Tuesday, 14 January 2014

ਸਾਹਿਤ ਤੇ ਸੱਭਿਆਚਾਰ (ਅੰਕ ਜਨਵਰੀ-2014)

ਆਪਣਾ ਆਪਣਾ ਹਿੱਸਾ (ਕਹਾਣੀ)

- ਵਰਿਆਮ ਸਿੰਘ ਸੰਧੂ
ਮੱਝ ਨੂੰ ਬਾਹਰ ਕੱਢ ਕੇ ਖੁਰਲੀ ਵਿਚ ਤੂੜੀ ਤੇ ਛਟਾਲਾ ਰਲਾਉਂਦਿਆਂ ਘੁੱਦੂ ਨੇ ਮੱਝ ਦੀਆਂ ਨਾਸਾਂ ਵਿਚੋਂ ਉੱਡਦੀ ਹਵਾੜ ਨੂੰ ਤੱਕਿਆ ਤੇ ਧਾਰ ਕੱਢਣ ਲਈ ਬਾਲਟੀ ਲਿਆਉਣ ਵਾਸਤੇ ਆਵਾਜ਼ ਦਿੱਤੀ, ਫਿਰ ਮੱਝ ਦੇ ਪਿੰਡੇ 'ਤੇ ਪਾਈ ਗੋਹੇ ਨਾਲ ਲਿੱਬੜੀ ਪਾਟੀ ਦਰੀ ਨੂੰ ਸੂਤ ਕੀਤਾ ਅਤੇ ਪਾਲੇ ਨਾਲ ਕੰਬਦੇ ਅੰਗਾਂ ਨੂੰ ਕਾਬੂ ਵਿਚ ਕਰਨ ਦੀ ਕੋਸ਼ਿਸ਼ ਕਰਦਾ ਧੁੰਦ ਵਿਚੋਂ ਦੂਰ ਚੜ੍ਹਦੇ ਸੂਰਜ ਵੱਲ ਵੇਖਣ ਲੱਗਾ। ਪਰ ਧੁੰਦ ਤਾਂ ਸੂਰਜ ਨੂੰ ਇੰਜ ਨੱਪ ਕੇ ਬੈਠੀ ਸੀ, ਜਿਵੇਂ ਕੋਈ ਤਕੜਾ ਭਲਵਾਨ ਮਾੜੇ ਭਲਵਾਨ ਦੀ ਗਿੱਚੀ 'ਤੇ ਗੋਡਾ ਦਿੱਤੀ ਬੈਠਾ ਹੋਵੇ। ਘੁੱਦੂ ਦਾ ਹੱਥ ਸਹਿਜੇ ਹੀ ਉਸਦੀ ਧੌਣ 'ਤੇ ਚਲਾ ਗਿਆ। ਕਈ ਸਾਲ ਪਹਿਲਾਂ ਭਲਵਾਨੀ ਕਰਦਿਆਂ ਉਸ ਨੇ ਆਪਣੇ ਉਸਤਾਦ ਜਿੰਦੇ ਪੱਧਰੀ ਵਾਲੇ ਦੇ ਅਤੇ ਹੋਰ ਭਲਵਾਨਾਂ ਦੇ ਗੋਡਿਆਂ ਦੀ ਮਾਰ ਜ਼ੋਰ ਕਰਦਿਆਂ ਤੇ ਘੁਲਦਿਆਂ ਝੱਲੀ ਸੀ। ਉਂਝ ਵੀ ਉਸ ਦੀ ਵਿਸ਼ੇਸ਼ਤਾ ਢਾਹੁਣ ਨਾਲੋਂ ਢਹਿਣ ਵਿਚ ਵਧੇਰੇ ਰਹੀ ਸੀ। ਇਸੇ ਲਈ ਹੀ ਤਾਂ ਉਹਨਾਂ ਦੇ ਪਿੰਡ ਦੇ ਬਾਬੇ 'ਝਰਲ' ਨੇ ਉਹਨੂੰ ਮਖੌਲ ਨਾਲ ਕਿਹਾ ਸੀ, ''ਓਏ ਧਰਮਿਆਂ! ਭੈਣ ਦੇਣਿਆਂ ਕਿੱਡਾ ਤੇਰਾ ਸਰੀਰ ਆ। ਜੇ ਰੋਜ਼ ਢਹਿਣ ਦਾ ਹੀ ਕੰਮ ਫੜਨਾ ਸੀ ਤਾਂ ਏਦੂੰ ਚੰਗਾ ਸੀ ਕੰਜਰਾ ਤੇਰੇ ਸਰੀਰ 'ਚੋਂ ਮੋਛੇ ਕਰ ਕੇ ਦੋ ਬੰਦੇ ਬਣ ਜਾਂਦੇ-ਇਕ ਹਲ ਵਾਹਿਆ ਕਰਦਾ ਤੇ ਇਕ ਪੱਠੇ ਪਾਉਂਦਾ। ਰੱਬ ਵੀ ਸਹੁਰੇ ਨੂੰ ਟਕੇ ਦੀ ਅਕਲ ਨ੍ਹੀਂ...'' ਤੇ ਸਾਰੇ ਭਰਾਵਾਂ 'ਚੋਂ ਛੋਟਾ ਧਰਮਾ 'ਘੁੱਦੂ' ਹੀ ਰਹਿ ਗਿਆ ਸੀ। ਹੁਣ ਉਹ ਨਾ ਭਲਵਾਨ ਸੀ ਤੇ ਨਾ ਹੀ ਧੌਣ ਉਤੇ ਕਿਸੇ ਦੇ ਗੋਡੇ ਦਾ ਡਰ। ਪਰ ਫਿਰ ਵੀ ਉਹਨੂੰ ਲੱਗਾ ਉਹਦੀ ਧੌਣ ਜਿਵੇਂ ਪੀੜ ਕਰ ਰਹੀ ਹੋਵੇ। ਉਸਦੀ ਧੌਣ 'ਤੇ ਇਹ ਕਿਸਦਾ ਗੋਡਾ ਸੀ। 
ਮੱਝ ਚੋਣ ਲਈ ਭਾੜਾ ਤੇ ਬਾਲਟੀ ਲਈ ਆਉਂਦੀ ਭੈਣ ਬਚਨੋਂ ਜਿਹੜੀ ਮਾਂ ਦੇ ਮਰਨ ਤੇ ਜਿਸ ਦਿਨ ਦੀ ਸਹੁਰਿਉਂ ਆਈ ਸੀ, ਇਥੇ ਹੀ ਸੀ-ਘੁੱਦੂ  ਨੂੰ ਬਾਲਟੀ ਫੜਾ ਕੇ ਪੱਠਿਆਂ 'ਤੇ ਆਟਾ ਧੂੜਨ ਲੱਗੀ। 
ਘੁੱਦੂ ਮੱਝ ਦੇ ਪਿੰਡੇ 'ਤੇ ਥਾਪੀ ਮਾਰ ਕੇ ਹੇਠਾਂ ਬਹਿ ਗਿਆ। 
''ਹੈਂ ਵੀਰਾ ਵੇਖੇਂ ਨਾ ਦੋਵੇਂ ਵੱਡੇ ਭਾਊ ਆਉਣ ਈ ਵਾਲੇ ਨੇ... ਵੱਡਾ ਭਾਊ ਰਾਤ ਦਾ ਕਰਮ ਸੂੰਹ ਕੋਲ ਅੱਡੇ ਤੇ ਆ ਗਿਆ ਹੋਣਾਂ...  ਵੇਖੇਂ ਨਾ... ਤੂੰ ਜਿਹੜਾ ਸ੍ਹਾਬ ਕਤਾਬ ਬਣਦਾ... ਉਹਨਾਂ ਨਾਲ ਨਬੇੜ ਲੈ.. ਵੇਖੋ ਨਾਂ... ਮਾਂ ਦਾ ਕੱਠ ਵੀ ਕਰਨਾ ਹੋਇਆ... ਉਹਦੇ ਫੁੱਲ ਵੀ ਹਰਦਵਾਰ ਲੈ ਕੇ ਜਾਣੇ ਆਂ.. ਸਿਆਣਿਆਂ ਆਖਿਆ ਲੇਖਾ ਮਾਵਾਂ ਧੀਆਂ ਦਾ... ਵੇਖੇਂ ਨਾਂ....''
ਘੁੱਦੂ ਨੂੰ ਬੜੀ ਖਿਝ ਆਈ। 
''ਇਹ ਆਗੀ ਵੱਡੀ ਬੇਬੇ ਮਿੰਨੂ ਮੱਤਾਂ ਦੇਣ ਵਾਲੀ''
ਉਹ ਆਪਣੇ ਤੋਂ ਛੋਟੀ ਬਚਨੋਂ ਬਾਰੇ ਸੋਚਦਾ ਜ਼ਹਿਰੀ ਥੁੱਕ ਅੰਦਰ ਲੰਘਾ ਗਿਆ, ਕੱਲ੍ਹ ਦੀ ਭੂਤਨੀ...'
