Thursday 12 October 2017

ਜਨਤਕ ਲਾਮਬੰਦੀ (ਸੰਗਰਾਮੀ ਲਹਿਰ-ਅਕਤੂਬਰ 2017)

ਪਾਰਟੀ ਦੇ ਸੱਦੇ 'ਤੇ ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਵਿਚ ਵਾਧੇ ਵਿਰੁੱਧ ਅਰਥੀ ਫੂਕ ਮੁਜ਼ਾਹਰੇ 
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਸੂਬਾ ਕਮੇਟੀ ਵਲੋਂ 24 ਸਤੰਬਰ ਨੂੰ ਸੂਬੇ ਭਰ 'ਚ ਡੀਜ਼ਲ-ਪੈਟਰੋਲ ਦੀਆਂ ਨਿੱਤ ਵੱਧਦੀਆਂ ਕੀਮਤਾਂ ਖਿਲਾਫ਼, ਅਰਥੀ ਫੂਕ ਪ੍ਰਦਰਸ਼ਨ ਕੀਤੇ ਜਾਣ ਦੇ ਦਿੱਤੇ ਸੱਦੇ ਨੂੰ ਭਰਪੂਰ ਹੁੰਗਾਰਾ ਮਿਲਿਆ। ਪੰਜਾਬ ਦੇ ਲਗਭਗ ਸਾਰੇ ਜ਼ਿਲ੍ਹਿਆਂ ਦੇ ਪਿੰਡਾਂ/ਕਸਬਿਆਂ 'ਚ ਪਾਰਟੀ ਕਾਰਕੁੰਨਾਂ ਤੇ ਆਮ ਲੋਕਾਂ ਨੇ ਉਕਤ ਪ੍ਰਦਰਸ਼ਨਾਂ 'ਚ ਭਰਵੀਂ ਸ਼ਮੂਲੀਅਤ ਕੀਤੀ। ਤੇਲ ਕੰਪਨੀਆਂ ਦੀ ਮੁਨਾਫ਼ੇ ਦੀ ਹਵਸ ਅਤੇ ਕੇਂਦਰੀ ਤੇ ਸੂਬਾਈ ਸਰਕਾਰਾਂ ਵਲੋਂ ਅੰਨ੍ਹੇਵਾਹ ਥੋਪੇ ਗਏ ਨਾਜਾਇਜ਼ ਟੈਕਸਾਂ ਦੀ ਸੂਚੀ ਇਸੇ ਅੰਕ ਵਿਚ ਵੱਖਰੇ ਤੌਰ 'ਤੇ ਛਾਪੀ ਜਾ ਰਹੀ ਹੈ। ਕੀਤੇ ਗਏ ਰੋਸ ਐਕਸ਼ਨਾਂ ਦੀਆਂ ਸੰਖੇਪ ਰਿਪੋਰਟਾਂ ਹੇਠ ਲਿਖੇ ਅਨੁਸਾਰ ਹਨ। :
ਫਤਿਆਬਾਦ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐੱਮ ਪੀ ਆਈ) ਵੱਲੋਂ ਤੇਲ ਕੀਮਤਾਂ ਅਤੇ ਗੈਸ ਕੀਮਤਾਂ ਵਿੱਚ ਹੋ ਰਹੇ ਵਾਧੇ ਖਿਲਾਫ ਭਾਜਪਾ ਦੀ ਮੋਦੀ ਸਰਕਾਰ ਦਾ ਪੁਤਲਾ ਫਤਿਆਬਾਦ ਦੇ ਬੱਸ ਅੱਡੇ 'ਤੇ ਫੂਕਿਆ ਗਿਆ ਅਤੇ ਮੋਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਧਰਨਾਕਾਰੀ ਮੰਗ ਕਰ ਰਹੇ ਸਨ ਕਿ ਪੈਟਰੋਲ-ਡੀਜ਼ਲ ਅਤੇ ਗੈਸ ਦੀਆਂ ਕੀਮਤਾਂ ਵਿੱਚ ਕੀਤਾ ਗਿਆ ਵਾਧਾ ਲਿਆ ਜਾਵੇ। ਇਸ ਦੀ ਅਗਵਾਈ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਕਰਮ ਸਿੰਘ ਫਤਿਆਬਾਦ, ਸ਼ਹੀਦ ਭਗਤ ਨੌਜਵਾਨ ਸਭਾ ਪੰਜਾਬ ਦੇ ਜ਼ਿਲ੍ਹਾ ਪ੍ਰਧਾਨ ਸੁਲੱਖਣ ਸਿੰਘ ਤੁੜ, ਜਮਹੂਰੀ ਕਿਸਾਨ ਸਭਾ ਦੇ ਆਗੂ ਰੇਸ਼ਮ ਸਿੰਘ ਤੇ ਦਾਰਾ ਸਿੰਘ ਮੁੰਡਾਪਿੰਡ ਨੇ ਕੀਤੀ। ਇਸ ਮੌਕੇ ਆਰ ਐੱਮ ਪੀ ਆਈ ਦੇ ਜ਼ਿਲ੍ਹਾ ਸਕੱਤਰ ਪ੍ਰਗਟ ਸਿੰਘ ਜਾਮਾਰਾਏ ਨੇ ਕਿਹਾ ਕਿ ਜਦੋਂ ਅੰਤਰਰਾਸ਼ਟਰੀ ਬਜ਼ਾਰ ਵਿੱਚ ਕੱਚੇ ਤੇਲ ਦੀਆਂ ਕੀਮਤਾਂ 55 ਡਾਲਰ ਪ੍ਰਤੀ ਬੈਰਲ ਤੋਂ ਹੇਠਾਂ ਹਨ, ਇਸ ਵੇਲੇ ਪੈਟਰੋਲੀਅਮ ਵਸਤਾਂ ਦੀਆਂ ਕੀਮਤਾਂ ਵਿੱਚ ਕੀਤਾ ਜਾ ਰਿਹਾ ਵਾਧਾ ਆਮ ਲੋਕਾਂ ਦੀ ਜੇਬ 'ਤੇ ਡਾਕਾ ਹੈ।
 
ਤਰਨ ਤਾਰਨ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਸੂਬਾਈ ਸੱਦੇ 'ਤੇ ਪੈਟਰੋਲ-ਡੀਜ਼ਲ ਦੀਆਂ ਕੀਮਤਾਂ ਦੇ ਵਾਧੇ ਵਿਰੁੱਧ  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਪੁਤਲਾ ਸਾੜਿਆ ਗਿਆ, ਜਿਸ ਦੀ ਅਗਵਾਈ ਕਾਮਰੇਡ ਨਿਰਮਲ ਸਿੰਘ ਤਰਨ ਤਾਰਨ, ਬੁੱਧ ਸਿੰਘ ਪੱਖੋਕੇ, ਲੱਖਾ ਸਿੰਘ ਮੰਨਣ ਆਦਿ ਆਗੂਆਂ ਨੇ ਕੀਤੀ। ਇਸ ਮੌਕੇ ਪਾਰਟੀ ਆਗੂ ਜਸਪਾਲ ਸਿੰਘ ਅਤੇ ਬਲਦੇਵ ਸਿੰਘ ਪੰਡੋਰੀ ਨੇ ਕਿਹਾ ਕਿ ਵਿਸ਼ਵ ਪੱਧਰ ਉਪਰ ਕੱਚੇ ਤੇਲ ਦੀਆਂ ਦੀਆਂ ਕੀਮਤਾਂ ਘਟਦੀਆਂ ਹਨ, ਪਰ ਮੋਦੀ ਸਰਕਾਰ ਵੱਲੋਂ ਤੇਲ ਅਤੇ ਗੈਸ ਦੀਆਂ ਕੀਮਤਾਂ ਵਿਚ ਭਾਰੀ ਵਾਧਾ ਕਰ ਕੇ ਆਮ ਲੋਕਾਂ ਦਾ ਕਚੂੰਮਰ ਕੱਢ ਦਿੱਤਾ ਹੈ। ਮਹਿੰਗਾਈ ਪਹਿਲਾਂ ਹੀ ਸਿਖਰਾਂ ਛੂਹ ਰਹੀ ਹੈ, ਜਿਸ ਨਾਲ ਗਰੀਬ ਨੂੰ ਦੋ ਡੰਗ ਦੀ ਰੋਟੀ ਦਾ ਜੁਗਾੜ ਕਰਨਾ ਹੋਰ ਮੁਸ਼ਕਲ ਹੋ ਜਾਵੇਗਾ। ਉਕਤ ਆਗੂਆਂ ਨੇ ਕੇਂਦਰ ਦੀ ਮੋਦੀ ਸਰਕਾਰ ਨੂੰ ਤਾੜਨਾ ਕਰਦਿਆਂ ਕਿਹਾ ਕਿ ਜੇਕਰ ਡੀਜ਼ਲ-ਪੈਟਰੋਲ ਅਤੇ ਗੈਸ ਦੀਆਂ ਕੀਮਤਾਂ ਵਿਚ ਕੀਤਾ ਗਿਆ ਵਾਧਾ ਵਾਪਸ ਨਾ ਲਿਆ ਤਾਂ ਸੰਘਰਸ਼ ਤੇਜ਼ ਕੀਤਾ ਜਾਵੇਗਾ।
 
ਬਾਬਾ ਬਕਾਲਾ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐੱਮ ਪੀ ਆਈ) ਵੱਲੋਂ ਸੁਖਵਿੰਦਰ ਸਿੰਘ ਧਾਰੜ, ਸਰਦੂਲ ਸਿੰਘ ਅਤੇ ਅਮਰਜੀਤ ਸਿੰਘ ਗਹਿਰੀ ਮੰਡੀ ਦੀ ਅਗਵਾਈ ਹੇਠ ਦਸ਼ਮੇਸ਼ ਨਗਰ, ਗਹਿਰੀ ਮੰਡੀ, ਧਾਰੜ, ਮੱਲੀਆਂ ਅਤੇ ਤਲਾਵੇਂ ਆਦਿ ਪਿੰਡਾਂ ਵਿੱਚ ਮੋਦੀ ਸਰਕਾਰ ਦੇ ਪੁਤਲੇ ਸਾੜੇ ਗਏ ਅਤੇ ਕੈਪਟਨ ਸਰਕਾਰ ਦਾ ਪਿੱਟ ਸਿਆਪਾ ਕੀਤਾ ਗਿਆ। ਪਿੰਡਾਂ ਵਿੱਚ ਹੋਏ ਇਕੱਠਾਂ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਜ਼ਿਲ੍ਹਾ ਕਮੇਟੀ ਮੈਂਬਰਾਂ ਕਾਮਰੇਡ ਗੁਰਮੇਜ ਸਿੰਘ ਤਿੰਮੋਵਾਲ ਅਤੇ ਨਿਰਮਲ ਛੱਜਲਵੱਡੀ ਨੇ ਕਿਹਾ ਕਿ ਸਰਕਾਰ ਵੱਲੋਂ ਡੀਜ਼ਲ ਅਤੇ ਪੈਟਰੋਲ ਦੀਆਂ ਕੀਮਤਾਂ ਤੋਂ ਕੰਟਰੋਲ ਕਮੇਟੀ ਦਾ ਕੁੰਡਾ ਹਟਾ ਲੈਣ ਨਾਲ ਜਿੱਥੇ ਤੇਲ ਵਿਕਰੇਤਾ ਕੰਪਨੀਆਂ ਲੋਕਾਂ ਦੀ ਅੰਨ੍ਹੀਂ ਲੱਟ ਕਰ ਰਹੀਆਂ ਹਨ, ਉਥੇ ਕੇਂਦਰ ਅਤੇ ਪੰਜਾਬ ਸਰਕਾਰ ਤੇਲ 'ਤੇ ਟੈਕਸ ਲਗਾ ਕੇ ਲੋਕਾਂ ਦਾ ਘਾਣ ਕਰ ਰਹੀ ਹੈ। ਬੁਲਾਰਿਆਂ ਨੇ ਕਿਹਾ ਕਿ ਤੇਲ ਕੀਮਤਾਂ ਵਧਣ ਨਾਲ ਮਹਿੰਗਾਈ ਅਸਮਾਨ ਛੂਹ ਰਹੀ ਹੈ ਅਤੇ ਜਨ-ਸਧਾਰਨ ਮਹਿੰਗਾਈ ਅਤੇ ਬੇਰੁਜ਼ਗਾਰੀ ਦੀ ਚੱਕੀ ਵਿੱਚ ਪੀਸਿਆ ਜਾ ਰਿਹਾ ਹੈ। ਛੱਜਲਵੱਡੀ ਨੇ ਕਿਹਾ ਕਿ ਪੰਜਾਬ ਸਰਕਾਰ ਮਜ਼ਦੂਰਾਂ ਦੀ ਹੱਕੀ ਮੰਗ 10-10 ਮਰਲੇ ਦੇ ਪਲਾਟ ਦੇਣ ਦਾ ਵਾਅਦਾ ਫੌਰੀ ਪੂਰਾ ਕਰੇ ਅਤੇ ਮਜ਼ਦੂਰਾਂ-ਕਿਸਾਨਾਂ ਸਿਰ ਚੜ੍ਹਿਆ ਸਮੁੱਚਾ ਕਰਜ਼ਾ ਮਾਫ ਕੀਤਾ ਜਾਵੇ।
 
