Saturday 21 October 2017

ਸੰਪਾਦਕੀ : ਆਰ.ਐਮ.ਪੀ.ਆਈ.ਦੀ ਪਹਿਲੀ ਸੂਬਾਈ ਕਾਨਫਰੰਸ ਦਾ ਸੰਦੇਸ਼

ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (RMPI) ਦੀ 28 ਸਤੰਬਰ ਨੂੰ ਬਠਿੰਡਾ ਵਿਖੇ ਸੰਪੰਨ ਹੋਈ ਪਹਿਲੀ ਤਿੰਨ-ਦਿਨਾਂ ਸੂਬਾਈ ਕਾਨਫਰੰਸ ਨੇ ਪ੍ਰਾਂਤ ਅੰਦਰ ਇੱਕ ਹਕੀਕੀ ਇਨਕਲਾਬੀ ਪਾਰਟੀ ਉਸਾਰਨ ਦੀ ਇਤਿਹਾਸਕ ਲੋੜ ਨੂੰ ਇੱਕ ਵਾਰ ਫਿਰ ਉਭਾਰ ਕੇ ਪੇਸ਼ ਕੀਤਾ ਹੈ। ਇਸ ਕਾਨਫਰੰਸ ਨੇ ਇਹ ਵੀ ਨੋਟ ਕੀਤਾ ਹੈ ਕਿ ਸ਼ਹੀਦ-ਇ-ਆਜ਼ਮ ਭਗਤ ਸਿੰਘ ਅਤੇ ਸੁਤੰਤਰਤਾ ਸੰਗਰਾਮ 'ਚ ਆਪਣੀਆਂ ਜੁਆਨੀਆਂ ਤੇ ਜਾਨਾਂ ਵਾਰਨ ਵਾਲੇ ਸਮੂਹ ਪ੍ਰਵਾਨਿਆਂ ਦੇ ਸੁਪਨਿਆਂ ਦਾ ਭਾਰਤ ਸਿਰਜਣ ਲਈ, ਮਜ਼ਦੂਰਾਂ ਤੇ ਹੋਰ ਮਿਹਨਤਕਸ਼ਾਂ ਦੀ ਇੱਕ  ਅਜੇਹੀ ਰਾਜਸੀ ਪਾਰਟੀ ਦੀ ਉਸਾਰੀ ਕਰਨਾ ਸਮੇਂ ਦੀ ਪ੍ਰਮੁੱਖ ਤੇ ਪ੍ਰਥਮ ਲੋੜ ਹੈ ਜਿਹੜੀ ਕਿ ਰਵਾਇਤੀ ਖੱਬੇ-ਪੱਥੀ ਪਾਰਟੀਆਂ ਵਾਂਗ ਸਿਰਫ ਚੁਣਾਵੀ ਜੋੜਾਂ-ਤੋੜਾਂ ਵਿੱਚ ਹੀ ਨਾ ਉਲਝੀ ਰਹੇ ਅਤੇ ਨਾ ਹੀ ਅਰਾਜਕਤਾਵਾਦੀ ਮਾਅਰਕੇਬਾਜ਼ੀਆਂ ਵਿੱਚ ਆਪਣੀ ਵੱਡਮੁੱਲੀ ਸ਼ਕਤੀ ਬਿਖੇਰਦੀ ਰਹੇ, ਬਲਕਿ ਲੋਕ-ਲਾਮਬੰਦੀ 'ਤੇ ਆਧਾਰਤ ਲੜਾਕੂ ਜਨਤਕ ਘੋਲਾਂ ਰਾਹੀਂ ਵਿਸ਼ਾਲ ਜਨ-ਸ਼ਕਤੀ ਪੈਦਾ ਕਰਨ ਨੂੰ ਪ੍ਰਮੁੱਖਤਾ ਦੇਵੇ। ਇਸ ਕਾਨਫਰੰਸ ਨੇ ਅਜੇਹੇ ਬੱਝਵੇਂ ਕਾਰਜਾਂ ਦੀ ਪੂਰਤੀ ਵੱਲ ਦਰਿੜ੍ਹਤਾ ਸਹਿਤ ਅਗਾਂਹ ਵੱਧਣ ਦਾ ਨਿਸ਼ਚਾ ਦਰਿੜਾਇਆ ਹੈ।
ਇਸ ਦਿਸ਼ਾ ਵਿੱਚ ਅਗਾਂਹ ਵੱਧਣ ਲਈ ਆਰ.ਐਮ.ਪੀ.ਆਈ. ਨੇ ਪ੍ਰਣ ਕੀਤਾ ਹੈ ਕਿ 70 ਸਾਲ ਦੀ ਆਜ਼ਾਦੀ ਉਪਰੰਤ ਵੀ ਭਾਰਤ ਅੰਦਰ ਵਿਆਪਕ ਰੂਪ ਵਿੱਚ ਫੈਲੀ ਹੋਈ ਆਰਥਕ ਅਸਮਾਨਤਾ ਕਾਰਨ ਵੱਧ ਰਹੀ ਗਰੀਬੀ, ਮੰਦਹਾਲੀ , ਬੇਰੁਜ਼ਗਾਰੀ ਤੇ ਭਰਿਸ਼ਟਾਚਾਰ ਦੇ ਖਾਤਮੇ ਲਈ ਕਿਰਤੀ ਜਨਸਮੂਹਾਂ ਦੇ ਵੱਖ-ਵੱਖ ਭਾਗਾਂ ਨੂੰ ਜਥੇਬੰਦ ਕਰਨ ਅਤੇ ਹਾਕਮਾਂ ਦੀਆਂ ਲੋਕ-ਮਾਰੂ ਨੀਤੀਆਂ ਵਿਰੁੱਧ ਜਨਤਕ ਸੰਘਰਸ਼ ਤਿੱਖੇ ਕਰਨ ਦੇ ਕਾਰਜਾਂ ਨੂੰ, ਭਵਿੱਖ ਵਿੱਚ, ਸੱਭ ਤੋਂ ਵੱਧ ਪ੍ਰਾਥਮਿਕਤਾ ਦਿੱਤੀ ਜਾਵੇਗੀ। ਇਸ ਪੱਖੋਂ ਸਾਮਰਾਜ ਨਿਰਦੇਸ਼ਤ ਨਵ-ਉਦਾਰਵਾਦੀ ਨੀਤੀਆਂ ਲਾਗੂ ਕਰਕੇ ਕੇਂਦਰ ਤੇ ਰਾਜ ਸਰਕਾਰਾਂ ਵਲੋਂ ਹਰ ਖੇਤਰ ਵਿੱਚ ਮਚਾਈ ਜਾ ਰਹੀ ਤਬਾਹੀ ਨੂੰ ਕਾਨਫਰੰਸ ਨੇ ਲੋੜੀਂਦੀ ਗੰਭੀਰਤਾ ਸਹਿਤ ਨੋਟ ਕੀਤਾ ਹੈ। ਇਹਨਾਂ ਅਜਾਰੇਦਾਰ-ਪੱਖੀ ਨੀਤੀਆਂ ਕਾਰਨ ਹੀ ਦੇਸ਼ ਅੰਦਰ ਮਹਿੰਗਾਈ ਦਾ ਦੈਂਤ ਦਿਨੋਂ-ਦਿਨ ਵਧੇਰੇ ਬੇਲਗਾਮ ਹੁੰਦਾ ਜਾ ਰਿਹਾ ਹੈ। ਹੱਡ-ਭੰਨਵੀ ਮਿਹਨਤ ਨਾਲ ਕੀਤੀ ਜਾਂਦੀ ਲੋਕਾਂ ਦੀ ਕਮਾਈ ਨੂੰ ਬੜੀ ਬੇਰਹਿਮੀ ਨਾਲ ਨਿਗਲੀ ਜਾ ਰਿਹਾ ਹੈ। ਸਿੱਖਿਆ ਤੇ ਸਿਹਤ ਸੇਵਾਵਾਂ ਦਾ ਵੱਡੀ ਹੱਦ ਤਕ ਵਪਾਰੀਕਰਨ ਹੋ ਚੁੱਕਾ ਹੈ ਅਤੇ, ਇਹ ਬਹੁਤ ਹੀ ਜ਼ਰੂਰ ਤੇ ਬੁਨਿਆਦੀ ਸੇਵਾਵਾਂ ਆਮ ਕਿਰਤੀ ਲੋਕਾਂ ਦੀ ਪਹੁੰਚ ਤੋਂ ਬਾਹਰ ਚਲੀਆਂ ਗਈਆਂ ਹਨ। ਖੇਤੀ-ਮਜ਼ਦੂਰਾਂ ਤੇ ਕਿਸਾਨਾਂ ਵਲੋਂ ਘੋਰ ਨਿਰਾਸ਼ਾਵਸ ਕੀਤੀਆਂ ਜਾਂਦੀਆਂ ਆਤਮ-ਹੱਤਿਆਵਾਂ ਨਿਰੰਤਰ ਵੱਧਦੀਆਂ ਹੀ ਜਾ ਰਹੀਆਂ ਹਨ। ਮੋਦੀ ਸਰਕਾਰ ਵਲੋਂ ਬੜੇ ਹੀ ਸਾਜਸ਼ੀ ਢੰਗ ਨਾਲ ਕੀਤੀ ਗਈ ਨੋਟ-ਬੰਦੀ ਨੇ ਅਤੇ ਵਸਤੂ ਤੇ ਸੇਵਾ ਕਰ (7S") ਦੇ ਰੂਪ ਵਿੱਚ ਲੋਕਾਂ ਉੱਪਰ ਟੈਕਸਾਂ ਦੇ ਲੱਦੇ ਗਏ ਨਵੇਂ ਭਾਰ ਨੇ ਜਿੱਥੇ ਛੋਟੇੇ ਕਾਰੋਬਾਰਾਂ ਨੂੰ ਭਾਰੀ ਸੱਟ ਮਾਰੀ ਹੈ ਉੱਥੇ ਨਾਲ ਹੀ ਰੁਜ਼ਗਾਰ ਦੇ ਵਸੀਲਿਆਂ ਦੀ ਵੀ ਵੱਡੀ ਤਬਾਹੀ ਕੀਤੀ ਹੈ। ਪਾਰਟੀ ਵਲੋਂ ਇਹਨਾਂ ਸਾਰੇ ਮੁੱਦਿਆਂ 'ਤੇ ਹੋਰ ਜਮਹੂਰੀ ਤੇ ਲੋਕ-ਪੱਖੀ ਖੱਬੀਆਂ ਸ਼ਕਤੀਆਂ ਨੂੰ ਇੱਕਜੁੱਟ ਕਰਕੇ, ਨਵ-ਉਦਾਰਵਾਦੀ ਨੀਤੀਆਂ ਦੇ ਲਗਾਤਾਰ ਵੱਧਦੇ ਜਾ ਰਹੇ ਕਹਿਰ ਵਿਰੁੱਧ ਦਰਿੜ੍ਹਤਾ ਪੂਰਬਕ ਸੰਘਰਸ਼ ਵਿੱਢੇ ਜਾਣਗੇ।
ਇਸਦੇ ਨਾਲ ਹੀ, ਪਾਰਟੀ ਵਲੋਂ ਜਮਹੂਰੀ ਕਦਰਾਂ-ਕੀਮਤਾਂ ਅਤੇ ਧਰਮ ਨਿਰਪੱਖਤਾ ਦੇ ਵਡਮੁੱਲੇ  ਅਸੂਲਾਂ ਦੀ ਰਾਖੀ ਵਾਸਤੇ ਦੇਸ਼ ਅੰਦਰ ਆਰ.ਐਸ.