Thursday 12 October 2017

ਸਾਹਿਤ ਤੇ ਸੱਭਿਆਚਾਰ (ਸੰਗਰਾਮੀ ਲਹਿਰ-ਅਕਤੂਬਰ 2017)

ਕਹਾਣੀ
ਇੱਕ ਜਿਸਮ ਦੋ ਜਾਮੇ
- ਗੁਲਜ਼ਾਰ ਸੰਧੂ
 
ਆਜ਼ਾਦੀ ਦੀ ਪੰਜਾਹਵੀਂ ਵਰ੍ਹੇ ਗੰਢ ਦੇ ਜਸ਼ਨ ਮਨਾਏ ਜਾਣ ਲੱਗੇ ਤਾਂ ਅਖ਼ਬਾਰਾਂ, ਰਸਾਲੇ, ਰੇਡੀਓ ਤੇ ਟੈਲੀਵੀਜ਼ਨ ਪੰਜਾਹ ਵਰ੍ਹੇ ਪਹਿਲਾਂ ਦੀਆਂ ਘਟਨਾਵਾਂ ਦਾ ਇਸ ਤਰ੍ਹਾਂ ਵੇਰਵਾ ਦੇਣ ਲੱਗੇ ਜਿਵੇਂ ਇਨ੍ਹਾਂ ਦਾ ਜ਼ਿਕਰ ਜ਼ਕਾਰ ਤੇ ਵਰਣਨ ਬੜੇ ਮਾਣ ਵਾਲੀ ਗੱਲ ਹੋਵੇ! ਦੇਸ਼ ਦੇ ਦੋ ਟੁਕੜੇ ਹੋਣ ਤੇ ਏਧਰਲੇ ਮੁਸਲਮਾਨ ਓਧਰ ਤੇ ਓਧਰਲੇ ਹਿੰਦੂ ਸਿੱਖ ਏਧਰ ਆਉਣ ਦੇ ਅਮਲ ਨਾਲ ਜੋ ਜਾਨੀ ਤੇ ਮਾਲੀ ਨੁਕਸਾਨ ਹੋਇਆ ਸੀ ਉਸਨੂੰ ਸੁਤੰਤਰਤਾ ਸੰਗ੍ਰਾਮ ਦੀਆਂ ਝਲਕੀਆਂ ਦਾ ਕਲਸ਼ ਚੜ੍ਹਾਇਆ ਜਾ ਰਿਹਾ ਸੀ। ਅਖ਼ਬਾਰਾਂ ਦੇ ਵਿਸ਼ੇਸ਼ ਅੰਕ ਸੁਤੰਤਰਤਾ  ਦੀ ਲੜਾਈ ਨਾਲ ਸਬੰਧਤ ਘਟਨਾਵਾਂ ਨਾਲ ਰੰਗੀਨ ਤੇ ਸਚਿਤਰ ਕੀਤੇ ਜਾ ਰਹੇ ਸਨ।
ਅਮ੍ਰਿਤ ਛੱਕ ਕੇ ਨੂਰਾਂ ਤੋਂ ਚੰਨ ਕੌਰ ਬਣੀ ਚੰਨੋ ਦੇ ਮਨ ਵਿੱਚ ਇਹ ਸਾਰੀਆਂ ਘਟਨਾਵਾਂ ਬੜੀ ਉਥਲ-ਪੁਥਲ ਪੈਦਾ ਕਰਨ ਵਾਲੀਆਂ ਸਨ। ਉਹ ਦਸ ਬਾਰਾਂ ਸਾਲ ਦੀ ਸੀ ਜਦੋਂ ਦੇਸ਼ ਦੀ ਵੰਡ ਹੋਈ ਸੀ। ਉਸਦੇ ਮਾਪੇ ਬਸੀ ਪਠਾਣਾਂ ਦੇ ਨੇੜਲੇ ਪਿੰਡ ਮਹਿਦੂਦਾਂ ਵਿੱਚ ਗੁਜ਼ਾਰੇ ਯੋਗ ਜ਼ਮੀਨ ਦੇ ਮਾਲਕ ਸਨ। ਉਸਦੀਆਂ ਦੋਵੇਂ ਵੱਡੀਆਂ ਭੈਣਾਂ ਵਿਆਹੀਆਂ ਹੋਈਆਂ ਸਨ ਤੇ ਛੋਟਾ ਭਰਾ ਚੌਥੀ ਜਮਾਤ ਵਿੱਚ ਪੜ੍ਹਦਾ ਸੀ। ਜਿਸ ਦਿਨ ਮਹਿਦੂਦਾਂ ਵਿੱਚ ਕਤਲੇਆਮ ਹੋਇਆ ਉਸਦੇ ਮਾਂ ਬਾਪ ਕਤਲ ਹੋ ਗਏ ਸਨ ਪਰ ਛੋਟਾ ਭਰਾ ਬਚਦਾ-ਬਚਦਾ ਕੈਂਪ ਵਿੱਚ ਪਹੁੰਚ ਗਿਆ ਸੀ ਜਿਥੋਂ ਮਿਲਟਰੀ ਵਾਲੇ ਉਨ੍ਹਾਂ ਦੇ ਪਿੰਡ ਵਾਲਿਆਂ ਨੂੰ ਪਾਕਿਸਤਾਨ ਦੀ ਹੱਦ ਪਾਰ ਕਰਵਾਉਣ ਵਿੱਚ ਸਫਲ ਹੋ ਗਏ ਸਨ।
ਨੂਰਾਂ ਨੂੰ ਉਨ੍ਹਾਂ ਦੇ ਗਵਾਂਢੀ ਪ੍ਰਤਾਪ ਸਿੰਘ ਦੀ ਵਹੁਟੀ ਨੇ ਆਪਣੇ ਹੀ ਘਰ ਰੱਖ ਲਿਆ ਸੀ, ਜਿਸਦੇ ਪੇਕੇ ਉਸਦੀ ਮਾਂ ਦੇ ਪੇਕਿਆਂ ਵਾਂਗ ਬਠਿੰਡਾ ਜ਼ਿਲੇ ਵਿੱਚ ਹੋਣ ਕਾਰਨ ਨੂਰਾਂ ਉਸਨੂੰ ਮਾਸੀ ਕਹਿ ਕੇ ਬੁਲਾਇਆ ਕਰਦੀ ਸੀ। ਭਾਵੇਂ ਪ੍ਰਤਾਪ ਸਿੰਘ ਦੀ ਘਰ ਵਾਲੀ ਤੇ ਪ੍ਰਤਾਪ ਸਿੰਘ ਤੋਂ ਉਸਨੂੰ ਦੂਹਰਾ ਪਿਆਰ ਮਿਲ ਰਿਹਾ ਸੀ। ਮਾਸੀ ਵਾਲਾ ਵੀ ਤੇ ਤਾਏ ਵਾਲਾ ਵੀ। ਮਾਪਿਆਂ ਦੀ ਮੌਤ ਉਪਰੰਤ ਇਸ ਪਿਆਰ ਦੇ ਦੂਣ ਸਵਾਏ ਹੋਣ ਦਾ ਇੱਕ ਕਾਰਨ ਪ੍ਰਤਾਪ ਸਿੰਘ ਦੇ ਘਰ ਔਲਾਦ ਨਾ ਹੋਣਾ ਵੀ ਸੀ।
ਪ੍ਰਤਾਪ ਸਿੰਘ ਉਸਨੂੰ ਮੁਸਲਮਾਨ ਬੱਚੀ ਵਜੋਂ ਹੀ ਪਾਲ ਰਿਹਾ ਸੀ। ਉਸਨੇ ਅੰਮ੍ਰਿਤ ਛਕਾ ਕੇ ਨਾਂਅ ਬਦਲਣ ਦੀ ਵੀ ਲੋੜ ਨਹੀਂ ਸੀ ਸਮਝੀ। ਇਹ ਕਿਹੜਾ ਛੋਟੀ ਜਿਹੀ ਗੱਲ ਸੀ ਕਿ ਉਸਨੂੰ ਬੈਠੇ ਬਠਾਏ ਨੂੰ ਔਲਾਦ ਮਿਲ ਗਈ ਸੀ। ਹਾਂ, ਗੱਲਾਂ ਗੱਲਾਂ ਵਿੱਚ ਉਹ ਨੂਰਾਂ ਨੂੰ ਸਾਵੀਂ ਵਿੱਦਿਆ ਦੇਣ ਦਾ ਯਤਨ ਕਰਦਾ। ਫਤਿਹਗੜ੍ਹ ਸਾਹਿਬ ਤੇ ਸਰਹੰਦ ਦੀ ਇਤਿਹਾਸਕ ਤਣਾਅ ਵਾਲੀ ਧਰਤੀ ਵਿੱਚ ਰਹਿੰਦੇ ਹੋਣ ਦੇ ਬਾਵਜੂਦ ਪ੍ਰਤਾਪ ਸਿੰਘ ਤੇ ਉਸਦੀ ਪਤਨੀ ਮੁਸਲਮਾਨਾਂ ਨੂੰ ਮਾੜਾ ਨਹੀਂ ਸਨ ਕਹਿੰਦੇ । ਉਹ ਸੂਬਾ ਸਰਹੰਦ ਵਲੋਂ ਛੋਟੇ ਸਾਹਿਬਜ਼ਾਦਿਆਂ ਨੂੰ ਨੀਹਾਂ ਵਿੱਚ ਚਿਣਵਾਏ ਜਾਣ ਦੀ ਘਟਨਾ ਦਾ ਬਹੁਤਾ ਜ਼ਿਕਰ ਕੀਤੇ ਬਿਨਾਂ ਮਲੇਰਕੋਟਲੇ ਦੇ ਨਵਾਬ ਦੀ ਗੱਲ ਬਾਰ-ਬਾਰ ਕਰਦੇ ਜਿਸ ਨੇ ਸਰਹੰਦ ਦੇ ਸੂਬੇਦਾਰ ਵਜੀਦ ਖਾਂ ਨੂੰ ਸਾਹਿਬਜ਼ਾਦਿਆਂ ਉਤੇ ਜ਼ੁਲਮ ਢਾਹੁਣ ਤੋਂ ਵਰਜਿਆ ਸੀ। ਹਾਂ ਕਦੀ ਕਦਾਈਂ ਗੰਗੂ ਬ੍ਰਾਹਮਣ ਦਾ ਜ਼ਿਕਰ ਕਰਕੇ ਸਾਰਾ ਦੋਸ਼ ਉਸਦੇ ਸਿਰ ਮੜ੍ਹ ਦਿੰਦੇ। ਉਹ ਦੋਵੇਂ ਹੀ ਨੂਰਾਂ ਦੇ ਮਨ ਉਤੇ ਇਹ ਅਸਰ ਪਾਉਂਦੇ ਕਿ ਮੁਸਲਮਾਨ ਤੇ ਸਿੱਖ ਜੋ ਕੁਝ ਵੀ ਕਰਦੇ ਹਨ ਠੀਕ ਹੀ ਕਰਦੇ ਹਨ, ਕੇਵਲ ਗੰਗੂ ਵਰਗੇ ਹੀ ਧਨ ਦੌਲਤ ਜਾਂ ਗਹਿਣੇ ਗੱਟੇ ਦੇ ਲਾਲਚ ਵਿੱਚ ਆ ਕੇ ਆਪਣੀ ਆਪਣੀ ਜ਼ਮੀਰ ਵੇਚਦੇ ਹਨ। ਉਹ ਨੂਰਾਂ ਬੱਚੀ ਦੇ ਮਨ ਵਿੱਚ ਸਿੱਖਾਂ ਜਾਂ ਮੁਸਲਮਾਨਾਂ ਬਾਰੇ ਕੋਈ ਮਾੜੀ ਗੱਲ ਨਹੀਂ ਸੀ ਆਉਣ ਦੇਣੀ ਚਾਹੁੰਦੇ, ਹੋਰ ਕਿਸੇ ਫਿਰਕੇ ਦੀ ਉਨ੍ਹਾਂ ਨੂੰ ਏਨੀ ਫ਼ਿਕਰ ਨਹੀਂ ਸੀ।
ਨੂਰਾਂ ਨੂੰ ਮਿਲ ਰਿਹਾ ਪਿਆਰ ਤੇ ਮੁਹੱਬਤ ਥੋੜ੍ਹ ਚਿਰਾ ਸਾਬਤ ਹੋਇਆ। ਕਿਸੇ ਨੇ ਸਰਕਾਰ ਨੂੰ ਇਤਲਾਹ ਦੇ ਦਿੱਤੀ ਸੀ ਕਿ ਪ੍ਰਤਾਪ ਸਿੰਘ ਨੇ ਆਪਣੇ ਘਰ ਇਕ ਮੁਸਲਮਾਨ ਲੜਕੀ ਨੂੰ ਰੱਖਿਆ ਹੋਇਆ ਸੀ। ਨਤੀਜੇ ਵਜੋਂ ਇੱਕ ਦਿਨ ਮਿਲਟਰੀ ਵਾਲੇ ਨੂਰਾਂ ਦੇ ਰੋਂਦਿਆਂ ਕੁਰਲਾਂਦਿਆਂ ਤੇ ਪ੍ਰਤਾਪ ਸਿੰਘ ਦੀਆਂ ਸਭ ਦਲੀਲਾਂ ਦੇ ਬਾਵਜੂਦ ਉਸਨੂੰ ਪਾਕਿਸਤਾਨ ਵਿੱਚ ਉਸਦੇ ਛੋਟੇ ਭਰਾ ਨਾਲ ਮਿਲਾਣ ਦਾ ਲਾਰਾ ਲਾ ਕੇ ਆਪਣੇ ਨਾਲ ਲੈ ਗਏ ਸਨ।
ਟਰੱਕ ਵਿੱਚ ਬਿਠਾ ਕੇ ਲੈ ਜਾਣ ਵਾਲਾ ਜਲੰਧਰ ਜ਼ਿਲੇ ਦੇ ਪਿੰਡ ਭੁਲੱਥ ਦਾ ਹਵਾਲਦਾਰੀ ਪਿਨਸ਼ਨ ਆਇਆ ਪੂਰਨ ਸਿੰਘ ਸੀ ਜਿਸਨੂੰ ਫ਼ੌਜ ਵਾਲਿਆਂ ਨੇ ਉਧਲੇ-ਉਧਾਲੇ ਜੀਵਾਂ ਨੂੰ ਵਸਾਉਣ ਦੇ ਕੰਮ ਲਈ ਮੁੜ ਡਿਉੂਟੀ ਉਤੇ ਸੱਦ ਲਿਆ ਸੀ। ਪੂਰਨ ਸਿੰਘ ਨੇ ਜਿਸ ਦਿਨ ਦੀ ਇਹ ਡਿਉੂਟੀ ਲਈ ਸੀ ਉਸਦੀ ਨਿਗਾਹ ਆਪਣਾ ਘਰ ਵਸਾਉਣ ਉਤੇ ਲੱਗੀ ਹੋਈ ਸੀ, ਜਿਹੜਾ ਉਸਦੀ ਵਹੁਟੀ ਦੇ ਮਰ ਜਾਣ ਕਾਰਨ ਉਜੜਦਾ ਜਾ ਰਿਹਾ ਸੀ। ਉਹ ਅੱਠ ਸਾਲ ਤੋਂ ਛੋਟੀ ਉਮਰ ਦੀਆਂ ਤਿੰਨ ਬੱਚੀਆਂ ਛੱਡ ਕੇ ਰੱਬ ਦੇ ਘਰ ਨੂੰ ਤੁਰ ਗਈ ਸੀੇ। ਦੋ ਛੋਟੀਆਂ ਬੱਚੀਆਂ ਨੂੰ ਉਨ੍ਹਾਂ ਦੇ ਨਾਨਕੇ ਲੈ ਗਏ ਸਨ। ਪੂਰਨ ਸਿੰਘ ਦਾ ਦਿਲ ਨਹੀਂ ਸੀ ਲੱਗਦਾ। ਘਰ ਵਿੱਚ ਉਹ ਸੀ, ਉਸਦੀ ਮਾਂ ਸੀ ਤੇ ਵੱਡੀ ਧੀ ਸੀ।
ਪੂਰਨ ਸਿੰਘ ਜਿਸ ਦਿਨ ਤੋਂ ਗਿਆਰਾਂ ਬਾਰਾਂ ਵਰ੍ਹੇ ਦੀ ਉਮਰ ਵਾਲੀ ਪਰ ਵੇਖਣ ਨੂੰ ਇਸ ਤੋਂ ਵਡੇਰੀ ਨੂਰਾਂ ਨੂੰ ਟਰੱਕ ਵਿੱਚ ਲੈ ਕੇ ਆਇਆ ਸੀ, ਪਾਕਿਸਤਾਨ ਗਏ ਮੁਸਲਮਾਨਾਂ ਦੀਆਂ ਉੂਟਪਟਾਂਗ ਗੱਲਾਂ ਸੁਣਾ ਕੇ ਉਸਦੇ ਮਨ ਵਿੱਚ ਮੁਸਲਮਾਨਾਂ ਦੇ ਖਿਲਾਫ਼ ਨਫ਼ਰਤ ਭਰਦਾ ਰਿਹਾ ਸੀ। ਉਹ ਚਾਹੁੰਦਾ ਸੀ ਕਿ ਉਹ ਆਪਣੀਆਂ ਵੱਡੀਆਂ ਭੈਣਾਂ, ਜਿਨ੍ਹਾਂ ਬਾਰੇ ਉਸਨੂੰ ਸੱਚ ਹੀ ਕੋਈ ਸੂਹ ਨਹੀਂ ਸੀ ਮਿਲੀ ਤੇ ਛੋਟੇ ਭਰਾ ਨੂੰ ਭੁੱਲ ਜਾਵੇ ਜਿਹੜਾ ਪਤਾ ਨਹੀਂ ਕਿਹੜੇ ਕੈਂਪ ਰਾਹੀਂ ਕਿਧਰ ਦਾ ਕਿਧਰ ਚਲਾ ਗਿਆ ਸੀ।
ਪੁੂਰਨ ਸਿੰਘ ਦੀ ਚੌਂਕੀ ਅਟਾਰੀ ਤੋਂ ਤਿੰਨ ਚਾਰ ਮੀਲ ਅੱਗੇ ਉਧੋਵਾਲ ਧਾਰੀਵਾਲ ਪਿੰਡ ਵਿੱਚ ਸੀ ਜਿਹੜਾ ਭਾਰਤ-ਪਾਕਿ ਸੀਮਾ ਦੇ ਬਹੁਤ ਨੇੜੇ ਸੀ। ਸੀਮਾ ਦੇ ਨੇੜੇ ਹੋਣ ਕਾਰਨ ਇਥੇ ਤਸਕਰੀ ਦਾ ਕੰਮ ਵੀ ਖੂਬ ਚਲਦਾ ਸੀ। ਪੂਰਨ ਸਿੰਘ ਤਸਕਰੀ ਦੀ ਕਮਾਈ ਸਦਕਾ ਚਾਰ ਪੈਸੇ ਖੁੱਲ੍ਹੇ ਖਰਚਣ ਲਈ ਵੀ ਜਾਣਿਆ ਜਾਂਦਾ ਸੀ। ਉਸਨੇ ਨੂਰਾਂ ਨੂੰ ਉਸੇ ਪਿੰਡ ਦੇ ਇੱਕ ਸਿੱਖ ਜ਼ਿਮੀਂਦਾਰ ਦੇ ਘਰ ਛੱਡਿਆ ਹੋਇਆ ਸੀ ਜਿਹੜਾ ਪੂਰਨ ਸਿੰਘ ਕੋਲ ਦਾਰੂ ਆਦਿ ਪੀਣ ਆਉਂਦਾ ਰਹਿੰਦਾ ਸੀ। ਪੂਰਨ ਸਿੰਘ ਵੀ ਆਪਣੇ ਜੱਟ ਮਿੱਤਰ ਨੂੰ ਖੁਸ਼ ਰੱਖਣ ਲਈ ਉਸਦੇ ਘਰ ਵਾਲਿਆਂ ਦੀ ਪੈਸੇ-ਟਕੇ ਤੇ ਲੋੜੀਂਦੀਆਂ ਵਸਤਾਂ ਨਾਲ ਸਹਾਇਤਾ ਕਰਦਾ ਰਹਿੰਦਾ ਸੀ।
ਇਹ ਸਭ ਕੁਝ ਉਹ ਨੂਰਾਂ ਨੂੰ ਖੁਸ਼ ਕਰਨ ਲਈ ਕਰਦਾ ਸੀ। ਉਸਦਾ ਮੂਲ ਮਨੋਰਥ ਨੂਰਾਂ ਨੂੰ ਅਪਣੇ ਬੱਚਿਆਂ ਦੀ ਦੇਖਭਾਲ ਵਾਸਤੇ ਆਪਣੇ ਪਿੰਡ ਭੁਲੱਥ ਲੈ ਕੇ ਜਾਣਾ ਸੀ। ਘਰ ਵਿੱਚ ਉਸਦਾ ਰੁਤਬਾ ਨੌਕਰਾਣੀ ਵਾਲਾ ਰੱਖ ਕੇ ਪੂਰਨ ਸਿੰਘ ਕਿਸੇ ਪੜਾਅ ਉਤੇ ਉਸਨੂੰ ਆਪਣੀ ਘਰ ਵਾਲੀ ਬਣਾ ਸਕਦਾ ਸੀ। ਇਸੇ ਆਸ਼ੇ ਨਾਲ ਉਹ ਨੂਰਾਂ ਨੂੰ ਦੋ ਦਿਨ ਦੀ ਛੁੱਟੀ ਲੈ ਕੇ ਕੇਵਲ ਪਿੰਡ ਹੀ ਨਹੀਂ ਸੀ ਛੱਡ ਆਇਆ ਸਗੋਂ ਉਸਨੂੰ ਡੇਰੇ ਲਿਜਾ ਕੇ ਅੰਮ੍ਰਿਤ ਵੀ ਛਕਵਾ ਆਇਆ ਸੀ।
ਹੁਣ ਨੂਰਾਂ ਦਾ ਨਾਂਅ ਚੰਨ ਕੌਰ ਹੋ ਚੁੱਕਾ ਸੀ ਭਾਵੇਂ ਪੂਰਨ ਸਿੰਘ ਦੀ ਮਾਂ ਉਸਨੂੰ ਪਿਆਰ ਵਿੱਚ ਚੰਨੋ ਕਹਿ ਕੇ ਬੁਲਾਉਂਦੀ ਸੀ। ਛੋਟੇ ਦੋਵੇਂ ਬੱਚੇ ਨਾਨਕੇ ਪਿੰਡ ਹੋਣ ਕਾਰਨ ਏਥੇ ਪੂਰਨ ਸਿੰਘ ਦੀ ਮਾਂ ਤੇ ਵੱਡੀ ਧੀ ਹੀ ਰਹਿੰਦੇ ਸਨ ਜਿਨ੍ਹਾਂ ਵਿੱਚ ਚੰਨੋ ਦਾ ਦਿਲ ਸਹਿਜੇ-ਸਹਿਜੇ ਲੱਗ ਗਿਆ ਸੀ। ਉਂਝ ਵੀ ਆਏ ਗਏ ਦੇ ਹੱਥ ਅਟਾਰੀ ਬਾਰਡਰ ਤੋਂ ਚੰਨੋ ਦੀ ਮਨਪਸੰਦ ਦੀ ਹਰ ਇਕ ਚੀਜ਼ ਭੁਲੱਥ ਪਹੁੰਚਦੀ ਰਹਿੰਦੀ ਸੀ।
ਇਹ ਗੱਲ ਮਾਂ ਵੀ ਜਾਣਦੀ ਸੀ ਉਸਦੇ ਕੋਲ ਰਹਿ ਰਹੀ ਵੱਡੀ ਧੀ ਵੀ ਕਿ ਆਮ ਤੌਰ 'ਤੇ ਬੋਤਲ ਦਾ ਸ਼ੌਕ ਪਾਲਣ ਵਾਲਾ ਪੂਰਨ ਸਿੰਘ ਇਹ ਸਭ ਕੁਝ ਚੰਨੋ ਨੂੰ ਖੁਸ਼ ਰੱਖਣ ਲਈ ਹੀ ਕਰ ਰਿਹਾ ਸੀ। ਸਹਿਜੇ-ਸਹਿਜੇ ਘਰ ਵਿੱਚ ਚੰੰਨੋ ਦਾ ਚੰਗਾ ਖ਼ਾਸਾ ਸਥਾਨ ਬਣਦਾ ਜਾ ਰਿਹਾ ਸੀ, ਜਿਹੜਾ ਉਸਦੀ ਉਮਰ ਨਾਲੋਂ ਕੁਝ ਵਧੇਰੇ ਹੀ ਮਹੱਤਵ ਅਖਤਿਆਰ ਕਰ ਰਿਹਾ ਸੀ। ਪਿਛਲੇ ਪੰਜਾਹ ਸਾਲਾਂ ਤੋਂ ਚੰਨੋ ਦਾ ਨੂਰਾਂ ਤੋਂ ਪੂਰੀ ਚੰਨ ਕੌਰ ਬਣਨ ਦਾ ਇਹ ਸਫ਼ਰ ਦਿਲਚਸਪ ਸੀ। ਪੁੂਰਨ ਸਿੰਘ ਨਾਲ ਵਿਆਹ ਤੋਂ ਪਹਿਲਾਂ ਉਹ ਉਸਦੀ ਧੀਆਂ ਦੀ ਸਹੇਲੀ ਮਾਤਰ ਸੀ ਜਿਸਦਾ ਸਦਕਾ ਉਹ ਆਪਣੇ ਬਚਪਨ ਨੂੰ ਯਤੀਮਾਂ ਦੇ ਬਚਪਨ ਨਾਲੋਂ ਬਹੁਤ ਚੰਗਾ ਸਮਝਦੀ ਆਈ ਸੀ ਤੇ ਵਿਆਹ  ਤੋਂ ਪਿਛੋਂ ਉਸਦੇ ਦੇ ਪੁੱਤਰ ਵੀ ਹੋ ਗਏ ਸਨ ਜਿਨ੍ਹਾਂ ਨੇ ਵੱਡੇ ਹੋ ਕੇ ਪੂਰਨ ਸਿੰਘ ਦੀ ਜ਼ਮੀਨ ਜਾਇਦਾਦ ਦੇ ਮਾਲਕ ਹੋਣਾ ਸੀ। ਦੁਆਬੇ ਵਿੱਚ ਦਸ ਏਕੜ ਇੱਕ ਤਰ੍ਹਾਂ ਨਾਲ ਸਤਿਕਾਰਯੋਗ ਸੰਪਤੀ ਕਹੀ ਜਾ ਸਕਦੀ ਸੀ। ਦੀਨ ਈਮਾਨ ਤੇ  ਮਜ਼ਹਬ ਦੀਆਂ ਲੀਕਾਂ ਵੀ ਚੰਨ ਕੌਰ ਨੇ ਖ਼ੁਦ ਹੀ ਮਿਥੀਆਂ ਸਨ। ਮਰਯਾਦਾ ਨੂੰ ਮੰਨਣ ਜਾਂ ਨਾ ਮੰਨਣ ਦਾ ਫ਼ੈਸਲਾ ਵੀ ਉਸਨੇ ਆਪ ਹੀ ਕਰਨਾ ਹੁੰਦਾ ਸੀ। ਉਂਝ ਤਾਂ ਪੂਰਨ ਸਿੰਘ ਦੀ ਮਾਂ ਦੇ ਜੀਊਂਦੇ ਜੀਅ ਵੀ ਉਸਨੂੰ ਰੋਕਣ ਟੋਕਣ ਦੀ ਕਿਸੇ ਵਿੱਚ ਹਿੰਮਤ ਨਹੀਂ ਸੀ ਪਰ ਮਾਂ ਦੀ ਮੌਤ ਤੋਂ ਪਿਛੋਂ ਤਾਂ ਉਹ ਪੂਰੇ ਘਰ ਦੀ ਪੂਰਨ ਮਾਲਕ ਸੀ ਜਿਸ ਵਿੱਚ ਪੂਰਨ ਸਿੰਘ ਦੇ ਘਰ ਆਉਣ ਜਾਣ ਵਾਲਿਆਂ ਦੀ ਸੀਮਾ ਤੇ ਖੁੱਲ੍ਹ ਵੀ ਉਸਨੇ ਆਪ ਹੀ ਮਿਥਣੀ ਹੁੰਦੀ ਸੀ।
ਚੰਨ ਕੌਰ ਦੀ ਸਭ ਤੋਂ ਵੱਡੀ ਸਿਫ਼ਤ ਉਸ ਵਲੋਂ ਅੱਖਾਂ, ਨੱਕ ਤੇ ਕੰਨਾਂ ਦੀ ਯੋਗ ਤੇ ਚੋਣਵੀਂ ਵਰਤੋਂ ਸੀ। ਉਸਨੂੰ ਪਤਾ ਸੀ ਕਿ ਉਸਨੇ ਕਿਹੜੀ ਗੱਲ ਨੂੰ ਸੁਣ ਕੇ ਅਣਸੁਣੀ ਕਰਨਾ ਹੈ ਤੇ ਕਿਹੜੀ ਨੂੰ ਵੇਖ ਕੇ ਅਣਡਿੱਠ । ਹਰ ਪੱਖ ਤੋਂ ਸਫਲ ਤੇ ਪ੍ਰਵਾਨ ਇਸ ਔਰਤ ਨੇ ਜ਼ਿੰਦਗੀ ਦੇ ਚੰਗੇ ਤੇ ਮੰਦੇ ਸਾਰੇ ਪਲ ਸੁਘੜ ਤੇ ਸੁਚੇਤ ਰਹਿ ਕੇ ਮਾਣੇ ਸਨ। ਏਥੋਂ ਤੱਕ ਕਿ ਉਸਨੇ ਆਪਣੇ ਪਿੰਡ ਮਹਿਦੂਦਾਂ ਤੇ ਪਿੰਡ ਦੇ ਨੇੜੇ ਵਾਪਰੀਆਂ ਮਾਤਾ ਗੁਜਰੀ ਤੇ ਛੋਟੇ ਸਾਹਿਬਜ਼ਾਦਿਆਂ ਦੀ ਸ਼ਹੀਦੀ ਨਾਲ ਸਬੰਧਤ ਉਹ ਘਟਨਾਵਾਂ ਵੀ, ਜਿਹੜੀਆਂ ਬਚਪਨ ਵਿੱਚ ਉਸਨੂੰ ਬਹੁਤ ਦੁਖਦਾਈ ਜਾਪਦੀਆਂ ਸਨ, ਜ਼ਿੰਦਗੀ ਦੀ ਅਟੱਲ ਸਚਾਈ ਵਾਂਗ ਹੀ ਪ੍ਰਵਾਨ ਕਰ ਲਈਆਂ ਸਨ ਜਿਸ ਵਿੱਚ ਮਲੇਰਕੋਟਲੇ ਦੇ ਨਵਾਬ ਵਲੋਂ ਮਾਰਿਆ ਹਾਅ ਦਾ ਨਾਅਰਾ ਵੀ ਇੱਕ ਘਟਨਾ ਮਾਤਰ ਹੀ ਸੀ। ਉਹਦੇ ਲਈ ਦੋਹਾਂ ਦਾ ਮਹੱਤਵ ਬਰਾਬਰ ਸੀ-ਜ਼ਿੰਦਗੀ ਦਾ ਬਹੁਤ ਵੱਡਾ ਸੱਚ।
ਹੁਣ ਜਦੋਂ ਆਕਾਸ਼ਬਾਣੀ ਤੇ ਦੂਰਦਰਸ਼ਨ ਨੇ ਪੁਰਾਣੇ ਜ਼ਖ਼ਮ ਕੁਰੇਦਣੇ ਸ਼ੁਰੂ ਕਰ ਦਿੱਤੇ ਸਨ ਤਾਂ ਚੰਨ ਕੌਰ ਦਾ ਸੱਚ ਵੀ ਥਿੜਕਣ ਲੱਗ ਪਿਆ ਸੀ। ਉਸਦੇ ਆਪੂੰ ਸਿਰਜੇ ਸੱਚ ਵਿੱਚ ਝੂਠ ਦੇ ਅੰਸ਼ ਰਲਣੇ ਸ਼ੁਰੂ ਹੋ ਗਏ ਸਨ। ਉਸਨੂੰ ਜਾਪਦਾ ਸੀ ਜਿਵੇਂ ਜ਼ਮੀਨ ਉਸਦੇ ਪੈਰਾਂ ਥਲਿਉਂ ਖਿਸਕਣੀ ਸ਼ੁਰੂ ਹੋ ਗਈ ਹੋਵੇ। ਉਹ ਹੈਰਾਨ ਸੀ ਕਿ ਹੁਣ ਉਸਦੀ ਬਹੁਤ ਹੀ ਪ੍ਰੌੜ੍ਹ ਤੇ ਅਨੁਭਵੀ ਅਵਸਥਾ ਹੋਣ ਦੇ ਬਾਵਜੂਦ ਉਸਦੀ ਧਰਤੀ ਉਤੇ ਉਹ ਪਕੜ ਨਹੀਂ ਸੀ ਰਹੀ ਜੋ ਉਸਨੇ ਕੱਚੀ ਉਮਰੇ ਆਪਣੀ ਸੋਚ ਤੇ ਸੁਝ ਦੀ ਡੰਗੋਰੀ ਫੜ ਕੇ ਆਪਣੇ ਆਪ ਹੀ ਜਮਾ ਲਈ ਸੀ। ਉਹ ਆਪਣੀ ਉਮਰ ਤੇ ਸਿਹਤ ਨੂੰ ਕੋਸਣ ਲੱਗ ਪਈ ਸੀ। ਪਹਿਲੀ ਉਮਰ ਦੀ ਪ੍ਰਾਪਤੀ ਵਿੱਚ ਉਸਦੀ ਸਿਹਤ ਤੇ ਜਵਾਨੀ ਨੇ ਜਿਹੜੀ ਸ਼ਕਤੀ ਦਿੱਤੀ ਸੀ ਉਹ ਛਿੱਜਦੀ ਜਾ ਰਹੀ ਸੀ। ਇਸਨੂੰ ਤ੍ਰੋਪਾ ਮਾਰਨ ਦਾ ਉਸ ਕੋਲ ਕੋਈ ਵਸੀਲਾ ਨਹੀਂ ਸੀ।
ਇੱਕ ਦਿਨ ਉਸ ਦੇ ਮਨ ਵਿੱਚ ਬੜੀ ਅਜੀਬ ਜਿਹੀ ਭਾਵਨਾ ਪੈਦਾ ਹੋਈ। ਉਸਦਾ ਆਪਣੀ ਜਨਮ ਭੋਇੰ ਦੇਖਣ ਨੂੰ ਜੀਅ ਕਰ ਆਇਆ। ਕਿੰਨੇ ਲੋਕ ਆਪਣੇ ਜਠੇਰਿਆਂ ਦੀ ਭਾਲ ਵਿੱਚ ਕਮਲੇ ਹੋਏ ਫ਼ਿਰਦੇ ਸਨ ਤੇ ਕਿੰਨੇ ਆਪਣੇ ਤੋਂ ਵਿਛੜੇ ਪਰਿਵਾਰਾਂ, ਤਾਏ-ਤਾਈਆਂ, ਮਾਸੜ-ਮਾਸੀਆਂ ਤੇ ਫੂਫਾ-ਫੂਫੀਆਂ ਨੂੰ ਲੱਭਣ ਸਰਹੱਦਾਂ ਪਾਰ ਕਰ ਰਹੇ ਸਨ। ਉਹ ਜਿਸਨੂੰ ਕਿਸੇ ਰਿਸ਼ਤੇਦਾਰ ਦਾ ਕੁਝ ਵੀ ਪਤਾ ਨਹੀਂ ਸੀ, ਆਪਣੀ ਜਨਮ ਭੋਂ ਤਾਂ ਦੇਖ ਹੀ ਸਕਦੀ ਸੀ। ਉਸਨੇ ਜਨਮ ਭੋਇੰ ਵੇਖਣ ਦਾ ਪੱਕਾ ਇਰਾਦਾ ਬਣਾ ਲਿਆ।
ਹੁਣ ਉਹ ਪੁੱਤਾਂ ਪੋਤਰਿਆਂ ਵਾਲੀ ਸੀ ਪਰ ਉਸਨੇ ਘਰ ਜਾਂ ਬਾਹਰ ਕਿਸੇ ਨੂੰ ਪਤਾ ਨਹੀਂ ਸੀ ਲੱਗਣ ਦਿੱਤਾ ਕਿ ਉਹ ਕਿਥੋਂ ਦੀ ਸੀ ਤੇ ਕਿਵੇਂ ਆਈ ਸੀ। ਇਸ ਗੱਲ ਦਾ ਕੇਵਲ ਪੂਰਨ ਸਿੰਘ ਨੂੰ ਪਤਾ ਸੀ ਪਰ ਹੁਣ ਪੂਰਨ ਸਿੰਘ ਨੂੰ ਅਗਲੀ ਦੁਨੀਆ ਵਿੱਚ ਗਿਆਂ ਵੀ ਤਿੰਨ ਦਹਾਕੇ ਹੋ ਚੁੱਕੇ ਸਨ। ਮੇਲੇ ਮੁਸਾਹਬੇ ਜਾਣ ਦਾ ਸ਼ੌਕ ਉਸਨੇ ਮਾਂ ਬਾਪ ਤੇ ਭੈਣਾਂ ਭਰਾਵਾਂ ਦੇ ਸੰਭਾਵੀ ਕਤਲ ਸਮੇਂ ਹੀ ਤਿਆਗ ਦਿੱਤਾ ਸੀ। ਉਸਦਾ ਵੱਸ ਚਲਦਾ ਤਾਂ ਉਸਨੇ ਵਿਆਹ ਵੀ ਨਹੀਂ ਸੀ ਕਰਾਉਣਾ। ਜੇ ਹੋਇਆ ਸੀ ਤਾਂ ਉਸਨੇ ਬੜੀ ਸਿਆਣਪ ਤੇ ਚੁਸਤੀ ਨਾਲ ਨਿਭਾਇਆ ਸੀ। ਬੱਚੇ ਪੈਦਾ ਵੀ ਕੀਤੇ ਸਨ, ਪਾਲੇ ਵੀ ਸਨ ਪਰ ਉਨ੍ਹਾਂ ਨੂੰ ਕਿਸੇ ਇੱਕ ਧਰਮ ਜਾਂ ਮਰਯਾਦਾ ਦੇ ਗ਼ੁਲਾਮ ਨਹੀਂ ਸੀ ਹੋਣ ਦਿੱਤਾ। ਆਪਣੇ ਪੂਰੇ ਜੀਵਨ ਵਿੱਚ ਇੱਕ ਵਾਰੀ ਪੂਰਨ ਸਿੰਘ ਨਾਲ ਤਰਨ ਤਾਰਨ ਦੀ ਮੱਸਿਆ ਨ੍ਹਾਉਣ ਗਈ ਸੀ ਜਾਂ ਇੱਕ ਵਾਰੀ ਹੋਲਾ ਮਹੱਲਾ ਉਤੇ ਅਨੰਦਪੁਰ ਸਾਹਿਬ। ਇਸ ਤੋਂ ਪਹਿਲਾਂ ਉਸਨੇ ਆਪਣੇ ਅੱਬਾ ਨਾਲ ਫਤਿਹਗੜ੍ਹ ਸਾਹਬ ਦੀ ਸਿੰਘ ਸਭਾ  ਦੇਖੀ ਸੀ ਪਰ ਓਦੋਂ ਉਸਨੇ ਕਿਸੇ ਗੁਰਦਵਾਰੇ ਦੇ ਅੰਦਰੋਂ ਦਰਸ਼ਨ ਨਹੀਂ ਸਨ ਕੀਤੇ । ਉਸਨੂੰ ਇਹ ਵੀ ਚੇਤਾ ਨਹੀਂ ਸੀ ਕਿ ਇਨ੍ਹਾਂ ਧਰਮ ਅਸਥਾਨਾਂ ਦੀ ਫੇਰੀ ਦਾ ਉਸਦੇ ਮਨ ਦੀ ਸ਼ਾਂਤੀ ਉਤੇ ਕਿਸ ਤਰ੍ਹਾਂ ਦਾ ਅਸਰ ਪਿਆ ਸੀ। ਜੇ ਮਨ ਅਸ਼ਾਂਤ ਹੀ ਨਹੀਂ ਸੀ ਤਾਂ ਧਰਮ ਅਸਥਾਨ ਉਸਨੂੰ ਦੇ ਹੀ ਕੀ ਸਕਦੇ ਸਨ!
