ਇੰਦਰਜੀਤ ਚੁਗਾਵਾਂ
ਸਿੱਖਿਆ ਦੇ ਮਾਧਿਅਮ ਭਾਵੇਂ ਕਿੰਨੇ ਵੀ ਆਧੁਨਿਕ ਕਿਉਂ ਨਾ ਹੋਣ, ਅਹਿਮੀਅਤ ਇਸ ਗੱਲ ਦੀ ਹੈ ਕਿ ਦਿੱਤੀ ਜਾ ਰਹੀ ਸਿੱਖਿਆ ਦੀ ਸੇਧ ਕੀ ਹੈ ? ਉਸ ਦੇ ਪ੍ਰਸਾਰ ਦਾ ਤਰੀਕਾ ਕੀ ਹੈ ਤੇ ਪ੍ਰਬੰਧਕੀ ਢਾਂਚੇ ਦੀ ਮਨਸ਼ਾ ਕੀ ਹੈ ? ਨਾਅਰਾ ਭਾਵੇਂ ਕਿੰਨਾ ਵੀ ਦਿਲਕਸ਼ ਹੋਵੇ, ਉਸ ਦੀ ਹਕੀਕਤ ਅਮਲ ਸਮੇਂ ਹੀ ਸਾਹਮਣੇ ਆਉਂਦੀ ਹੈ।
'ਬੇਟੀ ਬਚਾਓ, ਬੇਟੀ ਪੜ੍ਹਾਓ' ਦਾ ਨਾਅਰਾ ਕਿੰਨਾ ਖੂਬਸੂਰਤ ਹੈ! ਧੀਆਂ ਨੂੰ ਬਚਾਉਣ ਤੇ ਉਨ੍ਹਾਂ ਨੂੰ ਪੜ੍ਹਾਉਣ ਤੋਂ ਵੱਡਾ ਕਾਰਜ ਸ਼ਾਇਦ ਹੀ ਕੋਈ ਹੋਵੇ। ਪੜ੍ਹਾਈ ਦਾ ਮਕਸਦ ਕੇਵਲ ਅੱਖਰ ਗਿਆਨ ਤਾਂ ਹੁੰਦਾ ਨਹੀਂ, ਇਸ ਨੇ ਤਾਂ ਮਨੁੱਖ ਦੀ ਤੀਸਰੀ ਅੱਖ ਨੂੰ ਖੋਲ੍ਹਣਾ ਹੁੰਦਾ ਹੈ। ਉਹ ਅੱਖ ਜੋ ਹਰ ਚੰਗੇ-ਮਾੜੇ ਦੀ ਪਰਖ ਕਰਦੀ ਹੈ, ਉਹ ਅੱਖ ਜੋ ਬਿਹਤਰ ਤੋਂ ਵੀ ਬਿਹਤਰ ਢੰਗ ਨਾਲ ਜਿਊਣ ਦੀ ਜਾਚ ਸਿਖਾਉਂਦੀ ਹੈ। ਤੇ ਜਦ 'ਬੇਟੀ ਬਚਾਓ, ਬੇਟੀ ਪੜ੍ਹਾਓ' ਦਾ ਨਾਅਰਾ ਦੇਣ ਵਾਲੇ ਬੇਟੀਆਂ 'ਤੇ ਸਿਰਫ ਇਸ ਲਈ ਤਸ਼ੱਦਦ ਕਰਨ ਤੱਕ ਚਲੇ ਜਾਣ ਕਿ ਉਨ੍ਹਾਂ ਨੇ ਆਪਣੇ ਨਾਲ ਹੋਈ ਬਦਸਲੂਕੀ-ਛੇੜਖਾਨੀ ਵਿਰੁੱਧ ਆਵਾਜ਼ ਕਿਉਂ ਉਠਾਈ ਹੈ ਤਾਂ ਉਨ੍ਹਾਂ ਬਾਰੇ ਕੀ ਕਿਹਾ ਜਾਵੇ?
ਬਨਾਰਸ ਹਿੰਦੂ ਯੂਨੀਵਰਸਿਟੀ (ਬੀ ਐੱਚ ਯੂ) 'ਚ 21 ਸਤੰਬਰ ਦੀ ਰਾਤ ਨੂੰ ਵਾਪਰੀ ਇੱਕ ਘਟਨਾ ਨੇ ਬਹੁਤ ਕੁਝ ਸਾਹਮਣੇ ਲਿਆਂਦਾ ਹੈ। ਲਾਇਬ੍ਰੇਰੀ ਤੋਂ ਹੋਸਟਲ ਪਰਤ ਰਹੀ ਇੱਕ ਲੜਕੀ ਜਦ ਬੀ ਐੱਚ ਯੂ 'ਚ ਮੌਜੂਦ ਭਾਰਤ ਕਲਾ ਭਵਨ ਦੇ ਕੋਲੋਂ ਲੰਘ ਰਹੀ ਸੀ ਤਾਂ ਤਿੰਨ ਲੜਕਿਆਂ ਨੇ ਉਸ ਦੇ ਕੱਪੜਿਆਂ ਅੰਦਰ ਹੱਥ ਪਾ ਕੇ ਉਸ ਦੀ ਅਸਮਤ ਨਾਲ ਖਿਲਵਾੜ ਕਰਨ ਦੀ ਹਿਮਾਕਤ ਕੀਤੀ ਤਾਂ ਉਸ ਨੇ ਆਪਣੇ ਬਚਾਏ ਲਈ ਸ਼ੋਰ ਮਚਾਇਆ। ਜਵਾਬ 'ਚ ਉਨ੍ਹਾਂ ਲੜਕਿਆਂ ਨੇ ਪੁੱਛਿਆ, 'ਰੇਪ ਕਰਵਾਏਂਗੀ ਜਾਂ ਆਪਣੇ ਹੋਸਟਲ ਜਾਏਂਗੀ?' ਪੀੜਤ ਲੜਕੀ ਜਦ ਪ੍ਰਾਕਟਰ ਕੋਲ ਸ਼ਿਕਾਇਤ ਕਰਨ ਪਹੁੰਚੀ ਤਾਂ ਉਲਟਾ ਉਸ ਨੂੰ ਪੁੱਛਿਆ ਗਿਆ ਕਿ ਉਹ ਹੋਸਟਲ ਦੇ ਬਾਹਰ ਕਰ ਕੀ ਰਹੀ ਸੀ? ਅਗਲੇ ਦਿਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਦੌਰੇ ਦੇ ਮੱਦੇਨਜ਼ਰ ਉਸ ਲੜਕੀ ਨੂੰ ਜ਼ੁਬਾਨ ਬੰਦ ਰੱਖਣ ਦੀ ਹਦਾਇਤ ਵੀ ਦਿੱਤੀ ਗਈ। ਬੁਰੀ ਤਰ੍ਹਾਂ ਪ੍ਰੇਸ਼ਾਨ ਉਹ ਲੜਕੀ ਜਦ ਹੋਸਟਲ ਪਹੁੰਚ ਕੇ ਵਾਰਡਨ ਨੂੰ ਮਿਲੀ ਤਾਂ ਵਾਰਡਨ ਦਾ ਜੁਆਬ ਵੀ ਇਸ ਤੋਂ ਘੱਟ ਨਹੀਂ ਸੀ। ਉਸ ਨੇ ਆਖਿਆ ਕਿ ਕੱਪੜਿਆਂ 'ਚ ਹੱਥ ਹੀ ਤਾਂ ਪਾਇਆ ਹੈ, ਅਜਿਹਾ ਕੀ ਹੋ ਗਿਆ ? ਲੜਕੀ ਨੂੰ ਸਮਝ ਨਹੀਂ ਸੀ ਆ ਰਹੀ ਕਿ ਇਹ ਯੂਨੀਵਰਸਿਟੀ ਹੈ ਜਾਂ ਕੋਈ ਖਾਪ ਪੰਚਾਇਤ। ਇਹ ਗੱਲ ਹੌਲੀ-ਹੌਲੀ ਦੂਸਰੀਆਂ ਲੜਕੀਆਂ ਤੱਕ ਪਹੁੰਚ ਗਈ। 21 ਸਤੰਬਰ ਦੀ ਰਾਤ ਹੁੰਦੇ-ਹੁੰਦੇ ਬੀ ਐੱਚ ਯੂ ਅੰਦਰ ਇਸ ਸਦੀ ਦਾ ਹੁਣ ਤੱਕ ਦਾ ਸਭ ਤੋਂ ਵੱਡਾ ਵਿਦਿਆਰਥੀ ਅੰਦੋਲਨ ਜਨਮ ਲੈ ਚੁੱਕਿਆ ਸੀ।
ਅਗਲੇ ਦਿਨ ਗੇਟ ਖੁੱਲ੍ਹਦਿਆਂ ਹੀ ਲੜਕੀਆਂ ਗੇਟ 'ਤੇ ਆ ਗਈਆਂ। 42 ਘੰਟੇ ਤੱਕ ਉਨ੍ਹਾਂ ਕੇਵਲ ਸੁਰੱਖਿਆ ਦੀ ਮੰਗ ਉਠਾਈ। ਉਹ ਮੰਗ ਕੀ ਰਹੀਆਂ ਸਨ; ਸਟਰੀਟ ਲਾਈਟ, ਮਹਿਲਾ ਹੋਸਟਲ ਦੇ ਬਾਹਰ ਸੀ ਸੀ ਟੀ ਵੀ ਕੈਮਰੇ ਅਤੇ 24 ਘੰਟੇ ਗਾਰਡਾਂ ਦੀ ਤਾਇਨਾਤੀ। ਇਸ ਅੰਦੋਲਨ ਨੂੰ ਸ਼ੁਰੂਆਤ ਤੋਂ ਹੀ ਭਟਕਾਉਣ ਦੀਆਂ ਕੋਸ਼ਿਸ਼ਾਂ ਸ਼ੁਰੂ ਹੋ ਗਈਆਂ ਸਨ। ਇਸ ਲਈ ਲੜਕੀਆਂ ਨੇ ਇਨ੍ਹਾਂ ਮੰਗਾਂ ਨੂੰ ਵਾਇਸ ਚਾਂਸਲਰ (ਵੀ.ਸੀ.) ਨੂੰ ਮਿਲਕੇ ਉਨ੍ਹਾ ਸਾਹਮਣੇ ਰੱਖਣ ਦਾ ਫੈਸਲਾ ਕੀਤਾ ਤਾਂ ਕਿ ਮਾਮਲਾ ਕਿਸੇ ਨਤੀਜੇ ਤੱਕ ਪਹੁੰਚ ਸਕੇ। ਪਰ ਵਾਰ-ਵਾਰ ਮੁਲਾਕਾਤ ਦੇ ਸੰਕੇਤ ਦੇਣ ਦੇ ਬਾਵਜੂਦ ਵਾਈਸ ਚਾਂਸਲਰ ਵਿਦਿਆਰਥਣਾਂ ਨੂੰ ਮਿਲਣ ਲਈ ਤਿਆਰ ਨਹੀਂ ਹੋਏ। ਇਸ ਦੇ ਉਲਟ ਬਾਹਰੋਂ, ਜ਼ਿਲ੍ਹਾ ਪ੍ਰਸ਼ਾਸਨ ਕੋਲੋਂ ਸੁਰੱਖਿਆ ਬਲ ਮੰਗਵਾ ਕੇ ਵਿਦਿਆਰਥਣਾਂ 'ਤੇ ਬੇਰਹਿਮੀ ਨਾਲ ਤਸ਼ੱਦਦ ਕੀਤਾ ਗਿਆ। ਇਥੋਂ ਤੱਕ ਕਿ ਵਿਦਿਆਥਣਾਂ ਨੂੰ ਬਚਾਉਣ ਲਈ ਅੱਗੇ ਆਈਆਂ ਮਹਿਲਾ ਅਧਿਆਪਕਾਂ ਨੂੰ ਵੀ ਨਹੀਂ ਬਖਸ਼ਿਆ ਗਿਆ।