ਪਠਾਨਕੋਟ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐੱਮ ਪੀ ਆਈ) ਦੇ ਸੂਬਾਈ ਫੈਸਲੇ ਤਹਿਤ ਸਾਰੇ ਪੰਜਾਬ ਵਿੱਚ ਤੇਲ ਕੀਮਤਾਂ ਵਿੱਚ ਹੋ ਰਹੇ ਵਾਧੇ ਖਿਲਾਫ ਕੇਂਦਰ ਸਰਕਾਰ ਦੇ ਪੁਤਲੇ ਫੂਕੇ ਗਏ, ਜਿਸ ਤਹਿਤ ਪਠਾਨਕਕੋਟ ਵਿਖੇ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖਿਲਾਫ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ ਪਾਰਟੀ ਦੇ ਜ਼ਿਲ੍ਹਾ ਸਕੱਤਰ ਲਾਲ ਚੰਦ ਕਟਾਰੂਚੱਕ ਤੇ ਸੀ ਟੀ ਯੂ ਪੰਜਾਬ ਦੇ ਜਨਰਲ ਸਕੱਤਰ ਕਾਮਰੇਡ ਨੱਥਾ ਸਿੰਘ ਨੇ ਕਿਹਾ ਕਿ ਮੋਦੀ ਸਰਕਾਰ ਨੇ ਆਪਣੇ ਸ਼ਾਸਨਕਾਲ ਦੌਰਾਨ ਦੋ ਵੱਡੀਆਂ ਗਲਤੀਆਂ ਕਰ ਕੇ ਮੁਗਲ ਬਾਦਸ਼ਾਹ ਮੁਹੰਮਦ ਤੁਗਲਕ ਤੋਂ ਵੀ ਮੋਟੇ ਅੱਖਰਾਂ ਵਿੱਚ ਆਪਣਾ ਨਾਂਅ ਇਤਿਹਾਸ ਵਿੱਚ ਦਰਜ ਕਰਵਾ ਲਿਆ ਹੈ। ਨੋਟੰਬਦੀ ਅਤੇ ਜੀ ਐੱਸ ਟੀ ਨੇ ਲੋਕਾਂ ਨੂੰ ਹੇਠਲੀ ਪੱਧਰ 'ਤੇ ਪਹੁੰਚਾ ਦਿੱਤਾ ਹੈ।
ਸਰਕਾਰ ਦੀਆਂ ਆਰਥਿਕ ਸਨਅਤੀ ਨੀਤੀਆਂ ਕਾਰਨ ਦੇਸ਼ ਦੀ ਅਰਥ ਵਿਵਸਥਾ ਡਗਮਗਾ ਗਈ ਹੈ। ਅਜਿਹੇ ਹਾਲਾਤ ਵਿੱਚ ਇਨਸਾਫਪਸੰਦ ਖੱਬੇ-ਪੱਖੀ ਲੋਕਾਂ ਦਾ ਇੱਕਮੁੱਠ ਹੋਣਾ ਬਹੁਤ ਜ਼ਰੂਰੀ ਹੋ ਗਿਆ ਹੈ।
 
ਅੰਮ੍ਰਿਤਸਰ : ਰੈਵੋਲਿਊਸ਼ਨਰੀ ਮਾਰਕਸਿਸਟ ਪਾਰਟੀ ਆਫ ਇੰਡੀਆ ਦੀ ਸੂਬਾ ਪੱਧਰੀ ਕਮੇਟੀ ਦੇ ਸੱਦੇ 'ਤੇ ਕੇਂਦਰ ਸਰਕਾਰ ਵੱਲੋਂ ਪੈਟਰੋਲ ਤੇ ਡੀਜ਼ਲ ਦੀਆਂ ਵਧਾਈਆਂ ਜਾ ਰਹੀਆਂ ਕੀਮਤਾਂ ਖਿਲਾਫ ਚਾਟੀਵਿੰਡ ਗੇਟ ਵਿਖੇ ਪਾਰਟੀ ਦੀ ਸ਼ਹਿਰੀ ਇਕਾਈ ਵੱਲੋਂ ਕਾਮਰੇਡ ਪਰਮਜੀਤ ਸਿੰਘ ਪੰਮਾ ਤੇ ਕਾਮਰੇਡ ਸੁਰਿੰਦਰ ਕੁਮਾਰ ਡੇਅਰੀ ਵਾਲਿਆਂ ਦੀ ਅਗਵਾਈ ਹੇਠ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਪੁਤਲਾ ਫੂਕਿਆ ਗਿਆ।
ਪੁਤਲਾ ਫੂਕਣ ਤੋਂ ਪਹਿਲਾਂ ਸ਼ਹਿਰੀ ਇਕਾਈ ਦੇ ਸਕੱਤਰ ਕਾਮਰੇਡ ਜਗਤਾਰ ਸਿੰਘ ਕਰਮਪੁਰਾ ਤੇ ਪਾਰਟੀ ਦੇ ਜ਼ਿਲ੍ਹਾ ਸਕੱਤਰ ਰਤਨ ਸਿੰਘ ਰੰਧਾਵਾ ਨੇ ਲੋਕਾਂ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਕੇਂਦਰ ਦੀ ਭਾਜਪਾ-ਅਕਾਲੀ ਗੱਠਜੋੜ ਸਰਕਾਰ ਦੇਸ਼ ਵਾਸੀਆਂ ਦੀ ਦੋਹੀਂ ਹੱਥੀਂ ਲੁੱਟ ਕਰ ਰਹੀ ਹੈ। ਨਿੱਤ ਦਿਹਾੜੀ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧਾਈਆਂ ਜਾ ਰਹੀਆਂ ਹਨ, ਜਦੋਂਕਿ ਕੌਮਾਂਤਰੀ ਪੱਧਰ 'ਤੇ ਤੇਲ ਦੀਆਂ ਕੀਮਤਾਂ ਵਿੱਚ 49 ਫੀਸਦੀ ਗਿਰਾਵਟ ਆਈ ਹੈ। ਕੇਂਦਰ ਸਰਕਾਰ ਵੱਲੋਂ ਪ੍ਰਤੀ ਲਿਟਰ ਪੈਟਰੋਲ 21.48 ਰੁਪਏ ਅਤੇ ਡੀਜ਼ਲ 17.33 ਰੁਪਏ ਟੈਕਸ ਦੇ ਰੂਪ ਵਿੱਚ ਵਸੂਲੇ ਜਾ ਰਹੇ ਹਨ, ਜਦਕਿ ਸੂਬਾ ਸਰਕਾਰ ਵੱਖਰਾ ਟੈਕਸ ਲੈ ਰਹੀ ਹੈ। ਕੇਂਦਰ ਸਰਕਾਰ ਵੱਲੋਂ ਪੈਟਰੋਲ-ਡੀਜ਼ਲ ਸਸਤਾ ਕਰਨ ਦੀ ਬਜਾਇ ਲਗਾਤਾਰ ਪੈਟਰੋਲ ਤੇ ਡੀਜ਼ਲ ਮਹਿੰਗਾ ਕਰ ਰਹੀ ਹੈ, ਜਿਸ ਕਰਕੇ ਕਿਰਾਏ ਭਾੜੇ ਵੱਧਦੇ ਜਾ ਰਹੇ ਹਨ, ਮਹਿੰਗਾਈ ਵੱਧਦੀ ਜਾ ਰਹੀ ਹੈ, ਜਿਸ ਕਰਕੇ ਕੇਂਦਰ ਸਰਕਾਰ ਦੇ ਇਸ ਲੋਕ ਵਿਰੋਧੀ ਫੈਸਲੇ ਤੋਂ ਦੇਸ਼ ਵਾਸੀ ਕਾਫੀ ਔਖੇ ਹਨ ਅਤੇ ਆਉਣ ਵਾਲੀਆਂ ਪਾਰਲੀਮੈਂਟ ਚੋਣਾਂ ਤੇ ਗੁਰਦਾਸਪੁਰ ਦੀ ਉਪ-ਚੋਣ 'ਚ ਆਪਣੇ ਗੁੱਸੇ ਦਾ ਵਿਖਾਵਾ ਕਰਨਗੇ। ਇਸ ਸਮੇਂ ਬੀਬੀ ਸਵਿੰਦਰ ਕੌਰ, ਕੰਵਲਜੀਤ ਕੌਰ ਗੁਮਟਾਲਾ, ਰਜਵੰਤ ਕੌਰ ਮਾਨ, ਬੀਬੀ ਸਪਨਾ ਤੇ ਅੰਜੂ ਦੇਵੀ ਨੇ ਵੀ ਸੰਬੋਧਨ ਕੀਤਾ। ਸਰਕਾਰ ਵੱਲੋਂ ਵਧਾਏ ਜਾ ਰਹੇ ਪੈਟਰੋਲ ਤੇ ਡੀਜ਼ਲ ਦੇ ਰੇਟਾਂ ਦੀ ਨਿਖੇਧੀ ਕੀਤੀ ਤੇ ਬੁਲਾਰਿਆਂ ਨੇ ਮੰਗ ਕੀਤੀ ਕਿ ਕੌਮਾਂਤਰੀ ਪੱਧਰ 'ਤੇ ਕੀਮਤਾਂ ਘੱਟ ਰਹੀਆਂ ਹਨ। ਇਸ ਕਰਕੇ ਕੇਂਦਰ ਤੇ ਪੰਜਾਬ ਸਰਕਾਰ ਆਪਣੇ ਟੈਕਸ ਘਟਾਏ। ਇਸ ਸਮੇਂ ਬੀਬੀ ਸਰਬਜੀਤ ਕੌਰ ਬਰਾੜ ਵੀ ਸੰਬੋਧਨ ਕੀਤਾ।
 
ਨੂਰਪੁਰ ਬੇਦੀ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਸੱਦੇ 'ਤੇ ਇਥੇ ਪੈਟਰੋਲੀਅਮ ਪਦਾਰਥਾਂ ਦੀਆਂ ਦਿਨੋਂ ਦਿਨ ਵੱਧ ਰਹੀਆਂ ਕੀਮਤਾਂ ਦੇ ਵਿਰੋਧ 'ਚ ਕੇਂਦਰ ਸਰਕਾਰ ਦਾ ਪੁਤਲਾ ਫੂਕਿਆ ਗਿਆ। ਇਸ ਮੌਕੇ  ਇਕੱਤਰਤਾ ਨੂੰ ਸੰਬੋਧਨ ਕਰਦਿਆਂ ਆਰ.ਐੱਮ.ਪੀ.ਆਈ ਦੇ ਜ਼ਿਲ੍ਹਾ ਸਕੱਤਰ ਮੋਹਣ ਸਿੰਘ ਧਮਾਣਾ ਨੇ ਆਖਿਆ ਕਿ  ਪੈਟਰੋਲੀਅਮ ਪਦਾਰਥਾਂ ਦੀਆਂ ਕੀਮਤਾਂ ਸਿਖਰਾਂ ਨੂੰ ਛੂਹ ਰਹੀਆਂ ਹਨ ਤੇ ਕੁਝ ਤੇਲ ਕੰਪਨੀਆਂ ਨੂੰ ਮੁਨਾਫਾ ਦਿੱਤਾ ਜਾ ਰਿਹਾ ਹੈ, ਜਿਸ ਕਾਰਨ ਬੱਸ ਕਿਰਾਏ 'ਚ ਵੀ ਵਾਧਾ ਹੋਵੇਗਾ। ਉਨ੍ਹਾਂ ਕਿਹਾ ਕਿ ਬੇਰੁਜ਼ਗਾਰੀ ਨੂੰ ਹੱਲ ਤਾਂ ਕੀ ਕਰਨਾ, ਸਗੋਂ ਕੇਂਦਰੀ ਰੁਜ਼ਗਾਰ ਦਫਤਰ ਦੀ ਰਿਪੋਰਟ ਅਨੁਸਾਰ 60 ਫੀਸਦੀ ਰੋਜ਼ਗਾਰ ਦੇ ਮੌਕੇ ਘਟੇ ਹਨ, ਜਿਸ ਕਰਨ ਨੌਜਵਾਨ ਡਿਗਰੀਆਂ ਪ੍ਰਾਪਤ ਕਰਕੇ ਰੋਜ਼ਗਾਰ ਦੀ ਭਾਲ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਵੱਧ ਰਹੀ ਮਹਿੰਗਾਈ ਕਾਰਨ ਮਿਹਨਤਕਸ਼ ਲੋਕਾਂ ਦਾ ਜਿਊਣਾ ਮੁਸ਼ਕਿਲ ਹੋ ਗਿਆ ਹੈ ਤੇ ਕੇਂਦਰ ਦੀ ਮੋਦੀ ਸਰਕਾਰ ਵਿਕਾਸ ਕਰਨ ਦੇ ਖੋਖਲੇ ਦਾਅਵੇ ਕਰ ਰਹੀ ਹੈ। ਇਕੱਤਰ ਆਗੂਆਂ ਨੇ ਆਖਿਆ ਕਿ ਕੇਂਦਰ ਸਰਕਾਰ ਦੀਆਂ ਮਾਰੂ ਨੀਤੀਆਂ ਕਾਰਨ ਸਮਾਜ ਦਾ ਹਰ ਵਰਗ ਮੰਦਹਾਲੀ ਦਾ ਸ਼ਿਕਾਰ ਹੋ ਰਿਹਾ ਹੈ। ਇਸ ਮੌਕੇ ਅਵਤਾਰ ਸਿੰਘ ਮੂਸਾਪੁਰ, ਕਰਮਚੰਦ ਦਹੀਰਪੁਰ, ਸੁਰਜੀਤ ਸਿੰਘ, ਸੁਭਾਸ਼ ਖੇੜੀ, ਸੋਮ ਸਿੰਘ ਰੌਲੀ, ਧਰਮਪਾਲ, ਮਾ. ਛੋਟੂ ਰਾਮ, ਅਮਰੀਕ ਸਿੰਘ ਸਵੀਰੋਵਾਲ, ਰਾਮ ਰਤਨ, ਯੋਗਰਾਜ, ਰਾਮ ਕ੍ਰਿਸ਼ਨ, ਵੇਦ ਪ੍ਰਕਾਸ਼, ਮਾ. ਗੁਰਨੈਬ ਸਿੰਘ ਆਦਿ ਮੌਜੂਦ ਸਨ।
 