ਬਚਨੋਂ ਬੋਲੀ ਜਾ ਰਹੀ ਸੀ, ''ਵੇਖੇਂ ਨਾਂ... ਮੈਨੂੰ ਪਤਾ ਤੇਰਾ ਹੱਥ ਤੰਗ ਆ... ਪਰ ਇਹ ਕੰਮ ਵੀ ਅਕਸਰ ਕਰਨੇਂ ਹੋਏ। ਮੈਂ ਤਾਂ ਵੱਡਿਆਂ ਨੂੰ ਵੀ ਆਖਿਆ ਸੀ... ਤ੍ਹਾਡਾ ਸਰਦੈ... ਤ੍ਹਾਡਾ ਹੱਥ ਖੁਲ੍ਹੈ... ਕੋਈ ਨੀਂ... ਵੇਖੇਂ ਨਾਂ... ਉਹ ਅੱਗੋਂ ਆਂਹਦੇ ਅਸੀਂ ਖਾਣ ਲਈ ਦਾਣੇ ਈ ਖੜਦੇ ਆਂ। .... ਜ਼ਮੀਨ ਵੀ ਇਹ ਮੁਖਤ 'ਚ ਵਾਹੀ ਜਾਂਦੈ... ਵੇਖੇਂ ਨਾਂ... ਸਾਰੇ ਤੇਰੇ ਭਾਈਏ ਅਰਗੇ ਕਿਵੇਂ ਹੋ ਜਾਣ.... ਸਾਰੇ ਮੁਲਖ ਤੇ ਭੈਣਾਂ ਆਪਣਾ ਹਿੱਸਾ ਲਈ ਜਾਂਦੀਆਂ ਪਰ ਉਹਨੇ ਕਦੀ ਇਕ ਵਾਰ ਵੀ ਨ੍ਹੀਂ ਆਖਿਆ... ''
ਘੁੱਦੂ ਜਿਵੇਂ ਗਲ ਵਿਚ ਡੱਕਾ ਦਿੱਤੀ ਬੈਠਾ ਸੀ, ਚੀਕ ਹੀ ਪਿਆ, ''ਓ ਤੂੰ ਵੀ ਲੈ ਜਾਹ ਤੇ ਉਹ ਵੀ ਲੈ ਜਾਣ... ਜ਼ਮੀਨ ਸਹੁਰੀ ਨੇ ਬੜਾ ਮੈਨੂੰ ਕਾਰੂੰ ਪਾਤਸ਼ਾਹ ਬਣਾ 'ਤਾ''
ਉਚੀ ਚੀਕਵੀਂ ਆਵਾਜ਼ ਸੁਣ ਕੇ ਤੇ ਜ਼ੋਰ ਨਾਲ ਥਣ ਨੱਪਿਆ ਜਾਣ ਕਰ ਕੇ ਮੱਝ ਭੁੜ੍ਹਕ ਪਈ। ਘੁੱਦੂ ਚਿੱਤੜਾਂ ਪਰਨੇ ਡਿੱਗ ਪਿਆ। ਬਚਾਉਂਦਿਆਂ ਵੀ ਥੋੜ੍ਹਾ ਕੁ ਦੁੱਧ ਡੁੱਲ੍ਹ ਹੀ ਗਿਆ। ਉਸ ਉਠਕੇ ਭੌੜ੍ਹਾ ਚੁੱਕ ਲਿਆ ਤੇ ਮੱਝ 'ਤੇ ਕਾੜ੍ਹ! ਕਾੜ੍ਹ!! ਵਰ੍ਹ ਪਿਆ। 
''.... ਵੇਖੇਂ ਨਾਂ... ਸਿੱਧਿਆਂ ਨੂੰ ਪੁੱਠਾ ਆਉਂਦੈ... ਵੇਖੇਂ ਨਾਂ... ਸਿੱਧਿਆਂ ਨੂੰ ਪੁੱਠਾ ਆਊਂਦੈ.... ਬੁੜਬੜਾਉਂਦੀ ਬਚਨੋਂ ''ਭੂੰ ਭੂੰ'' ਕਰਦੀ ਬਾਲਟੀ ਫੜ ਕੇ ਤੁਰ ਗਈ।
''ਇਹਨੇ ਬੇਜ਼ਬਾਨ ਨੇ ਤੇਰਾ ਕੀ ਵਿਗਾੜਿਆ?'' ਚੌਂਕੇ 'ਚੋਂ ਉਠਕੇ ਘੁੱਦੂ ਦੀ ਪਤਨੀ ਰਤਨੀ ਚੀਕੀ, ''ਹੋਰਨਾ ਦਾ ਸਾੜ ਵਿਚਾਰੇ ਪਸ਼ੂ ਤੇ ਕਿਉਂ ਕੱਢਦਾ ਫਿਰਦਾਂ...''
ਮੱਝ ਡਰ ਕੇ ਖੁਰਲੀ ਦੇ ਇਕ ਬੰਨੇ ਕੰਨ ਖੜੇ ਕਰ ਕੇ ਡੈਂਬਰੀਆਂ ਅੱਖਾਂ ਨਾਲ ''ਖਿਮਾਂ ਯਾਚਨਾਂ'' ਦੀ ਮੁਦਰਾ ਵਿਚ ਖੜੀ ਕੰਬੀ ਜਾ ਰਹੀ ਸੀ। 
ਦੂਰੋਂ ਮੋਟਰ ਸਾਇਕਲ ਦੀ ਆਵਾਜ਼ ਸੁਣਾਈ ਦਿੱਤੀ। ਘੁੱਦੂ ਡੰਗਰਾਂ ਦੀਆਂ ਖੁਰਲੀਆਂ ਵਿਚ ਐਵੇਂ ਹੱਥ ਮਾਰਨ ਲੱਗ ਪਿਆ। ਕੁੱਤਿਆਂ ਦੇ ਭੌਂਕਣ ਦੇ ਨਾਲ ਨਾਲ ਆਵਾਜ਼ ਨੇੜੇ ਆਉਂਦੀ ਗਈ ਤੇ ਥੋੜ੍ਹੀ ਦੇਰ ਬਾਅਦ ਮੋਟਰ ਸਾਇਕਲ ਉਹਨਾਂ ਦੇ ਦਰਵਾਜ਼ੇ ਅੱਗੇ ਆ ਖੜੋਤਾ। ਰਤਨੀਂ ਨੇ ਸਿਰ 'ਤੇ ਪੱਲਾ ਲੈਂਦਿਆਂ ਡਿਊਢੀ ਦਾ ਦਰਵਾਜ਼ਾ ਖੋਲ੍ਹਿਆ, ਉਹਦੇ ਦੋਵੇਂ ਜੇਠ ਸਵਰਨ ਸਿੰਘ ਤੇ ਕਰਮ ਸਿੰਘ ਸਨ। ਉਹਨਾਂ ਮੋਟਰ ਸਾਈਕਲ ਡਿਊਢੀ ਵਿਚੋਂ ਲੰਘਾ ਕੇ ਕੱਚੇ ਵਿਹੜੇ ਵਿਚ ਖੜਾ ਕਰ ਦਿੱਤਾ। ਵੱਡੇ ਸਵਰਨ ਸਿੰਘ ਨੇ ਆਪਣੀਆਂ ਅੱਖਾਂ ਤੋਂ ਐਨਕਾਂ ਲਾਹੀਆਂ, ਰੁਮਾਲ ਨਾਲ ਉਹਨਾਂ ਨੂੰ ਸਾਫ ਕੀਤਾ ਤੇ ਫਿਰ ਦਸਤਾਨੇ ਪਹਿਨੇ ਹੱਥਾਂ ਨਾਲ ਓਵਰਕੋਟ ਤੋਂ ਸਿੱਲ੍ਹ ਨੂੰ ਪੂੰਝਦਾ ਡਿਊਢੀ ਵਿਚ ਪਏ ਆਪਣੇ ਪਿਉ ਬਿਸ਼ਨ ਸਿੰਘ ਦੇ ਬਿਸਤਰੇ ਵੱਲ ਵਧਿਆ, ਛੋਟੇ ਕਰਮ ਸਿੰਘ ਨੇ ਗਰਮ ਲੋਈ ਦੀ ਬੁੱਕਲ ਸਵਾਰੀ ਤੇ ਤਿੱਲੇ ਵਾਲੀ ਜੁੱਤੀ ਹੇਠਾਂ ਲੱਗਾ ਗੋਹਾ ਉਤਾਰਨ ਲਈ ਪੈਰ ਨੂੰ ਚੌਂਤਰੇ ਦੀ ਵੱਟ ਨਾਲ ਘਸਾਉਂਦਿਆਂ ਬਚਨੋਂ ਵੱਲ ਮੂੰਹ ਕੀਤਾ।
''ਘੁੱਦੂ ਕਿੱਥੇ ਆ?''
ਬਚਨੋਂ ਨੇ ਬੁੱਕਲ 'ਚੋਂ ਬਾਂਹ ਕੱਢਕੇ ਡੰਗਰਾਂ ਵੱਲ ਕੀਤੀ, ਜਿਥੇ ਮੋਟਰ ਸਾਈਕਲ ਦੇ ਖੜਾਕ ਨਾਲ ਕਿੱਲਾ ਪੁਟਾ ਗਏ ਵਹਿੜਕੇ ਨੂੰ ਘੁੱਦੂ ਫੜ ਰਿਹਾ ਸੀ। 
''ਓ ਆ ਭਈ ਭਲਵਾਨਾਂ! ਰਤਾ ਮਸ਼ਵਰਾ ਕਰ ਲੀਏ। ਭਾ ਜੀ ਹੁਰਾਂ ਤੋਂ ਵੀ ਰੋਜ਼ ਰੋਜ਼ ਨੂੰ ਛੁੱਟੀ ਨੀਂ ਆਇਆ ਜਾਂਦਾ... ਮੈਨੂੰ ਵੀ ਸੋ ਕੰਮ ਰਹਿੰਦੇ ਨੇ... ਨਾਲੇ ਬੁਢੜੀ ਦੇ ਫੁੱਲ ਜੇ ਤੂੰ ਜਾਣਾ ਤੂੰ ਸਹੀ... ਤੇ ਜੇ ਮੈਂ ਜਾਣਾ ਤਾਂ ਸਹੀ... ਗੰਗਾ ਪਾ ਆਈਏ....''
''ਆਉਨਾ'' ਘੁੱਦੂ ਨੇ ਬੇਪਰਵਾਹੀ ਨਾਲ ਜਵਾਬ ਦਿੱਤਾ ਤੇ ਪੁੱਟੇ ਹੋਏ ਕਿਲ੍ਹੇ ਨਾਲ ਬੱਝਾ ਵਹਿੜਕੇ ਦਾ ਰੱਸਾ ਖੋਲ੍ਹਦਾ ਆਪਣੇ ਮੁੰਡੇ ਨੂੰ ਕਹਿਣ ਲੱਗਾ, ''ਓ ਕਾਕੂ ਮੰਜਾ ਕੱਢ ਕੇ ਬਾਪੂ ਆਵਦੇ ਕੋਲ ਡਿਉਢੀ 'ਚ ਡਾਹ...''
