Friday, 20 October 2017

ਇੱਕ ਰਿਪੋਰਟ : ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਪੰਜਾਬ-ਹਰਿਆਣਾ ਦੀ ਸਫਲ ਚੌਥੀ ਸੂਬਾਈ ਕਾਨਫਰੰਸ

ਸ਼ਹੀਦ ਭਗਤ ਸਿੰਘ ਨੌਜਵਾਨ ਸਭਾ, ਪੰਜਾਬ-ਹਰਿਆਣਾ ਦੀ ਚੌਥੀ ਸੂਬਾਈ ਕਾਨਫਰੰਸ, ਕਸਬਾ ਫਿਲੌਰ (ਜਲੰਧਰ) ਵਿਖੇ 16-17-18 ਸਤੰਬਰ 2017 ਨੂੰ ਆਯੋਜਿਤ ਕੀਤੀ ਗਈ। ਇਸ ਦਾ ਆਰੰਭ ਸ਼ਹੀਦ ਸੋਹਣ ਸਿੰਘ ਢੇਸੀ ਦੀ ਯਾਦ 'ਚ ਕੀਤੀ ਗਈ ਰੈਲੀ ਅਤੇ ਵਲੰਟੀਅਰ ਮਾਰਚ ਨਾਲ ਕੀਤਾ ਗਿਆ। ਇਸ 'ਚ ਪ੍ਰਮੁੱਖ ਤੌਰ 'ਤੇ ਜ਼ਿਲ੍ਹੇ 'ਚੋਂ ਨੌਜਵਾਨਾਂ ਨੇ ਵੱਡੀ ਗਿਣਤੀ 'ਚ ਭਾਗ ਲਿਆ। ਕੀਤੇ ਹੋਏ ਪ੍ਰਬੰਧ ਉਸ ਵੇਲੇ ਛੋਟੇ ਪੈ ਗਏ ਜਦੋਂ ਨੌਜਵਾਨਾਂ ਨੇ ਵੱਡੀ ਗਿਣਤੀ 'ਚ ਸ਼ਮੂਲੀਅਤ ਕੀਤੀ। ਪ੍ਰਬੰਧਕਾਂ ਨੂੰ ਖੜ੍ਹੇ ਪੈਰ ਬੈਠਣ ਲਈ ਹੋਰ ਪ੍ਰਬੰਧ ਕਰਨਾ ਪਿਆ। ਇਸ ਰੈਲੀ ਨੂੰ ਉਸ ਵੇਲੇ ਹੋਰ ਉਤਸ਼ਾਹ ਮਿਲਿਆ ਜਦੋਂ ਪਿੰਡ ਢੇਸੀਆਂ ਕਾਹਨਾਂ ਤੋਂ ਇੱਕ ਜੱਥਾ ਸ਼ਹੀਦ ਸੋਹਣ ਸਿੰਘ ਢੇਸੀ ਦੀ ਯਾਦ 'ਚ ਬਣੇ ਮਿਨਾਰ 'ਤੇ ਫੁੱਲ ਅਰਪਣ ਕਰਨ ਉਪਰੰਤ ਪਿੰਡਾਂ 'ਚੋਂ ਹੁੰਦਾ ਹੋਇਆ ਰੈਲੀ 'ਚ ਸ਼ਾਮਲ ਹੋਇਆ। ਇਸ ਕਾਫਲੇ ਦੇ ਅੱਗੇ ਇੱਕ ਗੱਡੀ 'ਚ ਸ਼ਹੀਦ ਸੋਹਣ ਸਿੰਘ ਢੇਸੀ ਦੀ ਤਸਵੀਰ ਲਗਾਈ ਹੋਈ ਸੀ। ਰੈਲੀ 'ਚ ਨੌਜਵਾਨ ਸਭਾ ਦੇ ਆਗੂਆਂ, ਸਵਾਗਤੀ ਕਮੇਟੀ ਦੇ ਅਹੁਦੇਦਾਰਾਂ ਅਤੇ ਦੂਜੇ ਰਾਜਾਂ 'ਚੋਂ ਆਏ ਮਹਿਮਾਨਾਂ ਨੇ ਆਪਣੀ ਹਾਜ਼ਰੀ ਲਵਾਈ।
