Thursday, 12 October 2017

ਕੌਮਾਂਤਰੀ ਪਿੜ (ਸੰਗਰਾਮੀ ਲਹਿਰ-ਅਕਤੂਬਰ 2017)

ਰਵੀ ਕੰਵਰ 
ਜਰਮਨੀ ਦੀਆਂ ਆਮ ਚੋਣਾਂ 
ਯੂਰਪ ਦੇ ਅਰਥਚਾਰੇ ਦਾ ਇੰਜਣ ਮੰਨੇ ਜਾਣ ਵਾਲੇ ਦੇਸ਼ ਜਰਮਨੀ ਵਿਚ 24 ਸਿਤੰਬਰ ਨੂੰ ਹੋਈਆਂ ਆਮ ਚੋਣਾਂ ਵਿਚ ਲਗਭਗ ਪਿਛਲੇ 12 ਸਾਲਾਂ ਤੋਂ ਚਾਂਸਲਰ ਅਤੇ ਯੂਰਪ ਦੀ ਸਭ ਤੋਂ ਸਫਲ ਮੰਨੀ ਜਾਣ ਵਾਲੀ ਰਾਜਨੀਤਕ ਆਗੂ ਅੰਜੇਲਾ ਮਾਰਕੇਲ ਦੀ ਪਾਰਟੀ ਨੂੰ ਧੱਕਾ ਵੱਜਾ ਹੈ। ਉਸਦੀ ਪਾਰਟੀ ਸਭ ਤੋਂ ਵੱਡੀ ਪਾਰਟੀ ਤਾਂ ਬਣਕੇ ਉਭਰੀ ਹੈ, ਪ੍ਰੰਤੂ ਉਸਦੀਆਂ ਵੋਟਾਂ ਅਤੇ ਸੀਟਾਂ ਦੋਵੇਂ ਹੀ ਘੱਟ ਗਈਆਂ ਹਨ। ਸਰਕਾਰ ਵਿਚ ਉਸਦੀ ਭਾਈਵਾਲ ਪਾਰਟੀ ਸੋਸ਼ਲ ਡੈਮੋਕ੍ਰੇਟਿਕ ਪਾਰਟੀ (ਐਸ.ਪੀ.ਡੀ.), ਜਿਹੜੀ ਆਪਣੇ ਆਪ ਨੂੰ ਖੱਬੇ ਪੱਖੀ ਕਹਿੰਦੀ ਹੈ ਅਤੇ ਯੂਰਪ ਦੀ ਰਾਜਨੀਤਕ ਸ਼ਬਦਾਵਲੀ ਅਨੁਸਾਰ, ਕੇਂਦਰ ਤੋਂ ਖੱਬੇ ਪੱਖ ਵੱਲ ਨੂੰ ਝੁਕਾਅ ਰੱਖਣ ਵਾਲੀ ਪਾਰਟੀ ਮੰਨੀ ਜਾਂਦੀ ਹੈ, ਨੂੰ ਇਨ੍ਹਾਂ ਚੋਣਾਂ ਵਿਚ ਸਭ ਤੋਂ ਵਧੇਰੇ ਨੁਕਸਾਨ ਪੁੱਜਾ ਹੈ। ਇੱਥੇ ਇਹ ਵਰਣਨਯੋਗ ਹੈ ਕਿ ਪਿਛਲੇ 12 ਸਾਲਾਂ ਤੋਂ ਦੇਸ਼ ਵਿਚ ਅੰਜੇਲਾ ਮਾਰਕੇਲ ਦੀ ਪਾਰਟੀ ਕ੍ਰਿਸਚੀਅਨ ਡੈਮੋਕਰੇਟਿਕ ਪਾਰਟੀ (ਸੀ.ਡੀ.ਯੂ.) ਤੇ ਕੁੱਝ ਸੂਬਿਆਂ ਵਿਚ ਇਸਦੇ ਨਾਲ ਹੀ ਸਬੰਧਤ ਪਾਰਟੀ ਕ੍ਰਿਸਚੀਅਨ ਸੋਸ਼ਲ ਯੂਨੀਅਨ (ਸੀ.ਐਸ.ਯੂ.) ਤੇ ਸੋਸ਼ਲ ਡੈਮੋਕ੍ਰੇਟਿਕ ਪਾਰਟੀ (ਐਸ.ਪੀ.ਡੀ.) ਦੀ ਸਾਂਝੀ ਸਰਕਾਰ ਚਲ ਰਹੀ ਹੈ।
ਇਨ੍ਹਾਂ ਚੋਣਾਂ ਦਾ ਸਭ ਤੋਂ ਚਿੰਤਾਜਨਕ ਪੱਖ ਹੈ, ਦੇਸ਼ ਵਿਚ ਧੁਰ ਸੱਜ ਪਿਛਾਖੜੀ ਨਾਜੀਵਾਦੀ ਪਾਰਟੀ ਨਿਊਨਾਜ਼ੀ ਆਲਟਰਨੇਟਿਵ ਫਾਰ ਜਰਮਨੀ (ਏ.ਐਫ.ਡੀ.) ਦਾ ਦੇਸ਼ ਦੀ ਸੰਸਦ ਵਿਚ ਤੀਜੀ ਵੱਡੀ ਪਾਰਟੀ ਬਣ ਜਾਣਾ। ਇਹ ਜਰਮਨੀ ਲਈ ਹੀ ਨਹੀਂ ਬਲਕਿ ਪੂਰੇ ਯੂਰਪ ਲਈ ਹੀ ਇਕ ਖਤਰਾ ਹੈ।
ਥੋੜੀ ਜਿਹੀ ਤਸੱਲੀ ਵਾਲੀ ਗੱਲ ਹੈ, ਇਨ੍ਹਾਂ ਚੋਣਾਂ ਵਿਚ ਖੱਬੇ ਪੱਖੀ ਪਾਰਟੀ ਡਾਈ ਲਿੰਕੇ ਵਲੋਂ ਆਪਣੀ ਪਿਛਲੀ ਪੁਜੀਸ਼ਨ ਹੀ ਕਾਇਮ ਨਾ ਰੱਖਣੀ ਬਲਕਿ ਇਸ ਵਿਚ ਥੋੜ੍ਹਾ ਸੁਧਾਰ ਕਰ ਜਾਣਾ।
24 ਸਿਤੰਬਰ ਨੂੰ ਹੋਈਆਂ ਆਮ ਚੋਣਾਂ ਵਿਚ 2013 ਦੀਆਂ ਚੋਣਾਂ ਨਾਲੋਂ ਕੁੱਲ ਪੋਲ ਹੋਈਆਂ ਵੋਟਾਂ 71.5% ਤੋਂ ਵੱਧਕੇ 76.2%  ਹੋ ਗਈਆਂ ਹਨ। ਪਰ ਇਸਦੇ ਬਾਵਜੂਦ ਮਾਰਕੇਲ ਦੀ ਪਾਰਟੀ ਸੀ.ਡੀ.ਯੂ.-ਸੀ.ਐਸ.ਯੂ. ਨੂੰ 33% ਵੋਟਾਂ ਮਿਲੀਆਂ ਜਿਸ ਨਾਲ 630 ਸੀਟਾਂ ਵਾਲੀ ਦੇਸ਼ ਦੀ ਬੰਡੇਸਟਾਗ (ਸੰਸਦ) ਵਿਚ ਇਸਦੀਆਂ ਸੀਟਾਂ 246 ਰਹਿ ਗਈਆਂ ਹਨ। ਜਿਹੜੀਆਂ ਕਿ 2013 ਨਾਲੋਂ 65  ਘੱਟ ਹਨ। ਸਭ ਤੋਂ ਵਧੇਰੇ ਮਾਰ ਸੋਸ਼ਲ ਡੈਮੋਕ੍ਰੇਟ ਪਾਰਟੀ ਐਸ.ਪੀ.ਡੀ. ਨੂੰ ਪਈ ਹੈ, ਜਿਸਨੂੰ 20.5% ਵੋਟਾਂ ਮਿਲੀਆਂ, ਜਿਸ ਨਾਲ ਉਹ ਸੰਸਦ ਵਿਚ ਸਿਰਫ 153 ਸੀਟਾਂ ਹਾਸਲ ਕਰ ਸਕੀ ਅਤੇ ਇਹ 2013 ਨਾਲੋਂ ਇਹ 40 ਘੱਟ ਹਨ। ਇਨ੍ਹਾਂ ਚੋਣਾਂ ਵਿਚ ਸਭ ਤੋਂ ਵਧੇਰੇ ਲਾਭ ਲੈਣ ਵਾਲੀ ਨਵ-ਨਾਜੀਵਾਦੀ ਪਾਰਟੀ ਏ.ਐਫ.ਡੀ. ਨੇ 12.6% ਫੀਸਦੀ ਵੋਟਾਂ ਅਤੇ ਸੰਸਦ ਵਿਚ 94 ਸੀਟਾਂ ਹਾਸਲ ਕਰਕੇ, ਤੀਜੀ ਸਭ ਤੋਂ ਵੱਡੀ ਪਾਰਟੀ ਦਾ ਦਰਜਾ ਹਾਸਲ ਕਰ ਲਿਆ ਹੈ। 2013 ਦੀਆਂ ਚੋਣਾਂ ਵਿਚ ਸਿਰਫ 20 ਲੱਖ ਵੋਟਾਂ ਹਾਸਲ ਕਰਨ ਵਾਲੀ ਇਸ ਪਾਰਟੀ ਨੇ 60 ਲੱਖ ਵੋਟਾਂ ਪ੍ਰਾਪਤ ਕੀਤੀਆਂ ਹਨ ਅਤੇ ਦੂਜੀ ਸੰਸਾਰ ਜੰਗ, ਜਿਸ ਵਿਚ ਹਿਟਲਰ ਦਾ ਪਤਨ ਹੋਇਆ ਸੀ ਤੋਂ ਬਾਅਦ ਇਹ ਪਹਿਲੀ ਵਾਰ ਸੰਸਦ ਵਿਚ ਆਪਣੀ ਥਾਂ ਬਨਾਉਣ ਵਿਚ ਸਫਲ ਰਹੀ ਹੈ।