ਵਾਈਸ ਚਾਂਸਲਰ ਗਿਰੀਸ਼ ਚੰਦਰ ਤ੍ਰਿਪਾਠੀ ਦੀ ਇਸ ਮਾਮਲੇ 'ਤੇ ਪ੍ਰਤੀਕਿਰਿਆ ਤੋਂ ਇੰਝ ਜਾਪਿਆ ਕਿ ਜਿਵੇਂ ਕੋਈ ਗੰਵਾਰ ਚੌਧਰੀ ਗੱਲ ਕਰ ਰਿਹਾ ਹੋਵੇ। ਤ੍ਰਿਪਾਠੀ ਨੇ ਲੜਕੀਆਂ ਦੀ ਸਮੱਸਿਆ ਸੁਣਕੇ, ਉਨ੍ਹਾਂ ਦਾ ਹੱਲ ਕਰਕੇ ਲੜਕੀਆਂ ਨੂੰ ਸ਼ਾਂਤ ਤਾਂ ਕਰਨਾ ਦੂਰ, ਉਲਟਾ ਉਨ੍ਹਾਂ ਨੂੰ ਜਿਸਮਾਨੀ ਛੇੜਖਾਨੀ ਦੀ ਗੱਲ ਕਰਨ ਵਿਰੁੱਧ ਧਮਕੀ ਦੇ ਦਿੱਤੀ। ਤ੍ਰਿਪਾਠੀ ਇਹ ਕਹਿਣ ਤੱਕ ਚਲੇ ਗਏ ਕਿ ਵਿਦਿਆਰਥਣਾਂ ਨੇ ਯੂਨੀਵਰਸਿਟੀ ਅੰਦਰ ਜਿਸਮਾਨੀ ਛੇੜਖਾਨੀ ਦੀ ਗੱਲ ਛੇੜ ਕੇ ਆਪਣੀ ਲਾਜ ਨੂੰ ਬਾਜ਼ਾਰੂ ਬਣਾ ਦਿੱਤਾ ਹੈ। ਜਿਸ ਵੇਲੇ ਵੀ.ਸੀ. ਨੂੰ ਬਰਖਾਸਤ ਕਰਨ ਦੀ ਮੰਗ ਚੁਫੇਰਿਓਂ ਉਠ ਰਹੀ ਹੈ, ਉਹ ਆਪਣੀ ਗਲਤੀ ਦਾ ਅਹਿਸਾਸ ਕਰਨ ਦੀ ਥਾਂ ਮੀਡੀਆ 'ਤੇ ਮਾਮਲੇ ਨੂੰ ਵਧਾ-ਚੜ੍ਹਾ ਕੇ ਪੇਸ਼ ਕਰਨ ਦਾ ਦੋਸ਼ ਲਾ ਰਿਹਾ ਹੈ।
ਯੂਨੀਵਰਸਿਟੀ ਪ੍ਰਸ਼ਾਸਨ ਵੱਲੋਂ ਦਿੱਤੇ ਗਏ ਅਧਿਕਾਰਤ ਬਿਆਨਾਂ 'ਚੋਂ ਦੂਸ਼ਣਬਾਜ਼ੀ ਜ਼ਿਆਦਾ ਨਜ਼ਰ ਆਈ। ਇੱਕ ਬਿਆਨ ਅਨੁਸਾਰ ਸੁਰੱਖਿਆ ਮੁਲਾਜ਼ਮਾਂ ਤੇ ਵਿਦਿਆਰਥੀਆਂ ਵਿਚਾਲੇ ਟਕਰਾਅ ਦੌਰਾਨ ਵਿਦਿਆਰਥੀਆਂ ਵੱਲੋਂ ਦੇਸੀ ਪੈਟਰੋਲ ਬੰਬ ਸੁੱਟੇ ਗਏ। ਇਨ੍ਹਾਂ ਬੰਬਾਂ ਦੀ ਪੁਸ਼ਟੀ ਅਜੇ ਤੱਕ ਕਿਸੇ ਵੀ ਪਾਸਿਉਂ ਨਹੀਂ ਹੋਈ। ਇਸ ਦੇ ਉਲਟ ਜ਼ਿਲ੍ਹਾ ਪ੍ਰਸ਼ਾਸਨ ਤੇ ਐੱਸ ਐੱਸ ਪੀ ਦੀ ਮੌਜੂਦਗੀ 'ਚ ਪੀ ਏ ਸੀ ਦੀਆਂ ਟੁਕੜੀਆਂ ਨੇ ਲੜਕੇ-ਲੜਕੀਆਂ ਦੇ ਹੋਸਟਲਾਂ 'ਚ ਜਾ ਕੇ ਉਨ੍ਹਾਂ ਨੂੰ ਕੁਟਾਪਾ ਚਾੜ੍ਹਿਆ। ਮਹਿਲਾ ਕਾਲਜ 'ਚ ਪੜ੍ਹ ਰਹੀ ਸਾਕਸ਼ੀ ਸਿੰਘ ਅਨੁਸਾਰ ''ਲਾਠੀਚਾਰਜ ਦੌਰਾਨ ਬਚਣ ਦੀ ਕੋਸ਼ਿਸ਼ 'ਚ ਭੱਜਣ ਸਮੇਂ ਲੜਕੀਆਂ ਡਿੱਗ ਪਈਆਂ। ਪੁਲਸ ਨੇ ਉਨ੍ਹਾਂ ਉੱਪਰ ਚੜ੍ਹਕੇ ਉਨ੍ਹਾਂ ਨੂੰ ਕੁਟਾਪਾ ਚਾੜ੍ਹਿਆ। ਪੁਲਸ ਤੇ ਪੀ ਏ ਸੀ ਦੀਆਂ ਇਨ੍ਹਾਂ ਹਮਲਾਵਰ ਟੁਕੜੀਆਂ 'ਚ ਇੱਕ ਵੀ ਮਹਿਲਾ ਕਾਂਸਟੇਬਲ ਨਹੀਂ ਸੀ।''
