Wednesday, 15 January 2014

ਪੰਜਾਬ ਦਾ ਚੌਥਾ ਦਰਿਆ

ਬੋਧ ਸਿੰਘ ਘੁੰਮਣ

ਪੰਜਾਂ ਦਰਿਆਵਾਂ ਦੀ ਇਸ ਧਰਤੀ ਦੀ ਵੰਡ ਹੋਣ ਮਗਰੋਂ ਇਥੇ ਕੇਵਲ ਤਿੰਨ ਦਰਿਆ ਹੀ ਰਹਿ ਗਏ ਸਨ, ਭਾਵੇਂ ਕਿ ਅਸੀਂ ਫਿਰ ਵੀ ਇਸ ਨੂੰ ਪੰਜ ਦਰਿਆਵਾਂ ਦੇ ਨਾਂਅ ਨਾਲ ਹੀ ਪੁਕਾਰਦੇ ਹਾਂ ਕਿਉਂਕਿ ਪੰਜਾਬ (ਪੰਜ-ਆਬ) ਦਾ ਭਾਵ ਹੀ ਪੰਜ ਪਾਣੀ ਜੁ ਹੋਇਆ। ਐਪਰ ਇਥੋਂ ਦੀਆਂ ਦੋ ਮੁੱਖ ਧਿਰਾਂ ਕਾਂਗਰਸ ਅਤੇ ਅਕਾਲੀ ਦਲ-ਭਾਜਪਾ ਲਗਭਗ ਵਾਰੋ ਵਾਰੀ ਗੱਦੀ 'ਤੇ ਬਿਰਾਜਮਾਨ ਹੁੰਦੀਆਂ ਹਨ ਅਤੇ ਦੋਵੇਂ ਹੀ ਪੂਰੀ 'ਕੋਸ਼ਿਸ਼ ਤੇ ਮਿਹਨਤ' ਕਰਦੀਆਂ ਹਨ ਕਿ ਦਰਿਆਵਾਂ ਦੀ ਗਿਣਤੀ ਪੰਜ ਜਾਂ ਇਸ ਤੋਂ ਵੀ ਵੱਧ ਕੀਤੀ ਜਾਵੇ। ਇਹਨਾਂ ਦੋਹਾਂ ਧਿਰਾਂ ਦੇ ਕੋਈ 10-12 ਕੁ ਵਰ੍ਹਿਆਂ ਦੇ ਸਿਰਤੋੜ, 'ਸੰਜੀਦਾ' ਤੇ 'ਇਮਾਨਦਾਰ' ਯਤਨਾਂ ਨਾਲ ਹੁਣ ਇਥੇ ਵੱਗਣ ਵਾਲੇ ਦਰਿਆਵਾਂ ਦੀ ਗਿਣਤੀ ਤਿੰਨ ਤੋਂ ਵੱਧ ਕੇ ਚਾਰ ਹੋ ਗਈ ਹੈ ਅਤੇ ਇਹ ਚੌਥਾ ਦਰਿਆ ਹੈ ਨਸ਼ਿਆਂ ਦਾ ਦਰਿਆ! ਇਹ ਦਰਿਆ ਅਜਿਹਾ ਹੈ ਕਿ ਇਸ ਦੇ ਵਹਾਅ ਦਾ ਕਿਸੇ ਵੀ ਗਵਾਂਢੀ ਰਾਜ ਨਾਲ ਕੋਈ ਝਗੜਾ ਨਹੀਂ ਹੈ ਕਿਉਂਕਿ ਉਹ ਵੀ ਅਜਿਹੇ ਦਰਿਆ ਵੱਖਰੇ ਤੌਰ 'ਤੇ ਕੱਢ ਰਹੇ ਹਨ। ਐਪਰ ਪੰਜਾਬ ਕਿਉਂਕਿ ਹਰ ਕੰਮ 'ਚ 'ਮੋਹਰੀ' ਹੈ, ਇਸ ਲਈ ਇਸਨੇ ਸਾਰੇ ਗੁਆਂਢੀ ਰਾਜਾਂ ਨੂੰ ਇਸ ਪੱਖੋਂ ਕਿਤੇ ਪਿੱਛੇ ਛੱਡ ਦਿੱਤਾ ਹੈ। 