ਖੱਬੇ ਪੱਖੀ ਪਾਰਟੀ ਡਾਈ ਲਿੰਕੇ ਨੇ ਆਪਣੀਆਂ 2013 ਵਿਚ  ਵੋਟਾਂ 37 ਲੱਖ 50 ਹਜ਼ਾਰ ਨੂੰ ਵਧਾਕੇ 42 ਲੱਖ 90 ਹਜ਼ਾਰ ਕਰ ਲਿਆ ਹੈ ਅਤੇ ਵੋਟ ਫੀਸਦੀ 8.6 ਤੋਂ ਵਧਾਕੇ 9.2 ਫੀਸਦੀ ਕਰ ਲਿਆ ਹੈ, ਜਿਸ ਨਾਲ ਸੰਸਦ ਵਿਚ ਉਸਦੀਆਂ ਸੀਟਾਂ 62 ਤੋਂ ਵੱਧਕੇ 66 ਹੋ ਗਈਆਂ ਹਨ।
ਗਰੀਨ ਪਾਰਟੀ ਨੇ 8.9% ਵੋਟਾਂ ਨਾਲ 67 ਸੀਟਾਂ ਅਤੇ ਹੋਰ ਵਧੇਰੇ ਖੁੱਲ੍ਹੀ ਮੰਡੀ ਦੀ ਪੈਰੋਕਾਰ ਸੱਜੇ ਪੱਖੀ ਪਾਰਟੀ, ਫਰੀ ਡੈਮੋਕ੍ਰੇਟਿਕ ਪਾਰਟੀ (ਐਫ.ਪੀ.ਡੀ.) ਨੇ 10.7% ਵੋਟ ਹਾਸਲ ਕਰਕੇ 78 ਸੀਟਾਂ 'ਤੇ ਕਬਜ਼ਾ ਕੀਤਾ ਹੈ।
ਜਰਮਨੀ ਵਿਚ 2005 ਤੋਂ ਹੀ ਸੀ.ਡੀ.ਯੂ.-ਸੀ.ਐਸ.ਯੂ. ਤੇ ਐਸ.ਪੀ.ਡੀ. ਦਾ ਗਠਜੋੜ ਸੱਤਾ ਵਿਚ ਰਿਹਾ ਹੈ, ਜਿਸਦੀ ਅਗਵਾਈ ਦੇਸ਼ ਦੀ ਚਾਂਸਲਰ ਦੇ ਰੂਪ ਵਿਚ ਅੰਜੇਲਾ ਮਾਰਕੇਲ ਨੇ ਕੀਤੀ ਹੈ। ਪ੍ਰੰਤੂ, 2017 ਵਿਚ ਹੁਣ ਇਹ ਗਠਜੋੜ ਬਨਣਾ ਸੰਭਵ ਨਹੀਂ ਦਿਸ ਰਿਹਾ। ਐਸ.ਪੀ.ਡੀ. ਦੇ ਆਧਾਰ ਦਾ ਵੱਡਾ ਹਿੱਸਾ ਆਪਣੀ ਮੌਜੂਦਾ ਹਾਰ ਲਈ ਪਿਛਲੀ ਗਠਜੋੜ ਸਰਕਾਰ ਵਿਚ ਭਾਈਵਾਲੀ ਨੂੰ ਜਿੰਮੇਵਾਰ ਸਮਝਦਾ ਅਤੇ ਸੀ.ਡੀ.ਯੂ.-ਸੀ.ਐਸ.ਯੂ. ਨਾਲ ਗਠਜੋੜ ਦਾ ਵਿਰੋਧੀ ਹੈ। ਇੱਥੇ ਇਹ ਵੀ ਵਰਣਨਯੋਗ ਹੈ ਕਿ ਇਨ੍ਹਾਂ ਚੋਣਾਂ ਦੀ ਮੁਹਿੰਮ ਸ਼ੁਰੂ ਹੋਣ ਵੇਲੇ ਰਾਜਨੀਤਕ ਹਲਕਿਆਂ ਵਿਚ ਅਨੁਮਾਨ ਲਾਏ ਜਾ ਰਹੇ ਸਨ ਕਿ ਐਸ.ਪੀ.ਡੀ. ਇਸ ਵਾਰ ਸਭ ਤੋਂ ਵੱਡੀ ਪਾਰਟੀ ਬਣਕੇ ਉਭਰੇਗੀ ਅਤੇ ਇਸਦੇ ਆਗੂ ਮਾਰਟਿਨ ਸ਼ੁਲਜ਼ ਦੇਸ਼ ਦੇ ਚਾਂਸਲਰ ਬਨਣਗੇ ਪ੍ਰੰਤੂ ਮਈ ਮਹੀਨੇ ਵਿਚ ਹੋਈਆਂ ਸੂਬਿਆਂ ਦੀਆਂ ਅਸੰਬਲੀਆਂ ਦੀਆਂ ਚੋਣਾਂ ਵਿਚ ਵੱਜੀ ਪਛਾੜ ਤੋਂ ਇਹ ਪਾਰਟੀ ਉਭਰ ਨਹੀਂ ਸਕੀ ਅਤੇ ਸੰਸਦ ਵਿਚ 40 ਸੀਟਾਂ ਪਹਿਲਾਂ ਨਾਲੋਂ ਘੱਟ ਜਿੱਤ ਸਕੀ।
ਸੰਸਦ ਵਿਚ ਤੀਜੀ ਸਭ ਤੋਂ ਵੱਡੀ ਧਿਰ ਨਵ-ਨਾਜ਼ੀਵਾਦੀ ਏ.ਐਫ.ਡੀ. ਪਹਿਲਾਂ ਹੀ ਅੰਜੇਲਾ ਮਾਰਕੇਲ ਨਾਲ ਸਰਕਾਰ ਬਨਾਉਣ ਬਾਰੇ ਗੱਲਬਾਤ ਕਰਨ ਤੋਂ ਇਨਕਾਰ ਕਰ ਚੁੱਕੀ ਹੈ। ਨਵ-ਨਾਜੀਵਾਦੀ ਹੋਣ ਕਰਕੇ, ਇਕ ਸੁਲਝੀ ਪੂੰਜੀਵਾਦੀ ਰਾਜਨੀਤਕ ਆਗੂ ਮਾਰਕੇਲ ਵੀ ਇਸ ਨਾਲ ਕੋਈ ਸਬੰਧ ਨਹੀਂ ਰੱਖਣਾ ਚਾਹੇਗੀ। ਖੱਬੇ ਪੱਖੀ ਪਾਰਟੀ ਡਾਈ ਲਿੰਕੇ ਦੀ ਵੀ ਸਰਕਾਰ ਵਿਚ ਸ਼ਾਮਲ ਹੋਣ ਦੀ ਕੋਈ ਸੰਭਾਵਨਾ ਨਹੀਂ ਹੈ, ਕਿਉਂਕਿ ਉਸਦੀ ਰਾਜਨੀਤੀ ਦਾ ਤਾਂ ਆਧਾਰ ਹੀ ਪੂੰਜੀਵਾਦੀ ਗਠਜੋੜ ਸਰਕਾਰ ਦੀਆਂ ਨਵਉਦਾਰਵਾਦੀ ਨੀਤੀਆਂ ਤੇ ਮਿਹਨਤਕਸ਼ ਲੋਕਾਂ ਦੀਆਂ ਵਿਰੋਧੀ ਆਰਥਿਕ ਤੇ ਸਮਾਜਕ ਨੀਤੀਆਂ ਦਾ ਵਿਰੋਧ ਹੈ। ਇਸ ਸਥਿਤੀ ਵਿਚ ਸੁਭਾਵਕ ਹੀ ਹੈ ਕਿ ਅੰਜੇਲਾ ਮਾਰਕੇਲ ਦੋ ਛੋਟੀਆਂ ਪਾਰਟੀਆਂ 67 ਸੀਟਾਂ ਵਾਲੀ ਗਰੀਨ ਪਾਰਟੀ ਅਤੇ 78 ਸੀਟਾਂ ਵਾਲੀ ਐਫ.ਪੀ.ਡੀ. ਨਾਲ ਗਠਜੋੜ ਬਣਾਏਗੀ। ਐਫ.ਪੀ.ਡੀ. ਤਾਂ ਰਾਜਨੀਤਕ ਰੂਪ ਵਿਚ ਵੀ ਸੀ.ਡੀ.ਯੂ.-ਸੀ.ਐਸ.ਯੂ. ਦੇ ਨੇੜੇ ਹੈ, ਕਿਉਂਕਿ ਉਹ ਤਾਂ ਹੋਰ ਵਧੇਰੇ ਨਿੱਜੀਕਰਨ ਤੇ ਖੁੱਲ੍ਹੀ ਮੰਡੀ ਦੀ ਪੈਰੋਕਾਰ ਹੈ। ਗਰੀਨ ਪਾਰਟੀ, ਜਿਹੜੀ ਕਿ ਖੱਬੇ ਰੁਝਾਨ ਵਾਲੀ ਪ੍ਰਤੀਰੋਧ ਲਹਿਰ ਵਿਚੋਂ ਉਭਰੀ ਹੈ, ਵੀ ਪਿਛਲੇ ਲੰਮੇ ਸਮੇਂ ਵਿਚ ਕੋਈ ਅਗਾਂਹਵਧੂ ਆਰਥਕ-ਸਮਾਜਕ ਮੁੱਦਾ ਚੁੱਕਣ ਤੋਂ ਕਿਨਾਰਾ ਕਰ ਚੁੱਕੀ ਹੈ ਅਤੇ ਖੱਬੇ ਪੱਖੀ ਸ਼ਬਦਾਵਲੀ ਅਪਨਾਉਣ ਵਾਲੀਆਂ ਰਵਾਇਤੀ ਪੂੰਜੀਵਾਦੀ ਪਾਰਟੀਆਂ ਵਰਗਾ ਰੂਪ ਧਾਰਨ ਕਰ ਚੁੱਕੀ ਹੈ। ਇਹ ਨਵਾਂ ਗਠਜੋੜ ਦੇਸ਼ ਦੇ ਮਿਹਨਤਕਸ਼ ਲੋਕਾਂ ਲਈ ਕੋਈ ਚੰਗਾ ਸ਼ਗਨ ਨਹੀਂ ਹੈ ਕਿਉਂਕਿ ਇਹ ਪਿਛਲੀ ਸਰਕਾਰ ਨਾਲੋਂ ਵੀ ਵਧੇਰੇ ਸਖਤ ਨਵਉਦਾਰਵਾਦੀ ਨੀਤੀਆਂ ਅਪਨਾਏਗਾ।
