Wednesday 15 January 2014

ਕੌੜਾ ਸੱਚ - ਚਾਅ ਵੋਟਾਂ ਦਾ

ਵੋਟਾਂ ਦੇ ਦਿਨਾਂ 'ਚ ਵੋਟਰਾਂ ਨੂੰ ਇਸ ਤਰ੍ਹਾਂ ਚਾਅ ਚੜ੍ਹ ਜਾਂਦਾ ਹੈ ਜਿਵੇਂ ਕਿ ਇਨ੍ਹਾਂ ਦੇ ਘਰ 'ਚ ਵਿਆਹ ਰੱਖਿਆ ਹੋਵੇ। ਬਜੁਰਗਾਂ ਨੂੰ ਪੁਰਾਣੇ ਬਜੁਰਗ ਲੀਡਰ ਮਿੱਤਰਾਂ ਨੂੰ ਮਿਲਣ ਦਾ ਚਾਅ ਵੀ ਹੁੰਦਾ ਹੈ। ਸਾਰੀ ਉਮਰ ਉਨ੍ਹਾਂ ਦੀ ਪਾਰਟੀ ਨੂੰ ਵੋਟਾਂ ਪਾਉਣ ਦੀਆਂ ਉਦਾਹਰਣਾ ਦੇ-ਦੇ ਕੇ ਉਹ ਉਸ ਪਾਰਟੀ ਪ੍ਰਤੀ ਮਹੌਲ ਸਿਰਜਦੇ ਹਨ। ਨੌਜਵਾਨਾਂ ਨੂੰ ਉਮੀਦਵਾਰਾਂ ਨਾਲ਼ ਗੱਡੀਆਂ 'ਚ ਘੁੰਮਣ ਦਾ ਤੇ ਚੰਗਾ ਖਾਣ ਪੀਣ ਦਾ ਚਾਅ ਹੁੰਦਾ ਹੈ, ਉਹ ਰਾਤ ਨੂੰ ਪਿੱਗ-ਛਿੱਗ ਲਾ ਲੈਂਦੇ ਹਨ, ਜਿਸ ਨਾਲ ਉਨ੍ਹਾਂ ਨੂੰ ਇਹ ਉਮੀਦਵਾਰ ਰੱਬ ਵਾਂਗ ਜਾਪਦੇ ਹਨ। ਚੋਣ ਜਲਸੇ ਜਾਂ ਮੀਟਿੰਗਾਂ ਲਈ ਪਿੰਡ ਮੁਹੱਲੇ 'ਚ ਉਮੀਦਵਾਰਾਂ ਦੇ ਨਾਲ਼ ਗੱਡੀਆਂ ਦੇ ਕਾਫਲੇ ਦਾ ਲੋਕ ਹਾਰ ਫੜੀ ਬਰਾਤ ਵਾਂਗ ਬੜੇ ਚਾਵਾਂ ਨਾਲ਼ ਇੰਤਜਾਰ ਕਰਦੇ ਹਨ। ਚੌਧਰੀ ਆਪਣੀ ਚੌਧਰ ਖਿਲਾਰਦੇ ਨਹੀਂ ਥੱਕਦੇ ਤੇ ਸਾਰਿਆਂ ਨੂੰ ਆਪਣੇ-ਆਪਣੇ ਥਾਂਹੀਂ ਖੜੇ ਹੋਣ ਲਈ ਅਗਵਾਈ ਕਰਦੇ ਹਨ, ਉਨ੍ਹਾਂ ਨੂੰ ਵੱਖਰਾ ਹੀ ਚਾਅ ਹੁੰਦਾ ਹੈ। ਚੋਣ ਜਲਸੇ ਵਾਲੀ ਥਾਂ ਦੇ ਨੇੜੇ ਤੇੜੇ ਦੇ ਘਰਾਂ 'ਚ ਕਾਫਲੇ ਲਈ ਚਾਹ ਪਾਣੀ ਦੇ ਪ੍ਰਬੰਧ ਲਈ ਇਸ ਤਰਾਂ ਪਤੀਲੇ ਖੜਕਦੇ ਹੁੰਦੇ ਹਨ ਜਿਵੇਂ ਨਾਨਕਾ ਮੇਲ਼ ਦੀ ਸੇਵਾ ਕਰਨ ਲਈ ਪਕਵਾਨ ਬਨਾਉਣ ਦਾ ਪ੍ਰਬੰਧ ਚਲ ਰਿਹਾ ਹੋਵੇ। ਬੱਚਿਆਂ ਨੂੰ ਵੱਖ ਵੱਖ ਉਮੀਦਵਾਰਾਂ ਦੀਆਂ ਝੰਡੀਆਂ ਫੜਨ ਦਾ ਵੱਖਰਾ ਈ ਚਾਅ ਹੁੰਦਾ ਹੈ ਤੇ ਬੱਚੇ ਝੰਡੀਆਂ ਫੜਕੇ ਇਸ ਤਰਾਂ ਭੀਂ-ਭੀਂ ਕਰਕੇ ਦੌੜਦੇ ਹਨ ਜਿਵੇਂ ਉਹਨਾਂ ਨੂੰ ਝੰਡੀ ਵਾਲੀ ਕਾਰ ਈ ਮਿਲ ਗਈ ਹੋਵੇ। ਬਸ ਇਹ ਹੀ ਕਹਿ ਲਓ ਕਿ ਹਰ ਇੱਕ ਨੂੰ ਵੋਟਾਂ ਦਾ ਚਾਅ ਹੀ ਚੜ੍ਹਿਆ ਹੁੰਦਾ ਹੈ। ਚਾਅ ਵੀ ਏਨਾ ਕੁ ਚੜ੍ਹ ਜਾਂਦਾ ਹੈ ਕਿ ਉਨ੍ਹਾਂ ਨੂੰ ਪੰਜ ਸਾਲ ਹੋਈ ਖੱਜਲ ਖੁਆਰੀ ਭੁੱਲ ਜਾਂਦੀ ਹੈ। ਟੁੱਟੀਆਂ ਸੜਕਾਂ 'ਤੇ ਚਲਦੀਆਂ ਬੱਸਾਂ 'ਚ ਬੈਠ ਕੇ ਦਾਣਿਆਂ ਵਾਂਗੂੰ ਛੱਟ ਹੋ ਕੇ ਛਿਲੇ ਗੋਡੇ ਕੂਣ੍ਹੀਆਂ ਦੇ ਜ਼ਖ਼ਮ ਭੁੱਲ ਜਾਂਦੇ ਹਨ। ਦਫਤਰਾਂ 'ਚ ਭ੍ਰਿਸ਼ਟਾਚਾਰ ਕਾਰਨ ਹੋਈ ਲੁੱਟ ਭੁੱਲ ਜਾਂਦੀ ਹੈ। ਚਾਅ-ਚਾਅ 'ਚ ਦਵਾਈ ਦੁੱਖੋਂ ਮਰ ਗਏ ਘਰ ਦੇ ਕਿਸੇ ਮੈਂਬਰ ਦੀ ਦੁਹਾਈ ਭੁੱਲ ਜਾਂਦੀ ਹੈ। ਕਿਸਾਨਾਂ ਨੂੰ ਵਧੇ ਪੈਟਰੋਲ, ਡੀਜ਼ਲਾਂ ਦੇ ਭਾਅ ਭੁੱਲ ਜਾਂਦੇ ਨੇ, ਚਾਅ-ਚਾਅ 'ਚ ਲੋਕਾਂ ਨੂੰ ਸ਼ੰਘਰਸ਼ ਦੇ ਰਾਹ ਭੁੱਲ ਜਾਂਦੇ ਨੇ। ਚੇਤਾ ਭੁੱਲ ਜਾਂਦਾ ਕਿ 6 ਸਾਲਾਂ 'ਚ ਸ਼ਗਨ ਸਕੀਮ ਦੀ ਰਾਸ਼ੀ ਨਹੀਂ ਮਿਲੀ, ਬਸ ਚਾਅ-ਚਾਅ 'ਚ ਚੇਤਾ ਭੁੱਲ ਜਾਂਦਾ ਕਿ ਬੁੱਢੀ ਮਾਈ ਨੂੰ 7 ਮਹੀਨਿਆਂ ਤੋਂ ਵਿਧਵਾ ਪੈਨਸ਼ਨ ਦੀ ਢਾਈ ਸੌ ਰੁਪਏ ਵਾਲ਼ੀ ਰਾਸ਼ੀ ਵੀ ਨਹੀਂ ਮਿਲੀ। ਚਾਅ ਚਾਅ 'ਚ ਲੋਕਾਂ ਨੂੰ ਥਾਂ-ਥਾਂ ਤੇ ਨਸ਼ਿਆਂ ਦੇ ਅੱਡਿਆਂ ਕਾਰਨ ਵਿਧਵਾ ਹੋਈਆਂ ਧੀਆਂ ਭੈਣਾਂ ਭੁੱਲ ਜਾਂਦੀਆਂ ਹਨ। ਨੌਜਵਾਨਾਂ ਨੂੰ ਵੋਟਾਂ ਦੇ ਦਿਨਾਂ 'ਚ ਬੇਰੁਜ਼ਗਾਰੀ ਭੁੱਲ ਜਾਂਦੀ ਹੈ, ਬਸ ਚਾਅ ਚਾਅ 'ਚ ਔਖੇ ਹੋ ਕੇ ਕੀਤੀਆਂ ਪੜ੍ਹਾਈਆਂ ਤੇ ਡਿਗਰੀਆਂ ਦੀ ਹੋ ਰਹੀ ਬੇਕਦਰੀ ਭੁੱਲ ਜਾਂਦੀ ਹੈ। ਕਰਮਚਾਰੀਆਂ ਨੂੰ ਛੇ-ਛੇ ਮਹੀਨਿਆਂ ਦੀ ਤਨਖਾਹ ਨਾ ਮਿਲਣ ਕਾਰਨ ਕੱਟੀ ਤੰਗੀ ਭੁੱਲ ਜਾਂਦੀ ਹੈ। ਕੀ ਕਰੀਏ ਭਿਖਾਰੀਆਂ ਨੂੰ ਚਾਅ-ਚਾਅ 'ਚ ਭੀਖ ਮੰਗੀ ਭੁੱਲ ਜਾਂਦੀ ਹੈ। 
ਲੋਕਾਂ ਨੂੰ ਵੋਟਾਂ ਪਾਉਣ ਦਾ ਇਹ ਤਜਰਬਾ ਕਰਦਿਆਂ-ਕਰਦਿਆਂ ਲੰਬਾ ਸਮਾਂ ਬੀਤ ਚੁੱਕਿਆ ਹੈ। ਕੀ ਇਹ ਸਿਲ-ਸਿਲਾ ਇਸੇ ਤਰਾਂ ਚਲਦਾ ਰਹੇਗਾ ਕਿ ਲੋਕ ਵੋਟਾਂ ਦੇ ਦਿਨਾਂ 'ਚ ਚਾਅ ਚਾਅ 'ਚ ਆਪਣੀਆਂ ਮੁਸ਼ਕਲਾਂ ਨੂੰ ਭੁਲਕੇ ਸਿਰਫ ਉਮੀਦਵਾਰਾਂ ਦੀ ਸੇਵਾ ਪਾਣੀ ਜਾਂ ਤਰਫਦਾਰੀ 'ਚ ਹੀ ਲੱਗੇ ਰਹਿਣਗੇ ਜਾਂ ਉਨ੍ਹਾਂ ਦੇ ਨਾਲ਼ ਬੈਠ ਕੇ ਲੋਕਾਂ ਦੀ ਇੱਕ ਇੱਕ ਸਮੱਸਿਆ ਨੂੰ ਵਿਚਾਰਕੇ ਦੇਸ਼ ਨੂੰ ਮੁੜ ਸੋਨੇ ਦੀ ਚਿੜੀ ਬਨਾਉਣ ਦਾ ਉਪਰਾਲਾ ਵੀ ਕਰਨਗੇ, ਜਾਂ ਫਿਰ ਹਰ ਵਾਰ ਵੋਟਾਂ ਦੌਰਾਨ ਬਸ ਚਾਅ ਹੀ ਚੜ੍ਹਿਆ ਰਹੇਗਾ?  
- ਨਿਰਮਲ ਗੁੜਾ

No comments:

Post a Comment