ਇਸ ਤੋਂ ਪਹਿਲਾਂ ਕਿ ਕਾਕੂ ਮੰਜਾ ਲਿਆਉਂਦਾ, ਬੁੱਢੇ ਬਿਸ਼ਨ ਸਿੰਘ ਨੇ ਕਿਹਾ, ''ਕਾਕੂ ਖੁਰਸੀ ਲੈ ਆ'' ਤੇ ਉਹ ਸਿੱਧਾ ਹੋ ਕੇ ਪਾਸੇ ਨੂੰ ਖਿਸਕ ਕੇ ਬੈਠ ਗਿਆ ਤੇ ਸਵਰਨ ਸਿੰਘ ਲਈ 'ਓਨਾ ਚਿਰ' ਬੈਠਣ ਲਈ ਮੰਜੀ ਤੇ ਥਾਂ ਖਾਲੀ ਕਰ ਦਿੱਤੀ। ਪਰ ਸਵਰਨ ਸਿੰਘ ਪੱਗ ਦਾ ਪੱਲਾ ਠੀਕ ਕਰਦਾ ਮੰਜੀ ਲਾਗੇ ਖੜ੍ਹੋਤਾ ਦਾੜ੍ਹੀ ਪਲੋਸਣ ਲੱਗਾ।
ਸਵਰਨ ਸਿੰਘ ਤਿੰਨਾਂ ਭਰਾਵਾਂ 'ਚੋਂ ਸਭ ਤੋਂ ਵੱਡਾ ਤੇ ਪੜ੍ਹਿਆ ਲਿਖਿਆ ਸੀ। ਆਪਣੀ ਹਿੰਮਤ ਨਾਲ ਪੜ੍ਹ ਕੇ ੳਹ ਓਵਰਸੀਅਰ ਲੱਗ ਗਿਆ ਸੀ ਤੇ ਚੰਗੀ 'ਕਮਾਈ' ਕਰਦਾ ਸੀ। ਉਹ ਸ਼ਹਿਰ ਹੀ ਕੋਠੀ ਪਾ ਕੇ ਰਹਿ ਰਿਹਾ ਸੀ। ਇਕੋ ਇਕ ਧੀ ਉਸਨੇ ਚੰਗੇ ਘਰ ਵਿਆਹ ਲਈ ਸੀ। ਦੋਵੇਂ ਮੁੰਡੇ ਵੀ ਚੰਗੀਆਂ ਨੌਕਰੀਆਂ ਤੇ ਲੱਗੇ ਹੋਏ ਸਨ। ਚੰਗੇ ਤੇ ਵੱਡੇ ਲੋਕਾਂ ਨਾਲ ਉਹਦਾ ਸੰਪਰਕ ਸੀ, ਲੈਣ ਦੇਣ ਸੀ, ਮਿਲਵਰਤਨ ਸੀ। ਇਕ ਆਪਣਾ ਹੀ ਵਿਸ਼ੇਸ਼ ਦਾਇਰਾ ਬਣ ਚੁੱਕਾ ਸੀ ਉਸਦਾ। 
ਪਿੰਡ ਉਸਦਾ ਆਉਣ ਜਾਣ ਘੱਟ ਹੀ ਸੀ। ਜਿਹੜੀ ਦੋ ਢਾਈ ਕਿੱਲੇ ਜ਼ਮੀਨ ਉਸ ਦੇ ਹਿੱਸੇ ਆਉਂਦੀ ਸੀ, ਉਹ ਘੁੱਦੂ ਹੀ ਵਾਹੁੰਦਾ ਸੀ ਤੇ ਉਹ ਬਕੌਲ ਉਸਦੇ, ''ਖਾਣ ਲਈ ਸਾਲ ਦੇ ਦਾਣੇ ਹੀ ਖੜਦਾ ਸੀ।'' ਆਪਣੇ ਅੰਗਾਂ-ਸਾਕਾਂ ਤੇ ਯਾਰਾਂ-ਦੋਸਤਾਂ ਵਿਚ ਉਹ ਇਹੋ ਹੀ ਕਹਿੰਦਾ ਕਿ ਉਸਨੇ ਜ਼ਮੀਨ ਘੁੱਦੂ ਨੂੰ ਮੁਫ਼ਤ ਹੀ ਦਿੱਤੀ ਹੋਈ ਹੈ। 
ਕਾਕੂ ਕੁਰਸੀ ਲੈ ਆਇਆ। ਲੋਹੇ ਦੀ ਇਹ ਇਕੋ ਇਕ ਕੁਰਸੀ ਬੜੇ ਸਾਲਾਂ ਤੋਂ ਉਹਨਾਂ ਦੇ ਘਰ ਸੀ। 
''ਪੁੱਤ! ਖੁਰਸੀ ਤੇ ਕੱਪੜਾ ਫੇਰ ਲੈ ਜ਼ਰਾ'' ਬੁੱਢੜੇ ਬਿਸ਼ਨ ਸਿੰਘ ਨੇ ਆਪਣੀ ਉਡੇ ਰੰਗ ਵਾਲੀ ਖੱਦਰ ਦੇ ਅਮਰੇ ਦੀ ਰਜਾਈ ਨੂੰ ਠੀਕ ਕੀਤਾ ਤੇ ਆਪਣੇ ਕੇਸਾਂ ਦੀ ਜਟੂਰੀ ਕਰਕੇ ਕੰਬਦੇ ਹੱਥਾਂ ਨਾਲ ਮੈਲੀ ਪੱਗ ਸਿਰ 'ਤੇ ਲਪੇਟਣ ਲੱਗਾ। ਬਿਸ਼ਨ ਸਿੰਘ ਜਦੋਂ ਵੀ ਸਵਰਨ ਸਿੰਘ ਦੇ ਸਾਹਮਣੇ ਹੁੰਦਾ ਸੀ, ਉਹਦੀ ਅਵਸਥਾ ਇੰਜ ਹੀ ਹੁੰਦੀ ਜਿਵੇਂ ਕੋਈ ਜੱਟ ਤਹਿਸੀਲਦਾਰ ਦੇ ਸਾਹਮਣੇ ਖੜਾ ਹੋਵੇ। ਉਹ ਉਸ ਨੂੰ ਕਿਸੇ ਹੋਰ ਹੀ ਮਿੱਟੀ ਦਾ ਬਣਿਆ ਲੱਗਦਾ, ਜਿਹੜੀ ਡਾਢੀ ਸਾਫ, ਵਧੀਆ ਤੇ ਚੀਕਨੀ ਹੋਵੇ। ਜਿਸਦੇ ਖ਼ਬਰੇ ਗੁੱਡੀਆਂ ਤੇ ਬਾਵੇ ਬਣਦੇ ਹਨ। ਸਵਰਨ ਦੇ ਰਹਿਣ ਸਹਿਣ ਤੇ ਉਸਦੇ ਪੋਚਾਪਾਚੀ ਦੇ ਸਾਹਮਣੇ ਉਹ ਆਪਣੇ ਆਪ ਨੂੰ ਡਾਢਾ ਖੁਰਦਰਾ ਜਿਹਾ ਮਹਿਸੂਸ ਕਰਦਾ। ਇਸੇ ਲਈ ਸ਼ਹਿਰ ਜਾ ਕੇ ਉਹ ਕਦੀ ਵੀ ਸਵਰਨ ਦੇ ਘਰ ਦੇ ਕੂਲੇ ਜਿਹੇ ਮਹੌਲ ਵਿਚ ਬਹੁਤੀ ਦੇਰ ਨਹੀਂ ਸੀ ਟਿਕ ਸਕਿਆ। ਉਸਨੂੰ ਲੱਗਦਾ ਜਿਵੇਂ ਉਹਦੇ ਪੈਰ ਉਸ ਘਰ ਵਿਚ ਠੀਕ ਤਰ੍ਹਾਂ ਨਾ ਉਠ ਰਹੇ ਹੋਣ। ਉਹਦੀ ਨੂੰਹ ਤੇ ਪੋਤਰੇ ਪੋਤਰੀਆਂ ਉਹਨੂੰ ਜਿਵੇਂ ਘੂਰ ਘੂਰ ਵੇਖਦੇ ਹੋਣ। ਉਹਨੂੰ ਲੱਗਦਾ ਜਿਵੇਂ ਕੋਈ ਮਿੱਟੀ ਦੇ ਘੁਰਨਿਆਂ ਵਿਚ ਖੇਡਦੇ ਸਹੇ ਨੂੰ ਸੰਗਮਰਮਰ ਦੀ ਗੁਫ਼ਾ ਵਿਚ ਛੱਡ ਆਇਆ ਹੋਵੇ। 
ਕਾਕੂ ਨੇ ਕੁਰਸੀ ਸਾਫ ਕਰ ਦਿੱਤੀ। ਬਿਸ਼ਨ ਸਿੰਘ ਸਵਰਨ ਨੂੰ ਇਕ ਵਚਨ ਜਾਂ ਬਹੁਵਚਨ ਵਿਚ ਸੰਬੋਧਨ ਕਰਨ ਦੀ ਦੋਚਿੱਤੀ ਵਿਚ ਹੀ ਸੀ ਕਿ ਸਵਰਨ ਕੁਰਸੀ 'ਤੇ ਬੈਠ ਗਿਆ। ਅਜਿਹੇ ਸਮੇਂ ਬਿਸ਼ਨ ਸਿੰਘ ਕਈ ਵਾਰ ਆਪਣੇ ਆਪ 'ਚ ਡਾਢਾ ਕੱਚਾ ਜਿਹਾ ਹੁੰਦਾ। ਉਹਦਾ ਆਪਣਾ ਆਪ ਹੁੰਗਾਰ ਉਠਦਾ, ''ਇਹ ਕਿਹੜਾ ਵੈਸਰਾਏ ਦਾ ਬੀ ਐ... ਮੇਰਾ ਮੁੰਡਾ ਈ ਐ... ਮੈਂ ਕਿਉਂ...?''