ਐਸ ਦੀ ਅਗਵਾਈ ਹੇਠ ਦਨਦਨਾ ਰਹੇ ਫਿਰੂਕ-ਫਾਸ਼ੀਵਾਦੀ ਰੁਝਾਨਾਂ ਦਾ ਵੀ ਡੱਟਵਾਂ ਵਿਰੋਧ ਕੀਤਾ ਜਾਵੇਗਾ। ਕਿਰਤੀ ਜਨਸਮੂਹਾਂ ਦੀਆਂ ਭਾਈਚਾਰਕ ਸਾਂਝਾਂ  ਨੂੰ ਬਰਬਾਦ ਕਰਨ ਵੱਲ ਸੇਧਤ ਇਹ ਵੰਡਵਾਦੀ ਤੇ ਵੱਖਵਾਦੀ ਵੰਡੀਆਂ ਪਾਉਣ ਵਾਲੀਆਂ ਹਰ ਵੰਨਗੀ ਦੀਆਂ ਫਿਰਕੂ ਸ਼ਕਤੀਆਂ ਅਤੇ ਲੋਕਤੰਤਰ ਨੂੰ ਤਬਾਹ ਕਰਨ ਵੱਲ ਸੇਧਤ  ਸੰਘ ਪਰਿਵਾਰ ਦੇ ਏਕਾ-ਅਧਿਕਾਰਵਾਦੀ ਕਦਮਾਂ ਵਿਰੁੱਧ ਪਾਰਟੀ ਵਲੋਂ ਵਿਚਾਰਧਾਰਕ ਤੇ ਰਾਜਨੀਤਕ ਸੰਘਰਸ਼ ਨਿਰੰਤਰ ਜਾਰੀ ਰੱਖੇ ਜਾਣਗੇ। ਅਜੋਕੇ ਸਮਿਆਂ ਦੇ ਇਸ ਅਹਿਮ ਅਗਾਂਹਵਧੂ ਸੰਘਰਸ਼ ਨੂੰ ਸਫਲ ਬਨਾਉਣ ਲਈ, ਪਾਰਟੀ ਵਲੋਂ, ਸਮੂਹ ਖੱਬੀਆਂ, ਜਮਹੂਰੀ, ਧਰਮ ਨਿਰਪੱਖ ਤੇ ਦੇਸ਼ ਭਗਤ ਸ਼ਕਤੀਆਂ ਤੇ ਵਿਅਕਤੀਆਂ ਨੂੰ ਇਕਜੁੱਟ ਕਰਨ ਵਾਸਤੇ ਵੀ ਸਿਰਤੋੜ ਯਤਨ ਕੀਤੇ ਜਾਣਗੇ।
ਇਸ ਕਾਨਫਰੰਸ ਨੇ ਇਹ ਫੈਸਲਾ ਵੀ ਕੀਤਾ ਹੈ ਕਿ ਜਾਤਪਾਤ ਦੇ ਛੂਆ-ਛਾਤ ਦੇ ਰੂਪ ਵਿਚ ਏਥੇ ਕਈ ਸਦੀਆਂ ਤੋਂ ਫੈਲੇ ਹੋਏ ਅਤੀ ਘਿਰਨਾਜਨਕ ਸਮਾਜਿਕ ਕੋਹੜ ਤੋਂ ਦੇਸ਼ ਨੂੰ ਮੁਕਤ ਕਰਾਉਣ ਵਾਸਤੇ ਅਤੇ ਮਨੁੱਖੀ ਸਮਾਨਤਾ 'ਤੇ ਅਧਾਰਤ ਨਿਆਂ ਸੰਗਤ ਸਮਾਜ ਦੀ ਸਿਰਜਣਾ ਵਾਸਤੇ ਜਮਾਤੀ ਜਬਰ ਦੇ ਨਾਲ ਨਾਲ ਜਾਤ ਅਧਾਰਤ ਸਮਾਜਿਕ ਜਬਰ ਦਾ ਵੀ ਡੱਟਵਾਂ ਵਿਰੋਧ ਕੀਤਾ ਜਾਵੇਗਾ। ਸੰਘ ਪਰਿਵਾਰ ਦੇ ਪਿਛਾਖੜੀ ਮਨੂਵਾਦੀ ਪ੍ਰਚਾਰ ਦੇ ਫਲਸਰੂਪ ਇਸ ਮੁਜ਼ਰਮਾਨਾ ਸਮਾਜਿਕ ਜਬਰ ਦੀਆਂ ਘਟਨਾਵਾਂ ਵਿਚ ਵੀ ਹੋਰ ਵਧੇਰੇ ਵਾਧਾ ਹੋਇਆ ਹੈ। ਇਸ ਲਈ ਪ੍ਰਸ਼ਾਸਨਿਕ ਤੇ ਸਮਾਜਿਕ, ਦੋਵਾਂ ਤਰ੍ਹਾਂ ਦੇ ਜਬਰ ਨੂੰ ਰੋਕਣ ਤੇ ਭਾਂਜ ਦੇਣ ਦੇ ਅਹਿਮ ਕਾਰਜਾਂ ਨੂੰ ਪਾਰਟੀ ਵਲੋਂ ਵਿਸ਼ੇਸ਼ ਪ੍ਰਮੁੱਖਤਾ ਦਿੱਤੀ ਜਾਵੇਗੀ।
ਕਾਨਫਰੰਸ ਨੇ, ਉਪਰੋਕਤ ਪਿਛਾਖੜੀ ਮਨੂਵਾਦੀ ਉਭਾਰ ਅਤੇ ਸਾਮਰਾਜੀ-ਸਭਿਆਚਾਰਕ ਨਿਘਾਰ ਦੇ ਮਿਲਵੇਂ ਪ੍ਰਭਾਵ ਹੇਠ, ਦੇਸ਼ ਅੰਦਰ ਔਰਤਾਂ ਉਪਰ ਵਧੇ ਲਿੰਗਕ ਅਤੇ ਜਾਨੀ-ਜਿਸਮਾਨੀ ਤੇ ਜਿਣਸੀ ਹਮਲਿਆਂ ਉਪਰ ਵੀ ਡੂੰਘੀ ਚਿੰਤਾ ਦਾ ਪ੍ਰਗਟਾਵਾ ਕੀਤਾ ਹੈ। ਅਜੇਹੀਆਂ ਹਰ ਤਰ੍ਹਾਂ ਦੀਆਂ ਅਮਾਨਵੀ ਘਟਨਾਵਾਂ ਨੂੰ ਰੋਕਣ ਵਾਸਤੇ ਅਤੇ ਔਰਤਾਂ ਨਾਲ ਹੋ ਰਹੀਆਂ ਬੇਇਨਸਾਫੀਆਂ ਤੇ ਵਿਤਕਰਿਆਂ ਨੂੰ ਖਤਮ ਕਰਾਕੇ ਔਰਤਾਂ ਲਈ, ਹਰ ਖੇਤਰ ਵਿਚ, ਮਰਦਾਂ ਦੇ ਬਰਾਬਰ ਅਧਿਕਾਰ ਸੁਨਿਸ਼ਚਤ ਕਰਾਉਣ ਵਾਸਤੇ ਲੋੜੀਂਦੀ ਔਰਤਾਂ ਦੀ ਜਥੇਬੰਦਕ ਸ਼ਕਤੀ ਦਾ ਨਿਰਮਾਣ ਕਰਨ ਦੇ ਅਹਿਮ ਕਾਰਜਾਂ ਵੱਲ ਵੀ ਕਾਨਫਰੰਸ ਵਲੋਂ ਵਿਸ਼ੇਸ਼ ਧਿਆਨ ਦੇਣ ਦਾ ਨਿਸ਼ਚਾ ਦਰਿੜਾਇਆ ਗਿਆ ਹੈ।