ਪੰਜਾਬ ਦਾ ਕੋਈ ਵੀ ਐਸਾ ਸ਼ਹਿਰ, ਨਗਰ ਜਾਂ ਪਿੰਡ ਨਹੀਂ ਹੈ ਜਿਥੇ ਇਹ ਦਰਿਆ ਆਪਣੀ ਮਾਰ ਨਾ ਕਰ ਰਿਹਾ ਹੋਵੇ। ਇਸ ਦਰਿਆ ਵਿਚ ਸ਼ਰਾਬ, ਅਫੀਮ, ਭੁੱਕੀ, ਕੈਪਸੂਲ, ਸਮੈਕ, ਹੈਰੋਇਨ ਆਦਿ ਕਈ ਨਸ਼ਿਆਂ ਦਾ ਪਾਣੀ ਪੈ ਰਿਹਾ ਹੈ ਅਤੇ ਇਹ ਸ਼ੂਕਦਾ ਹੋਇਆ ਮਾਰੋ ਮਾਰ ਕਰਦਾ ਲੰਘਦਾ ਹੈ ਅਤੇ ਇਸ ਦਾ ਸਾਈਜ਼ ਨਿਤ-ਦਿਨ ਵੱਧਦਾ ਹੀ ਜਾ ਰਿਹਾ ਹੈ। ਬੇਹੱਦ ਬਰਬਾਦੀ ਕਰ ਰਿਹਾ ਹੈ, ਜਵਾਨੀਆਂ ਗਾਲ਼ ਰਿਹਾ ਹੈ, ਰੋਜ ਅਰਥੀਆਂ ਉਠਾਲ ਰਿਹਾ ਹੈ ਅਤੇ ਕਿਸ਼ੌਰ ਉਮਰ ਤੋਂ ਲੈ ਕੇ ਹਰ ਉਮਰ ਦੇ ਇਨਸਾਨਾਂ ਦੀ ਨਿੱਤ ਵੱਧਦੀ ਗਿਣਤੀ ਨੂੰ ਆਪਣੀ ਲਪੇਟ 'ਚ ਲੈ ਰਿਹਾ ਹੈ। ਨਸ਼ੇ ਦਿਨ ਦੀਵੀਂ ਵਿਕਦੇ ਹਨ, ਹਰ ਕੋਈ ਵੇਖਦਾ ਹੈ, ਪਰ ਐਕਸ਼ਨ ਕੋਈ ਨਹੀਂ। ਹਾਕਮ ਧਿਰਾਂ ਨੇ ਚੋਣਾਂ ਜਿੱਤਣ ਲਈ ਇਹਨਾਂ ਨਸ਼ਿਆਂ ਦੀ ਵਰਤੋਂ ਨੂੰ ਆਪਣੇ ਦਾਅਪੇਚਾਂ ਵਿਚੋਂ ਇਕ ਬਣਾ ਲਿਆ ਹੈ। ਹੁਣ ਨਕਦੀ ਦੇ ਨਾਲ ਨਸ਼ੇ ਦੀ  ਬੋਤਲ/ਪੁੜੀ/ਪੈਕਟ ਵੀ ਲਾਜ਼ਮੀ ਹੋ ਗਈ ਹੈ। ਅਤੇ ਇਹ ਨਸ਼ੇ ਅਜਿਹੇ ਹਨ ਕਿ ਜੇਕਰ ਇਹਨਾਂ ਦੀ ਇਕ ਵਾਰੀ ਆਦਤ ਪੈ ਜਾਵੇ ਤਾਂ ਇਹ ਮਰਨ ਤੱਕ ਨਹੀਂ ਛੁਟਦੇ ਅਤੇ ਇਹਨਾਂ ਦੀ ਪੂਰਤੀ ਲਈ ਨਸ਼ਿਆਂ ਦੇ ਆਦੀ ਹੋ ਚੁੱਕੇ ਲੋਕ, ਨਸ਼ੇ ਨਾ ਖਰੀਦਣ ਲਈ ਪੈਸੇ ਨਾ ਜੁਟਾ ਸਕਣ ਦੀ ਸਥਿਤੀ ਵਿਚ ਕੋਈ ਵੀ ਜੁਰਮ ਕਰਨ ਤੱਕ ਚਲੇ ਜਾਂਦੇ ਹਨ। ਜੇਕਰ ਕਿਸੇ ਤਰ੍ਹਾਂ ਇਹ ਨਸ਼ਾ ਨਹੀਂ ਮਿਲਦਾ ਤਾਂ ਉਹਨਾਂ ਦੀ ਜੋ ਹਾਲਤ ਹੁੰਦੀ ਹੈ, ਉਹ ਸ਼ਬਦਾਂ ਰਾਹੀਂ ਬਿਆਨ ਨਹੀਂ ਕੀਤੀ ਜਾ ਸਕਦੀ। ਹਾਂ, ਵੀਡੀਓ ਵੇਖ ਕੇ ਦਿਲ ਕੰਬ ਉਠਦਾ ਹੈ। ਇਹ ਨਸ਼ੇ ਪੰਜਾਬ ਚੋਂ ਜੁਆਨੀ ਤੇ ਖੇਡਾਂ ਦਾ ਭੋਗ ਪਾ ਰਹੇ ਹਨ। 
ਅਜਿਹਾ ਦਰਿਆ ਕਦੇ ਵੀ ਹਾਕਮ ਸਿਆਸਤਦਾਨਾਂ/ਵਪਾਰੀਆਂ ਤੇ ਪੁਲਸ ਦੀ ਮਿਲੀਭੁਗਤ ਤੋਂ ਬਿਨਾਂ ਨਹੀਂ ਵਗ ਸਕਦਾ ਅਤੇ ਇਸ ਦੇ ਪ੍ਰਗਟਾਵੇ ਤੇ ਸਬੂਤ ਨਿੱਤ ਦਿਨ ਸਾਹਮਣੇ ਆ ਰਹੇ ਹਨ, ਭਾਵੇਂ ਕਿ ਆਮ ਲੋਕਾਂ ਨੂੰ ਤਾਂ ਪਹਿਲਾਂ ਹੀ ਪਤਾ ਹੈ ਕਿ ਇਹਨਾਂ ਨਸ਼ਿਆਂ ਨੂੰ ਪਰਮੋਟ ਕਰਨ ਤੇ ਵੇਚਣ ਪਿੱਛੇ ਕੌਣ ਹਨ। ਨਸ਼ਿਆਂ ਦੀ ਤਸਕਰੀ ਦੇ ਸਬੰਧ ਵਿਚ ਪਿਛੇ ਜਿਹੇ ਕੁਝ ਵੱਡੇ ਸਰਗਣੇ ਜਿਵੇਂ ਜਗਦੀਸ਼ ਸਿੰਘ ਭੋਲਾ, ਸਰਬਜੀਤ ਸਿੰਘ ਸਾਬਾ, ਬਲਜਿੰਦਰ ਸਿੰਘ ਸੋਨੂੰ ਤੇ ਜਗਦੀਸ਼ ਸਿੰਘ ਚਾਹਲ ਆਦਿ ਗ੍ਰਿਫਤਾਰ ਕੀਤੇ ਗਏ ਹਨ ਅਤੇ ਅੱਜ ਕਲ ਜੇਲ੍ਹ ਅੰਦਰ ਹਨ ਤੇ ਉਹਨਾਂ 'ਤੇ ਕੇਸ ਚਲਾਏ ਜਾ ਰਹੇ ਹਨ। ਹਿੰਦੀ ਦੀ ਅਖਬਾਰ ''ਦੈਨਿਕ ਭਾਸਕਰ'' ਨੇ ਅਪਣੇ 20 ਦਸੰਬਰ ਦੇ ਪਰਚੇ ਵਿਚ ਖਬਰ ਲਾਈ ਹੈ ਕਿ ਮੋਹਾਲੀ ਕੋਰਟ ਵਿਚ ਪੇਸ਼ੀ ਭੁਗਤਣ ਆਏ ਜਗਦੀਸ਼ ਸਿੰਘ ਭੋਲਾ ਨੇ ਕੋਰਟ ਚੋਂ ਬਾਹਰ ਜਾਂਦੇ ਹੋਏ ਇਹ ਕਿਹਾ ਕਿ ਅਸਲ ਵਿਚ ਨਸ਼ਿਆਂ ਦੀ ਤਸਕਰੀ ਪੰਜਾਬ ਦੇ ਤਿੰਨ ਕੈਬਨਿਟ ਮੰਤਰੀਆਂ ਰਾਹੀਂ ਚਲ ਰਹੀ ਹੈ ਅਤੇ ਉਸ ਨੂੰ ਤਾਂ ਨਜਾਇਜ਼ ਫਸਾਇਆ ਗਿਆ ਹੈ।  ਉਸਨੇ ਇਹ ਵੀ ਕਿਹਾ ਕਿ ਜੇਕਰ ਸੀ.ਬੀ.ਆਈ. ਪੜਤਾਲ ਕਰੇ ਤਾਂ ਉਹ ਇਹਨਾਂ ਮੰਤਰੀਆਂ ਦੇ ਨਾਂਅ ਵੀ ਦਸੇਗਾ। ਅਸੀਂ ਭੋਲਾ ਦੇ ਬਿਆਨ ਦੀ ਇਸ ਗੱਲ ਨਾਲ ਤਾਂ ਸਹਿਮਤ ਨਹੀਂ ਹਾਂ ਕਿ ਉਹ ਬੇਕਸੂਰ ਹੈ ਤੇ ਨਸ਼ਿਆਂ ਦੀ ਤਸਕਰੀ ਨਹੀਂ ਕਰਦਾ ਪਰ ਇਸ ਬਿਆਨ ਤੋਂ ਇਹ ਹੋਰ ਸਾਫ ਹੁੰਦਾ ਹੈ ਕਿ ਉਸ ਨਾਲੋਂ ਵੀ ਵੱਡੇ ਤਸਕਰ/ਵਪਾਰੀ ਇਸ ਧੰਦੇ ਵਿਚ ਹਨ। ਇਕੋ ਧੰਦਾ ਕਰਨ ਵਾਲਿਆਂ ਵਿਚ ਸਾਂਝ ਵੀ ਹੁੰਦੀ ਹੈ, ਸਾੜਾ ਵੀ ਤੇ ਝਗੜਾ ਵੀ। ਇਹ ਹੋ ਸਕਦਾ ਹੈ ਕਿ ਭੋਲਾ ਦੀ ਗ੍ਰਿਫਤਾਰੀ ਇਸ ਧੰਦੇ ਦੇ ਸ਼ਕਤੀਸ਼ਾਲੀ ਕਾਰੋਬਾਰੀਆਂ ਨੇ ਕਰਵਾਈ ਹੋਵੇ। ਪਰ ਪੰਜਾਬ ਸਰਕਾਰ ਨੇ ਇਹ ਜਾਂਚ ਸੀ.ਬੀ.ਆਈ. ਨੂੰ ਨਹੀਂ ਸੌਪਣੀ, ਸਾਡੀ ਇਹ ਸਮਝਦਾਰੀ ਹੈ। 