ਬਟਾਲਾ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐੱਮ ਪੀ ਆਈ) ਵੱਲੋਂ ਕੇਂਦਰ ਸਰਕਾਰ ਵੱਲੋਂ ਪੈਟਰੋਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਰੋਜ਼ਾਨਾ ਵਾਧੇ ਖ਼ਿਲਾਫ਼ ਕਾਮਰੇਡ ਜਗੀਰ ਸਿੰਘ ਕਿਲ੍ਹਾ ਲਾਲ ਸਿੰਘ ਤੇ ਮਾਨਾ ਮਸੀਹ ਬਾਲੇਵਾਲ ਦੀ ਪ੍ਰਧਾਨਗੀ ਹੇਠ ਰੋਸ ਮਾਰਚ ਪਿੰਡ ਖਾਨ ਫੱਤਾ ਤੋਂ ਸ਼ੁਰੂ ਕੀਤਾ ਗਿਆ, ਜੋ ਓਠੀਆਂ, ਬੌਤਲੇ ਸ਼ਾਹ ਅੱਡਾ, ਤਾਰਾਗੜ੍ਹ, ਧਰਮਕੋਟ, ਬੱਗਾ, ਈਸਾ ਨਗਰ ਤੋਂ ਹੁੰਦਾ ਹੋਇਆ ਅੱਡਾ ਕਿਲ੍ਹਾ ਲਾਲ ਸਿੰਘ ਵਿਖੇ ਪਹੁੰਚਿਆ ਜਿੱਥੇ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ ਅਤੇ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ।
ਇਸ ਮੌਕੇ ਹੋਏ ਇਕੱਠ ਨੂੰ ਸੰਬੋਧਨ ਕਰਦਿਆਂ ਆਰ ਐੱਮ ਪੀ ਆਈ ਦੇ ਕੇਂਦਰੀ ਕਮੇਟੀ ਮੈਂਬਰ ਰਘਬੀਰ ਸਿੰਘ ਪਕੀਵਾਂ ਅਤੇ ਜ਼ਿਲ੍ਹਾ ਆਗੂ ਸ਼ਮਸ਼ੇਰ ਸਿੰਘ ਨਵਾਂ ਪਿੰਡ ਨੇ ਦੱਸਿਆ ਕਿ ਮੋਦੀ ਸਰਕਾਰ ਦੀਆਂ ਸਾਮਰਾਜ ਨਿਰਦੇਸ਼ਤ ਨਵਉਦਾਰਵਾਦੀ ਨੀਤੀਆਂ ਨਾਲ ਦੇਸ਼ ਨੂੰ ਭਿਆਨਕ ਆਰਥਕ ਸੰਕਟ 'ਚ ਸੁੱਟ ਦਿੱਤਾ ਹੈ, ਜਿਸ ਦੇ ਨਤੀਜੇ ਵਜੋਂ ਮਹਿੰਗਾਈ, ਬੇਰੁਜ਼ਗਾਰੀ, ਭੁੱਖਮਰੀ, ਭ੍ਰਿਸ਼ਟਾਚਾਰ, ਫਿਰਕਾਪ੍ਰਸਤੀ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ ਅਤੇ ਮੋਦੀ ਸਰਕਾਰ ਵੱਲੋਂ ਹਰ ਰੋਜ਼ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਧਾ ਕੇ ਲੋਕਾਂ ਦੀਆਂ ਜੇਬਾਂ ਉੱਤੇ ਡਾਕਾ ਮਾਰਿਆ ਜਾ ਰਿਹਾ ਹੈ, ਦੂਜੇ ਪਾਸੇ ਕੇਂਦਰ ਸਰਕਾਰ ਵੱਲੋਂ ਜੀ ਐੱਸ ਟੀ ਵਿੱਚ ਪੈਟਰੋਲ, ਡੀਜ਼ਲ ਨੂੰ ਸ਼ਾਮਲ ਨਾ ਕਰਕੇ 2 ਲੱਖ ਕਰੋੜ ਰੁਪਏ ਮੋਦੀ ਸਰਕਾਰ ਅਤੇ 4 ਲੱਖ ਕਰੋੜ ਸੂਬਾ ਸਰਕਾਰਾਂ ਕਮਾ ਰਹੀਆਂ ਹਨ। ਡੀਜ਼ਲ 'ਤੇ 55% ਅਤੇ ਪੈਟਰੋਲ 'ਤੇ 57 ਫੀਸਦੀ ਕੇਂਦਰ ਅਤੇ ਸੂਬਾਈ ਸਰਕਾਰ ਦੇ ਟੈਕਸ ਲੱਗੇ ਹੋਏ ਹਨ, ਕੌਮਾਂਤਰੀ ਪੱਧਰ 'ਤੇ ਤੇਲ ਦੀਆਂ ਕੀਮਤਾਂ ਵਿੱਚ ਗਿਰਾਵਟ ਆਈ ਹੈ, ਪਰ ਮੋਦੀ ਸਰਕਾਰ ਅਤੇ ਸੂਬਾਈ ਸਰਕਾਰਾਂ ਹਰ ਰੋਜ਼ ਤੇਲ ਅਤੇ ਰਸੋਈ ਗੈਸ ਦੀਆਂ ਕੀਮਤਾਂ ਵਿੱਚ ਅਥਾਹ ਵਾਧਾ ਕਰਕੇ ਆਪਣੀਆਂ ਸਰਕਾਰਾਂ ਚਲਾ ਰਹੀਆਂ ਹਨ। ਇਸ ਤੋਂ ਪਹਿਲਾਂ ਮੋਦੀ ਸਰਕਾਰ ਨੇ ਨੋਟਬੰਦੀ ਅਤੇ ਫੇਰ ਜੀ ਐੱਸ ਟੀ ਲਾਗੂ ਕਰਕੇ ਕਿਸਾਨਾਂ, ਮਜ਼ਦੂਰਾਂ, ਛੋਟੇ ਕਾਰੋਬਾਰੀਆਂ ਨੂੰ ਤਬਾਹ ਕਰ ਦਿੱਤਾ ਹੈ।
 
ਪੱਟੀ : ਤਹਿਸੀਲ ਪੱਟੀ ਦੇ ਸਕੱਤਰ ਦਲਜੀਤ ਸਿੰਘ ਦਿਆਲਪੁਰਾ ਦੀ ਅਗਵਾਈ ਵਿੱਚ ਭਾਰਤੀ ਮਾਰਕਸਵਾਦੀ ਇਨਕਲਾਬੀ ਪਾਰਟੀ ਦੇ ਸੂਬਾ ਪੱਧਰੀ ਪ੍ਰੋਗਰਾਮ ਅਨੁਸਾਰ ਪੱਟੀ ਦੇ ਕੁੱਲਾ ਚੌਂਕ ਵਿੱਚ 24 ਸਿਤੰਬਰ ਨੂੰ ਕੇਂਦਰ ਤੇ ਪੰਜਾਬ ਸਰਕਾਰ ਦਾ ਪੁਤਲਾ ਫੂਕਿਆ। ਇਸ ਮੌਕੇ ਪਾਰਟੀ ਦੇ ਆਗੂ ਧਰਮ ਸਿੰਘ ਤੇ ਨਰਿੰਦਰ ਕੌਰ ਨੇ ਇਕੱਠ ਨੂੰ ਸੰਬੋਧਨ ਕੀਤਾ ਅਤੇ ਕਿਹਾ ਕਿ ਸਰਕਾਰਾਂ ਨੇ ਕਾਰਪੋਰੇਟ ਘਰਾਣਿਆਂ ਨੂੰ ਬੇਤਹਾਸਾ ਸਹੂਲਤਾਂ ਦਿੱਤੀਆਂ, ਤੇਲ ਤੇ ਗੈਸ ਦੀਆਂ ਲਗਾਤਾਰ ਕੀਮਤਾਂ ਵਧਾਈਆਂ ਹਨ। ਦੇਸ਼ ਦੀ ਛੋਟੀ ਇੰਡਸਟਰੀ ਤਬਾਹ ਕੀਤੀ ਜਾ ਰਹੀ ਹੈ। ਵਿਸ਼ਵ ਵਪਾਰ ਨੂੰ ਬੜ੍ਹਾਵਾ ਦਿੱਤਾ ਜਾ ਰਿਹਾ ਹੈ। ਫਿਰਕਾਪ੍ਰਸਤੀ ਫੈਲਾਈ ਜਾ ਰਹੀ ਹੈ। ਇਹਨਾ ਸਭ ਮੁਸ਼ਕਲਾਂ ਕਰਕੇ ਦੇਸ਼ ਵਿੱਚ ਗਰੀਬ-ਅਮੀਰ ਦਾ ਪਾੜਾ ਨਿੱਤ ਦਿਨ ਵਧ ਰਿਹਾ ਹੈ। ਹਰਭਜਨ ਸਿੰਘ ਚੂਸਲੇਵੜ ਤੇ ਜਰਨੈਲ ਸਿੰਘ ਦਿਆਲਪੁਰਾ ਨੇ ਕਿਹਾ ਕਿ ਕਿਸਾਨੀ ਕਿੱਤਾ ਦਿਨ-ਬ-ਦਿਨ ਨਿਘਰ ਰਿਹਾ ਹੈ ਕਿਸਾਨ ਖੁਦਕਸ਼ੀਆਂ ਕਰ ਰਹੇ ਹਨ ਤੇ ਸਰਕਾਰਾਂ ਕੁੰਭ ਕਰਨੀ ਨੀਂਦ ਸੁੱਤੀਆਂ ਹਨ। ਇਸ ਮੌਕੇ ਹੋਰਨਾ ਤੋਂ ਇਲਾਵਾ ਗੁਰਦੇਵ ਸਿੰਘ ਮਨਿਹਾਲਾ, ਬਾਜ ਸਿੰਘ ਬਾਹਮਣੀ ਵਾਲਾ, ਮੇਜਰ ਸਿੰਘ ਲੌਹਕਾ, ਬਲਬੀਰ ਸਿੰਘ ਚੀਆਂ, ਬਲਬੀਰ ਸਿੰਘ ਰਬੀਪੁਰ, ਬਲਬੀਰ ਕੌਰ ਚੀਆਂ, ਪਰਗਟ ਸਿੰਘ ਪੱਟੀ ਜਸਬੀਰ ਧਾਣੀ, ਗੁਰਭੇਜ ਸਿੰਘ ਚੂਸਲੇਵੜ ਆਦਿ ਹਾਜ਼ਰ ਸਨ।
 
ਨੰਗਲ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਰੋਪੜ ਜ਼ਿਲ੍ਹਾ ਕਮੇਟੀ ਵਲੋਂ ਨੰਗਲ ਵਿਖੇ ਡੀਜ਼ਲ-ਪੈਟਰੋਲ ਦੀਆਂ ਨਿੱਤ ਵਧਦੀਆਂ ਕੀਮਤਾਂ ਖਿਲਾਫ਼ ਜੋਰਦਾਰ ਪ੍ਰਦਰਸ਼ਨ ਕਰਨ ਉਪਰੰਤ ਕੇਂਦਰ ਦੀ ਨਰਿੰਦਰ ਮੋਦੀ ਸਰਕਾਰ ਦਾ ਪੁਤਲਾ ਫੂਕਿਆ ਗਿਆ। ਸਰਵ ਸਾਥੀ ਮੋਹਣ ਸਿੰਘ ਧਮਾਣਾ, ਬੀਬੀ ਦਰਸ਼ਨ ਕੌਰ, ਸਾਥੀ ਹਿੰਮਤ ਸਿੰਘ ਅਤੇ ਹੋਰਨਾਂ ਨੇ ਰੋਸ ਪ੍ਰਦਰਸ਼ਨ ਦੀ ਅਗਵਾਈ ਕੀਤੀ।
 
ਅਜਨਾਲਾ :  ਸਥਾਨਕ ਸ਼ਹਿਰ ਦੇ ਬਾਹਰੀ ਪਿੰਡ ਤਲਵੰਡੀ ਰਾਏ ਦਾਦੂ ਵਿਖੇ ਤਹਿਸੀਲ ਅਜਨਾਲਾ ਦੇ ਕੌਮਾਂਤਰੀ ਸਰਹੱਦੀ ਪਿੰਡਾਂ ਤੇ ਅਧਾਰਿਤ ਅਜਨਾਲਾ ਸਰਹੱਦੀ ਜ਼ੋਨ ਪੱਧਰ ਤੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੇ ਕਾਰਕੁਨਾਂ ਨੇ ਸੂਬਾ ਸਕੱਤਰੇਤ ਮੈਂਬਰ ਡਾ: ਸਤਨਾਮ ਸਿੰਘ ਅਜਨਾਲਾ ਤੇ ਤਹਿਸੀਲ ਸਕੱਤਰ ਕਾਮਰੇਡ ਗੁਰਨਾਮ ਸਿੰਘ ਉਮਰਪੁਰਾ ਦੀ ਸਾਂਝੀ ਅਗਵਾਈ ਹੇਠ ਡੀਜ਼ਲ, ਪੈਟਰੋਲ, ਰਸੋਈ ਗੈਸ ਦੀਆਂ ਕੀਮਤਾਂ ਦੇ ਵਾਧੇ, ਮੋਦੀ ਸਰਕਾਰ ਦੀ ਸਰਪ੍ਰਸਤੀ ਹੇਠ ਕਥਿਤ ਫਿਰਕੂ ਮੰਦਭਾਗਾ ਮਾਹੌਲ ਉਸਰਨ, ਬੇਕਾਰੀ, ਮਹਿੰਗਾਈ, ਭ੍ਰਿਸ਼ਟਾਚਾਰ ਦੇ ਰੋਸ ਵਜੋਂ ਰੈਲੀ ਕਰਨ ਉਪਰੰਤ ਤਲਵੰਡੀ ਚੌਂਕ 'ਚ ਸੜਕੀ ਜਾਮ ਲਗਾ ਕੇ ਮੋਦੀ ਸਰਕਾਰ ਦਾ ਪੁੱਤਲਾ ਫੂਕਿਆ। ਰੋਸ ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾ ਆਗੂ ਡਾ: ਸਤਨਾਮ ਸਿੰਘ ਅਜਨਾਲਾ ਨੇ ਮੋਦੀ ਸਰਕਾਰ ਦੀਆਂ ਸਾਮਰਾਜੀ ਨਿਰਦੇਸ਼ਿਤ ਤੇ ਨਵ ਉਦਾਰਵਾਦੀ ਆਰਥਿਕ ਨੀਤੀਆਂ ਤੇ ਵਰ੍ਹਦਿਆਂ ਦੋਸ਼ ਲਾਇਆ ਕਿ ਮੋਦੀ ਸਰਕਾਰ ਦੇ 3 ਸਾਲਾਂ ਦੇ ਕਾਰਜਕਾਲ 'ਚ ਅਰਥ ਵਿਵਸਥਾ ਬਹੁਤ ਕਮਜ਼ੋਰ ਪੈ ਗਈ ਹੈ ਅਤੇ ਕੌਮਾਂਤਰੀ ਪੱਧਰ 'ਤੇ ਕੱਚੇ ਤੇਲ ਦੀਆਂ ਅੱਧੀਆਂ ਕੀਮਤਾਂ ਰਹਿ ਜਾਣ ਦੇ ਬਾਵਜੂਦ ਮੋਦੀ ਸਰਕਾਰ ਵਲੋਂ ਕੋਝੇ ਹੱਥਕੰਡੇ ਅਪਣਾ ਕੇ ਖਜਾਨਾ ਭਰਨ ਲਈ ਪੈਟਰੋਲ, ਡੀਜ਼ਲ, ਰਸੋਈ ਗੈਸ ਦੀਆਂ ਕੀਮਤਾਂ ਵਿਚ ਵਾਧਾ ਕੀਤਾ ਜਾ ਰਿਹਾ ਹੈ, ਜਿਸ ਦੇ ਵਿਰੋਧ ਵਿੱਚ ਮੋਦੀ ਸਰਕਾਰ ਦੇ ਪੁੱਤਲੇ ਫੂਕੇ ਗਏ ਹਨ।


