ਆਲ ਇੰਡੀਆ ਲੈਫਟ ਕੋਆਰਡੀਨੇਸ਼ਨ ਵਿਚ ਸ਼ਾਮਲ ਖੱਬੀਆਂ ਪਾਰਟੀਆਂ ਦੀ ਮੀਟਿੰਗ 19 ਦਸੰਬਰ ਨੂੰ ਦਿੱਲੀ ਵਿਚ ਸੀ.ਪੀ.ਆਈ. (ਐਮ.ਐਲ. ਲਿਬਰੇਸ਼ਨ) ਦੇ ਦਫਤਰ ਵਿਚ ਕਾਮਰੇਡ ਮੰਗਤ ਰਾਮ ਪਾਸਲਾ ਸੂਬਾ ਸਕੱਤਰ ਸੀ.ਪੀ.ਐਮ. ਪੰਜਾਬ ਦੀ ਪ੍ਰਧਾਨਗੀ ਹੇਠ ਹੋਈ। ਇਸ ਮੀਟਿੰਗ ਵਿਚ ਕਮਿਊਨਿਸਟ ਪਾਰਟੀ (ਮਾਲੇ) ਵਲੋਂ ਕੁਲ ਹਿੰਦ ਜਨਰਲ ਸਕੱਤਰ ਕਾਮਰੇਡ ਦੀਪਾਂਕਰ ਭੱਟਾਚਾਰੀਆ ਅਤੇ ਕਾਮਰੇਡ ਸਵਪਨ ਮੁਖਰਜੀ, ਸੀ.ਪੀ.ਐਮ. ਪੰਜਾਬ ਵਲੋਂ ਕਾਮਰੇਡ ਮੰਗਤ ਰਾਮ ਪਾਸਲਾ ਅਤੇ ਕਾਮਰੇਡ ਰਘਬੀਰ ਸਿੰਘ ਪਕੀਵਾਂ, ਕਮਿਊਨਿਸਟ ਪਾਰਟੀ ਰੈਵੂਲਿਊਸ਼ਨਰੀ ਮਾਰਕਿਸਸਟ (ਦਾਰਜਲਿੰਗ) ਵਲੋਂ ਕਾਮਰੇਡ ਤਾਰਾਮਨੀ ਰਾਏ, ਕਾਮਰੇਡ ਉਤਮ ਕੁਮਾਰ ਅਤੇ ਕਾਮਰੇਡ ਕਿਰਨ ਬੀ.ਕੇ. ਅਤੇ ਲਾਲ ਨਿਸ਼ਾਨ ਪਾਰਟੀ (ਲੈਨਿਨਵਾਦੀ) ਮਹਾਰਾਸ਼ਟਰ ਵਲੋਂ ਸਾਥੀ ਅਤੁਲ ਕੁਮਾਰ ਡਿੰਗੇ ਸ਼ਾਮਲ ਹੋਏ।
ਮੀਟਿੰਗ ਵਿਚ ਮੌਜੂਦਾ ਰਾਜਸੀ ਅਵਸਥਾ ਬਾਰੇ ਵਿਚਾਰ ਚਰਚਾ ਕੀਤੀ ਗਈ ਜਿਸ ਅਨੁਸਾਰ ਯੂ.ਪੀ.ਏ. ਸਰਕਾਰ ਵਲੋਂ ਪਿਛਲੇ ਸਾਢੇ ਨੌ ਸਾਲਾ ਦੌਰਾਨ ਅਪਣਾਈਆਂ ਗਈਆਂ ਸਾਮਰਾਜੀ ਨਿਰਦੇਸ਼ਤ ਨਵਉਦਾਰਵਾਦੀ ਨੀਤੀਆਂ ਨੇ ਦੇਸ ਵਿਚ ਮਹਿੰਗਾਈ, ਬੇਰੁਜ਼ਗਾਰੀ ਅਤੇ ਭਰਿਸ਼ਟਾਚਾਰ ਨੂੰ ਸਿਖਰਾਂ 'ਤੇ ਪਹੁੰਚਾ ਦਿੱਤਾ ਹੈ। ਦੇਸ਼ ਦੇ ਕੁਦਰਤੀ ਵਸੀਲਿਆਂ ਨੂੰ ਕੌਡੀਆਂ ਦੇ ਭਾਅ ਬਦੇਸ਼ੀ ਬਹੁਰਾਸ਼ਟਰੀ ਕੰਪਨੀਆਂ ਅਤੇ ਦੇਸੀ ਕਾਰਪੋਰੇਟ ਘਰਾਣਿਆਂ ਨੂੰ ਵੇਚਿਆ ਜਾ ਰਿਹਾ ਹੈ। ਕਿਸਾਨਾਂ ਨੂੰ ਖੇਤੀ ਵਿਚੋਂ ਉਜਾੜਿਆ ਜਾ ਰਿਹਾ ਹੈ ਅਤੇ ਛੋਟੇ ਉਦਯੋਗਾਂ ਅਤੇ ਕਾਰੋਬਾਰਾਂ ਨੂੰ ਬੰਦ ਹੋਣ ਲਈ ਮਜ਼ਬੂਰ ਕੀਤਾ ਜਾ ਰਿਹਾ ਹੈ। ਇਸ ਨਾਲ ਲੋਕਾਂ ਵਿਚ ਭਾਰੀ ਗੁੱਸਾ ਹੈ ਅਤੇ ਸੰਘਰਸ਼ ਵੀ ਕਰ ਰਹੇ ਹਨ।