ਹੁਣ ਉਮਰ ਦੇ ਇਸ ਆਖ਼ਰੀ ਪੜਾਅ ਵਿੱਚ ਸੰਚਾਰ ਸਾਧਨਾਂ ਨੇ ਉਸਦੇ ਮਨ ਦੀ ਸ਼ਾਂਤੀ ਭੰਗ ਕਰ ਦਿੱਤੀ ਸੀ। ਉਸਨੂੰ ਇਹ ਵੀ ਪਤਾ ਸੀ ਕਿ ਉਸਨੂੰ ਇਹ ਸ਼ਾਂਤੀ ਕਿਸੇ ਪੂਜਾ ਸਥਾਨ ਤੋਂ ਮਿਲਣੀ ਜ਼ਰੁੂਰੀ ਨਹੀਂ ਸੀ। ਜੀਵਨ ਭਰ ਯਤਾਮਤ ਦੀ ਜ਼ਿੰਦਗੀ ਨੂੰ ਉਪਯੋਗੀ ਬਣਾ ਕੇ ਉਸਨੇ ਆਪਣਾ ਮਨ ਵਰਚਾਈ ਰਖਿਆ ਸੀ। ਫੇਰ ਵੀ ਉਸਨੂੰ ਆਪਣੇ ਘਰ ਦੇ ਬਾਹਰ ਵਾਲਾ ਬਰੋਟਾ ਚੇਤੇ ਆ ਰਿਹਾ ਸੀ ਜਿਸਦੀ ਸੰਘਣੀ ਛਾਂਵੇਂ ਉਹ ਆਪਣੀਆਂ ਹਮ ਉਮਰ ਕੁੜੀਆਂ ਨਾਲ ਖੇਡਿਆ ਕਰਦੀ ਸੀ। ਉਸਨੂੰ ਘਰ ਦੇ ਵਿਹੜੇ ਵਾਲੀ ਉਹ ਨਿੰਮ ਵੀ ਨਹੀਂ ਸੀ ਭੁੱਲੀ ਜਿਸ ਦੀਆਂ ਟਾਹਣਾਂ ਉਤੇ ਉਹ ਪੀਂਘ ਝੂਟਿਆ ਕਰਦੀ ਸੀ।
ਉਹ ਇਹ ਵੀ ਜਾਣਦੀ ਸੀ ਕਿ ਉਸਦੀ ਇਹ ਉਮਰ ਪੀਂਘ ਝੂਟਣ ਜਾਂ ਗ੍ਹੀਟੇ ਖੇਡਣ ਵਾਲੀ ਨਹੀਂ। ਉਹ ਤਾਂ ਕੇਵਲ ਉਨ੍ਹਾਂ ਰੁਖਾਂ ਦੇ ਹੇਠੋਂ ਦੀ ਲੰਘਣਾ ਚਾਹੁੰਦੀ ਸੀ ਜਿਨ੍ਹਾਂ ਦੀ ਛਾਂ ਮਾਣਦੀ ਰਹੀ ਸੀ। ਜੇ ਹੋ ਸਕੇ ਤਾਂ ਉਹ ਆਪਣੇ ਘਰ ਵੀ ਜਾ ਸਕਦੀ ਸੀ ਤੇ ਆਪਣੀ ਉਸ ਮਾਸੀ ਦੇ ਘਰ ਵੀ ਜਿਸਨੇ ਮਿਲਟਰੀ ਵਾਲਿਆਂ ਨੂੰ ਸੌਂਪਣ ਤੱਕ ਉਸਨੂੰ ਫੁੱਲਾਂ ਵਾਂਗ ਸਾਂਭੀ ਰਖਿਆ ਸੀ। ਇਸ ਨਾਲ ਕੀ ਫਰਕ ਪੈਂਦਾ ਹੈ ਕਿ ਉਨ੍ਹਾਂ ਘਰਾਂ ਵਿੱਚ ਕੋਈ ਹੈ ਵੀ ਸੀ ਜਾਂ ਨਹੀਂ। ਉਸਦਾ ਕੇਵਲ ਵੇਖਣ ਨੂੰ ਜੀਅ ਕਰਦਾ ਸੀ।
ਦਸੰਬਰ ਦੇ ਮਹੀਨੇ ਉਸਦੇ ਪਿੰਡ ਮਹਿਦੂਦਾਂ ਦੇ ਨੇੜੇ ਫਤਿਹਗੜ੍ਹ ਸਾਹਿਬ ਦੀ ਸਿੰਘ ਸਭਾ ਦਾ ਜੋੜ ਮੇਲਾ ਭਰਨਾ ਸੀ। ਉਸਨੇ ਜੋੜ ਮੇਲਾ ਵੇਖਣ ਦਾ ਐਲਾਨ ਕਰ ਦਿੱਤਾ। ਕਰਤਾਰ ਪੁਰ ਤੋਂ ਗੱਡੀ ਜਾਂ ਬੱਸ ਚੜ੍ਹ ਕੇ ਉਸਨੇ ਜਲੰਧਰ, ਲੁਧਿਆਣਾ, ਖੰਨਾ ਤੇ ਗੋਬਿੰਦਗੜ੍ਹ ਦੀ ਮੰਡੀ ਲੰਘ ਕੇ ਸਰਹੰਦ ਜਾ ਉਤਰਨਾ ਸੀ ਜਿਥੋਂ ਤਾਂਗੇ, ਰਿਕਸ਼ੇ ਤੇ ਟੈਂਪੂ ਫਤਿਹਗੜ੍ਹ ਸਾਹਿਬ, ਬਸੀ ਪਠਾਣਾਂ ਜਾਂ ਮਹਿਦੂਦਾਂ ਲਿਜਾ ਸਕਦੇ ਸਨ। ਕਿਸੇ ਨੂੰ ਉਸ ਬਾਰੇ ਫਿਕਰ ਕਰਨ ਦੀ ਲੋੜ ਨਹੀਂ ਸੀ। ਜਦੋਂ ਨੂੰਹਾਂ, ਪੁੱਤਰਾਂ ਤੇ ਪੋਤੇ ਪੋਤਰੀਆਂ ਨੇ ਚਿੰਤਾ ਪ੍ਰਗਟ ਕੀਤੀ ਤਾਂ ਉਸਦੀ ਪਿਆਰ ਭਰੀ ਇੱਕੋ ਘੂਰੀ ਨੇ ਸਭ ਨੂੰ ਸ਼ਾਂਤ ਕਰ ਦਿੱਤਾ। ਉਸਦਾ ਦਬ-ਦਬਾਅ ਸਾਰੇ ਪਿੰਡ ਵਿੱਚ ਚਲਦਾ ਸੀ ਘਰ ਵਾਲੇ ਤਾਂ ਕਿਸ ਦੇ ਪਾਣੀਹਾਰ ਸਨ।
ਸਰਹੰਦ ਦੇ ਸਟੇਸ਼ਨ ਤੋਂ ਉੱਤਰ ਕੇ ਉਸਨੇ ਬਸੀ ਪਠਾਣਾਂ ਦਾ ਤਾਂਗਾ ਲਿਆ। ਸਰਹੰਦ ਤੋਂ ਬਸੀ ਪਠਾਣਾਂ ਦੇ ਇਸ ਰਾਹ ਵਿੱਚ ਕੁਝ ਵੀ ਤਾਂ ਪਹਿਲਾਂ ਵਾਲਾ ਨਹੀਂ ਸੀ। ਹੋ ਸਕਦਾ ਹੈ ਉਸਦਾ ਚੇਤਾ ਹੀ ਉਸਦਾ ਸਾਥ ਨਹੀਂ ਸੀ ਦੇ ਰਿਹਾ। ਮੋਰਿੰਡੇ ਵਾਲੀ ਰੇਲਵੇ ਲਾਈਨ ਦੇਖ ਕੇ ਉਸਦੇ ਸਾਹ ਵਿੱਚ ਸਾਹ ਆ ਗਿਆ। ਜਦੋਂ ਉਹ ਆਪਣੇ ਅੱਬਾ ਨਾਲ ਫਤਿਹਗੜ੍ਹ ਸਾਹਿਬ ਆਈ ਸੀ ਤਾਂ ਮਾਲ ਗੱਡੀ ਲੰਘ ਰਹੀ ਸੀ। ਉਸ ਨੇ ਮਾਲ ਗੱਡੀ ਦੇ ਡੱਬੇ ਗਿਣੇ ਸਨ ਜਿਹੜੇ ਅੱਸੀ ਤੋਂ ਉੱਤੇ ਸਨ। ਇੱਕ ਦੋ  ਡੱਬਿਆਂ ਦਾ ਉਸਨੂੰ ਧੋਖਾ ਵੀ ਲਗਿਆ ਸੀ। ਹੁਣ ਫੇਰ ਫਾਟਕ ਬੰਦ ਸੀ। ਉਹ ਖ਼ੁਸ਼ ਸੀ ਕਿ ਉਹ ਬਚਪਨ ਵਾਂਗ ਗੱਡੀ ਨੂੰ ਲੰਘਦਿਆਂ ਦੇਖ ਸਕੇਗੀ।