ਕਰਮ ਸਿੰਘ ਆਪ ਹੀ ਮੰਜਾ ਚੁੱਕ ਕੇ ਡਿਊਢੀ ਵਿਚ ਲੈ ਆਇਆ। ਉਹ ਘੁੱਦੂ ਤੋਂ ਦੋ ਸਾਲ ਵੱਡਾ ਸੀ। ਪੜ੍ਹਾਈ ਵੱਲੋਂ ਲਾਪਰਵਾਹ ਤੇ ਸ਼ਰਾਰਤਾਂ 'ਚ ਨੰਬਰ ਇਕ। ਉਹ ਸੰਤੀ ਮਹਿਰੀ ਦੇ ਬਾਲਣ ਵਿਚ ਬਸਤਾ ਲੁਕਾ ਕੇ ਹਾਣੀਆਂ ਨਾਲ ਖਿਦੋ ਖੂੰਡੀ ਖੇਡਣ ਨਿਕਲ ਜਾਂਦਾ ਤੇ ਛੁੱਟੀ ਹੋਣ ਸਮੇਂ ਬਸਤਾ ਚੁੱਕ ਘਰ ਜਾ ਵੜਦਾ। ਛੋਟਾ ਹੋਣ ਕਰਕੇ ਘੁੱਦੂ ਉਹਦੇ ਨਾਲ ਹੀ ਰਹਿੰਦਾ। ਇਕੱਠੇ ਹੀ ਉਹ ਸਕੂਲ ਗਏ ਤੇ ਇਕੱਠੇ ਹੀ ਪੜ੍ਹਾਈ ਵਿੱਚੇ ਛੱਡ ਕੇ ਉਹ ਘਰ ਦੇ ਕੰਮ ਵਿਚ ਪਿਉ ਦੀ ਮਦਦ ਕਰਾਉਣ ਲੱਗ ਪਏ। 
ਜਵਾਨੀ ਚੜ੍ਹਦਿਆਂ ਹੀ ਕਰਮਾਂ ਤਾਂ ਪਾਂਡੀ ਬਣ ਕੇ ਸਮਗਲਿੰਗ ਦਾ ਮਾਲ ਢੋਣ ਲੱਗ ਪਿਆ ਤੇ ਘੁੱਦੂ ਜਿਸਮ ਦਾ ਤਾਜ਼ਾ ਤੇ ਹੱਡਾਂ-ਪੈਰਾਂ ਦਾ ਖੁੱਲ੍ਹਾ ਹੋਣ ਕਰਕੇ ਭਲਵਾਨੀ। ਕਰਮੇਂ ਦਾ ਪਾਂਡੀ ਹੋਣਾ ਤਾਂ ਸੁਕਾਰਥੇ ਆਇਆ। ਹੌਲੀ ਹੌਲੀ ਉਹਨੈ ਬਲੈਕ ਦੇ ਮਾਲ ਵਿਚ ਆਪ ਹਿੱਸਾ ਪੱਤੀ ਰੱਖਣਾ ਸ਼ੁਰੂ ਕਰ ਦਿੱਤਾ। ਅੱਜ ਹੋਰ-ਕਲ੍ਹ ਹੋਰ। ਤੇ ਕਰਮਾਂ ਵੀ ਲਾਗਲੇ ਕਸਬੇ ਦੇ ਚੌਕ ਵਿਚ ਆਪਣਾ ਮਕਾਨ ਬਣਵਾ ਕੇ ਠਾਠ ਵਿਚ ਰਹਿ ਰਿਹਾ ਸੀ। ਡੇਅਰੀ ਤੇ ਮੁਰਗੀਖਾਨਾ ਖੋਲ੍ਹ ਰੱਖਿਆ ਸੀ। ਉਹਦੇ ਘਰ ਪੂਰੀ ਲਹਿਰ ਬਹਿਰ ਸੀ। 
ਤੇ ਭਲਵਾਨੀ ਕਰਦਾ ਕਰਦਾ ਧਰਮ ਸਿੰਘ ਘੁੱਦੂ ਦਾ ਘੁੱਦੂ ਹੀ ਰਹਿ ਗਿਆ ਸੀ। ਪਿਉ ਵਾਲੀ ਹਲ ਦੀ ਜੰਘੀ ਉਸਦੇ ਹੱਥ ਸੀ। ਬਾਬੇ 'ਝਰਲ' ਨੇ ਭਾਵੇਂ ਮਖੌਲ ਹੀ ਉਹਦੇ ਦੋ ਬੰਦੇ ਬਣ ਜਾਣ, ਇਕ ਦੇ ਹੱਲ ਵਾਹੁਣ ਤੇ ਦਜੂੇ ਦੇ ਪੱਠੇ ਪਾਉਣ ਦੀ ਗੱਲ ਕੀਤੀ ਸੀ। ਪਰ ਘੁੱਦੂ ਸੱਚੀਂ ਹੀ ਵਾਹੀ ਵਿਚ ਦੂਣੇ ਜ਼ੋਰ ਨਾਲ ਲੱਗਾ ਰਿਹਾ ਸੀ। ਉਹ ਆਪਣੀ ਵਲੋਂ ਤਾਂ ਤੇਜ਼ ਦੌੜਨ ਦਾ ਬਹੁਤ ਯਤਨ ਕਰਦਾ, ਪਰ ਸੁਪਨੇ ਵਿਚ ਡਰ ਕੇ ਭੱਜਣ ਵਾਲਿਆਂ ਵਾਂਗ, ਉਸਦਾ ਹਰ ਚੁੱਕਿਆ ਪੈਰ ਅੱਗੇ ਧਰੇ ਜਾਣ ਦਾ ਨਾਂ ਹੀ ਨਹੀਂ ਸੀ ਲੈਂਦਾ। ਜਿਵੇਂ ਕੋਈ ਗੈਬੀ ਸ਼ਕਤੀ ਉਹਦੇ ਲੱਕ ਨੂੰ ਜੱਫਾ ਮਾਰੀ ਪਿਛਾਂਹ ਖਿੱਚੀ ਲਿਜਾ ਰਹੀ ਸੀ। 
ਵਹਿੜਕੇ ਦਾ ਕਿੱਲਾ ਗੱਡਦਿਆਂ ਘੁੱਦੂ ਜਿਉਂ ਹੀ ਕਿੱਲੇ ਨੂੰ ਸੱਟ ਮਾਰ ਰਿਹਾ ਸੀ, ਉਹਨੂੰ ਲੱਗ ਰਿਹਾ ਸੀ ਜਿਵੇਂ ਇਹ ਸੱਟ ਉਹਦੇ ਆਪਣੇ ਸਿਰ ਵਿਚ ਵੱਜੀ ਹੋਵੇ ਅਤੇ ਉਹ ਹਰ ਸੱਟ ਨਾਲ ਹੀ ਧਰਤੀ ਦੇ ਅੰਦਰ ਨਿੱਘਰਦਾ ਜਾ ਰਿਹਾ ਹੋਵੇ। ਮਨ ਹੀ ਮਨ ਉਹ ਦੋਹਾਂ ਭਰਾਵਾਂ ਨਾਲ ਕੀਤੀ ਜਾਣ ਵਾਲੀ ਗੱਲਬਾਤ ਬਾਰੇ ਸੋਚ ਰਿਹਾ ਸੀ। ਦੋਹਾਂ ਭਰਾਵਾਂ ਬਾਰੇ ਸੋਚ ਕੇ ਉਹ ਝੁੰਜਲਾ ਉਠਿਆ ਤੇ ਤੀਜੀ ਭੈਣ ਬਚਨੋਂ!... ਉਫ਼! ਇਹ ਕੇਹੇ ਰਿਸ਼ਤੇ ਸਨ। 
ਵੱਡੇ ਤੇ ਉਸਨੂੰ ਖਿੱਝ ਸੀ ਕਿ ਉਹ ਅੰਗਾਂ-ਸਾਕਾਂ ਦੇ ਸਾਹਮਣੇ ਘੁੱਦੂ ਨੂੰ ਯਤੀਮ ਜਿਹਾ ਬਣਾ ਕੇ ਪੇਸ਼ ਕਰਦਾ ਸੀ। ਦਾਣੇ ਲਿਜਾ ਕੇ ਵੀ ਜ਼ਮੀਨ ਬਾਰੇ ਇੰਝ ਕਹਿੰਦਾ ਸੀ; ਜਿਵੇਂ ਘੁੱਦੂ ਨੂੰ ਦਾਨ ਕਰ ਦਿੱਤੀ ਹੋਵੇ। ਜ਼ਮੀਨ ਘੁੱਦੂ ਤੋਂ ਛੱਡੀ ਨਹੀਂ  ਸੀ ਜਾਂਦੀ ਜਾਂ ਛੱਡਿਆਂ ਉਸਦਾ ਗੁਜ਼ਾਰਾ ਨਹੀਂ ਸੀ ਹੁੰਦਾ। ਪਰ ਏਦਾਂ 'ਮੁਫ਼ਤ ਦੇ ਅਹਿਸਾਨ' ਹੇਠਾਂ ਉਸ ਤੋਂ ਦੱਬਿਆ ਵੀ ਨਹੀਂ ਸੀ ਜਾਂਦਾ। ਤੇ ਕਰਮ ਸਿੰਘ ਤਾਂ ਬਰਾਬਰ ਦਾ ਹਿੱਸਾ ਵੀ ਵੰਡਾ ਕੇ ਲੈ ਜਾਂਦਾ ਸੀ; ਪਰ ਇਹ ਵੀ ਇਤਰਾਜ਼ ਕਰਦਾ ਸੀ ਕਿ ਘੁੱਦੂ ਦੇ ਹੱਥਾਂ ਵਿਚ ਬਰਕਤ ਨਹੀਂ। ਉਹਨੂੰ ਹਿੱਸੇ ਵਿਚੋਂ ਕੁੱਝ ਨਹੀਂ ਬਚਦਾ। ਅਜੇ ਕੱਲ੍ਹ ਮਾਂ ਦੇ ਫੁੱਲ ਚੁਣਦਿਆਂ ਉਹ ਆਪਣੇ ਭਣਵੱਈਏ ਨੂੰ ਕਹਿ ਰਿਹਾ ਸੀ, ''ਭਾਈਆ! ਐਤਕੀਂ ਮੇਰੀ ਸਲਾਹ ਏ ਪਿੰਡ ਆਲੀ ਦੋ ਕਿੱਲੇ ਆਪ ਹੀ ਟਰੈਕਟਰ ਨਾਲ ਵਹਾ ਕੇ ਮੱਝਾਂ ਲਈ ਪੱਠੇ ਬੀਜ ਛੱਡਾਂ। ਇਸ 'ਚੋਂ ਬਚਦਾ ਬਚਾਉਂਦਾ ਤਾਂ ਅੱਗੇ ਕੁਛ ਨੀਂ।''
''ਮਾੜੀ ਗੱਲ ਨ੍ਹੀਂ... ਮਾੜੀ ਗੱਲ ਨ੍ਹੀਂ... ਚੰਗਾ ਰਹੇਗਾ....'' ਬਚਨੋਂ ਦਾ ਘਰ ਵਾਲਾ ਬੋਲਿਆ ਸੀ। 
ਘੁੱਦੂ ਨੂੰ ਪਤਾ ਸੀ ਕਿ ਉਹ ਉਸਨੂੰ ਸੁਣਾਕੇ ਗੱਲਾਂ ਕਰ ਰਹੇ ਸਨ। ਉਹ ਅੰਦਰੋਂ ਅੰਦਰ ਭਰਿਆ ਪੀਤਾ ਬੈਠਾ ਸੀ। ਬੋਲਿਆ ਕੁੱਝ ਨਹੀਂ। ਜ਼ਮੀਨ ਤਾਂ ਅੱਗੇ ਹੀ ਥੋੜ੍ਹੀ ਸੀ, ਜੇ ਇਹ ਦੋ ਕਿੱਲੇ ਵੀ ਹਲ ਹੇਠੋਂ ਨਿਕਲ ਗਈ? ਉਸਨੂੰ ਫਿਕਰ ਸੀ। 
