Saturday 21 October 2017

ਹੋਰ ਜਗਾਈਏ 'ਗੌਰੀ ਲੰਕੇਸ਼' ਦੀ ਸੋਚ ਦੇ ਦੀਪਕ

ਮੱਖਣ ਕੁਹਾੜ 
5 ਸਤੰਬਰ 2017 ਵਾਲੇ ਦਿਨ ਬੰਗਲੌਰ (ਕਰਨਾਟਕ) ਵਿਖੇ  ਕੰਨੜ ਭਾਸ਼ੀ ਸੁਹਿਰਦ ਲੇਖਿਕਾ ਅਤੇ ਸੰਪਾਦਕ ਗੌਰੀ ਲੰਕੇਸ਼ (55) ਨੂੰ ਸ਼ਹੀਦ ਕਰ ਦਿੱਤਾ ਗਿਆ। ਉਂਝ ਹਾਲੇ ਤੱਕ ਗੌਰੀ ਲੰਕੇਸ਼ ਦੇ ਕਾਤਲ ਅਤੇ ਉਨ੍ਹਾਂ ਦੀ ਪੁਸ਼ਤ ਪਨਾਹੀ ਕਰਨ ਵਾਲੇ ਫੜੇ ਨਹੀਂ ਗਏ ਪਰ ਇਹ ਕਤਲ ਕਿਸ ਨੇ ਅਤੇ ਕਿਉਂ ਕੀਤਾ ਤੇ ਕਰਵਾਇਆ ਇਸ ਬਾਰੇ ਕੋਈ ਭਰਮ ਨਹੀਂ ਰਹਿ ਗਿਆ। ਭਾਜਪਾ ਅਤੇ ਸੰਘ ਆਗੂਆਂ ਦੇ ਇਹ ਬਿਆਨ, ''ਕਿ ਜੇ ਗੌਰੀ ਸੰਘ ਭਾਜਪਾ ਵਿਰੁੱਧ ਨਾ ਲਿਖਦੀ ਤਾਂ ਮਾਰੀ ਨਾਂ ਜਾਂਦੀ'', ਆਪਣੇ -ਆਪ 'ਚ ਹੀ ਕਾਤਲ ਟੋਲੇ ਦੀ ਨਿਸ਼ਾਨ ਦੇਹੀ ਕਰਨ ਲਈ ਕਾਫ਼ੀ ਹੈ। ਸੰਘੀਆਂ-ਭਾਜਪਾਈਆਂ ਦਾ ਉਕਤ ਬਿਆਨ ਅਸਲ 'ਚ ਉਨ੍ਹਾਂ ਦੀ ਘ੍ਰਿਣਤ ਕਰਤੂਤ ਦਾ ਇਕਬਾਲੇ ਜ਼ੁਰਮ ਹੀ ਹੈ। ਇਹ ਸੁਆਲ ਉੱਠਣਾ ਲਾਜ਼ਮੀ ਹੈ ਕਿ ਸੰਘੀ ਸੰਗਠਨਾਂ ਤੇ ਭਾਜਪਾ ਦੀ ਗੌਰੀ ਲੰਕੇਸ਼ ਨਾਲ ਕੀ ਦੁਸ਼ਮਣੀ ਹੈ (ਸੀ)? ਇਸ ਦਾ ਜੁਆਬ ਹੈ ਗੌਰੀ ਲੰਕੇਸ਼ ਦੀ ਕਲਮ 'ਚੋਂ ਉਪਜਦੇ ਸੱਚ ਤੋਂ ਸੰਘੀਆਂ ਦੀ ਚਿੜ੍ਹ। ਕੇਂਦਰ ਦੀ ਮੋਦੀ ਸਰਕਾਰ ਦੀਆਂ ਗੱਪਾਂ, ਮੋਦੀ ਸ਼ਾਸਨ ਕਰਕੇ ਲੋਕਾਂ ਦੀਆਂ ਨਿੱਤ ਵਧਦੀਆਂ ਮੁਸ਼ਕਿਲਾਂ, ਘੱਟ ਗਿਣਤੀਆਂ, ਦਲਿਤਾਂ ਔਰਤਾਂ ਦੇ ਹੋਰ ਰਹੇ ਕਤਲਾਂ, ਯੂਨੀਵਰਸਿਟੀਆਂ ਨੂੰ ਬਰਬਾਦ ਕਰਨ ਦੀ ਸੰਘ-ਮੋਦੀ ਦੀ ਸ਼ਾਜਿਸ਼, ਰੋਹਿਤ ਵੇਮੁੰਲਾ ਦੀ ਦਰਦਨਾਕ ਆਤਮ ਹੱਤਿਆ ਪਿੱਛੇ ਸਰਕਾਰ ਦੀ ਗੰਦੀ ਭੁੂਮਿਕਾ, ਫ਼ਿਰਕੂ ਧਰੁਵੀਕਰਨ ਦੀਆਂ ਸੰਘੀ ਸਾਜਿਸ਼ਾਂ, ਅਗਾਂਹਵਧੂ-ਵਿਗਿਆਨਕ ਵਿਚਾਰਾਂ ਦੇ ਪਸਾਰ ਲਈ ਕੰਮ ਕਰਦੇ ਕਾਰੁਕੰਨਾਂ ਦੇ ਹੋ ਰਹੇ ਕਤਲ ਅਤੇ ਉਨ੍ਹਾਂ ਨੂੰ ਮਿਲ ਰਹੀਆਂ ਧਮਕੀਆਂ ਖਿਲਾਫ਼ ਆਪਣੀ ਪਤ੍ਰਿਕਾ ਵਿੱਚ ਲੇਖ ਲਿਖ ਕੇ ਗੌਰੀ ਨੇ ਆਪਣੇ ਲਈ ਬਹੁਤ ਵੱਡਾ ਖਤਰਾ ਸਹੇੜ ਲਿਆ ਸੀ।
ਉਨ੍ਹਾਂ ਦਾ ਆਖਰੀ ਸੰਪਾਦਕੀ ਵੀ ਗਲਤ ਸੂਚਨਾਵਾਂ (Fake News) ਅਤੇ ਗਾਲੀ-ਗਲੌਜ (ਟਰੌਲਿੰਗ) ਖਿਲਾਫ਼ ਹੀ ਸੀ। ਗੌਰ ਕਰਨ ਯੋਗ ਹੈ ਕਿ ਸੰਘੀਆਂ ਵੱਲੋਂ ਭਾੜੇ 'ਤੇ ਰੱਖੇ ਗਏ ਹਜਾਰਾਂ ਵਿਅਕਤੀ ਆਪਣੇ ਵਿਰੁੱਧ ਬੋਲਣ-ਲਿਖਣ ਵਾਲਿਆਂ, ਖਾਸ ਕਰ ਔਰਤਾਂ ਲਈ ਸੋਸ਼ਲ ਮੀਡੀਆ 'ਤੇ ਬਹੁਤ ਹੀ ਭੱਦੀ ਇਤਰਾਜ਼ਯੋਗ ਭਾਸ਼ਾ ਵਰਤਦੇ ਹਨ। ਗੌਰੀ ਲੰਕੇਸ਼ ਦੇ ਆਖਰੀ ਸੰਪਾਦਕੀ ਵਿੱਚ ਇਸ ਘ੍ਰਿਣਾਯੋਗ ਕਾਰੇ ਵਿਰੁੱਧ ਠੋਸ ਦਲੀਲਾਂ ਸਹਿਤ ਲਿਖਿਆ ਗਿਆ ਸੀ। ਉਸ ਨੇ ਰਾਣਾ ਆਯੂਬ ਦੀ ਗੁਜਰਾਤ ਦੰਗਿਆਂ ਦਾ ਸੱਚ ਪ੍ਰਗਟ ਕਰਦੀ ਪੁਸਤਕ 'ਗੁਜਰਾਤ ਫਾਈਲਜ਼' ਦਾ ਕੰਨੜ ਭਾਸ਼ਾ ਵਿੱਚ ਅਨੁਵਾਦ ਕੀਤਾ ਸੀ। ਇਸ ਲਈ ਉਹ ਹਿੰਦੂਵਾਦੀ ਕੱਟੜਪੰਥੀਆਂ ਦੀਆਂ ਅੱਖਾਂ ਵਿੱਚ ਰੜਕਦੀ ਸੀ। ਉਹ ਉਸ ਦਾ 'ਕੰਡਾ ਕੱਢਣ' ਲਈ ਕਈ ਵਾਰ ਉਸ ਨੂੰ ਧਮਕੀਆਂ ਵੀ ਦਿੰਦੇ ਰਹਿੰਦੇ ਸਨ, ਪਰ ਫਿਰ ਵੀ ਬਿਨਾਂ ਜਾਨ ਦੀ ਪ੍ਰਵਾਹ ਕੀਤੇ ਉਹ ਬੇਖੌਫ ਹੋ ਆਪਣੇ ਸੁਹਿਰਦ ਲੋਕਪੱਖੀ ਸੱਚ ਦੀ ਪਹਿਰੇਦਾਰ ਪੱਤਰਕਾਰ-ਲੇਖਿਕਾ ਦਾ ਫਰਜ਼ ਨਿਭਾਉਂਦੀ ਆ ਰਹੀ ਸੀ।  ਕਟੱੜ ਹਿੰਦੂ ਸੰਗਠਨਾਂ ਵੱਲੋਂ ਉਸ ਨੂੰ ਡਰਾਉਣ ਲਈ ਉਸ ਵਿਰੁੱਧ ਮਾਨਹਾਣੀ ਦਾ ਮੁਕੱਦਮਾ ਵੀ ਦਰਜ ਕੀਤਾ ਗਿਆ ਸੀ। ਉਸ ਨੇ ਇਸ ਹਫ਼ਤਾਵਾਰੀ 'ਲੰਕੇਸ਼' ਪੱਤ੍ਰਿਕਾ ਦਾ ਜ਼ਿੰਮਾ ਆਪਣੇ ਪਿਤਾ ਦੀ 2000 ਵਿੱਚ ਮੌਤ ਹੋ ਜਾਣ ਉਪਰੰਤ ਸਾਂਭਿਆ। ਗੌਰੀ ਲੰਕੇਸ਼ ਦੇ ਪਿਤਾ ਪੀ. ਲੰਕੇਸ਼ ਨਾਮਵਰ ਨਾਵਲਕਾਰ, ਸੁਹਿਰਦ ਨਾਟਕਕਾਰ, ਇਨਕਲਾਬੀ ਕਵੀ, ਨਿਡੱਰ, ਸੱਚ 'ਤੇ ਪਹਿਰਾ ਦੇਣ ਵਾਲੇ ਅਤੇ ਅੱਗਾਂਹਵਧੂ ਸੋਚ ਦੇ ਧਾਰਨੀ ਸਨ। ਪਿਤਾ ਦੀ ਵਿਰਾਸਤ 'ਲੰਕੇਸ਼ ਪੱਤ੍ਰਿਕਾ' ਨੂੰ ਪਿਤਾ ਦੀਆਂ ਲੀਹਾਂ 'ਤੇ ਹੀ ਚਲਾਉਣ ਦਾ ਅਹਿਦ ਕਰਕੇ ਗੌਰੀ ਲੰਕੇਸ਼ ਨੇ ਇਸ 'ਲੰਕੇਸ਼ ਪੱਤ੍ਰਿਕਾ' ਨੂੰ ਨਿਰੰਤਰ ਪਿਛਲੇ 17 ਸਾਲਾਂ ਤੋਂ ਚਾਲੂ ਰੱਖਿਆ ਸੀ। ਗੌਰੀ ਲੰਕੇਸ਼ ਦਾ ਕਤਲ ਦੇਸ਼ ਦੀ ਧਰਮ ਨਿਰਪੱਖਤਾ ਅਤੇ ਸਾਂਝੀਵਾਲਤਾ ਦੀ ਸੋਚ 'ਤੇ ਹਮਲਾ ਹੈ।
ਗੌਰੀ ਲੰਕੇਸ਼ ਦੇ ਕਤਲ ਵਾਂਗ ਹੀ ਪਹਿਲਾਂ 20 ਅਗਸਤ 2013 ਨੂੰ ਨਰਿੰਦਰ ਦਭੋਲਕਰ, 20 ਫਰਵਰੀ 2015 ਨੂੰ ਗੋਵਿੰਦ ਪਨਸਾਰੇ ਅਤੇ 30 ਅਗਸਤ 2015 ਨੂੰ ਪ੍ਰੋ. ਐਮ.ਐਮ. ਕੁਲਬਰਗੀ ਨੂੰ ਵੀ ਏਸੇ ਹੀ ਤਰਜ਼ 'ਤੇ ਹਨੇਰ ਦੀਆਂ ਪੈਰੋਕਾਰ ਤਾਕਤਾਂ ਵੱਲੋਂ ਸ਼ਹੀਦ ਕਰ ਦਿੱਤਾ ਗਿਆ ਸੀ। ਕਾਬਿਲੇ ਗੌਰ ਹੈ ਕਿ ਉਪਰੋਕਤ ਕਿਸਮ ਦੇ ਕਤਲਾਂ ਦੇ ਵਿਰੋਧ ਵਿੱਚ, ਅਸਹਿਨਸ਼ੀਲਤਾ ਦੇ ਖਿਲਾਫ, ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਨੂੰ ਗੋਲੀਆਂ ਦੇ ਜ਼ੋਰ ਨਾਲ ਸਮਾਪਤ ਕਰਨ ਦੇ ਮਨਸੂਬਿਆਂ ਵਿਰੁੱਧ ਹਿੰਦੁਸਤਾਨ ਭਰ ਦੇ ਲੇਖਕਾਂ ਨੇ ਆਪਣੇ ਸਰਬੋਤਮ ਸਾਹਿਤ ਅਕਾਦਮੀ ਪੁਰਸਕਾਰ ਅਤੇ ਹੋਰ ਸਾਹਿਤਕ ਇਨਾਮ-ਸਨਮਾਨ ਸਰਕਾਰ ਨੂੰ ਵਾਪਿਸ ਕਰ ਦਿੱਤੇ ਸਨ। ਸੱਚ 'ਤੇ ਨਿਡਰਤਾ ਨਾਲ ਪਹਿਰਾ ਦੇਣ ਦੀ ਕੀਮਤ ਪਹਿਲਾਂ ਵੀ ਪ੍ਰਸਿੱਧ ਰੰਗਕਰਮੀ ਸਫਦਰ ਹਾਸ਼ਮੀ, ਇਨਕਲਾਬੀ ਕਵੀ ਅਵਤਾਰ 'ਪਾਸ਼' ਅਤੇ ਸੁਮੀਤ ਪ੍ਰੀਤਲੜੀ ਵਰਗੇ ਲੇਖਕਾਂ ਨੂੰ ਜਾਨ ਦੀ ਕੁਰਬਾਨੀ ਦੇ ਕੇ ਚੁਕਾਉਣੀ ਪਈ ਸੀ।
ਬੇਸ਼ੱਕ ਇਨ੍ਹਾਂ ਸਭ ਸ਼ਹੀਦ ਲੇਖਕਾਂ ਦੇ ਕਾਤਲਾਂ ਦਾ ਸਿੱਧੇ ਤੌਰ 'ਤੇ ਨਾਵਾਂ ਦਾ ਪਤਾ ਨਾ ਵੀ ਲੱਗਾ ਹੋਵੇ ਅਤੇ ਉਹ ਗ੍ਰਿਫ਼ਤਾਰ ਨਾ ਵੀ ਕੀਤੇ ਗਏ ਹੋਣ, ਪਰੰਤੂ ਇੱਕ ਗੱਲ ਤਾਂ ਸਪੱਸ਼ਟ ਹੈ ਕਿ ਉਨ੍ਹਾਂ ਦੇ ਪਿੱਛੇ ਹਨੇਰ-ਬਿਰਤੀ ਤਾਕਤਾਂ ਦਾ ਹੱਥ ਰਿਹਾ ਹੈ। ਐਸੀਆਂ ਤਾਕਤਾਂ ਜਿੰਨ੍ਹਾ ਕੋਲ ਤਰਕ ਦਾ ਉੱਤਰ ਤਰਕ ਨਾਲ ਦੇ ਸਕਣ ਦੀ ਸਮਰੱਥਾ ਨਹੀਂ ਹੈ ਅਤੇ ਉਹ ਧੌਂਸ-ਧੱਕੇ ਨਾਲ ਡਰਾ-ਧਮਕਾ ਕੇ ਆਪਣੀ ਗੱਲ ਮਨਵਾਉਣਾ ਚਾਹੁੰਦੇ ਹਨ। ਇਹ ਕੱਟੜਪੰਥੀ, ਅੱਤਵਾਦੀ ਤਾਕਤਾਂ ਸੱਚ ਦਾ ਸਾਹਮਣਾ ਨਹੀਂ ਕਰ ਸਕਦੀਆਂ, ਕਿਉਂਕਿ ਉਹ ਵਿਚਾਰਧਾਰਕ ਲੜਾਈ ਹਾਰ ਚੁੱਕੇ ਹਨ।
