Tuesday 14 January 2014

ਜਨਤਕ ਲਾਮਬੰਦੀ (ਅੰਕ ਜਨਵਰੀ-2014)

ਜਨ ਚੇਤਨਾ ਮੁਹਿੰਮ ਅਧੀਨ ਜ਼ਿਲ੍ਹਾ ਕੇਂਦਰਾਂ 'ਤੇ ਵਿਸ਼ਾਲ ਜਨਤਕ ਧਰਨੇ

ਸੀ.ਪੀ.ਐਮ.ਪੰਜਾਬ ਵਲੋਂ ਆਰੰਭੀ ਗਈ ਜਨ ਚੇਤਨਾ ਮੁਹਿੰਮ ਅਧੀਨ 12 ਦਸੰਬਰ ਤੋਂ ਸੂਬੇ ਭਰ ਵਿਚ ਜ਼ਿਲ੍ਹਾ ਕੇਂਦਰਾਂ 'ਤੇ ਵਿਸ਼ਾਲ ਜਨਤਕ ਧਰਨੇ ਦੇ ਕੇ ਭੱਖਦੀਆਂ ਲੋਕ-ਮੰਗਾਂ ਨੂੰ ਉਭਾਰਿਆ ਗਿਆ ਤੇ ਉਨ੍ਹਾਂ ਦੇ ਫੌਰੀ ਹੱਲ ਲਈ ਸਰਕਾਰ 'ਤੇ ਜ਼ੋਰ ਦਿੱਤਾ ਗਿਆ। 
ਇਹ ਜਨ-ਚੇਤਨਾ ਮੁਹਿੰਮ 23 ਸਤੰਬਰ 2013 ਨੂੰ ਇਕ ਵਿਸ਼ਾਲ ਜਨ ਚੇਤਨਾ ਕਨਵੈਨਸ਼ਨ ਨਾਲ ਸ਼ੁਰੂ ਹੋਈ ਸੀ ਜਿਸ ਵਿਚ ਐਲਾਨੇ ਗਏ ਪ੍ਰੋਗਰਾਮ ਮੁਤਾਬਕ ਪਹਿਲਾਂ ਜ਼ਿਲ੍ਹਾ ਪੱਧਰੀ ਜਨ-ਚੇਤਨਾਂ ਕਨਵੈਨਸ਼ਨਾਂ ਕੀਤੀਆਂ ਗਈਆਂ ਤੇ ਬਾਅਦ 'ਚ 15 ਤੋਂ 30 ਨਵੰਬਰ ਤੱਕ ਸੂਬੇ ਭਰ 'ਚ ਜਥਾ ਮਾਰਚ ਕਰਕੇ ਲੋਕਾਂ ਨੂੰ ਹਾਕਮਾਂ ਦੀਆਂ ਮਾਰੂ ਨੀਤੀਆਂ ਵਿਰੁੱਧ ਜਾਗਰੂਕ ਕੀਤਾ ਗਿਆ ਸੀ। 
ਜ਼ਿਲ੍ਹਾ ਕੇਂਦਰਾਂ 'ਤੇ ਦਿੱਤੇ ਗਏ ਧਰਨਿਆਂ ਨੂੰ ਸੰਬੋਧਨ ਕਰਦਿਆਂ ਪਾਰਟੀ ਆਗੂਆਂ ਨੇ ਕਿਹਾ ਕਿ ਦੇਸ਼ ਦੇ ਹਾਕਮਾਂ ਨੇ ਸਾਮਰਾਜੀ ਸੰਸਾਰੀਕਰਨ, ਉਦਾਰੀਕਰਨ ਤੇ ਨਿੱਜੀਕਰਨ ਦੀਆਂ ਨੀਤੀਆਂ ਲਾਗੂ ਕਰਕੇ ਅੰਨ੍ਹੀ ਲੁੱਟ ਮਚਾ ਰੱਖੀ ਹੈ। ਸਾਡੇ ਮਹਾਨ ਗ਼ਦਰੀ ਸੂਰਬੀਰਾਂ ਨੇ ਜਿਨ੍ਹਾਂ ਸਾਮਰਾਜੀ ਤਾਕਤਾਂ ਤੋਂ ਦੇਸ਼ ਨੂੰ ਆਜ਼ਾਦ ਕਰਵਾਉਣ ਲਈ ਆਪਣੀਆਂ ਜਾਨਾਂ ਵਾਰੀਆਂ ਸਨ, ਜਾਇਦਾਦਾਂ ਕੁਰਕ ਕਰਵਾਈਆਂ ਸਨ ਤੇ ਆਪਣੇ ਪਰਵਾਰ ਤੱਕ ਵਾਰ ਦਿੱਤੇ ਸਨ, ਅੱਜ ਦੇਸ਼ ਦੇ ਹਾਕਮ ਉਨ੍ਹਾਂ ਸਾਮਰਾਜੀ ਵਿਦੇਸ਼ੀ ਲੁਟੇਰਿਆਂ ਨਾਲ ਬਗਲਗੀਰ ਹੀ ਨਹੀਂ ਹੋਏ ਸਗੋਂ ਦੇਸ਼ ਦੇ ਕੁਦਰਤੀ ਖਜ਼ਾਨੇ ਜਲ, ਜੰਗਲ, ਜ਼ਮੀਨ ਤੱਕ ਉਨ੍ਹਾਂ ਦੇ ਹਵਾਲੇ ਕਰੀ ਜਾ ਰਹੇ ਹਨ। ਆਗੂਆਂ ਨੇ ਕਿਹਾ ਕਿ ਇਨ੍ਹਾਂ ਲੋਕਮਾਰੂ ਨੀਤੀਆਂ ਦਾ ਹੀ ਸਿੱਟਾ ਹੈ ਕਿ ਨਿੱਤ ਵਰਤੋਂ ਦੀਆਂ ਵਸਤਾਂ ਦੀਆਂ ਕੀਮਤਾਂ ਨਿਰੰਤਰ ਅਸਮਾਨੀ ਚੜ੍ਹਦੀਆਂ ਜਾ ਰਹੀਆਂ ਹਨ। ਦੇਸ਼ ਅੰਦਰ ਬੇਰੁਜ਼ਗਾਰੀ ਦੀ ਸਮੱਸਿਆ ਬਹੁਤ ਹੀ ਭਿਅੰਕਰ ਰੂਪ ਧਾਰ ਚੁੱਕੀ ਹੈ। ਬੇਰੁਜ਼ਗਾਰ ਨੌਜਵਾਨ ਨਿਰਾਸ਼ਾ ਦਾ ਸ਼ਿਕਾਰ ਹੋ ਕੇ ਨਸ਼ਿਆਂ 'ਚ ਗਲਤਾਨ ਹੋ ਰਹੇ ਹਨ ਤੇ ਅਸਮਾਜਕ ਧੰਦਿਆਂ ਵਿਚ ਫਸਦੇ ਜਾ ਰਹੇ ਹਨ। ਕਿਸਾਨੀ ਦਾ ਜ਼ਿਕਰ ਕਰਦਿਆਂ ਆਗੂਆਂ ਨੇ ਕਿਹਾ ਕਿ ਹਾਕਮਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਛੋਟੀ ਤੇ ਦਰਮਿਆਨੀ ਕਿਸਾਨੀ ਹਾਸ਼ੀਏ 'ਤੇ ਧੱਕ ਦਿੱਤੀ ਗਈ ਹੈ। ਆਰਥਕ ਤੰਗੀਆਂ 'ਤੇ ਕਰਜ਼ੇ ਦੇ ਜਾਲ 'ਚ ਫਸੇ ਕਿਸਾਨ ਖੁਦਕੁਸ਼ੀਆਂ ਕਰੀ ਜਾ ਰਹੇ ਹਨ। 
ਆਗੂਆਂ ਨੇ ਦੱਸਿਆ ਕਿ ਸਾਮਰਾਜੀ ਗਲਬੇ ਵਾਲੀਆਂ ਸੰਸਥਾਵਾਂ ਸੰਸਾਰ ਬੈਂਕ, ਕੌਮਾਂਤਰੀ ਮੁਫਰਾ ਫੰਡ ਅਤੇ ਵਿਸ਼ਵ ਵਪਾਰ ਸੰਸਥਾ ਦੀ ਤਰਿਕੜੀ ਦੇ ਨਿਰਦੇਸ਼ਾਂ ਹੇਠ ਭਾਰਤੀ ਹਾਕਮਾਂ ਵਲੋਂ ਲਾਗੂ ਕੀਤੀਆਂ ਜਾ ਰਹੀਆਂ ਨੀਤੀਆਂ ਦਾ ਸਿੱਟਾ ਹੈ ਕਿ ਰੁਜ਼ਗਾਰ ਦੇ ਵਸੀਲੇ ਬੜੀ ਤੇਜ਼ੀ ਨਾਲ ਘਟਦੇ ਜਾ ਰਹੇ ਹਨ। ਇਨ੍ਹਾਂ ਨੀਤੀਆਂ ਕਾਰਨ ਹੀ ਦੇਸ਼ ਅੰਦਰ ਰੁਜ਼ਗਾਰ ਦੇ ਵਸੀਲੇ ਬੜੀ ਤੇਜ਼ੀ ਨਾਲ ਘਟਦੇ ਜਾ ਰਹੇ ਹਨ। ਖਰਚਾ ਘਟਾਉਣ ਦੇ ਬਹਾਨੇ, ਸਰਕਾਰੀ ਤੇ ਅਰਧ ਸਰਕਾਰੀ ਨੌਕਰੀਆਂ ਲਈ ਨਵੀਂ ਭਰਤੀ ਉਪਰ ਰੋਕ ਲਾ ਕੇ, ਛੋਟੇ ਮੁਲਾਜ਼ਮਾਂ ਲਈ ਤਾਂ ਠੇਕਾ ਭਰਤੀ ਦੀ ਪ੍ਰਣਾਲੀ ਸ਼ੁਰੂ ਕਰ ਦਿੱਤੀ ਗਈ ਹੈ, ਜਦੋਂਕਿ ਅਫਸਰਾਂ ਲਈ ਸਥਾਈ ਭਰਤੀ ਹੋ ਰਹੀ ਹੈ। ਸਾਮਰਾਜੀ ਸੰਸਾਰੀਕਰਨ ਨੇ ਬੇਲੋੜੇ ਵਿਦੇਸ਼ੀ ਮਾਲ ਲਈ ਦੇਸ਼ ਦੀ ਵਿਸ਼ਾਲ ਮੰਡੀ ਪੂਰੀ ਤਰ੍ਹਾਂ ਖੋਲ੍ਹ ਦਿੱਤੀ ਹੈ ਜਿਸ ਨਾਲ ਦੇਸੀ ਉਦਯੋਗ ਬੰਦ ਹੋ ਗਏ ਹਨ ਅਤੇ ਉਹਨਾਂ 'ਚ ਕੰਮ ਕਰਦੇ ਕਰੋੜਾਂ ਕਿਰਤੀ ਵਿਹਲੇ ਹੋ ਗਏ ਹਨ। ਸਾਮਰਾਜੀ ਵਿੱਤੀ ਪੂੰਜੀ ਨੇ ਤਾਂ ਰੁਜ਼ਗਾਰ ਦੇ ਵਸੀਲਿਆਂ ਨੂੰ ਹਰ ਖੇਤਰ ਵਿਚ ਵੱਡੀ ਸੰਨ੍ਹ ਲਾਈ ਹੈ। ਦੇਸ਼ ਅੰਦਰ ਰਿਸ਼ਵਤਖੋਰੀ ਤੇ ਭਰਿਸ਼ਟਾਚਾਰ ਬਾਕਾਇਦਾ ਸੰਸਥਾਗਤ ਰੂਪ ਧਾਰਨ ਕਰ ਚੁੱਕੇ ਹਨ ਅਤੇ ਇਕ ਤਰ੍ਹਾਂ ਨਾਲ ਕਾਨੂੰਨੀ ਮਾਨਤਾ ਪ੍ਰਾਪਤ ਕਰ ਗਏ ਹਨ।  
ਆਗੂਆਂ ਨੇ ਚਿਤਾਵਨੀ ਦਿੱਤੀ ਕਿ ਤਬਾਹਕੁੰਨ ਨੀਤੀਆਂ ਦੇ ਫਲਸਰੂਪ ਫੈਲੀ ਹੋਈ ਵਿਆਪਕ ਲੋਕ ਬੇਚੈਨੀ ਤੋਂ ਲਾਹਾ ਲੈ ਕੇ ਹੀ ਦੇਸ਼ ਅੰਦਰ ਪਿਛਾਖੜੀ ਤਾਕਤਾਂ, ਵਿਸ਼ੇਸ਼ ਤੌਰ 'ਤੇ ਫਾਸ਼ੀਵਾਦੀ ਫਿਰਕੂ, ਵੱਖਵਾਦੀ ਤੇ ਵੰਡਵਾਦੀ ਤੱਤ ਅਪਣਾ ਜਨਤਕ ਆਧਾਰ ਵਧਾ ਰਹੇ ਹਨ ਅਤੇ ਗੈਰ-ਜਮਾਤੀ ਤੇ ਨਿਰੋਲ ਜਜ਼ਬਾਤੀ ਮੁੱਦਿਆਂ ਰਾਹੀਂ ਲੋਕਾਂ ਨੂੰ ਗੁੰਮਰਾਹ ਕਰਕੇ ਰਾਜਸੱਤਾ 'ਤੇ ਕਬਜ਼ਾ ਕਰਨ ਦੀ ਤਿਆਰੀ ਕਰ ਰਹੇ ਹਨ। 
ਬੁਲਾਰਿਆਂ ਨੇ ਕਿਹਾ ਕਿ ਸਾਮਰਾਜ ਨਿਰਦੇਸ਼ਤ ਨੀਤੀਆਂ ਦਾ ਡਟਵਾਂ ਵਿਰੋਧ ਕਰਕੇ ਹੀ ਇਨ੍ਹਾਂ ਦੀਆਂ ਸਮੁੱਚੀਆਂ ਆਰਥਕ, ਸਮਾਜਕ ਤੇ ਸਭਿਆਚਾਰਕ ਸਮੱਸਿਆਵਾਂ ਦਾ ਹੱਲ ਕੀਤਾ ਜਾ ਸਕਦਾ ਹੈ। ਸਮੇਂ ਦੀ ਇਹ ਲੋੜ ਹੈ ਕਿ ਕਿਰਤੀ ਲੋਕਾਂ ਨੂੰ ਦਰਪੇਸ਼ ਬੇਇਨਸਾਫੀਆਂ ਵਧੀਕੀਆਂ ਤੇ ਆਰਥਕ ਲੁੱਟ ਤੋਂ ਨਿਜਾਤ ਦਿਵਾਉਣ ਲਈ ਜਨਤਕ ਸੰਘਰਸ਼ਾਂ ਨੂੰ ਲੋਕ ਯੁੱਧ ਦਾ ਰੂਪ ਦਿੱਤਾ ਜਾਵੇ। ਇਸ ਕਾਰਜ ਵਾਸਤੇ ਉਨ੍ਹਾਂ ਸਮੂਹ ਖੱਬੀਆਂ ਪਾਰਟੀਆਂ ਨੂੰ ਵਿਚਾਰਧਾਰਕ ਮਤਭੇਦਾਂ ਦੇ ਹੁੰਦਿਆਂ ਵੀ ਇਕ ਘੱਟੋ ਘੱਟ ਸਾਂਝੇ ਪ੍ਰੋਗਰਾਮ ਲਈ ਇਕ ਸਾਂਝੇ ਪਲੇਟਫਾਰਮ 'ਤੇ ਆਉਣ ਅਤੇ ਵਿਆਪਕ ਜਨ ਅੰਦੋਲਨ ਸ਼ੁਰੂ ਕਰਨ ਦਾ ਸੱਦਾ ਵੀ ਦਿੱਤਾ। 

ਇਨ੍ਹਾਂ ਜਨ ਚੇਤਨਾ ਧਰਨਿਆਂ ਬਾਰੇ 'ਸੰਗਰਾਮੀ ਲਹਿਰ' ਨੂੰ ਪੁੱਜੀਆਂ ਰਿਪੋਰਟਾਂ ਹੇਠਾਂ ਦਿੱਤੀਆਂ ਜਾ ਰਹੀਆਂ ਹਨ : 

ਅੰਮ੍ਰਿਤਸਰ : ਕਮਿਊਨਿਸਟ ਪਾਰਟੀ ਮਾਰਕਸਵਾਦੀ ਪੰਜਾਬ ਵੱਲੋਂ 12 ਦਸੰਬਰ ਨੂੰ ਜਨਤਕ ਮੁੱਦਿਆਂ, ਵਧ ਰਹੀ ਮਹਿੰਗਾਈ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਤੇ ਸਮਾਜਿਕ ਜਬਰ ਆਦਿ ਦੇ ਸਥਾਈ ਹੱਲ ਬਾਰੇ ਚਲਾਈ ਗਈ ਜਨਤਕ ਮੁਹਿੰਮ ਦੀ ਅਗਲੀ ਕੜੀ ਵਜੋਂ ਪਾਰਟੀ ਦੇ ਝੰਡੇ ਹੇਠ ਹਜ਼ਾਰਾਂ ਮਜ਼ਦੂਰਾਂ, ਕਿਸਾਨਾਂ ਤੇ ਹੋਰ ਕਿਰਤੀ ਲੋਕਾਂ ਨੇ ਸ਼ਹਿਰ ਵਿੱਚ ਮਾਰਚ ਕਰਕੇ ਕੇਂਦਰ ਤੇ ਪੰਜਾਬ ਸਰਕਾਰਾਂ ਵਿਰੁੱਧ ਨਾਹਰੇਬਾਜ਼ੀ ਕਰਦੇ ਹੋਏ ਡਿਪਟੀ ਕਮਿਸ਼ਨਰ ਦੇ ਦਫਤਰ ਸਾਹਮਣੇ ਰੋਹ ਭਰਿਆ ਵਿਸ਼ਾਲ ਧਰਨਾ ਦਿੱਤਾ। ਇਸ ਧਰਨੇ ਦੀ ਪ੍ਰਧਾਨਗੀ ਸਰਵਸਾਥੀ ਗੁਰਨਾਮ ਸਿੰਘ ਦਾਊਦ, ਜਗਤਾਰ ਸਿੰਘ ਕਰਮਪੁਰਾ, ਰਾਜ ਬਲਬੀਰ ਸਿੰਘ ਵੀਰਮ ਤੇ ਗੁਰਨਾਮ ਸਿੰਘ ਉਮਰਪੁਰਾ ਨੇ ਕੀਤੀ।
ਵਿਸ਼ਾਲ ਧਰਨੇ ਨੂੰ ਸੰਬੋਧਨ ਕਰਦਿਆਂ ਸੀ ਪੀ ਐੱਮ ਪੰਜਾਬ ਦੇ ਸੂਬਾ ਸਕੱਤਰ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਲੋਕਾਂ ਦੀਆਂ ਸਾਰੀਆਂ ਸਮੱਸਿਆਵਾਂ ਕੇਂਦਰ ਤੇ ਸੂਬਾ ਸਰਕਾਰ ਵੱਲੋਂ ਅਪਣਾਈਆਂ ਗਈਆਂ ਸਾਮਰਾਜੀ ਨਿਰਦੇਸ਼ਤ ਲੋਕ-ਵਿਰੋਧੀ ਨਵ-ਉਦਾਰਵਾਦੀ ਨੀਤੀਆਂ ਵਿਚੋਂ ਹੀ ਪੈਦਾ ਹੁੰਦੀਆਂ ਹਨ। ਇਸ ਲਈ ਇਹਨਾਂ ਨੀਤੀਆਂ ਨੂੰ ਸ਼ਕਤੀਸ਼ਾਲੀ ਜਨ-ਅੰਦੋਲਨਾਂ ਰਾਹੀਂ ਬਦਲਣਾ ਅਜੋਕੇ ਸਮੇਂ ਦੀ ਸਭ ਤੋਂ ਵੱਡੀ ਲੋੜ ਹੈ। ਉਹਨਾ ਕਿਹਾ ਕਿ ਸਾਮਰਾਜੀ ਦੇਸ਼ ਆਪਣੇ ਆਰਥਕ ਸੰਕਟ ਦਾ ਵੱਧ ਤੋਂ ਵੱਧ ਭਾਰ ਭਾਰਤ ਵਰਗੇ ਵਿਕਾਸਸ਼ੀਲ ਦੇਸ਼ਾਂ 'ਤੇ ਲੱਦਣਾ ਚਾਹੁੰਦੇ ਹਨ। ਇਸ ਵਾਸਤੇ ਹੀ ਬਾਲੀ ਵਿਖੇ ਹੋਈ ਵਿਸ਼ਵ ਵਪਾਰ ਸੰਸਥਾ ਦੀ ਕਾਨਫਰੰਸ ਵਿੱਚ ਭਾਰਤ ਨੂੰ ਅੰਨ ਸੁਰੱਖਿਆ ਦੇ ਕਾਨੂੰਨ ਨੂੰ ਵਾਪਸ ਲੈਣ ਲਈ ਦਬਾਅ ਪਾਇਆ ਗਿਆ। ਸਾਥੀ ਪਾਸਲਾ ਨੇ ਦੱਸਿਆ ਕਿ ਇਹਨਾਂ ਮਾਰੂ ਨੀਤੀਆਂ ਵਿਰੁੱਧ ਲੋਕਾਂ ਵਿੱਚ ਭਾਰੀ ਗੁੱਸਾ ਪਾਇਆ ਜਾ ਰਿਹਾ ਹੈ, ਜਿਸ ਦਾ ਪ੍ਰਗਟਾਵਾ ਉਹਨਾਂ ਦਿੱਲੀ ਵਿਧਾਨ ਚੋਣਾਂ ਵਿੱਚ 'ਆਮ ਆਦਮੀ ਪਾਰਟੀ' ਦੇ ਉਮੀਦਵਾਰਾਂ ਨੂੰ ਭਾਰੀ ਸਫਲਤਾ ਦੇ ਕੇ ਜ਼ਾਹਰ ਕੀਤਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੀਆਂ ਸਾਰੀਆਂ ਖੱਬੀਆਂ ਤੇ ਹੋਰ ਲੋਕ-ਪੱਖੀ ਪਾਰਟੀਆਂ ਅਤੇ ਇਨਸਾਫਪਸੰਦ ਲੋਕਾਂ ਨੂੰ ਇਕੱਠੇ ਹੋ ਕੇ ਵਿਸ਼ਾਲ ਤੇ ਬੱਝਵਾਂ ਸੰਗਰਾਮ ਕਰਨਾ ਚਾਹੀਦਾ ਹੈ, ਤਾਂ ਜੋ ਕਿ ਲੋਕ ਪੱਖੀ ਨੀਤੀਗਤ ਬਦਲ ਪੇਸ਼ ਕੀਤਾ ਜਾ ਸਕੇ। 
ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਜਨਰਲ ਸਕੱਤਰ ਗੁਰਨਾਮ ਸਿੰਘ ਦਾਊਦ ਤੇ ਸੀ ਟੀ ਯੂ ਆਗੂ ਜਗਤਾਰ ਸਿੰਘ ਕਰਮਪੁਰਾ ਨੇ ਕਿਹਾ ਕਿ ਸਰਕਾਰ ਦੀਆਂ ਇਹਨਾਂ ਨੀਤੀਆਂ ਕਰਕੇ ਮਜ਼ਦੂਰਾਂ ਤੇ ਗਰੀਬਾਂ ਦੀਆਂ ਜੀਵਨ ਹਾਲਤਾਂ ਬਹੁਤ ਹੀ ਦੁਖਦਾਈ ਬਣਦੀਆਂ ਜਾ ਰਹੀਆਂ ਹਨ। ਉਹਨਾਂ ਪਾਸੋਂ ਰੁਜ਼ਗਾਰ ਦੇ ਮੌਕੇ ਖੁਸਦੇ ਜਾ ਰਹੇ ਹਨ ਅਤੇ ਸਰਕਾਰਾਂ ਉਹਨਾਂ ਨੂੰ ਮਿਲਦੀਆਂ ਨਿਗੁਣੀਆਂ ਸਹੂਲਤਾਂ ਵੀ ਖੋਹ ਰਹੀਆਂ ਹਨ। ਉਹਨਾਂ ਨੂੰ ਬੱਚਿਆਂ ਦੀ ਪੜ੍ਹਾਈ ਤੇ ਪੀਣ ਵਾਲੇ ਪਾਣੀ ਤੋਂ ਵੀ ਵਾਂਝੇ ਕੀਤਾ ਜਾ ਰਿਹਾ ਹੈ ਅਤੇ ਗਰੀਬਾਂ ਲਈ ਦੋ ਵੇਲੇ ਦੀ ਰੋਟੀ ਦਾ ਜੁਗਾੜ ਕਰਨਾ ਵੀ ਮੁਸ਼ਕਲ ਹੋ ਗਿਆ ਹੈ। ਇਹਨਾਂ ਆਗੂਆਂ ਕਿਹਾ ਕਿ ਇਹਦੇ ਲਈ ਇੱਕਜੁੱਟ ਹੋ ਕੇ ਲੋਕ ਘੋਲਾਂ ਦੇ ਪਿੜ ਮੱਲਣੇ ਚਾਹੀਦੇ ਹਨ।  
ਸੀ ਪੀ ਐੱਮ ਪੰਜਾਬ ਦੇ ਸੂਬਾ ਸਕੱਤਰੇਤ ਮੈਂਬਰ ਤੇ ਪਾਰਟੀ ਦੇ ਜ਼ਿਲ੍ਹਾ ਸਕੱਤਰ ਰਤਨ ਸਿੰਘ ਰੰਧਾਵਾ ਤੇ ਉਘੇ ਕਿਸਾਨ ਆਗੂ ਡਾ. ਸਤਨਾਮ ਸਿੰਘ ਅਜਨਾਲਾ ਨੇ ਦੱਸਿਆ ਕਿ ਸਰਕਾਰ ਦੀਆਂ ਮਾਰੂ  ਨੀਤੀਆਂ ਕਾਰਨ ਖੇਤੀ ਸੰਕਟ ਦਿਨ-ਬ-ਦਿਨ ਗੰਭੀਰ ਹੁੰਦਾ ਜਾ ਰਿਹਾ ਹੈ। ਕਿਸਾਨਾਂ ਨੂੰ ਮਿਲਦੀਆਂ ਸਬਸਿਡੀਆਂ ਕੇਂਦਰ ਤੇ ਪੰਜਾਬ ਸਰਕਾਰ ਵੱਲੋਂ ਕੱਟੀਆਂ ਜਾਣ ਕਰਕੇ ਖੇਤੀ ਖਰਚੇ ਵਧਦੇ ਜਾ ਰਹੇ ਹਨ, ਦੂਸਰੇ ਪਾਸੇ ਜਿਣਸਾਂ ਦੇ ਭਾਅ ਘੱਟ ਦਿੱਤੇ ਜਾ ਰਹੇ ਹਨ, ਅਬਾਦਕਾਰਾਂ ਤੇ ਸਰਹੱਦੀ ਕਿਸਾਨਾਂ ਦੇ ਮਸਲੇ ਹੱਲ ਨਹੀਂ ਕੀਤੇ ਜਾ ਰਹੇ। ਸਿੱਟੇ ਵਜੋਂ ਇਹ ਧੰਦਾ ਲਗਾਤਾਰ ਘਾਟੇਵੰਦਾ ਹੁੰਦਾ ਜਾ ਰਿਹਾ ਹੈ। ਇਸ ਕਰਕੇ ਕਿਸਾਨ ਕਰਜ਼ੇ ਦੇ ਜਾਲ ਵਿੱਚ ਫਸਦਾ ਜਾ ਰਿਹਾ ਹੈ। 
ਖਚਾਖਚ ਭਰੇ ਇਸ ਇਕੱਠ ਨੂੰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੀਨੀਅਰ ਆਗੂਆਂ ਹਰਪ੍ਰੀਤ ਸਿੰਘ ਬੁਟਾਰੀ ਤੇ ਕੁਲਵੰਤ ਸਿੰਘ ਮੱਲੂਨੰਗਲ, ਜਨਵਾਦੀ ਇਸਤਰੀ ਸਭਾ ਦੀਆਂ ਆਗੂਆਂ ਰਜਵੰਤ ਕੌਰ ਮਾਨ ਤੇ ਅਜੀਤ ਕੌਰ ਕੋਟ ਰਜ਼ਾਦਾ ਤੋਂ ਇਲਾਵਾ ਮਜ਼ਦੂਰ ਕਿਸਾਨ ਆਗੂਆਂ ਅਮਰੀਕ ਸਿੰਘ ਦਾਊਦ, ਕਾਰਜ ਸਿੰਘ ਮਜੀਠਾ, ਸੀਤਲ ਸਿੰਘ ਤਲਵੰਡੀ, ਨਿਰਮਾਣ ਮਜ਼ਦੂਰ ਆਗੂ ਡਾ. ਬਲਵਿੰਦਰ ਸਿੰਘ ਛੇਹਰਟਾ, ਬਲਦੇਵ ਸਿੰਘ ਸੈਦਪੁਰ,  ਸੁਰਜੀਤ ਸਿੰਘ ਦੁਦਰਾਏ, ਡਾ. ਗੁਰਮੇਜ ਸਿੰਘ ਤਿੰਮੋਵਾਲ, ਆਬਾਦਕਾਰ ਆਗੂ ਸਾਬਕਾ ਸਰਪੰਚ ਬਿਸ਼ਨ ਸਿੰਘ, ਅਮਰਜੀਤ ਸਿੰਘ ਭੀਲੋਵਾਲ, ਬਾਬਾ ਅਰਜਨ ਸਿੰਘ ਹੁਸ਼ਿਆਰ ਨਗਰ, ਮਾਸਟਰ ਹਰਭਜਨ ਸਿੰਘ ਟਰਪਈ ਤੇ ਜਗੀਰ ਸਿੰਘ ਸਾਰੰਗਦੇਵ ਨੇ ਵੀ ਧਰਨੇ ਨੂੰ ਸੰਬੋਧਨ ਕੀਤਾ। ਧਰਨੇ ਦੇ ਅੰਤ 'ਤੇ ਮੁੱਖ ਮੰਤਰੀ ਦੇ ਨਾਂਅ ਡਿਪਟੀ ਕਮਿਸ਼ਨਰ ਨੂੰ ਸੀ ਪੀ ਐੱਮ ਪੰਜਾਬ ਵੱਲੋਂ ਮੰਗ ਪੱਤਰ ਦਿੱਤਾ ਗਿਆ। 

