Tuesday, 14 January 2014

ਸ਼ਰਧਾਂਜਲੀਆਂ (ਅੰਕ ਜਨਵਰੀ-2014)

ਅਲਵਿਦਾ ਬੀਬੀ!

30 ਨਵੰਬਰ ਦੀ ਰਾਤ ਨੂੰ ਕਾਮਰੇਡ ਹਰਕੰਵਲ ਹੁਰਾਂ ਦਾ ਫੋਨ ਆਇਆ, ''ਇੰਦਰਜੀਤ ਬੀਬੀ ਨਹੀਂ ਰਹੀ।'' ਸੀ ਪੀ ਐੱਮ 'ਚ ਬੀਬੀ ਦਾ ਅਰਥ ਹੁਣ ਤੱਕ ਬੀਬੀ ਕਰਮੀ ਦੇਵੀ ਹੀ ਸੀ। ਬੀਬੀ ਕਰਮੀ ਦੇਵੀ, ਕਾਮਰੇਡ ਮੰਗਤ ਰਾਮ ਪਾਸਲਾ ਦੀ ਮਾਂ। ਇਸ ਔਰਤ ਨੂੰ ਇਹ ਮਾਣ ਇਸ ਕਰਕੇ ਹੀ ਨਹੀਂ ਸੀ ਮਿਲਿਆ ਕਿ ਉਹ ਪਾਰਟੀ ਦੇ ਮੁਖੀ ਦੀ ਮਾਂ ਹੈ, ਸਗੋਂ ਇਸ ਕਰਕੇ ਮਿਲਿਆ ਸੀ ਕਿ ਉਹ ਇਸ ਮਾਣ ਦੇ ਪੂਰੀ ਤਰ੍ਹਾਂ ਕਾਬਲ ਸੀ। ਇਸ ਖਬਰ ਦੀ ਬੇਸ਼ੱਕ ਕੁਝ ਦਿਨਾਂ ਤੋਂ ਉਡੀਕ ਸੀ, ਪਰ ਫਿਰ ਵੀ ਮਨ ਨੂੰ ਧੱਕਾ ਲੱਗਾ ਜਿਵੇਂ ਅਚਾਨਕ ਯਤੀਮ ਹੋ ਗਏ ਹੋਈਏ।  ਪਾਰਟੀ ਦਫਤਰ 'ਚ ਜੇ ਬੀਬੀ ਨਜ਼ਰ ਨਾ ਆਉਂਦੀ ਤਾਂ ਅਚੋਤਾਈ ਜਿਹੀ ਲੱਗ ਜਾਣੀ। ਰਮੇਸ਼ ਰਾਣੇ ਨੂੰ ਪੁੱਛਣਾ, ''ਰਾਣਾ, ਬੀਬੀ ਨਹੀਂ ਦਿਸਦੀ, ਠੀਕ-ਠਾਕ ਤਾਂ ਹੈ?'' ਜੇ ਕੁਝ ਦਿਨ ਦਫਤਰ ਨਾ ਜਾ ਹੋਣਾ ਤਾਂ ਬੀਬੀ ਨੇ ਮਿਲਦਿਆਂ ਹੀ ਆਖਣਾ, ''ਰਣਜੀਤ ਕੀ ਗੱਲ, ਹੁਣ ਤੂੰ ਆਉਂਦਾ ਨ੍ਹੀਂ?'' ਨਾ ਆਉਣ ਦਾ ਕਾਰਨ ਦੱਸਣਾ ਤੇ ਜਦ ਤੱਕ ਬੀਬੀ ਦੀ ਤਸੱਲੀ ਨਾ ਹੋ ਜਾਣੀ, ਅੱਗੇ ਨਾ ਤੁਰਨਾ, ਮੋਢੇ 'ਤੇ ਹੱਥ ਧਰ ਕੇ, ਕਦੇ ਸਿਰ 'ਤੇ ਹੱਥ ਫੇਰ ਕੇ ਬੀਬੀ ਨੇ ਆਖਣਾ, ''ਐਦਾਂ ਨ੍ਹੀਂ ਕਰੀਦਾ। ਆਈ-ਜਾਈਦਾ ਹੁੰਦਾ। ਪਾਰਟੀ ਤੁਹਾਡੇ ਸਿਰ 'ਤੇ ਹੀ ਹੈ।'' ਬੀਬੀ ਪਤਾ ਨ੍ਹੀਂ ਮੈਨੂੰ ਰਣਜੀਤ ਕਹਿ ਕੇ ਕਿਉਂ ਬੁਲਾਉਂਦੀ ਸੀ। ਉਸ ਦਾ ਇਹ ਮੋਹ ਕੇਵਲ ਮੇਰੇ ਨਾਲ ਹੀ ਨਹੀਂ ਸੀ, ਪਾਰਟੀ ਦੇ ਹਰ ਵਰਕਰ, ਹਰ ਆਗੂ ਨੂੰ ਉਹ ਏਸੇ ਮੋਹ ਨਾਲ ਮਿਲਦੀ ਸੀ। ਪਾਰਟੀ ਲਈ ਕੰਮ ਕਰਨ ਵਾਸਤੇ ਹੱਲਾਸ਼ੇਰੀ ਦਿੰਦੀ ਰਹਿੰਦੀ ਸੀ। ਜਦ ਕੁੱਝ ਇਕ ਸਾਥੀ ਕੋਈ ਵੱਡ ਭਰਮ ਪਾਲ ਕੇ ਸੀ.