ਇਸ ਵੇਲੇ ਦੇਸ਼ ਵਿੱਚ ਆਰ.ਐਸ.ਐਸ. ਦੇ ਨਿਰਦੇਸ਼ਾਂ 'ਤੇ ਚਲੱਣ ਵਲੀ ਭਾਰਤੀ ਜਨਤਾ ਪਾਰਟੀ ਦਾ ਨਰਿੰਦਰ ਮੋਦੀ ਦੀ ਅਗਵਾਈ ਵਿੱਚ 'ਰਾਜ' ਚੱਲ ਰਿਹਾ ਹੈ। ਫਿਰਕਾਪ੍ਰਸਤ ਤਾਕਤਾਂ ਦਾ ਬੋਲਬਾਲਾ ਹੈ। ਸਾਲ 2014 ਤੋਂ ਇਸ ਰਾਜ ਦੀ ਸਥਾਪਤੀ ਨਾਲ ਘੱਟਗਿਣਤੀਆਂ ਖਾਸ ਕਰਕੇ ਮੁਸਲਮਾਨਾਂ ਵਿਰੁੱਧ ਨਿਰੰਤਰ ਨਫ਼ਰਤ ਫੈਲਾਈ ਜਾ ਰਹੀ ਹੈ। ਸਾਰੀਆਂ ਘੱਟਗਿਣਤੀਆਂ ਸਕਤੇ ਵਿੱਚ ਹਨ। ਗਊ ਹੱਤਿਆ, ਗਊ ਮਾਸ, ਲਵ ਜੇਹਾਦ, ਅੰਧ ਰਾਸ਼ਟਰਵਾਦ, 'ਭਾਰਤ ਮਾਤਾ' ਦੀ ਜੈ, ਹਰ-ਹਰ ਮੋਦੀ, ਅਯੋਧਿਆ ਮੰਦਰ, ਆਦਿ ਨਾਹਰਿਆਂ ਰਾਹੀਂ ਪ੍ਰਤੀਕਿਰਿਆਵਾਦੀ ਤਾਕਤਾਂ ਕੱਟੜ ਹਿੰਦੂਵਾਦੀ ਸੋਚ ਵਾਲਿਆਂ ਨੂੰ ਇਕਮੁੱਠ ਕਰਕੇ ਕਰੂਰ ਬਹੁਗਿਣਤੀਵਾਦ ਦੇ ਸਹਾਰੇ ਹਿੰਦੁਸਤਾਨ ਨੂੰ ਹਿੰਦੂ ਰਾਸ਼ਟਰ ਐਲਾਨਣ ਦੇ ਉਦੇਸ਼ ਦੀ ਕਾਇਮੀ ਵੱਲ ਨੂੰ ਸੇਧਤ ਸਾਰੇ ਕਾਰਜ ਕਰ ਰਹੀਆਂ ਹਨ।
ਕਾਤਲ ਕੌਣ ਹੈ, ਇਸ ਦੀ ਪਛਾਣ ਭਾਜਪਾਈਆਂ ਨੇ ਆਪਣੇ ਹੋਛੇ ਪ੍ਰਤੀਕਰਮਾਂ ਰਾਹੀਂ ਖੁਦ ਹੀ ਕਰਾ ਦਿੱਤੀ ਹੈ। ਸਵਾਲ ਇਹ ਹੈ ਕਿ, ਕੀ ਕਿਸੇ ਨੂੰ ਆਰ.ਐਸ.ਐਸ. ਵਿਰੁੱਧ ਲਿਖਣ ਦਾ ਕੋਈ ਹੱਕ ਨਹੀਂ? ਕੀ ਆਰ.ਐਸ.ਐਸ. ਜੋ ਚਾਹੇ ਕਰੀ ਜਾਵੇ, ਜਿਸ ਤਰ੍ਹਾਂ ਦਾ ਚਾਹੇ ਫਿਰਕੂ ਜ਼ਹਿਰ ਉਗਲੇ, ਦੱਖਣਪੰਥੀ ਸੋਚ ਰੱਖੇ, ਈਸਾਈਆਂ, ਮੁਸਲਮਾਨਾਂ ਤੇ ਕਮਿਊਨਿਸ਼ਟਾਂ ਨੂੰ ਵਿਦੇਸ਼ੀ ਵਿਚਾਰਧਾਰਾ ਦੇ ਅਨੁਯਾਈ ਕਹਿ ਕੇ ਭੰਡੇ। ਉਸ ਨੂੰ ਕੋਈ ਕੁੱਝ ਨਾ ਕਹੇ। ਕੀ ਭਾਰਤੀ ਸੰਵਿਧਾਨ ਦੇ ਮੌਲਿਕ ਅਧਿਕਾਰਾਂ ਰਾਹੀਂ ਮਿਲੀ ਵਿਚਾਰਾਂ ਦੀ ਆਜ਼ਾਦੀ ਸਮਾਪਤ ਹੋ ਗਈ ਸਮਝਣੀ ਚਾਹੀਦੀ ਹੈ? ਕੋਈ ਕੀ ਖਾਵੇ, ਕੀ ਪਹਿਨੇ, ਕੀ ਬੋਲੇ, ਕੀ ਲਿਖੇ, ਸਾਰਾ ਕੁਝ ਹੁਣ ਆਰ.