Wednesday 15 January 2014

ਖੱਬੇ ਪੱਖੀਆਂ ਲਈ ਨਵੇਂ ਸਾਲ ਦੇ ਪ੍ਰਮੁੱਖ ਕਾਰਜ

ਮੰਗਤ ਰਾਮ ਪਾਸਲਾ

ਪੰਜ ਰਾਜਾਂ ਦੀਆਂ ਅਸੈਂਬਲੀ ਚੋਣਾਂ ਦੌਰਾਨ ਤਿੰਨਾਂ ਵਿਚ ਕਾਂਗਰਸ ਪਾਰਟੀ ਨੂੰ ਹਰਾ ਕੇ ਰਾਜ ਸੱਤਾ ਉਪਰ ਕਬਜ਼ਾ ਕਰਨ 'ਤੇ ਸੰਘ ਪਰਿਵਾਰ (ਭਾਜਪਾ) ਬਹੁਤ ਖੁਸ਼ੀ ਦੀ ਮੁਦਰਾ ਵਿਚ ਹੈ। ਭਾਵੇਂ ਦਿੱਲੀ ਦੇ ਇਲਾਕੇ ਵਿਚ ਕੋਈ ਵੀ ਪਾਰਟੀ ਪੂਰਨ ਬਹੁਮਤ ਹਾਸਲ ਨਹੀਂ ਕਰ ਸਕੀ, ਪ੍ਰੰਤੂ ਜਿਸ ਤਰ੍ਹਾਂ ਲੋਕਾਂ ਵਲੋਂ ਕਾਂਗਰਸ ਪਾਰਟੀ ਨੂੰ ਨਕਾਰ ਕੇ ਇਸਨੂੰ ਤੀਸਰੇ ਦਰਜੇ ਉਪਰ ਪਹੁੰਚਾ ਦਿੱਤਾ ਹੈ, ਉਸਨੇ ਸਮੁੱਚੇ ਦੇਸ਼ ਅੰਦਰ ਕੇਂਦਰੀ ਕਾਂਗਰਸੀ ਸਰਕਾਰ ਦੀਆਂ ਮਹਿੰਗਾਈ, ਬੇਕਾਰੀ ਤੇ ਭਰਿਸ਼ਟਾਚਾਰ ਵਧਾਉਣ ਵਾਲੀਆਂ ਨੀਤੀਆਂ ਬਾਰੇ ਆਮ ਲੋਕਾਂ ਅੰਦਰ ਉਬਾਲੇ ਲੈ ਰਹੀ ਬੇਚੈਨੀ ਨੂੰ ਰੂਪਮਾਨ ਕੀਤਾ ਹੈ। ਭਾਵੇਂ ਭਾਜਪਾ ਨੂੰ ਤਿੰਨ ਪ੍ਰਾਂਤਾਂ ਮੱਧ ਪ੍ਰਦੇਸ਼, ਰਾਜਸਥਾਨ ਤੇ ਛਤੀਸਗੜ੍ਹ ਵਿਚ ਪ੍ਰਾਪਤ ਹੋਈ ਚੁਣਾਵੀ ਜਿੱਤ ਨੂੰ ਇਸ ਦੀਆਂ ਸਾਮਰਾਜ ਪੱਖੀ ਤੇ ਧਨਾਢਾਂ ਦੇ ਹਿੱਤ ਪੂਰਨ ਵਾਲੀਆਂ ਆਰਥਕ ਪਹੁੰਚਾਂ ਤੇ ਫਿਰਕੂ ਵਿਚਾਰਧਾਰਾ ਬਾਰੇ ਲੋਕਾਂ ਦੀ ਮਿਲੀ ਹਮਾਇਤ ਕਦਾਚਿੱਤ ਨਹੀਂ ਕਿਹਾ ਜਾ ਸਕਦਾ ਬਲਕਿ ਕਾਂਗਰਸ ਰਾਜ ਦੇ ਕੁਸ਼ਾਸਨ ਤੇ ਹੋਰ ਕਿਸੇ ਯੋਗ ਰਾਜਨੀਤਕ ਮੁਤਬਾਦਲ ਦੇ ਨਾਂ ਉਪਲੱਬਧ ਹੋਣ ਦਾ ਨਤੀਜਾ ਜ਼ਰੂਰ ਆਂਕਿਆ ਜਾ ਸਕਦਾ ਹੈ, ਪ੍ਰੰਤੂ ਫਿਰਕੂ ਸੰਘ ਪਰਿਵਾਰ ਦਾ ਰਾਜਨੀਤਕ ਨਕਸ਼ੇ ਉਪਰ ਹੋਇਆ ਪਸਾਰਾ ਧਰਮ ਨਿਰਪੱਖ ਤੇ ਜਮਹੂਰੀ ਸ਼ਕਤੀਆਂ ਲਈ ਚਿੰਤਾ ਦਾ ਵਿਸ਼ਾ ਜ਼ਰੂਰ ਹੈ। 
ਦਿੱਲੀ ਵਿਚ ਨਵੀਂ ਗਠਿਤ ਹੋਈ ਪਾਰਟੀ, ਆਮ ਆਦਮੀ ਪਾਰਟੀ (ਆਪ), ਨੂੰ ਲੋਕਾਂ ਵਲੋਂ ਮਿਲੇ ਭਰਵੇਂ ਹੁੰਗਾਰੇ ਨੇ ਦਰਸਾ ਦਿੱਤਾ ਹੈ ਕਿ ਜੇਕਰ ਕਾਂਗਰਸ ਤੇ ਭਾਜਪਾ ਦੇ ਮੁਕਾਬਲੇ ਵਿਚ ਕੋਈ ਰਾਜਨੀਤਕ ਪਾਰਟੀ ਧਰਮ ਨਿਰਪੱਖ ਤੇ ਜਮਹੂਰੀ ਪੈਂਤੜੇ ਤੋਂ ਲੋਕਾਂ ਨੂੰ ਲਾਮਬੰਦ ਕਰਦੀ ਹੈ ਤੇ ਲੋਕਾਂ ਦੀਆਂ ਫੌਰੀ ਸਮੱਸਿਆਵਾਂ ਹੱਲ ਕਰਨ ਦਾ ਭਰੋਸਾ ਪੈਦਾ ਕਰਨ ਵਿਚ ਸਫਲ ਹੋ ਜਾਂਦੀ ਹੈ ਤਦ ਇਸਨੂੰ ਚੰਗੀ ਜਨ ਹਮਾਇਤ ਜ਼ਰੂਰ ਹਾਸਲ ਹੋ ਸਕਦੀ ਹੈ। ਅਜੇ ਇਹ ਦੇਖਣਾ ਤਾਂ ਬਾਕੀ ਹੈ ਕਿ 'ਆਪ' ਫੌਰੀ ਸਮੱਸਿਆਵਾਂ ਹੱਲ ਕਰਨ ਬਾਰੇ ਲੋਕਾਂ ਵਿਚ ਮੌਜੂਦਾ ਨਵਉਦਾਰਵਾਦੀ ਆਰਥਿਕ ਨੀਤੀਆਂ ਦੇ ਮੁਕਾਬਲੇ ਵਿਚ ਕੋਈ ਲੋਕ ਪੱਖੀ ਨੀਤੀਗਤ ਬਦਲ ਕਿਵੇਂ ਪੇਸ਼ ਕਰਦੀ ਹੈ, ਪਰ ਇਸ ਘਟਨਾਚੱਕਰ ਨੇ ਕਾਂਗਰਸ ਤੇ ਭਾਜਪਾ ਦੇ ਮੁਕਾਬਲੇ ਵਿਚ ਇਕ ਤੀਸਰੇ 'ਮੁਤਬਾਦਲ' ਦੀ ਕਾਇਮੀ ਬਾਰੇ ਆਮ ਲੋਕਾਂ ਅੰਦਰ ਇਕ ਆਸ ਦੀ ਕਿਰਨ ਜ਼ਰੂਰ ਪੈਦਾ ਕੀਤੀ ਹੈ। 