ਪੀ.ਐਮ. ਪੰਜਾਬ 'ਚੋਂ ਵੱਖ ਹੋ ਗਏ ਤਾਂ ਇਸ ਖਬਰ ਬੀਬੀ ਦੇ ਕੰਨੀਂ ਤਾਂ ਪੈਣੀ ਹੀ ਸੀ। ਉਸ ਨੂੰ ਡਾਢਾ ਦੁੱਖ ਹੋਇਆ। ਕੁੱਝ ਸਮਾਂ ਪਾ ਕੇ ਮੌਕਾ ਮੇਲ ਕੁੱਝ ਇਸ ਤਰ੍ਹਾਂ ਬਣਿਆ ਕਿ ਉਸ ਪਾਰਟੀ ਨਾਲ ਇਕ ਸਾਂਝੀ ਮੀਟਿੰਗ ਸੀ.ਪੀ.ਐਮ. ਪੰਜਾਬ ਦੇ ਸੂਬਾ ਦਫਤਰ 'ਚ ਹੀ ਰੱਖੀ ਗਈ ਸੀ। ਇਸ ਮੀਟਿੰਗ ਵਿਚ ਹਿੱਸਾ ਲੈਣ ਲਈ ਉਨ੍ਹਾਂ 'ਚੋਂ ਇਕ ਸਾਥੀ ਵੀ ਆਇਆ ਹੋਇਆ ਸੀ। ਦਫਤਰ ਆ ਕੇ ਉਹ ਬੀਬੀ ਤੋਂ ਅੱਖਾਂ ਚੁਰਾਉਂਦਾ ਫਿਰੇ ਪਰ ਫਿਰ ਵੀ ਟਾਕਰਾ ਹੋ ਹੀ ਗਿਆ। ਉਹਨੂੰ ਦੇਖ ਕੇ ਬੀਬੀ ਨੂੰ ਜਿਵੇਂ ਚਾਅ ਚੜ੍ਹ ਗਿਆ ਹੋਵੇ। ਮੁਸਕਰਾਉਂਦੀ ਹੋਈ ਬੀਬੀ ਆਖਣ ਲੱਗੀ, ''ਕਿਉਂ, ਲੱਭ ਪਿਆ ਰਾਹ। ਜਾਣਾ ਈ ਕਾਹਤੋਂ ਸੀ'' ਬੀਬੀ ਦੇ ਇਨ੍ਹਾਂ ਸ਼ਬਦਾਂ 'ਚ ਇਕ ਨਿਹੋਰਾ ਵੀ ਸੀ ਤੇ ਨਿੱਘ ਵੀ। ਉਹ ਸਾਥੀ ਬੀਬੀ ਨੂੰ ਕੋਈ ਜਵਾਬ ਨਹੀਂ ਸੀ ਦੇ ਸਕਿਆ। ਏਸੇ ਨਿੱਘ ਤੋਂ ਭਲਾ ਕੌਣ ਮੂੰਹ ਮੋੜੇਗਾ। ਇਹ ਨਿੱਘ ਇਹ ਹੱਲਾਸ਼ੇਰੀ ਹੀ ਤਾਂ ਸੀ ਜਿਸ ਕਰਕੇ ਸਮੁੱਚੀ ਪਾਰਟੀ ਦੀ ਮਾਂ ਦਾ ਰੁਤਬਾ ਹਾਸਲ ਕਰ ਗਈ ਸੀ ਬੀਬੀ।
ਹਰ ਮਾਂ ਦੀ ਇੱਛਾ ਹੁੰਦੀ ਹੈ ਕਿ ਉਸ ਦੇ ਪੁੱਤਰ-ਧੀਆਂ ਪੜ੍ਹ-ਲਿਖ ਕੇ ਅਫਸਰ ਬਣਨ, ਚੰਗੀ ਕਮਾਈ ਕਰਨ, ਤਾਂ ਕਿ ਉਹਨਾਂ ਦਾ ਬੁਢੇਪਾ ਬਿਹਤਰ ਹਾਲਾਤ 'ਚ ਲੰਘ ਸਕੇ। ਕੋਈ ਵਿਰਲੀ ਮਾਂ ਹੀ ਹੁੰਦੀ ਹੈ, ਜਿਹੜੀ ਆਪਣੇ ਪੁੱਤਰਾਂ ਤੋਂ ਸੁੱਖ-ਸਹੂਲਤਾਂ ਦੀ ਆਸ ਨਾ ਰੱਖੇ। ਬੀਬੀ ਵੀ ਉਹਨਾਂ ਵਿਰਲੀਆਂ ਮਾਵਾਂ 'ਚੋਂ ਇੱਕ ਸੀ। ਉਸ ਨੇ ਕਦੇ ਨਹੀਂ ਚਾਹਿਆ ਕਿ ਮੰਗਤ ਆਪਣੀ ਕਮਾਈ ਉਸ ਦੇ ਹੱਥ 'ਤੇ ਲਿਆ ਕੇ ਰੱਖੇ। ਉਸ ਨੇ ਤਾਂ ਹੱਡ-ਤੋੜਵੀਂ ਮਿਹਨਤ ਕਰ ਯੂਨੀਵਰਸਿਟੀ 'ਚ ਪੜ੍ਹਾਇਆ ਆਪਣਾ ਇੱਕੋ-ਇੱਕ ਪੁੱਤ ਕਮਿਊਨਿਸਟ ਅੰਦੋਲਨ ਨੂੰ ਸਮਰਪਤ ਕਰ ਦਿੱਤਾ ਸੀ। ਇੰਞ ਬਿਆਨ ਕਰਨਾ, ਲਿਖ ਦੇਣਾ ਸ਼ਾਇਦ ਸੌਖਾ ਲੱਗੇ, ਪਰ ਇੰਞ ਕਰ ਗੁਜ਼ਰਨਾ ਕਿੰਨਾ ਔਖਾ ਹੁੰਦਾ ਹੋਵੇਗਾ, ਇਹ ਤਾਂ ਕੋਈ ਮਾਂ ਹੀ ਦੱਸ ਸਕਦੀ ਹੈ, ਪਰ ਬੀਬੀ ਨੇ ਇਹ ਕੁਰਬਾਨੀ ਕਰ ਵਿਖਾਈ ਸੀ। ਉਸ ਨੂੰ ਹੋਰ ਕੋਈ ਫ਼ਿਕਰ ਨਹੀਂ ਸੀ ਹੁੰਦਾ। ਸਿਰਫ਼ ਇੱਕ ਫ਼ਿਕਰ ਹੁੰਦਾ ਸੀ ਕਿ ਮੰਗਤ ਨੇ ਖਾਣਾ ਖਾ ਲਿਆ ਹੈ ਜਾਂ ਨਹੀਂ। ਦਫਤਰ 'ਚ ਜੇ ਮੰਗਤ ਨੇ ਨਜ਼ਰ ਨਾ ਆਉਣਾ ਤਾਂ ਦਫਤਰ ਸਕੱਤਰ ਰਵੀ ਨੂੰ, ਰਾਣੇ ਨੂੰ ਜਾਂ ਮੌਜੂਦ ਹੋਰ ਵਰਕਰ ਨੂੰ ਪੁੱਛਣਾ ਕਿ ਮੰਗਤ ਨੇ ਰੋਟੀ ਖਾ ਲਈ ਕਿ ਨਹੀਂ। ਮੰਗਤ ਸਾਰੇ ਪੰਜਾਬ ਵਾਸਤੇ ਇੱਕ ਵੱਡਾ ਆਗੂ ਹੋਵੇਗਾ, ਪਰ ਬੀਬੀ ਵਾਸਤੇ ਉਹ ਇੱਕ ਪੁੱਤ ਸੀ, ਛੋਟਾ ਜਿਹਾ, ਪਿਆਰਾ ਜਿਹਾ। ਉਸ ਦਾ ਇਹ ਪੁੱਤ ਜਦ ਕਿਤੇ ਹਜ਼ਾਰਾਂ ਦੇ ਇਕੱਠ ਨੂੰ ਸੰਬੋਧਨ ਕਰ ਰਿਹਾ ਹੁੰਦਾ ਤਾਂ ਬੀਬੀ ਦੇ ਚਿਹਰੇ 'ਤੇ ਰੌਣਕ ਦੇਖਣ ਵਾਲੀ ਹੁੰਦੀ ਸੀ। 
ਉਮਰ ਦਾ ਆਖਰੀ ਪੜਾਅ ਬੀਬੀ ਲਈ ਬਹੁਤ ਕਸ਼ਟਦਾਈ ਰਿਹਾ। ਸਾਥੀ ਮੰਗਤ ਰਾਮ ਪਾਸਲਾ ਦੇ ਇੱਕੋ-ਇੱਕ ਪੁੱਤਰ ਰਾਜੂ ਦੇ ਲੱਗੀ ਸੱਟ ਨੇ ਬੀਬੀ ਨੂੰ ਹਿਲਾ ਕੇ ਰੱਖ ਦਿੱਤਾ ਸੀ। ਬੀਬੀ ਮੰਜੇ 'ਤੇ ਪਏ ਰਾਜੂ ਵੱਲ ਵੇਖ ਕੇ ਝੂਰਦੀ ਰਹਿੰਦੀ, ਪਰ ਮੂੰਹੋਂ ਕੁਝ ਨਾ ਕਹਿੰਦੀ। ਇਸੇ ਮਾਨਸਿਕ ਅਵਸਥਾ 'ਚੋਂ ਲੰਘਦਿਆਂ ਉਹ ਮੰਗਤ ਰਾਮ ਦੀ ਸੁਰੱਖਿਆ ਨੂੰ ਲੈ ਕੇ ਵਧੇਰੇ ਫਿਕਰਮੰਦ ਰਹਿਣ ਲੱਗ ਪਈ ਸੀ, ਪਰ ਇਸ ਫਿਕਰਮੰਦੀ ਨੇ ਪਾਰਟੀ ਵਰਕਰਾਂ ਪ੍ਰਤੀ ਉਸ ਦੇ ਮੋਹ 'ਚ ਕੋਈ ਕਮੀ ਨਾ ਆਉਣ ਦਿੱਤੀ। ਮਮਤਾ ਦੀ ਇਸ ਬੇਮਿਸਾਲ ਮੂਰਤ ਦੀ ਕਮੀ  ਕਮਿਊਨਿਸਟ ਅੰਦੋਲਨ ਨਾਲ ਜੁੜੇ ਹਰ ਸ਼ਖਸ ਨੂੰ ਚਿਰਾਂ ਤੱਕ ਰੜਕਦੀ ਰਹੇਗੀ।
ਇਹ ਇਕ ਮਾਂ ਦੀ ਵਿਲੱਖਣਤਾ ਹੀ ਸੀ ਕਿ ਉਨ੍ਹਾਂ ਦੇ ਅੰਤਮ ਸੰਸਕਾਰ ਲਈ ਸਾਰਾ ਪਿੰਡ (ਪਾਸਲਾ) ਆਪਣੀਆਂ ਸਿਆਸੀ ਵਲਗਣਾਂ ਨੂੰ ਭੁਲਾ ਕੇ ਇਕੱਠਾ ਹੋ ਗਿਆ। ਉਨ੍ਹਾਂ ਦਾ ਸੰਸਕਾਰ ਦਾ ਸਮੁੱਚਾ ਪ੍ਰਬੰਧ ਕਾਮਰੇਡ ਮੰਗਤ ਰਾਮ ਪਾਸਲਾ ਦੇ ਪਰਵਾਰ ਵਲੋਂ ਜਾਂ ਸੀ.ਪੀ.ਐਮ. ਪੰਜਾਬ ਦੇ ਯੂਨਿਟ ਵਲੋਂ ਨਹੀਂ ਸਗੋਂ ਸਮੁੱਚੇ ਪਿੰਡ ਵਲੋਂ ਮਿਲ ਕੇ ਕੀਤਾ ਗਿਆ। ਇਸ ਮੌਕੇ ਬੀਬੀ ਨੂੰ ਪਚਾਸੀ ਲਾਲ ਝੰਡਿਆਂ ਨਾਲ ਇਨਕਲਾਬੀ ਸਲਾਮੀ ਦਿੱਤੀ ਗਈ। 
15 ਦਸੰਬਰ ਨੂੰ ਹੋਏ ਸ਼ਰਧਾਂਜਲੀ ਸਮਾਗਮ ਦਾ ਪ੍ਰਬੰਧ ਵੀ ਸਮੁੱਚੇ ਪਿੰਡ ਵਲੋਂ ਕੀਤਾ ਗਿਆ ਜਿਸ ਵਿਚ ਵੱਡੀ ਗਿਣਤੀ  'ਚ ਕਮਿਊਨਿਸਟ ਵਰਕਰਾਂ, ਆਗੂਆਂ ਤੋਂ ਇਲਾਵਾ ਹੋਰਨਾਂ ਪਾਰਟੀਆਂ, ਸਭਾਵਾਂ ਤੇ ਸੰਸਥਾਵਾਂ ਦੇ ਆਗੂ ਵੀ ਪੁੱਜੇ ਹੋਏ ਸਨ। ਇਸ ਸਮਾਗਮ ਨੂੰ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਜਨਰਲ ਸਕੱਤਰ ਡਾ. ਰਘਬੀਰ ਕੌਰ, ਪਲਸ ਮੰਚ ਪੰਜਾਬ ਦੇ ਪ੍ਰਧਾਨ ਅਮੋਲਕ ਸਿੰਘ, ਸੀ.ਪੀ.ਆਈ. (ਐਮ.ਐਲ.) ਲਿਬਰੇਸ਼ਨ ਦੇ ਸਾਥੀ ਸੁਖਦਰਸ਼ਨ ਨੱਤ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ ਤੇ ਜਾਇੰਟ ਸਕੱਤਰ ਸਾਥੀ ਰਘਬੀਰ ਸਿੰਘ ਪਕੀਵਾ, ਸੀ.ਪੀ.