Saturday 21 October 2017

ਟਪਿਆਲਾ ਦੇ ਰਿਹਾਇਸ਼ੀ ਪਲਾਟਾਂ ਦੇ ਸੰਘਰਸ਼ ਦੀ ਸਭ ਤੋਂ ਵੱਡੀ ਪ੍ਰਾਪਤੀ ਮਜ਼ਦੂਰ ਏਕਤਾ ਤੇ ਸੰਗਰਾਮ ਪ੍ਰਤੀ ਭਰੋਸਾ ਪੱਕਾ ਹੋਣਾ

ਗੁਰਨਾਮ ਸਿੰਘ ਦਾਊਦ 
ਦਿਹਾਤੀ ਮਜ਼ਦੂਰ ਸਭਾ ਦਾ ਮਾਰਚ 2001 ਵਿਚ ਆਪਣੇ ਗਠਨ ਤੋਂ ਲੈ ਕੇ ਹੁਣ ਤੱਕ ਦਾ ਪਿਛਲਾ 16 ਸਾਲ ਦਾ ਤਜੁਰਬਾ ਇਸ ਗਲ ਦਾ ਗਵਾਹ ਹੈ ਕਿ ਇਸ ਜਥੇਬੰਦੀ ਨੇ ਬਹੁਤ ਹੀ ਸ਼ਾਨਾਮੱਤੇ ਸੰਘਰਸ਼ ਲੜੇ ਹਨ ਤੇ ਅਨੇਕਾਂ ਪ੍ਰਾਪਤੀਆਂ ਵੀ ਕੀਤੀਆਂ ਹਨ। ਇਹ ਸੰਘਰਸ਼ ਅਸੀਂ ਇੱਕਲਿਆਂ ਅਤੇ ਹੋਰ ਸ਼ੰਘਰਸ਼ਸੀਲ ਮਜ਼ਦੂਰ  ਹਿਤੈਸ਼ੀ ਜਥੇਬੰਦੀਆਂ ਦਾ ਸਾਂਝਾ ਮੰਚ (ਪੇਂਡੂ ਤੇ ਖੇਤ ਮਜ਼ਦੂਰ ਜਥੇਬੰਦੀਆਂ ਦਾ ਸਾਂਝਾ ਮੋਰਚਾ) ਬਣਾ ਕੇ ਵੀ ਲੜੇ ਤੇ ਜਿੱਤਾਂ  ਪ੍ਰਾਪਤ ਕੀਤੀਆਂ ਹਨ। ਇਨ੍ਹਾਂ ਵਿਚ ਮਾਰਚ 2016 ਦਾ ਚੰੜੀਗੜ੍ਹ ਸਾਂਝੇ ਮੋਰਚੇ ਦਾ ਘੋਲ ਵੀ ਸ਼ਾਮਲ ਹੈ ਜਿਸ ਨਾਲ ਨਵੇਂ ਰਾਸ਼ਨ ਕਾਰਡ ਬਣਾਉਣ ਅਤੇ ਬੇ-ਘਰੇ ਲੋਕਾਂ ਲਈ ਰਿਹਾਇਸ਼ੀ ਪਲਾਟ ਲੈਣ ਦੀ ਮੰਗ ਮਨਵਾਈ ਗਈ ਸੀ, ਪੰਜਾਬ ਦੀ ਬਾਦਲ ਸਰਕਾਰ ਕੋਲੋਂ। ਹੁਣ ਵੀ ਅਸੀਂ  ਲਗਾਤਾਰ ਸੰਘਰਸ਼ਾਂ ਦੇ ਮੈਦਾਨ ਵਿੱਚ ਹਾਂ।
ਅਸੀਂ ਵੱਖ-ਵੱਖ ਥਾਵਾਂ 'ਤੇ ਲੜਾਈ ਲੜ ਕੇ ਮਜਦੂਰਾਂ ਦੇ ਰੈਣ-ਬਸੇਰੇ ਦਾ ਪ੍ਰਬੰਧ ਕਰਵਾਇਆ ਹੈ। ਜਿਨ੍ਹਾ ਵਿਚੋਂ ਜ਼ਿਲ੍ਹਾ ਮੁਕਤਸਰ ਦੇ 9 ਕਨਾਲ ਥਾਂ ਉੱਤੇ ਕਰੀਬ 60 ਬੇਘਰੇ ਪਰਿਵਾਰਾਂ ਦਾ ਕਬਜਾ ਕਰਵਾ ਕੇ ਪੱਕੀ ਵਸੋਂ ਕਰਵਾਈ ਹੋਈ ਹੈ ਅਤੇ ਇਕ ਹੋਰ ਬਸਤੀ 'ਚੋਂ ਉਜਾੜੇ ਮਜ਼ਦੂਰਾਂ ਨੂੰ ਥਾਂ ਤੇ ਮਕਾਨਾਂ ਦੀ ਪੂਰੀ ਕੀਮਤ ਦਿਵਾ ਕੇ ਘਰ ਬਣਵਾਏ ਹਨ। ਤਰਨ ਤਾਰਨ ਦੇ ਐਨ ਨਾਲ ਲਗਦੇ ਪਿੰਡ ਅਲਾਦੀਨਪੁਰ, ਜਿਥੇ ਸੜਕ ਚੌੜੀ ਕਰਨ ਦੇ ਨਾਂਅ ਹੇਠ ਮਜ਼ਦੂਰਾਂ ਨੂੰ ਉਜਾੜਿਆ ਜਾ ਰਿਹਾ ਸੀ, ਵਿਖੇ ਵੀ ਅਸੀਂ ਮਹੀਨਿਆਂ ਬੱਧੀ ਲੜਾਈ ਲੜ ਕੇ ਪੀੜਤਾਂ ਨੂੰ ਘਰਾਂ ਲਈ ਬਦਲਵੀਆਂ ਥਾਂਵਾਂ ਅਤੇ ਮਕਾਨਾਂ ਦੀ ਉਸਾਰੀ ਲਈ ਢੁੱਕਵੇਂ ਮੁਆਵਜ਼ੇ ਦਾ ਸੰਗਰਾਮ ਜਿੱਤਿਆ। ਇਸ ਤਰ੍ਹਾਂ ਦੀਆਂ ਹੋਰ ਵੀ ਅਨੇਕਾਂ ਮਿਸਾਲਾਂ ਦਿਤੀਆਂ ਜਾ ਸਕਦੀਆਂ ਹਨ।
ਪੰਜਾਬ ਵਿੱਚ ਹੋਈਆਂ ਫ਼ਰਵਰੀ 2017 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਦੀ ਸਰਕਾਰ ਬਣਨ ਤੋਂ ਬਾਅਦ ਇਸ ਸਰਕਾਰ ਨੇ  ਆਪਣੇ ਜਮਾਤੀ ਖਾਸੇ ਅਨੁਸਾਰ ਮਜ਼ਦੂਰ ਵਿਰੋਧੀ ਰੁਖ ਅਖਤਿਆਰ ਕਰਦਿਆਂ ਮਜ਼ਦੂਰਾਂ ਨਾਲ ਚੋਣਾਂ ਸਮੇਂ ਕੀਤੇ ਵਾਅਦੇ ਮੁਤਾਬਕ ਬੇ-ਘਰੇ ਲੋਕਾਂ ਨੂੰ ਪਲਾਟ ਦੇਣ ਅਤੇ ਘਰ ਬਣਾ ਕੇ ਦੇਣ ਦੇ ਉਲਟ ਪਹਿਲਾਂ ਦਿੱਤੇ ਗਏ ਪਲਾਟਾਂ ਉਤੋਂ ਕਬਜੇ ਤੁੜਾਉਣ ਦਾ ਕੰਮ ਸ਼ੁਰੂ ਕੀਤਾ ਹੋਇਆ ਹੈ। ਇਸ ਨੀਤੀ ਤਹਿਤ ਪਿੰਡ ਨੱਥੂ ਚੱਕ ਜ਼ਿਲ੍ਹਾ ਤਰਨ ਤਾਰਨ ਦੇ 52 ਘਰਾਂ ਨੂੰ ਉਜਾੜ ਦਿਤਾ ਗਿਆ ਸੀ, ਜਿਸ ਖਿਲਾਫ ਤਿੱਖੀ ਲੜਾਈ ਲੜ ਕੇੇ ਉਨ੍ਹਾਂ ਨੂੰ ਦੁਬਾਰਾ ਪਲਾਟਾਂ  ਉਪਰ ਕਾਬਜ਼ ਕਰਾਉਣ ਦੀ ਮੰਗ ਮਨਵਾ ਕੇ ਦਿਹਾਤੀ ਮਜ਼ਦੂਰ ਸਭਾ ਨੇ ਜਿੱਤ ਪ੍ਰਾਪਤ ਕੀਤੀ। ਹਰੀ  ਕੇ ਵਿਖੇ ਲੰਮੇਂ ਸਮੇਂ ਤੋਂ ਪਲਾਟਾਂ ਵਾਲੀ ਥਾਂ 'ਤੇ ਕਬਜ਼ਾ ਕਰਕੇ ਮਜ਼ਦੂਰ ਧਰਨੇ ਤੇ ਬੈਠੇ ਰਹੇ ਅਤੇ ਘਰਾਂ ਲਈ ਪਲਾਟ ਹਾਸਲ ਕਰਕੇ ਜਿੱਤ ਪ੍ਰਾਪਤ ਕੀਤੀ।
ਪਿਛਲੇ ਦਿਨੀ ਅੰਮ੍ਰਿਤਸਰ ਦੇ ਪਿੰਡ ਟਪਿਆਲਾ ਵਿੱਚ ਧਰਨੇ ੳੁੱਤੇ ਬੈਠੇ ਮਜ਼ਦੂਰਾਂ ਨਾਲ ਬਹੁਤ ਭਿਆਨਕ ਕਾਂਡ ਵਾਪਰਿਆ ਹੈ। ਪਿੰਡ ਟਪਿਆਲਾ ਦੇ ਲੋੜਵੰਦ ਮਜ਼ਦੂਰਾਂ ਨੂੰ 1974 ਵਿੱਚ ਇੰਦਰਾ ਅਵਾਸ ਯੋਜਨਾ ਤਹਿਤ 95 ਪਲਾਟ ਅਲਾਟ ਕੀਤੇ ਗਏ ਸਨ। ਇਸ ਮੰਤਵ ਲਈ ਇਸੇ ਪਿੰਡ ਦੀ ਔਰਤ ਚੰਨਣ ਕੌਰ ਪਤਨੀ ਹਰਨਾਮ ਸਿੰਘ ਦੀ 22 ਕਨਾਲ 15 ਮਰਲੇ ਜਮੀਨ ਅਕਵਾਇਰ ਕੀਤੀ ਗਈ ਸੀ। ਇਨ੍ਹਾਂ ਪਲਾਟਾਂ ਦੇ ਅਲਾਟੀਆਂ ਨੂੰ ਗਵਰਨਰ ਪੰਜਾਬ ਦੇ ਦਸਤਖਤਾਂ ਹੇਠ ਸੰਨਦ ਰਜਿਸ਼ਟਰੀਆਂ ਵੀ ਜਾਰੀ ਕੀਤੀਆਂ ਹੋਈਆਂ ਹਨ ਅਤੇ ਕਾਫੀ ਮਜ਼ਦੂਰ ਉਸ ਜਗ੍ਹਾ ਉੱਤੇ ਆਪਣੇ ਕੱਚੇ ਪੱਕੇ ਘਰ ਬਣਾ ਕੇ ਰਹਿ ਰਹੇ ਹਨ। ਪਿੰਡ ਦੇ ਹੀ ਕੁਝ ਅਪਰਾਧੀ ਕਿਸਮ ਦੇ ਲੋਕਾਂ ਹਰਭਜਨ ਸਿੰਘ, ਨਰਿੰਦਰ ਸਿੰਘ, ਹਰਜਿੰਦਰ ਸਿੰਘ ਪੁਤਰਾਨ ਮੁਖਤਾਰ ਸਿੰਘ ਆਦਿ ਨੇ ਇਕ ਸਾਜਿਸ਼ ਤਹਿਤ ਚੰਨਣ ਕੌਰ ਦੀ ਸਾਰੀ ਜਮੀਨ ਹੜੱਪਣ ਦੀ ਨੀਤ ਨਾਲ ਉਸ ਦਾ ਕਤਲ ਕਰ ਦਿੱਤਾ, ਜਿਸ ਵਿੱਚ ਉਕਤ ਨਰਿੰਦਰ ਸਿੰਘ ਨੂੰ ਕੈਦ ਵੀ ਹੋਈ। ਜਾਅਲਸਾਜ਼ੀ ਅਤੇ ਗਲਤ ਤਰੀਕਿਆਂ ਦੀ ਵਰਤੋਂ ਨਾਲ ਉਕਤ ਹਰਭਜਨ ਸਿੰਘ, ਨਰਿੰਦਰ ਸਿੰਘ ਵਗੈਰਾ ਨੇ ਚੰਨਣ ਕੌਰ ਦੀ ਜ਼ਮੀਨ ਦਾ ਇੰਤਕਾਲ ਵਿਰਾਸਤ ਆਪਣੇ ਨਾਮ ਕਰਵਾ ਲਿਆ। ਇਸ ਤਬਾਦਲੇ ਵਿਰੁੱਧ ਅਲਾਟੀਆਂ ਦੀ ਅਪੀਲ ਦੀ ਸੁਣਵਾਈ ਕਰਦਿਆਂ ਮਾਨਯੋਗ ਐਸ.