ਇੰਦਰਜੀਤ ਚੁਗਾਵਾਂ
6 ਦਸੰਬਰ 2013 ਨੂੰ ਦੁਨੀਆਂ ਇਕ ਬਹੁਤ ਹੀ ਨਿੱਘੀ ਸ਼ਖਸੀਅਤ ਤੋਂ ਮਹਿਰੂਮ ਹੋ ਗਈ। ਨਸਲਵਾਦ ਵਿਰੁੱਧ ਸੰਘਰਸ਼ ਦਾ ਮਹਾਨਾਇਕ, ਇਕ ਮਹਾਨ ਇਨਕਲਾਬੀ ਇਸ ਦੁਨੀਆਂ ਤੋਂ ਰੁਖਸਤ ਹੋ ਗਿਆ, ਇਸ ਯੋਧੇ ਦਾ ਨਾਂਅ ਸੀ ਨੈਲਸਨ ਮੰਡੇਲਾ।
ਮੰਡੇਲਾ ਦਾ ਨਾਂਅ ਜਿਹਨ 'ਚ ਆਉਂਦਿਆਂ ਹੀ ਉਨ੍ਹਾਂ ਦੇ ਕਈ ਅਕਸ ਉਭਰਦੇ ਹਨ। 28 ਸਾਲ ਕੋਈ ਛੋਟਾ ਅਰਸਾ ਨਹੀਂ ਹੁੰਦਾ, ਇਹ ਸ਼ਖਸ ਏਨੀ ਲੰਮੀ ਕੈਦ ਕੱਟ ਕੇ ਵੀ ਟੁੱਟਦਾ ਨਹੀਂ ਹੈ ਸਗੋਂ ਹੋਰ ਮਜ਼ਬੂਤ ਹੋ ਕੇ ਨਿਕਲਦਾ ਹੈ। ਆਪਣੇ ਸਮਾਜ, ਆਪਣੇ ਦੇਸ਼ ਨੂੰ ਬਦਲਣ ਲਈ ਉਹ ਹਰ ਰਸਤਾ ਅਪਨਾਉਣ ਲਈ ਤਿਆਰ ਹੋ ਜਾਂਦਾ ਹੈ। ਗੋਰਿਆਂ ਪ੍ਰਤੀ, ਜਿਨ੍ਹਾਂ ਉਸ ਦੇ ਲੋਕਾਂ ਨੂੰ ਬੇਇੱਜਤ ਕੀਤਾ, ਬੇਇੰਤਹਾ ਤਸੀਹੇ ਦਿੱਤੇ, ਉਸ ਦੇ ਬਹੁਤ ਹੀ ਪਿਆਰੇ ਦੋਸਤਾਂ ਨੂੰ ਕਤਲ ਕਰ ਦਿੱਤਾ ਅਤੇ ਉਸ ਨੂੰ 28 ਸਾਲ ਜੇਲ੍ਹ 'ਚ ਸੁੱਟੀ ਰੱਖਿਆ, ਉਸਦੇ ਮਨ 'ਚ ਉਨ੍ਹਾਂ ਪ੍ਰਤੀ ਨਫਰਤ ਜ਼ਰਾ ਜਿੰਨੀ ਵੀ ਨਹੀਂ ਸੀ ਇਸਦਾ ਜਵਾਬ ਇਕ ਇੰਟਰਵਿਊ ਦੌਰਾਨ ਉਨ੍ਹਾਂ ਖ਼ੁਦ ਦਿੱਤਾ, ''ਨਫਰਤ ਮਨ ਨੂੰ ਗ੍ਰਹਿਣ ਜਾਂਦੀ ਹੈ। ਇਹ ਰਣਨੀਤੀ ਦੇ ਰਾਹ ਦਾ ਰੋੜਾ ਬਣਦੀ ਹੈ। ਆਗੂ ਨਫਰਤ ਕਰ ਹੀ ਨਹੀਂ ਸਕਦੇ।'' 1964 'ਚ ਜੇਲ੍ਹ ਜਾਣ ਤੋਂ ਬਾਅਦ ਨੈਲਸਨ ਮੰਡੇਲਾ ਦੁਨੀਆਂ ਭਰ 'ਚ ਨਸਲਵਾਦ ਖਿਲਾਫ ਸੰਘਰਸ਼ ਦਾ ਇਕ ਪ੍ਰਤੀਕ ਬਣ ਗਏ ਸਨ ਐਪਰ, ਨਸਲਵਾਦ ਖਿਲਾਫ ਉਨ੍ਹਾਂ ਦਾ ਸੰਘਰਸ਼ ਇਸ ਤੋਂ ਕਈ ਵਰ੍ਹੇ ਪਹਿਲਾਂ ਸ਼ੁਰੂ ਹੋ ਚੁੱਕਿਆ ਸੀ।
ਨਸਲਵਾਦ ਦੀਆਂ ਜੜ੍ਹਾਂ ਦੱਖਣੀ ਅਫਰੀਕਾ 'ਚ ਯੂਰਪੀ ਸ਼ਾਸਨ ਦੇ ਸ਼ੁਰੂਆਤੀ ਦਿਨਾਂ 'ਚ ਮੌਜੂਦ ਸਨ ਪਰ 1948 'ਚ ਨੈਸ਼ਨਲ ਪਾਰਟੀ ਦੀ ਪਹਿਲੀ ਸਰਕਾਰ ਦੇ ਸੱਤਾ 'ਚ ਆਉਣ ਬਾਅਦ ਨਸਲਵਾਦ ਨੂੰ ਕਾਨੂੰਨੀ ਦਰਜਾ ਦੇ ਦਿੱਤਾ ਗਿਆ। ਇਸ ਚੋਣ 'ਚ ਸਿਰਫ ਗੋਰੇ ਲੋਕਾਂ ਨੇ ਹੀ ਵੋਟਾਂ ਪਾਈਆਂ ਸਨ। ਕਾਨੂੰਨੀ ਤੌਰ 'ਤੇ ਨਸਲਵਾਦ ਦੇ ਤਿੰਨ ਥੰਮ ਸਨ; ਰੇਸ ਕਲਾਸੀਫਿਕੇਸ਼ਨ ਐਕਟ, ਹਰ ਉਸ ਨਾਗਰਿਕ ਦਾ ਵਰਗੀਕਰਨ ਜਿਸ 'ਤੇ ਗੈਰ ਯੂਰਪੀ ਹੋਣ ਦਾ ਸ਼ੱਕ ਹੋਵੇ, ਮਿਕਸਡ ਮੈਰਿਜ ਐਕਟ ਵੱਖ ਵੱਖ ਨਸਲ ਦੇ ਲੋਕਾਂ ਵਿਚਕਾਰ ਵਿਆਹ 'ਤੇ ਪਾਬੰਦੀ ਅਤੇ ਗਰੁੱਪ ਏਰੀਆਜ਼ ਐਕਟ, ਤੈਅ ਨਸਲ ਦੇ ਲੋਕਾਂ ਨੂੰ ਸੀਮਤ ਇਲਾਕਿਆਂ 'ਚ ਰਹਿਣ ਲਈ ਮਜ਼ਬੂਰ ਕਰਨਾ। ਇਨ੍ਹਾਂ ਕਾਨੂੰਨਾਂ ਅਧੀਨ ਕਾਲੇ ਅਤੇ ਰੰਗਦਾਰ ਕਹੇ ਜਾਂਦੇ ਲੋਕਾਂ ਦੀਆਂ ਨਿੱਜੀ ਅਜ਼ਾਦੀਆਂ ਮਸਲ ਕੇ ਰੱਖ ਦਿੱਤੀਆਂ ਗਈਆਂ। ਉਨ੍ਹਾਂ ਨੂੰ ਬੁਰੀ ਤਰ੍ਹਾਂ ਬੇਇੱਜ਼ਤ ਕੀਤਾ ਗਿਆ ਇਸ ਖਿਲਾਫ ਲੋਕਾਂ 'ਚ ਗੁੱਸਾ ਦਿਨੋ ਦਿਨ ਵੱਧਣ ਲੱਗਾ।
ਨੈਸ਼ਨਲ ਪਾਰਟੀ ਦੀ ਸਰਕਾਰ ਦੇ ਇਨ੍ਹਾਂ ਕਦਮਾਂ ਪ੍ਰਤੀ ਅਫਰੀਕਨ ਨੈਸ਼ਨਲ ਕਾਂਗਰਸ (ਏ.ਐਨ.ਸੀ.) ਦਾ ਰੁਖ ਸਮਝੌਤਾਵਾਦੀ ਨਹੀਂ ਸੀ। ਸਾਲ 1949 'ਚ ਤੈਅ ਹੋਏ 'ਕਾਰਵਾਈ ਦੇ ਪ੍ਰੋਗਰਾਮ' ਅਨੁਸਾਰ ਗੋਰੇ ਲੋਕਾਂ ਦੇ ਦਬਦਬੇ ਨੂੰ ਖਤਮ ਕਰਨ ਲਈ ਬਾਈਕਾਟ, ਸਿਵਲ ਨਾਫੁਰਮਾਨੀ, ਅਸਹਿਯੋਗ ਅਤੇ ਹੜਤਾਲ ਦਾ ਸੱਦਾ ਦਿੱਤਾ ਗਿਆ। ਇਸੇ ਸਮੇਂ ਏ.ਐਨ.ਸੀ. ਦੇ ਪੁਰਾਣੇ ਚਿਹਰੇ ਹਟਾਕੇ ਨਵੀਂ ਲੀਡਰਸ਼ਿਪ ਨੇ ਕਮਾਨ ਸੰਭਾਲੀ। ਵਾਲਟਰ ਸਿਸੁਲੁ ਨਵੇਂ ਜਨਰਲ ਸਕੱਤਰ ਬਣੇ ਅਤੇ ਮੰਡੇਲਾ ਪਾਰਟੀ ਦੀ ਕੌਮੀ ਕਾਰਜਕਾਰਨੀ 'ਚ ਸ਼ਾਮਲ ਹੋਏ। ਜ਼ਿਕਰਯੋਗ ਹੈ ਕਿ ਕਾਲੇ ਲੋਕਾਂ ਦੇ ਹੱਕਾਂ ਵਾਸਤੇ ਏ.ਐਨ.ਸੀ. ਦੀ ਸਥਾਪਨਾ 1912 'ਚ ਹੋ ਗਈ ਸੀ ਤੇ ਨੈਲਸਨ ਮੰਡੇਲਾ ਇਸ ਸੰਸਥਾ ਨਾਲ 1942 'ਚ ਜੁੜੇ ਸਨ। ਨੌਜਵਾਨ, ਸਮਝਦਾਰ ਤੇ ਬੇਹੱਦ ਪ੍ਰੇਰਿਤ ਨੌਜਵਾਨਾਂ ਦੇ ਸਮੂਹ ਨਾਲ ਮਿਲਕੇ ਮੰਡੇਲਾ, ਵਾਲਟਰ ਸਿਸੁਲੁ ਅਤੇ ਆਲਿਵਰ ਟੇਂਬੋ ਨੇ ਹੌਲੀ ਹੌਲੀ ਏ.ਐਨ.ਸੀ. ਨੂੰ ਇਕ ਰਾਜਨੀਤਕ ਜਨ ਅੰਦੋਲਨ 'ਚ ਤਬਦੀਲ ਕਰਨਾ ਸ਼ੁਰੂ ਕਰ ਦਿੱਤਾ।
ਕਾਰਵਾਈ ਦੇ ਪ੍ਰੋਗਰਾਮ ਅਧੀਨ 20ਵੀਂ ਸਦੀ ਦੇ ਪੰਜਵੇਂ ਦਹਾਕੇ ਦੀ ਸ਼ੁਰੂਆਤ 'ਚ ਨੈਸ਼ਨਲ ਮੰਡੇਲਾ ਨੇ ਏ.ਐਨ.ਸੀ. ਦੀ ਮੁਹਿੰਮ 'ਚ ਹਿੱਸਾ ਲੈਂਦਿਆਂ ਸਾਰੇ ਦੇਸ਼ ਦਾ ਦੌਰਾ ਕੀਤਾ। ਇਸ ਮੁਹਿੰਮ ਅਧੀਨ ਕਈ ਸਿਵਲ ਨਾਫੁਰਮਾਨੀ ਅੰਦੋਲਨ ਚਲਾਏ ਗਏ। ਇਸ ਯਾਤਰਾ ਲਈ ਸਰਕਾਰ ਨੇ 'ਸਮਾਜਵਾਦ ਵਿਰੋਧੀ ਕਾਨੂੰਨ' ਦੀ ਵਰਤੋਂ ਕਰਦਿਆਂ ਮੰਡੇਲਾ ਨੂੰ ਇਕ ਮੁਲਤਵੀ ਕੈਦ ਦੀ ਸਜ਼ਾ ਸੁਣਾਈ ਅਤੇ ਬਾਅਦ 'ਚ ਉਨ੍ਹਾਂ ਦੀਆਂ ਜਨਤਕ ਰੈਲੀਆਂ 'ਤੇ ਪਾਬੰਦੀ ਲਗਾ ਦਿੱਤੀ ਗਈ। ਇਸ ਦੌਰਾਨ ਉਨ੍ਹਾਂ ਨੂੰ 6 ਮਹੀਨੇ ਲਈ ਜੋਹਾਨੈਸਬਰਗ ਤੋਂ ਬਾਹਰ ਨਿਕਲਣ ਦੀ ਇਜਾਜ਼ਤ ਨਹੀਂ ਦਿੱਤੀ ਗਈ।
