Friday, 20 October 2017

ਪੰਜਾਬ ਦੀਆਂ ਪ੍ਰਮੁੱਖ ਟਰੇਡ ਯੂਨੀਅਨ ਵਲੋਂ ਕਨਵੈਨਸ਼ਨ

ਪੰਜਾਬ ਦੀਆਂ ਪ੍ਰਮੁੱਖ ਟਰੇਡ ਯੂਨੀਅਨਾਂ ਦੀ ਸਾਂਝੀ ਸੂਬਾਈ ਕਨਵੈਨਸ਼ਨ ਭਕਨਾ ਭਵਨ ਚੰਡੀਗੜ੍ਹ ਵਿਖੇ ਹੋਈ। ਸਰਵ ਸਾਥੀ ਬੰਤ ਬਰਾੜ (ਏਕਟ), ਸਾਥੀ ਵਿਜੈ ਮਿਸ਼ਰਾ (ਸੀਟੂ), ਸਾਥੀ ਇੰਦਰਜੀਤ ਗਰੇਵਾਲ (ਸੀ.ਟੀ.ਯੂ.ਪੰਜਾਬ), ਸਾਥੀ ਗੁਰਪ੍ਰੀਤ ਰੂੜੇਕੇ (ਏਕਟੂ) ਅਤੇ ਮੰਗਤ ਖਾਨ (ਇੰਟਕ) 'ਤੇ ਆਧਾਰਤ ਪ੍ਰਧਾਨਗੀ ਮੰਡਲ ਦੀ ਪ੍ਰਧਾਨਗੀ ਹੇਠ ਹੋਈ ਉਪਰੋਕਤ ਕਨਵੈਨਸ਼ਨ ਵੱਲੋਂ ਪੰਜਾਬ ਅਤੇ ਯੂ.ਟੀ. ਦੇ ਕਿਰਤੀਆਂ ਨੂੰ ਜੋਰਦਾਰ ਸੱਦਾ ਦਿੱਤਾ ਗਿਆ ਕਿ ਉਹ ਕੇਂਦਰੀ ਟਰੇਡ ਯੂਨੀਅਨਾਂ ਦੀ ਕੌਮੀ ਕਨਵੈਨਸ਼ਨ ਦੇ ਫ਼ੈਸਲੇ ਤਹਿਤ 9-10-11 ਨਵੰਬਰ ਨੂੰ ਕੀਤੇ ਜਾ ਰਹੇ ਸੰਸਦ ਘਿਰਾਉ ਵਿੱਚ ਵੱਧ ਚੜ੍ਹ ਕੇ ਸ਼ਾਮਲ ਹੋਣ।
ਉਪਰੋਕਤ ਆਗੂਆਂ ਤੋਂ ਇਲਾਵਾ ਨਿਰਮਲ ਧਾਲੀਵਾਲ, ਰਘੁਨਾਥ ਸਿੰਘ, ਨਥੱਾ ਸਿੰਘ, ਕਮਲਜੀਤ, ਰਾਜਵਿੰਦਰ ਰਾਣਾ, ਉਸ਼ਾ ਰਾਣੀ ਨੇ ਵੀ ਕਨਵੈਨਸ਼ਨ ਵਿੱਚ ਆਪਣੇ ਵਿਚਾਰ ਰੱਖੇ।
ਕਨਵੈਨਸ਼ਨ ਵਲੋਂ ਪਾਸ ਕੀਤੇ ਗਏ ਮੁੱਖ ਮਤੇ ਰਾਹੀਂ ਮੰਗ ਕੀਤੀ ਗਈ ਕਿ (ਓ) ਕੌਮਾਂਤਰੀ ਕਿਰਤ-ਕਾਨਫ਼ਰੰਸ ਦੀਆਂ ਸਿਫ਼ਰਾਸ਼ਾਂ ਅਨੁਸਾਰ ਘਟੋ-ਘੱਟ ਉਜਰਤਾਂ 18 ਹਜ਼ਾਰ ਰੁਪਏ ਪ੍ਰਤੀ ਮਹੀਨਾ ਅਤੇ 600 ਰੁਪਏ ਪ੍ਰਤੀ ਦਿਨ ਨਿਸ਼ਚਿਤ ਕੀਤੀਆਂ ਜਾਣ, (ਅ) ਆਂਗਣਵਾੜੀ, ਮਿਡ ਡੇ ਮੀਲ, ਆਸ਼ਾ ਵਰਕਰਾਂ ਅਤੇ ਪੇਂਡੂ ਚੌਂਕੀਦਾਰਾਂ ਨੂੰ ਘੱਟੋ-ਘੱਟ ਉਜਰਤ ਕਾਨੂੰਨ ਦੇ ਘੇਰੇ ਵਿੱਚ ਲਿਆਂਦਾ ਜਾਵੇ ਅਤੇ ਇਸ ਸਬੰਧੀ ਸਰਵਉੱਚ ਅਦਾਲਤ ਦਾ 26 ਅਕਤੂਬਰ, 2016 ਦਾ ਫ਼ੈਸਲਾ ਲਾਗੂ ਕੀਤਾ ਜਾਵੇ, (ੲ) ਸਾਰੇ ਵਿਭਾਗਾਂ ਵਿੱਚ ਖਾਲੀ ਪਈਆਂ ਅਸਾਮੀਆਂ 'ਤੇ ਰੈਗੂਲਰ ਭਰਤੀ ਕੀਤੀ ਜਾਵੇ ਅਤੇ ਸਰਕਾਰੀ ਅਰਧ ਸਰਕਾਰੀ ਵਿਭਾਗਾਂ ਵਿੱਚ ਠੇਕਾ ਅਧਾਰਤ ਕਿਰਤੀ ਪੱਕੇ ਕੀਤੇ ਜਾਣ, (ਸ) ਰੇਲਵੇ, ਬੀਮਾ, ਰੱਖਿਆ ਅਤੇ ਹੋਰ ਕੌਮੀ ਮਹੱਤਵ ਦੇ ਅਦਾਰਿਆਂ ਵਿੱਚ ਸਿੱਧਾ ਵਿਦੇਸ਼ੀ ਨਿਵੇਸ਼ ਬੰਦ ਕੀਤਾ ਜਾਵੇ, (ਹ) ਹਰ ਕਿਰਤੀ ਨੂੰ ਖੁਰਾਕ ਸੁਰੱਖਿਆ ਕਾਨੂੰਨ ਦੇ ਘੇਰੇ ਵਿੱਚ ਲਿਆਂਦਾ ਜਾਵੇ,  (ਕ) ਤਾਲਾਬੰਦੀਆਂ, ਮਿਲਬੰਦੀਆਂ, ਛਾਂਟੀਆਂ ਰੋਕ ਕੇ ਨਵੀਂ ਸੱਨਅਤਾਂ ਸਥਾਪਤ ਕਰਕੇ ਹਰ ਪਰਿਵਾਰ ਨੂੰ ਸਥਾਈ ਨੌਕਰੀ ਦਿੱਤੀ ਜਾਵੇ, (ਖ) ਮਨਰੇਗਾ ਦੀਆਂ ਸਾਰੀਆਂ ਖਾਮੀਆਂ ਦੂਰ ਕਰਦੇ ਹੋਏ 200 ਦਿਨ ਸਾਲਾਨਾ ਕੰਮ ਜਾਂ ਬੇਰੋਜਗਾਰੀ ਭੱਤੇ ਦੀ ਗਰੰਟੀ ਕੀਤੀ ਜਾਵੇ, (ਗ) ਸਭਨਾਂ ਕਿਰਤੀਆਂ ਨੂੰ ਪਾਣੀ, ਬਿਜਲੀ, ਵਿੱਦਿਆ, ਸਿਹਤ ਸਹੂਲਤਾਂ ਮਿਆਰੀ ਤੇ ਮੁੰਕਮਲ ਮੁਫ਼ਤ ਦੇਣ ਦੀ ਗਾਰੰਟੀ ਕੀਤੀ ਜਾਵੇ  (ਘ) ਟਰੇਡ ਯੂਨੀਅਨ  ਘੋਲਾਂ ਵਿੱਚ ਪੁਲੀਸ 'ਤੇ ਨੀਮ ਫ਼ੌਜੀ ਬਲਾਂ ਦੀ ਵਰਤੋਂ ਬੰਦ ਕੀਤੀ ਜਾਵੇ ਅਤੇ ਸਾਰੇ ਕਿਰਤ ਕਾਨੂੰਨਾਂ ਦੀ ਸਖ਼ਤੀ ਨਾਲ ਪਾਲਣਾ ਯਕੀਨੀ ਬਣਾਈ ਜਾਵੇ।
ਕਨਵੈਨਸ਼ਨ ਵੱਲੋਂ ਪਾਸ ਇੱਕ ਮਤੇ ਰਾਹੀਂ ਫ਼ਿਰਕੂ ਹਿੰਸਾ, ਘੱਟ ਗਿਣਤੀਆਂ ਦੇ ਕਤਲੇਆਮ, ਧਰੁਵੀਕਰਨ ਦੀ ਨਿਖੇਧੀ ਕਰਦੇ ਹੋਏ ਕਿਰਤੀਆਂ ਨੂੰ ਇਸ ਵਿਰੁੱਧ ਡੱਟਣ ਦਾ ਸੱਦਾ ਦਿੱਤਾ ਗਿਆ।

No comments:

Post a Comment