ਜਲੰਧਰ : ਸੀ ਪੀ ਐੱਮ ਪੰਜਾਬ ਵੱਲੋਂ ਕੇਂਦਰ ਅਤੇ ਸੂਬਾ ਸਰਕਾਰ ਦੇ ਲੋਕ ਵਿਰੋਧੀ ਕਦਮਾਂ ਵਿਰੁੱਧ ਚਲਾਈ ਗਈ ਜਨ ਚੇਤਨਾ ਮੁਹਿੰਮ ਦੇ ਤੀਜੇ ਪੜਾਅ ਵਜੋਂ 13 ਦਸੰਬਰ ਨੂੰ ਜਲੰਧਰ ਦੇਸ਼ਭਗਤ ਯਾਦਗਾਰ ਕੰਪਲੈਕਸ ਵਿਖੇ ਇਕੱਠੇ ਹੋ ਕੇ ਸ਼ਹਿਰ ਵਿੱਚ ਮੁਜ਼ਾਹਰਾ ਕਰਦਿਆਂ ਡੀ ਸੀ ਦਫਤਰ ਜਲੰਧਰ ਵਿਖੇ ਰੋਹ ਭਰਪੂਰ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਸੀ ਪੀ ਐੱਮ ਪੰਜਾਬ ਦੇ ਸੂਬਾਈ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਮਹਿੰਗਾਈ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਅਤੇ ਹੋਰ ਲੋਕ ਵਿਰੋਧੀ ਅਲਾਮਤਾਂ ਸਾਮਰਾਜ ਨਿਰਦੇਸ਼ਤ ਨਵ-ਉਦਾਰਵਾਦੀ ਨੀਤੀਆਂ ਦੀ ਦੇਣ ਹੈ। ਸਾਥੀ ਪਾਸਲਾ ਨੇ ਸਮੂਹ ਖੱਬੀਆਂ ਅਤੇ ਲੋਕ ਪੱਖੀ ਸ਼ਕਤੀਆਂ ਨੂੰ ਮੁੱਦਾ ਅਧਾਰਤ ਏਕਤਾ ਬਣਾ ਕੇ ਇਹਨਾਂ ਨੀਤੀਆਂ ਦਾ ਜ਼ੋਰਦਾਰ ਸੰਘਰਸ਼ਾਂ ਰਾਹੀਂ ਵਿਰੋਧ ਕਰਨ ਦਾ ਸੱਦਾ ਦਿੱਤਾ। ਸੂਬਾ ਸਕੱਤਰੇਤ ਮੈਂਬਰ ਸਾਥੀ ਕੁਲਵੰਤ ਸਿੰਘ ਸੰਧੂ ਨੇ ਕੇਂਦਰ ਤੇ ਸੂਬਾ ਸਰਕਾਰਾਂ ਵੱਲੋਂ ਕਿਸਾਨੀ ਸਬਸਿਡੀਆਂ ਵਿੱਚ ਲਗਾਤਾਰ ਕਟੌਤੀ ਕਰਨ, ਕਿਸਾਨਾਂ ਨੂੰ ਡਾ: ਸਵਾਮੀਨਾਥਨ ਦੀ ਰਿਪੋਰਟ ਮੁਤਾਬਕ ਲਾਹੇਵੰਦ ਭਾਅ ਨਾ ਦੇਣ ਅਤੇ ਫਸਲਾਂ ਦੀ ਸਰਕਾਰੀ ਖਰੀਦ ਤੋਂ ਭੱਜਣ ਦੀ ਸਖਤ  ਨਿਖੇਧੀ ਕਰਦਿਆਂ ਕਿਸਾਨੀ ਨੂੰ ਲਾਮਬੰਦ ਹੋਣ ਦਾ ਸੱਦਾ ਦਿੱਤਾ। ਇਸ ਮੌਕੇ ਸੂਬਾਈ ਆਗੂ ਦਰਸ਼ਨ ਨਾਹਰ ਅਤੇ ਪਰਮਜੀਤ ਰੰਧਾਵਾ, ਗੁਰਨਾਮ ਸਿੰਘ ਸੰਘੇੜਾ, ਸੰਤੋਖ ਸਿੰਘ ਬਿਲਗਾ, ਮਨੋਹਰ ਸਿੰਘ ਤੋਂ ਬਿਨਾਂ ਮੇਲਾ ਸਿੰਘ ਰੁੜਕਾ, ਜਸਵਿੰਦਰ ਸਿੰਘ ਢੇਸੀ, ਮੇਜਰ ਫਿਲੌਰ, ਨਿਰਮਲ ਮਲਸੀਆਂ, ਰਾਮ ਸਿੰਘ ਕੈਮਵਾਲਾ, ਜਰਨੈਲ ਫਿਲੌਰ, ਕੁਲਵੰਤ ਬਿਲਗਾ, ਸਰਬਜੀਤ ਢੰਡਾ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।

ਪਟਿਆਲਾ : ਮਹਿੰਗਾਈ, ਭਰਿਸ਼ਟਾਚਾਰ, ਪੁਲਸ ਵਧੀਕੀਆਂ ਸਮਾਜਕ ਜਬਰ, ਬੇਰੁਜ਼ਗਾਰੀ ਵਿਰੁੱਧ ਡਿਪਟੀ ਕਮਿਸ਼ਨਰ ਦੇ ਦਫਤਰ ਅੱਗੇ ਵਿਸ਼ਾਲ ਧਰਨਾ ਦਿੱਤਾ ਗਿਆ। ਜਿਸ ਦੀ ਅਗਵਾਈ ਅਮਰਜੀਤ ਸਿੰਘ ਘਨੌਰ, ਮਹਿੰਦਰ ਸਿੰਘ ਪਟਿਆਲਾ, ਪਰਮਜੀਤ ਕੌਰ ਟੰਬੂਵਾਲਾ, ਅਮਰਜੀਤ ਕੌਰ ਅਤੇ ਪਰਮਜੀਤ ਕੌਰ ਗੁਰਦਿਆਲਪੁਰਾ ਨੇ ਕੀਤੀ। ਇਸ ਮੌਕੇ ਜੁੜੇ ਲੋਕਾਂ ਨੂੰ ਸੰਬੋਧਨ ਕਰਦਿਆਂ ਸੀ.ਪੀ.ਐਮ. ਦੇ ਆਗੂ ਪਰਗਟ ਸਿੰਘ ਜਾਮਾਰਾਏ, ਪੂਰਨ ਚੰਦ ਨਨਹੇੜਾ ਨੇ ਕਿਹਾ ਕਿ ਨਵਉਦਾਰਵਾਦੀ ਨੀਤੀਆਂ ਨੂੰ ਬਦਲਣ ਤੋਂ ਬਗੈਰ ਮਹਿੰਗਾਈ, ਭਰਿਸ਼ਟਾਚਾਰ, ਪੁਲਸ ਵਧੀਕੀਆਂ, ਸਮਾਜਕ ਜਬਰ, ਬੇਰੁਜ਼ਗਾਰੀ ਆਦਿ ਮਾਮਲਿਆਂ ਦਾ ਹੱਲ ਨਹੀਂ ਕੀਤਾ ਜਾ ਸਕਦਾ। ਇਹਨਾਂ ਆਗੂਆਂ ਨੇ ਹਾਕਮ ਸਰਕਾਰਾਂ ਦੀਆਂ ਲੋਕਮਾਰੂ ਨੀਤੀਆਂ ਖਿਲਾਫ ਇਕੱਠੇ ਹੋ ਕੇ ਸੰਘਰਸ਼ ਕਰਨ ਦਾ ਸੱਦਾ ਦਿੱਤਾ। ਇਸ ਮੌਕੇ ਪ੍ਰਲਾਦ ਸਿੰਘ ਨਿਆਲ ਨੇ ਵੀ ਸੰਬੋਧਨ ਕੀਤਾ। 

ਹੁਸ਼ਿਆਰਪੁਰ : ਕਮਿਊਨਿਸਟ ਪਾਰਟੀ ਮਾਰਕਸਵਾਦੀ ਪੰਜਾਬ ਵਲੋਂ ਲੋਕਾਂ ਦੀਆਂ ਭੱਖਦੀਆਂ ਮੰਗਾਂ ਨੂੰ ਲੈ ਕੇ ਸੂਬਾ ਪੱਧਰ 'ਤੇ ਚਲਾਈ ਜਾ ਰਹੀ 'ਜਨ ਚੇਤਨਾ ਮੁਹਿੰਮ' ਤਹਿਤ ਜ਼ਿਲਾ ਸਕੱਤਰ ਯੋਧ ਸਿੰਘ, ਪ੍ਰਿੰ. ਪਿਆਰਾ ਸਿੰਘ, ਕਾ. ਗੰਗਾ ਪ੍ਰਸ਼ਾਦ ਅਤੇ ਕੇਸਰ ਸਿੰਘ ਬੰਸੀਆ ਦੀ ਪ੍ਰਧਾਨਗੀ ਹੇਠ ਮਿੰਨੀ ਸਕੱਤਰੇਤ ਸਾਹਮਣੇ ਰੋਸ ਧਰਨਾ ਦਿੱਤਾ ਗਿਆ। ਇਸ ਮੌਕੇ ਸੰਬੋਧਨ ਕਰਦਿਆਂ ਵੱਖ-ਵੱਖ ਬੁਲਾਰਿਆਂ ਨੇ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਸਾਮਰਾਜ ਨਿਰਦੇਸ਼ਤ ਨੀਤੀਆਂ ਦੀ ਨਿਖੇਧੀ ਕਰਦਿਆਂ ਕਿਹਾ ਕਿ ਨੀਤੀਆਂ ਲੋਕਾਂ ਨੂੰ ਮਹਿੰਗਾਈ, ਬੇਰੁਜ਼ਗਾਰੀ, ਸਿੱਖਿਆ ਅਤੇ ਸਿਹਤ ਸਹੂਲਾਂ ਮਹਿੰਗੀਆਂ ਕਰਕੇ, ਨਿੱਤ ਨਵੇਂ ਟੈਕਸ ਲਗਾ ਕੇ, ਕਿਸਾਨਾਂ ਨੂੰ ਫਸਲਾਂ ਦੇ ਨਿਗੁਣੇ ਭਾਅ ਦੇ ਕੇ, ਪੈਟਰੋਲ, ਡੀਜ਼ਲ, ਬਿਜਲੀ, ਖਾਧ ਪਦਾਰਥ ਆਦਿ ਵਸਤਾਂ 'ਚ ਮਹਿੰਗਾਈ ਕਰਕੇ ਨਪੀੜੀ ਜਾ ਰਹੀ ਹੈ। ਉਨ੍ਹਾਂ ਕਿਹਾ ਕਿ ਇਨ੍ਹਾਂ ਨੀਤੀਆਂ ਨੂੰ ਭਾਂਜ ਦੇਣ ਲਈ ਨੀਤੀਗਤ ਸਿਆਸੀ ਬਦਲ ਅਤੇ ਲੋਕਾਂ ਨੂੰ ਇੱਕਜੁੱਟ ਕਰਨ  ਦੀ ਲੋੜ ਹੈ। 
ਇਸ ਰੋਸ ਧਰਨੇ ਨੂੰ ਪਾਰਟੀ ਦੇ ਸੂਬਾ ਸਕੱਤਰੇਤ ਮੈਂਬਰ ਸਾਥੀ ਬੋਧ ਸਿੰਘ ਘੁੰਮਣ, ਰਵੀ ਕੰਵਰ ਤੋਂ ਇਲਾਵਾ ਮਹਿੰਦਰ ਸਿੰਘ ਖੈਰੜ, ਕਾ. ਖੁਸ਼ੀ ਰਾਮ, ਕੇਸਰ ਸਿੰਘ ਬੰਸੀਆਂ, ਸੋਹਣ ਸਿੰਘ ਭੂੰਨੋਂ, ਮਹਿੰਦਰ ਸਿੰਘ ਜੋਸ਼, ਅਮਰਜੀਤ ਸਿੰਘ, ਸਤਪਾਲ ਲੱਠ, ਡਾ. ਧਰਮਪਾਲ ਸਿੰਘ, ਨੰਦ ਕਿਸ਼ੋਰ, ਡਾ. ਤਰਲੋਚਨ ਸਿੰਘ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ। 

ਫ਼ਰੀਦਕੋਟ : ਜਨ ਚੇਤਨਾ ਮੁਹਿੰਮ ਦੇ ਤੀਜੇ ਪੜਾਅ ਵਜੋਂ ਸੀ ਪੀ ਐੱਮ ਪੰਜਾਬ ਨੇ 17 ਦਸੰਬਰ ਨੂੰ ਇੱਥੇ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਇੱਕ ਰੋਸ ਧਰਨਾ ਦਿੱਤਾ। ਧਰਨੇ ਨੂੰ ਸੰਬੋਧਨ ਕਰਦਿਆਂ ਗੁਰਤੇਜ ਸਿੰਘ ਹਰੀ ਨੌਂ, ਜਗਤਾਰ ਸਿੰਘ ਵਿਰਦੀ, ਮਲਕੀਤ ਸਿੰਘ ਅਤੇ ਗੁਰਨਾਮ ਸਿੰਘ ਦਾਊਦ ਨੇ ਕਿਹਾ ਕਿ ਪੰਜਾਬ ਸਰਕਾਰ ਨੇ ਪੰਜਾਬ ਦੇ ਲੋਕਾਂ ਨੂੰ ਉਹਨਾਂ ਦੇ ਘਰਾਂ ਵਿੱਚ ਕਿਰਾਏਦਾਰ ਬਣਾ ਦਿੱਤਾ ਹੈ। ਉਹਨਾਂ ਲੋਕਾਂ ਨੂੰ ਸਰਕਾਰ ਦੇ ਲੋਕ ਮਾਰੂ ਫੈਸਲਿਆਂ ਖਿਲਾਫ਼ ਇੱਕਮੁਠ ਹੋਣ ਦੀ ਅਪੀਲ ਕਰਦਿਆਂ ਕਿਹਾ ਕਿ ਤਾਨਾਸ਼ਾਹ ਤਰੀਕੇ ਨਾਲ ਲਾਏ ਟੈਕਸਾਂ ਦਾ ਹਰ ਪੱਧਰ 'ਤੇ ਵਿਰੋਧ ਕੀਤਾ ਜਾਵੇ। ਪਾਰਟੀ ਨੇ ਇਸ ਮੌਕੇ ਡਿਪਟੀ ਕਮਿਸ਼ਨਰ ਨੂੰ ਮੰਗ ਪੱਤਰ ਵੀ ਸੌਂਪਿਆ।