ਆਪ ਤਾਂ ਉਹ ਗੱਲ ਕਰਨੋਂ ਝਿਜਕਦਾ ਸੀ। ਲਾ ਪਾ ਕੇ ਵਿਚਲਾ ਬੰਦਾ ਭੈਣ-ਭਣਵੱਈਆ ਸੀ ਜਾਂ ਪਿਉ-ਜਿਨ੍ਹਾਂ ਨੂੰ ਉਹ ਆਪਣਾ ਦੁੱਖ ਦੱਸ ਸਕਦਾ ਸੀ। ਉਹਨਾਂ ਦੀ ਮਦਦ ਮੰਗ ਸਕਦਾ ਸੀ। ਪਰ ਭਣਵੱਈਆ ਤਾਂ ਉਸਦੇ ਸਾਹਮਣੇ ਕਰਮ ਸਿੰਘ ਨੂੰ ਜ਼ਮੀਨ ਛੁਡਾ ਲੈਣ ਲਈ ਕਹਿ ਰਿਹਾ ਸੀ। ਤੇ ਭੈਣ ਬਚਨੋਂ ਨੇ ਉਸਦੀ ਮਦਦ ਕੀ ਕਰਨੀ ਸੀ। ਉਸਨੂੰ ਤਾਂ ਅੱਗੇ ਹੀ ਇਤਰਾਜ਼ ਰਹਿੰਦਾ ਸੀ ਕਿ ਵੱਡੇ ਭਰਾ-ਭਰਜਾਈ ਉਸ ਨਾਲ ਚੰਗਾ ਵਰਤਦੇ ਸਨ। ਉਸ ਨਾਲ ਦੁੱਖ ਸੁਖ ਵੰਡਾਉਣ ਆਉਂਦੇ ਜਾਂਦੇ ਸਨ। ਔਖੇ ਸੌਖੇ ਵੇਲੇ ਕੰਮ ਵੀ ਆਉਂਦੇ ਸਨ। ਸਾਲ ਛਿਮਾਹੀ ਸੂਟ ਵੀ ਬਣਾ ਦਿੰਦੇ ਸਨ। ਘਰ ਘੁੱਦੂ ਸੀ ਕਿ ਔਖੇ ਵੇਲੇ ਮਦਦ ਤਾਂ ਕੀ ਕਰਨੀ-ਉਹਨੂੰ ਮਿਲਣ ਤਾਂ ਕੀ ਜਾਣਾ! ਜੇ ਕਿਧਰੋਂ ਸਾਲ ਛਿਮਾਹੀ ਉਹਦਾ ਮੁੰਡਾ ਆ ਗਿਆ ਤਾਂ ਉਸ ਬਾਰੇ ਕਹਿੰਦੀ :
''ਹਾਇਆ! ਏਨਾ ਨਮੋਹਾ!... ਮੁੰਡਾ ਹੋਣ ਤੇ ਉਹੋ ਜਿਹੜੇ ਚਾਰ ਪਰੋਲੇ ਜਿਹੇ ਦਿੱਤੇ ਸੀ-ਬੱਸ.... ਮੇਰੀ ਜ਼ਬਾਨ ਸੜ ਜੇ-ਜੇ ਕਿਤੇ ਮੁੰਡੇ ਨੂੰ ਦੋ ਟਾਕੀਆਂ ਬਣਾ ਕੇ ਦਿੱਤੀਆਂ ਹੋਣ ਜਾਂ ਛਿੱਲੜ ਹੀ ਹੱਥ  ਤੇ ਰੱਖਿਆ ਹੋਵੇ। ਵੇਖੇਂ ਨਾ... ਅਸੀਂ ਕਿਤੇ ਇਹਦੇ ਪੈਸੇ ਲੀੜਿਆਂ ਤੇ ਨਾਂ ਨ੍ਹੀਂ ਬੈਠੇ-ਪਰ ਫਿਰ ਵੀ ਭੈਣ-ਭੈਣ ਦਾ ਹੰਮਾ ਹੁੰਦਾ.... ਵੇਖੇਂ ਨਾਂ....'' ਤੇ ਉਹ ਅੱਖਾਂ ਤੇ ਚੁੰਨੀ ਟੇਰਨ ਲੱਗ ਪੈਂਦੀ। 
ਘੁੱਦੂ ਬਚਨੋਂ ਤੋਂ ਅੰਦਰੋਂ ਅੰਦਰ ਭੁੱਜਿਆ ਪਿਆ ਸੀ। ਉਸ ਦਿਨ ਮਾਂ ਦਾ ਸਸਕਾਰ ਕਰਨ ਤੋਂ ਪਹਿਲਾਂ ਇਸ਼ਨਾਨ ਕਰਾਉਣ ਵੇਲੇ ਮਾਂ ਦੇ ਕੰਨਾਂ ਵਿਚ ਪਈਆਂ ਸੋਨੇ ਦੀਆਂ ਵਾਲੀਆਂ ਲਾਹ ਕੇ ਵਿਚਕਾਰਲੀ ਭਰਜਾਈ ਨੂੰ ਫੜਾ ਦਿੱਤੀਆਂ ਸਨ। ਉਹ ਜਿਵੇਂ ਵਾਲੀਆਂ ਤੇ 'ਲੱਤ ਫੇਰਦੀ ਰਹੀ ਸੀ।' 
ਇਕ ਪਲ ਉਹਨੂੰ ਮਾਂ ਤੇ ਵੀ ਖਿਝ ਆਈ। ਪਰ ਫੇਰ ਮਾਂ ਦਾ ਝੁਰੜੀਆਂ ਭਰਿਆ ਚਿਹਰਾ ਤੇ ਡੂੰਘੀਆਂ ਚਮਕਦੀਆਂ ਅੱਖਾਂ ਯਾਦ ਆਉਣ ਤੇ ਉਹ ਮਾਂ ਦੇ ਪਿਆਰ ਵਿਚ ਭਿੱਜ ਗਿਆ। ਇਕੋ ਮਾਂ ਹੀ ਸੀ, ਜਿਸਨੇ ਉਸਨੂੰ ਅੰਤਾਂ ਦਾ ਪਿਆਰ ਕੀਤਾ ਸੀ। ਸਦਾ ੳਹਦੇ ਹੱਕ ਵਿਚ ਡਟ ਕੇ ਬੋਲੀ ਸੀ। ਜਿਹੜੀ ਗੱਲ, ਜਿਹੜੀ ਭਾਸ਼ਾ ਵਿਚ, ਜਿੰਨੇ ਜ਼ੋਰ ਨਾਲ ਘੁੱਦੂ ਕਹਿਣਾ ਚਾਹੁੰਦਾ ਹੁੰਦਾ, ਉਹਦੀ ਮਾਂ ਉਹ ਗੱਲ ਉਸ ਨਾਲੋਂ ਜ਼ੋਰਦਾਰ ਅੰਦਾਜ਼ ਵਿਚ ਕਿਹਾ ਕਰਦੀ। ਉਹੋ ਹੀ ਸੀ; ਜਿਹੜੀ ਘੁੱਦੂ ਬਾਰੇ ਕਹਿੰਦੀ ਸੀ, ''ਇਹ ਤਾਂ ਮੇਰਾ ਲੱਲ੍ਹੜ ਪੁੱਤ ਏ... ਭੋਲਾ ਭਾਲਾ-ਸ਼ਿਵਾਂ ਵਰਗਾ... ਤੁਸੀਂ ਤਾਂ ਸਭ ਕਾਂਟੇ ਓਂ....''
ਘੁੱਦੂ ਨੂੰ ਅਫਸੋਸ ਸੀ ਕਿ ਉਹ ਮਰਦੀ ਹੋਈ ਮਾਂ ਦੇ ਕੋਲ ਨਹੀਂ ਸੀ। ਸਾਰੀ ਉਮਰ ਮਾਂ ਉਹਦੇ ਕੋਲ ਰਹੀ ਪਰ ਮਰਨ ਸਮੇਂ ਉਸ ਕੋਲੋਂ ਚਲੀ ਗਈ। ਦੋ ਮਹੀਨੇ ਹੋਏ ਉਸਨੂੰ ਅਚਾਨਕ ਬੁੱਲ੍ਹਾ ਵੱਜ ਗਿਆ ਤੇ ਪਾਸਾ ਮਾਰਿਆ ਗਿਆ। ਸਵਰਨ ਸਿੰਘ ਮਾਂ ਦਾ ਪਤਾ ਕਰਨ ਆਇਆ ਤਾਂ ਉਹ ਮਾਂ ਦੇ ਵਰਜਦਿਆਂ ਵੀ ਉਸਨੂੰ ਆਪਣੇ ਨਾਲ ਸ਼ਹਿਰ ਲੈ ਗਿਆ ਤਾਂ ਕਿ ਉਸਨੂੰ ਵੱਡੇ ਹਸਪਤਾਲ ਵਿਚ ਦਾਖ਼ਲ ਕਰਵਾ ਕੇ ਇਲਾਜ ਕਰਵਾ ਸਕੇ। 
ਲਗਭਗ ਡੇਢ ਮਹੀਨਾ ਇਲਾਜ ਚਲਦਾ ਰਿਹਾ, ਪਰ ਬੁੱਢੜਾ ਤੇ ਕਮਜ਼ੋਰ ਸਰੀਰ ਬੀਮਾਰੀ ਦੀ ਮਾਰ ਨਾ ਝੱਲ ਸਕਿਆ। 
ਤੇ ਰਹਿ ਗਿਆ ਸੀ ਬਾਕੀ ਬੁੱਢੜਾ ਬਿਸ਼ਨ ਸਿੰਘ, ਜਿਹੜਾ ਉਸਦੀਆਂ ਔਖਿਆਈਆਂ ਨੂੰ ਸਮਝਦਾ ਸੀ। ਉਸਦੀ ਤੰਗੀ, ਜਿਸਦੀ ਆਪਣੀ ਤੰਗੀ ਸੀ। ਉਸਨੇ ਆਪ ਜੁ ਸਾਰੀ ਉਮਰ ਕਿਸਾਨ ਦੀ ਜੂਨ ਭੋਗੀ ਸੀ। ਪਰ ੳਹ ਵਿਚਾਰਾ ਏਨਾ ਨਿਰਮਾਣ ਤੇ ਦੱਬੂ ਜੱਟ ਸੀ ਜਾਂ ਇੰਜ ਕਹਿ ਲਈਏ ਕਿ ਉਹਦੇ ਵੱਡੇ ਪੁੱਤਾਂ ਦੇ ਪੈਸੇ ਦਾ ਜਬ੍ਹਾ ਉਸ 'ਤੇ ਕੁੱਝ ਇੰਜ ਬੈਠਾ ਸੀ ਕਿ ਉਹ ਉਭਾਸਰ ਕੇ ਕੋਈ ਗੱਲ ਉਹਨਾਂ ਨੂੰ ਕਹਿ ਹੀ ਨਹੀਂ ਸੀ ਸਕਦਾ। 
''ਓ ਆ ਮਾਂ ਦਿਆ ਸ਼ਿਵ ਜੀ!... ਹੈਥੇ ਕਿੱਲੇ ਨੂੰ ਈ ਠੱਕ ਠੱਕ  ਕਰੀ ਜਾਨੈਂ.... ਅਸੀਂ ਹੋਰ ਵੀ ਕੋਈ ਕੰਮ ਕਰਨੈਂ...'' ਕਰਮ ਸਿੰਘ ਨੇ ਘੁੱਦੂ ਨੂੰ ਆਵਾਜ਼ ਮਾਰੀ। 
ਘੁੱਦੂ ਮਿੱਟੀ ਨਾਲ ਲਿੱਬੜੇ ਹੱਥ ਤੇੜ ਦੀ ਚਾਦਰ ਨਾਲ ਪੂੰਝਦਾ ਉਠ ਖੜਾ ਹੋਇਆ ਤੇ ਹੌਲੀ ਹੌਲੀ ਤੁਰਦਾ ਡਿਊਢੀ ਵਿਚ ਆਣ ਕੇ ਉਨ੍ਹਾਂ ਕੋਲ ਖੜਾ ਹੋ ਗਿਆ। 
''ਬਹਿ ਜਾ'' ਕਰਮ ਸਿੰਘ ਨੇ ਘੁੱਦੂ ਨੂੰ ਮੰਜੇ 'ਤੇ ਬੈਠ ਜਾਣ ਲਈ ਇਸ਼ਾਰਾ ਕੀਤਾ। ਬਚਨੋਂ ਵੀ ਬੁੱਕਲ ਸਵਾਰਦੀ ਪਿਓਂ ਦੀ ਪੁਆਂਦੀ ਆ ਬੈਠੀ। 
''ਬਜ਼ੁਰਗਾ! ਭਾ ਜੀ ਰਾਤੀਂ ਮੇਰੇ ਕੋਲ ਆ ਗੇ ਸੀ। ਅਸੀਂ ਤੁਹਾਡੇ ਨਾਲ ਮਸ਼ਵਰਾ ਕਰਨ ਆਏ ਆਂ...''