ਬੁਲਾਰਿਆਂ ਨੇ ਨੌਜਵਾਨਾਂ ਦੀਆਂ ਸਮੱਸਿਆਵਾਂ ਬਾਰੇ ਹਾਜ਼ਰੀਨ ਅਤੇ ਸ਼ਹਿਰ ਵਾਸੀਆਂ ਨਾਲ ਵਿਚਾਰ ਸਾਂਝੇ ਕੀਤੇ। ਮਗਰੋਂ ਸ਼ਹਿਰ 'ਚ ਵਾਲੰਟੀਅਰ ਮਾਰਚ ਕੀਤਾ ਗਿਆ। ਇਸ ਮਾਰਚ ਦੀ ਵਿਲੱਖਣਤਾ ਇਹ ਰਹੀ ਕਿ ਹਰ ਨੌਜਵਾਨ ਦੇ ਸਿਰ 'ਤੇ ਜਥੇਬੰਦੀ ਦੇ ਨਾਂਅ ਵਾਲੀ ਪੱਟੀ ਬੰਨ੍ਹੀ ਹੋਈ ਸੀ ਅਤੇ ਹੱਥਾਂ ਵਿੱਚ ਪੇਪਰ ਫਲੈਗ ਜਾਂ ਝੰਡਾ, ਬੈਨਰ ਚੁਕਿਆ ਹੋਇਆ ਸੀ। ਇਸ ਮਾਰਚ 'ਚ ਕਈ ਨੌਜਵਾਨ ਲਾਲ ਪੱਗਾਂ ਬੰਨ੍ਹ ਕੇ ਵੀ ਸ਼ਾਮਲ ਹੋਏ ਅਤੇ ਕਈਆਂ ਨੇ ਸ਼ਹੀਦ ਭਗਤ ਸਿੰਘ ਅਤੇ ਚੀ ਗੁਵੇਰਾ ਦੀਆਂ ਤਸਵੀਰਾਂ ਵਾਲੀਆਂ ਟੀ ਸ਼ਰਟਾਂ ਵੀ ਪਾਈਆਂ ਹੋਈਆਂ ਸਨ। ਸ਼ਹਿਰ ਨੂੰ ਝੰਡਿਆਂ ਅਤੇ ਝੰਡੀਆਂ ਨਾਲ ਸਜਾਇਆ ਹੋਇਆ ਸੀ। ਨੌਜਵਾਨਾਂ ਨੇ ਕਈ ਰਾਤਾਂ ਲਗਾ ਕੇ ਇਸ ਕੰਮ ਨੂੰ ਮੁਕੰਮਲ ਕੀਤਾ ਸੀ। ਸ਼ਹੀਦ ਭਗਤ ਸਿੰਘ ਦੇ ਜਨਮ ਦਿਵਸ ਨੂੰ ਸਮਰਪਿਤ ਵਾਲੰਟੀਅਰ ਮਾਰਚ ਦੀ ਸਮਾਪਤੀ ਤੋਂ ਬਾਅਦ ਸਵਾਗਤੀ ਕਮੇਟੀ ਨੇ ਲੰਗਰ ਦਾ ਉਚੇਚਾ ਇੰਤਜ਼ਾਮ ਕੀਤਾ ਹੋਇਆ ਸੀ।
ਸ਼ਾਮ ਵੇਲੇ ਤਿੰਨ ਰੋਜ਼ਾ ਕਾਨਫਰੰਸ ਦਾ ਆਗਾਜ਼ ਝੰਡਾ ਲਹਿਰਾਉਣ ਨਾਲ ਹੋਇਆ। ਝੰਡਾ ਲਹਿਰਾਉਣ ਦੀ ਰਸਮ ਸ਼ਹੀਦ ਸੋਹਣ ਸਿੰਘ ਢੇਸੀ ਦੀ ਸੁਪਤਨੀ ਬੀਬੀ ਅਜਮੇਰ ਕੌਰ ਅਤੇ ਸਭਾ ਦੇ ਪ੍ਰਧਾਨ ਜਸਵਿੰਦਰ ਸਿੰਘ ਢੇਸੀ ਵਲੋਂ ਅਦਾ ਕੀਤੀ ਗਈ। ਇਸ ਮੌਕੇ ਬਾਵਰਦੀ ਵਾਲੰਟੀਅਰਾਂ ਨੇ ਜਿਵੇਂ ਝੰਡੇ ਨੂੰ ਸਲਾਮੀ ਦਿੱਤੀ ਅਤੇ ਮਗਰੋਂ ਸ਼ਹੀਦੀ ਮਿਨਾਰ 'ਤੇ ਫੁੱਲ ਭੇਂਟ ਕੀਤੇ, ਇਹ ਦੇਖਣ ਯੋਗ ਸੀ। ਸਾਰੇ ਡੈਲੀਗੇਟ ਪੂਰੇ ਅਨੁਸ਼ਾਸਨਬੱਧ ਹੋ ਕੇ ਲਾਈਨਾਂ 'ਚ ਜਾ ਰਹੇ ਸਨ। ਨਾਅਰੇ ਲਗਾਉਣ ਵਾਲੇ ਵਾਲੰਟੀਅਰ ਲਗਾਤਾਰ ਨਾਅਰੇ ਗੁੰਜ਼ਾ ਰਹੇ ਸਨ।