ਗੁਰਦਾਸਪੁਰ : 18 ਦਸੰਬਰ ਨੂੰ ਜਨ ਚੇਤਨਾ ਮੁਹਿੰਮ ਦੀ ਕੜੀ ਵਜੋਂ ਸੀ ਪੀ ਐੱਮ ਪੰਜਾਬ ਵੱਲੋਂ ਜ਼ਿਲ੍ਹਾ ਹੈੱਡ ਕੁਆਟਰ ਵਿਖੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਦੇ ਦਫਤਰ ਸਾਹਮਣੇ ਸੰਤੋਖ ਸਿੰਘ ਔਲਖ, ਜਸਵੰਤ ਸਿੰਘ ਬੁੱਟਰ, ਅਜੀਤ ਸਿੰਘ ਠੱਕਰ ਸੰਧੂ ਦੀ ਪ੍ਰਧਾਨਗੀ ਹੇਠ ਧਰਨਾ ਦਿੱਤਾ ਗਿਆ। ਇਸ ਧਰਨੇ ਨੂੰ ਸੂਬਾ ਕਮੇਟੀ ਮੈਂਬਰ ਲਾਲਚੰਦ ਕਟਾਰੂ ਚੱਕ ਤੋਂ ਇਲਾਵਾ ਜਸਵੰਤ ਸਿੰਘ ਬੁੱਟਰ, ਅਜੀਤ ਸਿੰਘ ਸਿੱਧਵਾਂ, ਗੁਰਦਿਆਲ ਸਿੰਘ ਘੁਮਾਣ, ਮੱਖਣ ਕੁਹਾੜ, ਸਿੰਦਰਪਾਲ ਸ਼ਰਮਾ, ਬਿਸ਼ਨ ਕੋਟ, ਨੀਲਮ ਘੁਮਾਣ, ਸ਼ਮਸ਼ੇਰ ਸਿੰਘ, ਕਰਮ ਸਿੰਘ ਵਰਸਾਲ ਚੌਕ, ਸੁੱਚਾ ਸਿੰਘ, ਨਿਰਮਲ ਸਿੰਘ ਬੋਪਾਰਾਏ, ਸੁਰਜੀਤ ਘੁਮਾਣ, ਦਰਸ਼ਨ ਸਿੰਘ, ਸ਼ਿੰਦਾ ਸਿੱਥ, ਜਗੀਰ ਸਿੰਘ ਰੋਸੇ, ਚੰਨਣ ਸਿੰਘ ਮਾਨ, ਸਰਦੂਲ ਸਿੰਘ ਪੱਡਾ ਆਦਿ ਨੇ ਵੀ ਸੰਬੋਧਨ ਕੀਤਾ।

ਮੁਕਤਸਰ : 19 ਦਸੰਬਰ ਨੂੰ ਸੀ ਪੀ ਐਮ ਪੰਜਾਬ ਜਿਲ੍ਹਾ ਇਕਾਈ ਮੁਕਤਸਰ ਵੱਲੋਂ ਪੰਜਾਬ ਭਰ ਵਿੱਚ ਚਲਾਏ ਜਾ ਰਹੇ ਜਨ ਚੇਤਨਾ ਅੰਦੋਲਨ ਦੀ ਕੜੀ ਤਹਿਤ ਸੈਕੜੇ ਲੋਕਾਂ ਨੇ ਪੰਜਾਬ ਦੇ ਲੋਕਾਂ ਦੀ ਭਖਦੀਆਂ ਮੰਗਾਂ ਨੂੰ ਮਨਵਾਉਣ ਲਈ ਡੀ ਸੀ ਮੁਕਤਸਰ ਦੇ ਦਫਤਰ ਸਾਹਮਣੇ ਰੋਹ ਭਰਪੂਰ ਧਰਨਾ ਮਾਰਿਆ। ਕਾਮਰੇਡ ਹਰਜੀਤ ਮਦਰੱਸਾ ਦੀ ਪ੍ਰਧਾਨਗੀ ਹੇਠ ਹੋਏ ਇਸ ਵਿਸ਼ਾਲ ਧਰਨੇ ਨੂੰ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਗੁਰਨਾਮ ਸਿੰਘ ਦਾਊਦ ਤੇ ਸੂਬਾ ਕਮੇਟੀ ਮੈਂਬਰ ਕਾਮਰੇਡ ਜਗਜੀਤ ਸਿੰਘ ਜੱਸੇਆਣਾ ਨੇ ਸੰਬੋਧਨ ਕਰਦਿਆਂ ਕਿਹਾ ਸੀ ਪੀ ਐਮ ਪੰਜਾਬ ਸਮੁੱਚੀਆਂ ਖੱਬੀਆਂ ਧਿਰਾਂ ਤੇ ਸੰਗਠਨਾਂ ਨੂੰ ਇਕੱਮੁੱਠ ਕਰਕੇ ਜਨ ਅੰਦੋਲਨ ਨੂੰ ਤੇਜ ਕਰੇਗੀ ਤੇ ਘੋਲਾਂ ਦੇ ਪਿੜ ਨੂੰ ਮਘਾਇਆ ਜਾਵੇਗਾ। 

ਸੰਗਰੂਰ : ਕਮਿਊਨਿਸਟ ਪਾਰਟੀ ਮਾਰਕਸਵਾਦੀ ਪੰਜਾਬ ਵਲੋਂ ਪੰਜਾਬ ਵਿਚ ਚਲਾਈ ਜਾ ਰਹੀ ਜਨ ਚੇਤਨਾ ਮੁਹਿੰਮ ਤਹਿਤ 19 ਦਸੰਬਰ ਨੂੰ ਜ਼ਿਲ੍ਹਾ ਸੰਗਰੂਰ ਵਿਚ ਮਜ਼ਦੂਰਾਂ-ਕਿਸਾਨਾਂ ਤੇ ਹੋਰ ਮਿਹਨਤਕਸ਼ ਲੋਕਾਂ ਵਲੋਂ ਰੇਲਵੇ ਸਟੇਸ਼ਨ 'ਤੇ ਵਿਸ਼ਾਲ ਇਕੱਠ ਕੀਤਾ ਗਿਆ। ਹੱਥਾਂ ਵਿਚ ਬੈਨਰ, ਝੰਡੇ ਫੜ੍ਹ ਕੇ ਬਹੁਤ ਹੀ ਰੋਹ ਭਰਪੂਰ ਨਾਹਰੇ ਮਾਰਦੇ ਹੋਏ ਸੈਂਕੜੇ ਲੋਕ ਬਜ਼ਾਰਾਂ ਵਿਚ ਮੁਜ਼ਾਹਰਾ ਕਰਦੇ ਹੋਏ ਡਿਪਟੀ ਕਮਿਸ਼ਨਰ ਦੇ ਦਫਤਰ ਅੱਗੇ ਪੁੱਜ ਗਏ ਜਿਥੇ ਇਕ ਵਿਸ਼ਾਲ ਧਰਨਾ ਦਿੱਤਾ ਗਿਆ। ਧਰਨੇ ਦੀ ਪ੍ਰਧਾਨਗੀ ਬਜ਼ੁਰਗ ਕਮਿਊਨਿਸਟ ਆਗੂ ਸਾਥੀ ਤੇਜਾ ਸਿੰਘ ਬੇਨੜਾ, ਸਾਥੀ ਗੁਰਮੀਤ ਸਿੰਘ ਕਾਲਾਝਾੜ ਤੇ ਸਾਥੀ ਮੁਖਤਾਰ ਸਿੰਘ ਮੀਮਸਾ ਨੇ ਕੀਤੀ। 
ਧਰਨੇ ਨੂੰ ਪਾਰਟੀ ਦੇ ਸੂਬਾ ਸਕੱਤਰੇਤ ਮੈਂਬਰ ਗੁਰਨਾਮ ਸਿੰਘ ਦਾਊਦ, ਭੀਮ ਸਿੰਘ ਆਲਮਪੁਰ ਅਤੇ ਸੂਬਾ ਕਮੇਟੀ ਮੈਂਬਰ ਸਾਥੀ ਗੱਜਣ ਸਿੰਘ ਦੁੱਗਾਂ ਨੇ ਸੰਬੋਧਨ ਕੀਤਾ।  
ਧਰਨੇ ਵਿਚ ਮਤਾ ਪਾਸ ਕਰਕੇ ਪਿੰਡ ਕਾਲਾ ਝਾੜ ਵਿਚ ਹੋਈ ਲੜਾਈ ਵਿਚ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦੀ ਅਤੇ ਮੁਕੱਦਮਾ ਚਲਾ ਕੇ ਸਖਤ ਸਜਾ ਦੇਣ ਦੀ ਮੰਗ ਵੀ ਕੀਤੀ ਅਤੇ ਅਜਿਹਾ ਨਾ ਹੋਣ ਤੇ ਸੰਘਰਸ਼ ਦਾ ਸਾਹਮਣਾ ਕਰਨ ਦੀ ਚਿਤਾਵਨੀ ਵੀ ਦਿੱਤੀ। 
ਧਰਨੇ ਨੂੰ ਹੋਰਨਾਂ ਤੋਂ ਇਲਾਵਾ ਹਰਦੇਵ ਸਿੰਘ ਧੂਰੀ, ਕਿਰਪਾਲ ਸਿੰਘ ਰਾਜੋ ਮਾਜਰਾ, ਚੰਦ ਸਿੰਘ ਰਾਮਪੁਰ ਅਤੇ ਹਰੀ ਸਿੰਘ ਕੋਟੜਾ ਲਹਿਲ ਨੇ ਵੀ ਸੰਬੋਧਨ ਕੀਤਾ। 

ਬਠਿੰਡਾ : ਸੀ. ਪੀ. ਐਮ. ਪੰਜਾਬ ਦੀ ਸੂਬਾ ਕਮੇਟੀ ਸੱਦੇ 'ਤੇ 19 ਦਸੰਬਰ ਨੂੰ ਪਾਰਟੀ ਦੇ ਬਠਿੰਡਾ ਜਿਲ੍ਹੇ ਨਾਲ ਸਬੰਧਤ ਕਾਰਕੁੰਨਾਂ ਨੇ ਸਥਾਨਕ ਬਜ਼ਾਰਾਂ ਵਿੱਚ ਕਿਰਤੀ ਕਿਸਾਨਾਂ ਦੀਆਂ ਭਖਵੀਆਂ ਮੰਗਾਂ ਦੀ ਪ੍ਰਾਪਤੀ ਲਈ ਰੋਸ ਮਾਰਚ ਕੀਤਾ। ਇਸ ਤੋਂ ਪਹਿਲਾ ਸਥਾਨਕ ਮਿਉਂਸਪਲ ਕਾਰਪੋਰੇਸ਼ਨ ਦਫ਼ਤਰ ਮੂਹਰੇ ਹੋਈ ਰੈਲੀ ਨੂੰ ਪਾਰਟੀ ਆਗੂਆਂ ਮਹੀਪਾਲ, ਮਿੱਠੂ ਸਿੰਘ ਘੁੱਦਾ, ਸੁਖਦੇਵ ਸਿੰਘ ਨਥਾਣਾ, ਦਰਸ਼ਨ ਸਿੰਘ ਫੁੱਲੋ ਮਿੱਠੀ, ਸੰਪੂਰਨ ਸਿੰਘ ਗੱਗੜਪੁਰੀਆ, ਤਾਰਾ ਸਿੰਘ ਨੰਦਗੜ੍ਹ ਕੋਟੜਾ, ਕੂਕਾ ਸਿੰਘ ਰੁਪਾਣਾ ਅਤੇ ਗੁਰਜੰਟ ਸਿੰਘ ਘੁੱਦਾ ਨੇ ਸੰਬੋਧਨ ਕੀਤਾ। ਆਗੂਆਂ ਨੇ ਵੱਖੋ ਵੱਖ ਥਾਵੀਂ ਜਾਇਦਾਦ ਟੈਕਸ ਅਤੇ ਹੋਰ ਲਾਏ ਜਾ ਰਹੇ ਜਜੀਆ ਰੂਪੀ ਟੈਕਸਾਂ ਵਿਰੁੱਧ ਲੜ ਰਹੇ ਸ਼ਹਿਰੀਆਂ ਦੀ ਹਿਮਾਇਤ ਕਰਦੇ ਹੋਏ ਸਮੂਹ ਸ਼ਹਿਰੀਆਂ ਨੂੰ ਇਸ ਲੁੱਟ ਵਿਰੁੱਧ ਸੰਘਰਸ਼ ਵਿੱਚ ਸ਼ਾਮਲ ਹੋਣ ਦਾ ਸੱਦਾ ਦਿੱਤਾ। 

ਪਠਾਨਕੋਟ : ਜਨ ਚੇਤਨਾ ਮੁਹਿੰਮ ਦੇ ਪੜਾਅ ਵਜੋਂ 20 ਦਸੰਬਰ ਨੂੰ ਸੀ ਪੀ ਐੱਮ ਪੰਜਾਬ ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਅਤੇ ਸਾਮਰਾਜ ਪੱਖੀ ਨੀਤੀਆਂ ਵਿਰੁੱਧ ਦਲਬੀਰ ਸਿੰਘ,  ਜਨਕ ਕੁਮਾਰ ਸਰਨਾ ਅਤੇ ਰਾਮ ਬਿਲਾਸ ਦੀ ਪ੍ਰਧਾਨਗੀ ਹੇਠ ਡਿਪਟੀ ਕਮਿਸ਼ਨਰ ਪਠਾਨਕੋਟ ਦੇ ਦਫਤਰ ਸਾਹਮਣੇ ਭਰਵੀਂ ਰੈਲੀ ਕੀਤੀ। ਰੈਲੀ ਨੂੰ ਸੂਬਾ ਕਮੇਟੀ ਮੈਂਬਰ ਲਾਲ ਚੰਦ ਕਟਾਰੂਚੱਕ, ਨੱਥਾ ਸਿੰਘ, ਸ਼ਿਵ ਕੁਮਾਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਸੀ ਪੀ ਐੱਮ ਪੰਜਾਬ ਮੰਗ ਕਰਦੀ ਹੈ ਕਿ ਸਰਕਾਰ ਗਰੀਬ ਲੋਕਾਂ ਲਈ ਪਿੰਡਾਂ ਤੇ ਸ਼ਹਿਰਾਂ ਵਿੱਚ ਜਨਤਕ ਵੰਡ ਪ੍ਰਣਾਲੀ ਲਾਗੂ ਕਰੇ ਅਤੇ 15-16 ਵਸਤੂਆਂ ਸਸਤੀਆਂ ਦਰਾਂ ਉੱਪਰ ਦੇਵੇ, ਬੁਢਾਪਾ ਪੈਨਸ਼ਨ 2 ਹਜ਼ਾਰ ਰੁਪਏ ਪ੍ਰਤੀ ਮਹੀਨਾ ਦਿੱਤੀ ਜਾਵੇ, ਕਿਸਾਨਾਂ ਨੂੰ ਜਿਨਸਾਂ ਦੇ ਪੂਰੇ ਭਾਅ ਦੇਵੇ। ਇਸ ਰੈਲੀ ਨੂੰ ਅਜੀਤ ਰਾਮ, ਰਵੀ ਕੁਮਾਰ, ਦੇਵ ਰਾਜ, ਬਲਕਾਰ ਚੰਦ, ਰਘੁਬੀਰ ਸਿੰਘ, ਹਰਜਿੰਦਰ ਬਿੱਟੂ, ਵੀ ਪੀ ਸੈਣੀ, ਹੇਮਰਾਜ ਅਤੇ ਮਿਹਰ ਸਿੰਘ ਨੇ ਵੀ ਸੰਬੋਧਨ ਕੀਤਾ। 