ਐਸ.ਐਸ. ਤੇ ਭਾਜਪਾ ਹੀ ਤੈਅ ਕਰਨਗੇ? ਕੀ ਭਾਰਤ ਵਿਚ ਘੱਟਗਿਣਤੀਆਂ ਨੂੰ ਜਿਊਣ ਦਾ ਕੋਈ ਹੱਕ ਨਹੀਂ ਹੈ? ਕੀ ਸਾਰੇ ਦੇ ਸਾਰੇ 80% ਹਿੰਦੂ ਆਰ.ਐਸ.ਐਸ. ਵਾਂਗ ਹੀ ਸੋਚਦੇ ਹਨ। ਸੱਚ ਤਾਂ ਇਹ ਹੈ ਕਿ ਹਿੰਦੂਆਂ ਦੀ ਵੱਡੀ ਬਹੁਗਿਣਤੀ ਇਨ੍ਹਾਂ ਕਾਲੀਆਂ ਸ਼ਕਤੀਆਂ ਦੇ ਕਾਰਨਾਮੇ ਪਸੰਦ ਨਹੀਂ ਕਰਦੀ ਬਲਕਿ ਉਹ ਅਮਨ ਚੈਨ ਨਾਲ ਜਿਊਣਾ ਚਾਹੁੰਦੇ ਹਨ ਅਤੇ ਹੋਰ ਵੀ ਸਭ ਧਰਮਾਂ, ਸੋਚਾਂ, ਜਾਤਾਂ, ਖੇਤਰਾਂ ਦੇ ਲੋਕਾਂ ਨੂੰ ਏਸੇ ਤਰ੍ਹਾਂ ਜਿਊਂਦਿਆਂ ਵੇਖਣਾ ਲੋਚਦੇ ਹਨ। ਪਰ ਕੱਟੜਪੰਥੀ ਆਪਣੀ ਗੱਲ ਧੋਂਸ ਨਾਲ ਮਨਾਉਣਾ ਚਾਹੁੰਦੇ ਹਨ। ਐਲਾਨ ਕਰ ਦਿੱਤਾ ਗਿਆ ਹੈ ਕਿ,''ਆਰ.ਐਸ.ਐਸ.-ਭਾਜਪਾ ਦੇ ਹਰ ਫੈਸਲੇ, ਅਕੀਦੇ ਨਾਲ ਸਹਿਮਤੀ ਜਤਾਓ ਨਹੀਂ ਤਾਂ ਮਰਨ ਲਈ ਤਿਆਰ ਰਹੋ।''
ਪੰਜਾਬ ਵਿਚ ਭਾਜਪਾ ਦੀ ਭਾਈਵਾਲੀ ਸਰਕਾਰ ਦੇ ਹੁੰਦਿਆਂ ਵੀ ਆਰ.ਐਸ.ਐਸ. ਆਗੂ ਜਗਦੀਸ਼ ਗਗਨੇਜਾ ਦੇ 6 ਅਗਸਤ 2016 ਨੂੰ ਹੋਏ ਕਤਲ ਵਿਰੁੱਧ ਪੰਜਾਬ ਹੀ ਨਹੀਂ ਸਮੁੱਚੇ ਦੇਸ਼ ਦੇ ਬੁੱਧੀਜੀਵੀਆਂ ਨੇ ਤਿੱਖਾ ਰੋਸ ਜਤਾਇਆ ਸੀ। ਪਰ ਭਾਜਪਾ ਦੀ ਆਪਣੀ ਸਰਕਾਰ ਹੁੰਦੇ ਹੋਏ ਵੀ ਅੱਜ ਤਕ ਦੋਸ਼ੀਆਂ ਦਾ ਪਤਾ ਨਹੀਂ ਲੱਗਾ। ਹੱਤਿਆ ਭਾਵੇਂ ਕੇਰਲ ਵਿਚ ਹੋਵੇ ਜਾਂ ਕਿਤੇ ਵੀ, ਦੇਸ਼ ਦੇ ਸਾਰੇ ਬੁੱਧੀਜੀਵੀ ਇਸ ਦਾ ਸਖਤ ਵਿਰੋਧ ਕਰਦੇ ਹਨ। ਗੌਰੀ ਲੰਕੇਸ਼ ਦੇ ਕਤਲ ਤੋਂ ਬਾਅਦ ਜਿੱਥੇ ਸਮੁੱਚਾ ਦੇਸ਼ ਸੋਸ਼ਲ ਤੇ ਹੋਰ ਮੀਡੀਆ ਰਾਹੀਂ ਕਤਲ ਦਾ ਵਿਰੋਧ ਕਰ ਰਿਹਾ ਸੀ, ਉਦੋਂ ਮੋਦੀ ਦੇ ਅਤੀ ਨਜ਼ਦੀਕੀ ਕੁਝ ਲੋਕ 'ਕੁਤੀਆ ਕੀ ਮੌਤ' ਆਦਿ ਵਰਗੇ ਬੇਹੱਦ ਨਿੰਦਣਯੋਗ ਸ਼ਬਦ ਵਰਤ ਕੇ ਇਸ ਕਤਲ ਦਾ ਸਮਰਥਨ ਕਰ ਰਹੇ ਸਨ। ਭੰਗੜੇ ਪਾਉਂਦੇ ਖੁਸ਼ੀ ਮਨਾ ਰਹੇ ਹਨ। ਉਹ ਲੋਕ ਕੌਣ ਹਨ। ਜੇ ਉਨ੍ਹਾਂ ਲੋਕਾਂ ਦਾ ਟਵਿਟਰ ਅਕਾਊਂਟ ਪ੍ਰਧਾਨ ਮੰਤਰੀ ਮੋਦੀ ਨਾਲ ਵੀ ਸਾਂਝਾ ਦੱਸੀਂਦਾ ਹੈ ਤਾਂ ਇਸ ਦਾ ਕੀ ਅਰਥ ਕੱਢਿਆ ਜਾਵੇ? ਗੱਲ ਇਹ ਲੱਭਣ ਦੀ ਨਹੀਂ ਕਿ ਗੋਲੀ ਕਿਸ ਬੰਦੇ ਨੇ ਚਲਾਈ, ਅਸਲ 'ਚ ਗੱਲ ਤਾਂ ਹੈ ਕਿ ਇਸ ਦੇ ਪਿੱਛੇ ਹੱਥ ਕਿਸ ਦਾ ਹੈ। ਰਾਮ ਚੰਦਰ ਛੱਤਰਪਤੀ ਦਾ ਕਤਲ ਕਿਸ ਨੇ ਕੀਤਾ? ਸਾਰੇ ਜਾਣਦੇ ਹਨ ਕਿ ਇਸ ਪਿੱਛੇ ਕਿਸ ਦਾ ਹੱਥ ਸੀ। ਵਿਆਪਮ ਘੁਟਾਲੇ 'ਚ ਪੱਤਰਕਾਰ ਅਕਸ਼ੈ ਸਿੰਘ ਸਮੇਤ ਜਿੰਨੇ ਕਤਲ ਹੋਏ, ਉਸ ਪਿੱਛੇ ਕੌਣ ਸੀ? ਇੰਜ ਗੌਰੀ ਲੰਕੇਸ਼ ਦੇ ਕਤਲ ਪਿੱਛੇ ਕਿਹੜੀ ਸ਼ਕਤੀ ਹੈ, ਉਹ ਐਨ ਸਪੱਸ਼ਟ ਹੈ।
ਪੱਤਰਕਾਰਾਂ ਦੇ ਕਤਲਾਂ ਅਤੇ ਵਿਚਾਰ ਪ੍ਰਗਟਾਵੇ ਦੀ ਆਜ਼ਾਦੀ ਬਾਰੇ 'ਰਿਪੋਰਟਰਸ ਵਿਦਆਊਟ ਬਾਰਡਰ' ਦੇ ਇਕ ਸਿੱਟੇ ਮੁਤਾਬਕ ਭਾਰਤ ਦਾ ਮੀਡੀਆ ਕਰਮੀਆਂ 'ਤੇ ਕਾਤਲਾਨਾ ਹਮਲਿਆਂ ਦੇ ਮਾਮਲੇ ਵਿਚ ਦੁਨੀਆਂ ਭਰ 'ਚ 136 ਵਾਂ ਸਥਾਨ ਹੋ ਗਿਆ, ਜੋ ਸਾਲ ਪਹਿਲਾਂ 133ਵਾਂ ਸੀ। ਇਸ ਪੱਖੋਂ ਭਾਰਤ ਈਰਾਕ, ਅਫ਼ਗਾਨਿਸਤਾਨ, ਸੀਰੀਆ ਆਦਿ ਮੁਲਕਾਂ ਤੋਂ ਵੀ ਬਦਤਰ ਹੈ। ਗੌਰੀ ਲੰਕੇਸ਼ ਵਰਗੇ ਦਲੇਰ ਲੇਖਕਾਂ ਦਾ ਕਤਲ ਇਸ ਕਰਕੇ ਵੀ ਹੋ ਰਿਹਾ ਹੈ ਕਿ ਉਹ ਭਾਜਪਾ-ਮੋਦੀ ਸਰਕਾਰ ਦੀਆਂ ਆਰਥਕ ਨੀਤੀਆਂ, ਕੱਟੜਵਾਦ ਤੇ ਅਸਹਿਣਸ਼ੀਲਤਾ ਦੇ ਵੱਧ ਰਹੇ ਮਾਹੌਲ ਵਿਰੁੱਧ ਆਵਾਜ਼ ਉਠਾਉਂਦੇ ਹਨ। ਫਿਰਕੂ ਫਾਸ਼ੀਵਾਦ ਦੇ ਨਾਲ-ਨਾਲ ਗਰੀਬੀ, ਬੇਰੋਜ਼ਗਾਰੀ, ਭ੍ਰਿਸ਼ਟਾਚਾਰ, ਮਹਿੰਗਾਈ, ਤੇਲ ਕੀਮਤਾਂ, ਅੰਧ ਰਾਸ਼ਟਰਵਾਦ, ਗਊ ਰੱਖਿਆ, ਵਿਆਪਮ ਘੁਟਾਲਾ, ਕਾਲਾ ਧਨ, ਨੋਟਬੰਦੀ, ਜੀ.ਐਸ.