ਡੀ.ਐਮ. ਅਜਨਾਲਾ ਨੇ ਇਹ ਇੰਤਕਾਲ (ਨੰ. 1562) ਮਿੱਤੀ 1-2-2011 ਨੂੰ ਹੁਕਮ ਸਣਾਉਂਦਿਆਂ ਤੋੜ ਦਿੱਤਾ। ਪਰ ਉਕਤ ਅਪਰਾਧੀਆਂ ਨੇ ਪਲਾਟਾਂ ਵਾਲੀ ਜਗ੍ਹਾ ਉਪਰੋਂ ਮਜ਼ਦੂਰਾਂ ਦਾ ਕਬਜ਼ਾ ਤੁੜਾਉਣ ਦੇ ਯਤਨ ਜਾਰੀ ਰੱਖੇ ਤੇ ਬਾਰ-ਬਾਰ ਧਮਕੀਆਂ ਦਿੰਦੇ ਰਹੇ।
ਦੂਜੇ ਪਾਸੇ ਇਹਨਾਂ ਮਜ਼ਦੂਰਾਂ ਦਾ ਕਬਜਾ ਬਰਕਰਾਰ ਰੱਖਣ ਲਈ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਮਦਦ ਨਾਲ ਦਿਹਾਤੀ ਮਜ਼ਦੂਰ ਸਭਾ ਵੱਲੋਂ 30 ਜੂਨ 2017 ਤੋਂ ਪਲਾਟਾਂ ਵਾਲੀ ਜਗ੍ਹਾ ਤੇ ਰਾਤ ਦਿਨ ਦਾ ਧਰਨਾ ਲਾ ਦਿੱਤਾ ਗਿਆ। ਇਸ ਦੌਰਾਨ ਪਲਾਟਾਂ 'ਤੇ ਕਬਜਾ ਕਰਨ ਆਏ ਉਕਤ ਅਪਰਾਧੀਆਂ ਨੂੰ ਕਈ ਵਾਰ ਬੇਰੰਗ ਵਾਪਿਸ ਮੋੜਿਆ ਗਿਆ ਅਤੇ ਪਲਾਟਾਂ ਵਾਲੀ ਜਗ੍ਹਾ ਵਿਚ ਨਾ ਵੜਨ ਦਿੱਤਾ। ਮਿਤੀ 18 ਜੁਲਾਈ 2017 ਨੂੰ ਪੁਲੀਸ ਅਤੇ ਮਾਲ ਮਹਿਕਮੇ ਦੇ ਅਧਿਕਾਰੀ ਪਲਾਟਾਂ ਵਾਲੀ ਥਾਂ ਦਾ ਕਬਜ਼ਾ ਲੈਣ ਆਏ, ਜਿਸ ਦਾ ਧਰਨਾਕਾਰੀਆਂ ਨੇ ਡਟਵਾਂ ਵਿਰੋਧ ਕੀਤਾ। ਆਏ ਅਧਿਕਾਰੀ ਬਿਨਾਂ ਕਬਜ਼ਾ ਦਿਵਾਏ ਵਾਪਿਸ ਮੁੜ ਗਏ।
20 ਜੁਲਾਈ 2017 ਨੂੰ ਧਰਨੇ  ਉਪਰ ਬੈਠੇ ਦਿਹਾਤੀ ਮਜ਼ਦੂਰ ਸਭਾ ਦੇ ਆਗੂਆਂ ਨੂੰ ਪਤਾ ਲਗਾ ਕਿ ਪਲਾਟਾਂ ਵਾਲੀ ਜਗ੍ਹਾ ਤੋਂ 150 ਫੁਟ ਦੀ ਦੂਰੀ ਤੇ ਸੰਨ ਸਟਾਰ ਪੈਲਸ ਵਿੱਚ ਕਰੀਬ 250 ਹਥਿਆਰਬੰਦ ਗੁੰਡੇ ਸ਼ਰਾਬ ਪੀ ਰਹੇ ਹਨ ਤੇ ਉਹ ਕਬਜ਼ਾ ਲੈਣ ਆ ਸਕਦੇ ਹਨ। ਇਸ ਦੀ ਲਿਖਤੀ ਇਤਲਾਹ ਲੋਪੋ ਕੇ ਥਾਣੇ ਦੇ ਐਸ.ਐਚ.ਓ. ਨੂੰ ਦਿੱਤੀ ਗਈ। ਨਾਲ ਹੀ ਆਰ.ਐਮ.ਪੀ.ਆਈ. ਦੇ ਜ਼ਿਲ੍ਹਾ ਸਕੱਤਰ ਰਤਨ ਸਿੰਘ ਰੰਧਾਵਾ ਤੇ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ (ਜੋ ਕਿ ਇਕ ਮਿਰਤਕ ਦੇ ਸੰਸਕਾਰ 'ਤੇ ਗਏ ਹੋਏ ਸਨ) ਨੂੰ ਵੀ ਇਤਲਾਹ ਦਿੱਤੀ ਗਈ, ਜਿੰਨ੍ਹਾਂ ਨੇ ਉਸੇ ਵਕਤ ਐਸ.ਐਸ.ਪੀ ਅੰਮਿਤਸਰ ਦੇ ਧਿਆਨ ਵਿੱਚ ਸਾਰੀ ਗਲ ਲਿਆਂਦੀ। ਉਸ ਤੋਂ ਬਾਅਦ ਐਸ.ਐਚ.ਓ ਆਇਆ ਤੇ ਮਜ਼ਦੂਰਾਂ ਨੂੰ ਯਕੀਨ ਦਵਾਇਆ ਕਿ ਕਿਸੇ ਵੀ ਵਿਅਕਤੀ ਨੂੰ ਗੁੰਡਾਗਰਦੀ ਜਾਂ ਮਜ਼ਦੂਰਾਂ ਉਪਰ ਹਮਲਾ ਕਰਨ ਦੀ ਅਗਿਆ ਨਹੀਂ ਦਿੱਤੀ ਜਾਵੇਗੀ। ਪਰ ਥੋੜੇ ਚਿਰ ਬਾਅਦ ਹੀ ਹਥਿਆਰਬੰਦ ਗੁੰਡਿਆਂ ਨੇ ਹਮਲਾ ਕਰ ਦਿੱਤਾ ਤੇ ਸ਼ਾਂਤਮਈ ਧਰਨੇ 'ਤੇ ਬੈਠੇ ਮਜ਼ਦੂਰਾਂ ਉਪਰ ਗੋਲੀਆਂ ਚਲਾ ਦਿੱਤੀਆਂ। ਧਰਨਾਕਾਰੀਆਂ ਦੇ ਆਗੂਆਂ 'ਚੋਂ ਇੱਕ ਸੁਖਦੇਵ ਸਿੰਘ ਸੁਖਾ ਮੌਕੇ ਤੇ ਸ਼ਹੀਦ ਹੋਇਆ। ਸਾਹਿਬ ਸਿੰਘ ਠੱਠੀ ਸਖਤ ਜਖਮੀ ਹੋਇਆ ਤੇ ਹੋਰ ਕਈ ਸਾਥੀ ਵੀ ਜ਼ਖਮੀ ਹੋ ਗਏ । ਦਿਹਾਤੀ ਮਜ਼ਦੂਰ ਸਭਾ ਨੇ ਆਰ.ਐਮ.ਪੀ.