ਅਜਲਾਸ ਦਾ ਪਹਿਲਾ ਸੈਸ਼ਨ ਜਸਵਿੰਦਰ ਸਿੰਘ ਢੇਸੀ, ਕੁਲਵੰਤ ਸਿੰਘ ਮੱਲੂ ਨੰਗਲ, ਪਰਮਜੀਤ ਰਤੀਆ, ਸ਼ਮਸ਼ੇਰ ਸਿੰਘ ਅਤੇ ਅਜੈ ਫਿਲੌਰ ਦੀ ਪ੍ਰਧਾਨਗੀ ਹੇਠ ਆਰੰਭ ਹੋਇਆ। ਸ਼ੋਕ ਮਤਾ ਪੇਸ਼ ਕਰਨ ਉਪਰੰਤ ਸਭਾ ਦੇ ਸੰਸਥਾਪਕ ਜਨਰਲ ਸਕੱਤਰ ਸਾਥੀ ਪਰਗਟ ਸਿੰਘ ਜਾਮਾਰਾਏ ਨੇ ਉਦਘਾਟਨ ਕੀਤਾ। ਉਨ੍ਹਾਂ ਨੌਜਵਾਨਾਂ ਨੂੰ ਦਰਪੇਸ਼ ਮਸਲਿਆਂ ਦੀ ਚਰਚਾ ਕੀਤੀ ਅਤੇ ਇਨ੍ਹਾਂ ਦੇ ਹੱਲ ਲਈ ਮੇਚਵੀਂ ਜਥੇਬੰਦੀ ਬਣਾਉਣ ਦੀ ਲੋੜ 'ਤੇ ਜ਼ੋਰ ਦਿੱਤਾ। ਮਗਰੋਂ ਸੂਬਾ ਸਕੱਤਰ ਮਨਦੀਪ ਰੱਤੀਆ ਨੇ ਸਰਗਰਮੀਆਂ ਦੀ ਰਿਪੋਰਟ ਪੇਸ਼ ਕੀਤੀ। ਅਗਲੇ ਦਿਨ ਜਿੱਥੇ ਬਹਿਸ ਜਾਰੀ ਰਹੀ, ਉਥੇ ਸਰਬ ਭਾਰਤ ਨੌਜਵਾਨ ਸਭਾ ਅਤੇ ਡੀਵਾਈਐਫਆਈ ਦੇ ਸੂਬਾਈ ਆਗੂਆਂ ਨੇ ਭਰਾਤਰੀ ਸੰਦੇਸ਼ ਦਿੱਤੇ। ਇਸ ਦੌਰਾਨ ਹੀ ਅੰਧ ਰਾਸ਼ਟਰਵਾਦ ਦੇ ਦੌਰ 'ਚ ਨੌਜਵਾਨਾਂ ਦੇ ਰੋਲ ਬਾਰੇ ਸੈਮੀਨਾਰ ਆਯੋਜਿਤ ਕੀਤਾ ਗਿਆ ਜਿਸ 'ਚ ਡਾ. ਚਮਨ ਲਾਲ ਨੇ ਨੌਜਵਾਨਾਂ ਨਾਲ ਇਸ ਮੁੱਦੇ 'ਤੇ ਚਰਚਾ ਕੀਤੀ। ਇਸ ਮੌਕੇ ਆਰਐਮਪੀਆਈ ਦੇ ਜਨਰਲ ਸਕੱਤਰ ਮੰਗਤ ਰਾਮ ਪਾਸਲਾ, ਅਜਲਾਸ ਦੀ ਤਿਆਰੀ ਕਮੇਟੀ ਦੇ ਚੇਅਰਮੈਨ ਐਡਵੋਕੇਟ ਨਵਜੋਤ ਸਿੰਘ ਸਮਰਾ, ਪ੍ਰਧਾਨ ਕੁਲਦੀਪ ਫਿਲੌਰ, ਸਕੱਤਰ ਸਰਬਜੀਤ ਗਿੱਲ ਤੋਂ ਇਲਾਵਾ ਕਮੇਟੀ ਦੇ ਅਹੁਦੇਦਾਰ ਅਤੇ ਮੈਂਬਰ ਮੌਜੂਦ ਸਨ। ਇਸ ਸੈਸ਼ਨ ਦੌਰਾਨ ਹੀ ਨੌਜਵਾਨ ਲਹਿਰ ਦੇ ਸ਼ਹੀਦਾਂ ਦਾ ਸਨਮਾਨ ਵੀ ਕੀਤਾ ਗਿਆ ਅਤੇ ਸਨਮਾਨ ਚਿੰਨ੍ਹ ਦਿੱਤੇ ਗਏ। ਇਥੇ ਇਹ ਵਰਨਣਯੋਗ ਸੀ ਕਿ ਇਸ ਕਾਨਫਰੰਸ ਕੰਪਲੈਕਸ ਨੂੰ ਸ਼ਹੀਦ ਸੁਰਜੀਤ-ਗਗਨ ਨਗਰ ਦਾ ਨਾਂਅ ਦਿੱਤਾ ਗਿਆ ਸੀ। ਸ਼ਹੀਦ ਦੇਸ ਰਾਜ ਸਹੋਤਾ ਦੇ ਨਾਂਅ 'ਤੇ ਹਾਲ ਅਤੇ ਸ਼ਹੀਦ ਮਹਿੰਦਰ ਸਿੰਘ ਪੱਪੀ ਦੇ ਨਾਂਅ 'ਤੇ ਮੰਚ ਦਾ ਨਾਂਅ ਰੱਖਿਆ ਗਿਆ ਸੀ। ਝੰਡਾ ਝੁਲਾਉਣ ਵਾਲੇ ਪਾਰਕ ਦਾ ਨਾਂਅ ਸ਼ਹੀਦ ਸਤਪਾਲ-ਸੁਰਜੀਤ ਕੈਮਵਾਲਾ ਪਾਰਕ, ਸ਼ਹੀਦ ਅਸ਼ਵਨੀ ਕੁਮਾਰ ਬੋਪਾਰਾਏ ਲੰਗਰ ਹਾਲ ਅਤੇ ਕਿਤਾਬਾਂ ਦੇ ਵੱਖ-ਵੱਖ ਸਟਾਲਾਂ ਦਾ ਨਾਂਅ ਸ਼ਹੀਦ ਰਵਿੰਦਰ ਸਿੰਘ-ਸੰਤੋਖ ਸਿੰਘ ਮੰਗੂ ਕਿਤਾਬ ਘਰ ਰੱਖਿਆ ਗਿਆ ਸੀ। ਅਜਲਾਸ ਵਿਚ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਡਾ. ਸਤਨਾਮ ਸਿੰਘ ਅਜਨਾਲਾ, ਸੂਬਾ ਜਨਰਲ ਸਕੱਤਰ ਕੁਲਵੰਤ ਸਿੰਘ ਸੰਧੂ, ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਪ੍ਰਧਾਨ ਦਰਸ਼ਨ ਨਾਹਰ, ਜਨਵਾਦੀ ਇਸਤਰੀ ਸਭਾ ਦੀ ਆਗੂ ਭੈਣ ਨੀਲਮ ਘੁਮਾਣ, ਪੰਜਾਬ ਸਟੂਡੈਂਟਸ ਫੈਡਰੇਸ਼ਨ ਦੇ ਸੂਬਾ ਸਕੱਤਰ ਅਜੈ ਫਿਲੌਰ ਨੇ ਭਰਾਤਰੀ ਸੰਦੇਸ਼ ਦਿੱਤੇ।
ਕਾਨਫਰੰਸ ਦੌਰਾਨ ਬੇਰੁਜ਼ਗਾਰੀ ਵਿਰੁੱਧ, ਨਸ਼ਿਆਂ ਵਿਰੁੱਧ, ਵਿੱਦਿਆ ਦੇ ਵਪਾਰੀਕਰਨ ਵਿਰੁੱਧ ਮਤੇ ਪਾਸ ਕੀਤੇ ਗਏ ਅਤੇ ਸੰਗਰਾਮ ਵਿੱਢਣ ਦਾ ਅਹਿਦ ਕੀਤਾ ਗਿਆ। ਸਕੱਤਰ ਵਲੋਂ ਪੇਸ਼ ਰਿਪੋਰਟ 'ਤੇ 35 ਤੋਂ ਵੱਧ ਡੈਲੀਗੇਟਾਂ ਨੇ ਭਰਪੂਰ ਬਹਿਸ ਕੀਤੀ। ਕਾਨਫਰੰਸ 'ਚ ਉਚੇਚੇ ਤੌਰ 'ਤੇ ਕੇਰਲਾ ਤੋਂ ਸਿੱਧੇਸ਼ ਲਾਲ, ਤਾਮਿਲਨਾਡੂ ਤੋਂ ਰੰਗਾਨਾਥਨ, ਰਾਜਸਥਾਨ ਤੋਂ ਸੰਦੀਪ ਸਿੰਘ ਨੇ ਮਹਿਮਾਨ ਡੈਲੀਗੇਟਾਂ ਵਜੋਂ ਸ਼ਮੂਲੀਅਤ ਕੀਤੀ। ਅੰਤ 'ਚ 25 ਮੈਂਬਰੀ ਕਮੇਟੀ ਦੀ ਸਰਬਸੰਮਤੀ ਨਾਲ ਚੋਣ ਕੀਤੀ ਗਈ। ਮਨਦੀਪ ਰਤੀਆ ਨੂੰ ਪ੍ਰਧਾਨ, ਸ਼ਮਸ਼ੇਰ ਸਿੰਘ ਬਟਾਲਾ ਨੂੰ ਜਨਰਲ ਸਕੱਤਰ, ਸੁਲੱਖਣ ਤੁੱੜ, ਰਵੀ ਪਠਾਨਕੋਟ, ਹਰਨੇਕ ਗੁੱਜਰਵਾਲ ਨੂੰ ਮੀਤ ਪ੍ਰਧਾਨ, ਕੁਲਵੰਤ ਸਿੰਘ ਮੱਲੂਨੰਗਲ, ਮਨਦੀਪ ਕੌਰ ਸ਼ਕਰੀ ਨੂੰ ਜੁਆਇੰਟ ਸਕੱਤਰ, ਮਨਜਿੰਦਰ ਢੇਸੀ ਨੂੰ ਕੈਸ਼ੀਅਰ, ਅਜੈ ਫਿਲੌਰ ਨੂੰ ਪ੍ਰੈਸ ਸਕੱਤਰ ਚੁਣਿਆ ਗਿਆ। ਗੁਰਦੀਪ ਗੋਗੀ, ਦਵਿੰਦਰ ਕੁਲਾਰ, ਮੱਖਣ ਸੰਗਰਾਮੀ, ਸੁਖਦੇਵ ਸਿੰਘ ਜਵੰਧਾ, ਕਰਮਵੀਰ ਪੱਖੋਕੇ, ਗੁਰਜੀਤ ਸਿੰਘ ਅਜਨਾਲਾ, ਤਸਵੀਰ ਸਿੰਘ, ਸਤਨਾਮ ਸਿੰਘ ਸੁੱਜੋਂ, ਸੁਰੇਸ਼ ਸਮਾਣਾ, ਰਮਨ ਘਨੌਰ, ਜਤਿੰਦਰ ਕੁਮਾਰ, ਸਿਮਰਨਜੀਤ ਬਰਾੜ, ਪਰਮਜੀਤ ਲਾਲੀ ਰਤੀਆ, ਬੰਸੀ ਲਾਲ ਅਤੇ ਸੰਦੀਪ ਕੁਮਾਰ ਨੂੰ ਸੂਬਾ ਕਮੇਟੀ ਮੈਂਬਰ ਚੁਣਿਆ ਗਿਆ। ਨਵੀਂ ਚੁਣੀ ਗਈ ਟੀਮ ਨੇ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦਾ ਨਾਅਰਾ ''ਬਰਾਬਰ ਵਿਦਿਆ, ਸਿਹਤ ਤੇ ਰੁਜ਼ਗਾਰ, ਸਭ ਦਾ ਹੋਵੇ ਇਹ ਅਧਿਕਾਰ'' ਨੂੰ ਘਰ ਘਰ ਪਹੁੰਚਾਉਣ ਦਾ ਸੱਦਾ ਦਿੱਤਾ।


ਅੰਧਰਾਸ਼ਟਰਵਾਦ ਪਸਾਰ ਰਹੇ ਫਿਰਕੂ ਟੋਲੇ ਸਾਮਰਾਜੀ ਲੁਟੇਰਿਆਂ ਦਾ ਕਰ ਰਹੇ ਹਨ ਕੰਮ 
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ 'ਚ ਚੌਥੇ ਸਮਾਗਮ ਦੇ ਵਿਚਕਾਰਲੇ ਦਿਨ ''ਅੰਧਰਾਸ਼ਟਰਵਾਦ ਦਾ ਦੌਰ ਅਤੇ ਨੌਜਵਾਨਾਂ ਦੀ ਭੂਮਿਕਾ'' ਵਿਸ਼ੇ ਅਧੀਨ ਇੱਕ ਸੈਮੀਨਾਰ ਕੀਤਾ ਗਿਆ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦੇ ਸਾਬਕਾ ਪ੍ਰੌਫ਼ੈਸਰ, ਉੱਘੇ ਵਿਦਵਾਨ ਡਾ. ਚਮਨ ਲਾਲ ਜੀ ਨੇ ਸਬੰਧਤ ਵਿਸ਼ੇ ਦਾ ਕੂੰਜੀਵਤ ਭਾਸ਼ਣ ਦਿੱਤਾ। ਸੈਮੀਨਾਰ ਹਰਮਨ ਪਿਆਰੇ ਨੌਜਵਾਨ ਆਗੂ ਸਾਥੀ ਸੋਹਣ ਸਿੰਘ ਢੇਸੀ ਦੇ ਸ਼ਹੀਦੀ ਦਿਨ ਨੂੰ ਸਮਰਪਿਤ ਸੀ। ਸਮੁੱਚੇ ਇਲਾਕੇ ਦੀਆਂ ਕੱਦਾਵਾਰ ਸ਼ਖਸ਼ੀਅਤਾਂ ਅਤੇ ਜਮਹੂਰੀ ਲਹਿਰ ਦੇ ਨਾਮਵਰ ਆਗੂਆਂ ਨੇ ਪੁੱਜਕੇ ਵਿਦਵਾਨ ਬੁਲਾਰੇ ਦੇ ਵਿਚਾਰ ਸੁਣੇ।