22 ਦਸੰਬਰ ਦੀ ਇਕ ਅੰਗਰੇਜ਼ੀ ਅਖਬਾਰ ''ਹਿੰਦੁਸਤਾਨ ਟਾਈਮਜ਼'' ਨੇ ਆਪਣੀ ਇਕ ਖਬਰ ਨਾਲ ਪੰਜਾਬ ਦੇ ਜੇਲ੍ਹ ਮੰਤਰੀ ਦੀ ਇੰਟਰਵਿਊ ਵੀ ਛਾਪੀ ਹੈ, ਜਿਸ ਵਿਚ ਕਪੂਰਥਲਾ ਜੇਲ੍ਹ 'ਚ ਬੰਦ ਕੈਦੀ ਤੇ ਨਿਆਂਇਕ ਹਿਰਾਸਤ 'ਚ ਲਏ ਕੁੱਝ ਵਿਅਕਤੀਆਂ ਕੋਲੋਂ ਕੁਝ ਨਸ਼ੇ ਅਤੇ ਮੋਬਾਇਲ ਫੋਨ ਬਰਾਮਦ ਹੋਏ ਹਨ ਜੋ ਉਹ ਬਾਹਰ ਸਬੰਧ ਜੋੜ ਕੇ ਨਸ਼ਿਆਂ ਦੇ ਕਾਰੋਬਾਰ ਨੂੰ ਅੰਦਰੋਂ ਹੀ ਚਲਾਉਣ ਲਈ ਵਰਤਦੇ ਸਨ। ਇਹਨਾਂ ਮੋਬਾਇਲਾਂ ਦਾ ਜੇਲ੍ਹ ਅੰਦਰ ਪੁੱਜਣਾ ਸਭ ਕੁੱਝ ਸਪੱਸ਼ਟ ਕਰਦਾ ਹੈ ਕਿ ਹਾਲਤ ਕਿੰਨੀ ਨਿੱਘਰ ਚੁੱਕੀ ਹੈ। ਪੰਜਾਬ ਦੇ ਇਕ ਸਾਬਕ ਸੀਨੀਅਰ ਪੁਲਸ ਅਧਿਕਾਰੀ ਸ਼੍ਰੀ ਸ਼ਸ਼ੀਕਾਤ, ਜੋ ਡੀ.ਜੀ.ਪੀ. (ਜੇਲ੍ਹਾਂ) ਵਜੋਂ ਤੈਨਾਤ ਸਨ, ਨੇ ਆਪਣੀ ਨੌਕਰੀ ਦੌਰਾਨ ਅਤੇ ਹੁਣ ਰੀਟਾਇਰ ਹੋਣ ਉਪਰੰਤ ਵੀ ਇਹ ਗੱਲ ਪਬਲਿਕ ਤੌਰ 'ਤੇ ਲਾਐਲਾਨੀਆਂ ਕਹੀ ਹੈ ਕਿ ਜੇਲ੍ਹਾਂ ਅੰਦਰ ਨਸ਼ਾਖੋਰੀ ਜ਼ੋਰਾਂ 'ਤੇ ਹੈ ਅਤੇ ਇਹ ਸਿਆਸੀ ਭਿਆਲੀ ਤੇ ਮਿਲਵਰਤੋਂ ਨਾਲ ਹੋ ਰਹੀ ਹੈ। ਪੰਜਾਬ ਦੇ ਜੇਲ੍ਹ ਮੰਤਰੀ ਨੇ ਕਿਹਾ ਕਿ ਹਾਂ ਸ਼ਿਕਾਇਤਾਂ ਤਾਂ ਹਨ ਅਤੇ ਇਹ ਹੋ ਵੀ ਰਿਹਾ ਹੈ ਪਰ ਇਹ ਤਾਂ ਸਾਰੇ ਦੇਸ਼ ਵਿਚ ਹੀ ਹੋ ਰਿਹਾ ਹੈ। ਉਹਨਾਂ ਨੇ ਸਖਤ ਐਕਸ਼ਨ ਲੈਣ ਦੀ ਆਪਣੀ ਥੋਥੀ ਗੱਲ ਮੁੜ ਦੁਹਰਾਈ। ਇਹ ਗੱਲ ਕਿੰਨੀ ਥੋਥੀ ਹੈ ਅਤੇ ਮੰਤਰੀ ਦਾ ਬਿਆਨ ਕਿੰਨਾ ਗੈਰ ਜ਼ੁੰਮੇਵਾਰ ਤੇ ਹਾਸੋਹੀਣਾ ਹੈ। 
ਨਸ਼ਿਆਂ ਦੇ ਵਪਾਰ ਵਿਚ ਲੋਕ ਵਿਰੋਧੀ ਹਾਕਮ ਜਮਾਤਾਂ ਤੇ ਹਾਕਮਾਂ ਦੀ ਦਿਲਚਸਪੀ ਨਿਰੋਲ ਵੱਡੀਆਂ ਰਕਮਾਂ ਕਮਾਉਣ ਤੱਕ ਹੀ ਸੀਮਤ ਨਹੀਂ ਹੈ। ਉਹ ਇਸ ਦੀ ਵਰਤੋਂ ਜਵਾਨੀ ਨੂੰ ਨਸ਼ੇੜੀ ਬਨਾਉਣ ਲਈ ਚੇਤਨ ਤੌਰ 'ਤੇ ਕਰਦੇ ਹਨ ਤਾਂ ਜੋ ਜਵਾਨੀ ਤਬਾਹ ਤੇ ਦਿਸ਼ਾਹੀਨ ਹੋ ਜਾਵੇ ਅਤੇ ਉਹ ਸਮਾਜਕ ਤਬਦੀਲੀ ਦੇ ਸੁਪਨੇ ਭੁਲਾ ਕੇ ਨਸ਼ਿਆਂ ਵਿਚ ਹੀ ਗ਼ਲਤਾਨ ਹੋ ਜਾਣ, ਜਿਸ ਨਾਲ ਹਾਕਮਾਂ ਦੇ ਰਾਜ ਦੀ ਉਮਰ ਹੋਰ ਲੰਬੀ ਹੋ ਸਕੇ। ਨਸ਼ੇੜੀਆਂ ਦੇ ਵੱਧਣ ਨਾਲ ਚੋਣਾਂ ਜਿਤਣੀਆਂ ਵੀ ਅਸਾਨ ਹਨ। 
ਇਸ ਲਈ ਪੰਜਾਬ ਵਿਚ ਵਗ ਰਹੇ ਨਸ਼ਿਆਂ ਦੇ ਇਸ ਦਰਿਆ ਨੂੰ ਹਰ ਪੱਖੋਂ ਵਿਚਾਰਨ ਤੇ ਸਮਝਣ ਤੋਂ ਇਲਾਵਾ ਇਸ ਵਿਰੁੱਧ ਜ਼ੋਰਦਾਰ ਪਬਲਿਕ ਰਾਇ ਕਾਇਮ ਕਰਨੀ, ਲੋਕਾਂ ਦੇ ਦੁਸ਼ਮਣ ਹਰ ਤਰ੍ਹਾਂ ਦੇ ਤਸਕਰਾਂ ਨੂੰ ਨੰਗੇ ਕਰਨਾ ਤੇ ਫਿਰ ਉਹਨਾਂ ਵਿਰੁੱਧ ਸਖਤ ਕਾਰਵਾਈ ਕਰਨ ਲਈ ਜ਼ੋਰਦਾਰ ਪ੍ਰਤੀਰੋਧ ਉਸਾਰਨਾ ਵੀ ਜ਼ਰੂਰੀ ਹੈ। 

No comments:

Post a Comment