''ਕਰੋ ਪੀ ਮਸ਼ਵਰਾ.... ਜਿਹੜਾ ਕਰਨਾ.... ਕੀ ਗੱਲ ਐ...'' ਬਿਸ਼ਨ ਸਿੰਘ ਨੇ ਹੌਲੀ ਜਿਹੀ ਦਾੜ੍ਹੀ ਖੁਰਕੀ।
''ਵੇਖ ਸਲਾਹ ਨਾਲ ਰਲਕੇ-ਆਪੋ ਵਿਚ ਅਸੀਂ ਜਿਹੜੀ ਗੱਲ ਕਰਾਂਗੇ... ਉਹਦੇ ਨਾਲ ਦੀ ਰੀਸ ਨੀਂ... ਕਰਮ ਸਿੰਘ ਇਕ ਪਲ ਰੁਕਿਆ ਤੇ ਸਾਰਿਆਂ ਦੇ ਚਿਹਰਿਆਂ ਵੱਲ ਤੱਕਿਆ। ਫਿਰ ਖੰਘੂਰਾ ਮਾਰ ਕੇ ਬੋਲਿਆ, ''ਗੱਲ ਇਕ ਤਾਂ ਇਹ ਐ ਕਿ ਮਾਂ ਦਾ ਕੱਠ ਕਰਨਾ ਗੱਜ ਵਜਾ ਕੇ... ਸਾਰੇ ਅੰਗ-ਸਾਕ ਸੱਦਣੇ ਨੇਂ... ਬੁੱਢੜੀ ਕਰਮਾਂ ਆਲੀ... ਦੋਹਤਿਆਂ ਪੋਤਿਆਂ ਵਾਲੀ ਹੋ ਕੇ... ਉਮਰ ਭੋਗ ਕੇ ਗਈ ਆ.... ਉਹਨੂੰ ਵੱਡਿਆਂ ਕਰਨਾਂ... ਹੈਂ ਕੀ ਸਲਾਹ ਐ?''
''ਪੁੱਤ! ਮੇਰੀ ਸਲਾਹ ਕੀ ਹੋਣੀ ਐ.. ਪਰ ਸਾਡੇ ਅਰਗੇ ਛੋਟੇ ਬੰਦਿਆਂ ਨੂੰ ਕਾਹਦਾ ਵੱਡਾ ਕਰਨਾ ਹੋਇਆ....'' ਬਿਸ਼ਨ ਸਿੰਘ ਦੀ ਟੁੱਟਵੀਂ ਆਵਾਜ਼ ਸੀ।
''ਮੈਂ ਵੀ ਕਰਮ ਨੂੰ ਕਿਹਾ ਕਿ ਇਹ ਫ਼ਜੂਲ ਖਰਚੀ ਐ... ਇਹ ਮੰਨਦਾ ਨ੍ਹੀਂ...'' ਸਵਰਨ ਸਿੰਘ ਨੇ ਰਾਇ ਦਿੱਤੀ। 
''ਓ ਭਾਜੀ ! ਭਾਈਚਾਰਾ ਕੀ ਆਖੂ! ਚੰਗੇ ਭਲੇ ਪੁੱਤ ਕਮਾਉਂਦੇ.. ਪੈਸੇ ਵਾਲੇ... ਕੀ ਮਰੀ ਪੈਗੀ... ਤੁਹਾਡੇ ਪੜ੍ਹਿਆਂ ਲਿਖਿਆਂ ਲਈ ਹੋਊ ਫਜ਼ੂਲ ਖਰਚੀ.... ਨਾਲੇ ਤੁਹਾਨੂੰ ਕੀ... ਤੁਸੀਂ ਤਾਂ ਸ਼ਹਿਰ ਰਹਿਣਾ। ਏਥੋਂ ਮਿਹਣੇ ਤਾਂ ਸਾਨੂੰ ਵੱਜਣੇ ਨੇ..'' ਕਰਮ ਸਿੰਘ ਅਜੇ ਬੋਲ ਹੀ ਰਿਹਾ ਸੀ ਕਿ ਬਚਨੋਂ ਉਹਦੀ ਗੱਲ ਟੁੱਕ ਕੇ ਬੋਲ ਪਈ :
''ਹਾਹੋ... ਨਹੀਂ ਨਹੀਂ ਭਾਜੀ, ਤੁਸੀਂ ਵੀ ਕਿਹੋ ਜਹੀਆਂ ਗੱਲਾਂ ਕਰਦੇ ਓ..'' ਬਚਨੋਂ ਸਵਰਨ ਸਿੰਘ ਨੂੰ ਤਿੱਖੀ ਹੋ ਕੇ ਪਈ, ''ਭਾਊ ਕਰਮ ਸੂੰਹ ਠੀਕ ਆਂਹਦਾ ਏ... ਓਧਰ ਮੇਰੇ ਸਹੁਰੇ ਤਾਂ ਤਿਆਰੀਆਂ ਵੀ ਕੱਸੀ ਬੈਠੇ ਹੁਣੇ ਨੇ.... ਮੈਨੂੰ ਤਾਂ ਦਰਾਣੀਆਂ ਜਠਾਣੀਆਂ ਛਿੱਬੀਆਂ ਦੇ ਦੇ ਮਾਰ ਛੱਡਣਾ...''
ਘੁੱਦੂ ਨੂੰ ਪਤਾ ਸੀ; ਬਿਸ਼ਨ ਸਿੰਘ ਦੇ ਰਾਹੀਂ ਗੱਲ ਉਸ ਨਾਲ ਹੀ ਹੋ ਰਹੀ ਸੀ। ਉਸਦਾ ਜੀਅ ਕੀਤਾ ਬਚਨੋਂ ਦੇ ਵੱਟ ਕੇ ਚਪੇੜ ਮਾਰੇ। ਸਵਰਨ ਸਿੰਘ ਠੀਕ ਹੀ ਕਹਿ ਰਿਹਾ ਰਿਹਾ ਸੀ ਕਿ ਇਹ ਫ਼ਜੂਲ ਖਰਚੀ ਹੈ। ਘੁੱਦੂ ਨੂੰ ਆਪਣਾ ਘਰ ਦਿਸ ਰਿਹਾ ਸੀ। 
''ਵੇਖੋ ਭਾਈ! ਮੈਂ ਪਿੱਛੇ ਤਾਂ ਨ੍ਹੀ ਹਟਦਾ। ਜਿੰਨਾ ਖਰਚ ਮੇਰੇ ਹਿੱਸੇ ਆਉਂਦਾ, ਦਸ ਦਿਓ ਅਟਾ ਸਟਾ.. ਪਰ ਮੇਰਾ..'' ਸਵਰਨ ਸਿੰਘ ਬੋਲਿਆ। 
ਘੁੱਦੂ ਨੂੰ ਆਸ ਸੀ ਸਵਰਨ ਸਿੰਘ ਇਸਦੇ ਵਿਰੋਧ ਵਿਚ ਡਟੇਗਾ। ਪਰ ਉਹਦੇ ਸਹਾਰੇ ਦੀ ਲੱਜ ਛੇਤੀ ਹੀ ਉਸਦੇ ਹੱਥੋਂ ਡਿਗ ਪਈ ਤੇ ਉਹ ਸੋਚਾਂ ਤੇ ਫਿਕਰਾਂ ਦੇ ਖੂਹ ਵਿਚ ਧੜੰਮ ਡਿੱਗ ਪਿਆ। ਉਹ ਧੁਖ ਰਿਹਾ ਸੀ ਤੇ ਉਹਦੇ ਅੰਦਰ ਹੀ ਅੰਦਰ ਧੂੰਆਂ ਇਕੱਠਾ ਹੋ ਰਿਹਾ ਸੀ। 
''ਪੰਜ ਸੱਤ ਹਜ਼ਾਰ ਤਾਂ ਸਹਿਜੇ ਲੱਗ ਜੂ... ਨਾਲੇ ਭਾ ਜੀ ਹੁਰੀਂ ਕਹਿੰਦੇ ਆ ਸਤਾਈ ਸੌ ਰੁਪੈਆ ਮਾਂ ਦੀ ਬੀਮਾਰੀ ਤੇ ਇਹਨਾਂ ਖਰਚ ਕੀਤਾ। ਆਪਾਂ ਤਿੰਨਾਂ ਨੂੰ ਨੌ ਨੌ ਸੌ ਆਉਂਦਾ...'' ਕਰਮ ਸਿੰਘ ਸਾਰੇ ਖ਼ਰਚ ਦਾ ਵਿਸਥਾਰ ਦੱਸ ਰਿਹਾ ਸੀ। 
ਮਾਂ ਦੀ ਬਿਮਾਰੀ ਦਾ ਖਰਚਾ ਵੰਡੇ ਜਾਣ ਦੀ ਗੱਲ ਸੁਣਕੇ ਘੁੱਦੂ ਨੂੰ ਧੱਕਾ ਲੱਗਾ। ਉਹ ਦੰਦਾਂ ਵਿਚ ਬੁੱਲ੍ਹ ਟੁੱਕਣ ਲੱਗਾ। ਉਹਨੂੰ ਸੁੱਝ ਨਹੀਂ ਸੀ ਰਹੀ, ਕੀ ਕਹੇ-ਕੀ ਨਾ ਕਹੇ?
''ਮਾਂ ਦੀ ਬੀਮਾਰੀ ਤੇ ਖਰਚ ਕਰਤਾ। ਫਿਰ ਕੀ ਐ? ਇਹਨੇ ਵਿਚਾਰੇ ਨੇ ਸਾਰੀ ਉਮਰ ਉਹਨੂੰ ਰੋਟੀ ਵੀ ਤਾਂ ਖਵਾਈ ਹੈ।'' ਬਿਸ਼ਨ ਸਿੰਘ ਨੇ ਹਿੰਮਤ ਕਰਦੇ ਜਿਵੇਂ ਗੱਲ ਕਹਿ ਹੀ ਦਿੱਤੀ। 
''ਲੈ ਵੇਖੇਂ ਨਾ ਬਾਪੂ... ਆਹ ਰਈ ਨ੍ਹੀਂ ਠੀਕ... ਜੇ ਇਹਨੇ ਰੋਟੀ  ਖਵਾਈ ਤਾਂ ਸਾਰੀ ਉਮਰ ਗੁਲੱਮ ਵੀ ਤਾਂ ਉਹ ਇਹਦਾ ਈਂ ਕਰਦੀ ਰਹੀ ਐ। ਇਹਦੇ ਨਿਆਣੇ ਸਾਂਭੇ, ਗੂੰਹ-ਮੂਤ ਧੋਤਾ...'' ਬਚਨੋਂ ਬੁੱਕਲ 'ਚੋਂ ਹੱਥ ਕੱਢ ਕੇ ਪੰਜਾ ਹਿਲਾ ਹਿਲਾ ਗੱਲਾਂ ਕਰ ਰਹੀ ਸੀ, ''ਵੇਖੇਂ ਨਾ ਮਾਂ ਪਿਉ ਦੇ ਹਿੱਸੇ ਦੀ ਜੈਦਾਦ ਵੀ ਤਾਂ ਫਿਰ ਇਹੋ ਖਾਂਦਾ ਸੀ....''
''.... ਤੂੰ... ਤੂੰ ਚੁੱਪ ਵੀ ਕਰ। ਵੱਡੀ ਵਕੀਲਣੀ ਆ'ਗੀ।'' ਘੁੱਦੂ ਚਮਕ ਕੇ ਪਿਆ। ਉਹਦੀਆਂ ਨਾਸਾਂ ਫਰਕ ਰਹੀਆਂ ਸਨ। ਏਨੀ ਠੰਢ ਵਿਚ ਵੀ ਉਹਦਾ ਮੱਥਾ ਭਖ ਰਿਹਾ ਸੀ। 
''ਲੈ... ਮੈਂ ਨੀਂ ਬਹਿੰਦੀ... ਵੇਖੇਂ ਨਾ ਇਹਨੂੰ ਤਾਂ ਮੈਂ ਜ਼ਹਿਰ ਲਗਦੀ ਆਂ ਨਿਰ੍ਹੀ... ਵੇਖੇਂ ਨਾ... ਲੈ ਮੈਂ ਨ੍ਹੀਂ ਬਹਿੰਦੀ...'' ਬਚਨੋਂ ਹੱਥ ਮਾਰਦੀ ਗੁੱਸੇ ਵਿਚ ਉਬਲਦੀ ਤੁਰ ਗਈ। 
ਤਣਾਉ ਵਾਲਾ ਮਾਹੌਲ ਬਣ ਜਾਣ ਕਰਕੇ ਕਰਮ ਸਿੰਘ ਨੇ ਗੱਲ ਟਾਲਣੀ ਚਾਹੀ ਕਿ ਬਚਨੋਂ ਮੂੰਹ ਭੂਆ ਕੇ ਫਿਰ ਬੋਲ ਪਈ। 
''ਵੇਖੇਂ ਨਾ... ਮੇਰਾ ਹਿੱਸਾ ਵੀ ਆ ਏਦਾਂ ਜ਼ਮੀਨ 'ਚ... ਤੂੰ ਬਹੁਤਾ ਆਇਆ.... ਵਕੀਲਣੀ ਤੇ ਵਕੀਲਣੀ ਸਹੀ...''
''ਚੱਲੋ ਛੱਡੋ! ਬਾਕੀ ਗੱਲਾਂ ਫਿਰ ਕਰ ਲਾਂਗੇ... ਸ਼ਾਂਤ ਹੋਵੋ....'' ਤੇ ਐਤਕੀਂ ਕਰਮ ਸਿੰਘ ਸਿੱਧਾ ਘੁੱਦੂ ਨੂੰ ਸੰਬੋਧਨ ਹੋਇਆ, ''ਭਾ ਜੀ ਕੋਲ ਤਾਂ ਟੈਮ ਨ੍ਹੀਂ... ਬੁੱਢੜੀ ਦੇ ਫੁੱਲ ਦੱਸ ਤੂੰ ਗੰਗਾ ਲੈ ਕੇ ਜਾਣੇ ਜਾਂ ਮੈਂ....''
ਦੋ ਮਿੰਟ ਘੁੱਦੂ ਚੁਪ ਕਰਕੇ ਬੈਠਾ ਰਿਹਾ। ਉਹਦੇ ਅੰਦਰ ਅਨੇਕਾਂ ਵਿਚਾਰ ਇਕ ਦੂਸਰੇ ਨੂੰ ਲਿਤਾੜਦੇ ਹੋਏ, ਕੱਟ-ਵੱਢ ਕੇ ਭੱਜੇ ਜਾ ਰਹੇ ਸਨ। ਪਲ ਭਰ ਲਈ ਬਾਹਰਲੀ ਧੁੰਦ ਜਿਵੇਂ ਉਹਦੇ ਅੰਦਰ ਪਸਰ ਗਈ ਸੀ। ਉਹ ਸੁੰਨ ਹੋਇਆ ਗੁੰਮ ਸੁੰਮ ਬੈਠਾ ਰਿਹਾ। ਤੇ ਫਿਰ ਜਿਵੇਂ ਉਹਦਾ ਧੁਖਦਾ ਅੰਦਰ ਮੱਚ ਪਿਆ ਹੋਵੇ। ਉਹ ਇਕ-ਦਮ ਉਠਕੇ ਖੜੋ ਗਿਆ। ઠ
''ਵੇਖੋ ਜੀ! ਤੁਹਾਡੇ ਤੋਂ ਕੋਈ ਗੁਝੀ ਛਿਪੀ ਗੱਲ ਨ੍ਹੀਂ... ਆਪਾਂ ਆ ਮਰੇੜੇ... ਆਪਣੇ ਤੋਂ ਤਾਂ ਅਜੇ ਨ੍ਹੀਂ ਜੇ ਇਹ ਗੰਗਾ ਗੁੰਗਾ ਪੁਗਦੀਆਂ... ਉਹ ਪਲ ਭਰ ਲਈ ਰੁਕਿਆ। ਸੰਘ 'ਚ ਰੁਕਿਆ ਥੁਕ ਲੰਘਾਇਆ ਤੇ ਸਿਰ ਝਟਕ ਕੇ ਬੋਲਿਆ, ''ਜੇ ਬਹੁਤੀ ਗੱਲ ਐ... ਤਾਂ ਬੁੱਢੜੀ ਦੇ ਫੁਲ ਤੁਸੀਂ ਗੰਗਾ ਪਾ ਆਓ.... ਤੇ ਔਹ ਬੁਢੜਾ ਬੈਠਾ ਤੁਹਾਡੇ ਸਾਹਮਣੇ ਜਿਊਂਦਾ ਜਾਗਦਾ...'' ਉਸ ਬਿਸ਼ਨ ਸਿੰਘ ਵੱਲ ਇਸ਼ਾਰਾ ਕੀਤਾ-''ਇਹਦੇ ਮੈਂ ਕੱਲ੍ਹਾ ਈ ਗੰਗਾ ਪਾ ਆਊਂ...'' ਤਿੰਨੇ ਪਿਓ-ਪੁੱਤ ਹੈਰਾਨ ਹੋਏ ਉਸਦੇ ਮੂੰਹ ਵੱਲ ਵੇਖ ਰਹੇ ਸਨ। ਪਰ ਉਹ ਰੁਕਿਆ ਨਹੀਂ।
''.... ਸੱਚੀ ਗੱਲ ਆ... ਅਜੇ ਆਪਣੀ ਪੁਜਤ ਨ੍ਹੀਂ.... ਤੇ ਜੇ ਇਹ ਸੌਦਾ ਵੀ ਨ੍ਹੀਂ ਮਨਜੂਰ ਤਾਂ ਸਰਦਾਰ ਜੀ.... ਔਹ ਕਿੱਲੀ 'ਤੇ ਮੇਰੇ ਤੀਜੇ ਹਿੱਸੇ ਦੇ ਫੁਲ ਲਿਆ ਕੇ ਟੰਗ ਦਿਓ... ਜਦੋਂ ਮੇਰੀ ਪਹੁੰਚ ਪਈ... ਮੈਂ ਆਪੇ ਪਾ ਆਊਂ...''
ਤੇ ਉਹ ਉਹਨਾਂ ਦੇ ਵਿੰਹਦਿਆਂ ਵਿੰਹਦਿਆਂ ਮੂੰਹ ਘੁਟ ਕੇ ਅੰਦਰ ਨੂੰ ਤੁਰ ਗਿਆ। 



ਗ਼ਜ਼ਲ

- ਹਰਭਜਨ ਸਿੰਘ ਹੁੰਦਲ
ਕਿੱਥੋਂ ਏਨੇ ਆਏ ਚੋਰ। 
ਕਿਸ ਦੇ ਜੰਮੇ-ਜਾਏ ਚੋਰ।
ਸਿਖ਼ਰ ਦੁਪਹਿਰੇ ਫੇਰਨ ਹੱਥ,
ਕਿਸ ਦੇ ਹੈਨ ਸਿਖਾਏ ਚੋਰ। 
ਸਾਧ ਕਦੇ ਤੇ ਚੋਰ ਕਦੇ, 
ਪਲ ਪਲ ਵੇਸ ਵਟਾਏ ਚੋਰ। 
ਦਿੱਲੀ ਦੱਖਣ ਫੈਲ ਗਏ, 
ਭਵਨਾਂ ਵਿਚ ਸਮਾਏ ਚੋਰ। 
ਕਿੰਨਾ ਚਿਰ ਤੂੰ ਬਚ ਸਕਨੈਂ
ਤੇਰੇ ਪਿੱਛੇ ਲਾਏ ਚੋਰ!