ਆਈ ਦੀ ਮਦਦ ਨਾਲ ਥਾਣੇ ਅੱਗੇ ਧਰਨਾ ਮਾਰ ਕੇ ਦੋਸ਼ੀਆਂ ਉਪਰ ਪਰਚਾ ਦਰਜ ਕਰਵਾਇਆ ਤੇ ਅਗਲੇ ਦਿਨ ਪ੍ਰਸਾਸ਼ਨ ਨਾਲ ਹੋਈ ਗੱਲਬਾਤ ਵਿੱਚ ਸ਼ਹੀਦ ਹੋਏ ਸੁਖਦੇਵ ਸਿੰਘ ਸੁੱਖੇ ਦੇ ਵਾਰਸਾਂ ਨੂੰ 7.5 ਲੱਖ ਰਪਏ ਮੁਆਵਜ਼ਾ, ਗੋਲੀ ਨਾਲ ਜ਼ਖਮੀ ਹੋਏ ਸਭਨਾਂ ਨੂੰ 50-50 ਹਜ਼ਾਰ ਰੁਪਏ ਮੁਆਵਜ਼ਾ ਤੇ ਮੁਫ਼ਤ ਇਲਾਜ, ਦੂਸਰੇ ਜ਼ਖਮੀਆਂ ਨੂੰ 25-25 ਹਜ਼ਾਰ ਰੁਪਏ ਅਤੇ ਘਰਾਂ ਦੀ ਮੁਰੰਮਤ ਲਈ 20-20 ਹਜ਼ਾਰ ਰੁਪਏ ਦਾ ਮੁਆਵਜਾ ਦਿੱਤੇ ਜਾਣ ਦੀ ਗੱਲ ਤਹਿ ਹੋਈ। ਇਸਦੇ ਨਾਲ ਸ਼ਹੀਦ ਸੁਖਦੇਵ ਸਿੰਘ ਦੇ ਪ੍ਰੀਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦੇਣ ਦੀਆਂ ਮੰਗਾਂ ਮਨਵਾ ਕੇ ਸ਼ਹੀਦ ਦਾ ਅੰਤਮ ਸੰਸਕਾਰ ਕੀਤਾ ਗਿਆ। 30 ਅਗਸਤ ਨੂੰ ਮਜ਼ਦੂਰਾਂ-ਕਿਸਾਨਾਂ ਦਾ ਹਜ਼ਾਰਾਂ ਦਾ ਇੱਕਠ ਕਰਕੇ ਸ਼ਰਧਾਂਜਲੀ ਸਮਾਗਮ ਕੀਤਾ ਗਿਆ।
ਭਾਵੇਂ ਸ਼ਹੀਦ ਸਾਥੀ ਦਾ ਘਾਟਾ ਤਾਂ ਕਦੀ ਵੀ ਨਹੀਂ ਪੂਰਿਆ ਜਾ ਸਕਣਾ ਪਰ ਉਹ ਪੰਜਾਬ ਦੇ ਸੰਗਰਾਮੀ ਲੋਕਾਂ ਖਾਸ ਕਰ ਬੇਜਮੀਨੇ ਦਿਹਾਤੀ ਮਜ਼ਦੂਰਾਂ ਲਈ ਬਹੁਤ ਉੱਚ ਪੱਧਰੀ ਹਾਂ-ਪੱਖੀ ਮਿਸਾਲ ਕਾਇਮ ਕਰ ਗਿਆ ਹੈ। ਸਾਥੀ ਦੀ ਸ਼ਹਾਦਤ ਦਾ ਹੀ ਸਿੱਟਾ ਹੈ ਕਿ ਪੰਜਾਬ ਦੇ ਨਿਜਾਮ ਦੀ ਮਿਹਰ ਪ੍ਰਾਪਤ ਗੁੰਡਿਆਂ ਖਿਲਾਫ਼ ਪਰਚਾ ਦਰਜ ਹੋਇਆ ਹੈ ਅਤੇ ਮਜ਼ਦੂਰਾਂ ਦਾ ਕਬਜ਼ਾ ਪਲਾਟਾਂ 'ਤੇ ਪਕੱਾ ਬਹਾਲ ਹੋ ਗਿਆ ਹੈ। ਮੁਆਵਜ਼ੇ ਦੀਆਂ ਸਾਰੀਆਂ ਮੱਦਾਂ ਹੀ ਮਾਨ ਕਰਨ ਯੋਗ ਹਨ।
ਇਸ ਸੰਗਰਾਮ ਦੀ ਸੱਭ ਤੋਂ ਵੱਡੀ ਪ੍ਰਾਪਤੀ ਹੈ, ਨਿਤਾਣੇ ਸਮਝੇ ਜਾਂਦੇ ਮਜਦੂਰਾਂ ਦਾ ਏਕਤਾ ਅਤੇ ਸੰਗਰਾਮ 'ਚ ਭਰੋਸਾ ਪਕੱਾ ਹੋਣਾ ਜੋ ਅੱਗੋਂ ਹੋਰ ਜਿੱਤਾਂ ਲਈ ਰਾਹ ਪਧੱਰਾ ਕਰੇਗਾ।
