'ਕੇਂਦਰ ਵਿਚਲੀ ਕਾਂਗਰਸ ਦੀ ਅਗਵਾਈ ਵਾਲੀ ਯੂ ਪੀ ਏ ਸਰਕਾਰ ਤੇ ਪੰਜਾਬ ਦੀ ਅਕਾਲੀ-ਭਾਜਪਾ ਸਰਕਾਰ ਸਾਮਰਾਜੀ ਤਾਕਤਾਂ ਦੀ ਰਖੇਲ ਬਣੀਆਂ ਹੋਈਆਂ ਹਨ, ਜਿਸ ਕਰਕੇ ਕੁਦਰਤੀ ਸੋਮਿਆਂ ਤੋਂ ਲੈ ਕੇ ਲੋਕਾਂ ਤੋਂ ਟੈਕਸਾਂ ਦੇ ਰੂਪ ਵਿੱਚ ਇਕੱਠਾ ਕੀਤਾ ਜਾ ਰਿਹਾ ਧਨ ਧਨਾਢਾਂ ਨੂੰ ਲੁਟਾਇਆ ਜਾ ਰਿਹਾ ਹੈ।' ਇਹ ਪ੍ਰਗਟਾਵਾ ਦਾਣਾ ਮੰਡੀ ਝਬਾਲ ਵਿਖੇ ਮਹਰੂਮ ਕਾਮਰੇਡਾਂ ਮੋਹਨ ਸਿੰਘ ਮੁਹਾਵਾ, ਦਰਸ਼ਨ ਸਿੰਘ ਝਬਾਲ ਸਾਬਕਾ ਐੱਮ ਐੱਲ ਏ, ਕਾਮਰੇਡ ਮੋਹਨ ਸਿੰਘ ਜੰਡਿਆਲਾ ਅਤੇ ਕਾਮਰੇਡ ਤਰਲੋਕ ਸਿੰਘ ਕਾਂਡਾ ਦੀ ਯਾਦ ਵਿੱਚ 8 ਦਸੰਬਰ ਨੂੰ ਹਰਦੀਪ ਸਿੰਘ ਰਸੂਲਪੁਰ, ਜੋਗਿੰਦਰ ਸਿੰਘ ਮਾਨੋਚਾਹਲ, ਜਸਪਾਲ ਸਿੰਘ ਢਿੱਲੋਂ ਝਬਾਲ ਤੇ ਦਾਰਾ ਸਿੰਘ ਮੁੰਡਾਪਿੰਡ ਦੀ ਅਗਵਾਈ ਹੇਠ ਰੱਖੇ ਗਏ ਸਮਾਗਮ ਦੌਰਾਨ ਸੀ.ਪੀ.ਐੱਮ. ਪੰਜਾਬ ਦੇ ਸਕੱਤਰ ਮੰਗਤ ਰਾਮ ਪਾਸਲਾ ਨੇ ਹਾਜ਼ਰ ਸਾਥੀਆਂ ਨੂੰ ਸੰਬੋਧਨ ਕਰਦਿਆਂ ਕੀਤਾ।
ਸਾਥੀ ਪਾਸਲਾ ਨੇ ਕਿਹਾ ਕਿ ਪੰਜਾਬ ਵਿਚਲੀ ਅਕਾਲੀ-ਭਾਜਪਾ ਸਰਕਾਰ ਦੇ ਜਿੱਥੇ ਡਰੱਗ ਮਾਫੀਆ ਨਾਲ ਗੂੜ੍ਹੇ ਸੰਬੰਧ ਹੋਣ ਦੇ ਭੇਦ ਲੋਕਾਂ ਸਾਹਮਣੇ ਖੁੱਲ੍ਹ ਚੁੱਕੇ ਹਨ, ਉਥੇ ਇਹ ਸਰਕਾਰ ਹਰ ਫਰੰਟ 'ਤੇ ਫੇਲ੍ਹ ਸਾਬਤ ਹੋਈ ਹੈ। ਗਰੀਬੀ, ਮਹਿੰਗਾਈ, ਭ੍ਰਿਸ਼ਟਾਚਾਰ ਤੇ ਬੇਰੁਜ਼ਗਾਰੀ ਨੇ ਮੱਕੜ ਜਾਲ ਵਿਛਾਏ ਹੋਏ ਹਨ, ਜਿਸ ਸਭ ਲਈ ਸਰਕਾਰ ਜ਼ਿੰਮੇਵਾਰ ਹੈ। ਸਰਕਾਰ ਵਿੱਚ ਲੋਟੂ ਟੋਲਿਆਂ ਤੇ ਧੱਕੜਾਂ ਦਾ ਇੱਕ ਵੱਡਾ ਗ੍ਰੋਹ ਕੰਮ ਕਰ ਰਿਹਾ ਹੈ, ਜਿਸ ਕਰਕੇ ਜਿੱਥੇ ਧੀਆਂ, ਭੈਣਾਂ ਦੀ ਇੱਜ਼ਤ-ਆਬਰੂ ਸੁਰੱਖਿਅਤ ਨਹੀਂ ਰਹੀ, ਉਥੇ ਪੁਲਸ ਪ੍ਰਸ਼ਾਸਨ ਉਪਰ ਵੀ ਸੱਤਾਧਾਰੀ ਧਿਰਾਂ ਦਾ ਗਲਬਾ ਹੋਣ ਕਰਕੇ ਸਮਾਜਕ ਜਬਰ-ਜੁਰਮ ਵਧਦਾ ਜਾ ਰਿਹਾ ਹੈ, ਕਿਉਂਕਿ ਸਰਕਾਰ ਦੇ ਗੁੰਡਿਆਂ ਨੂੰ ਨੱਥ ਪਾਉਣ ਲਈ ਪੁਲਸ ਪ੍ਰਸ਼ਾਸਨ ਪੂਰੀ ਤਰ੍ਹਾਂ ਅਸਮਰੱਥ ਦਿਖਾਈ ਦੇ ਰਿਹਾ ਹੈ। ਉਹਨਾ ਦੇਸ਼ ਦੇ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਨੂੰ ਸਭ ਤੋਂ ਕਮਜ਼ੋਰ ਨੇਤਾ ਕਰਾਰ ਦਿੰਦਿਆਂ ਕਿਹਾ ਕਿ ਭ੍ਰਿਸ਼ਟਾਚਾਰ ਦੀ ਮਾਂ ਕਾਂਗਰਸ ਦੀ ਮੋਹਰ ਬਣੇ ਮਨਮੋਹਨ ਸਿੰਘ ਨੂੰ ਆਪਣੀ ਅਣਖ ਤੇ ਗੈਰਤ ਨੂੰ ਜਗਾਉਣਾ ਚਾਹੀਦਾ ਹੈ। ਸਾਥੀ ਪਾਸਲਾ ਨੇ ਅਗਾਮੀ ਲੋਕ ਸਭਾ ਚੋਣਾਂ ਵਿੱਚ ਅੰਮ੍ਰਿਤਸਰ ਤੇ ਖਡੂਰ ਸਾਹਿਬ ਲੋਕ ਸਭਾ ਸੀਟਾਂ ਉੱਪਰ ਪਾਰਟੀ ਦੇ ਉਮੀਦਵਾਰ ਖੜ੍ਹੇ ਕਰਨ ਦਾ ਐਲਾਨ ਕੀਤਾ ਅਤੇ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਜੇਕਰ ਦੇਸ਼ ਭਗਤ ਸ਼ਹੀਦੇ ਆਜ਼ਮ ਭਗਤ ਸਿੰਘ, ਬਾਬਾ ਸੋਹਨ ਸਿੰਘ ਭਕਨਾ ਤੇ ਹੋਰ ਅਜ਼ਾਦੀ ਪ੍ਰਵਾਨਿਆਂ ਦੇ ਸੁਪਨੇ ਨੂੰ ਸਾਕਾਰ ਕਰਨਾ ਹੈ ਤਾਂ ਦੇਸ਼ ਅਤੇ ਪੰਜਾਬ ਵਿੱਚੋਂ ਲੋਟੂ ਟੋਲਿਆਂ ਨੂੰ ਬਾਹਰ ਕਰਨ ਲਈ ਸਾਨੂੰ ਇੱਕਮੁੱਠ ਹੋ ਕੇ ਹੰਭਲਾ ਮਾਰਨਾ ਪਵੇਗਾ। ਇਸ ਮੌਕੇ ਜਸਪਾਲ ਸਿੰਘ ਢਿੱਲੋਂ ਝਬਾਲ, ਪ੍ਰਗਟ ਸਿੰਘ ਜਾਮਾਰਾਏ, ਚਮਨ ਲਾਲ ਦਰਾਜਕੇ ਤੇ ਡਾ. ਸਤਨਾਮ ਸਿੰਘ ਅਜਨਾਲਾ ਨੇ ਸੰਬੋਧਨ ਦੌਰਾਨ 23 ਦਸੰਬਰ ਨੂੰ ਤਰਨ ਤਾਰਨ ਵਿਖੇ ਕੀਤੇ ਜਾ ਰਹੇ ਰੋਸ ਮੁਜ਼ਾਹਰੇ ਵਿੱਚ ਵੱਡੀ ਗਿਣਤੀ ਵਿੱਚ ਪੁੱਜਣ ਦੀ ਅਪੀਲ ਕੀਤੀ। ਇਸ ਮੌਕੇ ਅਰਸਾਲ ਸਿੰਘ ਸੰਧੂ, ਮੁਖਤਾਰ ਸਿੰਘ, ਡਾ. ਅਜੈਬ ਸਿੰਘ ਜਹਾਂਗੀਰ, ਜਸਵੰਤ ਸਿੰਘ ਜੰਡਿਆਲਾ, ਮਾਸਟਰ ਬਲਵਿੰਦਰ ਸਿੰਘ ਝਬਾਲ ਤੇ ਸੁਰਿੰਦਰ ਸਿੰਘ ਝਬਾਲ ਵੀ ਮੌਜੂਦ ਸਨ।
No comments:
Post a Comment