ਟੀ., ਬਹੁਰਾਸ਼ਟਰੀ ਕੰਪਨੀਆਂ ਦੀ ਬੇਰੋਕ ਲੁੱਟ, ਨਿੱਜੀਕਰਨ, ਲੁੱਟ ਦੇ ਮਕਸਦ ਲਈ ਵੱਧ ਰਿਹਾ ਵਿਦੇਸ਼ੀ ਨਿਵੇਸ਼,   ਸਾਮਰਾਜ ਵੱਲ ਝੁਕਾਅ ਵਾਲੀ ਵਿਦੇਸ਼ ਨੀਤੀ, ਬਹੁਗਿਣਤੀਵਾਦ ਦੀ ਰਾਜਨੀਤੀ ਆਦਿ ਦਾ ਵਿਰੋਧ ਕਿਉਂ ਕਰਦੇ ਹਨ। ਮੋਦੀ ਦੇ ਹਰ ਫੈਸਲੇ ਦਾ ਸਵਾਗਤ ਕਿਉਂ ਨਹੀਂ ਕੀਤਾ ਜਾਂਦਾ। ਕਿਉਂ ਕਹਿੰਦੇ ਹਨ ਕਿ ਅੱਜ ਦੇ ਹਾਕਮਾਂ ਦਾ ਆਜ਼ਾਦੀ ਦੀ ਲੜਾਈ ਵਿਚ ਕੋਈ ਯੋਗਦਾਨ ਨਹੀਂ ਰਿਹਾ ਹੈ। ਉਹ ਇਕ ਦੇਸ਼, ਇਕ ਧਰਮ, ਇਕ ਆਗੂ, ਇਕ ਨੀਤੀ, ਇਕੋ ਟੈਕਸ, ਇਕੋ ਭਾਸ਼ਾ, ਇਕ ਸੱਭਿਆਚਾਰ ਆਦਿ ਦਾ ਵਿਰੋਧ ਕਿਉਂ ਕਰਦੇ ਹਨ।
ਸੱਭ ਤੋਂ ਵੱਧ ਅਫਸੋਸ ਇਸ ਗੱਲ ਦਾ ਹੈ ਕਿ ਲੋਕ ਰਾਜ ਦੇ ਚੌਥੇ ਥੰਮ ਮੀਡੀਆ, ਖਾਸ ਕਰਕੇ ਕਾਰਪੋਰੇਟ ਘਰਾਣਿਆਂ ਦੀ ਮਾਲਕੀ ਵਾਲੇ ਬਿਜਲਈ ਮੀਡੀਆ ਨੇ ਮੁਨਾਫਾਖੋਰੀ ਦੀ ਨੀਤੀ ਤਹਿਤ ਮੋਦੀ ਦੀ ਧੌਂਸ ਅੱਗੇ ਗੋਡੇ ਨਿਵਾ ਦਿਤੇ ਹਨ। ਉਂਗਲਾਂ 'ਤੇ ਗਿਣਨਯੋਗ ਹੀ ਰਹਿ ਗਏ ਹਨ, ਜੋ ਸੱਚ ਦੀ ਆਵਾਜ਼ ਨੂੰ ਬੁਲੰਦ ਕਰਦੇ ਹਨ। ਮੀਡੀਆ ਦਾ ਉਦੇਸ਼ ਮੁਨਾਫਾ ਕਮਾਉਣਾ ਹੀ ਰਹਿ ਗਿਆ ਹੈ। ਸਵਾਲ ਉਠਾਉਣੇ, ਕਿੰਤੂ-ਪ੍ਰੰਤੂ ਕਰਨਾ, ਤਰਕ ਤੇ ਸਬੂਤਾਂ ਨਾਲ ਸੱਚ ਉਜਾਗਰ ਕਰਨਾ, ਰਾਜ ਦੀਆਂ ਲੋਕ ਮਾਰੂ ਨੀਤੀਆਂ ਨੂੰ ਜੱਗ ਜਾਹਰ ਕਰਨਾ ਛੱਡ ਦਿੱਤਾ ਗਿਆ ਹੈ। ਇੰਜ ਜਮਹੂਰੀਅਤ ਬੇਹੱਦ ਖਤਰੇ ਵਿਚ ਹੈ। ਸਰਕਾਰ ਪੱਖੀ ਤੇ ਵਿਕਾਊ ਮੀਡੀਆ ਨੇ ਗੌਰੀ ਲੰਕੇਸ਼ ਦੇ ਕਤਲ ਬਾਰੇ ਇਕ-ਦੋ ਦਿਨ ਖਬਰਾਂ ਪ੍ਰਸਾਰਤ ਕਰਨ ਦੇ ਬਾਅਦ ਇਕਦਮ ਚੁੱਪੀ ਸਾਧ ਲਈ ਹੈ। ਕੇਵਲ ਸਰਕਾਰ ਪੱਖੀ ਮੁੱਦੇ ਉਭਾਰੇ ਜਾ ਰਹੇ ਹਨ। ਤਸੱਲੀ ਇਸ ਗੱਲ ਦੀ ਹੈ ਕਿ ਗੌਰੀ ਲੰਕੇਸ਼ ਦੇ ਕਤਲ ਵਿਰੁੱਧ ਦੇਸ਼ ਭਰ ਦੇ ਚੇਤਨ ਲੋਕ, ਬੁੱਧੀਜੀਵੀ, ਲੇਖਕ, ਪੱਤਰਕਾਰ ਤੇ ਆਮ ਲੋਕ ਸੜਕਾਂ 'ਤੇ ਨਿਕਲੇ ਹਨ। ਸੋਸ਼ਲ ਮੀਡੀਆ 'ਤੇ ਕਤਲ ਵਿਰੋਧੀ ਸੁਹਿਰਦ ਟਿਪਣੀਆਂ ਕੀਤੀਆਂ ਜਾ ਰਹੀਆਂ ਹਨ, ਭਾਵੇਂ ਕਿ ਹੁਣ ਵੀ ਗੌਰੀ ਲੰਕੇਸ਼ ਦੇ ਕਤਲ ਦਾ ਵਿਰੋਧ ਕਰਨ ਵਾਲਿਆਂ ਨੂੰ ਫੋਨਾਂ 