ਯੂਨੀਵਰਸਿਟੀ ਅੰਦਰ ਲੜਕੀਆਂ ਨਾਲ ਛੇੜਛਾੜ ਦੀ ਇਹ ਕੋਈ ਇਕੱਲੀ ਕਾਰੀ ਘਟਨਾ ਨਹੀਂ ਹੈ। ਦਹਾਕਿਆਂ ਤੋਂ ਅਜਿਹੀਆਂ ਘਟਨਾਵਾਂ ਵਾਪਰਦੀਆਂ ਆ ਰਹੀਆਂ ਹਨ। ਉਨ੍ਹਾ ਵਿਰੁੱਧ ਉਠਦੀ ਆਵਾਜ਼ ਨੂੰ ਦਬਾਇਆ ਜਾਂਦਾ ਰਿਹਾ ਹੈ। ਇਸ ਵਾਰ ਨਵੀਂ ਗੱਲ ਇਹ ਹੋਈ ਕਿ ਸਭ ਜਾਤੀਆਂ, ਵਰਗਾਂ, ਭਾਈਚਾਰਿਆਂ 'ਚੋਂ ਆਉਣ ਵਾਲੀਆਂ ਲੜਕੀਆਂ ਨੇ ਇਕਮੁੱਠ ਹੋ ਕੇ ਸੜਕ 'ਤੇ ਆ ਕੇ ਬਦਸਲੂਕੀ ਤੇ ਛੇੜਖਾਨੀ ਖਿਲਾਫ ਪੂਰੇ ਜ਼ੋਰ ਨਾਲ ਦਹਾੜ ਲਗਾਈ। ਠੀਕ ਇੱਕ ਸਾਲ ਪਹਿਲਾਂ ਜਦੋਂ 'ਵਰਸਿਟੀ ਦੇ ਹਿੰਦੀ ਵਿਭਾਗ ਦੀ ਵਿਦਿਆਰਥਣ ਨਾਲ ਕੈਂਪਸ ਦੇ ਅੰਦਰ ਬਲਾਤਕਾਰ ਦੀ ਘਟਨਾ ਸਾਹਮਣੇ ਆਈ ਸੀ, ਉਸ ਸਮੇਂ ਵੀ ਨਗਰ ਪ੍ਰਸ਼ਾਸਨ ਦਾ ਰਵੱਈਆ ਮਾਮਲੇ ਨੂੰ ਰਫਾ-ਦਫਾ ਕਰਨ ਵਾਲਾ ਸੀ। ਪੀੜਤ ਵਿਦਿਆਰਥਣ ਨਾਲ ਮੈਡੀਕਲ ਸਾਇੰਸ ਇੰਸਟੀਚਿਊਟ ਦੇ ਹੀ ਇੱਕ ਮੁਲਾਜ਼ਮ ਤੇ ਉਸ ਦੇ ਸਾਥੀਆਂ ਨੇ ਚਾਂਸਲਰ ਦੀ ਰਿਹਾਇਸ਼ ਤੋਂ ਮਹਿਜ਼ ਦਸ ਮੀਟਰ ਦੂਰ ਇੱਕ ਕਾਰ 'ਚ ਬਲਾਤਕਾਰ ਕੀਤਾ ਸੀ। ਇਹ ਨਗਰ ਪ੍ਰਸ਼ਾਸਨ ਦੀ ਕਾਰਸਤਾਨੀ ਸੀ ਕਿ ਪੁਲਸ ਨੇ ਮੈਡੀਕਲ ਜਾਂਚ ਕਰਵਾਉਣ 'ਚ ਦਸ ਦਿਨ ਲਗਾ ਦਿੱਤੇ। ਸਿੱਟੇ ਵਜੋਂ ਸਾਰੇ ਸਰੀਰਕ ਸਬੂਤ ਮਿਟ ਗਏ ਸਨ।
ਗੌਰ ਕਰਨ ਵਾਲੀ ਗੱਲ ਹੈ ਕਿ ਲੜਕੀਆਂ ਜਿਨ੍ਹਾਂ ਮੰਗਾਂ ਨੂੰ ਲੈ ਕੇ ਅੰਦੋਲਨ ਕਰ ਰਹੀਆਂ ਸਨ, ਉਨ੍ਹਾਂ ਵਾਸਤੇ 'ਵਰਸਿਟੀ ਪ੍ਰਸ਼ਾਸਨ ਨੇ ਕੁਝ ਵੀ ਨਹੀਂ ਕੀਤਾ, ਪਰ ਪੂਰੀ ਕਾਰਵਾਈ 'ਚ ਇੱਕ ਦਿਨ ਬਾਅਦ 24 ਸਤੰਬਰ ਨੂੰ ਜਦ ਸਾਰੀਆਂ ਸਿਆਸੀ ਪਾਰਟੀਆਂ, ਮਨੁੱਖੀ ਅਧਿਕਾਰ ਸੰਗਠਨਾਂ, ਆਮ ਲੋਕਾਂ ਤੇ ਵਿਦਿਆਰਥੀਆਂ ਵੱਲੋਂ ਜਦੋਂ ਅਮਨ ਮਾਰਚ ਕੱਢਿਆ ਗਿਆ ਤਾਂ ਜਾ ਕੇ ਜ਼ਿਲ੍ਹਾ ਪ੍ਰਸ਼ਾਸਨ ਤੇ ਕਮਿਸ਼ਨਰ ਨੇ ਇਹ ਮੰਗ ਮੰਨਣ ਦਾ ਭਰੋਸਾ ਦਿੱਤਾ। ਸੁਆਲ ਪੈਦਾ ਹੁੰਦਾ ਹੈ ਕਿ ਜੇ ਇਹ ਕਦਮ ਜ਼ਿਲ੍ਹਾ ਪ੍ਰਸ਼ਾਸਨ ਨੇ ਹੀ ਉਠਾਉਣਾ ਸੀ ਤਾਂ ਲੜਕੀਆਂ ਨੂੰ ਕੁਟਾਪਾ ਚਾੜ੍ਹਨ ਤੋਂ ਪਹਿਲਾਂ ਵੀ ਤਾਂ ਉਠਾਇਆ ਜਾ ਸਕਦਾ ਸੀ?
ਬੀ ਐੱਚ ਯੂ ਦਰਅਸਲ ਆਪਣੀ ਸਥਾਪਨਾ ਵੇਲੇ ਤੋਂ ਹੀ ਸੰਕੀਰਨ ਹਿੰਦੂ ਕੱਟੜਪੰਥੀਆਂ ਦੇ ਦਬਦਬੇ ਹੇਠ ਰਹੀ ਹੈ। ਇਸ ਦੇ ਮੋਢੀਆਂ 'ਚੋਂ ਸਭ ਤੋਂ ਅਹਿਮ ਰਹੇ ਪੰਡਿਤ ਮਦਨ ਮੋਹਨ ਮਾਲਵੀਆ ਵਿਚਾਰਕ ਪੱਖੋਂ ਵਿਆਪਕ ਸੋਚ ਵਾਲੇ ਵਿਅਕਤੀ ਨਹੀਂ ਸਨ। ਉਹ ਹਿੰਦੂ ਮਹਾ ਸਭਾ ਦੇ ਸਰਗਰਮ ਆਗੂ ਸਨ। 'ਵਰਸਿਟੀ ਦੇ ਸ਼ੁਰੂਆਤੀ ਦੌਰ ਦੀ ਇੱਕ ਘਟਨਾ ਇਸ ਦੇ ਸੰਚਾਲਕਾਂ ਦੀ ਸੋਚ ਦੀ ਸੰਕੀਰਨਤਾ ਦਾ ਠੋਸ ਸਬੂਤ ਹੈ। ਮਹਾਦੇਵੀ ਵਰਮਾ, ਜੋ ਹਿੰਦੀ ਦੀ ਨਾਮਵਰ ਕਵਿਤਰੀ, ਵਿਚਾਰਕ ਤੇ ਲੇਖਿਕਾ ਸਨ, ਨੂੰ 'ਵਰਸਿਟੀ ਦੇ ਸੰਸਕ੍ਰਿਤ ਵਿਭਾਗ 'ਚ ਐੱਮ ਏ ਕਰਨ ਦੀ ਇਜਾਜ਼ਤ ਨਹੀਂ ਦਿੱਤੀ ਗਈ ਸੀ। ਕਿਉਂਕਿ ਉਹ ਔਰਤ ਸੀ ਤੇ ਬ੍ਰਾਹਮਣ ਵੀ ਨਹੀਂ ਸੀ। ਬਾਅਦ 'ਚ ਇਸ ਦੇ ਪ੍ਰੋਫੈਸਰਾਂ ਨੇ 'ਵਰਸਿਟੀ ਨੂੰ ਸੰਕੀਰਨਤਾ ਤੋਂ ਬਾਹਰ ਕੱਢਣ ਦੀਆਂ ਵਾਰ-ਵਾਰ ਕੋਸ਼ਿਸ਼ਾਂ ਕੀਤੀਆਂ। ਪਰ ਉਹ ਸਿਰੇ ਨਹੀਂ ਲੱਗ ਸਕੀਆਂ। ਹਿੰਦੂ ਕੱਟੜਪੰਥੀਆਂ ਦਾ ਦਬਦਬਾ ਏਨਾ ਹੈ ਕਿ ਯੂਨੀਵਰਸਿਟੀ ਦੇ ਅਧਿਆਪਕ ਜਥੇਬੰਦਕ ਰੂਪ 'ਚ ਆਵਾਜ਼ ਉਠਾਉਣ ਦੇ ਸਮਰੱਥ ਨਹੀਂ ਹੋ ਸਕੇ। ਜਵਾਹਰ ਲਾਲ ਨਹਿਰੂ ਯੂਨੀਵਰਸਿਟੀ 'ਚ ਕਨ੍ਹੱਈਆ ਕੁਮਾਰ ਦੇ ਦੌਰ 'ਚ ਕੱਟੜਪੰਥੀਆਂ ਦੇ ਹਮਲਿਆਂ ਵਿਰੁੱਧ 'ਵਰਸਿਟੀ ਦੇ ਅਧਿਆਪਕਾਂ ਨੇ ਵੀ ਜਥੇਬੰਦਕ ਰੂਪ 'ਚ ਭਗਵੇਂ ਬ੍ਰਿਗੇਡ ਦੇ ਹਮਲੇ ਦਾ ਪੂਰੇ ਜ਼ੋਰ ਨਾਲ ਵਿਰੋਧ ਕੀਤਾ ਸੀ। ਪਰ ਬੀ ਐੱਚ ਯੂ ਦੇ ਮਾਮਲੇ 'ਚ ਵਿਦਿਆਰਥੀ ਅੰਦੋਲਨ ਨੂੰ ਪ੍ਰੋਫੈਸਰਾਂ ਦਾ ਸਮਰਥਨ ਖੁੱਲ੍ਹੇ ਰੂਪ 'ਚ ਨਹੀਂ ਮਿਲਿਆ।
ਕੀ ਕਿਸੇ ਜਮਹੂਰੀ ਦੇਸ਼ ਅੰਦਰ ਅਜਿਹੀ ਯੂਨੀਵਰਸਿਟੀ ਦੀ ਕਲਪਨਾ ਕੀਤੀ ਜਾ ਸਕਦੀ ਹੈ, ਜਿੱਥੇ ਵਿਦਿਆਰਥੀਆਂ ਦੇ ਹੋਸਟਲ 'ਚ ਤਾਂ ਸ਼ਾਕਾਹਾਰੀ-ਮਾਸਾਹਾਰੀ, ਹਰ ਤਰ੍ਹਾਂ ਦਾ ਭੋਜਨ ਮਿਲੇ, ਪਰ ਵਿਦਿਆਰਥਣਾਂ ਦੇ ਹੋਸਟਲ 'ਚ ਮਾਸਾਹਾਰ ਵਰਜਿਤ ਹੋਵੇ। ਗੱਲਾਂ ਹੋ ਰਹੀਆਂ ਹਨ 'ਵਿਸ਼ਵ ਗੁਰੂ' ਬਣਨ ਦੀਆਂ 'ਡਿਜਿਟਲ ਇੰਡੀਆ' ਦੀਆਂ ਤੇ ਇੱਕ 'ਵਰਸਿਟੀ ਦੇ ਅੰਦਰ ਵਿਦਿਆਰਥਣਾਂ ਨੂੰ ਉੱਚੀਆਂ ਉੱਚੀਆਂ ਵਲਗਣਾਂ 'ਚ ਰੱਖਿਆ ਜਾ ਰਿਹਾ ਹੈ। ਆਪਣੀ ਬੇਪਤੀ ਖਿਲਾਫ ਖੜ੍ਹਨ ਵਾਲੀਆਂ ਲੜਕੀਆਂ ਦੀ ਆਵਾਜ਼ ਨੂੰ ਵਾਈਸ ਚਾਂਸਲਰ ਸਾਹਿਬ ਬਗਾਵਤ ਵਜੋਂ ਦੇਖ ਰਹੇ ਹਨ। ਉਨ੍ਹਾਂ ਦਾ ਇਹ ਜੁਮਲਾ ਨੋਟ ਕਰਨ ਵਾਲਾ ਹੈ, 'ਕਾਸ਼ੀ ਦੇ ਮਹਾਨ ਹਿੰਦੂ ਵਿਸ਼ਵ ਵਿਦਿਆਲੇ ਨੂੰ ਕਿਸੇ ਵੀ ਕੀਮਤ 'ਤੇ ਜੇ ਐੱਨ ਯੂ ਨਹੀਂ ਬਣਨ ਦਿੱਤਾ ਜਾਵੇਗਾ।'