ਮੀਟਿੰਗ ਵਿਚ ਇਸ ਅਵਸਥਾ ਦਾ ਮੁਕਾਬਲਾ ਕਰਨ ਲਈ ਇਕ ਮਜ਼ਬੂਤ ਅਤੇ ਸੰਜੀਦਾ ਖੱਬੀ ਧਿਰ ਦੀ ਅਣਹੋਂਦ ਬਾਰੇ ਚਿੰਤਾ ਪ੍ਰਗਟ ਕੀਤੀ ਗਈ ਹੈ। ਮੌਜੂਦਾ ਸਮੇਂ ਵਿਚ ਖੱਬੀ ਧਿਰ ਦੀਆਂ ਰਵਾਇਤੀ ਪਾਰਟੀਆਂ ਸੀ.ਪੀ.ਆਈ. ਅਤੇ ਸੀ.ਪੀ.ਆਈ. (ਐਮ) ਕੋਈ ਖੱਬਾ ਮੰਚ ਉਸਾਰਨ ਦੀ ਥਾਂ ਹਾਕਮ ਜਮਾਤਾਂ ਦੀਆਂ ਖੇਤਰੀ ਪਾਰਟੀਆਂ ਪਿਛੇ ਦੌੜਨ ਨੂੰ ਪਹਿਲ ਦੇ ਰਹੀਆਂ ਹਨ।
ਇਸ ਅਵਸਥਾ ਵਿਚ ਫਿਰਕੂ ਸ਼ਕਤੀਆਂ ਮਜ਼ਬੂਤ ਹੋ ਰਹੀਆਂ ਹਨ। ਇਸ ਹਾਲਾਤ ਦਾ ਲਾਭ ਉਠਾਕੇ ਹਿੰਦੂ ਫਿਰਕਾਪ੍ਰਸਤ ਅਤੇ ਕਾਰਪੋਰੇਟ ਜਗਤ ਦਾ ਨੁਮਾਇੰਦਾ ਨਰਿੰਦਰ ਮੋਦੀ ਦਨਦਨਾਉਂਦਾ ਫਿਰਦਾ ਹੈ। ਆਪਣੀ ਫੁੱਟ ਪਾਊ ਰਾਜਨੀਤੀ ਨੂੰ ਪੱਠੇ ਪਾਉਣ ਲਈ ਉਹ ਮੁਜੱਫਰਨਗਰ ਵਰਗੇ ਫਿਰਕੂ ਦੰਗੇ ਵੀ ਕਰਾਉਂਦੇ ਹਨ ਅਤੇ ਇਹਨਾਂ ਦੰਗਿਆਂ ਦੇ ਆਗੂਆਂ ਨੂੰ ਸਨਮਾਨਤਾ ਵੀ ਕਰਦੇ ਹਨ। ਪਿੱਛੇ ਜਿਹੇ ਹੋਈਆਂ ਅਸੈਂਬਲੀ ਚੋਣਾਂ ਵਿਚ ਉਹਨਾਂ ਨੂੰ ਮਿਲੀ ਭਾਰੀ ਜਿੱਤ ਅਤੇ ਕਾਂਗਰਸ ਨੂੰ ਹੋਈ ਨਮੋਸ਼ੀ ਭਰੀ ਹਾਰ ਨਾਲ ਉਹਨਾਂ ਦੇ ਹੌਸਲੇ ਹੋਰ ਬੁਲੰਦ ਹੋਏ।
ਦਿੱਲੀ ਅਸੰਬਲੀ ਚੋਣਾਂ ਵਿਚ 'ਆਮ ਆਦਮੀ ਪਾਰਟੀ' ਨੂੰ ਮਿਲੀ ਜਨਤਕ ਹਮਾਇਤ ਨੂੰ ਇਕ ਹਾਂ ਪੱਖੀ ਘਟਨਾ ਵਜੋਂ ਨੋਟ ਕੀਤਾ ਗਿਆ। ਇਹ ਪ੍ਰਕਿਰਿਆ ਸਿੱਧ ਕਰਦੀ ਹੈ ਕਿ ਜੇਕਰ ਕੋਈ ਰਾਜਸੀ ਜਥੇਬੰਦੀ ਕਾਂਗਰਸ ਤੇ ਭਾਜਪਾ ਦੇ ਮੁਕਾਬਲੇ ਲੋਕਾਂ ਦੀਆਂ ਮੁਸ਼ਕਿਲਾਂ ਲਈ ਆਵਾਜ਼ ਬੁਲੰਦ ਕਰਦੀ ਹੈ ਅਤੇ ਲੋਕਾਂ ਅੰਦਰ ਉਨ੍ਹਾਂ ਨੂੰ ਹੱਲ ਕਰਨ ਦਾ ਭਰੋਸਾ ਵੀ ਪੈਦਾ ਕਰਨ ਵਿਚ ਸਫਲ ਹੁੰਦੀ ਹੈ ਤਦ ਉਸਨੂੰ ਵੀ ਜਨਤਕ ਹਮਾਇਤ ਹਾਸਲ ਹੋ ਸਕਦੀ ਹੈ। 'ਆਪ' ਇਨ੍ਹਾਂ ਉਮੀਦਾਂ ਉਪਰ ਕਿੰਨਾ ਕੁ ਖਰਾ ਉਤਰਦੀ ਹੈ। ਆਉਣ ਵਾਲੇ ਦਿਨਾਂ ਵਿਚ ਇਸ ਨੂੰ ਗਹੁ ਨਾਲ ਵਾਚਣਾ ਹੋਵੇਗਾ?
ਇਸ ਰਾਜਸੀ ਪਿਛੋਕੜ ਵਿਚ ਫੈਸਲਾ ਕੀਤਾ ਗਿਾ ਕਿ 2014 ਦੀਆਂ ਪਾਰਲੀਮੈਂਟ ਚੋਣਾਂ ਆਲ ਇੰਡੀਆ ਲੈਫਟ ਕੋਆਡੀਨੇਸ਼ਨ ਵਿਚ ਸ਼ਾਮਲ ਧਿਰਾਂ ਆਪਸੀ ਤਾਲਮੇਲ ਬਣਾ ਕੇ ਲੜਨਗੀਆਂ। ਇਸਤੋਂ ਬਿਨਾਂ ਹੋਰ ਖੱਬੀਆਂ ਧਿਰਾਂ ਅਤੇ ਪਾਰਟੀਆਂ ਨਾਲ ਵੀ ਤਾਲਮੇਲ ਪੈਦਾ ਕੀਤਾ ਜਾਵੇਗਾ। ਖੱਬੀ ਧਿਰ ਦੀ ਚੋਣ ਦੀ ਮੁਹਿੰਮ ਦੀ ਮੁੱਖ ਧਾਰਾ ਹਿੰਦੂ ਫਿਰਕਾਪ੍ਰਸਤੀ ਦੀ ਮੁੱਖ ਨੁਮਾਇੰਦਾ ਪਾਰਟੀ ਬੀ.ਜੇ.ਪੀ. ਜਿਸਨੂੰ ਮੌਜੂਦਾ ਸਮੇਂ ਵਿਚ ਕਾਰਪੋਰੇਟ ਘਰਾਣਿਆਂ ਦੀ ਮੁਕੰਮਲ ਹਮਾਇਤ ਹਾਸਲ ਹੈ ਅਤੇ ਪਿਛਲੇ ਲੰਮੇ ਸਮੇਂ ਵਿਚ ਸਾਮਰਾਜ ਨਿਰਦੇਸ਼ਤ ਨਵਉਦਾਰਵਾਦੀ ਨੀਤੀਆਂ ਨੂੰ ਡੰਡੇ ਦੇ ਜ਼ੋਰ ਨਾਲ ਲਾਗੂ ਕਰਕੇ ਦੇਸ਼ ਨੂੰ ਇਸ ਅਵਸਥਾ ਵਿਚ ਸੁੱਟਣ ਵਾਲੀ ਕਾਂਗਰਸ ਪਾਰਟੀ ਨੂੰ ਹਰਾਇਆ ਜਾਵੇ ਅਤੇ ਖੱਬੀਆਂ ਤੇ ਹੋਰ ਜਮਹੂਰੀ ਅਤੇ ਧਰਮ ਨਿਰਪੱਖ ਸ਼ਕਤੀਆਂ ਨੂੰ ਮਜ਼ਬੂਤ ਕੀਤਾ ਜਾਵੇ।
ਮੁਜੱਫਰਪੁਰ (ਯੂ.ਪੀ.) ਫਿਰਕੂ ਦੰਗਿਆਂ ਦਾ ਸ਼ਿਕਾਰ ਹੋਏ ਹਜ਼ਾਰਾਂ ਲੋਕ ਜੋ ਕੈਪਾਂ ਵਿਚ ਬਹੁਤ ਹੀ ਔਖੀਆਂ ਹਾਲਤਾਂ ਵਿਚ ਰਹਿ ਰਹੇ ਹਨ ਦੇ ਸਤਕਾਰਯੋਗ ਮੁੜ ਵਸੇਬੇ ਲਈ ਅਤੇ ਦੰਗਿਆਂ ਦੇ ਦੋਸ਼ੀਆਂ ਨੂੰ ਸਖਤ ਸਜ਼ਾਵਾਂ ਦਿਵਾਉਣ ਲਈ ਦੋ ਜਨਵਰੀ 2014 ਨੂੰ ਸਾਰੇ ਦੇਸ਼ ਵਿਚ ਜ਼ੋਰਦਾਰ ਮੁਜ਼ਾਹਰੇ ਕੀਤੇ ਜਾਣਗੇ।
No comments:
Post a Comment