ਕਾਨਫਰੰਸ ਨੇ ਇਹ ਫੈਸਲਾ ਵੀ ਕੀਤਾ ਹੈ ਕਿ ਉਪਰੋਕਤ ਸਾਰੇ ਸਮਾਜਿਕ-ਰਾਜਨੀਤਕ ਕਾਰਜਾਂ ਨੂੰ ਸਫਲਤਾ ਸਹਿਤ ਨੇਪਰੇ ਚਾੜ੍ਹਨ ਲਈ ਪਾਰਟੀ ਦੀ ਮੇਚਵੀਂ ਜਥੇਬੰਦਕ ਸ਼ਕਤੀ ਉਸਾਰਨ ਵਾਸਤੇ ਵੀ ਦਰਿੜ੍ਹਤਾਪੁਰਬਕ ਉਪਰਾਲੇ ਕੀਤੇ ਜਾਣਗੇ। ਇਸ ਸੰਦਰਭ ਵਿਚ ਪਾਰਟੀ ਦੀ ਜਮਾਤੀ ਬਣਤਰ ਨੂੰ ਵਧੇਰੇ ਇਨਕਲਾਬੀ ਰੂਪ ਦੇਣ ਵਾਸਤੇ ਪਛੜੇ ਹੋਏ ਗਰੀਬਾਂ, ਨੌਜਵਾਨਾਂ ਅਤੇ ਔਰਤਾਂ ਨੂੰ ਪਾਰਟੀ ਨਾਲ ਜੋੜਨ ਅਤੇ ਕਾਡਰਾਂ ਵਜੋਂ ਵਿਕਸਤ ਕਰਨ ਲਈ ਉਚੇਚੇ ਉਪਰਾਲੇ ਕੀਤੇ ਜਾਣਗੇ।  ਇਸ ਦਿਸ਼ਾ ਵਿਚ ਪਾਰਟੀ ਦੀ 23 ਤੋਂ 26 ਨਵੰਬਰ 2017 ਤੱਕ ਚੰਡੀਗੜ੍ਹ ਵਿਖੇ ਹੋ ਰਹੀ ਪਹਿਲੀ ਕੁਲ ਹਿੰਦ ਕਾਨਫਰੰਸ ਵਿਚ ਪਾਰਟੀ ਦੀ ਸਿਧਾਂਤਕ ਰਾਜਨੀਤਕ ਅਤੇ ਜਥੇਬੰਦਕ ਅਸੂਲਾਂ ਦੇ ਪੱਖ ਤੋਂ ਸਮਝਦਾਰੀ ਹੋਰ ਵਧੇਰੇ ਸਪੱਸ਼ਟ ਹੋ ਜਾਣ ਉਪਰੰਤ ਇਹਨਾਂ ਸਾਰੇ ਕਾਰਜਾਂ ਦੀ ਪੂਰਤੀ ਹਿੱਤ ਸਮੁੱਚੀ ਪਾਰਟੀ ਸੁਹਿਰਦਤਾ ਸਹਿਤ ਜੁੱਟ ਜਾਵੇਗੀ।
ਉਪਰੋਕਤ ਦੇ ਨਾਲ ਨਾਲ ਇਸ ਕਾਨਫਰੰਸ ਨੇ ਇਹ ਵੀ ਨੋਟ ਕੀਤਾ ਹੈ ਕਿ ਪੰਜਾਬ ਦੀ ਮੌਜੂਦਾ ਅਮਰਿੰਦਰ ਸਿੰਘ ਸਰਕਾਰ ਨੇ ਅਸੈਂਬਲੀ ਚੋਣਾਂ ਸਮੇਂ ਵੋਟਾਂ ਬਟੋਰਨ ਲਈ ਲੋਕਾਂ ਨਾਲ ਕੀਤੇ ਗਏ ਸਾਰੇ ਵਾਅਦੇ ਪੂਰੀ ਤਰ੍ਹਾਂ ਭੁਲਾ ਦਿੱਤੇ ਹਨ। ਉਸ ਵੇਲੇ ਚੋਣਾਂ ਜਿੱਤਣ ਲਈ ਕਾਂਗਰਸ ਪਾਰਟੀ ਨੇ ਪ੍ਰਾਂਤ ਦੇ ਕਿਸਾਨਾਂ, ਖੇਤ ਮਜ਼ਦੂਰਾਂ, ਮੁਲਾਜ਼ਮਾਂ, ਸਨਅਤੀ ਮਜ਼ਦੂਰਾਂ, ਬੇਰੁਜ਼ਗਾਰ ਜਵਾਨੀ, ਔਰਤਾਂ ਅਤੇ ਛੋਟੇ-ਛੋਟੇ ਕਾਰੋਬਾਰ ਕਰਨ ਵਾਲੇ ਹੋਰ ਸਾਰੇ ਹੀ ਵਰਗਾਂ ਨਾਲ ਕਈ ਲਿਖਤੀ ਅਤੇ ਮਿਤੀਬੱਧ ਵਾਅਦੇ ਕੀਤੇ ਸਨ। ਏਥੋਂ ਤੱਕ ਕਿ ਬਹੁਤ ਸਾਰੇ ਵਾਅਦਿਆਂ ਬਾਰੇ ਆਪਣੀ ਸੰਜੀਦਗੀ ਨੂੰ ਸਥਾਪਤ ਕਰਨ ਲਈ ਕੈਪਟਨ ਅਮਰਿੰਦਰ ਸਿੰਘ ਨੇ ਉਹਨਾ ਨੂੰ  ਧਾਰਮਿਕ ਪੁੱਠ ਵੀ ਚਾੜ੍ਹੀ ਸੀ। ਪ੍ਰੰਤੂ ਰਾਜ ਗੱਦੀ 'ਤੇ ਕਬਜ਼ਾ ਹੋ ਜਾਣ ਉਪਰੰਤ, 6 ਮਹੀਨੇ ਬੀਤ ਜਾਣ ਦੇ ਬਾਵਜੂਦ, ਸਮਾਜ ਦੇ ਕਿਸੇ ਵੀ ਵਰਗ ਨਾਲ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ ਗਿਆ। ਕਾਰਨ? ਇਹਨਾਂ ਸਾਮਰਾਜ ਪੱਖੀ ਤੇ ਕਾਰਪੋਰੇਟ ਪੱਖੀ ਹਾਕਮਾਂ ਦੀ ਲੋਕ ਵਿਰੋਧੀ ਲੁਟੇਰੀ ਮਾਨਸਿਕਤਾ ਨੂੰ ਝੰਜੋੜਾ ਦੇਣ ਅਤੇ ਭਾਂਜ ਦੇਣ ਲਈ ਲੋੜੀਂਦਾ ਜਨਤਕ ਪ੍ਰਤੀਰੋਧ ਅਜੇ ਕਮਜ਼ੋਰ ਹੈ। ਇਸ ਘਾਟ ਦੀ ਪੂਰਤੀ ਲਈ ਵੀ ਵਿਸ਼ਾਲ ਜਨਤਕ ਲਾਮਬੰਦੀ ਤੇ ਆਧਾਰਤ ਬੱਝਵਾਂ ਸੰਘਰਸ਼ ਤਿੱਖਾ ਕੀਤਾ ਜਾਵੇਗਾ।
ਇਸ ਸਮੁੱਚੀ ਸੇਧ ਵਿਚ ਲੋਕ ਉਭਾਰ ਪੈਦਾ ਕਰਨ ਲਈ ਕਾਨਫਰੰਸ ਨੇ ਇਹ ਸੱਦਾ ਦਿੱਤਾ ਹੈ ਕਿ ਫੌਰੀ ਤੌਰ 'ਤੇ, 20 ਅਕਤੂਬਰ ਤੱਕ ਸਾਰੇ ਪ੍ਰਾਂਤ ਅੰਦਰ, ਵੱਖ-ਵੱਖ ਥਾਵਾਂ 'ਤੇ, ਭਰਵੀਆਂ ਕਨਵੈਨਸ਼ਨਾਂ ਕੀਤੀਆਂ ਜਾਣ। ਇਸ ਤੋਂ ਬਾਅਦ 7 ਨਵੰਬਰ ਨੂੰ ਜ਼ਿਲ੍ਹਾ ਕੇਂਦਰਾਂ ਉਪਰ ਵਿਸ਼ਾਲ ਪ੍ਰਦਰਸ਼ਨ ਆਯੋਜਤ ਕਰਨ ਦਾ ਸੱਦਾ ਵੀ ਦਿੱਤਾ ਗਿਆ ਹੈ। 