ਚੰਡੀਗੜ੍ਹ : ਕਮਿਊਨਿਸਟ ਪਾਰਟੀ ਮਾਰਕਸਵਾਦੀ ਪੰਜਾਬ ਦੇ ਸੱਦੇ 'ਤੇ 20 ਦਸੰਬਰ ਨੂੰ ਇਸਦੀ ਚੰਡੀਗੜ੍ਹ ਇਕਾਈ ਵਲੋਂ ਜਨ ਚੇਤਨਾ ਮੁਹਿੰਮ ਦੇ ਪੜਾਅ ਵਜੋਂ ਸੈਕਟਰ 20 ਦੀ ਮਸਜਿਦ ਗ੍ਰਾਊਂਡ ਵਿਖੇ ਇਕ ਰੈਲੀ ਕੀਤੀ ਗਈ ਜਿਸ ਵਿਚ ਸੈਂਕੜੇ ਮਜ਼ਦੂਰਾਂ, ਵਿਸ਼ੇਸ਼ ਤੌਰ 'ਤੇ ਨਿਰਮਾਣ ਮਜ਼ਦੂਰਾਂ ਨੇ ਹਿੱਸਾ ਲਿਆ। ਰੈਲੀ ਦੀ ਪ੍ਰਧਾਨਗੀ ਸਰਵਸਾਥੀ ਮੋਹਣ ਲਾਲ ਰਾਹੀ, ਦੇਵ ਰਾਜ ਅਤੇ ਸਤੀਸ਼ ਖੋਸਲਾ ਨੇ ਕੀਤੀ। 
ਰੈਲੀ ਨੂੰ ਸਾਥੀ ਇੰਦਰਜੀਤ ਸਿੰਘ ਗਰੇਵਾਲ ਸਕੱਤਰ ਚੰਡੀਗੜ੍ਹ ਜ਼ਿਲ੍ਹਾ ਕਮੇਟੀ ਤੋਂ ਇਲਾਵਾ ਸਰਵ ਸਾਥੀ ਜੁਗਿੰਦਰ ਸਿੰਘ, ਦੇਵ ਰਾਜ, ਸਤੀਸ਼ ਖੋਸਲਾ, ਬਲਵੀਰ ਸਿੰਘ ਸੈਣੀ ਅਤੇ ਯਗ ਨਾਰਾਇਣ ਤਿਵਾੜੀ ਨੇ ਵੀ ਸੰਬੋਧਨ ਕੀਤਾ। 
ਅੰਤ ਵਿਚ ਪ੍ਰਧਾਨਗੀ ਮੰਡਲ ਵਲੋਂ ਸਾਥੀ ਮੋਹਣ ਲਾਲ ਰਾਹੀਂ ਨੇ ਆਏ ਹੋਏ ਸਾਥੀਆਂ ਦਾ ਧੰਨਵਾਦ ਕੀਤਾ। 

ਤਰਨ ਤਾਰਨ :  23 ਦਸੰਬਰ ਨੂੰ ਸੀ ਪੀ ਐਮ ਪੰਜਾਬ ਵੱਲੋਂ ਜਨ-ਚੇਤਨਾ ਮੁਹਿੰਮ ਦੀ ਅਗਲੀ ਕੜੀ ਵਜੋਂ ਮਹਿੰਗਾਈ, ਭ੍ਰਿਸ਼ਟਾਚਾਰ, ਬੇਰੁਜ਼ਗਾਰੀ, ਕੁਦਰਤੀ ਸਰੋਤਾਂ ਦੀ ਲੁੱਟ, ਪੁਲਸ ਵਧੀਕੀਆਂ ਅਤੇ ਸਮਾਜਿਕ ਜਬਰ ਖਿਲਾਫ਼ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿੱਚ ਮਾਰਚ ਕਰਕੇ ਜ਼ਿਲ੍ਹੇ ਦੇ ਡਿਪਟੀ ਕਮਿਸ਼ਨ ਦਫ਼ਤਰ ਅੱਗੇ ਵਿਸ਼ਾਲ ਇਕੱਠ ਕਰਕੇ ਧਰਨਾ ਦਿੱਤਾ ਗਿਆ, ਜਿਸ ਦੀ ਅਗਵਾਈ ਜਸਪਾਲ ਸਿੰਘ ਢਿੱਲੋਂ, ਦਲਜੀਤ ਸਿੰਘ ਦਿਆਲਪੁਰਾ, ਮੁਖਤਾਰ ਸਿੰਘ ਮੱਲ੍ਹਾ, ਅਰਸਾਲ ਸਿੰਘ ਸੰਧੂ, ਚਮਨ ਲਾਲ ਦਰਾਜਕੇ ਡਾ. ਅਜੈਬ ਸਿੰਘ ਜਹਾਂਗੀਰ, ਬਲਦੇਵ ਸਿੰਘ ਪੰਡੋਰੀ ਆਦਿ ਆਗੂਆਂ ਨੇ ਕੀਤੀ।
ਧਰਨਾਕਾਰੀਆਂ ਨੂੰ ਸੀ ਪੀ ਐਮ ਪੰਜਾਬ ਦੇ ਸੂਬਾ ਸਕੱਤਰੇਤ ਮੈਂਬਰਾਂ ਰਤਨ ਸਿੰਘ ਰੰਧਾਵਾ, ਸਾਥੀ ਗੁਰਨਾਮ ਸਿੰਘ ਦਾਊਦ ਪਰਗਟ ਸਿੰਘ ਜਾਮਾਰਾਏ ਅਤੇ ਡਾਕਟਰ ਸਤਨਾਮ ਸਿੰਘ ਅਜਨਾਲਾ ਤੋਂ ਇਲਾਵਾ ਸਤਨਾਮ ਸਿੰਘ ਦੇਉ, ਅਮਰਜੀਤ ਸਿੰਘ ਮੱਲ੍ਹਾ, ਸੁਲੱਖਣ ਸਿੰਘ ਤੁੜ, ਬਲਦੇਵ ਸਿੰਘ ਭੈਲ, ਜਰਨੈਲ ਸਿੰਘ ਦਿਆਲਪੁਰਾ, ਗੁਰਦੇਵ ਸਿੰਘ ਮਨਿਆਲਾ, ਹਰਦੀਪ ਸਿੰਘ ਰਸੂਲਪੁਰ, ਮਨਜੀਤ ਸਿੰਘ ਬੱਗੂ, ਜੋਗਿੰਦਰ ਸਿੰਘ ਮਾਣੋਚਾਹਲ, ਜਸਬੀਰ ਸਿੰਘ ਵੈਰੋਵਾਲ, ਕਾਬਲ ਸਿੰਘ ਮੰਨਣ, ਦਾਰਾ ਸਿੰਘ ਮੁੰਡਾ ਪਿੰਡ, ਕਰਮ ਸਿੰਘ ਫਤਿਆਬਾਦ, ਭਗਵੰਤ ਸਿੰਘ ਸੁਰਸਿੰਘ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।

ਰੋਪੜ : ਸੀ.ਪੀ.ਐਮ. ਪੰਜਾਬ ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰ ਦੀਆਂ ਲੋਕ ਮਾਰੂ ਨੀਤੀਆਂ ਖਿਲਾਫ਼ ਸ਼ੁਰੂ ਕੀਤੀ ਜਨਚੇਤਨਾ ਮੁਹਿੰਮઠ ਦੇ ਅਗਲੇ ਪੜਾਅ ਤਹਿਤ 23 ਦਸੰਬਰ ਨੂੰ ਜ਼ਿਲ੍ਹਾ ਰੂਪ ਨਗਰ ਦੇ ਸਦਰ ਮੁਕਾਮ ਤੇ ਪਾਰਟੀ ਦੇ ਸੈਂਕੜੇ ਵਰਕਰਾਂ ਨੇ ਦਿਆਲ ਸਿੰਘ, ਧਰਮ ਸਿੰਘ, ਨਰੰਜਣ ਦਾਸ ਅਤੇ ਰਾਮ ਪਿਆਰੀ ਤੇ ਅਧਾਰਿਤ ਪ੍ਰਧਾਨਗੀ ਮੰਡਲ ਦੀ ਅਗਵਾਈ ਹੇਠ ਡੀ.ਸੀ. ਦਫਤਰ ਅੱਗੇ ਧਰਨਾ ਮਾਰਿਆ ਗਿਆ। ਧਰਨਾਕਾਰੀਆਂ ਨੂੰ ਪਾਰਟੀ ਦੇ ਜ਼ਿਲ੍ਹਾ ਸਕੱਤਰ ਸਾਥੀ ਤਿਰਲੋਚਣ ਸਿੰਘ ਰਾਣਾ ਅਤੇ ਸੂਬਾ ਸਕੱਤਰੇਤ ਮੈਂਬਰ ਸਾਥੀ ਇੰਦਰਜੀਤ ਸਿੰਘ ਗਰੇਵਾਲ, ਸੂਬਾ ਕਮੇਟੀ ਮੈਂਬਰ ਮੋਹਣ ਸਿੰਘ ਧਮਾਣਾ ਤੋਂ ਇਲਾਵਾ ਬਲਵਿੰਦਰ ਸਿੰਘ ਅਸਮਾਨਪੁਰ, ਸਮਸ਼ੇਰ ਸਿੰਘ ਹਵੇਲੀ, ਹਿੰਮਤ ਸਿੰਘ ਨੰਗਲ, ਸੁਖਦਰਸ਼ਨ ਸਿੰਘ ਜਿੰਦਾਪੁਰ, ਅਮਰੀਕ ਸਿੰਘ ਸਮੀਰੋਵਾਲ, ਜਰਨੈਲ ਸਿਂਘ ਘਨੌਲਾ, ਰਾਮ ਲੋਕ ਆਦਿ ਨੇ ਵੀ ਸੰਬੋਧਨ ਕੀਤਾ। 
ਅਬੋਹਰ : ਕਮਿਊਨਿਸਟ ਪਾਰਟੀ ਮਾਰਕਸਵਾਦੀ ਪੰਜਾਬ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਪਾਰਟੀ ਵਰਕਰਾਂ,  ਹਮਦਰਦ ਸਾਥੀਆਂ ਦਾ ਇਕੱਠ ਕਾਮਰੇਡ ਜੈਮਲ ਰਾਮ, ਕਾਮਰੇਡ ਜੱਗਾ ਸਿੰਘ ਤੇ ਕਾਮਰੇਡ ਕੁਲਵੰਤ ਸਿੰਘ ਕਿਰਤੀ ਦੀ ਪ੍ਰਧਾਨਗੀ ਹੇਠ ਨਹਿਰੂ ਪਾਰਕ ਵਿਚ ਹੋਇਆ। ਇਸ ਤੋਂ ਉਪਰੰਤ ਬਜਾਰਾਂ ਵਿਚ ਨਾਅਰੇ ਮਾਰਦੇ ਹੋਏ ਮੁਜ਼ਾਹਰਾਕਾਰੀ ਐਸ.ਡੀ.ਐਮ. ਦਫਤਰ ਪੁੱਜੇ ਜਿੱਥੇ ਦਿੱਤੇ ਗਏ ਧਰਨੇ ਨੂੰ ਸੂਬਾ ਸਕੱਤਰੇਤ ਮੈਂਬਰ ਮਾਸਟਰ ਰਘਬੀਰ ਸਿੰਘ, ਤਹਿਸੀਲ ਸਕੱਤਰ ਕਾਮਰੇਡ ਗੁਰਮੇਜ ਲਾਲ ਗੇਜੀ, ਰਾਮ ਕੁਮਾਰ ਵਰਮਾ, ਜੈਮਲ ਰਾਮ, ਲਖਮੀਰ ਸਿੰਘ, ਗੁਰਨਾਮ ਸਿੰਘ, ਗੁਰਬਖਸ਼ ਸਿਘ, ਸੁਭਾਸ਼ ਚੰਦਰ, ਰਾਮ ਬਿਲਾਸ ਤੇ ਤੇਜ ਰਾਮ ਅਬੋਹਰ ਨੇ ਵੀ ਸੰਬੋਧਨ ਕੀਤਾ। 

ਮਾਨਸਾ : ਪੰਜਾਬ ਵਲੋਂ ਪੰਜਾਬ ਅਤੇ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਦੇ ਖਿਲਾਫ ਚਲਾਈ ਜਾ ਰਹੀ ਜਨਚੇਤਨਾ ਮੁਹਿੰਮ ਦੀ ਕੜੀ ਵਜੋਂ ਜ਼ਿਲ੍ਹਾ ਮਾਨਸਾ ਭਰ ਵਿਚੋਂ ਆਏ ਸੈਂਕੜੇ ਵਰਕਰਾਂ ਵਲੋਂ ਸਾਥੀ ਬਖਤੌਰ ਸਿੰਘ ਦੀ ਪ੍ਰਧਾਨਗੀ ਹੇਠ 18 ਦਸੰਬਰ ਨੂੰ ਡੀ.ਸੀ. ਦਫਤਰ ਮਾਨਸਾ ਸਾਹਮਣੇ ਧਰਨਾਕਾਰੀਆਂ ਨੂੰ ਸੰਬੋਧਨ ਕਰਦੇ ਹੋਏ ਜ਼ਿਲ੍ਹਾ ਸਕੱਤਰ ਸਾਥੀ ਲਾਲ ਚੰਦ ਸਰਦੂਲਗਗੜ੍ਹ ਨੇ ਕੇਂਦਰ ਸਰਕਾਰ ਵਲੋਂ ਲਾਗੂ ਕੀਤਆਂ ਜਾ ਰਹੀਆਂ ਨੀਤੀਆਂ ਦੀ ਨਿਖੇਧੀ ਕੀਤੀ। ਧਰਨੇ ਵਿਚ ਸਾਥੀ ਰਜਿੰਦਰ ਕੁਲੈਹਿਰੀ, ਮੇਜਰ ਸਿੰਘ ਦੁੱਲੋਵਾਲ ਅਤੇ ਛੱਜੂਰਾਮ ਰਿਸ਼ੀ ਨੇ ਵੀ ਵਿਚਾਰ ਰੱਖੇ ਅਤੇ ਮੰਗ ਕੀਤੀ ਕਿ ਲੋਕਾਂ 'ਤੇ ਲਾਏ ਨਵੇਂ ਟੈਕਸ ਅਤੇ ਪ੍ਰਾਪਰਟੀ ਟੈਕਸ ਤੁਰੰਤ ਵਾਪਸ ਲਏ ਜਾਣ। 

