Friday 20 October 2017

ਮੋਦੀ ਸਰਕਾਰ ਅਤੇ ਸੰਘ ਪਰਿਵਾਰ ਦਾ ਫਾਸ਼ੀਵਾਦੀ ਅਜੰਡਾ

ਆਰ.ਐਸ.ਐਸ. ਗਿਣੀ-ਮਿਥੀ ਯੋਜਨਾ ਅਧੀਨ ਭਾਰਤ ਨੂੰ ਇਕ ਧਰਮ ਅਧਾਰਤ ਦੇਸ਼ ''ਹਿੰਦੂ ਰਾਸ਼ਟਰ'' ਵਿਚ ਤਬਦੀਲ ਕਰਨ ਲਈ ਯਤਨਸ਼ੀਲ ਹੈ। ਦੇਸ਼ ਦੇ ਇਤਿਹਾਸ ਵਿਚ ਇਹ ਪਹਿਲੀ ਵਾਰ ਹੈ ਕਿ ਦਿੱਲੀ ਵਿਚਲੀ ਕੇਂਦਰ ਸਰਕਾਰ ਨੂੰ ਕੋਈ ਵੀ ਫੈਸਲਾ ਲੈਣ ਤੋਂ ਪਹਿਲਾਂ ਸੰਘ ਦੇ 'ਨਾਗਪੁਰ ਹੈਡ ਆਫਿਸ' ਤੋਂ ਮਨਜ਼ੂਰੀ ਲੈਣੀ ਪੈਂਦੀ ਹੈ। ਨੀਤੀਗਤ ਫੈਸਲਿਆਂ 'ਤੇ ਸੰਘ ਦੀ ਮੋਹਰ ਲੱਗਣੀ ਜ਼ਰੂਰੀ ਬਣ ਗਈ ਹੈ। ਸਰਕਾਰ ਵਲੋਂ ਕਿਸੇ ਵੀ ਅਹੁਦੇ ਜਾਂ ਜ਼ਿੰਮੇਵਾਰੀ ਸੌਂਪਣ ਤੋਂ ਪਹਿਲਾਂ ਉਸ ਵਿਅਕਤੀ ਵਿਸ਼ੇਸ਼ ਦੀ ਸੰਘੀ ਵਿਚਾਰਧਾਰਾ ਪ੍ਰਤੀ 'ਪ੍ਰਤੀਬੱਧਤਾ' ਨੂੰ ਯੋਗਤਾ ਦਾ ਪੈਮਾਨਾ ਬਣਾ ਦਿੱਤਾ ਗਿਆ ਹੈ। ਇਹ ਉਸ ਦੇਸ਼ ਲਈ ਕਿੰਨਾ ਖਤਰਨਾਕ ਸਿੱਧ ਹੋ ਸਕਦਾ ਹੈ, ਜਿੱਥੇ ਵੱਖ-ਵੱਖ ਧਰਮਾਂ, ਜਾਤੀਆਂ, ਕੌਮਾਂ ਤੇ ਸਭਿਆਚਾਰਾਂ ਵਾਲੇ ਲੋਕ ਵੱਡੀ ਗਿਣਤੀ ਵਿਚ ਮੌਜੂਦ ਹੋਣ। ਮੋਦੀ ਸਰਕਾਰ ਜੋ ਸਿਰਫ 31% ਵੋਟਾਂ ਲੈ ਕੇ ਸੱਤਾ 'ਤੇ ਬਿਰਾਜਮਾਨ ਹੋਈ ਹੈ, ਬਾਕੀ 69 ਫੀਸਦੀ ਦੀ ਹੋਣੀ ਨੂੰ ਡੰਡੇ ਦੇ ਜ਼ੋਰ ਨਾਲ ਤੈਅ ਕਰਨਾ ਚਾਹੁੰਦੀ ਹੈ। ਜਨ ਸਾਧਾਰਨ ਦੀ ਆਪਣੀ ਮਰਜ਼ੀ ਅਨੁਸਾਰ ਖੁਰਾਕ ਖਾਣ, ਦੂਸਰੀਆਂ ਧਾਰਮਕ ਤੇ ਸਮਾਜਿਕ ਰਸਮਾਂ ਰੀਤਾਂ ਤੇ ਨਿੱਜੀ ਆਜ਼ਾਦੀਆਂ ਨੂੰ ਮਾਨਣ ਅਤੇ ਵਿਚਾਰ ਪ੍ਰਗਟ ਕਰਨ ਦੇ ਅਧਿਕਾਰ ਨੂੰ ਚੁਣੌਤੀ ਦੇਣ ਵਾਲੀ ਤੇ ਸੰਘੀ ਵਿਚਾਰਧਾਰਾ ਦਾ ਅਨੁਸਰਣ ਕਰ ਰਹੀ ਮੋਦੀ ਸਰਕਾਰ ਦੇਸ਼ ਦੇ ਜਮਹੂਰੀ, ਧਰਮ ਨਿਰਪੱਖ ਤੇ ਭਾਈਚਾਰਕ ਸਾਂਝਾਂ ਨਾਲ ਗੜੁੱਚ ਸਮਾਜਿਕ ਢਾਂਚੇ ਨੂੰ ਤਬਾਹ ਕਰਕੇ ਇਕ ਤਾਲਿਬਾਨੀ ਤਰਜ਼ ਦਾ ਫਾਸ਼ੀ ਰਾਜ ਥੋਪਣਾ ਚਾਹੁੰਦੀ ਹੈ।
ਉਪਰੋਕਤ ਟੀਚੇ ਨੂੰ ਹਾਸਲ ਕਰਨ ਲਈ ਸੰਘ ਪਰਿਵਾਰ ਅਤੇ ਬਹੂਬਲੀਆਂ ਤੇ ਸਮਾਜ ਵਿਰੋਧੀ ਗੁੰਡਾ ਤੱਤਾਂ ਨਾਲ ਭਰਪੂਰ ਇਸ ਦੀਆਂ ਸਥਾਪਤ ਕੀਤੀਆਂ ਵੱਖ-ਵੱਖ ਸੈਨਾਵਾਂ ਤੇ ਨਾਮ ਨਿਹਾਦ 'ਸਮਾਜ ਸੇਵੀ ਤੇ ਸਭਿਆਚਾਰਕ ਸੰਸਥਾਵਾਂ' ਦੇਸ਼ ਦੀਆਂ ਧਾਰਮਿਕ ਘੱਟ ਗਿਣਤੀਆਂ, ਦਲਿਤਾਂ, ਔਰਤਾਂ ਤੇ ਅਗਾਂਹਵਧੂ ਵਿਗਿਆਨਕ ਵਿਚਾਰਧਾਰਾ ਦੀਆਂ ਹਾਮੀ ਸ਼ਕਤੀਆਂ ਨੂੰ ਲਗਾਤਾਰ ਆਪਣੀ ਹਿੰਸਾ ਦਾ ਸ਼ਿਕਾਰ ਬਣਾ ਰਹੀਆਂ ਹਨ। ਝਗੜੇ ਵਾਲੀ ਜਗ੍ਹਾ 'ਰਾਮ ਮੰਦਰ ਦੀ ਉਸਾਰੀ' ਦਾ ਪ੍ਰਚਾਰ, ਗਊ ਰੱਖਿਆ ਦੇ ਨਾਂਅ ਉਪਰ ਕੀਤੀ ਜਾ ਰਹੀ ਗੁੰਡਾਗਰਦੀ ਅਤੇ ਅੰਨ੍ਹੇ ਕੌਮਵਾਦ ਦੇ ਨਾਮ 'ਤੇ ਵਿਰੋਧੀਆਂ ਉਪਰ ਕੀਤੇ ਜਾ ਰਹੇ ਕਾਤਲਾਨਾ ਹਮਲਿਆਂ ਦਾ ਅਸਲ ਮੰਤਵ ਮੁਸਲਮਾਨਾਂ ਤੇ ਈਸਾਈਆਂ ਖਿਲਾਫ ਨਫਰਤ ਭਰਿਆ ਮਾਹੌਲ ਸਿਰਜ ਕੇ ਫਿਰਕੂ ਅਧਾਰ 'ਤੇ ਹਿੰਦੂਆਂ ਨੂੰ ਸੰਘ  ਦੇ ਝੰਡੇ ਹੇਠਾਂ ਇਕੱਤਰ ਕਰਨਾ ਹੈ। ਸ਼ਰਾਰਤੀ ਤੱਤਾਂ ਵਲੋਂ ਦਰਜਨਾਂ ਹਿੰਸਕ ਘਟਨਾਵਾਂ ਤੋਂ ਬਾਅਦ ਇਨ੍ਹਾਂ ਦੇ ਪ੍ਰਤੀਕਰਮ ਵਜੋਂ ਰਾਤ-ਦਿਨ ਝੂਠੇ ਦਾਅਵਿਆਂ ਭਰਿਆ ਬੇਹੂਦਾ ਭਾਸ਼ਣ ਕਰਨ ਵਾਲਾ ਪ੍ਰਧਾਨ ਮੰਤਰੀ ਸੋਸ਼ਲ ਮੀਡੀਆ ਰਾਹੀ ਸਿਰਫ ਇਕ ਹਲਕੀ ਜਿਹੀ ਨਿੰਦਿਆ ਕਰਨ ਨੂੰ ਹੀ ਕਾਫੀ ਸਮਝਦਾ ਹੈ! ਅਸਲ ਵਿਚ ਇਹ ਚੰਦ ਕੁ ਨਿੰਦਿਆ ਦੇ ਸ਼ਬਦ ਖਰੂਦ ਪਾਉਣ ਵਾਲੇ ਅਨਸਰਾਂ ਨੂੰ ਆਪਣਾ 'ਕਾਰਜ' ਨਿਰਵਿਘਨ ਤੇ ਬੇਖ਼ੌਫ ਹੋ ਕੇ ਜਾਰੀ ਰੱਖਣ ਦਾ ਇਕ ਲੁਕਵਾਂ ਸੁਨੇਹਾ ਸਿੱਧ ਹੋ ਰਹੇ ਹਨ।
ਸੰਘ ਭਾਰਤ ਨੂੰ ਉਸ ਮੱਧ ਯੁਗ ਵਿਚ ਲੈ ਕੇ ਜਾਣਾ ਚਾਹੁੰਦਾ ਹੈ ਜਿੱਥੇ ਅਗਿਆਨਤਾ ਕਾਰਨ ਸਮਾਜ ਨੂੰ ਅਨੇਕਾਂ ਕਿਸਮ ਦੇ ਵਹਿਮਾਂ, ਭਰਮਾਂ, ਕੁਰੀਤੀਆਂ ਤੇ ਪਿਛਾਖੜੀ ਵਿਚਾਰਾਂ ਨੇ ਗ੍ਰਸਿਆ ਹੋਇਆ ਸੀ। ਮਨੂੰਵਾਦੀ ਢਾਂਚੇ ਅੰਦਰ ਜਾਤੀਪਾਤੀ ਵਰਗੀ ਅਮਾਨਵੀ, ਘ੍ਰਿਣਤ ਤੇ ਅਸਹਿ ਸਮਾਜਕ ਵਿਵਸਥਾ ਇਸੇ ਕਾਲ ਦੀ ਦੇਣ ਹੈ। ਇਤਿਹਾਸ ਦੇ ਵੱਖ-ਵੱਖ ਮੋੜਾਂ ਉਪਰ ਬਹੁਤ ਸਾਰੇ ਸਮਾਜ ਸੁਧਾਰਕਾਂ, ਧਾਰਮਿਕ ਸ਼ਖਸੀਅਤਾਂ ਤੇ ਕਰਾਂਤੀਕਾਰੀਆਂ ਨੇ  ਮਾਨਵਤਾ ਵਿਰੋਧੀ ਜਾਤਪਾਤ ਦੀ ਪ੍ਰਥਾ ਉਪਰ ਵਦਾਣੀ ਸੱਟਾਂ ਮਾਰੀਆਂ ਤੇ ਇਸ ਵਿਰੁੱਧ ਜਨਤਕ ਰੋਹ ਪੈਦਾ ਕੀਤਾ। ਕਥਿਤ ਨੀਵੀਆਂ ਜਾਤੀਆਂ ਦੇ ਧਰਤੀ ਪੁੱਤਰਾਂ ਤੇ ਧੀਆਂ ਨੇ ਵੀ ਆਪਣੇ ਉਪਰ ਹੋ ਰਹੇ ਜ਼ੁਲਮਾਂ ਦਾ ਅਹਿਸਾਸ ਕਰਕੇ ਇਸਦੇ ਖਿਲਾਫ਼ ਜ਼ੋਰਦਾਰ ਸੰਘਰਸ਼ ਕੀਤੇ ਤੇ ਇਕ ਹੱਦ ਤੱਕ ਦਲਿਤਾਂ ਤੇ ਦੂਸਰੀਆਂ ਪੱਛੜੀਆਂ ਜਾਤੀਆਂ ਦੇ ਜਨ ਸਮੂਹਾਂ ਅੰਦਰ ਸਵੈਮਾਨ ਦਾ ਅਹਿਸਾਸ ਪੈਦਾ ਕੀਤਾ। ਇਹੀ ਚੇਤਨਾ ਤੇ ਸਵੈਮਾਨ ਨੂੰ ਸੰਘ ਪਰਿਵਾਰ ਮੁੜ ਮਨੂੰਵਾਦੀ ਵਿਵਸਥਾ ਸਥਾਪਤ ਕਰਨ ਵਿਚ ਵੱਡੀ ਰੁਕਾਵਟ ਸਮਝ ਰਿਹਾ ਹੈ। ਰੋਜ਼ਾਨਾ ਹੀ ਦਲਿਤਾਂ, ਆਦਿਵਾਸੀਆਂ ਤੇ ਔਰਤਾਂ ਉਪਰ ਉਚ ਜਾਤੀ ਮਾਨਸਿਕਤਾ ਵਾਲੇ ਲੋਕਾਂ, ਸੰਘੀ ਸੈਨਾਵਾਂ ਦੇ ਸਿਪਾਹਸਲਾਰਾਂ ਅਤੇ ਹਿੰਦੂ ਰਾਸ਼ਟਰ ਕਾਇਮ ਕਰਨ ਦਾ ਭਰਮ ਪਾਲਣ ਵਾਲੇ ਫਿਰਕੂ ਤੱਤਾਂ ਵਲੋਂ ਕੀਤੇ ਜਾ ਰਹੇ ਹਮਲੇ ਅਸਲ ਵਿਚ ਨਪੀੜੇ ਜਾ ਰਹੇ ਲੋਕਾਂ ਨੂੰ ਮੁੜ ਗੁਲਾਮੀ ਤੇ ਘਟੀਆਪਣ ਦੇ ਅਹਿਸਾਸ ਵਿਚ ਗ੍ਰਸਣ ਦਾ ਕੋਝਾ ਢੰਗ ਹੈ।
ਸੰਘ ਪਰਿਵਾਰ ਹਿੰਦੂਆਂ ਦੀ ਵਿਸ਼ਾਲ ਵਸੋਂ, ਜੋ ਹਿੰਦੂ ਧਰਮ ਦੀ ਅਨੁਆਈ ਹੋ ਕੇ ਵੀ ਸੰਘ ਦੀ ਫਿਰਕੂ ਤੇ ਸੰਕੀਰਨ ਸੋਚ ਦੇ ਐਨ ਉਲਟ ਖੜੀ ਹੈ, ਲਈ ਵੀ ਵੱਡੇ ਖਤਰਿਆਂ ਦਾ ਸੂਚਕ ਹੈ। ਐਨ ਉਸੇ ਤਰ੍ਹਾਂ ਜਿਵੇਂ ਮੁਸਲਮਾਨ ਕੱਟੜਪੰਥੀ ਹਾਕਮਾਂ ਤੇ ਧਰਮ ਗੁਰੂਆਂ ਹੱਥੋਂ ਗੁਰਬਤ ਮਾਰੀ ਮੁਸਲਮਾਨ ਵਸੋਂ ਅਤੇ ਮੁਸਲਮਾਨ ਔਰਤਾਂ ਕੁੰਭੀ ਨਰਕ ਦੀ ਜੂਨ ਹੰਢਾਅ ਰਹੀਆਂ ਹਨ।