ਪ੍ਰੌ. ਚਮਨ ਲਾਲ ਨੇ ਆਪਣੇ ਵਿਸਤਰਿਤ ਸੰਬੋਧਨ ਵਿੱਚ, ਨਾ ਕੇਵਲ ਭਾਰਤ ਬਲਕਿ ਸੰਸਾਰ ਭਰ 'ਚ ਦਿਨੋ-ਦਿਨ ਤਿੱਖੇ ਹੋ ਰਹੇ ਫ਼ਿਰਕੂ, ਨਸਲੀ ਹਮਲਿਆਂ ਦਾ ਜਿਕਰ ਕਰਦਿਆਂ ਇੱਕ ਖਾਸ ਸਾਜਿਸ਼ ਅਧੀਨ ਫ਼ੈਲਾਏ ਜਾ ਰਹੇ ਅੰਧਰਾਸ਼ਟਰਵਾਦ ਦਾ ਹਵਾਲਾ ਦਿੱਤਾ। ਭਾਰਤ ਦੇ ਸੰਦਰਭ 'ਚ ਉਨ੍ਹਾਂ ਕਿਹਾ ਕਿ ਆਰ.ਐਸ.ਐਸ.ਦੀ ਅਗਵਾਈ 'ਚ ਕੱਟੜ ਹਿੰਦੂਤਵਵਾਦੀ ਗਿਰੋਹ ਗਿਣ-ਮਿਥ ਕੇ ਅਤੇ ਵੇਲਾ ਵਿਹਾ ਚੁੱਕੀਆਂ ਕਦਰਾਂ-ਕੀਮਤਾਂ ਦੀ ਪੁਨਰਸੁਰਜੀਤੀ ਦਾ ਕੋਝਾ ਕਾਰਜ ਕਰਨ ਵਿੱਚ ਲੱਗੇ ਹੋਏ ਹਨ। ਵਿੱਦਿਅਕ ਪਾਠਕ੍ਰਮ, ਕਲਾ, ਸਾਹਿਤ, ਸ਼ਾਸਨ-ਪ੍ਰਸ਼ਾਸਨ, ਗੱਲ ਕੀ ਹਰ ਖੇਤਰ ਵਿੱਚ ਸੱਭਿਅਤਾ ਦੇ ਵਿਕਾਸ ਨਾਲ ਰੱਦ ਹੋ ਚੁੱਕੀਆਂ ਰਿਵਾਇਤਾਂ ਅਤੇ ਵਿਚਾਰਾਂ ਨੂੰ ਲੋਕਾਂ ਦੇ ਦਿਲੋ-ਦਿਮਾਗ ਅਤੇ ਜੀਵਨ ਜਾਚ ਵਿੱਚ ਜਬਰਦਸਤੀ ਠੂਸਿਆ ਜਾ ਰਿਹਾ ਹੈ। ਫ਼ਿਰਕੂ ਧਰੁਵੀਕਰਨ ਦੇ ਕੋਝੇ ਉਦੇਸ਼ ਤਹਿਤ ਘੱਟਗਿਣਤੀਆਂ ਖਾਸ ਕਰ ਮੁਸਲਮਾਨਾਂ 'ਤੇ ਜਾਨਲੇਵਾ ਹਮਲੇ ਕੀਤੇ ਜਾ ਰਹੇ ਹਨ। ਮਨੁੱਖੀ ਇਤਿਹਾਸ ਦੇ ਸੱਭ ਤੋਂ ਘ੍ਰਿਣਤ ਵਰਤਾਰਿਆਂ 'ਚ ਗਿਣੇ ਜਾਂਦੇ ਜਾਤੀ-ਪਾਤੀ ਜੁਲਮਾਂ ਅਤੇ ਔਰਤਾਂ ਖਿਲਾਫ਼ ਲਿੰਗਕ ਵਿਤਕਰਾ 'ਤੇ ਜਿਸਮਾਨੀ ਹਿੰਸਾ ਨੂੰ ਬੜ੍ਹਾਵਾ ਦਿੱਤਾ ਜਾ ਰਿਹਾ ਹੈ। ਉਕਤ ਵਰਤਾਰੇ ਦਾ ਕਿਸੇ ਵੀ ਢੰਗ ਨਾਲ ਵਿਰੋਧ ਕਰਨ ਵਾਲਿਆਂ ਨੂੰ ਫ਼ਿਰਕੂ ਸੋਚ ਨਾਲ ਡੰਗੇ ਗੁੰਡੇ ਗਿਰੋਹਾਂ ਹੱਥੋਂ ਕਤਲ ਕਰਵਾਇਆ ਜਾ ਰਿਹਾ ਹੈ। ਗੌਰੀ ਲੰਕੇਸ਼, ਨਰਿੰਦਰ ਦਭੋਲਕਰ, ਪ੍ਰੋਫ਼ੈਸਰ ਕੁਲਬਰਗੀ, ਗੋਵਿੰਦ ਪਨਸਾਰੇ ਅਤੇ ਹੋਰਨਾਂ ਅਗਾਂਹਵਧੂ ਕਾਰਕੁੰਨਾਂ ਦੇ ਹੋਏ ਕਤਲ ਸਰਕਾਰ ਦੀ ਮੰਸ਼ਾ ਦਾ ਪ੍ਰਗਟਾਵਾ ਕਰਨ ਲਈ ਕਾਫ਼ੀ ਹਨ। ਭਾਰਤ ਵਿਚਲੀ ਹਰ ਸੱਮਸਿਆ ਜਿਵੇਂ ਗਰੀਬੀ-ਬੇਕਾਰੀ-ਮਹਿੰਗਾਈ-ਕਰਜ਼ੇ ਕਾਰਨ ਖੁਦਕੁਸ਼ੀਆਂ, ਕੁਰਪਸ਼ਨ, ਭੁਖਮਰੀ ਆਦਿ ਲਈ ਘੱਟ ਗਿਣਤੀਆਂ ਅਤੇ ਗੁਆਂਢੀ ਦੇਸ਼ਾਂ ਨੂੰ ਜਿੰਮੇਵਾਰ ਕਰਾਰ ਦਿੱਤਾ ਜਾ ਰਿਹਾ ਹੈ। ਹਰ ਵੇਲੇ ਸਰਹੱਦਾਂ 'ਤੇ ਜੰਗ ਦਾ ਮਾਹੌਲ ਸਿਆਸੀ ਲਾਭਾਂ ਲਈ ਕਾਇਮ ਰੱਖਿਆ ਜਾ ਰਿਹਾ ਹੈ। ਸਰਕਾਰ ਦੇ ਕਿਸੇ ਵੀ ਕਦਮ ਨਾਲ ਅਸਹਿਮਤੀ ਰੱਖਣ ਵਾਲਿਆਂ ਨੂੰ ਗੱਦਾਰ ਕਰਾਰ ਦਿੱਤੇ ਜਾਣਾ ਆਮ ਗੱਲ ਹੋ ਗਈ ਹੈ।
ਭਾਰਤ ਦੀਆਂ ਭਵਿੱਖੀ ਪੀੜ੍ਹੀਆਂ ਨੂੰ ਗਿਆਨ ਵੰਡ ਕੇ ਸੰਸਾਰ ਦੇ ਹਾਣ ਦਾ ਬਨਾਉਣ ਵਾਲੀਆਂ ਯੂਨੀਵਰਸਿਟੀਆਂ ਅਤੇ ਵਿੱਦਿਅਕ ਅਦਾਰਿਆਂ ਨੂੰ ਹਿੰਦਤਵਵਾਦੀ ਤਾਕਤਾਂ ਦੇ ਹਵਾਲੇ ਕਰ ਦਿੱਤੇ ਗਏ ਕੈਦ ਖਾਨਿਆਂ 'ਚ ਤਬਦੀਲ ਕਰ ਦਿੱਤਾ ਗਿਆ ਹੈ। ਹਰ ਨਰੋਏ ਵਿਚਾਰਾਂ ਵਾਲੀਆਂ ਗੋਸ਼ਟੀਆਂ ਵਿੱਚ ਏ.ਬੀ.ਵੀ.ਪੀ. ਦਾ ਖਰੂਦ ਪਾਉਣਾ ਪਕੱਾ ਨਿਸ਼ਚਿਤ ਕਰ ਦਿੱਤਾ ਗਿਆ ਹੈ। ਅਗਾਂਹਵਧੂ ਵਿਚਾਰਾਂ ਲਈ ਕੰਮ ਕਰਨ ਵਾਲੇ ਵਿਦਵਾਨਾਂ ਨੂੰ ਬਲੈਕ ਲਿਸਟ ਕਰ ਦਿੱਤਾ ਗਿਆ ਹੈ। ਅਖੌਤੀ ਰਾਸ਼ਟਰਵਾਦੀ ਅਤੇ ਸਭਿਆਚਾਰਕ ਹਿੰਦੂਤਵਵਾਦੀ ਸੰਗਠਨਾਂ ਦੇ ਕਾਰਕੁੰਨ ਜਿਸ ਕਿਸਮ ਦੀ ਗੰਦੀ ਭਾਸ਼ਾ ਦਾ ਇਸਤੇਮਾਲ ਧੀਆਂ-ਭੈਣਾਂ ਲਈ ਕਰਦੇ ਹਨ ਉਹ ਅੱਜ ਕਿਸੇ ਤੋਂ ਲੁਕਿਆ ਛਿਪਿਆ ਨਹੀਂ। ਸੰਘ ਦੇ ਹੱਥਠੋਕੇ ਸੰਗਠਨਾਂ ਦੇ ਕੁੰਦ ਸੋਚ ਦੇ ਕਾਰਕੁੰਨਾਂ ਨੂੰ ਕੇਂਦਰ ਦੀ ਮੋਦੀ ਸਰਕਾਰ, ਸੂਬਿਆਂ ਦੀਆਂ ਭਾਜਪਾ ਸਰਕਾਰਾਂ, ਇੱਥੋਂ ਤੱਕ ਕਿ ਪੁਲੀਸ ਪ੍ਰਸ਼ਾਸਨ ਦੀ ਵੀ ਵੱਡੀ ਹੱਦ ਤਕ ਸਰਪਰਸਤੀ ਹਾਸਲ ਹੈ। ਪ੍ਰੋਫ਼ੈਸਰ ਚਮਨ ਲਾਲ ਹੁਰਾਂ ਨੇ ਇਸ ਨੁਕਤੇ 'ਤੇ ਵਿਸ਼ੇਸ਼ ਜੋਰ ਦਿੱਤਾ ਕਿ ਭਾਰਤ ਦੀਆਂ ਸ਼ਾਸਕ ਵਰਗਾਂ ਦੀਆਂ ਸਾਰੀਆਂ ਪਾਰਟੀਆਂ ਉਕਤ ਵਰਤਾਰੇ ਵਿਰੁੱਧ ਅਸੂਲੀ ਪਹੁੰਚ ਲੈਣ ਦੀ ਥਾਂ ਡੰਗ-ਟਪਾਈ ਕਰ ਰਹੀਆਂ ਹਨ। ਪ੍ਰੋਫ਼ੈਸਰ ਸਹਿਬ ਨੇ ਅੰਤ 'ਚ ਕਿਹਾ ਕਿ ਉਕਤ ਸਾਰਾ ਕੁੱਝ ਸੰਸਾਰ ਭਰ 'ਚ ਇਸ ਮੰਤਵ ਲਈ ਵਧਾਇਆ ਜਾ ਰਿਹਾ ਹੈ ਤਾਂ ਕਿ ਦੁਨੀਆਂ ਭਰ 'ਚ ਸਾਮਰਾਜੀ ਦੇਸ਼ਾਂ ਅਤੇ ਉਨ੍ਹਾਂ ਦੇ ਸਥਾਨਕ ਭਾਗੀਦਾਰਾਂ ਦੀ ਲੁੱਟ ਤਿੱਖੀ ਤੋਂ ਤਿਖੇਰੀ ਕੀਤੀ ਜਾ ਸਕੇ। ਉਨ੍ਹਾਂ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਲੋਕਾਂ ਦੀਆਂ ਦੁਖਾਂ ਤਕਲੀਫ਼ਾਂ ਦੇ ਅੰਬਾਰ ਖੜ੍ਹੇ ਕਰਨ ਵਾਲੀਆਂ ਨਵਉਦਾਰਵਾਦੀ ਨੀਤੀਆਂ ਅਤੇ ਫ਼ਿਰਕੂ-ਫੁਟਪਾਊ ਸ਼ਕਤੀਆਂ ਖਿਲਾਫ਼ ਸੰਗਰਾਮ ਅੱਜ ਦੀ ਨੌਜਵਾਨ ਪੀੜ੍ਹੀ ਸਾਹਮਣੇ ਸੱਭ ਤੋਂ ਵਡੇਰੇ ਮਹੱਤਵ ਵਾਲਾ ਕਾਰਜ ਹੈ। ਉਨ੍ਹਾਂ ਯਾਦ ਦਿਵਾਇਆ ਕਿ ਆਪਣੇ ਸਮੇਂ 'ਚ ਇਹੋ ਕਾਰਜ ਸ਼ਹੀਦ ਭਗਤ ਸਿੰਘ 'ਤੇ ਉਨ੍ਹਾਂ ਦੀ ਸਾਥੀਆਂ, ਗਦਰੀ ਬਾਬਿਆਂ ਅਤੇ ਹੋਰ ਰਕੀਕੀ ਰਾਸ਼ਟਰਵਾਦੀਆਂ ਨੇ ਕੀਤਾ ਸੀ। ਇਹੋ ਕਾਰਜ ਆਪਣੇ ਸਮੇਂ ਚ ਸ਼ਹੀਦ ਸੋਹਣ ਸਿੰਘ ਢੇਸੀ ਨੇ ਕੀਤਾ ਅਤੇ ਅੱਜ ਇਹ ਜਿੰਮੇਵਾਰੀ ਅਜੋਕੇ ਨੌਜਵਾਨਾਂ ਦੇ ਮੋਢਿਆਂ 'ਤੇ ਹੈ।
ਉਨ੍ਹਾਂ ਯਾਦ ਦਿਵਾਇਆ ਕਿ ਅੰਧਰਾਸ਼ਟਰਵਾਦ ਦਾ ਪਸਾਰਾ ਕਰਨ 'ਚ ਲੱਗੇ ਫਿਰਕੂ ਟੋਲੇ ਹਰ ਦੌਰ 'ਚ ਸਾਮਰਾਜੀ ਲੁਟੇਰਿਆਂ ਦੇ ਹਿੱਤਾਂ ਲਈ ਕੰਮ ਕਰਦੇ ਹਨ ਅਤੇ ਅੱਜ ਵੀ ਕਰ ਰਹੇ ਹਨ।

No comments:

Post a Comment