2014 ਦੇ ਨਵੇਂ ਸਾਲ ਅੰਦਰ ਸਮੁੱਚੀਆਂ ਖੱਬੀਆਂ ਤੇ ਧਰਮ ਨਿਰਪੱਖ ਰਾਜਸੀ ਧਿਰਾਂ ਨੂੰ 'ਆਪ' ਦੇ ਦਿੱਲੀ ਚੋਣਾਂ ਅੰਦਰ ਆਏ ਉਭਾਰ ਪ੍ਰਤੀ ਜਮਾਤੀ ਸੀਮਾਵਾਂ ਨੂੰ ਧਿਆਨ ਗੋਚਰੇ ਰੱਖਦੇ ਹੋਏ ਜਨ ਸਧਾਰਨ ਦੀ ਭਾਜਪਾ ਤੇ ਕਾਂਗਰਸ ਦੇ ਮੁਕਾਬਲੇ ਵਿਚ ਇਕ ਨਵੀਂ ਰਾਜਸੀ ਧਿਰ ਪ੍ਰਤੀ ਅਪਣਾਏ ਰੁਖ ਬਾਰੇ ਸਾਵਧਾਨ ਰਹਿੰਦਿਆਂ ਹੋਇਆਂ ਹਾਂ ਪੱਖੀ  ਸੰਭਾਵਨਾਵਾਂ ਨੂੰ ਜ਼ਰੂਰ ਟਟੋਲਣਾ ਹੋਵੇਗਾ। ਨਾ ਤਾਂ ਕਿਸੇ ਇਕ-ਅੱਧ ਚੋਣ ਜਿੱਤ ਦੇ ਬਹਾਅ ਵਿਚ ਵਗਦਿਆਂ ਹੋਇਆਂ ਸਮਾਜਕ ਤਬਦੀਲੀ ਬਾਰੇ ਵਿਗਿਆਨਕ ਨਜ਼ਰੀਏ ਨੂੰ ਤਿਆਗਣ ਨਾਲ ਹੀ ਕੋਈ ਗਿਣਨਯੋਗ ਪ੍ਰਾਪਤੀ ਹੋ ਸਕੇਗੀ ਤੇ ਨਾ ਹੀ ਸਮਾਜ ਵਿਚ ਵਾਪਰ ਰਹੀ ਹਰ ਰਾਜਸੀ ਘਟਨਾ ਪ੍ਰਤੀ ਨਾਂ ਪੱਖੀ ਤੇ ਗੈਰ ਸੰਬੰਧਤ ਵਤੀਰਾ ਅਖਤਿਆਰ ਕਰਕੇ ਹੀ ਜਨ ਸਧਾਰਣ ਦੇ ਵੱਡੇ ਹਿੱਸਿਆਂ ਨੂੰ ਜਮਹੂਰੀ ਲਹਿਰ ਸੰਗ ਜੋੜਨ ਵਿਚ ਕੋਈ ਮਦਦ ਮਿਲੇਗੀ। ਲੋਕ ਸਭਾ ਚੋਣਾਂ ਨੂੰ ਮੁੱਖ ਰੱਖਦਿਆਂ, ਨਵੇਂ ਸਾਲ ਵਿਚ ਹਰ ਵਰਗ ਦੀ ਰਾਜਨੀਤਕ ਪਾਰਟੀ ਵਲੋਂ ਕੀਤੀ ਜਾਣ ਵਾਲੀ ਰਾਜਸੀ ਸਰਗਰਮੀ ਨੂੰ ਸੰਤੁਲਤ ਰਹਿਕੇ ਘੋਖਣ ਦੀ ਲੋੜ ਸਾਡੇ ਸਾਹਮਣੇ ਮੂੰਹ ਅੱਡੀ ਖੜੀ ਹੈ। 
ਪੂੰਜੀਵਾਦੀ ਢਾਂਚੇ ਨੂੰ ਦਰਪੇਸ਼ ਸੰਸਾਰ ਵਿਆਪੀ ਵਿੱਤੀ ਸੰਕਟ ਅਤੇ ਸੋਵੀਅਤ ਰੂਸ ਵਿਚ ਸਮਾਜਵਾਦੀ ਢਾਂਚੇ ਦੇ ਢਹਿ ਢੇਰੀ ਹੋ ਜਾਣ ਅਤੇ ਸਾਮਰਾਜੀ ਸ਼ਕਤੀਆਂ ਵਲੋਂ ਬਿਨਾਂ ਕਿਸੇ ਭੈਅ ਜਾਂ ਰੁਕਾਵਟ ਦੇ ਇਸ ਵਿੱਤੀ ਸੰਕਟ ਦਾ ਭਾਰ ਮਜ਼ਦੂਰ ਜਮਾਤ ਉਪਰ ਪਾਉਣ ਅਤੇ ਵਿਕਾਸਸ਼ੀਲ ਦੇਸ਼ਾਂ ਦੇ ਕੁਦਰਤੀ ਖਜ਼ਾਨੇ ਤੇ ਮੰਡੀ ਹੜੱਪਣ ਦੇ ਨਿਸ਼ਾਨੇ ਨਾਲ ਇਥੋਂ ਦੀਆਂ ਸਰਕਾਰਾਂ ਨਾਲ ਵਧਾਈਆਂ ਜਾ ਰਹੀਆਂ ਯੁਧਨੀਤਕ ਸਾਂਝਾਂ ਦੀ ਰੌਸ਼ਨੀ ਵਿਚ ਹੀ ਭਾਰਤ ਦੀ ਅਜੋਕੀ ਰਾਜਨੀਤਕ ਅਵਸਥਾ ਨੂੰ ਸਮਝਿਆ ਜਾਣਾ ਚਾਹੀਦਾ ਹੈ। 90ਵਿਆਂ ਤੋਂ ਸ਼ੁਰੂ ਕੀਤੀਆਂ ਗਈਆਂ ਸਾਮਰਾਜ ਨਿਰਦੇਸ਼ਤ ਨਵਉਦਾਰਵਾਦੀ ਆਰਥਕ ਨੀਤੀਆਂ ਨੇ ਦੇਸ਼ ਨੂੰ ਬਹੁਤ ਹੀ ਗੰਭੀਰ ਕਿਸਮ ਦੀ ਆਰਥਿਕ ਮੰਦੀ ਵਿਚ ਸੁੱਟਿਆ ਹੋਇਆ ਹੈ, ਜਿਥੇ ਮੁੱਠੀਭਰ ਕਾਰਪੋਰੇਟ ਘਰਾਣੇ ਤੇ ਵੱਡੇ ਪੂੰਜੀਪਤੀ ਮਾਲਾਮਾਲ ਹੋ ਰਹੇ ਹਨ ਤੇ ਵਸੋਂ ਦਾ ਵੱਡਾ ਹਿੱਸਾ ਅੱਤ ਦੀ ਗਰੀਬੀ, ਬੇਕਾਰੀ, ਕੁਪੋਸ਼ਣ, ਅਨਪੜ੍ਹਤਾ ਤੇ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਬਣਿਆ ਹੋਇਆ ਹੈ। ਇਕ ਪਾਸੇ ਦੁਨੀਆਂ ਦੇ 10 ਵੱਡੇ ਅਮੀਰਜ਼ਾਦਿਆਂ ਵਿਚ ਭਾਰਤੀ ਧਨਕੁਬੇਰਾਂ ਦਾ ਨਾਮ ਦਰਜ ਹੋ ਰਿਹਾ ਹੈ ਅਤੇ ਦੂਸਰੇ ਪਾਸੇ ਭੁਖਮਰੀ ਤੇ ਗਰੀਬੀ ਨਾਲ ਵੱਧ ਰਹੀਆਂ ਮੌਤਾਂ ਤੇ ਆਤਮ ਹੱਤਿਆਵਾਂ ਦੀ ਗਿਣਤੀ ਮੌਜੂਦਾ ਭਾਰਤੀ ਅਰਥ ਵਿਵਸਥਾ ਦਾ ਕਰੂਪ ਤੇ ਅਮਾਨਵੀ ਚਿਹਰਾ ਜਗ ਜਾਹਰ ਕਰ ਰਹੀ ਹੈ। ਜਿੱਥੇ ਵਸੋਂ ਦੇ 60 ਫੀਸਦੀ ਹਿੱਸੇ ਨੂੰ ਇਕ ਰੁਪਏ ਕਿਲੋ ਕਣਕ ਤੇ ਦੋ ਰੁਪਏ ਕਿਲੋ ਚਾਵਲ ਦਾ ਲਾਰਾ ਲਾ ਕੇ ਵੋਟ ਬੈਂਕ ਤਿਆਰ ਕੀਤਾ ਜਾ ਰਿਹਾ ਹੋਵੇ ਉਥੇ ਭਾਰਤੀ ਹਾਕਮਾਂ ਦੇ ਆਰਥਿਕ ਵਿਕਾਸ ਦੀਆਂ ਉਚੀਆਂ ਦਰਾਂ ਦੇ ਕੀਤੇ ਜਾ ਰਹੇ ਖੋਖਲੇ ਦਾਅਵਿਆਂ ਨੂੰ 'ਧੋਖਾਦੇਹੀ, ਫਰਾਡ ਤੇ ਕੁਫਰ' ਦਾ ਨਾਮ ਹੀ ਦਿੱਤਾ ਜਾਣਾ ਚਾਹੀਦਾ ਹੈ। ਭਾਰਤ ਦੀ ਮੌਜੂਦਾ ਰਾਜਨੀਤਕ ਤੇ ਆਰਥਿਕ ਵਿਵਸਥਾ ਸਾਡੇ ਇਤਿਹਾਸ ਦੇ ਐਸੇ ਦੌਰ ਨੂੰ ਉਜਾਗਰ ਕਰਦੀ ਹੈ ਜਿੱਥੇ ਇਕ ਬੰਨੇ ਸਾਮਰਾਜੀ ਲੁਟੇਰਿਆਂ ਤੇ ਕਾਰਪੋਰੇਟ ਘਰਾਣਿਆਂ ਨੇ ਕੁਦਰਤੀ ਖਜਾਨਿਆਂ ਤੇ ਭਾਰਤੀ ਲੋਕਾਂ ਦੀ ਗਾੜ੍ਹੇ ਪਸੀਨੇ ਦੀ ਕਮਾਈ ਨੂੰ ਦੋਨਾਂ ਹੱਥਾਂ ਨਾਲ ਪੂਰੀ ਬੇਰਹਿਮੀ ਨਾਲ ਲੁੱਟ ਕੇ ਪੂੰਜੀ ਦੇ ਅੰਬਾਰ ਖੜ੍ਹੇ ਕਰ ਲਏ ਹਨ ਤੇ ਦੂਸਰੇ ਪਾਸੇ ਵਸੋਂ ਦੇ ਇਕ ਬਹੁਤ ਵੱਡੇ ਹਿੱਸੇ ਨੂੰ ਅੱਤ ਦੀ ਫਾਕਾਕਸ਼ੀ ਹੰਢਾਉਣੀ ਪੈ ਰਹੀ ਹੈ। ਅਸਲ ਵਿਚ ਪੂੰਜੀਵਾਦੀ ਲੀਹਾਂ 'ਤੇ ਹੋਏ ਆਰਥਿਕ ਵਿਕਾਸ ਦਾ ਇਸਤੋਂ ਵੱਖਰਾ ਹੋਰ ਕੋਈ ਨਤੀਜਾ ਹੋ ਹੀ ਨਹੀਂ ਸਕਦਾ। 
ਹਾਲਤ ਦਾ ਇਕ ਚਿੰਤਾਜਨਕ ਪਹਿਲੂ ਇਹ ਵੀ ਹੈ ਕਿ ਸਾਮਰਾਜੀ ਲੁਟੇਰਿਆਂ ਨਾਲ ਬਾਹਾਂ ਵਿਚ ਬਾਹਾਂ ਪਾ ਕੇ ਭਾਰਤੀ ਲੋਕਾਂ ਦੀ ਤਬਾਹੀ ਕਰ ਰਿਹਾ ਮੁੱਠੀ ਭਰ ਹੁਕਮਰਾਨ ਟੋਲਾ ਇਨ੍ਹਾਂ ਲੋਕ ਮਾਰੂ ਨੀਤੀਆਂ ਨੂੰ ਵਿਕਾਸ ਮੁਖੀ ਦਸ ਕੇ ਜਨ ਸਮੂਹਾਂ ਨੂੰ ਗੁੰਮਰਾਹ ਕਰ ਰਿਹਾ ਹੈ ਤੇ ਨਾਲ ਹੀ ਇਨ੍ਹਾਂ ਨੀਤੀਆਂ ਦੇ ਵਿਰੋਧ ਵਿਚ ਉਠ ਰਹੇ ਜਨਤਕ ਪ੍ਰਤੀਰੋਧ ਨੂੰ ਹਰ ਗੈਰ ਜਮਹੂਰੀ ਢੰਗ ਨਾਲ ਦਬਾਉਣ ਦਾ ਬਾਨਣੂੰ ਬੰਨਣ ਦੀਆਂ ਸਾਜਸ਼ਾਂ ਵਿਚ ਗਲਤਾਨ ਹੈ। ਨਵਉਦਾਰਵਾਦੀ ਨੀਤੀਆਂ ਅਤੇ ਜਮਹੂਰੀਅਤ (ਸਰਮਾਏਦਾਰੀ ਹੀ ਸਹੀ) ਦਾ ਵਿਕਾਸ ਨਾਲੋ ਨਾਲ ਨਹੀਂ ਚਲ ਸਕਦੇ। ਇਕ ਦੀ ਖਾਤਰ ਦੂਸਰੇ ਦੀ ਬਲੀ ਦਿੱਤੀ ਜਾਂਦੀ ਹੈ। ਇਸ ਸਥਿਤੀ ਵਿਚ ਭਾਰਤ ਵਿਚ ਪ੍ਰਚਲਤ ਲੋਕਰਾਜੀ ਢਾਂਚਾ ਜਨ ਸਧਾਰਨ ਲਈ ਮਹਿਜ਼ ਇਕ ਖਾਨਾਪੂਰਤੀ ਵਾਲਾ ਬਿੰਦੂ ਬਣਦਾ ਜਾ ਰਿਹਾ ਹੈ ਤੇ ਇਕ ਸੀਮਾ ਤੋਂ ਬਾਅਦ ਜਨ ਸਧਾਰਨ ਦਾ ਹੌਲੀ ਹੌਲੀ ਇਸ ਉਪਰੋਂ ਵਿਸ਼ਵਾਸ ਉਠਣਾ ਲਾਜ਼ਮੀ ਹੈ। ਇਹ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। 