ਆਈ. ਐਮ. ਦੇ ਸੂਬਾ ਸਕੱਤਰੇਤ ਮੈਂਬਰ ਸਾਥੀ ਰਘੂਨਾਥ ਸਿੰਘ, ਸੂਬਾ ਕਮੇਟੀ ਮੈਂਬਰ ਸਾਥੀ ਦਰਸ਼ਨ ਮੱਟੂ ਤੇ ਜ਼ਿਲ੍ਹਾ ਸਕੱਤਰ ਸਾਥੀ ਗੁਰਮੀਤ ਸਿੰਘ ਢੱਡਾ, ਸੀ.ਪੀ.ਐਮ. ਪੰਜਾਬ ਦੇ ਸੂਬਾ ਸਕੱਤਰ ਮੈਂਬਰ ਸਾਥੀ ਰਤਨ ਸਿੰਘ ਰੰਧਾਵਾ ਤੇ ਗੁਰਨਾਮ ਸਿੰਘ ਦਾਊਦ, ਐਮ.ਸੀ.ਪੀ.ਆਈ.(ਯੂ) ਦੇ ਆਗੂ ਸਾਥੀ ਕਿਰਨਜੀਤ ਸਿੰਘ ਸੇਖੋਂ, ਐਨ.ਆਰ.ਐਮ.ਯੂ. ਦੇ ਡਵੀਜਨਲ ਸਕੱਤਰ ਦਲਜੀਤ ਸਿੰਘ, ਟੀ.ਐਸ.ਯੂ. ਦੇ ਆਗੂ ਸ਼ਿਵ ਕੁਮਾਰ, ਸੀ.ਟੀ.ਯੂ. ਦੇ ਪ੍ਰਧਾਨ ਸਾਥੀ ਇੰਦਰਜੀਤ ਸਿੰਘ ਗਰੇਵਾਲ, ਅਕਾਲੀ ਆਗੂ ਹਰਜਿੰਦਰ ਸਿੰਘ ਲੱਲੀਆਂ, ਸਾਬਕਾ ਸ਼੍ਰੋਮਣੀ ਕਮੇਟੀ ਮੈਂਬਰ ਬੀਬੀ ਨਿਰਮਲ ਕੌਰ ਪਾਸਲਾ, ਬਸਪਾ ਆਗੂ ਸੁਖਵਿੰਦਰ ਕੋਟਲੀ ਨੇ ਸੰਬੋਧਨ ਕੀਤਾ। ਸਟੇਜ ਸਕੱਤਰ ਦੀ ਜਿੰਮੇਵਾਰੀ ਨਿਭਾਅ ਰਹੇ ਸੂਬਾ ਸਕੱਤਰੇਤ ਮੈਂਬਰ ਸਾਥੀ ਕੁਲਵੰਤ ਸਿੰਘ ਸੰਧੂ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਡਾ. ਅਮਰਜੀਤ ਸਿੰਘ ਸਿੱਧੂ ਤੇ ਡਾ. ਜਗਰੂਪ, ਜਨਵਾਦੀ ਇਸਤਰੀ ਸਭਾ ਦੇ ਜਨਰਲ ਸਕੱਤਰ ਤਲਵਿੰਦਰ ਕੌਰ ਤੇ ਅਨੇਕਾਂ ਹੋਰਨਾਂ ਆਗੂਆਂ ਤੋਂ ਮੁਆਫੀ ਮੰਗੀ ਜਿਨ੍ਹਾਂ ਨੂੰ ਸਮੇਂ ਦੀ ਘਾਟ ਕਾਰਨ ਬੋਲਣ ਦਾ ਮੌਕਾ ਨਹੀਂ ਦਿੱਤਾ ਜਾ ਸਕਿਆ। 
ਇਸ ਮੌਕੇ ਪੰਜਾਬ ਸੁਬਾਰਡੀਨੇਟ ਸਰਵਿਸਿਜ਼ ਫੈਡਰੇਸ਼ਨ, ਪੰਜਾਬ ਕਾਲਜ ਲੈਕਚਰਾਰ ਐਸੋਸੀਏਸ਼ਨ, ਪੰਜਾਬ ਨੈਸ਼ਨਲ ਬੈਂਕ ਆਫੀਸਰਜ਼ ਐਸੋਸੀਏਸ਼ਨ, ਬੈਂਕ ਇੰਪਲਾਈਜ਼ ਫੈਡਰੇਸ਼ਨ ਆਫ ਇੰਡੀਆ, ਕੇਂਦਰੀ ਪੰਜਾਬੀ ਲੇਖਕ ਸਭਾ (ਰਜਿ.), ਕੇਂਦਰੀ ਪੰਜਾਬੀ ਲੇਖਕ ਸਭਾ (ਸੇਖੋਂ) ਰਜਿ., ਮਾਸਿਕ 'ਨਵੀਂ ਦੁਨੀਆਂ' ਕੈਨੇਡਾ, ਪ੍ਰੋਗ੍ਰੈਸਿਵ ਵਰਕਰਜ਼ ਐਸੋਸੀਏਸ਼ਨ ਕੈਨੇਡਾ, ਇੰਡੀਅਨ ਵਰਕਰਜ਼ ਐਸੋਸੀਏਸ਼ਨ ਗ੍ਰੇਟ ਬ੍ਰਿਟੇਨ, ਸ਼ਹੀਦ ਉਧਮ ਸਿੰਘ ਟਰੱਸਟ ਗ੍ਰੇਟ ਬ੍ਰਿਟੇਨ, ਸ਼ਹੀਦ ਭਗਤ ਸਿੰਘ ਚੈਰੀਟੇਬਲ  ਟਰੱਸਟ ਆਕਲੈਂਡ, (ਨਿਊਜੀਲੈਂਡ) ਵਲੋਂ ਭੇਜੇ ਸ਼ੋਕ  ਮਤੇ ਵੀ ਪੜ੍ਹ ਕੇ ਸੁਣਾਏ ਗਏ। 
ਕਾਮਰੇਡ ਮੰਗਤ ਰਾਮ ਪਾਸਲਾ ਨੇ ਪੰਜਾਬ ਭਰ ਤੋਂ ਆਏ ਸਾਥੀਆਂ ਦਾ ਜਿਥੇ ਧੰਨਵਾਦ ਕੀਤਾ, ਉਥੇ ਇਹ ਯਕੀਨ ਦਵਾਇਆ ਕਿ ਇਕ ਵਰਗ ਰਹਿਤ ਨਿਜਾਮ ਦੀ ਸਿਰਜਣਾ ਦੇ ਸੁਪਨੇ ਨੂੰ ਸਾਕਾਰ ਕਰਨ ਲਈ ਤੁਰੇ ਹੋਏ ਕਿਰਤੀ ਕਾਮਿਆਂ ਦੇ ਕਾਫ਼ਲੇ ਦੇ ਹਮੇਸ਼ਾਂ ਅੰਗ ਸੰਗ ਰਹਿਣਗੇ। 
- ਇੰਦਰਜੀਤ ਚੁਗਾਵਾਂ




ਕਾਮਰੇਡ ਰਾਮ ਸਿੰਘ ਸਲਾਣਾ ਨੂੰ ਲਾਲ ਸਲਾਮ!

ਧਰਤੀ ਉਤੇ ਪੈਦਾ ਹੋਣ ਵਾਲੇ ਵਿਰਲੇ ਲੋਕ ਹੀ ਹਨ ਜੋ ਆਪਣੇ ਨਿੱਜੀ ਲਾਭਾਂ ਨੂੰ ਛੱਡ ਕੇ ਸਮਾਜ ਦੀ ਬਿਹਤਰੀ ਲਈ ਹਿੱਸਾ ਪਾਉਂਦੇ ਹਨ। ਉਨ੍ਹਾਂ ਵਿਚ ਕਾਮਰੇਡ ਰਾਮ ਸਿੰਘ ਸਲਾਣਾ ਇਕ ਸਖਸ਼ੀਅਤ ਸਨ ਜਿਨ੍ਹਾਂ ਅੰਤਮ ਸਵਾਸਾਂ ਤੱਕ ਖੱਬੀਆਂ ਧਿਰਾਂ ਵਲੋਂ ਵੱਖ ਵੱਖ ਸਮੇਂ ਕੀਤੇ ਗਏ ਸੰਗਰਾਮਾਂ ਵਿਚ ਤਨ, ਮਨ ਤੇ ਧਨ ਨਾਲ ਹਿੱਸਾ ਲਿਆ। 
ਕਾਮਰੇਡ ਰਾਮ ਸਿੰਘ 'ਸਲਾਣਾ' ਆਪਣੇ ਪਿਤਾ ਸ. ਹਜ਼ਾਰਾ ਸਿੰਘ ਦੇ ਘਰ 1914 ਵਿਚ ਪਿੰਡ ਸਲਾਣਾ ਜੀਉਣ ਸਿੰਘ ਵਾਲਾ (ਫਤਿਹਗੜ੍ਹ ਸਾਹਿਬ) ਵਿਚ ਜਨਮੇ। ਸੰਨ 1945-48 ਤੱਕ ਤਿੰਨ  ਸਾਲ ਫੌਜ ਦੀ ਨੌਕਰੀ ਕੀਤੀ। ਆਪ ਜੀ ਮਹਾਨ ਆਜ਼ਾਦੀ ਘੁਲਾਟੀਏ ਤੇ ਮਿਸਾਲੀ ਕਾਮਰੇਡ ਸਾਹਿਬ ਸਿੰਘ 'ਸਲਾਣਾ' ਦੇ ਨਿੱਕਟਵਰਤੀ ਸਨ। ਉਨ੍ਹਾਂ ਦੇ ਸੰਪਰਕ ਵਿਚ ਆਉਣ 'ਤੇ ਆਪ ਜੀ ਨੇ ਲੁੱਟ ਰਹਿਤ ਸਮਾਜ ਦਾ ਸੁਪਨਾ ਲਿਆ। ਉਨ੍ਹਾਂ ਦੀ ਪ੍ਰੇਰਨਾ ਨਾਲ ਹੀ ਦਸੰਬਰ 1963 ਵਿਚ ਆਪ ਭਾਰਤੀ ਕਮਿਊਨਿਸਟ ਪਾਰਟੀ ਵਿਚ ਸ਼ਾਮਲ ਹੋਏ। ਪਰ ਪਾਰਟੀ ਦੀਆਂ ਜਮਾਤੀ ਭਿਆਲੀ ਦੀਆਂ ਨੀਤੀਆਂ ਕਾਰਨ ਪਾਰਟੀ ਦੀ ਵੰਡ ਸਮੇਂ 1964 ਵਿਚ ਸੀ.