ਲੰਘਣ ਵਾਲੀ ਗੱਡੀ ਉਦੋਂ ਵਾਂਗ ਹੀ ਮਾਲ ਅਸਬਾਬ ਵਾਲੀ ਸੀ। ਜਦੋਂ ਇੰਜਣ ਉਸਦੇ ਅਗੋਂ ਦੀ ਲੰਘਿਆ ਤਾਂ ਉਸਦਾ ਜੀਅ ਕੀਤਾ ਕਿ ਉਹ ਡੱਬੇ ਗਿਣੇ। ਪਰ ਉਸਨੇ ਛੇਤੀ ਹੀ ਆਪਣੇ ਮਨ ਨੂੰ ਸਮਝਾ ਲਿਆ ਕਿ ਇਹ ਕੋਈ ਕਰਨ ਵਾਲੀ ਗੱਲ ਨਹੀਂ ਸੀ। ਫੇਰ ਵੀ ਉਹ ਮਨ ਹੀ ਮਨ ਵਿੱਚ ਇੱਕ ਤਰ੍ਹਾਂ ਦੀ ਗਿਣਤੀ ਗਿਣਦੀ ਰਹੀ ਜਿਵੇਂ ਗਿਣਤੀ ਦਾ ਪਾਠ ਕਰ ਰਹੀ ਹੋਵੇ । ਫਾਟਕ ਲੰਘ ਕੇ ਸੱਜੇ ਹੱਥ ਦਾ ਰੋਜ਼ਾ ਤੇ ਖੱਬੇ ਹੱਥ ਵਾਲੀ ਹਲੀਮ ਮੰਜ਼ਿਲ ਨਾਂ ਦੀ ਕੋਠੀ ਤੇ ਚਾਰ ਦੀਵਾਰੀ ਨੂੰ ਉਹ ਭਲੀ ਭਾਂਤ ਪਛਾਣਦੀ ਸੀ। ਉਹ ਖ਼ੁਸ਼ ਸੀ ਕਿ ਉਸਦਾ ਚੇਤਾ ਕਾਇਮ ਸੀ।
ਬਸੀ ਪਠਾਣਾਂ ਤੋਂ ਮਹਿਦੂਦਾਂ ਨੂੰ ਜਾਣ ਵਾਲੀ ਸੜਕ ਨੂੰ ਪਹਿਚਾਨਣਾ ਉਸਦੇ ਵੱਸ ਦਾ ਰੋਗ ਨਹੀਂ ਸੀ। ਏਥੇ ਮੁਰੱਬਾਬੰਦੀ ਤੇ ਪਿੰਡ ਦੀ ਫਿਰਨੀ  ਨੇ ਨਕਸ਼ਾ ਹੀ ਬਦਲ ਕੇ ਰੱਖ ਦਿੱਤਾ ਸੀ। ਉਹ ਕਿਸੇ ਨੂੰ ਕੁਝ ਪੁੱਛਣਾ ਵੀ ਨਹੀਂ ਸੀ ਚਾਹੁੰਦੀ। ਪੁੱਛਦੀ ਵੀ ਕੀ? ਰਿਕਸ਼ੇ ਵਾਲਾ ਉਸਨੂੰ ਰਸਤਾ ਪੁੱਛਣ ਲਈ ਕਹਿ ਰਿਹਾ ਸੀ ਪਰ ਉਹ ਉਸਦੀ ਗੱਲ ਨੂੰ ਅਣਸੁਣੀ ਕਰਕੇ ਆਲਾ-ਦੁਆਲਾ ਪਹਿਚਾਨਣ ਵਿੱਚ ਲੱਗੀ ਹੋਈ ਸੀ। ਪਿੰਡ ਦੇ ਬਾਹਰ ਵਾਲਾ ਬਰੋਟਾ ਦਿਸ ਪਿਆ। ਇਹ ਜਿਉਂ ਦਾ ਤਿਉਂ ਕਾਇਮ ਸੀ। ਜਿਸਦੀ ਛਾਂ ਉਸੇ ਤਰ੍ਹਾਂ ਸੰਘਣੀ ਸੀ। ਦਸੰਬਰ ਦਾ ਮਹੀਨਾ ਤੇ ਸ਼ਾਮ ਦਾ ਵੇਲਾ ਹੋਣ ਕਾਰਨ ਬਰੋਟੇ ਦੀ ਛਾਂ ਠੰਢੀ ਯਖ ਜਾਪਦੀ ਸੀ। ਚੰਨ ਕੌਰ ਨੂੰ ਇਸ ਛਾਂ ਵਿਚੋਂ ਵੀ ਨਿਘ ਮਿਲ ਰਿਹਾ ਸੀ ਜਿਸ ਤਰ੍ਹਾਂ ਦਾ ਨਿੱਘ ਬਚਪਨ ਦੇ ਦਿਨਾਂ ਵਿੱਚ ਰਾਤ ਦੇ ਵੇਲੇ ਖੇਤਾਂ ਤੋਂ ਵਾਪਸ ਪਰਤਿਆਂ ਕਿਸੇ ਵੀ ਰੁਖ ਦੇ  ਥੱਲੇ ਪਹੁੱਚਣ ਤੇ ਮਿਲਿਆ ਕਰਦਾ ਸੀ। ਉਸਨੂੰ ਬਰੋਟੇ ਦੀ ਛਤਰੀ ਹੇਠਲਾ ਨਿੱਘ ਚੰਗਾ-ਚੰਗਾ ਲੱਗ ਰਿਹਾ ਸੀ।
ਫੇਰ ਅਚਾਨਕ ਹੀ ਉਸਦੀ ਨਜ਼ਰ ਆਪਣੇ ਘਰ ਦੀ ਚਾਰ ਦੀਵਾਰੀ ਵੱਲ ਭੋਂ ਗਈ। ਓਥੇ ਤਾਂ ਕੁਝ ਵੀ ਨਹੀਂ ਸੀ। ਖੋਲਿਆਂ ਵਿੱਚ ਗੰਨੇ ਦਾ ਪੀੜ ਪਿਆ ਸੀ। ਉਸਦਾ ਦਿਲ ਘਟਣ ਲਗਿਆ। ਉਸਨੇ ਤਾਏ ਪ੍ਰਤਾਪ ਸਿੰਘ ਤੇ ਮਾਸੀ ਬਾਰੇ ਪੁੱਛਣਾ ਚਾਹਿਆ ਪਰ ਵੱਡੀ ਉਮਰ ਦਾ ਕੋਈ ਬੰਦਾ ਨਜ਼ਰ ਨਹੀਂ ਸੀ ਆ ਰਿਹਾ। ਇੱਕ ਆਦਮੀ ਕੋਲੋਂ ਦੀ ਦਾਤ੍ਰੀ ਲੈ ਕੇ ਲੰਘਿਆ ਪਰ ਚੰਨ ਕੌਰ ਉਸਨੂੰ ਪਛਾਣਦੀ ਨਹੀਂ ਸੀ। ਹੋ ਸਕਦਾ ਹੈ ਪਾਕਿਸਤਾਨ ਤੋਂ ਏਸ ਪਿੰਡ ਆ ਕੇ ਵੱਸਣ ਵਾਲੇ ਸ਼ਰਨਾਰਥੀਆਂ ਵਿਚੋਂ ਹੋਵੇ। ਅਸਲ ਵਿੱਚ ਉਹ ਕਿਸੇ ਦੇ ਮੂੰਹ ਤੋਂ ਇਹ ਗੱਲ ਨਹੀਂ ਸੀ ਸੁਣਨਾ ਚਾਹੁੰਦੀ ਕਿ ਪ੍ਰਤਾਪ ਸਿੰਘ ਤੇ ਉਸਦੀ ਘਰ ਵਾਲੀ ਇਸ ਦੁਨੀਆ ਵਿੱਚ ਨਹੀਂ। ਜੇ ਉਹ ਵੀ ਨਹੀਂ ਸਨ ਤਾਂ ਉਸਦਾ ਇਸ ਜਗਤ ਵਿੱਚ ਰਹਿ ਹੀ ਕੌਣ ਗਿਆ ਸੀ। ਉਸਦੇ ਆਪਣੇ ਬੱਚੇ ਸਿਰ ਖ਼ੁਦ ਹੋ ਚੁੱਕੇ ਸਨ। ਕੰਮ ਕਾਰ ਵੀ ਠੀਕ ਸਨ। ਉਨ੍ਹਾਂ ਪ੍ਰਤੀ ਆਪਣਾ ਰੋਲ ਉਹ ਪੂਰਾ ਕਰ ਚੁੱਕੀ ਸੀ। ਉਹ ਹੁਣ ਆਸਰਾ ਦੇੇਣ ਵਾਲੀ ਦੀ ਥਾਂ ਆਸਰਾ ਲੈਣ ਵਾਲੀ ਅਵਸਥਾ ਵਿੱਚ ਪਹੁੰਚ ਚੁੱਕੀ ਸੀ। ਇਸ ਮਿੱਟੀ ਤੋਂ ਆਸਰਾ ਹੀ ਤਾਂ ਲੈਣ ਆਈ ਸੀ।
ਰਿਕਸ਼ੇ ਵਾਲੇ ਨੂੰ ਸਮਝ ਨਹੀਂ ਸੀ ਆ ਰਹੀ ਕਿ ਉਹ ਕੀ ਲੱਭ ਰਹੀ ਸੀ? ਉਹ ਆਪ ਠਰੂੰ-ਠਰੂੰ ਕਰ ਰਿਹਾ ਸੀ। ਸੂਰਜ ਢਲਣ ਕਾਰਨ ਠੰਢ ਵਧ ਰਹੀ ਸੀ। ਉਹ ਵਾਪਸ ਬਸੀ ਪਠਾਣਾਂ ਪਹੁੰਚਣਾ ਚਾਹੁੰਦਾ ਸੀ। ਪਰ ਜਿਸ ਸਵਾਰੀ ਨੂੰ ਲੈ ਕੇ ਆਇਆ ਸੀ ਉਸਨੂੰ ਇੰਝ ਛੱਡ ਕੇ ਕਿਵੇਂ ਪਰਤ ਸਕਦਾ ਸੀ।