ਰਾਤਾਂ ਨੂੰ ਛਿੱਪ ਜਾਂਦੇ ਨੇ, 
ਦਿਨ ਚੜ੍ਹਦੇ ਸਦਵਾਏ ਚੋਰ। 
ਚੋਰਾਂ ਦੀ ਇਸ ਬਸਤੀ ਵਿਚ, 
ਚੋਰ ਨਾ ਅਖਵਾਏ ਚੋਰ। 

'ਲੂਣਾ' ਚੋਂ - ਸ਼ਿਵ ਕੁਮਾਰ
ਦੋਸ਼ ਤਾਂ ਸਾਡੇ ਭਰਮਾਂ ਦਾ ਹੈ
ਜਾਂ ਫਿਰ ਸਾਡੇ ਧਰਮਾਂ ਦਾ ਹੈ
ਧਰਮ, ਜੋ ਸਾਨੂੰ ਇਹ ਕਹਿੰਦੇ ਨੇ
ਮੰਦਰ ਦੇ ਵਿਚ ਸੰਖ ਵਜਾਵੋ
ਵੱਟਿਆਂ ਦੇ ਵਿਚ ਸ਼ਰਧਾ ਰੱਖੋ
ਪੱਥਰਾਂ ਅੱਗੇ ਧੂਫ਼ ਧੁਖਾਵੋ
ਪਰ ਜੇ ਮਾਨਵ ਮਰਦਾ ਹੋਵੇ
ਮਰਦੇ ਮੂੰਹ ਵਿਚ ਬੂੰਦ ਨਾ ਪਾਵੋ
ਤਵਾਰੀਖ ਦੀ ਛਾਤੀ ਉਤੇ
ਰੰਗਾਂ ਵਾਲੇ ਨਾਗ ਲੜਾਵੋ
ਸਮਿਆਂ ਦੇ ਸ਼ਮਸ਼ਾਨ ਘਾਟ 'ਤੇ
ਆਪਣੀ ਆਪਣੀ ਮੜ੍ਹੀ ਬਣਾਵੋ
ਕਿਹੜਾ ਧਰਮ ਤੇ ਕਿਹੜਾ ਰੰਗ ਹੈ
ਸੰਗਮਰਮਰ ਦੇ ਖੁਤਵੇ ਲਾਵੋ
ਇਕ ਦੂਜੇ ਦੇ ਲਹੂਆਂ ਦੇ ਵਿਚ
ਆਪਣੇ ਆਪਣੇ ਹੱਥ ਡੁਬਾਵੋ
ਆਉਂਦੇ ਮਾਨਵ ਜੋਗਾ ਰਲਕੇ
ਖੇਤੀਂ ਰੱਜ ਕੇ ਕੋਹਝ ਉਗਾਵੋ
ਧਰਮ ਤਾਂ ਮੇਰੇ ਮਿੱਤਰ ਉਹ ਹੈ
ਜੋ ਨਾ ਲਹੂ ਦਾ ਰੰਗ ਪਛਾਣੇ
ਜੋ ਸਭਨਾਂ ਨੂੰ ਇਕ ਕਰ ਜਾਣੇ
ਮਾਨਵ ਦੀ ਪੀੜਾ ਨੂੰ ਸਮਝੇ 
ਮਾਨਵ ਦੀ ਪੀੜਾ ਨੂੰ ਜਾਣੇ।




ਗ਼ਜ਼ਲ

- ਮੱਖਣ ਕੁਹਾੜ
ਖ਼ੂਬ ਸਾਨੂੰ ਵਕਤ ਦੀ ਪਹਿਚਾਨ ਹੈ। 
ਤਾਂ ਹੀ ਜ਼ਿਹਨ 'ਚ ਖੌਲ਼ਦਾ ਤੂਫ਼ਾਨ ਹੈ। 
ਕਾਇਨਾਤ 'ਚ ਬੇ-ਅਸੂਲਾ ਕੁਝ ਨਹੀਂ, 
ਬੇ-ਅਸੂਲੀ ਹੈ ਤਾਂ ਬਸ ਪਹਿਚਾਨ ਹੈ। 
ਸਾਜਿਸ਼ਾਂ ਲਈ ਬਹੁਤ ਹੋਈਆਂ ਮਜਲਿਸਾਂ, 
ਤਰਕ ਦਾ ਆਦਰਸ਼ ਪਰ ਬਲਵਾਨ ਹੈ। 
ਤਿਲਮਿਲਾਓ ਕਿਉਂ ਤਲਿਸਮੀ ਚਿਹਰਿਓ,
ਕਿਉਂ ਤੁਹਾਡਾ ਡੋਲਦਾ ਈਮਾਨ ਹੈ। 
ਦਰਦ ਦੇ ਲਸ਼ਕਰ ਨੇ ਉਸ ਨੂੰ ਘੂਰਦੇ, 
ਜਿਸ ਦੀ ਵੀ ਏਥੇ ਇਕੱਲੀ ਜਾਨ ਹੈ। 
ਚਿਤਵੀਏ ਨਾ ਰਾਹ ਦੇ ਵਿਚ ਸੁੰਦਰ ਪੜਾਅ, 
ਇਹ ਸੁਝਾਅ ਹਰਗਿਜ਼ ਨਹੀਂ ਪਰਵਾਨ ਹੈ। 
ਡਰੂਆਂ ਲਈ ਵਰਦਾਨ ਲੰਮੀ ਉਮਰ ਦਾ 
ਐਵੇਂ ਅੰਨ੍ਹੇ ਘੋੜੇ ਦਾ ਹੀ ਦਾਨ ਹੈ। 



ਨੈਲਸਨ ਮੰਡੇਲਾ ਨੂੰ ਲਾਲ ਸਲਾਮ!

- ਮਹਿੰਦਰ ਸਿੰਘ ਜੋਸ਼
ਤੂੰ ਬਣ ਗਿਓਂ ਕੌਮੀ ਆਜ਼ਾਦੀਆਂ ਦੀ ਸ਼ਾਨ
ਨੈਲਸਨ ਮੰਡੇਲਾ ਤੈਨੂੰ ਸਾਡਾ ਲਾਲ ਸਲਾਮ। 
ਸੁੱਤੇ ਹੋਏ ਯੋਧੇ, ਜਗਾਏ ਤੂੰ।
ਗੁਲਾਮੀ ਦੇ ਹਨੇਰੇ ਭਜਾਏ ਤੂੰ। 
ਸੰਘਰਸ਼ਾਂ ਦੇ ਚਾਨਣ ਵਿਛਾਏ ਤੂੰ।
ਗੁਰਬਤ ਦੇ ਚਿਹਰੇ ਤੂੰ ਬਣਿਆ ਮੁਸਕਾਨ। 
ਨੈਲਸਨ ਮੰਡੇਲਾ ਤੈਨੂੰ ਸਾਡਾ ਲਾਲ ਸਲਾਮ।
ਸੰਘਰਸ਼ਾਂ ਦਾ ਸਾਲਮ ਵਫਾਦਾਰ ਏ ਤੂੰ। 
ਕੌਮੀ ਆਜ਼ਾਦੀਆਂ ਦਾ ਸਰਦਾਰ ਏ ਤੂੰ।
ਲੁਟੀਂਦੀ ਜਨਤਾ ਦਾ ਸਿਪਾਹਸਲਾਰ ਏ ਤੂੰ।
ਠੱਲ ਦਿੱਤੇ ਤੂੰ ਜ਼ੁਲਮਾਂ ਦੇ ਤੂਫ਼ਾਨ। 
ਨੈਲਸਨ ਮੰਡੇਲਾ ਤੈਨੂੰ ਸਾਡਾ ਲਾਲ ਸਲਾਮ।
ਲੋਕ ਘੋਲਾਂ ਦਾ ਂਿੲਤਬਾਰ ਬਣਿਆਂ ਤੂੰ। 
ਗ਼ਮ ਸਹਿਦਿਆਂ ਦਾ ਗ਼ਮਖ਼ਾਰ ਬਣਿਆਂ ਤੂੰ।
ਟੁੱਟੇ ਦਿਲਾਂ ਦਾ ਦਿਲਦਾਰ ਬਣਿਆਂ ਤੂੰ। 
ਗੋਰੀ ਹੈਂਕੜ ਦੀ ਤੂੰ ਸੂਤ ਲਈ ਜਾਨ। 
ਨੈਲਸਨ ਮੰਡੇਲਾ ਤੈਨੂੰ ਸਾਡਾ ਲਾਲ ਸਲਾਮ। 
ਜ਼ਾਲਿਮ ਰਾਜ ਤੈਨੂੰ ਡਰਾ ਸਕਿਆ ਨਾ। 
ਤੇਰੀ ਹਿੰਮਤ ਨੂੰ ਉਹ ਝੁਕਾ ਸਕਿਆ ਨਾ।
ਤਸੀਹਾ ਜੇਲਾਂ ਦਾ ਤੈਨੂੰ ਕੁਮਲਾ ਸਕਿਆ ਨਾ।
ਤੂੰ ਪਾਸ ਕੀਤੇ ਸਾਰੇ ਕੁਰਬਾਨੀ ਦੇ ਇਮਤਿਹਾਨ।
ਨੈਲਸਨ ਮੰਡੇਲਾ ਤੈਨੂੰ ਸਾਡਾ ਲਾਲ ਸਲਾਮ।
ਤੇਰੇ ਸੁਝਾਏ ਰਾਹਾਂ 'ਤੇ ਚਲਾਂਗੇ ਅਸੀਂ।
ਮੰਜਲ ਆਪਣੀ ਵੀ ਇਕ ਦਿਨ ਮੱਲਾਂਗੇ ਅਸੀਂ।
ਫਰਮਾਨ ਜੰਗ ਦਾ ਵੈਰੀਆਂ ਨੂੰ ਘਲਾਂਗੇ ਅਸੀਂ। 
ਇਕੱਠਾਂ ਕਰਾਂਗੇ ਸਾਮਰਾਜ ਦੀ ਮੌਤ ਦਾ ਸਮਾਨ। 
ਨੈਲਸਨ ਮੰਡੇਲਾ ਤੈਨੂੰ ਸਾਡਾ ਲਾਲ ਸਲਾਮ।
ਸੁੱਤੀ ਖਲਕਤ ਨੂੰ ਨੀਂਦੋਂ ਜਗਾਵਾਂਗੇ ਅਸੀਂ। 
ਪਾਠ ਜਮਾਤੀ ਜੰਗ ਦਾ ਪੜ੍ਹਾਵਾਂਗੇ ਅਸੀਂ। 
ਤਾਜ-ਤਖ਼ਤ ਜਬਰ ਦੇ ਉਲਟਾਵਾਂਗੇ ਅਸੀਂ। 
ਚੱਲਣਗੇ ਹੁਣ ਚੋਫੇਰੇ ਇਨਕਲਾਬ ਦੇ ਤੂਫ਼ਾਨ
ਨੈਲਸਨ ਮੰਡੇਲਾ ਤੈਨੂੰ ਸਾਡਾ ਲਾਲ ਸਲਾਮ।
ਰਾਖਸ਼ੀ ਤੂਫਾਨਾਂ ਦਾ ਮੂੰਹ ਮੋੜ ਦੇਵਾਂਗੇ
ਪਈਆਂ ਜੰਜੀਰਾਂ ਨੂੰ ਤੋੜ ਦੇਵਾਂਗੇ
ਘੰਡੀ ਲੋਟੂਆਂ ਦੀ ਫੜਕੇ ਮਰੋੜ ਦੇਵਾਂਗੇ
ਮਿਟਾ ਦੇਵਾਂਗੇ ਜ਼ੁਲਮਾਂ ਦੇ ਨਾਮੋ ਨਿਸ਼ਾਨ
ਨੈਲਸਨ ਮੰਡੇਲਾ ਤੈਨੂੰ ਸਾਡਾ ਲਾਲ ਸਲਾਮ।
ਤੇਰੀ ਸੋਚ 'ਤੇ ਪਹਿਰਾ ਦੇਵਾਂਗੇ ਅਸੀਂ। 
ਕਾਲੇ ਲੇਖ ਕਿਸਮਤ ਚੋਂ ਮਿਟਾਵਾਂਗੇ ਅਸੀਂ
ਨਵੀਆਂ ਸਵੇਰਾਂ ਦੇ ਸੁਨੇਹੇ ਦੇਵਾਂਗੇ ਅਸੀਂ, 
ਫੁੱਟ ਰਹੇ ਨੇ ਧਰਤੀ 'ਤੇ ਲਾਲ ਤੂਫ਼ਾਨ
ਨੈਲਸਨ ਮੰਡੇਲਾ ਤੈਨੂੰ ਸਾਡਾ ਲਾਲ ਸਲਾਮ।

ਤੂੰ ਬਣ ਗਿਓਂ ਕੌਮੀ ਬਗਾਵਤਾਂ ਦੀ ਸ਼ਾਨ। 

No comments:

Post a Comment