ਉਘੀ ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਵਿਰੁੱਧ ਰੋਸ ਮੁਜ਼ਾਹਰੇ 
ਜਲੰਧਰ : ਫਿਰਕਾਪ੍ਰਸਤੀ ਤੇ ਫਾਸ਼ੀਵਾਦੀ ਤਾਕਤਾਂ ਵਿਰੁੱਧ ਨਿਰੰਤਰ ਆਵਾਜ਼ ਬੁਲੰਦ ਕਰਨ ਵਾਲੀ ਨਿਡਰ ਕੰਨੜ ਮਹਿਲਾ ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਵਿਰੁੱਧ ਦੇਸ਼ ਭਰ 'ਚ ਉਠੀ ਰੋਹ ਦੀ ਲਹਿਰ ਨੂੰ ਹੋਰ ਬੁਲੰਦ ਕਰਦਿਆਂ ਜਲੰਧਰ 'ਚ ਇੱਕ ਕੈਂਡਲ ਮਾਰਚ ਕੀਤਾ ਗਿਆ। ਇਹ ਮਾਰਚ ਦੇਸ਼ ਭਗਤ ਯਾਦਗਾਰ ਕੰਪਲੈਕਸ ਤੋਂ ਸ਼ੁਰੂ ਹੋ ਕੇ ਕਾਲੀਆਂ ਤਾਕਤਾਂ ਵਿਰੁੱਧ ਰੌਸ਼ਨੀ ਦਾ ਛਿੱਟਾ ਦਿੰਦਾ ਹੋਇਆ ਪ੍ਰੈਸ ਕਲੱਬ ਦੇ ਸਾਹਮਣੇ ਸ਼ਹੀਦ-ਇ-ਆਜ਼ਮ ਭਗਤ ਸਿੰਘ ਦੇ ਸਾਥੀ ਪੰਡਿਤ ਕਿਸ਼ੋਰੀ ਲਾਲ ਜੀ ਦੇ ਬੁੱਤ ਕੋਲ ਜਾ ਕੇ ਸੰਪੰਨ ਹੋਇਆ।
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਪਹਿਲਕਦਮੀ 'ਤੇ ਹੋਏ ਇਸ ਮਾਰਚ ਵਿਚ ਆਰ.ਐਮ.ਪੀ.ਆਈ. ਦੇ ਵਰਕਰਾਂ ਤੋਂ ਇਲਾਵਾ ਟਰੇਡ ਯੂਨੀਅਨ ਆਗੂਆਂ, ਸਾਹਿਤਕਾਰਾਂ, ਕਾਲਜ ਅਧਿਆਪਕਾਂ, ਪੱਤਰਕਾਰਾਂ, ਕਲਾਕਾਰਾਂ ਤੇ ਸਮਾਜ ਦੇ ਹੋਰਨਾਂ ਵਰਗਾਂ ਦੇ ਪ੍ਰਤੀਨਿਧਾਂ ਨੇ ਹਿੱਸਾ ਲਿਆ। ਇਸ ਮਾਰਚ ਵਿੱਚ ਸ਼ਾਮਲ ਲੋਕਾਂ ਨੇ ਆਪਣੇ ਹੱਥਾਂ ਵਿਚ ਮੋਮਬੱਤੀਆਂ ਅਤੇ ਫਿਰਕਾਪ੍ਰਸਤ ਤੇ ਫਾਸ਼ੀਵਾਦੀ ਤਾਕਤਾਂ ਵਿਰੁੱਧ ਸੰਗਰਾਮ ਦਾ ਹੋਕਾ ਦਿੰਦੀਆਂ ਤਖਤੀਆਂ ਫੜੀਆਂ ਹੋਈਆਂ ਸਨ। ਉਹ ਨਾਅਰੇ ਲਗਾ ਰਹੇ ਸਨ, ''ਗੌਰੀ ਲੰਕੇਸ਼ ਦੇ ਕਾਤਲਾਂ ਨੂੰ ਫਾਹੇ ਲਾਓ'', ਫਿਰਕਾਪ੍ਰਸਤੀ ਮੁਰਦਾਬਾਦ, ਫਾਸ਼ੀਵਾਦ ਮੁਰਦਾਬਾਦ, ਇਨਕਲਾਬ ਜ਼ਿੰਦਾਬਾਦ।''
ਕੈਂਡਲ ਮਾਰਚ ਵਿਚ ਸ਼ਾਮਲ ਲੋਕਾਂ ਨੇ ਪੰਡਿਤ ਕਿਸ਼ੌਰੀ ਲਾਲ ਜੀ ਦੇ ਬੁੱਤ ਅੱਗੇ ਫਿਰਕੂ-ਫਾਸ਼ੀਵਾਦ, ਅਸਹਿਣਸ਼ੀਲਤਾ ਤੇ ਜ਼ੁਬਾਨਬੰਦੀ ਖਿਲਾਫ਼ ਜਿੱਤ ਤੱਕ ਅਣਥੱਕ ਘੋਲ ਜਾਰੀ ਰੱਖਣ ਦਾ ਅਹਿਦ ਲਿਆ।
 
ਗੁਰਦਾਸਪੁਰ :  ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ (ਜੇ ਪੀ ਐਮ ਓ) ਵੱਲੋਂ ਸ਼ਹਿਰ ਵਿੱਚ ਮੋਮਬੱਤੀ (ਕੈਂਡਲ) ਮਾਰਚ ਕੀਤਾ ਗਿਆ। ਮਾਰਚ ਵਿੱਚ ਸਾਹਿਤਕਾਰ, ਕਿਸਾਨ, ਅਧਿਆਪਕ, ਮਜ਼ਦੂਰ ਤੇ ਮੁਲਾਜ਼ਮ ਜਥੇਬੰਦੀਆਂ ਦੇ ਨੁਮਾਇੰਦੇ ਸ਼ਾਮਲ ਹੋਏ। ਮਾਰਚ ਦੀ ਅਗਵਾਈ ਮੱਖਣ ਕੁਹਾੜ, ਸ਼ੀਤਲ ਸਿੰਘ, ਨਿਰਮਲ ਸਿੰਘ ਬੋਪਾਰਾਏ, ਅਨਿਲ ਕੁਮਾਰ, ਸੁਖਦੇਵ ਸਿੰਘ, ਸਤਿਨਾਮ, ਜੀ ਐਸ ਪਾਹੜਾ, ਸੁਰਿੰਦਰ ਆਦਿ ਨੇ ਸਾਂਝੇ ਤੌਰ 'ਤੇ ਕੀਤੀ।
ਬੁਲਾਰਿਆਂ ਨੇ ਬੰਗਲੌਰ (ਕਰਨਾਟਕ) ਦੀ ਪ੍ਰਸਿੱਧ ਅਗਾਂਹਵਧੂ ਪੱਤਰਕਾਰ ਤੇ ਲੇਖਕਾ, ਜੋ ਲਗਾਤਾਰ ਅੰਧ ਵਿਸ਼ਵਾਸ ਅਤੇ ਅੰਧ ਰਾਸ਼ਟਰਵਾਦ ਵਿਰੁੱਧ ਅਤੇ ਸਾਂਝੀਵਾਲਤਾ ਦੇ ਹੱਕ ਵਿੱਚ ਲਿਖਦੀ ਸੀ, ਦੇ ਕੀਤੇ ਕਤਲ ਦੀ ਜ਼ੋਰਦਾਰ ਨਿਖੇਧੀ ਕੀਤੀ ਗਈ।   ਉਨ੍ਹਾਂ ਇਸ ਕਤਲ ਨੂੰ ਬੋਲਣ ਤੇ ਲਿਖਣ ਦੀ ਆਜ਼ਾਦੀ ਦਾ ਕਤਲ ਆਖਿਆ।
 
ਅਜਨਾਲਾ :  ਦਲੇਰ ਪੱਤਰਕਾਰ ਅਤੇ ਸਮਾਜਿਕ ਕਾਰਕੁੰਨ ਗੌਰੀ ਲੰਕੇਸ਼ ਨੂੰ ਬੁਜ਼ਦਿਲ ਤੇ ਘਿਨੌਣੇ ਤਰੀਕੇ ਨਾਲ ਹਥਿਆਰਬੰਦ ਬਦਮਾਸ਼ਾਂ ਵਲੋਂ ਗੋਲੀਆਂ ਨਾਲ ਕਤਲ ਕੀਤੇ ਜਾਣ ਦੇ ਵਿਰੋਧ 'ਚ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਆਰ.ਐਸ.ਐਸ. ਮੁੱਖੀ ਮੋਹਣ ਭਾਗਵਤ ਵਲੋਂ ਇਸ ਮੁੱਦੇ ਤੇ ਚੁੱਪ ਧਾਰੇ ਜਾਣ ਦੇ ਦੋਸ਼ ਲਗਾਉਂਦਿਆਂ ਇੱਥੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਸੂਬਾਈ ਆਗੂ ਡਾ: ਸਤਨਾਮ ਸਿੰਘ ਅਜਨਾਲਾ ਤੇ ਤਹਿਸੀਲ ਸਕੱਤਰ ਕਾ. ਗੁਰਨਾਮ ਸਿੰਘ ਉਮਰਪੁਰਾ ਦੀ ਸਾਂਝੀ ਅਗਵਾਈ 'ਚ ਤਹਿਸੀਲ ਅਜਨਾਲਾ ਦੇ ਕਾਰਕੁੰਨਾਂ ਤੇ ਆਗੂਆਂ ਨੇ  ਜ਼ਬਰਦਸਤ ਰੋਸ ਮਾਰਚ ਤੇ ਮੁਜ਼ਾਹਰਾ ਕਰਨ ਉਪਰੰਤ ਪ੍ਰਧਾਨ ਮੰਤਰੀ ਮੋਦੀ , ਆਰ.ਐਸ.ਐਸ. ਅਤੇ ਭਾਜਪਾ ਦਾ ਪੁੱਤਲਾ ਫੂਕ ਪਿੱਟ ਸਿਆਪਾ ਕੀਤਾ।
 
ਪਠਾਨਕੋਟ : ਪਠਾਨਕੋਟ ਵਿਖੇ ਜਨਤਕ ਜਥੇਬੰਦੀਆਂ ਦੇ ਸਾਂਝੇ ਮੋਰਚੇ (ਜੇ ਪੀ ਐੱਮ ਓ) ਵਿੱਚ ਸ਼ਾਮਲ ਜਥੇਬੰਦੀਆਂ ਸੀ ਟੀ ਯੂ ਪੰਜਾਬ, ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ, ਜਮਹੂਰੀ ਕਿਸਾਨ ਸਭਾ, ਦਿਹਾਤੀ ਮਜ਼ਦੂਰ ਸਭਾ, ਐੱਨ ਆਰ  ਐੱਮ ਯੂ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਪੰਜਾਬ ਘਰੇਲੂ ਮਜ਼ਦੂਰ ਯੂਨੀਅਨ, ਪ ਸ ਸ ਫ ਅਤੇ ਹੋਰ ਜਥੇਬੰਦੀਆਂ ਨੇ ਹੱਕ, ਸੱਚ ਤੇ ਇਨਸਾਫ ਦੀ ਆਵਾਜ਼ ਉੱਘੀ ਪੱਤਰਕਾਰ ਅਤੇ ਕਾਲਮ ਨਵੀਸ ਗੌਰੀ ਲੰਕੇਸ਼ ਦੀ ਕੀਤੀ ਕਾਇਰਤਾਪੂਰਨ ਹੱਤਿਆ ਦੀ ਸਖਤ ਸ਼ਬਦਾਂ ਵਿੱਚ ਨਿੰਦਿਆ ਕੀਤੀ। ਉਸ ਦੇ ਕਾਤਲਾਂ ਨੂੰ ਫੌਰੀ ਗ੍ਰਿਫਤਾਰ ਕਰਨ ਅਤੇ ਕਾਤਲਾਂ ਨੂੰ ਫਾਹੇ ਲਾਉਣ ਦੀ ਮੰਗ ਨੂੰ ਲੈ ਕੇ ਸ਼ਿਮਲਾ ਪਹਾੜੀ ਪਠਾਨਕੋਟ ਵਿਖੇ ਸੈਂਕੜਿਆਂ ਦੀ ਗਿਣਤੀ ਵਿੱਚ ਸ਼ਾਮਲ ਮਜ਼ਦੂਰਾਂ, ਕਿਸਾਨਾਂ, ਮੁਲਾਜ਼ਮਾਂ ਅਤੇ ਨੌਜਵਾਨਾਂ ਨੇ ਰੋਸ ਰੈਲੀ ਕਰਨ ਉਪਰੰਤ ਪਠਾਨਕੋਟ ਦੇ ਬਜ਼ਾਰਾਂ ਵਿੱਚ ਵਿਸ਼ਾਲ ਪ੍ਰਦਰਸ਼ਨ ਕੀਤਾ।  ਰੋਸ ਰੈਲੀ-ਪ੍ਰਦਰਸ਼ਨ ਦੀ ਅਗਵਾਈ ਕਰਦੇ ਵੱਖ-ਵੱਖ ਜਥੇਬੰਦੀਆਂ ਦੇ ਆਗੂਆਂ ਕਾਮਰੇਡ ਸ਼ਿਵ ਕੁਮਾਰ, ਮਾਸਟਰ ਸੁਭਾਸ਼, ਬਲਵੰਤ ਸਿੰਘ ਘੋਹ ਅਤੇ ਮਾਸਟਰ ਪ੍ਰੇਮ ਸਾਗਰ ਨੇ ਬੋਲਦਿਆਂ ਕਿਹਾ ਕਿ ਕਤਲ ਦੇ ਪਿਛੋਕੜ ਨਾਲ ਜੁੜਿਆ ਘਟਨਾਕ੍ਰਮ ਇਸ ਗੱਲ ਵੱਲ ਇਸ਼ਾਰਾ ਕਰਦਾ ਹੈ ਕਿ ਗੌਰੀ ਲੰਕੇਸ਼ ਦੇ ਕਤਲ ਪਿੱਛੇ ਕੱਟੜਪੰਥੀ ਕਾਤਲ ਗਰੋਹਾਂ ਦਾ ਹੱਥ ਹੈ। ਆਗੂਆਂ ਕਿਹਾ ਕਿ ਇਸ ਤੋਂ ਪਹਿਲਾਂ ਕੱਟੜਪੰਥੀਆਂ ਵੱਲੋ ਕਤਲ ਕੀਤੇ ਡਾ. ਨਰਿੰਦਰ ਦਭੋਲਕਰ, ਗੋਵਿੰਦ ਪਨਸਾਰੇ ਅਤੇ ਪ੍ਰੋ. ਕਲਬੁਰਗੀ ਦੇ ਘਿਨਾਉਣੇ ਕਾਤਲਾਂ ਨੂੰ ਵੀ ਫੌਰੀ ਗ੍ਰਿਫਤਾਰ ਕੀਤਾ ਜਾਵੇ। ਉਨ੍ਹਾਂ ਸਖਤ ਤੋਂ ਸਖਤ ਸਜ਼ਾ ਦਿੱਤੇ ਜਾਣ ਦੀ ਮੰਗ ਕਰਦੇ ਹੋਏ ਸਮੂਹ ਖੱਬੀਆਂ ਅਤੇ ਅਗਾਂਹਵਧੁੂ ਇਨਸਾਫਪਸੰਦ ਧਿਰਾਂ ਨੂੰ ਉਕਤ ਕਤਲੋਗਾਰਤ ਵਿਰੁੱਧ ਸਾਂਝਾ ਮੰਚ ਉਸਾਰ ਕੇ ਸੰਘਰਸ਼ ਨੂੰ ਹੋਰ ਤਿੱਖਿਆਂ ਕਰਨ ਦੀ ਅਪੀਲ ਕੀਤੀ।
 