ਅੰਜੇਲਾ ਮਾਰਕੇਲ ਨੂੰ ਆਪਣੀ ਪਾਰਟੀ ਵਿਚ ਵੀ ਹੋਰ ਵਧੇਰੇ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਵੇਗਾ। ਉਸ 'ਤੇ ਆਪਣੀ ਪਾਰਟੀ ਵਿਚਲੇ ਉਨ੍ਹਾਂ ਤੱਤਾਂ ਦਾ ਦਬਾਅ ਵਧੇਗਾ ਜਿਹੜੇ ਕਿ ਪ੍ਰਵਾਸੀਆਂ ਪ੍ਰਤੀ ਵਧੇਰੇ ਸਖਤ ਪਹੁੰਚ ਅਖਤਿਆਰ ਕਰਨ ਦੇ ਪੈਰੋਕਾਰ ਹਨ। ਇੱਥੇ ਇਹ ਵਰਣਨਯੋਗ ਹੈ ਕਿ ਨਵ-ਨਾਜੀਵਾਦੀ ਪਾਰਟੀ ਏ.ਐਫ.ਡੀ. ਨੇ ਪ੍ਰਵਾਸੀਆਂ ਦੇ ਮੁੱਦੇ ਨੂੰ ਇਨ੍ਹਾਂ ਚੋਣਾਂ ਦੌਰਾਨ ਮੁੱਖ ਮੁੱਦਾ ਬਣਾਇਆ ਸੀ। ਜਿਸਦਾ ਉਸਨੂੰ ਬਹੁਤ ਜ਼ਿਆਦਾ ਲਾਹਾ ਮਿਲਿਆ ਹੈ ਅਤੇ ਉਸਨੇ ਹਾਕਮ ਗਠਜੋੜ ਦੀਆਂ ਪਾਰਟੀਆਂ ਦੇ ਵੋਟ ਬੈਂਕ ਨੂੰ ਸਭ ਤੋਂ ਵਧੇਰੇ ਖੋਰਾ ਲਾਇਆ ਹੈ। ਇਸ ਤਰ੍ਹਾਂ ਆਉਣ ਵਾਲੇ ਸਮੇਂ ਵਿਚ ਜਮਰਨੀ ਨੂੰੂ ਰਾਜਨੀਤਕ ਅਸਥਿਰਤਾ ਦਾ ਦੌਰ ਦੇਖਣਾ ਪੈ ਸਕਦਾ ਹੈ। ਜਰਮਨੀ ਦੇ ਲੋਕਾਂ ਦੀ ਰਾਜਨੀਤਕ ਸਥਿਰਤਾ ਪੱਖੀ ਭਾਵਨਾ ਨੂੰ ਮਾਰਕੇਲ ਵਰਗੀ ਸ਼ਾਤਰ ਰਾਜਨੀਤੀਵਾਨ ਇਕ ਹਥਿਆਰ ਵਜੋਂ ਵੀ ਵਰਤ ਸਕਦੀ ਹੈ।
ਇਨ੍ਹਾਂ ਚੋਣਾਂ ਵਿਚ ਰਾਜਨੀਤਕ ਰੂਪ ਵਿਚ ਸਭ ਤੋਂ ਵੱਡੀ ਹਾਰ ਜਿੱਥੇ ਐਸ.ਪੀ.ਡੀ. ਨੂੰ ਦੇਖਣੀ ਪਈ ਹੈ। ਉਥੇ ਹੀ ਸਭ ਤੋਂ ਵਧੇਰੇ ਚਿੰਤਾਜਨਕ ਹੈ, ਧੁਰ ਸੱਜਪਿਛਾਖੜੀ ਨਵ-ਨਾਜ਼ੀਵਾਦੀ ਪਾਰਟੀ ਏ.ਐਫ.ਡੀ. ਦਾ ਸੰਸਦ ਵਿਚ ਤੀਜੀ ਸਭ ਤੋਂ ਵੱਡੀ ਪਾਰਟੀ ਬਣ ਜਾਣਾ। ਇਸ ਚਿੰਤਾ ਦਾ ਅੰਦਾਜ਼ਾ ਡਾਈ ਲਿੰਕੇ ਵਲੋਂ ਕੀਤੇ ਗਏ ਟਵੀਟ ''ਅਸੀਂ ਇਨ੍ਹਾਂ ਚੋਣਾਂ ਦੇ ਜੇਤੂਆਂ ਵਿਚੋਂ ਹਾਂ ਪ੍ਰੰਤੂ ਇਹ ਚੋਣ ਨਤੀਜੇ ਦੇਸ਼ ਦੀ ਰਾਜਨੀਤੀ ਦੇ ਸੱਜ ਪਿਛਾਖੜ ਵੱਲ ਨੂੰ ਤਬਦੀਲੀ ਦਾ ਵੀ ਪ੍ਰਗਟਾਵਾ ਕਰਦੇ ਹਨ'' ਤੋਂ ਲਾਇਆ ਜਾ ਸਕਦਾ ਹੈ। ਇਸੇ ਤਰ੍ਹਾਂ ਦੀਆਂ ਭਾਵਨਾਵਾਂ ਦਾ ਪ੍ਰਗਟਾਵਾ ਇਸ ਪਾਰਟੀ ਦੇ ਐਮ.ਪੀ. ਕ੍ਰਿਸਟੀਨ ਬੁਛੋਲਜ਼ ਨੇ ਵੀ ਕੀਤਾ ਹੈ ''ਏ.ਐਫ.