ਖੱਬੇ ਪੱਖੀ, ਅਗਾਂਹਵਧੂ, ਤਰਕਸ਼ੀਲ ਤੇ ਮਾਨਵੀ ਸੋਚ ਵਾਲੇ ਬੁੱਧੀਜੀਵੀਆਂ, ਲੇਖਕਾਂ, ਪੱਤਰਕਾਰਾਂ, ਸਾਹਿਤਕਾਰਾਂ ਤੇ ਕਲਾਕਾਰਾਂ ਨੂੰ ਸੰਘ ਨਾਲ ਜੁੜੇ ਖਰੂਦੀ ਟੋਲੇ ਇਸੇ ਕਰਕੇ ਗੋਲੀਆਂ ਦਾ ਨਿਸ਼ਾਨਾ ਬਣਾ ਰਹੇ ਹਨ, ਕਿਉਂਕਿ ਉਹ ਜਮਹੂਰੀ, ਧਰਮ ਨਿਰਪੱਖ ਤੇ ਮਾਨਵੀ ਕਦਰਾਂ ਕੀਮਤਾਂ ਦੀ ਰਾਖੀ ਦੇ ਤਕਾਜ਼ੇ ਤੋਂ ਧਾਰਮਿਕ ਘੱਟ ਗਿਣਤੀਆਂ, ਦਲਿਤਾਂ ਤੇ ਔਰਤਾਂ ਉਪਰ ਹੋ ਰਹੇ ਹਮਲਿਆਂ ਦੀ ਡਟਵੀਂ ਵਿਰੋਧਤਾ ਕਰਦੇ ਹਨ। ਇਹੀ ਚੇਤਨ ਕਲਮਾਂ ਤੇ ਸੋਚਾਂ ਸਮਾਜ ਵਿਚ ਪਸਰੀ ਹਨੇਰ ਵਿਰਤੀ, ਵਹਿਮ ਪ੍ਰਸਤੀ, ਅੰਧ ਵਿਸ਼ਵਾਸ, ਅੰਨ੍ਹੇ ਕੌਮਵਾਦ ਤੇ ਬੇਤੁਕੀ ਆਸਥਾ ਨੂੰ ਵਿਗਿਆਨਕ ਨਜ਼ਰੀਏ ਤੋਂ ਬੇਪਰਦ ਕਰਕੇ ਲੋਕਾਂ ਨੂੰ ਸੂਝਵਾਨ ਬਣਾਉਂਦੀਆਂ ਹਨ।
ਆਰ.ਐਸ.ਐਸ. ਦੀ ਵਿਚਾਰਧਾਰਾ ਤੇ ਮੋਦੀ ਸਰਕਾਰ ਦੀ ''ਨਾਗਪੁਰੀ ਅਗਵਾਈ'' ਦੀ ਕੀਤੀ ਜਾ ਰਹੀ ਅਨੁਸਰਨਤਾ ਸਿਰਫ਼ ਧਾਰਮਕ ਘੱਟ ਗਿਣਤੀਆਂ, ਦਲਿਤਾਂ, ਔਰਤਾਂ ਤੇ ਅਗਾਂਹਵਧੂ ਲੋਕਾਂ ਲਈ ਹੀ ਖਤਰਾ ਨਹੀਂ ਹੈ, ਸਗੋਂ ਉਸ ਸਭ ਕੁੱਝ ਨੂੰ, ਜੋ ਹਨੇਰ ਗਲੀਆਂ ਵਿਚੋਂ ਨਿਕਲ ਕੇ ਰੌਸ਼ਨੀ ਦੀ ਬੁੱਕਲ ਵਿਚ ਪੁੱਜਾ ਹੈ, ਮੁੜ ਹਨੇਰ ਨਗਰੀ ਵਿਚ ਧਕੇਲਣਾ ਚਾਹੁੰਦੀ ਹੈ। ਇਸ ਨਾਲ ਮਾਨਵਤਾ ਨਾਂਅ ਦੀ ਕੋਈ ਚੀਜ਼ ਵੀ ਬਚੀ ਨਹੀਂ ਰਹਿ ਸਕੇਗੀ।
- ਮੰਗਤ ਰਾਮ ਪਾਸਲਾ

No comments:

Post a Comment