ਸਨ 1955 'ਚ ਮੰਡੇਲਾ ਨੇ ਏ.ਐਨ.ਸੀ. ਦਾ 'ਫੀਡਮ ਚਾਰਟਰ' ਲਿਖਿਆ ਜਿਸ ਵਿਚ ਐਲਾਨ ਕੀਤਾ ਗਿਆ, ''ਦੱਖਣੀ ਅਫਰੀਕਾ ਉਨ੍ਹਾਂ ਸਭਨਾ ਦਾ ਹੈ ਜੋ ਇਥੇ ਰਹਿੰਦੇ ਹਨ। ਕਾਲੇ ਤੇ ਗੋਰੇ ਅਤੇ ਕੋਈ ਵੀ ਸਰਕਾਰ ਰਾਜ ਕਰਨ ਦੇ ਅਧਿਕਾਰ ਦਾ ਦਾਅਵਾ ਉਦੋਂ ਤੱਕ ਨਹੀਂ ਕਰ ਸਕਦੀ, ਜਦ ਤੱਕ ਇਹ ਸਭਨਾ ਲੋਕਾਂ ਦੀ ਇੱਛਾ 'ਤੇ ਅਧਾਰਤ ਨਾ ਹੋਵੇ।'' ਅਗਲੇ ਸਾਲ ਮੰਡੇਲਾ ਨੂੰ ਫ੍ਰੀਡਮ ਚਾਰਟਰ ਦਾ ਸਮਰਥਨ ਕਰਨ ਲਈ ਦੇਸ਼ ਧ੍ਰੋਹ ਦਾ ਦੋਸ਼ ਲਾ ਕੇ 156 ਸਿਆਸੀ ਕਾਰਕੁੰਨਾਂ ਸਮੇਤ ਗ੍ਰਿਫਤਾਰ ਕਰ ਲਿਆ ਗਿਆ। ਇਕ ਲੰਮੇ ਮੁਕੱਦਮੇਂ ਬਾਅਦ ਸਾਰੇ ਕੈਦੀਆਂ ਨੂੰ 1961 'ਚ ਛੱਡ ਦਿੱਤਾ ਗਿਆ।
ਇਸ ਰਿਹਾਈ ਤੋਂ ਇਕ ਸਾਲ ਪਹਿਲਾਂ ਸੱਤਾਧਾਰੀ ਨੈਸ਼ਨਲ ਪਾਰਟੀ ਵਲੋਂ ਲਾਗੂ ਕੀਤੇ ਗਏ 'ਪਾਸ ਲਾਅ' ਖਿਲਾਫ ਸ਼ਾਰਪਵਿਲੇ ਸ਼ਹਿਰ 'ਚ ਇਕ ਸ਼ਾਂਤਮਈ ਮੁਜ਼ਾਹਰੇ 'ਤੇ ਪੁਲਸ ਵੱਲੋਂ ਕੀਤੀ ਗਈ ਵਹਿਸ਼ੀਆਨਾ ਗੋਲੀਬਾਰੀ 'ਚ 65 ਮੁਜਾਹਰਾਕਾਰੀ ਮਾਰੇ ਗਏ ਸਨ। 'ਪਾਸ ਲਾਅ' ਅਧੀਨ ਕਾਲੇ ਅਤੇ ਮਿਸ਼ਰਤ ਨਸਲ ਦੇ ਲੋਕਾਂ 'ਤੇ ਕੁੱਝ ਥਾਵਾਂ 'ਤੇ ਜਾਣ ਦੀ ਮਨਾਹੀ ਸੀ। ਸ਼ਾਰਪਵਿਲੇ ਕਤਲੇਆਮ ਨੇ ਮੁਕਤੀ ਅੰਦੋਲਨ ਦਾ ਸਬਰ ਖਤਮ ਕਰ ਦਿੱਤਾ। ਜੇਲ੍ਹ 'ਚੋਂ ਬਾਹਰ ਆਉਂਦਿਆਂ ਹੀ ਮੰਡੇਲਾ ਨੇ ਅਫਰੀਕਨ ਨੈਸ਼ਨਲ ਕਾਂਗਰਸ ਨੂੰ ਹਥਿਆਰਬੰਦ ਬਗਾਵਤ ਦੇ ਰਾਹ 'ਤੇ ਲੈ ਆਂਦਾ। ਉਨ੍ਹਾਂ ਏ.ਐਨ.ਸੀ. ਦੇ ਹਥਿਆਰਬੰਦ ਵਿੰਗ 'ਉਮਖੋਂਟੋ ਵੀ ਸਿਜ਼ਵੇ' (ਕੌਮ ਦਾ ਨੇਜ਼ਾ) ਦੀ ਸਥਾਪਨਾ ਕੀਤੀ ਤੇ ਉਸਦੇ ਪਹਿਲੇ ਕਮਾਂਡਰ ਬਣੇ। ਇਸ ਦੌਰਾਨ ਉਹ ਦੱਖਣੀ ਅਫਰੀਕਾ ਦੀ ਕਮਿਊਨਿਸਟ ਪਾਰਟੀ ਦੇ ਨੇੜੇ ਚਲੇ ਗਏ। ਉਨ੍ਹਾਂ ਨੂੰ ਅੱਤਵਾਦੀ ਕਰਾਰ ਦੇ ਦਿੱਤਾ ਗਿਆ ਪਰ ਉਹ ਅੱਤਵਾਦੀ ਸੀ ਨਹੀਂ। ਬੀਬੀਸੀ ਦੇ ਪੱਤਰਕਾਰ ਡੇਵਿਡ ਡਿੰਬਲੇਬੀ ਨਾਲ ਮੁਲਾਕਾਤ ਵਿਚ ਇਸ ਮੁੱਦੇ ਨਾਲ ਸੰਬੰਧਤ ਇਕ ਸਵਾਲ ਦੇ ਜਵਾਬ ਵਿਚ ਉਨ੍ਹਾਂ ਸਪੱਸ਼ਟ ਕੀਤਾ ਕਿ ਅੱਤਵਾਦੀ ਕੌਣ ਹੁੰਦਾ ਹੈ। ਉਨ੍ਹਾਂ ਕਿਹਾ,''ਅਸੀਂ ਕਦੇ ਵੀ ਅੱਤਵਾਦ ਦਾ ਹਿੱਸਾ ਨਹੀਂ ਸੀ। ਅੱਤਵਾਦ ਦਾ ਅਰਥ ਹੈ ਕਿ ਕੋਈ ਸੰਗਠਨ ਜਾਂ ਰਾਜ ਜਿਹੜਾ ਨਿਰਦੋਸ਼ ਲੋਕਾਂ ਨੂੰ ਆਪਣਾ ਨਿਸ਼ਾਨਾ ਬਣਾਉਂਦਾ ਹੈ। ਇਹ ਹੈ ਅੱਤਵਾਦ ਤੇ ਅਸੀਂ ਅਜਿਹਾ ਕਦੇ ਨਹੀਂ ਕੀਤਾ। ਸਾਡੇ ਮੁਕੱਦਮੇ 'ਚ ਇਹ ਰਿਕਾਰਡ ਹੈ ਜਿਥੇ ਜੱਜ ਨੇ ਕਿਹਾ ਕਿ ਇਨ੍ਹਾਂ ਲੋਕਾਂ ਨੇ ਇਸ ਗੱਲ ਦਾ ਖਿਆਲ ਰੱਖਿਆ ਕਿ ਇਕ ਵੀ ਵਿਅਕਤੀ ਜ਼ਖਮੀ ਨਾ ਹੋਵੇ ਜਾਂ ਉਸਦੀ ਮੌਤ ਨਾ ਹੋਵੇ। ਇਸੇ ਲਈ ਸਾਨੂੰ ਮੌਤ ਦੀ ਸਜ਼ਾ ਨਹੀਂ ਦਿੱਤੀ ਗਈ। ਅਸੀਂ ਇਸ ਗੱਲ ਨੂੰ ਲੈ ਕੇ ਬਹੁਤ ਚੌਕਸ ਸੀ।''
ਐਪਰ ਦੱਖਣੀ ਅਫਰੀਕਾ ਦੀ ਗੋਰੀ ਸਰਕਾਰ ਨੇ ਉਨ੍ਹਾਂ ਨੂੰ ਅੱਤਵਾਦੀ ਵਜੋਂ ਪੇਸ਼ ਕਰਨ, ਪ੍ਰਚਾਰਨ 'ਚ ਕੋਈ ਕਸਰ ਬਾਕੀ ਨਹੀਂ ਛੱਡੀ। ਹਰ ਉਸ ਕਿਤਾਬ 'ਤੇ ਪਾਬੰਦੀ ਸੀ ਜਿਸ ਵਿਚ ਮੰਡੇਲਾ ਨੂੰ ਅੱਤਵਾਦੀ ਦੇ ਰੂਪ 'ਚ ਨਾ ਚਿਤਰਿਆ ਗਿਆ ਹੋਵੇ। ਮੀਡੀਆ 'ਤੇ ਵੀ ਉਨ੍ਹਾਂ ਨਾਲ ਸਬੰਧਤ ਖਬਰਾਂ ਪ੍ਰਕਾਸ਼ਤ ਕਰਨ, ਇਥੋਂ ਤੱਕ ਕਿ ਫੋਟੋ ਦੀ ਵਰਤੋਂ ਕਰਨ ਤੱਕ ਦੀ ਮਨਾਹੀ ਸੀ ਪਰ ਉਨ੍ਹਾਂ ਦੇ ਅਕਸ, ਉਨ੍ਹਾਂ ਦੇ ਸ਼ਬਦਾਂ, ਉਨ੍ਹਾਂ ਦੇ ਨਾਂਅ ਨੂੰ ਜਿੰਨਾ ਰੋਕਣ ਦੀ ਕੋਸ਼ਿਸ਼ ਕੀਤੀ ਗਈ, ਲੋਕਾਂ 'ਚ ਉਨ੍ਹਾਂ ਪ੍ਰਤੀ ਪਿਆਰ, ਸ਼ਰਧਾ ਉਨੀ ਹੀ ਵੱਧਦੀ ਗਈ। ਜੇਲ੍ਹ 'ਚ ਉਨ੍ਹਾ ਨੂੰ ਕੁੱਝ ਲੋਕਾਂ ਨਾਲ ਮਿਲਣ ਦੀ ਇਜਾਜ਼ਤ ਸੀ ਤੇ ਇਹ ਲੋਕ ਜ਼ਿਆਦਾਤਰ ਉਨ੍ਹਾਂ ਦੇ ਪਰਵਾਰ ਦੇ ਲੋਕ ਹੁੰਦੇ ਸਨ। ਸੁਰੱਖਿਆ ਇੰਨੀ ਸਖਤ ਸੀ ਕਿ ਕੋਈ ਵੀ ਰੋਬਨ ਟਾਂਪੂ ਤੋਂ ਉਨ੍ਹਾਂ ਦੀ ਤਸਵੀਰ ਚੋਰੀ ਛਿਪੇ ਨਹੀਂ ਸੀ ਲਿਆ ਸਕਦਾ।
ਮੰਡੇਲਾ ਇਕ ਵਿਲੱਖਣ ਪ੍ਰਤਿਭਾ ਵਾਲੇ ਕ੍ਰਾਂਤੀਕਾਰੀ ਸਨ। ਉਨ੍ਹਾਂ ਸਿੱਖਣ ਦਾ ਕੋਈ ਵੀ ਮੌਕਾ ਅਜਾਈਂ ਨਹੀਂ ਜਾਣ ਦਿੱਤਾ। ਜੇ ਉਹ ਯੂਨੀਵਰਸਿਟੀ ਕਾਲਜ, ਫੋਰਟ ਹੇਅਰ 'ਚ ਕਾਨੂੰਨ ਦੇ ਵਿਦਿਆਰਥੀ ਸਨ ਤਾਂ ਉਨ੍ਹਾਂ ਜੇਲ੍ਹ 'ਚ ਵੀ ਇਹ ਪੜ੍ਹਾਈ ਜਾਰੀ ਰੱਖੀ। ਉਹ 44 ਸਾਲ ਦੇ ਸਨ ਜਦ ਉਨ੍ਹਾਂ ਨੂੰ ਉਮਰ ਕੈਦ ਦੀ ਸਜਾ ਸੁਣਾਕੇ ਰੋਬੇਨ ਟਾਪੂ 'ਤੇ ਸਥਿਤ ਜੇਲ੍ਹ ਭੇਜ ਦਿੱਤਾ ਗਿਆ। ਇਸ ਜੇਲ੍ਹ ਨੂੰ ਉਨ੍ਹਾਂ ਦੇ ਸਾਥੀਆਂ ਨੇ ਯੂਨੀਵਰਸਿਟੀ ਵਜੋਂ ਲਿਆ। ਇਥੇ ਉਨ੍ਹਾਂ ਜਿਥੇ ਕਾਨੂੰਨ ਦੀ ਪੜ੍ਹਾਈ ਜਾਰੀ ਰੱਖੀ ਉਥੇ ਦਬਦਬੇ ਵਾਲੇ ਗੋਰਿਆਂ ਦੀ ਭਾਸ਼ਾ ਅਫਰੀਕਾਨਜ਼ ਸਿੱਖੀ ਤੇ ਹੋਰਨਾਂ ਨੂੰ ਅਜਿਹਾ ਕਰਨ ਲਈ ਪ੍ਰੇਰਿਆ। ਜੇਲ੍ਹ 'ਚ ਕੈਦ ਦੌਰਾਨ ਇਕ ਆਗੂ ਵਜੋਂ, ਇਕ ਵਾਰਤਾਕਾਰ ਵਜੋਂ ਉਨ੍ਹਾਂ ਦੀ ਪ੍ਰਤਿਭਾ 'ਚ ਸਿਰੇ ਦਾ ਨਿਖਾਰ ਆਇਆ। ਉੋਹ ਕੇਵਲ ਕੈਦੀਆਂ ਦੇ ਵੱਖ ਵੱਖ ਧੜ੍ਹਿਆਂ 'ਚ ਹੀ ਨਹੀਂ ਸਗੋਂ ਗੋਰੇ ਪ੍ਰਸ਼ਾਸਕਾਂ 'ਚ ਵੀ ਪ੍ਰਵਾਨੇ ਤੇ ਸਨਮਾਨੇ ਜਾਣ ਲੱਗੇ ਸਨ। ਉਨ੍ਹਾਂ ਦੀ ਖੁਸ਼ਦਿਲੀ ਤੇ ਇਰਾਦੇ ਦੀ ਦ੍ਰਿੜਤਾ ਤੋਂ ਹਰ ਕੋਈ ਪ੍ਰਭਾਵਿਤ ਸੀ। ਉਹ ਹਰ ਇਕ ਨੂੰ ਕਾਇਲ ਕਰਨ ਦੀ ਸਮਰੱਥਾ ਰੱਖਦੇ ਸਨ। ਉਨ੍ਹਾਂ ਦੇ ਸਾਥੀ ਵਾਲਟਰ ਸਿਸੁਲੂ ਅਨੁਸਾਰ, ''ਉਸਦਾ ਸ਼ੁਰੂਆਤੀ ਨੁਕਤਾ ਇਹ ਸੀ, ਕੁੱਝ ਵੀ ਹੋਵੇ ਮੈਂ ਇਸ ਵਿਅਕਤੀ ਨੂੰ ਸਮਝਾ ਲਵਾਂਗਾ। ਇਹ ਸੀ, ਉਸ ਦੀ ਪ੍ਰਤਿਭਾ ਦਾ ਤੋਹਫਾ। ਇਸ ਭਰੋਸੇ ਨਾਲ ਉਹ ਕਿਸੇ ਕੋਲ ਵੀ, ਕਿਤੇ ਵੀ ਚਲਿਆ ਜਾਂਦਾ। ਇਥੋਂ ਤੱਕ ਕਿ ਜਦੋਂ ਉਸ ਕੋਲ ਮਜ਼ਬੂਤ ਅਧਾਰ ਨਾ ਹੁੰਦਾ, ਉਹ ਇਹ ਸਮਝਦਾ ਸੀ ਕਿ ਉਸ ਕੋਲ ਇਹ ਅਧਾਰ ਹੈ।''
ਉਹ ਅੰਧ-ਰਾਸ਼ਟਰਵਾਦ ਵਾਲੀ ਸੰਕੀਰਣਤਾ ਤੋਂ ਕੋਹਾਂ ਦੂਰ ਸਨ। ਉਹ ਕਿਹਾ ਕਰਦੇ ਸਨ, ''ਨਸਲਵਾਦ ਨੂੰ ਮੈਂ ਨਫਰਤ ਕਰਦਾ ਹਾਂ। ਮੈਨੂੰ ਇਹ ਘਿਨਾਉਣਾ ਲੱਗਦਾ ਹੈ, ਭਾਵੇਂ ਇਹ ਕਿਸੇ ਕਾਲੇ ਵਲੋਂ ਆ ਰਿਹਾ ਹੋਵੇ ਜਾਂ ਗੋਰੇ ਵਲੋਂ।'' ਨਸਲਵਾਦ ਵਿਰੁੱਧ ਅੰਦੋਲਨ ਦੇ ਦੁਨੀਆਂ ਭਰ 'ਚ ਸਰਬ ਪ੍ਰਵਾਨਤ ਚਿਹਰੇ ਮੰਡੇਲਾ ਨੇ ਕੇਵਲ ਕਾਲੇ ਲੋਕਾਂ ਵਾਸਤੇ ਹੀ ਆਜ਼ਾਦੀ ਨਹੀਂ ਚਾਹੀ। ਇਸ ਬਾਰੇ ਉਨ੍ਹਾਂ ਦੀ ਸਮਝ ਬੜੀ ਸਪੱਸ਼ਟ ਸੀ ਕਿ ''ਆਜ਼ਾਦ ਹੋਣਾ ਆਪਣੀ ਜੰਜ਼ੀਰ ਨੂੰ ਉਤਾਰ ਦੇਣਾ ਮਾਤਰ ਨਹੀਂ ਹੈ ਸਗੋਂ ਇਸ ਤਰ੍ਹਾਂ ਜਿਊਣਾ ਹੈ ਕਿ ਹੋਰਨਾ ਦੀ ਆਜ਼ਾਦੀ ਤੇ ਸਨਮਾਨ 'ਚ ਹੋਰ ਵਾਧਾ ਹੋਵੇ।''
ਇਕ ਸਧਾਰਨ ਆਗੂ ਤੋਂ ਇਕ ਮਹਾਨ ਨੇਤਾ ਤੇ ਦਾਨਿਸ਼ਵਰ ਬਣਨ ਤੱਕ ਦੇ ਸਫ਼ਰ ਦੌਰਾਨ ਹਊਮੈਂ ਦਾ ਰੋਗ ਮੰਡੇਲਾ ਦੇ ਨੇੜੇ-ਤੇੜੇ ਵੀ ਨਹੀਂ ਫੜਕਿਆ। ਜੇਲ੍ਹ ਦੌਰਾਨ ਗੋਰੀ ਸਰਕਾਰ ਦੇ ਨੁਮਾਇੰਦਿਆਂ ਨਾਲ ਹੋਈਆਂ ਵਾਰਤਾਵਾਂ ਦੇ ਸੰਬੰਧ 'ਚ ਉਹ ਕਹਿੰਦੇ ਹਨ, ''ਮੇਰੇ ਸਾਥੀਆਂ ਨੂੰ ਏਥੇ ਆਉਣ ਵਾਲੇ ਵੀਆਈਪੀਜ਼ ਨਾਲ, ਨਿਆਂ ਮੰਤਰੀ ਨਾਲ, ਜੇਲ੍ਹ ਕਮਿਸ਼ਨਰ ਨਾਲ ਮੋਢੇ ਨਾਲ ਮੋਢੇ ਜੋੜਕੇ ਗੱਲ ਕਰਨ ਦਾ ਉਹ ਮੌਕਾ ਨਹੀਂ ਮਿਲਿਆ ਜਿਹੜਾ ਮੈਨੂੰ ਹਾਸਲ ਹੋਇਆ ਹੈ। ਮੈਨੂੰ ਵੀ ਉਨ੍ਹਾਂ ਪ੍ਰਤੀ ਪਹਿਲਾਂ ਚਿਤਵੀ ਆਪਣੀ ਰਾਇ 'ਤੇ ਕਾਬੂ ਪਾਉਣ ਦਾ ਮੌਕਾ ਮਿਲਿਆ।''
ਕੈਦ ਦੇ ਆਖਰੀ ਮਹੀਨਿਆਂ 'ਚ ਜਦ ਸਰਕਾਰ ਨਾਲ ਵਾਰਤਾਵਾਂ ਜ਼ੋਰ ਫੜ ਗਈਆਂ ਸਨ, ਮੰਡੇਲਾ ਨੂੰ ਰੋਬੇਨ ਜੇਲ੍ਹ ਤੋਂ ਬਦਲ ਕੇ ਕੇਪ ਟਾਊਨ ਦੇ ਬਾਹਰਵਾਰ ਵਿਕਟਰ ਵਰਸਟਰ ਜੇਲ੍ਹ 'ਚ ਲਿਆਂਦਾ ਗਿਆ ਤਾਂ ਕਿ ਸਰਕਾਰ ਨੂੰ ਉਨ੍ਹਾਂ ਨਾਲ ਗੱਲਬਾਤ 'ਚ ਆਸਾਨੀ ਰਹੇ। ਉਹ ਪੂਰੇ ਸਬਰ ਤੇ ਸੰਤੁਲਨ ਨਾਲ ਆਪਣੀ ਰਾਇ ਵਾਰਤਾਕਾਰਾਂ ਅੱਗੇ ਇਸ ਢੰਗ ਨਾਲ ਰੱਖਦੇ ਰਹੇ ਕਿ ਦੁਸ਼ਮਣ ਇਖਲਾਕੀ ਤੇ ਸਿਆਸੀ ਤੌਰ 'ਤੇ ਪਸਤ ਹੋ ਜਾਵੇ। ਉਹ ਦੱਸਦੇ ਸਨ ਕਿ ਉਨ੍ਹਾਂ ਦੀ ਰਣਨੀਤੀ ਗੋਰੇ ਸ਼ਾਸਕਾਂ ਨੂੰ ਢੰਗ ਨਾਲ ਪਿੱਛੇ ਹਟਣ ਦਾ ਹਰ ਮੌਕਾ ਦੇਣ ਦੀ ਸੀ। ਉਹ ਬੋਥਾ ਤੋਂ ਸੱਤਾ ਹਾਸਲ ਕਰਨ ਵਾਲੇ ਡਿ ਕਲਾਰਕ ਨਾਲ ਗੱਲਬਾਤ ਲਈ ਤਿਆਰ ਹੋ ਰਹੇ ਸਨ।
ਫਰਵਰੀ 1990 'ਚ ਜਦ ਮੰਡੇਲਾ ਨੇ ਜੇਲ੍ਹ ਤੋਂ ਬਾਹਰ ਕਦਮ ਰੱਖਿਆ ਤਾਂ ਹਾਲਾਤ ਬਹੁਤ ਹੀ ਗੁੰਝਲਦਾਰ ਸਨ। ਬਾਹਰ ਇਕ ਅਜਿਹੀ ਦੁਨੀਆਂ ਸੀ ਜਿਸ ਬਾਰੇ ਉਹ ਕੁੱਝ ਨਹੀਂ ਸੀ ਜਾਣਦੇ ਤੇ ਦੁਨੀਆਂ ਲਈ ਉਹ ਅਜਿਹੇ ਸਨ ਜਿਸ ਬਾਰੇ ਉਹ ਬਹੁਤ ਘੱਟ ਜਾਣਦੀ ਸੀ। ਏ.ਐਨ.ਸੀ. ਧੜ੍ਹਿਆਂ 'ਚ ਵੰਡੀ ਹੋਈ ਸੀ। ਇਕ ਪਾਸੇ ਉਹ ਕੈਦੀ ਸਨ ਜਿਨ੍ਹਾਂ ਕਿਰਤੀ ਯੂਨੀਅਨਾਂ 'ਚ ਕੰਮ ਕਰਦਿਆਂ ਸਾਲਾਂਬੱਧੀ ਸੰਘਰਸ਼ ਕੀਤਾ ਸੀ ਤੇ ਦੂਜੇ ਪਾਸੇ ਜਲਾਵਤਨੀ ਕੱਟਣ ਵਾਲੇ ਸਾਥੀ ਸਨ ਜਿਨ੍ਹਾਂ ਬਦੇਸ਼ਾਂ ਦੀਆਂ ਰਾਜਧਾਨੀਆਂ 'ਚ ਨਸਲਵਾਦ ਵਿਰੁੱਧ ਸੰਘਰਸ਼ ਦੇ ਹੱਕ 'ਚ ਵਿਸ਼ਵ ਰਾਇ ਕਾਇਮ ਕਰਨ ਲਈ ਆਪਣੀਆਂ ਜ਼ਿੰਦਗੀਆਂ ਲਾਈਆਂ ਸਨ। ਗੋਰੀ ਸਰਕਾਰ ਵੀ ਵੰਡੀ ਹੋਈ ਸੀ। ਉਸ ਵਿਚੋਂ ਕੁੱਝ ਅਜਿਹੇ ਸਨ ਜਿਹੜੇ ਇਕ ਨਵੇਂ ਇਮਾਨਦਾਰ ਨਿਜ਼ਾਮ ਵਾਸਤੇ ਵਾਰਤਾਵਾਂ ਲਈ ਪ੍ਰਤੀਬੱਧ ਸਨ ਜਦਕਿ ਦੂਸਰੇ ਹਿੰਸਾ ਨੂੰ ਹਵਾ ਦੇਣ ਵਾਲੇ ਸਨ।
ਅਗਲੇ ਚਾਰ ਸਾਲ ਮੰਡੇਲਾ ਨੂੰ ਵਾਰਤਾਵਾਂ ਦੇ ਇਕ ਸਖਤ ਦੌਰ 'ਚੋਂ ਲੰਘਣਾ ਪਿਆ। ਇਹ ਵਾਰਤਾਵਾਂ ਸਿਰਫ ਗੋਰੀ ਸਰਕਾਰ ਨਾਲ ਹੀ ਨਹੀਂ ਸਨ ਸਗੋਂ ਆਪਣੀ ਪਾਰਟੀ, ਆਪਣੇ ਅੰਦੋਲਨ ਦੇ ਵੱਖ ਵੱਖ ਧੜਿਆਂ ਨਾਲ ਵੀ ਕਰਨੀਆਂ ਪਈਆਂ।
ਰਿਹਾਈ ਤੋਂ ਦੋ ਸਾਲ ਬਾਅਦ ਕਾਲੇ ਤੇ ਗੋਰੇ ਆਗੂ ਉਨ੍ਹਾਂ ਵਾਰਤਾਵਾਂ ਲਈ ਬੈਠੇ ਜਿਨ੍ਹਾਂ ਦਾ ਸਿੱਟਾ ਗੋਰੇ ਸ਼ਾਸਨ ਦੇ ਅੰਤ 'ਚ ਨਿਕਲਣਾ ਸੀ। ਇਸ ਮੌਕੇ ਕਾਲੇ ਅਤੇ ਗੋਰੇ ਅੱਤਵਾਦੀਆਂ ਨੇ ਹਿੰਸਕ ਕਾਰਵਾਈਆਂ ਕਰਕੇ ਇਨ੍ਹਾਂ ਵਾਰਤਾਵਾਂ ਦੇ ਰੁਖ ਨੂੰ ਆਪਣੇ ਹਿੱਤ ਵਿਚ ਕਰਨ ਦੀਆਂ ਭਰਪੂਰ ਕੋਸ਼ਿਸ਼ਾਂ ਕੀਤੀਆਂ ਪਰ ਮੰਡੇਲਾ ਤੇ ਗੋਰੇ ਰਾਸ਼ਟਰਪਤੀ ਡਿ ਕਲਾਰਕ ਸੱਤਾ ਦੀ ਸ਼ਾਂਤਮਈ ਤਬਦੀਲੀ 'ਚ ਸਫਲ ਰਹੇ। ਮੰਡੇਲਾ ਤੇ ਸਾਬਕਾ ਕਿਰਤੀ ਆਗੂ ਸਾਇਰਿਲ ਰਮਫੋਸਾ ਦੀ ਅਗਵਾਈ ਵਾਲੀ ਉਨ੍ਹਾ ਦੀ ਵਾਰਤਾਕਾਰ ਟੀਮ ਸਮੂਹਕ ਸੌਦੇਬਾਜ਼ੀ ਰਾਹੀਂ ਇਕ ਅਜਿਹੇ ਸਮਝੌਤੇ 'ਤੇ ਪੁੱਜਣ ਵਿਚ ਸਫਲ ਰਹੀ ਜਿਸ ਵਿਚ ਆਪੋਜੀਸ਼ਨ ਪਾਰਟੀਆਂ ਨੂੰ ਸੱਤਾ 'ਚ ਹਿੱਸੇਦਾਰੀ ਦੀ ਗਰੰਟੀ ਵਾਲੀਆਂ ਆਜ਼ਾਦ ਚੋਣਾਂ ਕਰਵਾਈਆਂ ਜਾਣੀਆਂ ਸਨ ਤੇ ਇਸ ਗੱਲ ਦਾ ਵੀ ਭਰੋਸਾ ਦਿੱਤਾ ਗਿਆ ਕਿ ਗੋਰੇ ਲੋਕਾਂ ਨਾਲ ਬਦਲਾਖੋਰੀ ਨਹੀਂ ਕੀਤੀ ਜਾਵੇਗੀ।
ਅਪ੍ਰੈਲ 1994 'ਚ ਹੋਈਆਂ ਚੋਣਾਂ ਦੌਰਾਨ ਕਈ ਥਾਵਾਂ 'ਤੇ ਵੋਟਰਾਂ ਦੀਆਂ ਕਈ ਕਈ ਮੀਲ ਲੰਮੀਆਂ ਕਤਾਰਾਂ ਦੇਖਣ ਨੂੰ ਮਿਲੀਆਂ। ਅਫਰੀਕਨ ਨੈਸ਼ਨਲ ਕਾਂਗਰਸ ਨੂੰ 62 ਫੀਸਦੀ ਵੋਟਾਂ ਮਿਲੀਆਂ ਜਿਸ ਸਦਕਾ ਉਹ ਪਾਰਲੀਮੈਂਟ ਦੀ ਕੌਮੀ ਅਸੰਬਲੀ ਦੀਆਂ 400 ਸੀਟਾਂ 'ਚੋਂ 252 'ਤੇ ਜਿੱਤ ਹਾਸਲ ਕਰਨ 'ਚ ਕਾਮਯਾਬ ਰਹੀ। ਸਿੱਟੇ ਵਜੋਂ ਮੰਡੇਲਾ ਰਾਸ਼ਟਰਪਤੀ ਚੁਣੇ ਗਏ।