ਰਿਕਸ਼ੇੇ ਵਾਲੇ ਨੇ ਵੇਖਿਆ ਕਿ ਉਸਦੀ ਸਵਾਰੀ ਬਰੋਟੇ ਦੇ ਥੱਲਿਓਂ ਤੁਰ ਕੇ ਪੀੜ ਵਾਲੇ ਖੋਲੇ ਵਿਚਲੀ ਨਿੰਮ ਵੱਲ ਵਧ ਰਹੀ ਸੀ। ਇਹ ਉਹੀਓ ਨਿੰਮ ਸੀ ਜਿਸ ਉਤੇ ਚੰਨ ਕੌਰ ਪੀਂਘ ਝੂਟਿਆ ਕਰਦੀ ਸੀ। ਓਦੋਂ ਜਦੋਂ ਉਸਦਾ ਨਾਂ ਨੂਰਾਂ ਹੁੰਦਾ ਸੀ। ਨਿੰਮ ਦੇ ਪੱਤੇ ਝੜ ਰਹੇ ਸਨ। ਟਾਹਣੀਆਂ ਵੀ ਓਨੀਆਂ ਤੰਦਰੁਸਤ ਨਹੀਂ ਸਨ। ਉਸਦੀ ਉਮਰ ਨਾਲੋਂ ਅੱਧੀ ਸਦੀ ਵਧ ਉਮਰ ਵਾਲੀ ਨਿੰਮ ਉਸਨੂੰ ਆਪਣੀ ਦਾਦੀ ਵਰਗੀ ਲਗ ਰਹੀ ਸੀ। ਜੇ ਨਿੰਮ ਦਾਦੀ ਸੀ ਤਾਂ ਨੂਰਾਂ ਪੋਤਰੀ। ਮਨ ਵਿੱਚ ਪੋਤੀ ਦਾ ਬਿੰਬ ਆਉਂਦੇ ਸਾਰ ਉਸਨੂੰ ਆਪਣੇ ਤਨ ਅਤੇ ਮਨ ਤੋਂ ਚੰਨ ਕੌਰ ਦਾ ਨਾਂਅ ਲਥ ਚੁੱਕਾ ਜਾਪਣ ਲੱਗਿਆ। ਉਹ ਮੁੜ ਨਿੱਕੀ ਬਾਲੜੀ ਹੋ ਗਈ। ਨੂਰਾਂ । ਨਿਰੀ ਨੂਰਾਂ। ਉਸਨੂੰ ਚੰਨ ਕੌਰ ਦੀ ਕੰਜ ਲਾਹ ਦੇਣ ਚਾਹੀਦੀ ਸੀ। ਇਹ ਕੰਮ ਤਾਂ ਉਸਨੂੰ ਪੇਕੇ ਪਿੰਡ ਦੀ ਜੂਹ ਦੇ ਬਾਹਰ ਹੀ ਕਰ ਦੇਣਾ ਚਾਹੀਦਾ ਸੀ। ਉਹ ਬਹੁਤ ਪ੍ਰੇਸ਼ਾਨੀ ਦੀ ਅਵਸਥਾ ਵਿੱਚ ਸੀ। ਉਹ ਮੁੜ ਨੂਰਾਂ ਦਾ ਜੀਵਨ ਜੀਉਣਾ ਚਾਹੁੰਦੀ ਸੀ।
ਉਸ ਦਾ ਇਸ ਦੁਨੀਆਂ ਵਿੱਚ ਕੋਈ ਨਹੀਂ ਸੀ। ਇਹ ਧਰਤੀ ਵੀ ਆਪਣੀ ਨਹੀਂ ਸੀ ਰਹੀ। ਉਸਦਾ ਦਿਲ ਹੋਰ ਵੀ ਘਟਣ ਲਗਿਆ। ਉਹ ਨਿੰਮ ਤੇ ਤਨੇ ਕੋਲ ਸੁੱਕੇ ਪੀੜ ਦੀ ਢੇਰੀ ਉਤੇ ਬਹਿ ਗਈ। ਉਸਨੇ ਆਪਣੇ ਮਨ ਹੀ ਮਨ ਵਿੱਚ ਚੰਨ ਕੌਰ ਦਾ ਜਾਮਾ ਉਤਾਰ ਦਿੱਤਾ ਤੇ ਨੂਰਾਂ ਵਾਲਾ ਪਹਿਨ ਲਿਆ।
ਨੂਰਾਂ ਦਾ ਜਾਮਾ ਪਹਿਨ ਕੇ ਉਸਦੀ ਦੇਹੀ ਵਿੱਚ ਆਤਮਕ ਬਲ ਆ ਗਿਆ। ਉਹ ਪੂਰੀ ਤਰ੍ਹਾਂ ਸੰਤੁਸ਼ਟ ਸੀ। ਉਸਨੇ ਪਹਿਲਾਂ ਬਦਲੇ ਜਾਮੇ ਵਾਲਾ ਜੀਵਨ ਵੀ ਰੱਜ ਕੇ ਹੰਢਾਇਆ ਸੀ। ਉਸਨੂੰ ਕਿਸੇ ਉਤੇ ਕੋਈ ਗਿਲਾ ਨਹੀਂ ਸੀ। ਉਸਨੇ ਕਿਸੇ ਧਰਮ ਨੂੰ ਧੋਖਾ ਨਹੀਂ ਸੀ ਦਿੱਤਾ। ਉਸ ਲਈ ਪਹਿਲੀ ਦੂਜੀ ਤੇ ਤੀਜੀ ਹਰ ਮਰਯਾਦਾ ਇੱਕ ਸਮਾਨ ਸੀ। ਜੇ ਉਹ ਚੰਨ ਕੌਰ ਦੇ ਜਾਮੇ ਵਿੱਚ ਸੰਤੁਸ਼ਟ ਸੀ ਤਾਂ ਨੂਰਾਂ ਦੇ ਜਾਮੇ ਵਿੱਚ ਉਸਤੋਂ ਵੀ ਵਧ ਕੇ ਖੁਸ਼ ਸੀ। ਉਸਨੇ ਦੋ ਜਾਮੇ ਹੰਢਾ ਲਏ ਸਨ। ਹੁਣ ਉਹ ਹੋਰ ਬਦਲੀ ਦੇ ਹੱਕ ਵਿੱਚ ਨਹੀਂ ਸੀ।
ਹੁਣ ਉਹ ਆਪਣੀ ਧਰਤੀ ਤੇ ਆਪਣੇ ਪਿੰਡ ਵਿੱਚ ਆਪਣੇ ਹੀ ਘਰ ਦੀ ਚਾਰ ਦੀਵਾਰੀ ਵਿਚਲੀ ਆਪਣੀ ਨਿੰਮ ਦੇ ਤਨੇ ਕੋਲ ਲੱਗੀ ਗੰਨੇ ਦੇ ਪੀੜ ਦੀ ਢੇਰੀ ਉਤੇ ਨੂਰਾਂ ਦਾ ਜਾਮਾ ਪਹਿਨ ਕੇ ਬੜੀ ਖ਼ੁਸ਼ ਸੀ।
ਮਨ ਹੀ ਮਨ ਵਿੱਚ ਨੂਰਾਂ ਦਾ ਜਾਮਾ ਪਹਿਨਣ ਤੋਂ ਪਹਿਲਾਂ ਚੰਨ ਕੌਰ ਦਾ ਜਾਮਾ ਉਤਾਰਨ ਲੱਗੀ ਉਹ ਐਨ ਓਸੇ ਤਰ੍ਹਾਂ ਮਹਿਸੂਸ ਕਰ ਰਹੀ ਸੀ ਜਿਵੇਂ ਸਮਾਂ ਪਾ ਕੇ ਧਰਤੀ ਦਾ ਰਾਜਾ ਤੇ ਨਾਗ ਦੇਵਤਾ ਆਪਣੀ ਪਹਿਲਾਂ ਵਾਲੀ ਕੁੰਜ ਲਾਹ ਕੇ ਅੱਗੇ ਨੂੰ ਤੁਰ ਜਾਂਦਾ ਹੈ।
ਰਿਕਸ਼ੇ ਵਾਲੇ ਨੇ ਵੇਖਿਆ ਕਿ ਨੂਰਾਂ ਦੇ ਚਿਹਰੇ ਉਤੇ ਇੱਕ ਅਜਬ ਤਰ੍ਹਾਂ ਦਾ ਨੂਰ ਸੀ। ਉਸਦਾ ਅੱਖਾਂ ਮੀਚ ਕੇ ਨਿੰਮ ਦੇ ਤਨੇ ਨਾਲ ਢੋਅ ਲਾ ਕੇ ਬੈਠ ਚੁੱਕੀ ਨੂਰਾਂ ਨੂੰ ਬੁਲਾਉਣ ਦਾ ਹੌਸਲਾ ਨਹੀਂ ਸੀ ਪੈ ਰਿਹਾ।

No comments:

Post a Comment