ਅਸੀਂ ਮਜਦੂਰਾਂ ਦੀਆਂ ਸਮੂਹ ਜੱਥੇਬੰਦੀਆਂ ਨੂੰ ਇਹ ਬੇਨਤੀ ਕਰਨਾ ਚਾਹੁੰਦੇ ਹਾਂ ਕਿ ਕਬਜਾ ਕਰੂ ਗਰੋਹਾਂ ਦੇ ਹੱਲੇ ਇਸ ਜਿੱਤ ਨਾਲ ਪੰਜਾਬ 'ਚ ਰੁੱਕ ਨਹੀਂ ਜਾਣੇ ਕਿਉਂਕਿ ਇਹ ਉਹੀ ਗਰੋਹ ਨੇ ਜਿਨ੍ਹਾਂ ਨੂੰ ਪਹਿਲਾਂ ਪਿਛਲੀ ਸਰਕਾਰ ਦੀ ਸ਼ਹਿ ਪ੍ਰਾਪਤ ਸੀ 'ਤੇ ਹੁਣ ਅਜੋਕੇ ਪ੍ਰਭੂਆਂ ਦੀ। ਲੋੜ ਹੈ, ਅਜਿਹੇ ਹੱਲਿਆਂ ਵਿਰੁੱਧ ਏਕੇ ਅਤੇ ਸੰਗਰਾਮ ਦਾ ਹੰਭਲਾ ਮਾਰਨ ਦੀ। ਇਸ ਤੋਂ ਵੀ ਵੱਡੀ ਲੋੜ ਹੈ ਇਸ ਵਰਤਾਰੇ ਵਿਰੁੱਧ ਮਜ਼ਦੂਰ ਜੱਥੇਬੰਦੀਆਂ ਦੇ ਸਾਂਝੇ ਸੰਗਰਾਮ ਦੀ । ਇਹ ਕਹਿਣ ਅਤੇ ਮੰਨਣ ਵਿੱਚ ਕੋਈ ਝਿਜਕ ਨਹੀਂ ਹੋਣੀ ਚਾਹੀਦੀ ਕਿ ਪੰਜਾਬ ਪਧੱਰ 'ਤੇ ਬਣਿਆ ਮੋਰਚਾ ਅਤੇ ਸੰਗਰਾਮ ਵਧੇਰੇ ਕਾਰਗਰ ਅਤੇ ਸਿੱਟੇਦਾਇਕ ਹੋ ਸਕਦਾ ਹੈ।
ਪਰ ਬੜੇ ਅਫ਼ਸੋਸ ਦੀ ਗੱਲ ਹੈ ਕਿ ਕੁੱਝ ਧਿਰਾਂ ਅਤੇ ਸੰਗਠਨ, ਜਿਨ੍ਹਾਂ ਦਾ ਇਸ ਘੋਲ ਵਿੱਚ ਰੱਤੀ ਭਰ ਵੀ ਯੋਗਦਾਨ ਨਹੀਂ ਅੱਜ ਸਾਡੇ ਘੋਲ ਦੇ ਢੰਗਾਂ ਵਿੱਚ ਨੁਕਸ ਕੱਢਣ ਅਤੇ ਪ੍ਰਾਪਤੀਆਂ ਨੂੰ ਨਿਗੂਣਾ ਸਿੱਧ ਕਰਨ ਦਾ ਯਤਨ ਕਰ ਰਹੇ ਹਨ। ਇਹ ਗੱਲ ਬੜੀ ਹਾਸੋਹੀਣੀ ਹੈ ਕਿ ਸਾਡੇ ਨੁਕਸ ਕਢੱਣ ਵੇਲੇ ਉਨ੍ਹਾਂ ਨੇ ਆਪਣੀ ਪ੍ਰਾਪਤੀ ਕੁੱਝ ਨਹੀਂ ਦੱਸੀ।
ਐਪਰ ਅਸੀਂ ਉਨ੍ਹਾਂ ਸਮੇਤ ਸਭਨਾਂ ਨੂੰ ਸਾਂਝੇ ਸੰਗਰਾਮ ਯਕੀਨੀ ਬਨਾਉਣ ਦੇ ਸੁਹਿਰਦ ਯਤਨਾਂ ਦੀ ਅਪੀਲ ਕਰਦੇ ਹਾਂ।

No comments:

Post a Comment