ਨਸਲਵਾਦ ਦੇ ਖਾਤਮੇ 'ਚ ਮੰਡੇਲਾ ਦਾ ਰੋਲ ਬਹੁਤ ਵੱਡਾ ਸਥਾਨ ਰੱਖਦਾ ਹੈ ਪਰ ਇਹ ਇਸ ਮਹਾਨ ਆਗੂ ਦੀ ਨਿਮਰਤਾ ਹੀ ਹੈ ਕਿ ਉਹਨਾਂ ਇਸਦਾ ਸਿਹਰਾ ਆਪਣੇ ਸਿਰ ਬੰਨ੍ਹਣ ਤੋਂ ਇਨਕਾਰ ਕਰ ਦਿੱਤਾ। ਡੇਵਿਡ ਡਿੰਬਲੇਬੀ ਨਾਲ ਹੋਈ ਮੁਲਾਕਾਤ ਦੌਰਾਨ ਜਦ ਉਨ੍ਹਾਂ ਨੂੰ ਪੁੱਛਿਆ ਗਿਆ ਕਿ ਜਦ ਨੌਜਵਾਨ ਤੁਹਾਡੇ ਜੀਵਨ ਦਾ ਅਧਿਐਨ ਕਰਨਗੇ ਤਾਂ ਉਨ੍ਹਾਂ ਨੂੰ ਕਿਹੜੀ ਸਿੱਖਿਆ ਲੈਣੀ ਚਾਹੀਦੀ ਹੈ ਤਾਂ ਉਨ੍ਹਾਂ ਦਾ ਜਵਾਬ ਸੀ, ''ਜੇ ਅਸੀਂ ਕੋਈ ਉਪਲੱਬਧੀ ਹਾਸਲ ਕੀਤੀ ਹੈ ਤਾਂ ਇਹ ਕਿਸੇ ਇਕ ਵਿਅਕਤੀ ਦੀ ਉਪਲੱਬਧੀ ਨਹੀਂ ਹੈ। ਇਹ ਸਮੂਹਿਕ ਯਤਨਾਂ ਨਾਲ ਮਿਲੀ ਉਪਲੱਬਧੀ ਹੈ। ਇਸ ਵਿਚ ਕਈ ਲੋਕਾਂ ਦਾ ਜ਼ਿਕਰ ਹੀ ਨਹੀਂ ਹੋਇਆ। ਸਾਡੇ ਆਪਣੇ ਸੰਗਠਨ 'ਚ ਮੈਥੋਂ ਜ਼ਿਆਦਾ ਸਾਧਨ ਸੰਪੰਨ ਵਿਅਕਤੀ ਹਨ। ਫਰਕ ਇੰਨਾ ਹੈ ਕਿ ਲੋਕਾਂ ਦਾ ਧਿਆਨ ਮੇਰੇ 'ਤੇ ਕੇਂਦਰਤ ਹੈ।''
ਇਕ ਆਗੂ 'ਚ ਕਿਹੜੇ ਗੁਣ ਹੋਣੇ ਚਾਹੀਦੇ ਹਨ, ਇਸ ਬਾਰੇ ਉਨ੍ਹਾ ਦਾ ਕਹਿਣਾ ਸੀ, ''ਖੁਦ ਪਿੱਛੇ ਰਹਿਣਾ ਤੇ ਦੂਸਰਿਆਂ ਨੂੰ ਅੱਗੇ ਕਰਕੇ ਅਗਵਾਈ ਕਰਨਾ ਬਿਹਤਰ ਹੁੰਦਾ ਹੈ, ਖਾਸ ਕਰਕੇ ਉਦੋਂ ਜਦ ਤੁਸੀਂ ਕੁੱਝ ਚੰਗਾ ਹੋਣ 'ਤੇ ਜਿੱਤ ਦਾ ਜਸ਼ਨ ਮਨਾ ਰਹੇ ਹੋਵੋ। ਤੁਸੀਂ ਉਸ ਵੇਲੇ ਅੱਗੇ ਆਓ ਜਦ ਖਤਰਾ ਹੋਵੇ, ਉਦੋਂ ਲੋਕ ਤੁਹਾਡੀ ਲੀਡਰਸ਼ਿਪ ਦੀ ਪ੍ਰਸ਼ੰਸਾ ਕਰਨਗੇ।''
ਕਾਲੇ-ਗੋਰੇ ਦੇ ਭੇਦ ਨੂੰ ਖਤਮ ਕਰਨ 'ਚ ਮਹਾਨ ਰੋਲ ਅਦਾ ਕਰਨ ਵਾਲੇ ਮੰਡੇਲਾ, ਜਿਸ ਨੂੰ ਦੱਖਣੀ ਅਫਰੀਕਾ ਦੇ ਲੋਕ 'ਮਦੀਬਾ' ਦੇ ਨਾਂਅ ਨਾਲ ਪੁਕਾਰਿਆ ਕਰਦੇ ਸਨ, ਦਾ ਨਾਂਅ ਆਪਣੇ ਹੱਕਾਂ, ਹਿੱਤਾਂ ਤੇ ਸਨਮਾਨ ਦੀ ਰਾਖੀ ਤੇ ਬਹਾਲੀ ਲਈ ਲੜਨ ਵਾਲੇ ਲੋਕਾਂ ਵਾਸਤੇ ਸਦਾ ਪ੍ਰੇਰਨਾ ਦਾ ਸਰੋਤ ਬਣਿਆ ਰਹੇਗਾ। ਅਦਾਰਾ 'ਸੰਗਰਾਮੀ ਲਹਿਰ' ਨਸਲਵਾਦ ਵਿਰੁੱਧ ਸੰਘਰਸ਼ ਦੇ ਪ੍ਰਤੀਕ ਇਸ ਮਹਾਨ ਆਗੂ ਨੂੰ ਆਪਣੀ ਸ਼ਰਧਾਂਜਲੀ ਪੇਸ਼ ਕਰਦਾ ਹੈ।
No comments:
Post a Comment