ਅੰਮ੍ਰਿਤਸਰ : ਵੱਖ-ਵੱਖ ਜਮਹੂਰੀ ਅਤੇ ਅਵਾਮੀ ਜੱਥੇਬੰਦੀਆਂ ਦੇ ਸਾਂਝੇ ਸੱਦੇ 'ਤੇ ਇੱਕ ਰੈਲੀ ਤੇ ਰੋਸ ਮੁਜ਼ਾਹਰਾ ਕਰ ਕੇ ਪ੍ਰਸਿੱਧ ਪੱਤਰਕਾਰ ਗੌਰੀ ਲੰਕੇਸ਼ ਦੇ ਕਤਲ ਦੀ ਨਿੰਦਾ ਕਰਦੇ ਹੋਏ ਉਸ ਦੇ ਕਾਤਲਾਂ ਨੂੰ ਗ੍ਰਿਫਤਾਰ ਕਰਨ ਦੀ ਮੰਗ ਕੀਤੀ। ਇਸ ਸੰਬੰਧੀ ਇਨ੍ਹਾਂ ਜੱਥੇਬੰਦੀਆਂ ਦੇ ਨੁਮਾਇੰਦਿਆਂ ਨੇ ਇੱਕ ਮੰਗ ਪੱਤਰ ਡੀ ਸੀ ਅੰਮ੍ਰਿਤਸਰ ਕਮਲਦੀਪ ਸਿੰਘ ਸੰੰਘਾ ਰਾਹੀਂ ਰਾਸ਼ਟਰਪਤੀ ਲਈ ਦਿੱਤਾ ਗਿਆ। ਇਸ ਰੈਲੀ ਨੂੰ ਸੰਬੋਧਨ ਕਰਦਿਆਂ ਫ਼ਿਰਕੂ ਫਾਸ਼ੀਵਾਦ ਦੇ ਵਿਰੋਧ ਵਿੱਚ ਗਠਿਤ ਸਾਂਝੀ ਕਮੇਟੀ ਵੱਲੋਂ ਡਾ. ਪਰਮਿੰਦਰ ਸਿੰਘ ਨੇ ਕਿਹਾ ਕਿ ਗੌਰੀ ਲੰਕੇਸ਼ ਨੂੰ ਕਤਲ ਕਰਕੇ ਅਜੋਕੀ ਸਰਕਾਰ ਵੱਲੋਂ ਲੋਕਾਂ ਦੇ ਮਨਾਂ ਵਿੱਚ ਇੱਕ ਦਹਿਸ਼ਤ ਦਾ ਮਾਹੌਲ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਨ੍ਹਾਂ ਵੱਲੋਂ ਫੈਲਾਇਆ ਜਾ ਰਿਹਾ ਫਾਸ਼ੀਵਾਦ ਅਸਲ ਵਿੱਚ ਇਸ ਵੇਲੇ ਆਰਥਿਕਤਾ ਵਿੱਚ ਨਵਉਦਾਰਵਾਦੀ ਨੀਤੀਆਂ ਕਰ ਕੇ ਪੈਦਾ ਹੋਏ ਸੰਕਟ ਵੱਲੋਂ ਲੋਕਾਂ ਦਾ ਧਿਆਨ ਪਾਸੇ ਕਰਨ ਲਈ ਕੀਤਾ ਜਾ ਰਿਹਾ ਹੈ। ਰੈਲੀ ਵਿੱਚ ਇਨ੍ਹਾਂ ਵਿਚਾਰਾਂ ਦੀ ਤਰਜਮਾਨੀ ਕਰਨ ਵਾਲੇ ਬੁਲਾਰਿਆਂ ਵਿੱਚ ਜਮਹੂਰੀ ਕਿਸਾਨ ਸਭਾ ਦੇ ਰਤਨ ਸਿੰਘ ਰੰਧਾਵਾ, ਏਟਕ ਦੇ ਅਮਰਜੀਤ ਸਿੰਘ ਆਸਲ, ਕਿਸਾਨ ਸੰਘਰਸ਼ ਕਮੇਟੀ ਦੇ ਗੁਰਬਚਨ ਸਿੰਘ ਚੱਬਾ ਅਤੇ ਹੋਰ ਕਈ ਜਨਤਕ ਜਥੇਬੰਦੀਆਂ ਦੇ ਆਗੂ ਸ਼ਾਮਲ ਸਨ।


ਜਮਹੂਰੀ ਕਿਸਾਨ ਸਭਾ ਵਲੋਂ ਕਿਸਾਨੀ ਮੰਗਾਂ ਦੀ ਪ੍ਰਾਪਤੀ ਲਈ ਵਿਸ਼ਾਲ ਧਰਨੇ 
ਤਰਨ ਤਾਰਨ : ਪੰਜਾਬ ਦੀ ਕਿਸਾਨੀ, ਜਵਾਨੀ ਤੇ ਪਾਣੀ ਨੂੰ ਬਚਾਉਣ ਅਤੇ ਕਿਸਾਨੀ-ਦਿਹਾਤੀ ਮਜ਼ਦੂਰਾਂ ਦੀ ਡੁੱਬ ਰਹੀ ਆਰਥਿਕਤਾ ਨੂੰ ਮੁੜ ਪੈਰਾਂ 'ਤੇ ਖੜਾ ਕਰਨ ਲਈ ਪੰਜਾਬ ਦੀ ਕੈਪਟਨ ਸਰਕਾਰ ਵੱਲੋਂ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਕਰਵਾਉਣ ਲਈ ਆਪਣੀ ਆਵਾਜ਼ ਬੁਲੰਦ ਕਰਨ ਤੇ ਸਰਕਾਰ 'ਤੇ ਲੋਕ ਦਬਾਅ ਵਧਾਉਣ ਲਈ ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਡੀ ਸੀ ਤਰਨ ਤਾਰਨ ਦੇ ਦਫਤਰ ਸਾਹਮਣੇ ਤਿੰਨ ਰੋਜ਼ਾ ਵਿਸ਼ਾਲ ਧਰਨਾ ਮਾਰਿਆ ਗਿਆ। 20 ਸਿਤੰਬਰ ਨੂੰ ਇਹ ਧਰਨਾ ਸ਼ੁਰੂ ਹੋਇਆ। ਇਸ ਰੋਹ ਭਰੇ ਧਰਨੇ ਵਿੱਚ 22 ਸਿਤੰਬਰ ਨੂੰ ਕਿਸਾਨ ਸਭਾ ਦੇ ਪ੍ਰਮੁੱਖ ਆਗੂਆਂ ਸ਼ੀਤਲ ਸਿੰਘ ਤਲਵੰਡੀ, ਮਨਜੀਤ ਸਿੰਘ ਬੱਗੂ ਕੋਟ, ਹਰਦੀਪ ਸਿੰਘ ਰਸੂਲਪੁਰ, ਮਾਨ ਸਿੰਘ ਮੁਹਾਵਾ ਤੇ ਸੇਰੋਂ ਖੰਡ ਮਿੱਲ ਆਗੂ, ਬਲਦੇਵ ਸਿੰਘ ਕੋਟ-ਦਸੰਦੀ ਮੱਲ ਦੀ ਅਗਵਾਈ 'ਚ ਹਜ਼ਾਰਾਂ ਕਿਸਾਨਾਂ, ਖੇਤ ਮਜ਼ਦੂਰਾਂ ਨੇ ਹੱਥਾਂ ਵਿੱਚ ਝੰਡੇ-ਮਾਟੋ ਲੈ ਕੇ ਸਰਕਾਰ ਵਿਰੁੱਧ ਗੜਗਜ ਨਾਹਰੇ ਮਾਰਦੇ ਹੋਏ ਸ਼ਾਮਲ ਹੁੰਦੇ ਰਹੇ।
ਵਿਸ਼ਾਲ ਇਕੱਠਾਂ ਨੂੰ ਸੰਬੋਧਨ ਕਰਦਿਆਂ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਕ੍ਰਮਵਾਰ ਸੂਬਾ ਪ੍ਰਧਾਨ ਡਾ: ਸਤਨਾਮ ਸਿੰਘ ਅਜਨਾਲਾ, ਸੁਬਾਈ ਪ੍ਰੈੱਸ ਸਕੱਤਰ ਪ੍ਰਗਟ ਸਿੰਘ ਜਾਮਾਰਾਏ ਅਤੇ ਸੂਬਾ ਕਮੇਟੀ ਮੈਂਬਰਾਂ ਦਲਜੀਤ ਸਿੰਘ ਦਿਆਲਪੁਰਾ, ਮਾਸਟਰ ਹਰਭਜਨ ਸਿੰਘ ਟਰਪਈ ਤੇ ਮੁਖਤਾਰ ਸਿੰਘ ਮੱਲਾ ਨੇ ਕਿਹਾ ਕਿ ਕੈਪਟਨ ਸਰਕਾਰ ਵੱਲੋਂ ਜੋ ਅੱਜ ਕਰਜ਼ਾ ਮੁਆਫੀ ਸੰਬੰਧੀ ਫੈਸਲਾ ਲਿਆ ਗਿਆ, ਉਹ ਚੋਣਾਂ ਦੇ ਵਾਅਦੇ ਅਨੁਸਾਰ ਨਹੀਂ ਹੈ ਉਹ ਕਿਸਾਨਾਂ ਦੇ ਗਲ਼ ਵਿੱਚੋਂ ਕਰਜ਼ਦਾਰੀ ਦਾ ਜੂਲਾ ਨਹੀਂ ਲਹਿੰਦਾ,  ਇਹ ਅਧੂਰਾ ਐਲਾਨ ਵੀ ਕਿਸਾਨਾਂ ਦੇ ਵਧਦੇ ਦਬਾਅ ਕਾਰਨ ਕੀਤਾ ਗਿਆ, ਜਿਸ ਵਿੱਚ ਖੇਤ ਮਜ਼ਦੂਰਾਂ ਦਾ ਜ਼ਿਕਰ ਤੱਕ ਨਹੀਂ ਕੀਤਾ ਗਿਆ। ਉਕਤ ਆਗੂਆਂ ਨੇ ਅੱਗੇ ਕਿਹਾ ਕਿ 10 ਏਕੜ ਦੇ ਕਿਸਾਨਾਂ ਤੇ ਸਮੂਹ ਦਿਹਾਤੀ ਮਜ਼ਦੂਰਾਂ ਦਾ ਹਰ ਪ੍ਰਕਾਰ ਦਾ ਕਰਜ਼ਾ ਰੱਦ ਕਰਵਾਉਣ ਲਈ ਇਸ ਘੋਲ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਸਮੂਹ ਕਿਸਾਨ, ਮਜ਼ਦੂਰ ਆਗੂਆਂ ਨੇ ਜ਼ੋਰਦਾਰ ਮੰਗ ਕੀਤੀ ਕਿ ਕਿਸਾਨੀ-ਮਜ਼ਦੂਰਾਂ ਨੂੰ ਮੰਦਹਾਲੀ ਵਿੱਚੋਂ ਕੱਢਣ ਲਈ ਡਾ: ਸਵਾਮੀਨਾਥਨ ਦੀਆਂ ਸਿਫਾਰਸ਼ਾਂ ਅਨੁਸਾਰ ਸਮੂਹ ਖੇਤੀ ਜਿਣਸਾਂ ਫਲ-ਸਬਜ਼ੀਆਂ, ਲੱਕੜ, ਆਦਿ ਦੇ ਭਾਅ ਮਿੱਥੇ ਜਾਣ ਤੇ ਇਹਨਾਂ ਭਾਵਾਂ 'ਤੇ ਸਰਕਾਰੀ ਖਰੀਦ ਯਕੀਨੀ ਬਣਾਈ ਜਾਵੇ  ਅਤੇ ਲੋਕ ਹਿੱਤ ਵਿੱਚ ਪਬਲਿਕ ਵੰਡ ਪ੍ਰਣਾਲੀ ਮਜ਼ਬੂਤ ਕੀਤੀ ਜਾਵੇ, ਮੰਡੀਆਂ ਵਿੱਚ ਆ ਰਹੇ ਝੋਨੇ-ਬਾਸਮਤੀ ਦੀ ਖਰੀਦ ਤੁਰੰਤ ਸ਼ੁਰੂ ਕੀਤੀ ਜਾਵੇ। ਬੇਰੁਜ਼ਗਾਰ ਨੌਜਵਾਨ ਆਗੂਆਂ ਨੇ ਸੁਲੱਖਣ ਸਿੰਘ ਤੁੜ ਤੇ ਸੁਰਜੀਤ ਸਿੰਘ ਦੁੱਧਰਾਏ ਨੇ ਪੁਰਜ਼ੋਰ ਆਵਾਜ਼ ਉਠਾਈ ਕਿ ਵਾਅਦੇ ਅਨੁਸਾਰ ਹਰੇਕ ਨੌਜਵਾਨ ਨੂੰ ਰੁਜ਼ਗਾਰ ਦਿੱਤਾ ਜਾਵੇ ਅਤੇ ਰੁਜ਼ਗਾਰ ਦੇ ਮੌਕੇ ਵਧਾਉਣ ਲਈ ਪਿੰਡਾਂ ਵਿੱਚ ਖੇਤੀ ਅਧਾਰਤ ਸਨਅਤਾਂ ਲਾਈਆਂ ਜਾਣ ਅਤੇ ਬੰਦ ਪਈਆਂ ਸੇਰੋਂ ਖੰਡ ਮਿੱਲ ਸਮੇਤ ਸਾਰੀਆਂ ਖੰਡ ਮਿੱਲਾਂ ਚਾਲੂ ਕੀਤੀਆਂ ਜਾਣ। ਇੱਥੇ ਜ਼ਿਕਰਯੋਗ ਹੈ ਕਿ ਅਜਿਹਾ ਹੀ ਐਲਾਨ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ 5 ਸਤੰਬਰ ਨੂੰ ਵੇਈਪੂਈਂ ਵਿਖੇ ਸੇਰੋਂ ਖੰਡ ਮਿੱਲ ਮੁੜ ਚਾਲੂ ਕਰਨ ਸੰਬੰਧੀ ਕੀਤਾ ਸੀ। ਸਾਰੇ ਮਜ਼ਦੂਰਾਂ ਦੀ ਤਰਜਮਾਨੀ ਕਰਦੀਆਂ ਦਿਹਾਤੀ ਮਜ਼ਦੂਰ ਸਭਾ ਦੇ ਆਗੂਆਂ ਚਮਨ ਲਾਲ, ਜਸਪਾਲ ਸਿੰਘ ਝਬਾਲ ਨੇ ਧਰਨੇ 'ਚ ਬੋਲਦਿਆਂ ਕਿਹਾ ਕਿ ਚੋਣਾਂ ਦੇ ਵਾਅਦੇ ਅਨੁਸਾਰ ਗਰੀਬਾਂ ਦੀ ਪੈਨਸ਼ਨ 2500 ਰੁਪਏ ਪ੍ਰਤੀ ਮਹੀਨਾ ਤੇ ਗਰੀਬਾਂ ਲਈ ਘਰ ਬਣਾਉਣ ਲਈ ਪਲਾਟ ਦਿੱਤੇ ਜਾਣ।
ਖਚਾਖਚ ਭਰੇ ਧਰਨੇ ਦੌਰਾਨ ਡਿਪਟੀ ਕਮਿਸ਼ਨ ਸ੍ਰੀ ਪ੍ਰਦੀਪ ਕੁਮਾਰ ਤੇ ਉਹਨਾਂ ਦੇ ਨਾਲ ਐੱਸ ਐੱਸ ਪੀ ਸ੍ਰੀ ਦਰਸ਼ਨ ਸਿੰਘ ਮਾਨ ਨੇ ਪਹੁੰਚ ਕੇ ਕੁਝ ਸਥਾਨਕ ਮੰਗਾਂ ਮੌਕੇ 'ਤੇ ਮੰਨਦਿਆਂ ਕਿਹਾ ਕਿ ਕਿਸਾਨਾਂ ਦੇ ਮੰਡੀਆਂ ਵਿੱਚ ਆਏ ਝੋਨੇ ਦੀ ਕਿਸੇ ਕਿਸਮ ਦੀ ਲੁੱਟ ਨਹੀਂ ਹੋਣ ਦਿੱਤੀ ਜਾਵੇਗੀ। ਕਿਸਾਨਾਂ ਨੂੰ ਨਿਰਧਾਰਤ ਰੇਟ ਦਿਵਾਏ ਜਾਣਗੇ, ਇਸੇ ਤਰ੍ਹਾਂ ਜਿਹੜੀਆਂ ਤਰਨ ਤਾਰਨ ਜ਼ਿਲ੍ਹੇ 'ਚ ਦਰਿਆ ਬਿਆਸ 'ਚ ਹੜ੍ਹ ਆਉਣ ਨਾਲ ਫਸਲਾਂ ਖਰਾਬ ਹੋ ਗਈਆਂ, ਉਹਨਾਂ ਦੀ ਗਿਰਦਾਵਰੀ ਦੇ ਹੁਕਮ ਜਾਰੀ ਕਰ ਦਿੱਤੇ ਗਏ ਹਨ ਤੇ ਖਰਾਬੇ ਦੇ ਪੈਸੇ ਵੀ ਜਲਦੀ ਦੇ ਦਿੱਤੇ ਜਾਣਗੇ। ਡੀ ਸੀ ਨੇ ਅੱਗੇ ਯਕੀਨ ਦਿਵਾਇਆ ਕਿ ਭਾਰਤ-ਪਾਕਿ ਸਰਹੱਦ 'ਤੇ ਕੰਡਿਆਲੀ ਤਾਰ ਤੋਂ ਪਾਰ ਖੇਤੀ ਕਰਦੇ ਕਿਸਾਨਾਂ ਨੂੰ 10,000 ਰੁਪਏ ਪ੍ਰਤੀ ਏਕੜ ਮੁਆਵਜ਼ਾ ਵੀ ਸਰਕਾਰ ਕੋਲ ਪਹੁੰਚ ਚੁੱਕਾ ਹੈ, ਉਹ ਵੀ ਕਿਸਾਨਾਂ ਵਿੱਚ ਜਲਦੀ ਵੰਡਿਆ ਜਾਵੇਗਾ। ਉਨ੍ਹਾ ਭਰੋਸਾ ਦਿੱਤਾ ਕਿ ਸੇਰੋਂ ਖੰਡ ਮਿੱਲ ਚਲਾਉਣ ਤੇ ਬਾਸਮਤੀ ਦੇ ਭਾਅ ਮਿੱਥਣ ਦੀ ਮੰਗ ਸਿਫਾਰਸ਼ਾਂ ਸਹਿਤ ਉਪਰੋਕਤ ਸਰਕਾਰ ਨੂੰ ਭੇਜੀ ਜਾਵੇਗੀ। ਇਹਨਾਂ ਮੰਗਾਂ ਦੇ ਹੱਲ ਲਈ ਜਥੇਬੰਦੀ ਦੀ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਈ ਜਾਵੇਗੀ ਜਿਸ ਲਈ ਐੱਸ ਐੱਸ ਪੀ.ਡੀ. ਐੱਸ ਮਾਨ 28 ਸਤੰਬਰ ਨੂੰ ਆਪ ਚੰਡੀਗੜ੍ਹ ਜਾ ਕੇ ਮੁੱਖ ਮੰਤਰੀ ਤੋਂ ਟਾਈਮ ਲੈਣਗੇ ਅਤੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂਆਂ ਨੂੰ ਤੁਰੰਤ ਮੁੱਖ ਮੰਤਰੀ ਨਾਲ ਗੱਲਬਾਤ ਦੀ ਤਰੀਕ ਬਾਰੇ ਸੂਚਿਤ ਕਰ ਦਿੱਤਾ ਜਾਵੇਗਾ। ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਅਤੇ ਸਥਾਨਕ ਮੰਗਾਂ ਮੰਨੇ ਜਾਣ ਤੋਂ ਬਾਅਦ ਤਿੰਨ ਰੋਜ਼ਾ ਧਰਨੇ ਦੀ ਸਮਾਪਤੀ ਕੀਤੀ ਗਈ।
 
