸਾਰੇ ਲੋੜਵੰਦਾਂ ਦੇ ਰਹਿੰਦੇ ਰਾਸ਼ਨ ਕਾਰਡ ਤੇ ਨੀਲੇ ਕਾਰਡ ਤੁਰੰਤ ਬਣਾਏ ਜਾਣ। ਪੀਣ ਵਾਲੇ ਸ਼ੁਧ ਪਾਣੀ ਦਾ ਪ੍ਰਬੰਧ ਮੁਫ਼ਤ ਕੀਤਾ ਜਾਵੇ। ਬੁਢਾਪਾ, ਵਿਧਵਾ, ਅੰਗਹੀਣ ਅਤੇ ਆਸ਼ਰਿਤ ਪੈਨਸ਼ਨ ਦੀ ਰਕਮ ਘੱਟੋ ਘੱਟ 2000 ਰੁਪਏ ਮਹੀਨਾ ਕੀਤੀ ਜਾਵੇ ਅਤੇ ਇਸ ਦੀ ਲਗਾਤਾਰਤਾ ਕਾਇਮ ਕੀਤੀ ਜਾਵੇ। ਪਿਛਲੇ ਰਹਿੰਦੇ ਬਕਾਏ ਤੁਰੰਤ ਦਿੱਤੇ ਜਾਣ। 
''ਪੰਜਾਬ ਸਰਕਾਰੀ ਤੇ ਨਿੱਜੀ ਜਾਇਦਾਦ ਦੀ ਭੰਨ ਤੋੜ ਤੇ ਨੁਕਸਾਨ ਰੋਕੂ ਐਕਟ 2014' ਸਮੇਤ ਸਾਰੇ ਕਾਲੇ ਕਾਨੂੰਨ ਰੱਦ ਕੀਤੇ ਜਾਣ, ਜਮਹੂਰੀ ਹੱਕਾਂ ਲਈ ਸੰਘਰਸ਼ ਕਰ ਰਹੇ ਲੋਕਾਂ 'ਤੇ ਲਾਈਆਂ ਐਲਾਨੀਆਂ ਤੇ ਅਣ ਐਲਾਨੀਆਂ ਪਾਬੰਦੀਆਂ ਰੱਦ ਕੀਤੀਆਂ ਜਾਣ। ਕਨਵੈਨਸ਼ਨ ਵਿਚ ਹਾਜ਼ਰ ਮਜ਼ਦੂਰਾਂ ਵਲੋਂ ਇਹਨਾਂ ਸਾਰੀਆਂ ਮੰਗਾਂ ਨਾਲ ਸਹਿਮਤੀ ਪ੍ਰਗਟ ਕੀਤੀ ਗਈ। 
ਕਨਵੈਨਸ਼ਨ ਦੇ ਅੰਤ ਵਿਚ ਐਲਾਨ ਕੀਤਾ ਗਿਆ ਕਿ 22 ਤੋਂ 26 ਸਤੰਬਰ 2014 ਤੱਕ, ਪੂਰਾ ਹਫਤਾ ਬੀ.ਡੀ.ਪੀ.ਓ. ਦਫਤਰਾਂ ਅੱਗੇ ਸਾਂਝੇ ਧਰਨੇ ਮਾਰ ਕੇ ਇਹਨਾਂ ਮੰਗਾਂ ਦਾ ਮੰਗ ਪੱਤਰ ਪੰਜਾਬ ਦੀ ਸਰਕਾਰ ਨੂੰ ਭੇਜਿਆ ਜਾਵੇਗਾ ਅਤੇ ਇਹਨਾਂ ਧਰਨਿਆਂ ਦੀ ਤਿਆਰੀ ਸਬੰਧੀ 25 ਅਗਸਤ ਨੂੰ ਮੁਕਤਸਰ, ਮੋਗਾ, ਮਾਨਸਾ, ਤਰਨਤਾਰਨ, ਪਟਿਆਲਾ ਵਿਚ, 26 ਅਗਸਤ ਨੂੰ ਫਾਜ਼ਿਲਕਾ, ਹੁਸਿਆਰਪੁਰ, ਅੰਮ੍ਰਿਤਸਰ, ਲੁਧਿਆਣਾ, ਬਠਿੰਡਾ ਤੇ ਬਰਨਾਲਾ ਵਿਖੇ, 27 ਅਗਸਤ ਨੂੰ ਜਲੰਧਰ, ਗੁਰਦਾਸਪੁਰ, ਫਿਰੋਜ਼ਪੁਰ, ਰੋਪੜ, ਫਰੀਦਕੋਟ ਵਿਚ, ਅਤੇ 28 ਅਗਸਤ ਨੂੰ ਨਵਾਂ ਸ਼ਹਿਰ, ਸੰਗਰੂਰ, ਫਤਿਹਗੜ੍ਹ, ਪਠਾਨਕੋਟ ਅਤੇ ਕਪੂਰਥਲਾ ਵਿਚ ਸਾਂਝੀਆਂ ਜ਼ਿਲ੍ਹਾ ਮੀਟਿੰਗਾਂ ਕੀਤੀਆਂ ਜਾਣਗੀਆਂ। ਕਨਵੈਨਸ਼ਨ ਦੇ ਅੰਤ ਵਿਚ ਸਾਥੀ ਤਰਸੇਮ ਪੀਟਰ ਨੇ ਪ੍ਰਧਾਨਗੀ ਮੰਡਲ ਵਲੋਂ ਆਏ ਹੋਏ ਸਾਥੀਆਂ ਦਾ ਧੰਨਵਾਦ ਕੀਤਾ। 
ਰਿਪੋਰਟ : ਗੁਰਨਾਮ ਸਿੰਘ ਦਾਊਦ

No comments:

Post a Comment