ਪੀ.ਆਈ.(ਐਮ.) ਵਿਚ ਸ਼ਾਮਲ ਹੋ ਗਏ। ਪਰ ਪਾਰਟੀ ਵਿਚ ਆਏ ਪਾਰਲੀਮਾਨੀ ਦੇ ਗਲਤ ਰੁਝਾਨਾਂ ਨੂੰ ਦੇਖਦਿਆਂ ਤੀਖਣ ਬੁੱਧੀ ਦੇ ਧਾਰਨੀ ਕਾਮਰੇਡ ਰਾਮ ਸਿੰਘ ਸੀ.ਪੀ.ਐਮ. ਪੰਜਾਬ ਪਾਰਟੀ ਵਿਚ 2001 ਵਿਚ ਸ਼ਾਮਲ ਹੋ ਗਏ। 
ਆਪ ਜੀ ਕਿਸਾਨ ਮੋਰਚਾ ਸੰਭਾਲਦਿਆਂ ਤਹਿਸੀਲ ਸੈਕਟਰੀ ਤੇ ਜ਼ਿਲ੍ਹਾ ਪ੍ਰਧਾਨਗੀ ਦੇ ਅਹੁਦਿਆਂ ਉਤੇ ਰਹੇ। ਸਾਹਿਬ ਸਿੰਘ 'ਸਲਾਣਾ' ਪਿੰਡ ਦੇ ਸਰਪੰਚ ਬਣੇ ਤਾਂ ਆਪ ਵੀ ਪਿੰਡ ਦੇ ਪੰਚ ਬਣੇ ਤੇ ਪਿੰਡ ਦੀ ਸੇਵਾ ਕੀਤੀ। ਆਪ ਜੀ ਨੇ ਆਪਣੀ ਨਿੱਜੀ ਜ਼ਮੀਨ ਵਿਚੋਂ ਢਾਈ ਏਕੜ, ਗੁਰੂਦਵਾਰਾ ਨਾਨਕਸਰ ਸਲਾਣਾ ਨੂੰ ਤੇ 2 ਏਕੜ ਸਰਕਾਰੀ ਐਲੀਮੈਂਟਰੀ ਸਕੂਲ ਸਲਾਣਾ ਨੂੰ ਦਾਨ ਕੀਤੀ ਜੋ ਕੁਲ ਸਾਢੇ ਚਾਰ ਏਕੜ ਬਣਦੀ ਹੈ।
ਧਰਨਾ, ਰੈਲੀ, ਮੁਜ਼ਾਹਰੇ ਵਾਲੇ ਦਿਨ ਆਪ ਮੋਢੇ ਉਤੇ ਲਾਲ ਝੰਡਾ ਰੱਖ ਮੈਦਾਨ ਵਿਚ ਨਿਤਰਦੇ ਤੇ ਸਰਮਾਏਦਾਰ ਪੱਖੀ ਤਾਕਤਾਂ ਨੂੰ ਵੰਗਾਰਦੇ। ਕਿਰਾਇਆ ਘੋਲ ਅੰਦੋਲਨ, ਹੜਪੀੜਤਾਂ ਦੀ ਸਹਾਇਤਾ ਸਮੇਂ ਠੀਕ ਵੰਡ ਲਈ, ਬਿਜਲੀ ਕਾਮਿਆਂ ਵਲੋਂ ਲੜੇ ਜਾਂਦੇ ਘੋਲ, ਬੇਰੁਜ਼ਗਾਰੀ, ਮਹਿੰਗਾਈ, ਭਰਿਸ਼ਟਾਚਾਰ ਵਿਰੁੱਧ ਲੜੇ ਜਾਂਦੇ ਹਰ ਘੋਲ ਵਿਚ ਆਪ ਹਾਜਰ ਹੁੰਦੇ। ਆਪ ਜੀ ਜੇ.ਪੀ.ਐਮ.ਓ. ਵਲੋਂ ਚੱਲੇ ਸੰਘਰਸ਼ਾਂ ਵਿਚ ਵੀ ਆਪਣੇ ਭਰਵੇਂ ਜਥੇ ਸਮੇਤ ਹਾਜ਼ਰੀ ਲੁਆਉਂਦੇ ਰਹੇ। ਇਨ੍ਹਾਂ ਸੰਘਰਸ਼ਾਂ ਸਮੇਂ ਆਪ ਕਈ ਵਾਰ ਪਟਿਆਲਾ ਤੇ ਚੰਡੀਗੜ੍ਹ ਦੀ ਬੁੜੈਲ ਜੇਲ੍ਹ ਵਿਚ ਬੰਦ ਰਹੇ। ਦੇਸ਼ ਦੀ ਏਕਤਾ ਅਖੰਡਤਾ ਤੇ ਮਹਿੰਗਾਈ ਵਿਰੁੱਧ 'ਮਾਰਚ ਟੂ ਪਾਰਲੀਮੈਂਟ' ਜਿਹੇ ਕੌਮੀ ਘੋਲਾਂ ਵਿਚ ਆਪ ਸ਼ਾਮਲ ਹੁੰਦੇ ਰਹੇ। ਕੌਮੀ ਪੱਧਰ ਦੇ ਡੈਲੀਗੇਟ ਵਜੋਂ ਮਿਦਨਾਪੁਰ ਕਿਸਾਨ ਕਾਨਫਰੰਸ ਵਿਚ ਵੀ ਗਏ। ਆਪਜੀ ਕਿਰਤੀ, ਕਿਸਾਨਾਂ, ਮਜ਼ਦੂਰਾਂ ਦੇ ਹੱਕ ਵਿਚ ਆਖਰੀ ਸਾਹਾਂ ਤੱਕ ਲੜਦੇ ਰਹੇ। ਆਪ 4 ਦਸੰਬਰ ਨੂੰ ਆਪਣੇ ਪਿੰਡ ਤੇ ਪਰਵਾਰ ਵਿਚ ਸੰਘਰਸ਼ ਦਾ ਪੈਗਾਮ ਦੇ ਕੇ ਸਾਨੂੰ ਆਖਰੀ ਸਲਾਮ ਕਹਿ ਗਏ। ਆਪ ਆਪਣੇ ਪਿੱਛੇ ਇਕ ਸੁਯੋਗ ਪੁੱਤਰ ਹਰੀ ਸਿੰਘ ਰਿਟਾਇਰਡ ਡੀ.ਪੀ.ਈ. ਤੇ ਤਿੰਨ ਬੇਟੀਆਂ ਛੱਡ ਗਏ ਹਨ। ਅਦਾਰਾ 'ਸੰਗਰਾਮੀ ਲਹਿਰ' ਇਸ ਸੰਘਰਸ਼ਸ਼ੀਲ ਆਗੂ ਨੂੰ ਇਨਕਲਾਬੀ ਸ਼ਰਧਾਂਜਲੀ ਭੇਂਟ ਕਰਦੇ ਹੋਏ ਉਨ੍ਹਾਂ ਦੇ ਪਰਿਵਾਰ ਦੇ ਦੁੱਖ ਵਿਚ ਸ਼ਰੀਕ ਹੁੰਦਾ ਹੈ।


ਸ਼ੋਕ ਸਮਾਚਾਰ
ਸੀ.ਪੀ.ਐਮ. ਪੰਜਾਬ ਦੇ ਸੂਬਾ ਸਕੱਤਰੇਤ ਮੈਂਬਰ ਸਾਥੀ ਰਤਨ ਸਿੰਘ ਰੰਧਾਵਾ ਦੀ ਮਾਤਾ ਬੀਬੀ ਕੇਸਰ ਕੌਰ, 2 ਦਸੰਬਰ ਨੂੰ ਸਦੀਵੀਂ ਵਿਛੋੜਾ ਦੇ ਗਏ ਹਨ। ਉਹ ਪਿਛਲੇ ਕੁੱਝ ਸਮੇਂ ਤੋਂ ਬੀਮਾਰ ਸਨ। ਅਦਾਰਾ 'ਸੰਗਰਾਮੀ ਲਹਿਰ' ਉਨ੍ਹਾਂ ਨੂੰ ਸ਼ਰਧਾਂਜਲੀ ਅਰਪਤ ਕਰਦਾ ਹੈ ਅਤੇ ਉਨ੍ਹਾਂ ਦੇ ਪਰਿਵਾਰ ਦੇ ਦੁੱਖ ਵਿਚ ਸ਼ਰੀਕ ਹੁੰਦਾ ਹੈ। 


ਸੀ.ਪੀ.ਐਮ. ਪੰਜਾਬ ਦੇ ਸੂਬਾ ਸਕੱਤਰੇਤ ਮੈਂਬਰ ਸਾਥੀ ਬੋਧ ਸਿੰਘ ਘੁੰਮਣ ਦੇ ਸਹੁਰਾ ਸਾਹਿਬ ਰਿਟਾਇਰਡ ਡੀ.ਐਸ.ਪੀ. ਸ੍ਰੀ ਦੀਵਾਨ ਸਿੰਘ ਬੈਂਸ 16 ਦਸੰਬਰ ਨੂੰ ਸਦੀਵੀਂ ਵਿਛੋੜਾ ਦੇ ਗਏ ਹਨ। ਅਦਾਰਾ 'ਸੰਗਰਾਮੀ ਲਹਿਰ' ਉਨ੍ਹਾਂ ਦੇ ਪਰਿਵਾਰ ਦੇ ਦੁੱਖ ਵਿਚ ਸ਼ਰੀਕ ਹੁੰਦਾ ਹੈ। 

No comments:

Post a Comment