ਡੀ. ਦਾ ਸੰਸਦ ਵਿਚ ਦਾਖਲਾ ਦੁਖਦ ਹੈ। ਕਈ ਦਹਾਕਿਆਂ ਵਿਚ ਪਹਿਲੀ ਵਾਰ ਨਾਜ਼ੀ ਬੰਡੇਸਟਾਗ (ਸੰਸਦ) ਵਿਚ ਹਾਜ਼ਰ ਹੋਣਗੇ।'' ਸਾਮਰਾਜੀਆਂ ਦੀ ਦਖਲ ਅੰਦਾਜ਼ੀ ਕਰਕੇ ਮੱਧ-ਪੂਰਬ ਏਸ਼ੀਆ ਤੇ ਦੱਖਣ ਏਸ਼ੀਆ ਵਿਚ ਚਲ ਰਹੀਆਂ ਖਾਨਾਜੰਗੀਆਂ ਤੇ ਜੰਗਾਂ ਦੇ ਸਿੱਟੇ ਵਜੋਂ ਇਨ੍ਹਾਂ ਦੇਸ਼ਾਂ ਤੋਂ ਯੂਰਪ ਵੱਲ ਪ੍ਰਵਾਸ ਕਰਨ ਲਈ ਮਜ਼ਬੂਰ ਉਜੜੇ ਲੋਕਾਂ ਨੂੰ ਦੇਸ਼ ਵਿਚ ਪ੍ਰਵਾਸੀਆਂ ਵਜੋਂ ਦਾਖਲ ਹੋਣ ਦੇਣ ਪ੍ਰਤੀ ਥੋੜ੍ਹਾ ਜਿਹਾ ਹਾਂ ਪੱਖੀ ਵਤੀਰਾ ਅਖਤਿਆਰ ਕਰਨ ਦੀ ਮਾਰਕੇਲ ਦੀ ਪਹੁੰਚ ਨੂੰ ਮੁੱਖ ਮੁੱਦਾ ਏ.ਐਫ.ਡੀ. ਨੇ ਬਣਾਇਆ ਹੈ। ਪੂੰਜੀਵਾਦੀ ਨਵਉਦਾਰਵਾਦੀ ਨੀਤੀਆਂ ਕਰਕੇ ਮਿਹਨਤਕਸ਼ ਜਨਤਾ ਨੂੰ ਦਰਪੇਸ਼ ਮੁਸ਼ਕਲਾਂ ਲਈ ਪਹਿਲਾਂ ਹੀ ਦੇਸ਼ ਵਿਚ ਵਸੇ ਪ੍ਰਵਾਸੀਆਂ ਨੂੰ ਜ਼ਿੰਮੇਵਾਰ ਠਹਿਰਾਉਂਦੇ ਹੋਏ ਇਹ ਪਾਰਟੀ ਇਸ ਬੇਚੈਨੀ ਦਾ ਲਾਹਾ ਲੈਣ ਵਿਚ ਸਫਲ ਰਹੀ ਹੈ। ਇਨ੍ਹਾਂ ਨਾਜੀਵਾਦੀਆਂ ਨੇ ਆਪਣੀ ਚੋਣ ਮੁਹਿੰਮ ਦੌਰਾਨ ਨਾਜ਼ੀਵਾਦੀ ਨਫਰਤ ਦਾ ਪੂਰੀ ਤਰ੍ਹਾਂ ਖੁਲ੍ਹਕੇ ਪ੍ਰਚਾਰ ਕੀਤਾ। ਉਨ੍ਹਾਂ ਦੇ ਆਗੂ ਬਜੋਰਨ ਹੋਕੇ ਨੇ ਕਿਹਾ ''ਹਿਟਲਰ ਨੇ ਬਹੁਤ ਕੁੱਝ ਚੰਗਾ ਵੀ ਕੀਤਾ।'' ''ਦੇਸ਼ ਦੀ ਰਾਜਧਾਨੀ ਬਰਲਿਨ ਵਿਚ ਹਿਟਲਰ ਵਲੋਂ ਯਹੂਦੀਆਂ ਦੇ ਨਰਸੰਘਾਰ ਵਿਰੁੱਧ ਉਸਾਰੀ ਗਈ, ਨਰਸੰਘਾਰ  ਵਿਰੋਧੀ ਕੌਮੀ ਯਾਦਗਾਰ ਰਾਜਧਾਨੀ ਲਈ ਸ਼ਰਮ ਦਾ ਚਿੰਨ੍ਹ ਹੈ।'' ਉਨ੍ਹਾਂ ਵਲੋਂ ਪ੍ਰਵਾਸੀਆਂ ਲਈ ਭੈੜੇ ਸ਼ਬਦ ਵਰਤਣੇ ਤਾਂ ਆਮ ਗੱਲ ਹੀ ਹੈ।
ਇਸ ਚੋਣ ਦਾ ਇਕ ਹਾਂ-ਪੱਖੀ ਪੱਖ ਹੈ, ਦੇਸ਼ ਦੀ ਖੱਬੇ ਪੱਖੀ ਪਾਰਟੀ ਡਾਈ ਲਿੰਕੇ ਦਾ ਪੂਰੇ ਯੂਰਪ ਵਿਚ ਧੁਰ ਪਿਛਾਖੜੀ ਸੱਜੇ ਪੱਖੀ ਰਾਜਨੀਤਕ ਸ਼ਕਤੀਆਂ ਦੇ ਪੱਖ ਵਿਚ ਹਵਾ ਚੱਲਣ ਤੋਂ ਬਾਵਜੂਦ ਉਨ੍ਹਾਂ ਵਿਰੁੱਧ ਸਪੱਸ਼ਟ ਪਹੁੰਚ ਅਖਤਿਆਰ ਕਰਦੇ ਹੋਏ ਆਪਣੀ ਪੁਜੀਸ਼ਨ ਨੂੰ ਕਾਇਮ ਹੀ ਨਾ ਰੱਖਣਾ ਬਲਕਿ ਉਸ ਵਿਚ ਥੋੜਾ ਜਿਹਾ ਸੁਧਾਰ ਵੀ ਕਰ ਲੈਣਾ। ਇਸਦਾ ਇਕ ਕਾਰਨ ਮਾਰਕੇਲ ਸਰਕਾਰ ਦੀਆਂ ਨਵਉਦਾਰਵਾਦੀ ਨੀਤੀਆਂ ਵਿਰੁੱਧ ਉਸ ਵਲੋਂ ਸਪੱਸ਼ਟ ਸਟੈਂਡ ਅਖਤਿਆਰ ਕਰਨਾ ਵੀ ਹੈ। ਆਉਣ ਵਾਲੇ ਸਮੇਂ ਵਿਚ ਤਾਂ ਡਾਈ ਲਿੰਕੇ ਹੀ ਏ.ਐਫ.ਡੀ. ਦੀ ਸਭ ਤੋਂ ਦਰਿੜ੍ਹ ਵਿਰੋਧੀ ਹੋਵੇਗੀ। ਇਸਦੇ ਆਗੂ ਬੇਰਨਡ ਰਇਏਸ਼ਿੰਗਰ ਨੇ ਇਸਨੂੰ ਸਪੱਸ਼ਟ ਕਰਦਿਆਂ ਕਿਹਾ ''ਅਸੀਂ ਏ.ਐਫ.ਡੀ. ਦੇ ਸਭ ਤੋਂ ਦਰਿੜ੍ਹ ਵਿਰੋਧੀ ਹੋਵਾਂਗੇ ਅਤੇ ਉਸਦੀਆਂ ਧੁਰ ਕੌਮਪ੍ਰਸਤ ਤੇ ਨਸਲਵਾਦੀ ਨੀਤੀਆਂ ਦਾ ਸਖਤ ਵਿਰੋਧ ਕਰਾਂਗੇ।'' ਰਇਏਸ਼ਿੰਗਰ ਨੇ ਇਹ ਵੀ ਪ੍ਰਵਾਨ ਕੀਤਾ ਕਿ ਡਾਈ ਲਿੰਕੇ ਨੂੰ ਇਨ੍ਹਾਂ ਚੋਣਾਂ ਦੇ ਸਿੱਟਿਆਂ ਨੂੰ ਧਿਆਨ ਵਿਚ ਰੱਖਦੇ ਹੋਏ ਆਪਣੀਆਂ ਸਮਾਜਕ ਨੀਤੀਆਂ ਨੂੰ ਹੋਰ ਵਧੇਰੇ ਸੁਧਾਰਨਾ ਹੋਵੇਗਾ। ਉਨ੍ਹਾਂ ਕਿਹਾ ''ਏ.ਐਫ.ਡੀ. ਜਮਾਤੀ ਵੰਡਾਂ ਨੂੰ ਆਪਣੇ ਹੱਕ ਵਿਚ ਵਰਤਣ ਵਿਚ ਸਫਲ ਰਹੀ ਹੈ।'' ਇਹ ਸਪੱਸ਼ਟ ਰੂਪ ਵਿਚ ਖੱਬੇ ਪੱਖੀਆਂ ਲਈ ਉਤਸ਼ਾਹਜਨਕ ਹੈ ਅਤੇ ਦਰਸਾਉਂਦਾ ਹੈ ਕਿ ਜਰਮਨੀ ਵਿਚ ਹਕੀਕੀ ਖੱਬੇ ਪੱਖੀ ਅਜੇ ਵੀ ਜਿਉਂਦੇ-ਜਾਗਦੇ ਹਨ ਅਤੇ ਸਮਾਜਕ ਨਿਆਂ ਦੇ ਸੰਘਰਸ਼ ਨੂੰ ਤਿੱਖਾ ਕਰਨ ਦੇ ਇੱਛੁਕ ਹਨ। ਇੱਥੇ ਇਹ ਵੀ ਨੋਟ ਕਰਨਾ ਬਣਦਾ ਹੈ ਕਿ ਡਾਈ ਲਿੰਕੇ ਦੀ ਵੋਟ ਸਮੁੱਚੇ ਜਰਮਨੀ ਦੇ ਵੱਖ-ਵੱਖ ਖੇਤਰਾਂ ਵਿਚ 1 ਤੋਂ ਲੈ ਕੇ 9 ਫੀਸਦੀ ਤੱਕ ਵਧੀ ਹੈ ਪ੍ਰੰਤੂ ਉਹ ਅਜੇ ਵੀ ਮਾਰਕੇਲ ਸਰਕਾਰ ਵਿਰੁੱਧ ਪਸਰੀ ਬੇਚੈਨੀ ਨੂੰ ਆਪਣੇ ਹੱਕ ਵਿਚ ਲਾਮਬੰਦ ਕਰਨ ਵਿਚ ਅਸਫਲ ਰਹੀ ਹੈ।