'ਤੇ 'ਪੁੜਪੜੀ ਸੇਕਣ' ਵਰਗੀਆਂ ਧਮਕੀਆਂ ਮਿਲ ਰਹੀਆਂ ਹਨ, ਪਰ ਕੋਈ ਵੀ ਡਰਿਆ ਨਹੀਂ। ਬਿਨਾਂ ਸ਼ੱਕ ਕਾਤਲਾਂ ਨੇ ਬੁੱਧੀਜੀਵੀਆਂ, ਪੱਤਰਕਾਰਾਂ ਤੇ ਲੇਖਕਾਂ ਨੂੰ ਡਰਾਉਣ ਹਿੱਤ ਹੀ ਇਹ ਕਾਰਾ ਕੀਤਾ ਹੈ, ਪਰ ਇਸ ਵਿਚ ਉਹ ਕਦਾਚਿਤ ਸਫਲ ਨਹੀਂ ਹੋਣਗੇ।
ਦੇਸ਼ ਇਸ ਵਕਤ ਰਾਜਨੀਤਕ ਹੱਲਾਸ਼ੇਰੀ ਤੇ ਸਮਰਥਨ ਨਾਲ ਦਨਦਨਾ ਰਹੇ ਫਿਰਕੂ ਫਾਸ਼ੀਵਾਦੀ ਹਮਲੇ ਹੇਠ ਹੈ। ਵਿਚਾਰ ਪ੍ਰਗਟ ਕਰਨ ਦੀ ਮੌਲਿਕ ਅਧਿਕਾਰਾਂ ਰਾਹੀਂ ਮਿਲੀ ਆਜ਼ਾਦੀ ਸਖਤ ਖਤਰੇ ਵਿਚ ਹੈ। ਗਰੀਬੀ, ਬੇਰੋਜ਼ਗਾਰੀ ਤੇ ਹੋਰ ਸਮੱਸਿਆਵਾਂ ਤੋਂ ਲੋਕਾਂ ਦਾ ਧਿਆਨ ਗਲਤ ਦਿਸ਼ਾ ਵੱਲ ਕੇਂਦਰਤ ਕੀਤਾ ਜਾ ਰਿਹਾ ਹੈ। ''ਸਾਂਪ ਮਹਿਫਿਲ ਮੇਂ ਛੋੜ ਦੇਤੇ ਹੈਂ। ਰੁਖ ਹੀ ਚਰਚਾ ਕਾ ਮੋੜ ਦੇਤੇ ਹੈਂ।'' ਲੋੜ ਹੈ ਧਰਮਾਂ, ਜਾਤਾਂ, ਮਜਹਬਾਂ, ਫਿਰਕਿਆਂ ਤੋਂ ਉੱਪਰ ਉਠ ਕੇ ਸਮੂਹ ਧਰਮ-ਨਿਰਪੱਖ, ਜਮਹੂਰੀਅਤ ਪਸੰਦ ਤੇ ਦੇਸ਼ ਭਗਤ ਅਗਾਂਹਵਧੂ ਸੋਚ ਨਾਲ ਪ੍ਰਤੀਬੱਧ, ਬੁੱਧੀਜੀਵੀ, ਲੇਖਕ, ਪੱਤਰਕਾਰ ਤੇ ਹੋਰ ਦੇਸ਼ ਪ੍ਰੇਮੀ, ਮਾਨਵ ਪ੍ਰੇਮੀ ਲੋਕ ਇਕਮੁਠ ਹੋਣ ਅਤੇ ਇਸ ਵਰਤਾਰੇ ਦਾ ਯਕਮੁਸ਼ਤ ਡਟਵਾਂ ਵਿਰੋਧ ਕੀਤਾ ਜਾਵੇ। ਫਿਰਕੂ ਫਾਸ਼ੀ-ਤਾਕਤਾਂ ਨੂੰ ਦੱਸਣਾ ਬਣਦਾ ਹੈ ਕਿ ਗੁਰੂ ਅਰਜਨ ਦੇਵ, ਗੁਰੂ ਤੇਗ ਬਹਾਦਰ, ਭਗਤ ਸਿੰਘ ਤੇ ਸਾਥੀ, ਗਦਰੀ ਬਾਬੇ ਤੇ ਅਨੇਕਾਂ ਹੋਰਾਂ ਯੋਧਿਆਂ ਦੀਆਂ ਸ਼ਹੀਦੀਆਂ ਨਾਲ ਉਨ੍ਹਾਂ ਦੀ ਸੋਚ ਦੇ ਦੀਪਕਾਂ ਦੀਆਂ ਹੋਰ ਵਧੇਰੇ ਡਾਰਾਂ ਬਣੀਆਂ ਹਨ। ਗੌਰੀ ਲੰਕੇਸ਼ ਦੀ ਸ਼ਹੀਦੀ ਬਾਅਦ ਉਸ ਦੀ ਸੋਚ ਦੇ ਦੀਪਕਾਂ ਦੀਆਂ ਕਤਾਰਾਂ ਲਾਜ਼ਮੀ ਹੋਰ ਵੀ ਲੰਮੇਰੀਆਂ ਹੋਣਗੀਆਂ।
''ਮਾਲੀਆਂ ਨੂੰ ਮਾਰਿਆ ਨਹੀਂ ਬਦਲਦੇ ਮੌਸਮ ਕਦੇ,
ਟਹਿਕਦੇ ਫੁੱਲ ਕੁਚਲਿਆਂ ਗੁਲਸ਼ਨ ਕਦੇ ਮਰਦਾ ਨਹੀਂ।''

No comments:

Post a Comment