ਉਨ੍ਹਾ ਨੂੰ ਚੰਗੀ ਤਰ੍ਹਾਂ ਪਤਾ ਹੈ ਕਿ ਜੇ ਐੱਨ ਯੂ ਕਿਸ ਮਾਨਸਿਕਤਾ ਤੇ ਸੋਚ ਵਾਲੀ ਵਿਦਿਅਕ ਸੰਸਥਾ ਹੈ। ਜਾਤੀ, ਧਰਮ, ਲਿੰਗ ਤੇ ਸੰਕੀਰਨਤਾ ਦੀਆਂ ਦੀਵਾਰਾਂ ਤੇ ਦੂਰੀਆਂ 'ਤੇ ਨਿਰੰਤਰ ਸੱਟ ਮਾਰਨ ਵਾਲੀ ਸੰਸਥਾ। ਇੱਕ ਅਜਿਹੀ ਸੰਸਥਾ ਜਿਹੜੀ ਗਿਆਨ ਨੂੰ ਬਿਹਤਰ ਸਮਾਜ ਦੇ ਨਿਰਮਾਣ ਦੇ ਉੱਚੇ ਨਿਸ਼ਾਨੇ ਨਾਲ ਜੋੜ ਕੇ ਦੇਖਣ ਦੀ ਕੋਸ਼ਿਸ਼ ਕਰਦੀ ਹੈ। ਵਿਦਿਆਰਥੀਆਂ, ਅਧਿਆਪਕਾਂ ਵਿਚਾਲੇ ਵਿਗਿਆਨਕ ਮਾਨਸਿਕਤਾ, ਜਮਹੂਰੀ ਸੋਚ ਅਤੇ ਧਰਮ ਨਿਰਪੱਖ ਮਿਜਾਜ ਦੇ ਵਿਕਾਸ ਵਰਗੇ ਸੰਵਿਧਾਨਕ ਸੰਕਲਪਾਂ ਪ੍ਰਤੀ ਆਪਣੀ ਪ੍ਰਤੀਬੱਧਤਾ ਦੁਹਰਾਉਂਦੀ ਹੈ। ਇਹੀ ਕਾਰਨ ਹੈ ਕਿ ਇਸ ਸੰਸਥਾ ਨੂੰ ਬੀਤੇ ਤਿੰਨ ਸਾਲਾਂ ਤੋਂ ਤਬਾਹ ਕਰਨ ਦੀਆਂ ਤਾਬੜਤੋੜ ਕੋਸ਼ਿਸ਼ਾਂ ਹੋ ਰਹੀਆਂ ਹਨ। ਅਖੌਤੀ ਰਾਸ਼ਟਰਵਾਦੀ, ਉਚ ਕੁੱਲ ਦੀ ਹਿੰਦੂਤਵ ਸੋਚ ਨੂੰ ਵਿਦਿਆਰਥੀਆਂ 'ਚ ਮਾਨਤਾ ਦਿਵਾਉਣ ਲਈ ਕਦੇ ਯੂਨੀਵਰਸਿਟੀ ਕੈਂਪਸ ਅੰਦਰ ਜੰਗੀ ਟੈਂਕ ਰੱਖਣ ਦੀ ਗੱਲ ਕੀਤੀ ਜਾਂਦੀ ਹੈ ਤਾਂ ਕਦੇ ਬੀ ਐੱਸ ਐੱਫ ਦੀ ਚੌਕੀ ਸਥਾਪਤ ਕਰਨ ਤੱਕ ਦਾ ਸੁਝਾਅ ਦਿੱਤਾ ਜਾਂਦਾ ਹੈ। ਇਸ ਸਭ ਕੁਝ ਦੇ ਬਾਵਜੂਦ, ਸੱਤਾਧਾਰੀਆਂ ਦੀ ਤਮਾਮ ਨਫਰਤ ਦੇ ਬਾਵਜੂਦ ਉਹ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਨੂੰ ਖਾਰਜ ਨਹੀਂ ਕਰ ਸਕੇ।
'ਬੇਟੀ ਬਚਾਓ, ਬੇਟੀ ਪੜ੍ਹਾਓ' ਦਾ ਨਾਅਰਾ ਦੇਣ ਵਾਲੇ ਇਹ ਲੋਕ ਬੀ ਐੱਚ ਯੂ ਵਿਚਲੀ ਸਮੁੱਚੀ ਗੜਬੜ ਲਈ ਬਾਹਰੀ ਲੋਕਾਂ ਨੂੰ ਜ਼ਿੰਮੇਵਾਰ ਠਹਿਰਾ ਰਹੇ ਹਨ। ਯੂ.ਪੀ. ਦੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਇਸ ਮਾਮਲੇ 'ਤੇ ਆਖਦੇ ਹਨ, ''ਬੀ ਐੱਚ ਯੂ ਪ੍ਰਸ਼ਾਸਨ ਨੂੰ ਤਰਜੀਹ ਦੇ ਅਧਾਰ 'ਤੇ ਲੜਕੀਆਂ ਦੀ ਸੁਰੱਖਿਆ ਯਕੀਨੀ ਬਣਾਉਣੀ ਚਾਹੀਦੀ ਹੈ। ਅਸੀਂ ਕੇਂਦਰ ਨੂੰ ਰਿਪੋਰਟ ਭੇਜ ਦਿੱਤੀ ਹੈ। ਮੈਂ ਭਰੋਸਾ ਦਿੰਦਾ ਹਾਂ ਕਿ ਪੀੜਤ ਲੜਕੀਆਂ ਨੂੰ ਇਨਸਾਫ ਦਿਵਾਉਣ 'ਚ ਪ੍ਰਸ਼ਾਸਨ ਪੂਰੀ ਵਾਹ ਲਾਵੇਗਾ। ਮੈਂ ਬੀ ਐੱਚ ਯੂ ਨੂੰ ਆਖ ਦਿੱਤਾ ਹੈ ਕਿ ਬਾਹਰੀ ਲੋਕਾਂ ਜਾਂ ਅਨਜਾਣ ਅਨਸਰਾਂ ਦਾ ਕੈਂਪਸ ਅੰਦਰ ਦਾਖਲਾ ਸਖਤੀ ਨਾਲ ਰੋਕਿਆ ਜਾਵੇ।'' ਇੱਕ ਗੰਭੀਰ ਸਮੱਸਿਆ, ਜੋ ਦਹਾਕਿਆਂ ਤੋਂ ਯੂਨੀਵਰਸਿਟੀ ਅੰਦਰ ਚਲੀ ਆ ਰਹੀ ਹੈ, ਨੂੰ ਮੰਨਣ ਦੀ ਬਜਾਇ ਯੋਗੀ ਦਾ ਜ਼ੋਰ 'ਬਾਹਰੀ ਲੋਕਾਂ' ਦੇ ਦਾਖਲੇ ਨੂੰ ਰੋਕਣ 'ਤੇ ਹੈ। ਵਾਈਸ ਚਾਂਸਲਰ ਤੇ ਹੋਰ ਕੱਟੜਪੰਥੀ ਸੰਗਠਨ ਇਸੇ ਲੀਹ 'ਤੇ ਬੋਲ ਰਹੇ ਹਨ। ਉਹ ਵਿਦਿਆਰਥੀ ਅੰਦੋਲਨ ਨੂੰ ਪੂਰੀ ਤਰ੍ਹਾਂ ਰਾਜਨੀਤੀ ਤੋਂ ਪ੍ਰਭਾਵਿਤ ਦੱਸ ਰਹੇ ਹਨ। ਮੀਡੀਆ ਨਾਲ ਗੱਲ ਕਰਦਿਆਂ ਵੀ ਸੀ ਗਿਰੀਸ਼ ਚੰਦਰ ਤ੍ਰਿਪਾਠੀ ਨੇ ਕਿਹਾ ਸੀ, 'ਪ੍ਰਧਾਨ ਮੰਤਰੀ ਜੀ ਦੇ ਦੌਰੇ ਕਾਰਨ ਵਿਦਿਆਰਥੀਆਂ ਨੇ ਅਜਿਹਾ ਕੀਤਾ। ਇਸ ਵਿੱਚ ਬਾਹਰ ਦੇ ਲੋਕ ਸ਼ਾਮਲ ਹਨ।' ਤ੍ਰਿਪਾਠੀ ਆਖ ਰਹੇ ਹਨ ਕਿ ਬਾਹਰੀ ਲੋਕ ਸ਼ਾਮਲ ਹਨ, ਤਾਂ ਫ਼ਿਰ ਮੁਕੱਦਮਾ ਯੂਨੀਵਰਸਿਟੀ ਦੇ 1200 ਤੋਂ ਵੱਧ ਵਿਦਿਆਰਥੀਆਂ ਖਿਲਾਫ ਦਰਜ ਕਰਨ ਦੇ ਹੁਕਮ ਕਿਓਂ ਚਾੜ੍ਹੇ ਗਏ ਹਨ? ਮੁਕੱਦਮਾ ਤਾਂ ਬਾਹਰੀ ਲੋਕਾਂ 'ਤੇ ਹੋਣਾ ਚਾਹੀਦਾ ਸੀ।
ਨੋਟ ਕਰਨ ਵਾਲੀ ਗੱਲ ਹੈ ਕਿ ਇਹ ਸਭ ਕੁਝ ਆਰ ਐੱਸ ਐੱਸ ਦੇ ਚਹੇਤੇ ਮੁੱਖ ਮੰਤਰੀ ਯੋਗੀ ਅਦਿਤਿਆਨਾਥ ਦੀ ਹਕੂਮਤ ਵਾਲੇ ਸੂਬੇ ਵਿੱਚ ਹੋ ਰਿਹਾ ਹੈ, ਜਿਸ ਦੇ ਆਉਂਦਿਆਂ ਹੀ 'ਐਂਟੀ ਰੋਮੀਓ ਸਕਵੈਰਡ' ਬਣਾ ਕੇ ਭਗਵੇਂ ਬ੍ਰਿਗੇਡ ਦੇ ਲੱਠਮਾਰਾਂ ਨੇ ਲੜਕੇ-ਲੜਕੀਆਂ ਨੂੰ ਸ਼ਰਮਸਾਰ ਕਰਨ ਵਾਲੀ ਕੁੱਟਮਾਰ ਕਰਕੇ ਤਰਥੱਲੀ ਮਚਾ ਦਿੱਤੀ ਸੀ। ਪਰ ਜਦ ਲੜਕੀਆਂ ਖੁਦ ਆਪਣੇ ਨਾਲ ਹੋਈ ਹੱਦ ਦਰਜੇ ਦੀ ਘਟੀਆ ਜਿਸਮਾਨੀ ਛੇੜਖਾਨੀ ਵਿਰੁੱਧ ਆਵਾਜ਼ ਉਠਾਉਂਦੀਆਂ ਹਨ ਤਾਂ ਉਨ੍ਹਾਂ ਦੀ ਜ਼ੁਬਾਨ ਬੰਦ ਕਰਨ ਲਈ ਉਨ੍ਹਾਂ ਨੂੰ ਕੁਟਾਪਾ ਚਾੜ੍ਹਨ 'ਚ ਕੋਈ ਕਸਰ ਬਾਕੀ ਨਹੀਂ ਛੱਡੀ ਜਾਂਦੀ। ਐਂਟੀ ਰੋਮੀਓ ਸਕਵੈਡ ਕਿਧਰੇ ਨਜ਼ਰ ਨਹੀਂ ਆਏ। ਸੱਚਾਈ ਤਾਂ ਇਹ ਹੈ ਕਿ 'ਬੇਟੀ ਬਚਾਓ, ਬੇਟੀ ਪੜ੍ਹਾਓ' ਅਤੇ ਸੰਸਦ-ਵਿਧਾਨ ਸਭਾਵਾਂ 'ਚ ਮਹਿਲਾ ਰਾਖਵਾਂਕਰਨ ਵਰਗੇ ਮੁੱਦਿਆਂ ਦੀ ਯਾਦ ਇਸ ਕਰਕੇ ਨਹੀਂ ਆਉਂਦੀ ਕਿ ਇਨ੍ਹਾਂ 'ਤੇ ਸੁਹਿਰਦਤਾ ਨਾਲ ਅਮਲ ਕਰਕੇ ਇੱਕ ਨਿੱਗਰ ਸਮਾਜ ਦੀ ਸਿਰਜਣਾ ਕਰਨੀ ਹੈ, ਇਸ ਦੇ ਉਲਟ ਇਨ੍ਹਾਂ ਨੂੰ ਵਕਤੀ ਤੌਰ 'ਤੇ ਛੇੜ ਕੇ ਲੋਕਾਂ ਦਾ ਧਿਆਨ ਆਰਥਿਕ ਬਰਬਾਦੀ ਤੋਂ ਲਾਂਭੇ ਕਰਨ ਲਈ ਵਰਤਿਆ ਜਾਂਦਾ ਹੈ। ਇਸੇ ਰਣਨੀਤੀ ਅਧੀਨ ਹੀ ਬੀ ਐੱਚ ਯੂ 'ਚ ਵਿਦਿਆਰਥੀ ਅੰਦੋਲਨ ਨੂੰ ਬਾਹਰੀ ਲੋਕਾਂ ਤੋਂ ਪ੍ਰਭਾਵਿਤ ਦੱਸਿਆ ਜਾ ਰਿਹਾ ਹੈ।
ਹਰਿਆਣਾ ਦੀਆਂ ਦਸਵੀਂ ਜਮਾਤ ਦੀਆਂ ਵਿਦਿਆਰਥਣਾਂ ਦੇ ਅੰਦੋਲਨ ਨੂੰ ਭਲਾ ਭੁਲਾਇਆ ਜਾ ਸਕਦਾ ਹੈ ? ਇਸੇ ਸਾਲ ਮਈ 'ਚ 95 ਲੜਕੀਆਂ ਮਰਨ ਵਰਤ 'ਤੇ ਬੈਠ ਗਈਆਂ। ਵੱਡਾ ਸਕੂਲ ਦੂਰ ਸੀ ਤੇ ਰਸਤੇ ਵਿੱਚ ਉਨ੍ਹਾਂ ਨਾਲ ਛੇੜਖਾਨੀ ਹੁੰਦੀ ਸੀ। ਇਸ ਲਈ ਉਹ ਧਰਨੇ 'ਤੇ ਬੈਠ ਗਈਆਂ। ਇਨ੍ਹਾਂ ਲੜਕੀਆਂ ਨੂੰ ਕਿਹੜੇ ਬਾਹਰੀ ਲੋਕਾਂ ਦਾ ਸਮਰਥਨ ਸੀ ? ਕੀ ਇਹ ਲੜਕੀਆਂ ਵੀ ਖੱਬੇ ਪੱਖੀ ਸਨ ? ਨਿਰਭਯਾ ਦੇ ਕਤਲ ਸਮੇਂ ਹੱਤਿਆਰਿਆਂ ਖਿਲਾਫ ਦਿੱਲੀ ਦਾ ਤਖ਼ਤ ਹਿਲਾਉਣ ਵਾਲੇ ਸਾਰੇ ਹਜ਼ਾਰਾਂ ਲੜਕੇ-ਲੜਕੀਆਂ, ਕੀ ਖੱਬੇ-ਪੱਖੀ ਸਨ ?
ਦਰਅਸਲ ਆਰ ਐੱਸ ਐੱਸ ਦੀ ਨੰਗੀ ਚਿੱਟੀ ਦਖਲ ਅੰਦਾਜ਼ੀ ਨਾਲ ਚੱਲਣ ਵਾਲੀ ਮੋਦੀ ਸਰਕਾਰ ਤੇ ਹੋਰ ਸੂਬਾ ਸਰਕਾਰਾਂ ਸਮੁੱਚੇ ਦੇਸ਼ ਨੂੰ ਹਿੰਦੂ ਰਾਸ਼ਟਰ 'ਚ ਤਬਦੀਲ ਕਰਨ 'ਚ ਕੋਈ ਕਸਰ ਬਾਕੀ ਨਹੀਂ ਛੱਡ ਰਹੀਆਂ। ਇਸ ਹਿੰਦੂ ਰਾਸ਼ਟਰ ਵਿੱਚ ਔਰਤਾਂ ਦੀ ਕੀ ਦਸ਼ਾ ਹੋਵੇਗੀ, ਉਹ ਅਜਿਹੀਆਂ ਘਟਨਾਵਾਂ ਤੋਂ ਸਾਫ ਜ਼ਾਹਰ ਹੋ ਜਾਂਦੀ ਹੈ । ਭਗਵਾਂ ਬ੍ਰਿਗੇਡ ਦਰਅਸਲ ਸਮੇਂ ਦੇ ਰੱਥ ਦੇ ਪਹੀਏ ਨੂੰ ਪੁੱਠਾ ਗੇੜਾ ਦੇ ਕੇ ਮੁੜ ਪੰਦਰਵੀਂ-ਸੋਲ੍ਹਵੀਂ ਸਦੀ 'ਚ ਲਿਜਾਣਾ ਚਾਹੁੰਦਾ ਹੈ, ਪਰ ਅਜਿਹਾ ਸੰਭਵ ਨਹੀਂ। ਇਸ ਪਹੀਏ ਨੇ ਤਾਂ ਅੱਗੇ ਹੀ ਜਾਣਾ ਹੈ, ਇਸ ਦੀ ਰਫਤਾਰ ਮੱਠੀ ਹੋ ਸਕਦੀ ਹੈ, ਪਰ ਇਸ ਨੂੰ ਰੋਕਿਆ ਨਹੀਂ ਜਾ ਸਕਦਾ। ਜਗੀਰੂ ਕਦਰਾਂ-ਕੀਮਤਾਂ ਦੀਆਂ ਜੰਗਾਲੀਆਂ ਬੇੜੀਆਂ ਨੂੰ ਲੋਕ ਨੇ ਤੋੜਨਾ ਹੀ ਤੋੜਨਾ ਹੈ। ਲੋਕ ਸ਼ਕਤੀ ਦੇ ਤੂਫਾਨ ਅੱਗੇ ਕੋਈ ਵੀ, ਕਦੇ ਵੀ ਟਿਕ ਨਹੀਂ ਸਕਿਆ।
ਬਕੌਲ ਪਾਸ਼;
ਨ੍ਹੇਰੀਆਂ ਨੂੰ ਜੇ ਭੁਲੇਖਾ ਹੈ ਹਨੇਰਾ ਪਾਉਣ ਦਾ
ਨ੍ਹੇਰੀਆਂ ਨੂੰ ਰੋਕ ਵੀ ਪਾਉਂਦੇ ਰਹੇ ਨੇ ਲੋਕ।

No comments:
Post a Comment