ਬਰਨਾਲਾ : ਕਮਿਊਨਿਸਟ ਪਾਰਟੀ ਮਾਰਕਸਵਾਦੀ ਪੰਜਾਬ ਦੇ ਸੱਦੇ 'ਤੇ ਜਨ ਚੇਤਨਾ ਮੁਹਿੰਮ ਦੇ ਤੀਜੇ ਪੜਾਅ ਵਜੋਂ 20 ਦਸੰਬਰ ਨੂੰ ਡਿਪਟੀ ਕਮਿਸ਼ਨਰ ਬਰਨਾਲਾ ਦੇ ਦਫਤਰ ਅੱਗੇ ਜ਼ਿਲ੍ਹਾ ਬਰਨਾਲਾ ਇਕਾਈ ਵਲੋਂ ਵੱਡੀ ਗਿਣਤੀ ਵਿਚ ਮਰਦ, ਔਰਤਾਂ ਨੇ ਪਹਿਲਾਂ ਕਚਹਿਰੀ ਚੌਕ ਵਿਚ ਇਕੱਠੇ ਹੋ ਕੇ ਉਥੋਂ ਡੀ.ਸੀ.ਦਫਤਰ ਬਰਨਾਲਾ ਤੱਕ ਮਾਰਚ ਕਰ ਕੇ ਧਰਨਾ ਦਿੱਤਾ ਅਤੇ ਭਰਵੀਂ ਰੈਲੀ ਕੀਤੀ ਤੇ ਡੀ.ਸੀ. ਬਰਨਾਲਾ ਨੂੰ ਮੰਗ ਪੱਤਰ ਦਿੱਤਾ। ਇਹ ਮੰਗ ਪੱਤਰ ਮੁੱਖ ਮੰਤਰੀ ਪੰਜਾਬ ਨੂੰ ਸੰਬੋਧਤ ਸੀ। 
ਇਸ ਧਰਨੇ ਨੂੰ ਸੰਬੋਧਨ ਕਰਦਿਆਂ ਬੁਲਾਰਿਆਂ ਨੇ ਮੰਗ ਕੀਤੀ ਕਿ ਪ੍ਰਾਪਰਟੀ ਟੈਕਸ ਖਤਮ ਕੀਤਾ ਜਾਵੇ, ਮਨਰੇਗਾ ਸਕੀਮ ਠੀਕ ਢੰਗ ਨਾਲ ਲਾਗੂ ਕੀਤੀ ਜਾਵੇ, ਮਹਿੰਗਾਈ ਨੂੰ ਕਾਬੂ ਕਰਨ ਲਈ ਜਨਤਕ ਵੰਡ ਪ੍ਰਣਾਲੀ ਲਾਗੂ ਕੀਤੀ ਜਾਵੇ। ਚੋਣਾਂ ਦੌਰਾਨ ਕੀਤੇ ਗਏ ਸਾਰੇ ਵਾਅਦੇ ਪੂਰੇ ਕੀਤੇ ਜਾਣ। ਇਸ ਧਰਨੇ ਨੂੰ ਸੀ.ਪੀ.ਐਮ.ਪੰਜਾਬ ਜ਼ਿਲ੍ਹਾ ਸੰਗਰੂਰ ਦੇ  ਸਕੱਤਰ  ਗੱਜਣ ਸਿੰਘ ਦੁੱਗਾਂ, ਜਮਹੂਰੀ ਕਿਸਾਨ ਸਭਾ ਦੇ ਸਕੱਤਰ ਮਲਕੀਤ ਸਿੰਘ ਵਜੀਦਕੇ, ਤਹਿਸੀਲ ਬਰਨਾਲਾ ਦੇ ਸਕੱਤਰ ਸੁਰਜੀਤ ਸਿੰਘ ਦਿਹੜ, ਦਿਹਾਤੀ ਮਜ਼ਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਭੋਲਾ ਸਿੰਘ ਕਲਾਲ ਮਾਜਰਾ, ਡਾ. ਕੁਲਵੰਤ ਸਿੰਘ ਪੰਡੋਰੀ, ਅਮਰਜੀਤ ਸਿੰਘ ਕੁੱਕੂ, ਗੁਰਦੇਵ ਸਿੰਘ ਸਹਿਜੜਾ, ਭਾਨ ਸਿੰਘ ਸੰਘੇੜਾ, ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਸਕੱਤਰ, ਜਸਪਾਲ, ਧੰਨਾ ਸਿਘ ਭਦੌੜ ਆਦਿ ਨੇ ਵੀ ਸੰਬੋਧਨ ਕੀਤਾ। 



ਕਾਮਰੇਡ ਦਲੀਪ ਸਿੰਘ ਟਪਿਆਲਾ ਦੀ ਬਰਸੀ 'ਤੇ ਜਨ-ਚੇਤਨਾ ਕਾਨਫ਼ਰੰਸ

ਅਜ਼ਾਦੀ ਘੁਲਾਟੀਏ ਅਤੇ ਕਿਸਾਨੀ ਘੋਲਾਂ ਦੇ ਨਾਇਕ ਕਾਮਰੇਡ ਦਲੀਪ ਸਿੰਘ ਟਪਿਆਲਾ ਦੀ 21ਵੀਂ ਬਰਸੀ ਉਨ੍ਹਾ ਤੇ ਉਨ੍ਹਾ ਦੇ ਯੁੱਧ ਸਾਥੀਆਂ ਕਾਮਰੇਡ ਫ਼ੌਜਾ ਸਿੰਘ ਭੁੱਲਰ, ਕਾਮਰੇਡ ਸੋਹਣ ਸਿੰਘ ਜੋਸ਼, ਕਾਮਰੇਡ ਅੱਛਰ ਸਿੰਘ ਛੀਨਾ, ਗੁਰਦਿਆਲ ਸਿੰਘ ਟਪਿਆਲਾ, ਰਤਨ ਸਿੰਘ ਚੋਗਾਵਾਂ, ਸੁਰਜਨ ਸਿੰਘ ਚੋਗਾਵਾਂ ਸਮੇਤ ਇਲਾਕੇ ਦੇ ਹੋਰ ਦੇਸ਼ ਭਗਤਾਂ, ਸ਼ਹੀਦਾਂ ਤੇ ਸੂਰਬੀਰਾਂ ਦੀਆਂ ਕੁਰਬਾਨੀਆਂ ਨੂੰ ਸਮਰਪਤ ਕਮਿਊਨਿਸਟ ਪਾਰਟੀ ਮਾਰਕਸਵਾਦੀ ਪੰਜਾਬ ਵੱਲੋਂ ਇਨਕਲਾਬੀ ਜਨ-ਚੇਤਨਾ ਵਿਸ਼ਾਲ ਕਾਨਫ਼ਰੰਸ 1 ਦਸੰਬਰ ਨੂੰ ਕੀਤੀ ਗਈ। ਕਾਨਫਰੰਸ ਦੀ ਪ੍ਰਧਾਨਗੀ ਅਮਰਜੀਤ ਸਿੰਘ ਭੀਲੋਵਾਲ, ਸ਼ੀਤਲ ਸਿੰਘ ਤਲਵੰਡੀ, ਕੁਲਵੰਤ ਸਿੰਘ ਮੱਲੂ ਨੰਗਲ, ਬੀਬੀ ਅਜੀਤ ਕੌਰ, ਸਰਪੰਚ ਜਗਤਾਰ ਸਿੰਘ ਟਪਿਆਲਾ, ਬਾਬਾ ਜਰਨੈਲ ਸਿੰਘ ਲੋਪੋਕੇ ਤੇ ਨਾਮਵਰ ਕਬੱਡੀ ਕੋਚ ਤਸਬੀਰ ਸਿੰਘ ਟਪਿਆਲਾ ਤੇ ਸਰਪੰਚ ਰੁਪਿੰਦਰ ਸਿੰਘ (ਰੂਬੀ) ਗੁੱਝਾਪੀਰ ਨੇ ਕੀਤੀ। ਸਟੇਜ ਦੀ ਕਾਰਵਾਈ ਬਾਖੂਬੀ ਵਿਰਸਾ ਸਿੰਘ ਟਪਿਆਲਾ ਤੇ ਗੁਰਨਾਮ ਸਿੰਘ ਉਮਰਪੁਰਾ ਨੇ ਵਾਰੋ-ਵਾਰੀ ਨਿਭਾਈ। ਕਾਨਫ਼ਰੰਸ ਦਾ ਆਗਾਜ਼ ਪਾਰਟੀ ਦੇ ਤਹਿਸੀਲ ਸਕੱਤਰ ਬਚਨ ਸਿੰਘ ਓਠੀਆਂ ਦੇ ਜੀ ਆਇਆਂ ਕਹਿਣ ਨਾਲ ਹੋਇਆ। ਇਹਨਾਂ ਦੇਸ਼ ਭਗਤਾਂ ਤੇ ਲੋਕ ਹਿੱਤਾਂ ਦੇ ਪਹਿਰੇਦਾਰਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਨ ਪਿੱਛੋਂ ਸੀ ਪੀ ਐੱਮ ਪੰਜਾਬ ਦੇ ਸੂਬਾ ਸਕੱਤਰੇਤ ਮੈਂਬਰ ਰਤਨ ਸਿੰਘ ਰੰਧਾਵਾ ਨੇ ਵਿਸ਼ਾਲ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਇਹਨਾਂ ਸੰਗਰਾਮੀ ਯੋਧਿਆਂ ਦੀਆਂ ਕੁਰਬਾਨੀਆਂ ਸਦਕਾ ਆਜ਼ਾਦੀ ਮਿਲੀ, ਇਹ ਮਹਾਨ ਆਗੂ ਆਜ਼ਾਦੀ ਪਿੱਛੋਂ ਵੀ ਕਿਰਤੀਆਂ ਦਾ ਰਾਜ ਸਥਾਪਤ  ਕਰਨ ਤੇ ਸਮਾਜਕ ਇਨਸਾਫ ਲਈ ਕੁਰਬਾਨੀਆਂ ਕਰ ਗਏ, ਪਰ ਦੇਸ਼ ਦੇ ਸਰਮਾਏਦਾਰ, ਜਗੀਰਦਾਰ ਹਾਕਮਾਂ ਦੀਆਂ ਲੋਕ-ਵਿਰੋਧੀ ਨੀਤੀਆਂ ਕਾਰਨ ਅਜੇ ਤੱਕ ਉਨ੍ਹਾਂ ਦੇ ਸੁਪਨੇ ਸਾਕਾਰ ਨਹੀਂ ਹੋਏ। ਇਸ ਦੇ ਉਲਟ ਦੇਸ਼ ਵਿੱਚ ਮਹਿੰਗਾਈ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ ਤੇ ਸਮਾਜਕ ਜਬਰ ਆਦਿ ਦਾ ਬੋਲਬਾਲਾ ਹੈ ਤੇ ਹਰ ਆਦਮੀ, ਇਸਤਰੀ ਇਸ ਤੋਂ ਡਾਢਾ ਦੁਖੀ ਤੇ ਪ੍ਰੇਸ਼ਾਨ ਹੈ। ਸੀ ਪੀ ਐੱਮ ਨੇ ਅਜਿਹੀ ਅਵਸਥਾ 'ਚ ਇਹਨਾਂ ਸਮੱਸਿਆਵਾਂ ਨੂੰ ਹੱਕ ਕਰਵਾਉਣ ਲਈ ਦੇਸ਼ ਦੇ ਹਾਕਮਾਂ ਦੀਆਂ ਲੋਕ-ਵਿਰੋਧੀ ਨੀਤੀਆਂ ਨੂੰ ਭਾਂਜ ਦੇਣ ਲਈ ਜ਼ੋਰਦਾਰ ਸੰਘਰਸ਼ ਕਰਨ ਦਾ ਫ਼ੈਸਲਾ ਕੀਤਾ ਹੋਇਆ ਹੈ। 
ਦਿਹਾਤੀ ਮਜ਼ਦੂਰ ਸਭਾ ਦੇ ਸੀਨੀਅਰ ਆਗੂ ਗੁਰਨਾਮ ਸਿੰਘ ਉਮਰਪੁਰਾ ਤੇ ਤਹਿਸੀਲ ਅਜਨਾਲਾ ਦੇ ਪ੍ਰਧਾਨ ਅਮਰਜੀਤ ਸਿੰਘ ਭੀਲੋਵਾਲ ਨੇ ਕਿਹਾ ਕਿ ਕੇਂਦਰ ਤੇ ਸੂਬਾਈ ਸਰਕਾਰਾਂ ਦੀਆਂ ਤਬਾਹਕੁੰਨ ਨੀਤੀਆਂ ਨਾਲ ਗ਼ਰੀਬਾਂ ਦੀ ਦੋ ਵੇਲੇ ਦੀ ਰੋਟੀ ਦਾ ਜੁਗਾੜ ਕਰਨਾ ਵੀ ਮੁਸ਼ਕਲ ਹੋ ਗਿਆ ਹੈ। ਪੇਂਡੂ ਮਜ਼ਦੂਰ ਬੇਰੁਜ਼ਗਾਰ ਹੋ ਗਿਆ ਤੇ ਗ਼ਰੀਬਾਂ ਦੇ ਬੱਚਿਆਂ ਕੋਲੋਂ ਵਿੱਦਿਆ ਦਾ ਹੱਕ ਵੀ ਖੁਸਦਾ ਜਾ ਰਿਹਾ ਹੈ। ਜਮਹੂਰੀ ਕਿਸਾਨ ਸਭਾ ਪੰਜਾਬ ਦੇ ਕ੍ਰਮਵਾਰ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ, ਸੂਬਾ ਕਮੇਟੀ ਮੈਂਬਰ ਰਾਜ ਬਲਬੀਰ ਸਿੰਘ ਵੀਰਮ ਤੇ ਸ਼ੀਤਲ ਸਿੰਘ ਤਲਵੰਡੀ ਨੇ ਜਨ-ਚੇਤਨਾ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਕਾਮਰੇਡ ਦਲੀਪ ਸਿੰਘ ਟਪਿਆਲਾ ਦੀ ਅਗਵਾਈ 'ਚ ਲੜੇ ਗਏ ਕਿਸਾਨੀ ਘੋਲਾਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਸਰਕਾਰਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਖੇਤੀ ਗੰਭੀਰ ਸੰਕਟ 'ਚ ਹੈ। ਕਿਸਾਨੀ ਜਿਣਸਾਂ ਦੇ ਭਾਅ ਲਾਗਤ ਕੀਮਤਾਂ ਪੂਰੀਆਂ ਨਹੀਂ ਕਰਦੇ, ਉਪਰੋਂ ਮੰਡੀਆਂ 'ਚ ਵੀ ਕਿਸਾਨਾਂ ਦੀ ਸਰੇਆਮ ਭਾਰੀ ਲੁੱਟ ਹੋ ਰਹੀ ਹੈ। ਇਸ ਮੌਸਮ 'ਚ ਝੋਨੇ ਦੀ ਤਕਰੀਬਨ 1200 ਕਰੋੜ ਰੁਪਏ ਦੀ ਵਪਾਰੀਆਂ, ਸ਼ੈਲਰ ਮਾਲਕਾਂ ਤੇ ਸਰਕਾਰਾਂ ਦੀਆਂ ਖ਼ਰੀਦਦਾਰ ਏਜੰਸੀਆਂ ਨੇ ਸਾਂਝੀ ਲੁੱਟ ਕੀਤੀ ਹੈ। ਕਿਸਾਨਾਂ ਦੀਆਂ ਜ਼ਮੀਨਾਂ ਧੱਕੇ ਨਾਲ ਅਕਵਾਇਰ ਕੀਤੀਆਂ ਜਾ ਰਹੀਆਂ ਹਨ ਅਤੇ ਅਬਾਦਕਾਰਾਂ ਦਾ ਉਜਾੜਾ ਕੀਤਾ ਜਾ ਰਿਹਾ ਹੈ, ਜਿਸ ਦੀ ਤਾਜ਼ਾ ਮਿਸਾਲ ਇਹ ਹੈ ਕਿ ਰੋਪੜ ਜ਼ਿਲ੍ਹੇ 'ਚ ਫਤਿਹਪੁਰ ਭੰਗਾਲਾ ਪਿੰਡ ਦੀ ਅਬਾਦਕਾਰ ਕਿਸਾਨ ਬੀਬੀ ਆਪਣੀ ਜ਼ਮੀਨ ਦੀ ਰਾਖੀ ਕਰਦੀ ਸ਼ਹੀਦ ਹੋ ਗਈ।  ਸ਼੍ਰੋਮਣੀ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਜਥੇਦਾਰ ਹਰਦਲਬੀਰ ਸਿੰਘ ਸ਼ਾਹ ਨੇ ਵੀ ਟਪਿਆਲਾ ਜੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ 
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਪ੍ਰਧਾਨ ਕੁਲਵੰਤ ਸਿੰਘ ਮੱਲੂ ਨੰਗਲ ਤੇ ਜਨਰਲ ਸਕੱਤਰ ਸੁਰਜੀਤ ਸਿੰਘ ਦੁਧਰਾਏ ਨੇ ਪੰਜਾਬ 'ਚ ਨਸ਼ਿਆਂ ਦੇ ਵਰਤਾਰੇ ਲਈ ਸਿੱਧੇ ਤੌਰ 'ਤੇ ਕੇਂਦਰ ਤੇ ਪੰਜਾਬ ਸਰਕਾਰ ਦੀਆਂ ਨੌਜਵਾਨ ਮਾਰੂ ਨੀਤੀਆਂ ਤੇ ਸਿਖ਼ਰਾਂ ਛੂਹ ਰਹੀ ਬੇਰੁਜ਼ਗਾਰੀ ਨੂੰ ਜ਼ਿੰਮੇਵਾਰ ਠਹਿਰਾਇਆ। ਇਸ ਸਮੇਂ ਸੀ ਪੀ ਐੱਮ ਪੰਜਾਬ ਦੇ ਸੂਬਾ ਸਕੱਤਰ ਮੰਗਤ ਰਾਮ ਪਾਸਲਾ ਦੀ ਮਾਤਾ ਕਰਮੀ ਦੇਵੀ ਦੇ ਚਲਾਣੇ 'ਤੇ ਦੋ ਮਿੰਟ ਦਾ ਮੌਨ ਧਾਰ ਕੇ ਸ਼ਰਧਾਂਜਲੀਆਂ ਭੇਟ ਕੀਤੀਆਂ ਗਈਆਂ। ਇਸ ਸਮੇਂ ਨਾਮਵਰ ਮਾਹਰ ਡਾ. ਐੱਨ ਐਸ ਨੇਕੀ ਅੱਖਾਂ ਦੇ ਮਾਹਰ, ਡਾ. ਰਣਬੀਰ ਸਿੰਘ ਢਿੱਲੋਂ ਤੇ ਦੰਦਾਂ ਦੇ ਮਾਹਰ ਡਾ. ਨਵਜੋਤ ਕੌਰ ਦੀ ਅਗਵਾਈ ਵਾਲੀਆਂ ਵੱਖ-ਵੱਖ ਡਾਕਟਰਾਂ ਦੀਆਂ ਟੀਮਾਂ ਨੇ ਲੋੜਵੰਦ ਮਰੀਜ਼ਾਂ ਦਾ ਮੁਫ਼ਤ ਮੁਆਇਨਾ ਕਰਕੇ ਦਵਾਈਆਂ ਦਿੱਤੀਆਂ। 