ਭਾਵੇਂ ਸਰਮਾਏਦਾਰ-ਜਗੀਰਦਾਰ ਜਮਾਤਾਂ ਦੀ ਨੁਮਾਇੰਦਗੀ ਕਰ ਰਹੀਆਂ ਪ੍ਰਮੁੱਖ ਰਾਜਨੀਤਕ ਪਾਰਟੀਆਂ ਇਕ ਦੂਸਰੇ ਦੇ ਵਿਰੋਧ ਕਰਨ ਦਾ ਡਰਾਮਾ ਕਰਕੇ ਅਜੇ ਵੀ ਜਨ ਸਧਾਰਨ ਦੇ ਵੱਡੇ ਹਿੱਸੇ ਨੂੰ ਆਪਣੇ ਰਾਜਨੀਤਕ ਤੇ ਵਿਚਾਰਧਾਰਕ ਘੇਰੇ ਵਿਚ ਜਕੜੀ ਰੱਖਣ ਵਿਚ ਸਫਲ ਰਹਿ ਰਹੀਆਂ ਹਨ ਤੇ ਉਨ੍ਹਾਂ ਦੇ ਹਿੱਤਾਂ ਦਾ ਦਮ ਭਰਨ ਦੇ ਝੂਠੇ ਦਾਅਵੇ ਕਰਕੇ ਜਨ ਸਮੂਹਾਂ ਨੂੰ ਮੂਰਖ ਬਣਾਈ ਜਾ ਰਹੀਆਂ ਹਨ ਪ੍ਰੰਤੂ ਜਿਨ੍ਹਾਂ ਆਰਥਿਕ ਨੀਤੀਆਂ ਸਦਕਾ ਮਿਹਨਤਕਸ਼ ਲੋਕਾਂ ਦਾ ਬਹੁਤ ਵੱਡਾ ਭਾਗ ਨਰਕ ਵਰਗੀ ਜ਼ਿੰਦਗੀ ਬਸਰ ਕਰਨ ਲਈ ਮਜ਼ਬੂਰ ਹੈ, ਉਨ੍ਹਾਂ ਨੀਤੀਆਂ ਪ੍ਰਤੀ ਇਨ੍ਹਾਂ ਸਾਰੀਆਂ ਰਾਜਸੀ ਹਾਕਮ ਧਿਰਾਂ ਵਿਚਕਾਰ ਪੂਰਨ ਸਹਿਮਤੀ ਤੇ ਇਕਜੁਟਤਾ ਹੈ। ਕੋਈ ਵੀ ਹਾਕਮ ਰਾਜਨੀਤਕ ਪਾਰਟੀ ਦੇਸ਼ ਨੂੰ ਦਰਪੇਸ਼ ਸਾਮਰਾਜੀ ਲੁੱਟ ਤੇ ਨਵਉਦਾਰਵਾਦੀ ਨੀਤੀਆਂ ਦੇ ਤਹਿਤ ਤੇਜ਼ੀ ਨਾਲ ਕੀਤੀ ਜਾ ਰਹੀ ਨਿੱਜੀਕਰਨ ਦੀ ਪ੍ਰਕਿਰਿਆ ਨੂੰ ਬੰਦ ਕਰਨ ਅਤੇ ਜਲ, ਜੰਗਲ, ਜ਼ਮੀਨ ਦੀ ਅੰਨ੍ਹੀ ਲੁੱਟ ਖਸੁੱਟ ਨੂੰ ਰੋਕਣ ਬਾਰੇ ਇਕ ਸ਼ਬਦ ਤੱਕ ਨਹੀਂ ਉਚਰ ਦੀ! ਇਨ੍ਹਾਂ ਸਾਰੀਆਂ ਲੁਟੇਰੀਆਂ ਪਾਰਟੀਆਂ ਦੀਆਂ ਸਰਕਾਰਾਂ  ਲੋਕਾਂ ਨੂੰ ਸਮਾਜਿਕ ਸੁਰੱਖਿਆਵਾਂ ਪ੍ਰਦਾਨ ਕਰਨ ਤੋਂ ਕੋਰੀ ਨਾਂਹ ਕਰ ਰਹੀਆਂ ਹਨ। ਭਰਿਸ਼ਟਾਚਾਰ ਰਾਹੀਂ ਲੋਕਾਂ ਦੀ ਗਾੜ੍ਹੇ ਪਸੀਨੇ ਦੀ ਕਮਾਈ ਨੂੰ ਹੜੱਪਣ ਵਿਚ ਇਕ ਰਾਜਨੀਤਕ ਪਾਰਟੀ ਦੂਸਰੀ ਧਿਰ ਤੋਂ ਰੱਤੀ ਭਰ ਵੀ ਭਿੰਨ ਜਾਂ ਘੱਟ ਨਹੀਂ ਹੈ। ਇਸੇ ਕਰਕੇ ਰਾਜਨੀਤਕ ਸਰਗਰਮੀਆਂ ਅਤੇ ਖਾਸਕਰ ਚੋਣਾਂ ਜਿੱਤਣ ਦੇ ਸਮੇਂ ਹਾਕਮ ਧਿਰ ਦੇ ਨੇਤਾ ਇਨ੍ਹਾਂ ਲੋਕ ਵਿਰੋਧੀ ਨੀਤੀਆਂ ਬਾਰੇ ਇਕ ਸ਼ਬਦ ਤੱਕ ਨਹੀਂ ਬੋਲਦੇ ਤੇ ਲੋਕਾਂ ਦਾ ਧਿਆਨ ਇਨ੍ਹਾਂ ਨੀਤੀਆਂ ਅਤੇ ਜਨ ਸਧਾਰਨ ਨੂੰ ਦਰਪੇਸ਼ ਸਮੱਸਿਆਵਾਂ ਤੋਂ ਪਰਾਂਹ ਹਟਾ ਕੇ ਬੇਲੋੜੇ ਮੁੱਦਿਆਂ ਉਪਰ ਕੇਂਦਰਤ ਕਰਨ ਵਿਚ ਪੂਰਾ ਤਾਣ ਲਾ ਦਿੰਦੇ ਹਨ।  ਕਾਂਗਰਸ, ਭਾਜਪਾ, ਸਮਾਜਵਾਦੀ ਪਾਰਟੀ, ਆਲ ਇੰਡੀਆ ਅੰਨਾ ਡੀ.ਐਮ.ਕੇ., ਡੀ.ਐਮ. ਕੇ., ਅਕਾਲੀ ਪਾਰਟੀ, ਬਸਪਾ, ਜਨਤਾ ਦਲ (ਯੂ), ਇਤਿਆਦਿ ਵੱਖ ਵੱਖ਼ ਰਾਜ਼ਸੀ ਪਾਰਟੀਆਂ ਸਾਮਰਾਜ ਨਿਰਦੇਸ਼ਤ ਨੀਤੀਆਂ ਲਾਗੂ ਕਰਨ ਬਾਰੇ ਪੂਰੀ ਤਰ੍ਹਾਂ ਇਕਜੁਟ ਹਨ। ਇਸਦੇ ਨੇਤਾ ਆਪਣੇ ਪ੍ਰਚਾਰ ਤੇ ਭਾਸ਼ਣਾਂ ਵਿਚ ਨੀਤੀਆਂ ਨਾਲ ਸੰਬੰਧਤ ਮੁੱਦਿਆਂ ਨੂੰ ਛੱਡਕੇ ਇਕ ਦੂਸਰੇ ਉਪਰ ਹੋਰ ਕੋਈ ਵੀ ਨਿੱਜੀ ਇਲਜ਼ਾਮਬਾਜ਼ੀ ਜਾਂ ਹਮਲਾ ਕਰਨ ਤੋਂ ਗੁਰੇਜ਼ ਨਹੀਂ ਕਰਦੇ। ਕਾਰਪੋਰੇਟ ਘਰਾਣਿਆਂ ਦੇ ਹਿੱਤਾਂ ਦੀ ਰਖਵਾਲੀ ਕਰ ਰਿਹਾ ਮੀਡੀਆ, ਚੇਤਨ ਰੂਪ ਵਿਚ ਲੁਟੇਰੀਆਂ ਹਾਕਮ ਰਾਜਨੀਤਕ ਪਾਰਟੀਆਂ ਦਾ ਇਨ੍ਹਾਂ ਦੇਸ਼ ਵਿਰੋਧੀ ਕੰਮਾਂ ਵਿਚ ਪੂਰਾ-ਪੂਰਾ ਹੱਥ ਵਟਾ ਰਿਹਾ ਹੈ। ਜਾਣਬੁਝ ਕੇ ਇਨ੍ਹਾਂ ਨੀਤੀਆਂ ਦੇ ਵਿਰੋਧ ਵਿਚ ਉਠੀ ਜਨਤਕ ਵਿਰੋਧ ਦੀ ਕਿਸੇ ਵੀ ਆਵਾਜ਼ ਨੂੰ ਨਜ਼ਰ ਅੰਦਾਜ਼ ਕਰਨਾ ਮੀਡੀਆ ਦੀ ਕਾਰਪੋਰੇਟ ਘਰਾਣਿਆਂ ਪ੍ਰਤੀ ਯਕਯਹਿਤੀ ਨੂੰ ਹੀ ਜ਼ਾਹਿਰ ਕਰਦਾ ਹੈ। ਉਂਝ ਸਨਸਨੀ,  ਉਤੇਜਨਾ ਤੇ ਅੰਧ ਵਿਸ਼ਵਾਸ ਪੈਦਾ ਕਰਨ ਵਾਲੀਆਂ ਖਬਰਾਂ ਨੂੰ ਪ੍ਰਸਾਰਨ ਵਿਚ ਇਹੀ ਮੀਡੀਆ ਕੋਈ 'ਕੁਤਾਹੀ' ਨਹੀਂ ਕਰਦਾ! 
ਮੌਜੂਦਾ ਰਾਜਨੀਤਕ ਤੇ ਆਰਥਿਕ ਦ੍ਰਿਸ਼, ਜੋ ਸਵਾਰਥੀ ਹਿੱਤਾਂ ਤੋਂ ਪ੍ਰੇਰਤ ਹੈ ਅਤੇ ਜਨ ਸਧਾਰਨ ਦੇ ਹਿੱਤਾਂ ਦੀ ਪੂਰੀ ਤਰ੍ਹਾਂ ਅਣਦੇਖੀ  ਕਰ ਰਿਹਾ ਹੈ, ਸਿਰਫ ਗੁੰਮਰਾਹਕੁੰਨ ਪ੍ਰਚਾਰ ਤੇ ਦਬਾਊ ਹਥਕੰਡਿਆਂ ਰਾਹੀਂ ਹੀ ਜਨ ਸਧਾਰਣ ਨੂੰ ਧੋਖਾ ਨਹੀਂ ਦੇ ਰਿਹਾ, ਬਲਕਿ ਹਰ ਕਿਸਮ ਦਾ ਪਿਛਾਖੜੀ, ਹਨੇਰ ਵਿਰਤੀ, ਕਿਸਮਤਵਾਦੀ ਤੇ  ਅੰਧ ਵਿਸ਼ਵਾਸੀ ਵਿਚਾਰਾਂ ਨੂੰ ਫੈਲਾ ਕੇ ਕੰਗਾਲੀ ਹੰਢਾ ਰਹੇ ਲੋਕਾਂ ਨੂੰ ਹੋਰ ਜ਼ਿਆਦਾ ਗੁਲਾਮ ਜ਼ਹਿਨੀਅਤ ਵਿਚ ਜਕੜ ਕੇ ਮਾਯੂਸ ਕਰਨ ਲਈ ਵੀ ਪੂਰੀ ਵਾਹ ਲਾ ਰਿਹਾ ਹੈ। ਉਸ ਸਮੇਂ ਜਦੋਂ ਵਿਗਿਆਨ ਨੇ ਹਰ ਖੇਤਰ ਵਿਚ ਹੈਰਾਨਕੁੰਨ ਉੱਨਤੀ ਕੀਤੀ ਹੈ ਤੇ ਕੁਦਰਤ ਦੇ ਭੇਦਾਂ ਨੂੰ ਵੱਡੀ ਪੱਧਰ ਉਪਰ ਉਜਾਗਰ ਕਰਕੇ ਵਿਗਿਆਨਕ ਤੇ ਤਰਕਸ਼ੀਲ ਨਜ਼ਰੀਏ ਨੂੰ ਬਲ ਦਿੱਤਾ ਹੈ, ਭਾਰਤ ਅੰਦਰ ਆਸਥਾ ਦੇ ਨਾਮ ਉਪਰ ਧਾਰਮਕ ਕੱਟੜਤਾ, ਅੰਧ ਵਿਸ਼ਵਾਸ, ਹਨੇਰ ਵਿਰਤੀ ਫੈਲਾਅ ਰਹੇ ਅਣਗਿਣਤ ਕਥਿਤ ਧਾਰਮਕ ਡੇਰੇ, ਧਰਮ ਗੁਰੂ, ਬਾਬੇ ਤੇ ਸੰਤਾਂ ਨੇ ਵੱਡਾ ਮੱਕੜ ਜਾਲ ਬੁਣਿਆ ਹੋਇਆ ਹੈ। ਇਹ ਨਾਮ ਨਿਹਾਦ ਆਪੂ ਬਣੇ ''ਰੱਬ'', 'ਬਾਬੇ' ਹਰ ਤਰ੍ਹਾਂ ਦੇ ਕੁਕਰਮ ਤੇ ਅਸਮਾਜਿਕ ਗਤੀਵਿਧੀਆਂ ਵਿਚ ਲੀਨ ਹਨ ਤੇ ਆਮ ਲੋਕਾਂ ਦੀ ਆਸਥਾ ਦਾ ਨਜਾਇਜ਼ ਲਾਹਾ ਲੈ ਕੇ ਵੱਡੀਆਂ ਜਾਇਦਾਦਾਂ ਦੇ ਮਾਲਕ ਬਣੀ ਬੈਠੇ ਹਨ। ਹਰ ਰੰਗ ਦੀਆਂ ਸਰਕਾਰਾਂ ਤੇ  ਸਵਾਰਥੀ ਰਾਜਸੀ ਆਗੂ ਇਨ੍ਹਾਂ ਗੈਰ ਸਮਾਜੀ ਲੋਕਾਂ ਅਤੇ ਧਾਰਮਕ ਡੇਰਿਆਂ ਨਾਲ ਪੂਰਾ ਪੂਰਾ ਸਹਿਯੋਗ ਤੇ ਸਹਾਇਤਾ ਕਰਦੇ ਹਨ ਤੇ ਮੋੜਵੇਂ ਰੂਪ ਵਿਚ  ਉਨ੍ਹਾਂ ਕੋਲੋਂ ਜਨ ਹਮਾਇਤ ਹਾਸਲ ਕਰਦੇ ਹਨ।  ਅਨੇਕਾਂ ਸਾਮਰਾਜੀ ਏਜੰਸੀਆਂ ਇਨ੍ਹਾਂ ਧਾਰਮਿਕ ਡੇਰਿਆਂ ਨੂੰ ਕੰਟਰੋਲ ਕਰਕੇ ਅਗਾਂਹਵਧੂ ਤੇ ਤਰਕਸ਼ੀਲ ਵਿਚਾਰਾਂ ਦੇ ਵਿਰੋਧ ਵਿਚ ਪਿਛਾਖੜੀ ਵਿਚਾਰਧਾਰਾ ਦੀ ਧੁੰਦ ਖਿਲਾਰਨ ਵਿਚ ਰੁੱਝੀਆਂ ਦੇਖੀਆਂ ਜਾ ਸਕਦੀਆਂ ਹਨ, ਜੋ ਮੰਤਕੀ ਰੂਪ ਵਿਚ ਮੌਜੂਦਾ ਲੋਟੂ ਪ੍ਰਬੰਧ ਦੀ ਉਮਰ ਲੰਬੇਰੀ ਕਰਨ ਵਿਚ ਸਹਾਈ ਹੁੰਦੀਆਂ ਹਨ। 
ਇਨ੍ਹਾਂ ਹਾਲਤਾਂ ਵਿਚ ਦੇਸ਼ ਦੀਆਂ ਖੱਬੀਆਂ ਅਤੇ ਜਮਹੂਰੀ ਸ਼ਕਤੀਆਂ ਨੇ ਮੌਜੂਦਾ ਪੂੰਜੀਵਾਦੀ ਪ੍ਰਬੰਧ ਤੇ  ਹਾਕਮ ਜਮਾਤਾਂ ਦੀਆਂ ਲੁਟੇਰੀਆਂ ਲੋਕ ਵਿਰੋਧੀ ਸਰਕਾਰਾਂ ਦੇ ਵਿਰੋਧ ਵਿਚ ਇਕ ਯੋਗ ਮੁਤਬਾਦਲ ਉਸਾਰਨਾ ਹੈ ਜੋ ਮੌਜੂਦਾ ਸਾਮਰਾਜ ਨਿਰਦੇਸ਼ਤ ਨਵਉਦਾਰਵਾਦੀ ਨੀਤੀਆਂ ਦੇ ਮੁਕਾਬਲੇ ਵਿਚ ਲੋਕਾਂ ਸਾਹਮਣੇ ਇਕ ਲੋਕ ਪੱਖੀ ਪ੍ਰੋਗਰਾਮ ਤੇ ਨੀਤੀਆਂ ਪੇਸ਼ ਕਰਦਾ ਹੋਵੇ। ਇਹ ਬਦਲਵੀਆਂ ਨੀਤੀਆਂ ਲਾਜ਼ਮੀ ਤੌਰ 'ਤੇ ਸਾਮਰਾਜ, ਵੱਡੇ ਪੂੰਜੀਪਤੀਆਂ, ਜਗੀਰਦਾਰਾਂ ਤੇ ਹਰ ਰੰਗ ਦੇ ਸਵਾਰਥੀ ਹਿੱਤਾਂ ਦੀ ਲੁੱਟ ਖਸੁੱਟ ਦੇ ਵਿਰੁੱਧ ਹੋਣਗੀਆਂ ਤੇ ਲੋਕਾਂ ਨਾਲ ਸੰਬੰਧਤ ਮੁੱਦਿਆਂ 'ਤੇ ਸਰੋਕਾਰਾਂ ਉਪਰ ਕੇਂਦਰਤ ਹੋਣਗੀਆਂ। ਨਿੱਜੀਕਰਨ ਤੇ ਉਦਾਰੀਕਰਨ ਦੀਆਂ ਨੀਤੀਆਂ ਦਾ ਤਿਆਗ ਕਰਕੇ ਹੀ ਇਕ ਸਵੈਨਿਰਭਰ ਆਰਥਕ ਢਾਂਚੇ ਨੂੰ ਕਾਇਮ ਕੀਤਾ ਜਾ ਸਕਦਾ ਹੈ ਜੋ ਅੱਗੇ ਸਾਮਰਾਜੀ ਲੁੱਟ ਦਾ ਖਾਤਮਾ ਕਰਨ ਵੱਲ ਸੇਧਤ ਹੋਵੇਗਾ। ਇਹ ਪ੍ਰੋਗਰਾਮ ਬੇਕਾਰ ਹੱਥਾਂ ਨੂੰ ਰੁਜ਼ਗਾਰ ਦੇਣ, ਸਿਹਤ, ਵਿੱਦਿਆ ਤੇ ਸਮਾਜਿਕ ਸੁਰੱਖਿਆ ਲਈ ਲੋੜੀਂਦਾ ਧਨ ਮੁਹੱਈਆ ਕਰਾਉਣ, ਕਾਰਪੋਰੇਟ ਘਰਾਣਿਆਂ ਦੇ ਮੁਨਾਫਿਆਂ ਉਪਰ ਪਾਬੰਦੀਆਂ ਲਾਉਣ ਤੇ ਕੁਦਰਤੀ ਸਾਧਨਾਂ ਦੀ ਕੀਤੀ ਜਾ ਰਹੀ  ਬੇਤਰਸ ਲੁੱਟ ਖਸੁੱਟ ਬੰਦ ਕਰਨ ਦੇ ਨਾਲ ਨਾਲ ਲੋਕ ਪੱਖੀ ਦਿਸ਼ਾ ਵਿਚ ਵਾਤਾਵਰਨ ਨਾਲ ਸਬੰਧਤ ਮੁੱਦਿਆਂ ਨੂੰ ਵੀ ਪਹਿਲ ਦੇ ਆਧਾਰ ਉਪਰ ਹੱਲ ਕਰੇਗਾ। ਇਹ ਮੁਤਬਾਦਲ ਮੂਲ ਰੂਪ ਵਿਚ ਮਿਹਨਤਕਸ਼ ਲੋਕਾਂ ਦੇ ਵੱਖ-ਵੱਖ ਵਰਗਾਂ ਨੂੰ ਜਥੇਬੰਦ ਤੇ ਇਕਜੁਟ ਕਰਕੇ ਵਿਸ਼ਾਲ ਤੇ ਤਿੱਖੇ ਜਨਤਕ ਘੋਲਾਂ ਰਾਹੀਂ ਹੀ ਪ੍ਰਾਪਤ ਕੀਤਾ ਜਾ ਸਕਦਾ ਹੈ। ਇਹ ਲਾਮਬੰਦੀ ਸਾਮਰਾਜ ਨਿਰਦੇਸ਼ਤ ਆਰਥਕ ਨੀਤੀਆਂ ਅਤੇ ਹਰ ਰੰਗ ਦੀ ਫਿਰਕਾਪ੍ਰਸਤੀ ਦੇ ਵਿਰੋਧ ਵਿਚ ਕੀਤੀ ਜਾਵੇਗੀ ਜਿਸ ਵਿਚ ਸਮਾਜ ਦੇ ਵੱਖ-ਵੱਖ ਪੀੜਤ ਹਿੱਸਿਆਂ ਦੀ ਭਰਵੀਂ ਸ਼ਮੂਲੀਅਤ ਯਕੀਨੀ ਬਣਾਉਣੀ ਹੋਵੇਗੀ। ਜਨਤਕ ਸੰਘਰਸ਼ਾਂ ਵਿਚ ਸ਼ਾਮਲ ਧਿਰਾਂ ਨੂੰ ਅੱਗੋਂ ਜਮਹੂਰੀ ਪ੍ਰਕਿਰਿਆ ਦੇ ਦੂਸਰੇ ਖੇਤਰਾਂ ਵਿਚ ਖਾਸਕਰ ਵੱਖ-ਵੱਖ ਪੱਧਰਾਂ ਦੀਆਂ ਚੋਣ ਸਰਗਰਮੀਆਂ ਦੌਰਾਨ ਹੋਰ ਅੱਗੇ ਵਧਾਇਆ ਜਾ ਸਕਦਾ ਹੈ। 
ਇਹ ਜਿੰਮੇਵਾਰੀ ਖੱਬੀਆਂ ਧਿਰਾਂ ਦੀ ਬਣਦੀ ਹੈ ਕਿ ਕਮਿਊਨਿਸਟ ਲਹਿਰ ਵਿਚ ਸੱਜੇ ਖੱਬੇ ਕੁਰਾਹਿਆਂ ਦੇ ਵਿਰੋਧ ਵਿਚ ਵਿਚਾਰਧਾਰਕ ਸੰਘਰਸ਼ ਜਾਰੀ ਰੱਖਦਿਆਂ ਹੋਇਆਂ ਸਾਰੀਆਂ ਖੱਬੀਆਂ ਤੇ ਸੰਘਰਸ਼ਸ਼ੀਲ ਧਿਰਾਂ ਨੂੰ ਘੱਟੋ ਘੱਟ ਪ੍ਰੋਗਰਾਮਾਂ ਉਪਰ ਇਕਜੁੱਟ ਕਰਨ ਤੇ ਕਿਸੇ ਕਿਸਮ ਦੀ ਸੰਕੀਰਨਤਾ ਤੋਂ ਬਚਦੇ ਹੋਏ ਵਿਸ਼ਾਲ ਲਾਮਬੰਦੀ ਦੇ ਗਾਡੀ ਰਾਹੇ ਤੁਰਨ। ਇਸਤੋਂ ਬਿਨਾਂ ਕਿਸੇ ਇਕ ਲੋਕ ਪੱਖੀ ਮੁੱਦੇ ਉਪਰ ਲੜਨ ਵਾਲੀ ਕਿਸੇ ਵੀ ਰਾਜਸੀ ਤੇ ਸਮਾਜਿਕ ਧਿਰ ਨਾਲ ਉਸ ਖਾਸ ਮੁੱਦੇ ਬਾਰੇ ਸਾਂਝੀ ਲਾਮਬੰਦੀ ਕਰਦਿਆਂ ਹੋਇਆਂ ਤੰਗ ਨਜ਼ਰੀਏ ਨੂੰ ਅਪਣਾਉਣ ਤੋਂ ਗੁਰੇਜ਼ ਕਰਨ ਤੇ ਜਿਥੋਂ ਤੱਕ ਵੀ ਸੰਭਵ ਹੋਵੇ, ਉਨ੍ਹਾਂ ਤਾਕਤਾਂ ਨਾਲ ਸਾਂਝੇ ਘੋਲਾਂ ਵਿਚ ਸ਼ਮੂਲੀਅਤ ਕਰਨ। ਬੁਨਿਆਦੀ ਨੀਤੀਆਂ ਦੇ ਵਿਰੋਧ ਦੇ ਨਾਲ-ਨਾਲ ਲੋਕਾਂ ਦੀਆਂ ਫੌਰੀ ਸਮੱਸਿਆਵਾਂ ਦਾ ਹੱਲ ਕਰਨ ਤੇ ਜਿੰਨੀ ਵੀ ਸੰਭਵ ਹੋਵੇ, ਲੋਕਾਂ ਨੂੰ ਰਾਹਤ ਪਹੁੰਚਾਉਣ ਲਈ ਵੀ ਢੁਕਵੇਂ ਘੋਲ ਲਾਮਬੰਦ ਕਰਕੇ ਪ੍ਰਾਪਤੀਆਂ ਕਰਨੀਆਂ ਹੋਣਗੀਆਂ। ਅੰਸ਼ਿਕ ਜਿੱਤਾਂ ਨਾਲ ਜਨ ਸਧਾਰਨ ਵਿਚ ਆਤਮ ਵਿਸ਼ਵਾਸ਼ ਵਧੇਗਾ ਤੇ ਉਹ ਅੱਗੋਂ ਵੱਡੇ ਸੰਘਰਸ਼ਾਂ ਲਈ ਤਿਆਰ ਹੋਣਗੇ। 
ਇਸ ਤੱਥ ਨੂੰ ਵੀ ਆਮ ਲੋਕਾਂ ਨੂੰ ਸਮਝਾਇਆ ਜਾਣਾ ਚਾਹੀਦਾ ਹੈ ਕਿ ਸੰਸਾਰ ਭਰ ਵਿਚ ਮੌਜੂਦਾ ਪੂੰਜੀਵਾਦੀ ਨਿਜ਼ਾਮ ਚੰਦ ਅਮੀਰਾਂ ਦੀ ਸੇਵਾ ਕਰਨ ਤੇ ਅਬਾਦੀ ਦੇ ਵੱਡੇ ਹਿੱਸੇ ਨੂੰ ਤੰਗੀਆਂ ਤੁਰਛੀਆਂ ਦੇਣ ਤੋਂ ਸਿਵਾਏ ਹੋਰ ਕੁੱਝ ਨਹੀਂ ਕਰ ਸਕਦਾ ਤੇ ਇਸਦਾ ਖਾਤਮਾ ਵੀ ਲਾਜ਼ਮੀ ਹੈ, ਪ੍ਰੰਤੂ ਇਸ ਲਈ ਸੁਚੇਤ ਰੂਪ ਵਿਚ ਯਤਨ ਤੇ ਸੰਘਰਸ਼ ਕਰਨੇ ਹੋਣਗੇ। ਪੂੰਜੀਵਾਦੀ ਪ੍ਰਬੰਧ ਦੇ ਖਾਤਮੇ ਤੇ ਸਮਾਜਵਾਦੀ ਪ੍ਰਬੰਧ ਦੀ ਸਥਾਪਨਾ ਤੋਂ ਬਿਨਾਂ ਹੋਰ ਕੋਈ ਬਦਲ ਹੀ ਨਹੀਂ ਹੈ ਜਿੱਥੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਸੁੱਟ ਦਾ ਖਾਤਮਾ ਕਰਕੇ ਬਰਾਬਰਤਾ ਤੇ ਜਮਹੂਰੀਅਤ ਉਪਰ ਅਧਾਰਤ ਇਕ ਚੰਗੇਰੇ ਸਮਾਜ ਦੀ ਸਿਰਜਣਾ ਕੀਤੀ ਜਾ ਸਕੇ। ਇਹ ਕੰਮ ਦ੍ਰਿੜਤਾ ਤੇ ਪ੍ਰਤੀਬੱਧਤਾ ਦੇ ਨਾਲ ਨਾਲ ਬੇਗਰਜ਼ ਕੁਰਬਾਨੀਆਂ ਦੇ ਰਾਹੇ ਤੁਰਨ ਤੋਂ ਬਿਨਾਂ ਸੰਭਵ ਨਹੀਂ ਹੈ ਜਿਸ ਬਾਰੇ ਨਵੇਂ ਸਾਲ ਵਿਚ ਖੱਬੀਆਂ ਧਿਰਾਂ ਨੂੰ ਸਿਰ ਜੋੜ ਕੇ ਮਿਲ ਬੈਠਣ ਦੀ ਜ਼ਰੂਰਤ ਹੈ। 
ਦੇਸ਼ ਦੀ ਆਮ ਜਨਤਾ ਮੌਜੂਦਾ ਸੰਤਾਪ ਤੋਂ ਬੰਦਖਲਾਸੀ ਚਾਹੁੰਦੀ ਹੈ, ਪ੍ਰੰਤੂ ਉਨ੍ਹਾਂ ਨੂੰ ਕੋਈ ਯੋਗ ਰਸਤਾ ਦਿਖਾਈ ਨਹੀਂ ਦੇ ਰਿਹਾ। ਸਮਾਜ ਦੇ ਵੱਖ-ਵੱਖ ਪੀੜਤ ਲੋਕਾਂ ਕੋਲ ਕਿਵੇਂ ਪਹੁੰਚ ਕਰਨੀ ਹੈ, ਇਸ ਕੰਮ ਲਈ ਨਵੀਆਂ ਨਵੀਆਂ ਵਿਧੀਆਂ ਦੀ ਖੋਜ ਤੇ ਲੋਕਾਂ ਦੇ ਦਿਲਾਂ-ਦਿਮਾਗਾਂ ਨੂੰ ਟੁੰਬਣ ਵਾਲੀਆਂ ਮੰਗਾਂ ਦੀ ਨਿਸ਼ਾਨਦੇਹੀ ਕਰਨੀ ਸਮਾਜਿਕ ਤਬਦੀਲੀ ਲਈ ਯਤਨਸ਼ੀਲ ਧਿਰਾਂ ਦੀ ਜ਼ਿੰਮੇਵਾਰੀ ਹੈ। ਇਸ ਦਿਸ਼ਾ ਵਿਚ ਕਈ ਪੁਰਾਣੇ ਘਿਸੇ-ਪਿਟੇ ਤਰੀਕੇ ਤੇ ਨਾਅਰੇ ਤਿਆਗਣੇ ਹੋਣਗੇ ਤੇ ਨਵੇਂ ਢੰਗ ਖੋਜਣੇ ਹੋਣਗੇ। ਇਹ ਕੰਮ ਇਨਕਲਾਬੀ ਸਿਧਾਂਤ ਦੀ ਸੇਧ ਤੇ ਇਨਕਲਾਬੀ ਜੱਥੇਬੰਦੀ ਦੀ ਕਾਇਮੀ ਨਾਲ ਹੀ ਸੰਭਵ ਹੈ। ਕਈ ਖੱਬੇ ਪੱਖੀ ਕਥਿਤ ਬੁਧੀਜੀਵੀਆਂ ਵਲੋਂ ਇਨਕਲਾਬੀ ਸਿਧਾਂਤ ਤੇ ਇਨਕਲਾਬੀ ਜਥੇਬੰਦੀ ਨੂੰ ਜਨਤਾ ਦੀ ਵਿਸ਼ਾਲ ਲਾਮਬੰਦੀ ਦੇ ਰਾਹ ਵਿਚ ਰੁਕਾਵਟ ਸਮਝਕੇ ਛਟਿਆਉਣ ਦਾ ਯਤਨ ਕੀਤਾ ਜਾ ਰਿਹਾ ਹੈ। ਇਹ ਦੋਨੋਂ ਪੱਖ ਇਕ ਦੂਸਰੇ ਦੇ ਸਹਾਇਕ ਹਨ ਨਾ ਕਿ ਵਿਰੋਧੀ। ਸਮਾਜਿਕ ਤਬਦੀਲੀ ਦਾ ਮਹਾਨ ਕਾਰਜ ਵਿਸ਼ਾਲ ਜਨਤਕ ਲਾਮਬੰਦੀ ਰਾਹੀਂ ਹੀ ਕੀਤਾ ਜਾ ਸਕਦਾ ਹੈ ਜਿਸਨੂੰ ਇਨਕਲਾਬੀ ਸਿਧਾਂਤ ਤੇ ਜਥੇਬੰਦੀ ਹੀ ਠੀਕ ਦਿਸ਼ਾ ਪ੍ਰਦਾਨ ਕਰ ਸਕਦੀ ਹੈ। ਸਾਨੂੰ ਸਮਾਜਕ ਬਦਲਾਅ ਲਈ ਸਰਗਰਮ ਵੱਖ-ਵੱਖ ਲੋਕ ਪੱਖੀ ਧਾਰਣਾਵਾਂ ਪ੍ਰਤੀ ਨਿਖੇਧਾਤਮਕ ਵਤੀਰਾ ਅਖਤਿਆਰ ਕਰਨ ਦੀ ਥਾਂ ਸਹਿਯੋਗੀ ਤੇ ਮਦਦਗਾਰੀ ਕਾਰਕਾਂ ਵਜੋਂ ਲੈਣਾ ਚਾਹੀਦਾ ਹੈ, ਪ੍ਰੰਤੂ ਫੌਰੀ ਤੇ ਚੁਣਾਵੀਂ ਪ੍ਰਾਪਤੀਆਂ ਨੂੰ ਦੇਖਕੇ ਕਿਸੇ ਜਜ਼ਬਾਤੀ ਵਹਾਅ  ਵਿਚ ਬਹਿ ਕੇ ਜਮਾਤੀ ਨਜ਼ਰੀਏ ਨੂੰ ਨਹੀਂ ਤਿਆਗਣਾ ਚਾਹੀਦਾ। ਹਰ ਘਟਨਾ ਤੇ ਰਾਜਸੀ ਸਰਗਰਮੀ ਨੂੰ ਸਮਾਜਿਕ ਤਬਦੀਲੀ ਵੱਲ ਸੇਧਤ ਲਹਿਰ ਨੂੰ ਮਜ਼ਬੂਤ ਕਰਨ ਦੇ ਨਜ਼ਰੀਏ ਨਾਲ ਹੀ ਘੋਖਣ ਤੇ ਸਮਝਣ ਦੀ ਜ਼ਰੂਰਤ ਹੈ। 

No comments:

Post a Comment