ਗੁਰਦਾਸਪੁਰ : ਜਮਹੂਰੀ ਕਿਸਾਨ ਸਭਾ ਤਹਿਸੀਲ ਗੁਰਦਾਸਪੁਰ ਦੇ ਕਿਸਾਨਾਂ ਵੱਲੋਂ ਐੱਸ ਡੀ ਐੱਮ ਦੇ ਦਫ਼ਤਰ ਸਾਹਮਣੇ ਧਰਨਾ ਦਿੱਤਾ ਗਿਆ, ਜਿਸ ਦੀ ਪ੍ਰਧਾਨਗੀ ਸੁਖਦੇਵ ਸਿੰਘ ਗੁਰਾਇਆ, ਚੰਨਣ ਸਿੰਘ ਮਾਨ ਅਤੇ ਸਵਰਨਦਾਸ ਨੇ ਕੀਤੀ। ਧਰਨੇ ਨੂੰ ਅਜੀਤ ਸਿੰਘ ਸਿੱਧਵਾਂ, ਚੰਨਣ ਸਿੰਘ ਮਾਨ ਅਤੇ ਨਿਰਮਲ ਸਿੰਘ  ਤੋਂ ਇਲਾਵਾ ਮੱਖਣ ਸਿੰਘ ਕੁਹਾੜ, ਜਸਵੰਤ ਸਿੰਘ ਬੁੱਟਰ, ਬਲਬੀਰ ਸਿੰਘ ਗਿੱਲ, ਦਰਸ਼ਨ ਸਿੰਘ ਅਤੇ ਪ੍ਰਕਾਸ਼ ਸਿੰਘ ਨੇ ਸੰਬੋਧਨ ਕੀਤਾ।
 
ਰਾਜਾਸਾਂਸੀ : ਪੁਲਸ ਪ੍ਰਸ਼ਾਸਨ ਦੀਆਂ ਧੱਕੇਸ਼ਾਹੀਆਂ, ਦੋਸ਼ੀਆਂ ਦੀ ਪੁਸ਼ਤ-ਪਨਾਹੀ ਅਤੇ ਸਿਆਸੀ ਦਖਲਅੰਦਾਜ਼ੀ ਵਿਰੁੱਧ ਜਨਤਕ ਜਥੇਬੰਦੀਆਂ ਵੱਲੋਂ ਪੁਲਸ ਥਾਣਾ ਰਾਜਾਸਾਂਸੀ ਅੱਗੇ ਧਰਨਾ ਦਿੱਤਾ ਗਿਆ। ਜਨਤਕ ਜਥੇਬੰਦੀਆਂ ਦੇ ਸੈਂਕੜੇ ਕਾਰਕੁੰਨ ਧਰਨੇ ਵਿਚ ਪਹੁੰਚੇ। ਧਰਨੇ ਦੀ ਅਗਵਾਈ ਜਥੇਬੰਦੀਆਂ ਦੇ ਪ੍ਰਮੁੱਖ ਆਗੂਆਂ ਸੁਰਜੀਤ ਸਿੰਘ ਦੁਧਰਾਏ, ਸੰਤੋਖ ਸਿੰਘ ਮੱਲੂਨੰਗਲ, ਬਲਵਿੰਦਰ ਸਿੰਘ ਧਰਮਕੋਟ, ਸਤਵਿੰਦਰ ਸਿੰਘ ਉਠੀਆਂ ਤੇ ਜਸਬੀਰ ਸਿੰਘ ਜਸਰਾਉਰ ਨੇ ਸਾਂਝੇ ਤੌਰ 'ਤੇ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਡਾ. ਸਤਨਾਮ ਸਿੰਘ ਅਜਨਾਲਾ, ਕੁਲਵੰਤ ਸਿੰਘ ਮੱਲੂਨੰਗਲ ਜ਼ਿਲ੍ਹਾ ਪ੍ਰ੍ਰਧਾਨ ਗੁਰਨਾਮ ਸਿੰਘ ਉਮਰਪੁਰਾ ਨੇ ਕਿਹਾ ਕਿ ਅਕਾਲੀ-ਭਾਜਪਾ ਸਰਕਾਰ ਦੀ ਤਰ੍ਹਾਂ ਕਾਂਗਰਸ ਨੇ ਥੋੜ੍ਹੇ ਸਮੇਂ ਵਿੱਚ ਹੀ ਥਾਣਿਆਂ ਦਾ ਸਿਆਸੀਕਰਨ ਕਰ ਦਿੱਤਾ ਹੈ।