ਜ਼ਮੀਨਾਂ ਨੂੰ ਬਚਾਉਣ ਲਈ ਅਬਾਦਕਾਰਾਂ ਵੱਲੋਂ ਰੋਹ ਭਰਪੂਰ ਰੈਲੀ

29 ਨਵੰਬਰ 2013 ਨੂੰ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਵੱਲੋਂ ਪਿੰਡ ਬੁਰਜ (ਤਹਿਸੀਲ ਫਿਲੌਰ) ਵਿਖੇ ਅਬਾਦਕਾਰਾਂ ਵੱਲੋਂ ਅਬਾਦ ਕੀਤੀਆਂ ਜ਼ਮੀਨਾਂ ਜਬਰੀ ਹੜੱਪਣ ਲਈ ਮਾਲ ਵਿਭਾਗ ਦੇ ਅਮਲੇ ਨੂੰ ਵੱਡੀ ਗਿਣਤੀ ਵਿਚ ਪੁਲਸ ਫੋਰਸ ਸਮੇਤ ਭੇਜ ਕੇ ਸੈਂਕੜੇ ਏਕੜ ਜ਼ਮੀਨ 'ਤੇ ਕਬਜ਼ਾ ਕਰਨ ਦੀ ਕੋਸ਼ਿਸ਼ ਕੀਤੀ ਗਈ, ਜਿਸ ਨੂੰ ਪਿੰਡ ਦੇ ਸੈਂਕੜੇ ਮਰਦਾਂ, ਔਰਤਾਂ, ਮੰਡ ਬੇਟ ਅਬਾਦਕਾਰ ਸੰਘਰਸ਼ ਕਮੇਟੀ ਪੰਜਾਬ ਦੇ ਸੂਬਾ ਆਗੂ ਸਰਬਜੀਤ ਢੰਡਾ ਸੰਗੋਵਾਲ, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਸੁਰਿੰਦਰ ਮੰਗਾ ਅਤੇ ਅਬਾਦਕਾਰ ਸੰਘਰਸ਼ ਕਮੇਟੀ ਦੇ ਸੈਕਟਰੀ ਛਿੰਦਰਪਾਲ ਦੀ ਅਗਵਾਈ ਵਿਚ ਨਾ ਕਾਮਯਾਬ ਕਰ ਦਿੱਤਾ। ਆਪਣੀ ਜ਼ਮੀਨ ਦੀ ਰਾਖੀ ਲਈ ਪਿੰਡ ਦੇ ਲੋਕ ਜਿਨ੍ਹਾਂ ਵਿਚ ਔਰਤਾਂ ਅਤੇ ਮਰਦਾਂ ਤੋਂ ਇਲਾਵਾ ਬੱਚੇ ਅਤੇ ਜਮਹੂਰੀ ਕਿਸਾਨ ਸਭਾ ਦੇ ਆਗੂ ਲਗਾਤਾਰ ਧਰਨੇ 'ਤੇ ਬੈਠੇ ਆ ਰਹੇ ਹਨ। 
ਮੰਡ-ਬੇਟ ਏਰੀਆ ਤੇ ਅਬਾਦਕਾਰ ਸੰਘਰਸ਼ ਕਮੇਟੀ ਅਤੇ ਜਮਹੂਰੀ ਕਿਸਾਨ ਸਭਾ ਵੱਲੋਂ ਪਿੰਡ ਦੇ ਅਬਾਦਕਾਰਾਂ ਦੇ ਸਮਰਥਨ  'ਚ 19 ਦਸੰਬਰ ਨੂੰ ਪਿੰਡ ਤਲਵਣ ਦੀ ਦਾਣਾ ਮੰਡੀ ਵਿਖੇ ਇਕ ਵਿਸ਼ਾਲ ਰੋਹ ਭਰਪੂਰ ਰੈਲੀ ਕੀਤੀ ਗਈ, ਜਿਸ ਵਿਚ ਪੰਜਾਬ ਦੇ ਜਮਹੂਰੀ ਕਿਸਾਨ ਸਭਾ ਦੇ ਆਗੂਆਂ ਤੋਂ ਇਲਾਵਾ ਵੱਡੀ ਗਿਣਤੀ ਵਿਚ ਅਲੱਗ-ਅਲੱਗ ਪਿੰਡਾਂ ਵਿਚੋਂ ਮਰਦਾਂ, ਔਰਤਾਂ ਅਤੇ ਬੱਚਿਆਂ ਨੇ ਭਾਗ ਲਿਆ।ઠਇਸ ਰੈਲੀ ਦੀ ਪ੍ਰਧਾਨਗੀ ਸਰਬਰਜੀਤ ਸਿੰਘ ਸੰਗੋਵਾਲ, ਕੁਲਦੀਪ ਫਿਲੌਰ, ਰਾਮ ਸਿੰਘ ਕੈਮਵਾਲਾ, ਕੁਲਜਿੰਦਰ ਸਿੰਘ ਤਲਵਣ ਅਤੇ ਰਣਜੀਤ ਸਿੰਘ ਗੋਰਸੀਆਂ ਨੇ ਕੀਤੀ। ਇਸ ਮੌਕੇ ਮੰਡ-ਬੇਟ ਏਰੀਆ ਤੇ ਅਬਾਦਕਾਰ ਸੰਘਰਸ਼ ਕਮੇਟੀ ਦੇ ਪ੍ਰਧਾਨ ਗੁਰਨਾਮ ਸਿੰਘ ਸੰਘੇੜਾ ਤੇ ਜਨਰਲ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਹ ਜ਼ਮੀਨਾਂ ਅਬਾਦਕਾਰਾਂ ਵੱਲੋਂ ਭੁੱਖੇ-ਪਿਆਸੇ ਰਹਿ ਕੇ ਅਤੇ ਬੱਚਿਆਂ ਨੂੰ ਅਨਪੜ੍ਹ ਰੱਖ ਕੇ ਕਈ ਦਹਾਕੇ ਪਹਿਲਾਂ ਖੂਨ-ਪਸੀਨੇ ਡੋਲ੍ਹ ਕੇ ਅਬਾਦ ਕੀਤੀਆਂ ਸਨ, ਹੁਣ ਜਦੋਂ ਇਹ ਜ਼ਮੀਨਾਂ ਉਪਜਾਊ ਹੋ ਗਈਆਂ ਹਨ ਤਾਂ ਪੰਜਾਬ ਸਰਕਾਰ ਇਹ ਜ਼ਮੀਨਾਂ ਅਬਾਦਕਾਰਾਂ ਕੋਲੋਂ ਖੋਹ ਕੇ ਆਪਣੇ ਚਹੇਤਿਆਂ ਨੂੰ ਦੇਣਾ ਚਾਹੁੰਦੀ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਪੰਜਾਬ ਦੇ ਅਬਾਦਕਾਰਾਂ ਨੂੰ ਉਜਾੜ ਕੇ ਉਨ੍ਹਾਂ ਦੀਆਂ ਜ਼ਮੀਨਾਂ ਹਥਿਆਉਣ ਦੀ ਕੋਸ਼ਿਸ ਕੀਤੀ ਤਾਂ ਲਹੂ-ਵੀਟਵਾਂ ਸੰਘਰਸ਼ ਆਰੰਭਿਆ ਜਾਵੇਗਾ। ਉਨ੍ਹਾਂ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਚੋਣਾਂ ਤੋਂ ਪਹਿਲੇ ਕੀਤੇ ਵਾਅਦੇ ਪੂਰੇ ਕਰੇ, ਜਿਸ ਵਿਚ ਉਨ੍ਹਾਂ ਅਬਾਦਕਾਰਾਂ ਨੂੰ ਪੱਕੀ ਮਾਲਕੀਅਤ ਦੇਣ ਦਾ ਵਾਅਦਾ ਕੀਤਾ ਸੀ। ਇਸ ਮੌਕੇ ਜਮਹੂਰੀ ਪੰਜਾਬ ਸਭਾ ਦੇ ਸੂਬਾਈ ਜਨਰਲ ਸਕੱਤਰ ਕਾਮਰੇਡ ਕੁਲਵੰਤ ਸਿੰਘ ਸੰਧੂ, ਜ਼ਿਲ੍ਹਾ ਪ੍ਰਧਾਨ ਮਨੋਹਰ ਗਿੱਲ ਅਤੇ ਸਕੱਤਰ ਸੰਤੋਖ ਸਿੰਘ ਬਿਲਗਾ ਨੇ ਵਿਸ਼ਾਲ ਇਕੱਠ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਕਿਸਾਨ ਵਿਰੋਧੀ ਸਰਕਾਰ ਦੇ ਇਸ ਮਨਸੂਬੇ ਨੂੰ ਕਦੇ ਵੀ ਪੂਰਾ ਨਹੀਂ ਹੋਣ ਦਿੱਤਾ ਜਾਵੇਗਾ ਅਤੇ ਇਸ ਸੰਘਰਸ਼ ਨੂੰ ਹੋਰ ਵੱਡੇ ਪੱਧਰ ਤੱਕ ਵਿੱਢਿਆ ਜਾਵੇਗਾ। ਉਨ੍ਹਾਂ ਕਿਹਾ ਕਿ ਜੇਕਰ ਸਮੇਂ ਸਿਰ ਜਮਹੂਰੀ ਕਿਸਾਨ ਸਭਾ ਦੇ ਆਗੂਆਂ ਨੂੰ ਕਬਜ਼ਾਕਾਰੀਆਂ ਦਾ ਪਤਾ ਨਾ ਲੱਗਦਾ ਤਾਂ ਅੱਜ ਅਬਾਦਕਾਰਾਂ ਤੋਂ ਜ਼ਮੀਨਾਂ ਖੋਹ ਲਈਆਂ ਜਾਣਗੀਆਂ ਸਨ। ਉਨ੍ਹਾਂ ਅਬਾਦਕਾਰਾਂ ਨੂੰ ਹਰ ਸੰਘਰਸ਼ ਵਿਚ ਸਾਥ ਦੇਣ ਦਾ ਭਰੋਸਾ ਦਿੱਤਾ। ਇਸ ਮੌਕੇ ਉਨ੍ਹਾਂ ਕਿਹਾ ਕਿ ਪੰਜਾਬ ਦੀ ਕਿਸਾਨ ਵਿਰੋਧੀ ਸਰਕਾਰ ਨੇ ਝੋਨੇ ਦੀ ਚੁਕਾਈ ਸਮੇਂ ਸ਼ੈਲਰ ਮਾਲਕਾਂ ਦੀ ਮਿਲੀ-ਭੁਗਤ ਨਾਲ ਕਿਸਾਨਾਂ ਦੀ ਅੰਨ੍ਹੀ ਲੁੱਟ ਕੀਤੀ। ਆਗੂਆਂ ਮੰਗ ਕੀਤੀ ਕਿ ਝੋਨੇ ਦੀ ਖਰੀਦ ਵਿਚ ਹੋਈ ਲੁੱਟ ਦੀ ਪੜਤਾਲ ਕਰਕੇ ਕਿਸਾਨਾਂ ਨੂੰ ਝੋਨੇ ਦਾ ਪੂਰਾ ਮੁੱਲ ਦਿੱਤਾ ਜਾਵੇ ਅਤੇ ਖਾਦ, ਦਵਾਈਆਂ ਅਤੇ ਡੀਜ਼ਲ 'ਤੇ ਸਬਸਿਡੀ ਬਹਾਲ ਕੀਤੀ ਜਾਵੇ। ਉਨ੍ਹਾਂ ਹੋਰ ਮੰਗ ਕੀਤੀ ਕਿ ਕਿਸਾਨਾਂ ਨੂੰ ਆਪਣੇ ਖੇਤਾਂ ਵਿਚੋਂ ਰੇਤਾ ਚੁੱਕਣ ਅਤੇ ਲਾਏ ਦਰੱਖਤ ਪੁੱਟਣ ਦੀ ਵੀ ਇਜ਼ਾਜਤ ਦਿੱਤੀ ਜਾਵੇ। ਇਸ ਮੌਕੇ ਹੋਰਨਾਂ ਤੋ ਇਲਾਵਾ ਦਿਹਾਤੀ ਮਜ਼ਦੂਰ ਸਭਾ ਦੇ ਸੂਬਾਈ ਆਗੂ ਪਰਮਜੀਤ ਰੰਧਾਵਾ, ਮੇਲਾ ਸਿੰਘ ਰੁੜਕਾ, ਨਿਰਮਲ ਮਲਸੀਆਂ, ਦੇਵ ਫਿਲੌਰ, ਸੁਰਿੰਦਰ ਮੰਗਾ ਸੰਗੋਵਾਲ ਅਤੇ ਕੁਲਵੰਤ ਸਿੰਘ ਬਿਲਗਾ ਨੇ ਵੀ ਸੰਬੋਧਨ ਕੀਤਾ।



ਰੋਪੜ ਜ਼ਿਲ੍ਹੇ ਦੇ ਆਬਾਦਕਾਰਾਂ ਦਾ ਸੰਘਰਸ਼ 

ਰੋਪੜ  ਜ਼ਿਲ੍ਹੇ ਦੇ ਪਿੰਡ ਫਤਿਹਪੁਰ ਭੰਗਾਲਾ ਦੇ 150 ਦੇ ਕਰੀਬ ਪਰਿਵਾਰ ਲਗਭਗ 176 ਏਕੜ ਐਵੈਕਿਊ ਜ਼ਮੀਨ 60 ਸਾਲ ਤੋਂ ਵੀ ਪਹਿਲਾਂ ਆਬਾਦ ਕਰਕੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰ ਰਹੇ ਹਨ। ਇਨ੍ਹਾਂ ਛੋਟੇ ਕਿਸਾਨਾਂ ਨੂੰ ਸਰਕਾਰ ਅਤੇ ਪ੍ਰਸ਼ਾਸਨ ਜੰਗਲਾਤ ਦੇ ਨਾਂਅ 'ਤੇ ਉਜਾੜਨ ਦੀ ਕੋਸ਼ਿਸ਼ ਕਰ ਰਿਹਾ ਹੈ। ਇਸ ਜ਼ਮੀਨ 'ਤੇ ਕਦੇ ਵੀ ਜ਼ੰਗਲਾਤ ਵਿਭਾਗ ਦਾ ਕਬਜ਼ਾ ਨਹੀਂ ਹੋਇਆ ਨਾ ਹੀ ਕਦੇ ਇਥੇ ਬੂਟੇ ਲਗਾਏ ਗਏ ਹਨ। ਇਸ ਪਿੰਡ ਵਿਚ ਸਰਕਾਰ ਨੇ ਦੋ ਧਰਮਸ਼ਾਲਾ, ਇਕ ਸਕੂਲ ਲੋਕਾਂ ਲਈ ਸਰਕਾਰੀ ਖਰਚ 'ਤੇ ਬਣਾ ਕੇ ਦਿੱਤੇ ਹਨ। ਇਕ ਸਰਕਾਰੀ ਟਿਊਬਵੈਲ ਜਿਸ ਦੀ ਪਾਇਪ ਲਾਇਨ ਇਸ ਜ਼ਮੀਨ ਵਿਚ ਵਿੱਛੀ ਹੋਈ ਹੈ ਉਤੇ 50 ਲੱਖ ਰੁਪਏ ਸਰਕਾਰ ਨੇ ਸਿੰਚਾਈ ਲਈ ਖਰਚ ਕੀਤੇ ਹਨ। ਫਿਰ ਵੀ ਵਾਰ ਵਾਰ ਪ੍ਰਸ਼ਾਸਨ ਇਨ੍ਹਾਂ ਕਿਸਾਨਾਂ ਨੂੰ ਉਜਾੜਨ ਤੇ ਤੁਲਿਆ ਹੋਇਆ ਹੈ। 19 ਨਵੰਬਰ ਨੂੰ ਸੈਕੜਿਆਂ ਦੀ ਗਿਣਤੀ ਵਿਚ ਜੰਗਲਾਤ ਦੇ ਕਰਮਚਾਰੀ ਅਤੇ ਅਧਿਕਾਰੀਆਂ ਪੁਲਸ ਦੀ ਧਾੜ ਲੈ ਕੇ ਲੋਕਾਂ ਦੀਆਂ ਫਸਲਾਂ ਵਿਚ ਬੂਟੇ ਲਗਾਉਣ ਦਾ ਹੱਲਾ ਬੋਲ ਦਿੱਤਾ। ਇਸ ਧੱਕੇਸ਼ਾਹੀ ਦੇ ਖਿਲਾਫ ਜਮਹੂਰੀ ਕਿਸਾਨ ਸਭਾ ਦੇ ਆਗੂਆਂ ਦੀ ਅਗਵਾਈ ਵਿਚ ਪਿੰਡ ਦੇ ਬੱਚਿਆਂ ਤੋਂ ਲੈ ਕੇ ਬੁੱਢਿਆਂ ਤੱਕ ਔਰਤਾਂ ਸਮੇਤ ਇਸ ਕਾਰਵਾਈ ਨੂੰ ਰੋਕਣ ਹਿੱਤ ਖੇਤਾਂ ਵਿਚ ਆ ਡਟੇ। ਲੋਕਾਂ ਦੇ ਰੋਹ ਅੱਗੇ ਜਦੋਂ ਜੰਗਲਾਤ ਅਤੇ ਪੁਲਸ ਦੇ ਅਧਿਕਾਰੀਆਂ ਦੀਆਂ ਸਾਰੀਆਂ ਕੋਸ਼ਿਸਾਂ ਨਾਕਾਮ ਹੋ ਗਈਆਂ ਤਾਂ ਉਨ੍ਹਾਂ ਨੇ ਤਾਕਤ ਦੀ ਵਰਤੋਂ ਕਰਦਿਆਂ ਲੋਕਾਂ 'ਤੇ ਲਾਠੀਚਾਰਜ ਕੀਤਾ। ਔਰਤਾਂ ਨਾਲ ਖਿੱਚ ਧੂਅ ਕੀਤੀ। ਉਨ੍ਹਾਂ ਨੂੰ ਬਾਲਾਂ ਤੋਂ ਫੜਕੇ ਘਸੀਟਿਆ ਗਿਆ ਅਤੇ ਦਰਜਨ ਦੇ ਕਰੀਬ ਕਾਰਕੁੰਨਾਂ ਨੂੰ ਔਰਤਾਂ ਸਮੇਤ ਥਾਣੇ ਵਿਚ ਸ਼ਾਮ ਤੱਕ ਡੱਕ ਕੇ ਰੱਖਿਆ। ਇਸ ਘਿਨੌਣੇ ਕਾਰੇ ਦੇ ਖਿਲਾਫ 26 ਨਵੰਬਰ ਨੂੰ ਡੀ.ਸੀ. ਦਫਤਰ ਰੋਪੜ ਅੱਗੇ ਸੈਂਕੜੇ ਲੋਕਾਂ ਨੇ ਧਰਨਾ ਦੇ ਕੇ ਰੋਸ ਪ੍ਰਗਟਾਵਾ ਕੀਤਾ ਅਤੇ ਮੁੱਖ ਮੰਤਰੀ ਪੰਜਾਬ ਨੂੰ ਡੀ.ਸੀ. ਰਾਹੀਂ ਮੰਗ ਪੱਤਰ ਦੇ ਕੇ ਮੰਗ ਕੀਤੀ ਕਿ ਔਰਤਾਂ ਨਾਲ ਜੋ ਗੈਰ ਮਨੁੱਖੀ ਵਿਵਹਾਰ ਕੀਤਾ ਗਿਆ ਹੈ ਇਸਦੀ ਜਾਂਚ ਕਰਾਈ ਜਾਏ। ਆਬਾਦਕਾਰਾਂ ਨੂੰ ਮਾਲਕੀ ਹੱਕ ਦਿੱਤੇ ਜਾਣ। 
ਬੀਬੀ ਸੁਖਵਿੰਦਰ ਕੌਰ ਜਿਸ ਨੂੰ ਹੋਰਨਾਂ ਨਾਲ ਹੀ ਖਿੱਚਧੂਅ ਕਰਕੇ ਥਾਣੇ ਵਚ ਬਿਠਾਈ ਰੱਖਿਆ ਗਿਆ ਸੀ, ਉਸ ਦਿਨ ਤੋਂ ਹੀ ਡਿਪਰੈਸ਼ਨ ਵਿਚ ਸੀ। 27 ਨਵੰਬਰ ਨੂੰ ਉਸ ਦੀ ਮੌਤ ਹੋ ਗਈ। ਇਹ ਖਬਰ ਸੁਣਦਿਆਂ ਹੀ ਫਤਿਹਪੁਰ ਵਿਚ ਲੋਕਾਂ ਦਾ ਇਕੱਠ ਹੋਣਾ ਸ਼ੁਰੂ ਹੋ ਗਿਆ ਜਿਸ ਨਾਲ ਪ੍ਰਸ਼ਾਸਨ ਨੂੰ ਹੱਥਾਂ ਪੈਰਾਂ ਦੀ ਪੈ ਗਈ। ਆਬਾਦਕਾਰ ਉਜਾੜਾ ਵਿਰੋਧੀ ਸੰਘਰਸ਼ ਕਮੇਟੀ ਨੇ ਜਿਓਂ ਹੀ ਇਹ ਐਲਾਨ ਕੀਤਾ ਕਿ ਅਗਰ ਪ੍ਰਸ਼ਾਸਨ ਨੇ ਪਰਿਵਾਰ ਨੂੰ ਬਣਦਾ ਮੁਆਵਜ਼ਾ ਨਾ ਦਿੱਤਾ ਅਤੇ ਇਸ ਘਟਨਾ ਦੀ ਜਾਂਚ ਕਰਾਉਣ ਬਾਰੇ ਕੋਈ ਗੱਲ ਨਾ ਕੀਤੀ ਤਾਂ ਮ੍ਰਿਤਕ ਦੀ ਦੇਹ ਸੜਕ 'ਤੇ ਰੱਖ ਕੇ ਜਾਮ ਲਾ ਦਿਆਂਗੇ। ਇਹ ਐਲਾਨ ਸੁਣਦਿਆਂ ਹੀ ਏ.ਡੀ.ਸੀ. ਅਤੇ ਹੋਰ ਅਧਿਕਾਰੀਆਂ ਨੇ ਆ ਕੇ ਇਸ ਘਟਨਾ ਤੇ ਅਫਸੋਸ ਦਾ ਇਜਹਾਰ ਕੀਤਾ। ਉਨ੍ਹਾਂ ਮੰਗਾਂ ਨੂੰ ਮੰਨਦੇ ਹੋਏ ਪਰਿਵਾਰ ਨੂੰ 5 ਲੱਖ ਰੁਪਏ ਮੁਆਵਜ਼ਾ, ਇਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ, ਜੰਗਲਾਤ ਵਾਲੇ ਇਸ ਜ਼ਮੀਨ 'ਤੇ ਦਖਲ ਅੰਦਾਜ਼ੀ ਨਹੀਂ ਕਰਨਗੇ ਅਤੇ ਘਟਨਾ ਦੀ ਜਾਂਚ ਕਰਨ ਦਾ ਐਲਾਨ ਕਰ ਦਿੱਤਾ। 
8 ਦਸੰਬਰ ਨੂੰ ਬੀਬੀ ਸੁਖਵਿੰਦਰ ਕੌਰ ਦੇ ਸ਼ੋਕ ਸਮਾਗਮ ਵਿਚ ਸੈਂਕੜੇ ਲੋਕਾਂ ਨੇ ਇਕੱਤਰ ਹੋ ਕੇ ਜਿਥੇ ਬੀਬੀ ਨੂੰ ਸ਼ਰਧਾ ਦੇ ਫੁੱਲ ਭੇਂਟ ਕੀਤੇ ਉਥੇ ਇਹ ਅਹਿਦ ਵੀ ਕੀਤਾ ਕਿ ਬੀਬੀ ਨੇ ਜਿਸ ਕਾਜ ਲਈ ਸ਼ਹਾਦਤ ਦਿੱਤੀ ਹੈ ਉਸ ਨੂੰ ਨੇਪਰੇ ਚਾੜ੍ਹਾਂਗੇ ਅਤੇ ਬੀਬੀ ਦੀ ਯਾਦ ਨੂੰ ਸਦੀਵੀ ਰੱਖਣ ਲਈ ਘਟਨਾ ਵਾਲੀ ਜਗ੍ਹਾ 'ਤੇ ਯਾਦਗਾਰੀ ਸਮਾਰਕ ਬਣਾਵਾਂਗੇ। ਇਸ ਮੌਕੇ 'ਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ, ਜ਼ਿਲ੍ਹਾ ਪ੍ਰਧਾਨ ਮੋਹਨ ਸਿੰਘ ਧਮਾਣਾ, ਕੰਢੀ ਸੰਘਰਸ਼ ਕਮੇਟੀ ਰੋਪੜ ਜ਼ਿਲ੍ਹੇ ਦੇ ਪ੍ਰਧਾਨ ਸੁਰਿੰਦਰ ਸਿੰਘ ਪੰਨੂੰ, ਜ਼ਿਲ੍ਹਾ ਜਨਰਲ ਸਕੱਤਰ ਜਮਹੂਰੀ ਕਿਸਾਨ ਸਭਾ ਬਲਵਿੰਦਰ ਸਿੰਘ ਅਸਮਾਨਪੁਰ, ਮੰਡ-ਵੇਟ-ਏਰੀਆ ਅਬਾਦਕਾਰ ਸੰਘਰਸ਼ ਕਮੇਟੀ ਦੇ ਮੈਂਬਰ ਸੁਖਦਰਜ਼ ਸਿੰਘ ਜਿੰਦਾਪੁਰ, ਤਿਲੋਚਨ ਸਿਘ ਰਾਣਾ ਸਕੱਤਰ ਸੀ.ਪੀ.ਐਮ. ਪੰਜਾਬ ਜ਼ਿਲ੍ਹਾ ਰੋਪੜ, ਇੰਦਰਜੀਤ ਸਿੰਘ ਗਰੇਵਾਲ ਸਕੱਤਰੇਤ ਮੈਂਬਰ ਸੀ.ਪੀ.ਐਮ. ਪੰਜਾਬ, ਸ਼ਮਸ਼ੇਰ ਸਿੰਘ ਹਵੇਲੀ, ਧਰਮ ਸਿੰਘ ਥਲੀ, ਜਰਨੈਲ ਸਿੰਘ ਘਨੌਲਾ, ਮੱਖਣ ਸਿੰਘ ਸੁਰਤਾਪੁਰ, ਸੁਰਮੁਖ ਸਿੰਘ ਆਲਮਪੁਰ, ਸਾਬਕਾ ਮੰਤਰੀ ਡਾ. ਰਮੇਸ਼ ਦੱਤ ਸ਼ਰਮਾ, ਹਰਚੰਦ ਸਿੰਘ, ਡਾ. ਪਿਆਰਾ ਸਿੰਘ, ਮੇਵਾ ਸਿੰਘ, ਅਵਤਾਰ ਸਿੰਘ, ਰਾਮਸ਼ਰਨ ਅਤੇ ਸਰਪੰਚ ਨਿਰਮਲ ਸਿੰਘ ਨੇ ਵੀ ਸੰਬੋਧਨ ਕੀਤਾ ਅਤੇ ਸ਼ਹੀਦ ਬੀਬੀ ਨੂੰ ਸ਼ਰਧਾਂਜਲੀਆਂ ਅਰਪਤ ਕੀਤੀਆਂ।
ਰਿਪੋਰਟ : ਮੋਹਨ ਸਿੰਘ ਧਮਾਣਾ

No comments:

Post a Comment