7 ਨਵੰਬਰ ਦਾ ਇਤਿਹਾਸਕ ਦਿਵਸ ਪੂਰੇ ਇਕ ਸੌ ਸਾਲ ਪਹਿਲਾਂ, 1917 ਵਿਚ ਰੂਸ ਦੀ ਧਰਤੀ 'ਤੇ ਮਹਾਨ ਲੈਨਿਨ ਦੀ ਅਗਵਾਈ ਹੇਠ ਬਾਲਸ਼ਵਿਕ ਪਾਰਟੀ ਵਲੋਂ ਕੀਤੇ ਗਏ ਅਕਤੂਬਰ ਇਨਕਲਾਬ ਦੀਆਂ ਉਹਨਾਂ ਗੌਰਵਮਈ ਤੇ ਸੰਗਰਾਮੀ ਘਟਨਾਵਾਂ ਨਾਲ ਜੁੜੀਆਂ ਹੋਈਆਂ ਯਾਦਾਂ ਨੂੰ ਪ੍ਰਜਵਲਤ ਕਰਦਾ ਹੈ, ਜਿਹਨਾਂ ਘਟਨਾਵਾਂ ਨੇ ਮਨੁੱਖ ਦੇ ਇਤਿਹਾਸ ਵਿਚ ਇਕ ਨਵੇਂ ਦੌਰ ਪੂੰਜੀਵਾਦ ਤੋਂ ਸਮਾਜਵਾਦ ਵਿਚ ਤਬਦੀਲੀ ਦੇ ਦੌਰ ਦਾ ਮੁੱਢ ਬੰਨਿਆ ਸੀ।
ਇਸ ਸਮੁੱਚੇ ਪਿਛੋਕੜ ਵਿਚ, ਅਸੀਂ ਸਮੂਹ ਮਿਹਨਤਕਸ਼ਾਂ ਨੂੰ ਇਹਨਾਂ ਸਾਰੇ ਪ੍ਰੋਗਰਾਮਾਂ ਵਿਚ ਭਰਵੀਂ ਸ਼ਮੂਲੀਅਤ ਕਰਨ ਲਈ ਪੁਰਜ਼ੋਰ ਅਪੀਲ ਕਰਦੇ ਹਾਂ। ਪਾਰਟੀ ਦੇ ਸਮੂਹ ਕਾਰਕੁੰਨਾਂ ਤੇ ਹਮਦਰਦਾਂ ਨੂੰ ਵੀ ਬੇਨਤੀ ਕੀਤੀ ਜਾਂਦੀ ਹੈ ਕਿ ਉਹ ਕਾਨਫਰੰਸ ਦੇ ਇਹ ਸਾਰੇ ਸੰਦੇਸ਼ ਆਮ ਲੋਕਾਂ ਵਿਸ਼ੇਸ਼ ਤੌਰ 'ਤੇ ਕਿਰਤੀ ਜਨਸਮੂਹਾਂ ਨਾਲ ਸਾਂਝੇ ਕਰਨ ਵਾਸਤੇ ਹਰ ਪੱਧਰ 'ਤੇ ਆਪੋ ਆਪਣੀ ਸਮਰੱਥਾ ਅਨੁਸਾਰ ਠੋਸ ਪ੍ਰੋਗਰਾਮ ਉਲੀਕਣ ਅਤੇ ਉਹਨਾਂ ਨੂੰ ਪੂਰਾ ਕਰਨ ਲਈ ਆਪਣਾ ਪੂਰਾ ਤਾਣ ਲਾਉਣ।
- ਹਰਕੰਵਲ ਸਿੰਘ
 
(4.10.2017)

No comments:

Post a Comment