ਨੌਜਵਾਨਾਂ ਵਲੋਂ ਮਨਾਇਆ ਗਿਆ ਸ਼ਹੀਦ ਭਗਤ ਸਿੰਘ ਦਾ ਜਨਮ ਦਿਹਾੜਾ 
ਗੁਰਾਇਆ : ਸ਼ਹੀਦ ਭਗਤ ਸਿੰਘ ਦੇ 110ਵੇਂ ਜਨਮਦਿਨ ਨੂੰ ਸਮਰਪਿਤ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਵੱਲੋਂ ਦੇਸ਼ ਭਗਤਾਂ ਦੇ ਪਿੰਡ ਰੁੜਕਾ ਕਲਾਂ ਵਿਖੇ ਮਾਰਚ ਕੱਢਿਆ ਗਿਆ।ਇਸ ਮਾਰਚ ਦੀ ਅਗਵਾਈ ਜਸਪ੍ਰੀਤ ਜੱਸਾ ਰੁੜਕਾ ਨੇ ਕੀਤੀ।ਇਸ ਮੌਕੇ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ ਸੂਬਾਈ ਆਗੂ ਅਜੈ ਫਿਲੌਰ ਨੇ ਕਿਹਾ ਕਿ ਆਜ਼ਾਦੀ ਦੇ 70 ਵਰ੍ਹੇ ਬੀਤ ਜਾਣ ਦੇ ਬਾਵਜੂਦ ਵੀ ਸਰਕਾਰਾਂ ਅਜੇ ਤੱਕ ਲੋਕਾਂ ਦੀਆਂ ਮੁੱਢਲੀਆਂ ਲੋੜਾਂ ਨੂੰ ਪੂਰਾ ਕਰਨ 'ਚ ਅਸਫਲ ਰਹੀਆਂ ਹਨ। ਚੋਣਾਂ ਦੌਰਾਨ ਨੌਜਵਾਨਾਂ-ਵਿਦਿਆਰਥੀਆਂ ਨਾਲ ਮੁਫਤ ਵਿੱਦਿਆ ਅਤੇ ਹਰ ਘਰ ਨੌਕਰੀ ਜਾਂ ਬੇਰੁਜ਼ਗਾਰੀ ਭੱਤਾ ਦੇਣ ਦੇ ਵਾਅਦੇ ਤਂੋ ਹੁਣ ਕੈਪਟਨ ਸਰਕਾਰ ਭੱਜਦੀ ਦਿਖਾਈ ਦਿੰਦੀ ਹੈ। ਉਨ੍ਹਾਂ ਕਿਹਾ ਕਿ ਜੇਕਰ ਕੈਪਟਨ ਸਰਕਾਰ ਨੇ ਜਲਦ ਵਾਅਦੇ ਪੂਰੇ ਨਾ ਕੀਤੇ ਤਾਂ ਇਸ ਖਿਲਾਫ ਸਭਾ ਵੱਲੋਂ ਸੰਘਰਸ਼ ਵਿੱਢਿਆ ਜਾਵੇਗਾ। ਇਸ ਮੌਕੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਤਹਿਸੀਲ ਸਕੱਤਰ ਮੱਖਣ ਸੰਗਰਾਮੀ, ਕੁਲਵੀਰ ਕਬੱਡੀ ਕੋਚ, ਸਟਾਲਿਨ, ਗੁਰਪ੍ਰੀਤ ਬਾਗਾਂ ਵਾਲੇ, ਸੰਦੀਪ ਸਿੰਘ, ਓਂਕਾਰ ਸਿੰਘ, ਕਮਲ ਸੰਧੂ, ਰਾਣਾ, ਅਮਨ ਆਦਿ ਵੱਡੀ ਗਿਣਤੀ 'ਚ ਨੌਜਵਾਨ ਹਾਜ਼ਰ ਸਨ।
ਰੁੜਕਾਂ ਕਲਾਂ (ਜਲੰਧਰ) ਵਿਖੇ ਸ਼ਹੀਦ ਭਗਤ ਸਿੰਘ ਦੇ 110ਵੇਂ ਜਨਮ ਦਿਵਸ ਮੌਕੇ ਨੌਜਵਾਨਾਂ ਨੇ ਮਸ਼ਾਲ ਮਾਰਚ ਕੀਤਾ। ਨੌਜਵਾਨਾਂ ਨੇ ਜ਼ੋਸ਼ ਖਰੋਸ਼ ਨਾਲ ਨਾਅਰੇ ਲਗਾ ਕੇ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ 'ਤੇ ਪਹਿਰਾ ਦੇਣ ਦਾ ਪ੍ਰਣ ਲਿਆ।
ਫਿਲੌਰ ਦੇ ਮੁਹੱਲਾ ਸੰਤੋਖ ਪੁਰਾ 'ਚ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਅਤੇ ਦਿਹਾਤੀ ਮਜ਼ਦੂਰ ਸਭਾ ਨੇ ਰਾਤ ਵੇਲੇ ਕੈਂਡਲ ਮਾਰਚ ਕੀਤਾ ਗਿਆ। ਇਸ ਮੌਕੇ ਪੰਜਾਬ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਸਕੱਤਰ ਅਜੈ ਫਿਲੌਰ ਨੇ ਸੰਬੋਧਨ ਕੀਤਾ। ਇਸ ਦੀ ਅਗਵਾਈ ਜਰਨੈਲ ਫਿਲੌਰ ਨੇ ਕੀਤੀ।
ਮਨਸੂਰਾਂ (ਲੁਧਿਆਣਾ) ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਯੂਨਿਟ ਮਨਸੂਰਾਂ ਵਲੋਂ ਭਗਤ ਸਿੰਘ ਦਾ ਜਨਮ ਦਿਵਸ ਮਸ਼ਾਲ ਮਾਰਚ ਕਰਕੇ ਮਨਾਇਆ ਗਿਆ। ਜਿਸ 'ਚ ਨੌਜਵਾਨਾਂ ਨੇ ਬਹੁਤ ਹੀ ਉਤਸ਼ਾਹ ਨਾਲ ਭਾਗ ਲਿਆ। ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਮੌਕੇ ਸਭਾ ਦੀ ਲੁਧਿਆਣਾ ਜ਼ਿਲ੍ਹਾ ਕਮੇਟੀ ਵੱਲੋਂ ਸ਼ਹੀਦ ਭਗਤ ਸਿੰਘ ਦੇ ਬੁੱਤ 'ਤੇ ਫੁੱਲ-ਮਾਲਾਵਾਂ ਅਰਪਣ ਕੀਤੀਆਂ ਗਈਆ।
 
ਬਾਬਾ ਬਕਾਲਾ : ਪਿੰਡ ਭੋਰਸ਼ੀ ਰਾਜਪੂਤਾਂ ਵਿਖੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਸ਼ਹੀਦ ਭਗਤ ਸਿੰਘ ਦਾ ਜਨਮ ਦਿਨ ਮਨਾਉਣ ਸਬੰਧੀ ਨੌਜਵਾਨਾਂ ਵਲੋਂ ਕੈਂਡਲ ਮਾਰਚ ਕੀਤਾ ਗਿਆ। ਕਲਾਨੌਰ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਇਕਾਈ ਕਲਾਨੌਰ ਵਲੋਂ ਪ੍ਰਧਾਨ ਗੁਰਜੀਤ ਸਿੰਘ ਤੇ ਸਕੱਤਰ ਖੁਸ਼ਪ੍ਰੀਤ ਸਿੰਘ ਦੀ ਅਗਵਾਈ ਹੇਠ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ 'ਤੇ ਜਾਗੋ ਕੱਢੀ ਗਈ ਅਤੇ ਸ਼ਹਿਰ 'ਚ ਮਾਰਚ ਵੀ ਕੱਢਿਆ ਗਿਆ। ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੀ ਪਿੰਡ ਜਸਵਾਲੀ ਇਕਾਈ ਵਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਨੂੰ ਸਮਰਪਿਤ ਸਭਿਆਚਾਰਕ ਪ੍ਰੋਗਰਾਮ ਕਰਵਾਇਆ ਗਿਆ। ਜਿਸ 'ਚ ਨੌਜਵਾਨਾਂ ਨੇ ਉਤਸ਼ਾਹ ਨਾਲ ਭਾਗ ਲਿਆ।


ਬਿਜਲੀ ਬਿੱਲਾਂ 'ਚ ਵਾਧੇ ਵਿਰੁੱਧ ਦਿਹਾਤੀ ਮਜ਼ਦੂਰ ਸਭਾ ਵੱਲੋਂ ਧਰਨਾ 
ਦਿਹਾਤੀ ਮਜ਼ਦੂਰ ਸਭਾ ਦੇ ਆਗੂ ਸਾਥੀ ਸ਼ਿੰਦਾ ਛਿੱਥ ਅਤੇ ਸੁਖਵੰਤ ਸਿੰਘ ਸੰਦਲਪੁਰ ਦੀ ਅਗਵਾਈ ਵਿਚ ਬਿਜਲੀ ਬੋਰਡ ਅਲੀਵਾਲ ਵਿਖੇ ਬਿਜਲੀ ਬਿੱਲਾਂ ਵਿਚ ਹੋਏ ਵਾਧੇ ਖਿਲਾਫ ਰੋਸਮਈ ਧਰਨਾ ਦਿੱਤਾ ਗਿਆ। ਇਸ ਰੋਸਮਈ ਧਰਨੇ ਨੂੰ ਦਿਹਾਤੀ ਮਜ਼ਦੂਰ ਸਭਾ ਦੇ ਆਗੂ ਗੁਰਦਿਆਲ ਸਿੰਘ ਘੁਮਾਣ, ਜਨਵਾਦੀ ਇਸਤਰੀ ਸਭਾ ਪੰਜਾਬ ਦੀ ਸੂਬਾਈ ਜਨਰਲ ਸਕੱਤਰ ਨੀਲਮ ਘੁਮਾਣ ਨੇ ਸੰਬੋਧਨ ਕਰਦਿਆਂ ਕਿਹਾ ਕਿ ਪੰਜਾਬ ਦੀ ਸਰਕਾਰ ਨੇ ਗਰੀਬ ਲੋਕਾਂ ਨਾਲ ਵਾਅਦਾ ਕੀਤਾ ਸੀ, ਅਸੀਂ ਬਿਜਲੀ ਦੇ ਬਿੱਲ ਮੁਆਫ  ਕਰ ਦੇਵਾਂਗੇ ਅਤੇ ਤੁਹਾਡੀਆਂ ਹੋਰ ਵੀ ਜਿੰਨੀਆਂ ਮੁਸ਼ਕਲਾਂ ਹਨ, ਅਸੀਂ ਹੱਲ ਕਰ ਦਿਆਂਗੇ। ਸਰਕਾਰ ਤਾਂ ਲੋਕਾਂ ਨੇ ਵੋਟਾਂ ਪਾ ਕੇ ਬਣਾ ਦਿੱਤੀ, ਪਰ ਮੁਸ਼ਕਲਾਂ ਹੱਲ ਕਰਨ ਦੀ ਬਜਾਇ ਲੋਕਾਂ ਦੀਆਂ ਮੁਸ਼ਕਲਾਂ ਵਿਚ ਵਾਧਾ ਹੀ ਕੀਤਾ ਹੈ। ਪੰਜਾਬ ਸਰਕਾਰ ਨੇ ਗਰੀਬ ਲੋਕਾਂ ਦੇ ਜੋ ਬਿਜਲੀ ਬਿੱਲ ਮੁਆਫ ਕੀਤੇ ਹੋਏ ਸਨ, ਉਹ ਸਰਕਾਰ ਨੇ ਦੁਬਾਰਾ ਬਿੱਲ ਲਾ ਦਿੱਤੇ ਹਨ ਅਤੇ ਇਹਨਾਂ ਵਿਚ ਵਾਧਾ ਵੀ ਕਰ ਦਿੱਤਾ ਹੈ। ਲੋਕਾਂ ਲਈ ਬਿੱਲ ਤਾਰਨਾ ਮੁਸ਼ਕਲ ਹੋ ਗਿਆ ਹੈ। ਆਗੂਆਂ ਨੇ ਮੰਗ ਕੀਤੀ ਕਿ ਲੋਕਾਂ ਦੇ ਬਿੱਲਾਂ ਵਿਚ ਕੀਤਾ ਵਾਧਾ ਵਾਪਸ ਲਿਆ ਜਾਵੇ ਅਤੇ ਲੋਕਾਂ ਦੇ ਦੁਬਾਰਾ ਬਿੱਲ ਮੁਆਫ ਕਰ ਦਿੱਤੇ ਜਾਣ। ਇਸ ਧਰਨੇ ਨੂੰ ਦਿਹਾਤੀ ਮਜ਼ਦੂਰ ਸਭਾ ਦੇ ਤਹਿਸੀਲ ਪ੍ਰਧਾਨ ਸ਼ਿੰਦਾ ਛਿੱਥ ਨੇ ਵੀ ਸੰਬੋਧਨ ਕੀਤਾ।


ਪੁਲਸ ਵਧੀਕੀਆਂ ਵਿਰੁੱਧ ਐਕਸ਼ਨ 
ਫਿਲੌਰ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐਮ ਪੀ ਆਈ) ਵੱਲੋਂ ਥਾਣਾ ਫਿਲੌਰ ਦੀ ਢਿੱਲੀ ਕਾਰਗੁਜ਼ਾਰੀ ਵਿਰੁੱਧ ਰੋਸ ਪ੍ਰਦਰਸ਼ਨ ਕਰਦੇ ਹੋਏ ਥਾਣੇ ਅੱਗੇ ਧਰਨਾ ਦਿੱਤਾ ਗਿਆ। ਇਸ ਰੋਸ ਧਰਨੇ ਦੀ ਅਗਵਾਈ ਕੁਲਦੀਪ ਫਿਲੌਰ ਅਤੇ ਜਰਨੈਲ ਫਿਲੌਰ ਨੇ ਸਾਂਝੇ ਤੌਰ 'ਤੇ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਢੇਸੀ, ਸੂਬਾ ਕਮੇਟੀ ਮੈਂਬਰ ਸ਼ਿਵ ਕੁਮਾਰ ਤਿਵਾੜੀ, ਤਹਿਸੀਲ ਸਕੱਤਰ ਸੰਤੋਖ ਸਿੰਘ ਬਿਲਗਾ ਨੇ ਪਿੰਡ ਭੈਣੀ, ਮਾਓ ਸਾਹਿਬ, ਮੀਓਵਾਲ ਆਦਿ ਪਿੰਡਾਂ ਦੇ ਕੁੱਝ ਮਸਲੇ ਉਠਾਉਂਦੇ ਹੋਏ ਕਿਹਾ ਕਿ ਪੁਲੀਸ ਨੇ ਢਿੱਲੀ ਕਾਰਗੁਜ਼ਾਰੀ ਦਿਖਾਈ ਗਈ ਹੈ। ਇਸ ਤੋਂ ਇਲਾਵਾ ਪੁਲੀਸ ਵੱਲੋਂ ਕੁਝ ਦਿਨ ਪਹਿਲਾਂ ਨਾਕੇ 'ਤੇ ਇੱਕ ਨੌਜਵਾਨ ਨਾਲ ਕੀਤੀ ਲਾਠੀਆਂ ਨਾਲ ਕੁੱਟਮਾਰ ਦੇ ਮਾਮਲੇ ਤੋਂ ਬਿਨਾਂ ਇਲਾਕੇ 'ਚ ਚੋਰੀਆਂ, ਲੁੱਟਾਂ-ਖੋਹਾਂ ਅਤੇ ਨਸ਼ਿਆਂ 'ਚ ਹੋ ਰਹੇ ਵਾਧੇ ਦੀ ਵੀ ਚਰਚਾ ਕੀਤੀ ਗਈ। ਇਸ ਧਰਨੇ ਨੂੰ ਪਰਮਜੀਤ ਰੰਧਾਵਾ, ਮੱਖਣ ਪੱਲਣ, ਸਰਬਜੀਤ ਮੁਠੱਡਾ, ਅਜੈ ਫਿਲੌਰ, ਦੇਵ ਫਿਲੌਰ, ਅੰਮ੍ਰਿਤ ਨੰਗਲ, ਮੱਖਣ ਸੰਗਰਾਮੀ, ਬਨਾਰਸੀ ਦਾਸ ਘੁੜਕਾ ਅਤੇ ਗੁਰਦੀਪ ਗੋਗੀ ਨੇ ਵੀ ਸੰਬੋਧਨ ਕੀਤਾ। ਮਗਰੋਂ ਜਲੰਧਰ ਦਿਹਾਤੀ ਦੇ ਐਸਪੀ (ਡੀ) ਬਲਕਾਰ ਸਿੰਘ ਨੇ ਧਰਨਾਕਾਰੀਆਂ ਨੂੰ ਯਕੀਨ ਦਵਾਇਆ ਕਿ ਉਕਤ ਮਸਲਿਆਂ ਦਾ ਹੱਲ ਕਰ ਦਿੱਤਾ ਜਾਵੇਗਾ। ਇਸ ਭਰੋਸੇ ਮਗਰੋਂ ਧਰਨਾ ਸਮਾਪਤ ਕਰ ਦਿੱਤਾ ਗਿਆ।
 
ਮਹਿਲ ਕਲਾਂ : ਬਰਨਾਲਾ ਜ਼ਿਲ੍ਹੇ ਦੇ ਪਿੰਡ ਸੱਦੋਵਾਲ ਦੇ ਇੱਕ ਦਲਿਤ ਨੌਜਵਾਨ ਦੀ ਪੁਲੀਸ ਵੱਲੋਂ ਨਾਜਾਇਜ਼ ਕੁੁੱਟਮਾਰ ਵਿਰੁੱਧ ਐਸ ਐਸ ਪੀ ਬਰਨਾਲਾ ਨੂੰ ਸ਼ਿਕਾਇਤ ਕੀਤੀ ਗਈ। ਉਨ੍ਹਾਂ ਮਾਮਲੇ ਦੀ ਪੜਤਾਲ ਲਈ ਡੀ ਐਸ ਪੀ ਮਹਿਲ ਕਲਾਂ ਦੀ ਡਿਉੁੂਟੀ ਲਾਈ। ਮਹਿਲ ਕਲਾਂ ਪੁਲੀਸ ਵਲੋਂ ਦਿਖਾਈ ਜਾਂਦੀ ਢਿੱਲ ਮੱਠ ਖਿਲਾਫ਼ ਦਿਹਾਤੀ ਮਜ਼ਦੂਰ ਸਭਾ ਵਲੋਂ ਜੋਰਦਾਰ ਪ੍ਰਦਰਸ਼ਨ ਕੀਤਾ ਗਿਆ। ਸਭਾ ਦੀ ਇਮਦਾਦ 'ਤੇ ਜਮਹੂਰੀ ਕਿਸਾਨ ਸਭਾ ਅਤੇ ਹੋਰ ਭਰਾਤਰੀ ਜੱਥੇਬੰਦੀਆਂ ਵੀ ਨਿੱਤਰੀਆਂ। ਥਾਣੇਦਾਰ ਵੱਲੋਂ ਜਨਤਕ ਤੌਰ 'ਤੇ ਆਪਣੇ ਕੀਤੇ ਦੀ ਮਾਫ਼ੀ ਮੰਗੀ ਗਈ।
 
ਟਾਂਗਰਾ : ਜਨਤਕ ਜਥੇਬੰਦੀਆਂ ਨੇ ਸਾਂਝੇ ਮੰਚ ਤਹਿਸੀਲ ਬਾਬਾ ਬਕਾਲਾ ਸਾਹਿਬ ਇਕਾਈ ਦੇ ਸੱਦੇ 'ਤੇ ਸੈਂਕੜਿਆਂ ਦੀ ਗਿਣਤੀ ਵਿੱਚ ਨਾਅਰੇਬਾਜ਼ੀ ਕਰਦਿਆਂ ਕਸਬਾ ਖਿਲਚੀਆਂ ਦੇ ਬਜ਼ਾਰਾਂ ਵਿੱਚ ਰੋਸ ਮਾਰਚ ਕਰ ਕੇ ਪੁਲਸ ਖਿਲਾਫ ਥਾਣੇ ਸਾਹਮਣੇ ਅਮਰੀਕ ਸਿੰਘ ਦਾਊਦ, ਬਲਦੇਵ ਸਿੰਘ ਸੈਦਪੁਰ, ਇਕਬਾਲ ਸਿੰਘ ਭੋਰਸੀ ਦੀ ਅਗਵਾਈ ਵਿੱਚ ਰੋਸ ਧਰਨਾ ਦਿੱਤਾ। ਇਸ ਮੌਕੇ ਸੂੁਬਾਈ ਕਨਵੀਨਰ ਗੁਰਨਾਮ ਸਿੰਘ ਦਾਊਦ ਨੇ ਕਿਹਾ ਕਿ ਪਿਛਲੇ ਦਸ ਸਾਲਾਂ ਵਿੱਚ ਜਨਤਾ ਝੂਠੇ ਪਰਚਿਆਂ ਦੀ ਸ਼ਿਕਾਰ ਰਹੀ ਹੈ। ਉਨ੍ਹਾ ਕਿਹਾ ਕਿ ਇਨਸਾਫ ਪ੍ਰਾਪਤੀ ਤੱਕ ਲੋਕ ਸੰਘਰਸ਼ ਲਈ ਲੜਦੇੇ ਰਹਾਂਗੇ। ਇਸ ਮੌਕੇ ਪ੍ਰਮੁੱਖ ਆਗੂ ਗੁਰਮੇਜ ਸਿੰਘ ਤਿੰਮੋਵਾਲ, ਸਰਪੰਚ ਹਰਪ੍ਰੀਤ ਸਿੰਘ ਬੁਟਾਰੀ, ਪਰਵਿੰਦਰ ਸਿੰਘ ਮਹਿਸਮਪੁਰ, ਗੁਰਨਾਮ ਸਿੰਘ ਭਿੰਡਰ, ਨਰਿੰਦਰ ਸਿੰਘ ਵਡਾਲਾ, ਰਛਪਾਲ ਸਿੰਘ ਬੁਟਾਰੀ, ਨਿਰਮਲ ਸਿੰਘ ਛੱਜਲਵੱਡੀ, ਬਲਵਿੰਦਰ ਸਿੰਘ ਖਿਲਚੀਆਂ, ਸੁਖਵਿੰਦਰ ਸਿੰਘ ਧਾਰੜ, ਮਲਕੀਤ ਸਿੰਘ ਚੌਹਾਨ, ਪਲਵਿੰਦਰ ਸਿੰਘ ਟਾਂਗਰਾ, ਤਸਵੀਰ ਸਿੰਘ ਖਿਲਚੀਆਂ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਥਾਣਾ ਖਿਚਲੀਆਂ ਦੇ ਐੱਸ ਐਚ ਓ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਧਰਨਾਕਾਰੀਆਂ ਨੂੰ ਭਰੋਸਾ ਦਿਵਾ ਕੇ ਉਨ੍ਹਾਂ ਦਾ ਰੋਸ ਧਰਨਾ ਸਮਾਪਤ ਕੀਤਾ ਗਿਆ ਹੈ।


ਗਰੀਬ ਲੋਕਾਂ ਦੇ ਉਜਾੜੇ ਨੂੰ ਰੋਕਣ ਲਈ ਨਿਰੰਤਰ ਧਰਨਾਦਿਹਾਤੀ ਮਜ਼ਦੂਰ ਸਭਾ ਤਹਿਸੀਲ ਫਿਲੌਰ ਵਲੋਂ ਫਿਲੌਰ ਸ਼ਹਿਰ ਦੇ ਮੁਹੱਲਾ ਸੰਤੋਖਪੁਰਾ ਦੇ ਇੱਕ ਹਿੱਸੇ 'ਚ ਵਸਦੇ ਮਜ਼ਦੂਰ ਪਰਿਵਾਰਾਂ ਨੂੰ ਰੇਲਵੇ ਵਲੋਂ ਉਠਾਉਣ ਦਾ ਸਖਤ ਨੋਟਿਸ ਲੈਂਦਿਆਂ ਲਗਾਤਾਰ ਧਰਨਾ ਲਗਾ ਕੇ ਆਪਣੇ ਰੋਸ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ। ਪਿਛਲੇ ਸਾਲ ਵੀ ਇਥੋਂ ਦੇ ਵਸਨੀਕਾਂ ਨੂੰ ਰੇਲਵੇ ਵਲੋਂ ਨੋਟਿਸ ਭੇਜੇ ਗਏ ਸਨ। ਅਤੇ, ਉਸ ਵੇਲੇ 7 ਦਿਨ ਲਗਾਤਾਰ ਧਰਨਾ ਲਗਾਉਣ ਉਪਰੰਤ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਇਨ੍ਹਾਂ ਨੋਟਿਸਾਂ 'ਤੇ ਕਾਰਵਾਈ ਨੂੰ ਅੱਗੇ ਪਾ ਦਿੱਤਾ ਸੀ ਅਤੇ ਹੁਣ ਫਿਰ ਤੋਂ ਰੇਲਵੇ ਨੇ ਨੋਟਿਸ ਭੇਜ ਦਿੱਤੇ। ਸ਼ਹਿਰ ਦੇ ਵਾਰਡ ਨੰਬਰ 2 ਦੇ ਇਹ ਵਸਨੀਕ ਪਿਛਲੇ ਲੱਗਭੱਗ 40 ਸਾਲਾਂ ਤੋਂ ਇਸ ਥਾਂ 'ਤੇ ਕਾਬਜ਼ ਹਨ। ਫਿਲੌਰ ਤੋਂ ਲੋਹੀਆਂ ਅਤੇ ਫਿਲੌਰ ਤੋਂ ਜਲੰਧਰ ਨੂੰ ਜਾਣ ਵਾਲੀਆਂ ਰੇਲਵੇ ਲਾਈਨਾਂ ਦੇ ਵਿਚਕਾਰ ਵਸਿਆ ਸੰਤੋਖਪੁਰਾ ਮੁਹੱਲੇ ਦਾ ਇਹ ਹਿੱਸਾ ਪਿਛਲੇ ਲੰਬੇ ਸਮੇਂ ਤੋਂ ਸਰਕਾਰੀ ਗਰਾਂਟਾਂ ਤੋਂ ਵੀ ਅਵਾਜਾਰ ਰਿਹਾ ਸੀ। ਹੁਣ ਸਰਕਾਰੀ ਗਰਾਂਟਾਂ ਲੱਗਣੀਆਂ ਆਰੰਭ ਹੋਈਆਂ ਤਾਂ ਗਰੀਬ ਲੋਕਾਂ ਨੂੰ ਇਥੋਂ ਹਟਾਉਣ ਦੀ ਕਾਰਵਾਈ ਕਰਨ ਲਈ ਰੇਲਵੇ ਵਿਭਾਗ ਪੱਬਾਂ ਭਾਰ ਹੋਇਆ ਪਿਆ ਹੈ। ਵਰਨਣਯੋਗ ਹੈ ਕਿ ਇਸ ਥਾਂ 'ਤੇ ਕੋਈ ਵੀ ਪ੍ਰੋਜੈਕਟ ਨਹੀਂ ਲੱਗ ਰਿਹਾ ਅਤੇ ਇਸ ਥਾਂ 'ਤੇ ਜਾਣ ਲਈ ਨੇੜੇ ਦਾ ਕੋਈ ਸਿੱਧਾ ਰਸਤਾ ਵੀ ਨਹੀਂ ਹੈ। ਗਰੀਬ ਲੋਕਾਂ ਨੂੰ ਬਿਮਾਰੀ ਦੀ ਹਾਲਤ 'ਚ ਕਿਸੇ ਹਸਪਤਾਲ ਜਾਣ ਵੇਲੇ ਰੇਲਵੇ ਲਾਈਨਾਂ ਮਰੀਜ਼ ਨੂੰ ਚੁੱਕ ਕੇ ਹੀ ਪਾਰ ਕਰਨੀਆਂ ਪੈਦੀਆਂ ਹਨ। ਹੁਣ ਮਿਲੇ ਨੋਟਿਸ ਉਪਰੰਤ ਮੁਹੱਲੇ 'ਚ ਪੰਜ ਦਿਨ ਧਰਨਾ ਲਗਾਉਣ ਉਪਰੰਤ ਇਕੱਠੇ ਹੋਏ ਮਜ਼ਦੂਰਾਂ ਨੇ ਫਿਲੌਰ ਦੇ ਐਸਡੀਐਮ ਦਫ਼ਤਰ ਅੱਗੇ ਧਰਨਾ ਲਗਾ ਦਿੱਤਾ। ਜਿਸ ਨੂੰ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਸਾਥੀ ਦਰਸ਼ਨ ਨਾਹਰ, ਜ਼ਿਲ੍ਹਾ ਸਕੱਤਰ ਪਰਮਜੀਤ ਰੰਧਾਵਾ, ਤਹਿਸੀਲ ਪ੍ਰਧਾਨ ਜਰਨੈਲ ਫਿਲੌਰ, ਤਹਿਸੀਲ ਸਕੱਤਰ ਮੇਜਰ ਫਿਲੌਰ, ਜ਼ਿਲ੍ਹਾ ਆਗੂ ਅਮ੍ਰਿੰਤਪਾਲ ਨੰਗਲ, ਬਨਾਰਸੀ ਦਾਸ ਘੁੜਕਾ ਆਦਿ ਤੋਂ ਇਲਾਵਾ ਜਮਹੂਰੀ ਕਿਸਾਨ ਸਭਾ ਦੇ ਸੂਬਾਈ ਆਗੂ ਕੁਲਦੀਪ ਫਿਲੌਰ, ਤੇਜਿੰਦਰ ਧਾਲੀਵਾਲ ਨੇ ਸੰਬੋਧਨ ਕੀਤਾ। ਐਸਡੀਐਮ ਵਲੋਂ ਰੇਲਵੇ ਦੇ ਅਧਿਕਾਰੀਆਂ ਨਾਲ ਗੱਲਬਾਤ ਕਰਵਾਉਣ ਦਾ ਯਕੀਨ ਦਿਵਾਉਣ ਉਪਰੰਤ ਧਰਨਾ ਸਮਾਪਤ ਕਰ ਦਿੱਤਾ ਗਿਆ। ਕੁੱਝ ਦਿਨਾਂ ਬਾਅਦ ਅਚਾਨਕ ਰੇਲਵੇ ਨੇ ਇਕ ਜੇਸੀਵੀ ਮਸ਼ੀਨ ਲੈ ਕੇ ਇਸ ਮੁਹੱਲੇ 'ਤੇ ਧਾਵਾ ਬੋਲ ਦਿੱਤਾ। ਹਾਲੇ ਕੁੱਝ ਕੁ ਝੁੱਗੀਆਂ ਅਤੇ ਇੱਕ ਕੰਧ ਹੀ ਢਾਹੀ ਸੀ, ਕਿ ਲੋਕਾਂ ਨੇ ਇਸ ਦਾ ਵਿਰੋਧ ਕਰ ਦਿੱਤਾ। ਜਿਸ ਕਾਰਨ ਇਸ ਟੀਮ ਨੂੰ ਵਾਪਸ ਪਰਤਣਾ ਪਿਆ। 5 ਅਕਤੂਬਰ ਨੂੰ ਲਗਾਤਾਰ ਚਲ ਰਿਹਾ ਇਹ ਧਰਨਾ 10ਵੇਂ ਦਿਨ 'ਚ ਪ੍ਰਵੇਸ਼ ਕਰ ਗਿਆ। ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ ਇਸ ਧਰਨੇ ਦੀ ਪੂਰਨ ਰੂਪ 'ਚ ਹਮਾਇਤ ਕੀਤੀ ਜਾ ਰਹੀ ਹੈ।

No comments:

Post a Comment