ਦੇਸ਼ ਵਿਚ ਨਵ-ਨਾਜ਼ੀਵਾਦੀ ਪਾਰਟੀ ਵਲੋਂ ਇਨ੍ਹਾਂ ਚੋਣਾਂ ਵਿਚ ਚੰਗੀ ਥਾਂ ਹਾਸਲ ਕਰ ਲੈਣ ਤੋਂ ਬਾਅਦ ਉਸ ਵਿਰੁੱਧ ਦੇਸ਼ ਭਰ ਵਿਚ ਪ੍ਰਤੀਰੋਧ ਮੁਜ਼ਾਹਰੇ ਵੀ ਸ਼ੁਰੂ ਹੋ ਗਏ ਹਨ। ਏ.ਐਫ.ਡੀ. ਦੇ ਹੈਡ ਕੁਆਰਟਰ ਨੂੰ ਹਜ਼ਾਰਾਂ ਲੋਕਾਂ ਨੇ ਜਾ ਘੇਰਿਆ ਜਿੱਥੇ ਕਿ ਉਨ੍ਹਾਂ ਵਲੋਂ ਜਿੱਤ ਦਾ ਜਸ਼ਨ ਮਨਾਇਆ ਜਾ ਰਿਹਾ ਸੀ। ਲੋਕ ਨਾਅਰੇ ਲਗਾ ਰਹੇ ਸਨ ''ਏ.ਐਫ.ਡੀ. ਨਸਲਵਾਦੀਆਂ ਦਾ ਗਿਰੋਹ ਹੈ'', ''ਨਾਜੀਵਾਦ ਮੁਰਦਾਬਾਦ''। ਲੋਕ ਐਨੇ ਰੋਹ ਵਿਚ ਸਨ ਕਿ ਸੁਰਖਿਆ ਗਾਰਡਾਂ ਤੇ ਪੁਲਸ ਨੂੰ ਆ ਕੇ ਦਖਲ ਦੇਣਾ ਪਿਆ। ਨਾਜੀਵਾਦੀਆਂ ਵਿਰੁੱਧ ਗੁੱਸੇ ਨੂੰ ਇਸ ਮੁਜਾਹਰੇ ਵਿਚ ਸ਼ਾਮਿਲ ਇਕ ਨੌਜਵਾਨ ਲੜਕੀ ਲੀਜਾ ਦੇ ਸ਼ਬਦ ਦਰਸਾਉਂਦੇ ਹਨ ''ਹੁਣ ਖਾਸ ਕਰਕੇ ਉਹ ਸਮਾਂ ਹੈ ਜਦੋਂ ਸਾਨੂੰ ਨਸਲਵਾਦ ਤੇ ਅੰਧ ਰਾਸ਼ਟਰਵਾਦ ਅਤੇ ਏ.ਐਫ.ਡੀ. ਦੀ ਸੱਜ ਪਿਛਾਖੜੀ ਵਿਚਾਰਧਾਰਾ ਵਿਰੁੱਧ ਆਵਾਜ਼ ਬੁਲੰਦ ਕਰਨੀ ਚਾਹੀਦੀ ਹੈ।'' ਇਸੇ ਤਰ੍ਹਾਂ ਦੇ ਮੁਜ਼ਾਹਰੇ ਜਰਮਨੀ ਦੇ ਹੋਰ ਸ਼ਹਿਰਾਂ ਫਰੈਂਕਫੁਰਤ ਅਤੇ ਕੋਲੋਗਨੇ ਵਿਚ ਵੀ ਹੋਏ ਹਨ।
ਜਰਮਨੀ, ਉਹ ਦੇਸ਼ ਹੈ ਜਿੱਥੇ ਹਿਟਲਰ ਦਾ ਉਭਾਰ ਤੇ ਪਤਨ ਹੋਇਆ। ਹਿਟਲਰ ਦੀਆਂ ਨਵ-ਨਾਜੀਵਾਦੀ ਨੀਤੀਆਂ ਕਰਕੇ ਜਰਮਨੀ ਦੇ ਲੋਕਾਂ ਨੂੰ ਭਿਆਨਕ ਅਤਿਆਚਾਰਾਂ ਦਾ ਸਾਹਮਣਾ ਤਾਂ ਕਰਨਾ ਹੀ ਪਿਆ ਨਾਲ ਹੀ ਦੇਸ਼ ਵੀ ਪੂਰੀ ਤਰ੍ਹਾਂ ਤਬਾਹ ਅਤੇ ਬਰਬਾਦ ਹੋ ਗਿਆ ਸੀ। ਇਹ ਇਕ ਬਹੁਤ ਹੀ ਚਿੰਤਾਜਨਕ ਗੱਲ ਹੈ ਕਿ ਉਸੇ ਦੇਸ਼ ਵਿਚ ਅਜਿਹੀ ਹੀ ਵਿਚਾਰਧਾਰਾ ਦੀ ਧਾਰਨੀ ਰਾਜਨੀਤਕ ਪਾਰਟੀ ਦਾ ਉਭਾਰ ਹੋਇਆ ਹੈ ਪ੍ਰੰਤੂ ਉਸ ਤੋਂ ਵਧੇਰੇ ਤਸੱਲੀ ਵਾਲੀ ਗੱਲ ਇਹ ਹੈ ਕਿ ਉਸ ਦੇਸ਼ ਦੇ ਮਿਹਨਤਕਸ਼ ਲੋਕ ਇਸ ਪ੍ਰਤੀ ਚੇਤਨ ਹਨ ਅਤੇ ਉਨ੍ਹਾਂ ਵਲੋਂ ਉਸਦਾ ਵਿਰੋਧ ਵੀ ਨਾਲ ਹੀ ਸ਼ੁਰੂ ਹੋ ਗਿਆ ਹੈ।

No comments:

Post a Comment