Monday, 3 July 2017

ਜਨਤਕ ਲਾਮਬੰਦੀ (ਸੰਗਰਾਮੀ ਲਹਿਰ-ਜੁਲਾਈ 2017)

ਪਾਰਟੀ ਵਲੋਂ ਚੋਣਾਂ 'ਚ ਕੀਤੇ ਵਾਅਦੇ ਪੂਰੇ ਕਰਵਾਉਣ ਅਤੇ ਦਲਿਤਾਂ 'ਤੇ ਜਬਰ ਵਿਰੁੱਧ ਤਹਿਸੀਲ ਪੱਧਰ 'ਤੇ ਮੁਜ਼ਾਹਰੇ 
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ 12-13 ਜੂਨ 2017 ਨੂੰ ਹੋਈ ਪੰਜਾਬ ਰਾਜ ਕਮੇਟੀ ਦੀ ਮੀਟਿੰਗ ਵਲੋਂ, ਪੰਜਾਬ ਵਿਧਾਨ ਸਭਾ ਦੇ ਬਜਟ ਸੈਸ਼ਨ ਦਰਮਿਆਨ, 19 ਤੋਂ 23 ਜੂਨ ਤੱਕ ਸੂਬੇ ਦੇ ਤਹਿਸੀਲ ਕੇਂਦਰਾਂ 'ਤੇ ਰੋਸ ਮੁਜ਼ਾਹਰੇ ਕਰਨ ਦਾ ਸੱਦਾ ਦਿੱਤਾ ਗਿਆ।
ਦੇਸ਼ ਭਰ 'ਚ, ਕੇਂਦਰ ਦੀ ਮੋਦੀ ਸਰਕਾਰ ਦੀ ਸ਼ਹਿ 'ਤੇ ਆਰ.ਐਸ.ਐਸ. ਦੀ ਸਰਪ੍ਰਸਤੀ ਵਾਲੇ ਫਿਰਕੂ ਕੱਟੜਪੰਥੀ ਸੰਗਠਨਾਂ ਦੇ ਕਾਰਕੁੰਨਾਂ ਵਲੋਂ ਦਲਿਤ ਭਾਈਚਾਰੇ ਨਾਲ ਸਬੰਧਤ ਲੋਕਾਂ 'ਤੇ ਕੀਤੇ ਜਾ ਰਹੇ ਜਾਤ-ਪਾਤੀ ਅੱਤਿਆਚਾਰਾਂ ਖਿਲਾਫ, ਔਰਤਾਂ, ਖਾਸਕਰ ਮਜ਼ਦੂਰ ਤੇ ਦਲਿਤ ਔਰਤਾਂ ਖਿਲਾਫ ਥਾਂ ਪੁਰ ਥਾਂ ਹੁੰਦੀ ਅਤੇ ਨਿੱਤ ਨਵੇਂ ਦਿਨ ਹੋਰ ਵੱਧਦੀ ਜਾ ਰਹੀ ਜਿਨਸੀ ਹਿੰਸਾ ਖਿਲਾਫ ਅਤੇ ਕੱਟੜ ਹਿੰਦੂ ਰਾਸ਼ਟਰ ਦੀ ਸਥਾਪਤੀ ਦੇ ਕੋਝੇ ਉਦੇਸ਼ ਅਧੀਨ ਘੱਟ ਗਿਣਤੀਆਂ ਵਿਸ਼ੇਸ਼ ਕਰ ਮੁਸਲਮਾਨਾਂ ਖਿਲਾਫ ਵਰਤਾਏ ਜਾ ਰਹੇ ਫਿਰਕੂ ਹਿੰਸਾ ਦੇ ਕਹਿਰ ਵਿਰੁੱਧ ਉਪਰੋਕਤ ਮੁਜ਼ਾਹਰਿਆਂ ਦਾ ਸੱਦਾ ਦਿੱਤਾ ਗਿਆ ਸੀ।
ਮੁਜ਼ਾਹਰਿਆਂ ਦਾ ਇਕ ਹੋਰ ਵੱਡਾ ਜ਼ਰੂਰੀ ਤੇ ਫੌਰੀ ਉਦੇਸ਼ ਇਹ ਸੀ ਕਿ ਕੇਂਦਰੀ ਅਤੇ ਸੂਬਾ ਸਰਕਾਰ ਵਲੋਂ, ਲੋਕ ਸਭਾ ਅਤੇ ਵਿਧਾਨ ਸਭਾ ਚੋਣਾਂ ਜਿੱਤਣ ਲਈ ਕੀਤੇ ਗਏ ਗੱਦੀ ਹਾਸਲ ਕਰਦਿਆਂ ਹੀ ਮੁੱਢੋਂ-ਸੁੱਢੋਂ ਵਿਸਾਰ ਦਿੱਤੇ ਗਏ ਚੋਣ ਵਾਅਦਿਆਂ ਨੂੰ ਲਾਗੂ ਕਰਵਾਉਣ ਲਈ ਚੌਤਰਫ਼ਾ ਦਬਾਅ ਬਣਾਇਆ ਜਾਵੇ।
ਲੋਕਾਂ ਦੇ ਜੀਵਨ-ਮਰਨ ਦਾ ਸਵਾਲ ਬਣ ਚੁੱਕੇ ਉਕਤ ਚੋਣ ਵਾਅਦਿਆਂ 'ਚ ਕਿਸਾਨਾਂ, ਮਜ਼ਦੂਰਾਂ ਦੇ ਖੇਤੀ ਕਰਜ਼ਿਆਂ ਦੀ ਮੁਕੰਮਲ ਮੁਆਫ਼ੀ, ਹਰ ਪਰਿਵਾਰ 'ਚ ਸਥਾਈ 'ਤੇ ਪੂਰੀ ਤਰ੍ਹਾਂ ਗੁਜ਼ਾਰੇਯੋਗ ਉਜਰਤਾਂ ਸਹਿਤ ਰੋਜ਼ਗਾਰ, ਹਰ ਕਿਸੇ ਨੂੰ ਮਕਾਨ ਬਨਾਉਣ ਲਈ ਸਰਕਾਰੀ ਵਿੱਤੀ ਮਦਦ 'ਤੇ ਥਾਂ ਮੁਹੱਈਆ ਕਰਨੀ, ਨਸ਼ਿਆਂ, ਕੁਰੱਪਸ਼ਨ, ਮਾਫੀਆ ਰਾਜ ਅਤੇ ਅਪਰਾਧਾਂ ਦਾ ਖਾਤਮਾ ਕਰਨਾ, ਛਾਲਾਂ ਮਾਰ ਕੇ ਵੱੱਧ ਰਹੀ ਮਹਿੰਗਾਈ ਨੂੰ ਨੱਥ ਪਾਉਣੀ, ਹਰ ਕਿਸੇ ਨੂੰ ਸਿੱਖਿਆ ਅਤੇ ਸਿਹਤ ਸੇਵਾਵਾਂ, ਇਕਸਾਰ 'ਤੇ ਮੁਫ਼ਤ ਮਿਲਣੀਆਂ ਯਕੀਨੀ ਬਨਾਉਣੀਆਂ ਆਦਿ ਮੁੱਦੇ ਸ਼ਾਮਲ ਸਨ। ਸਭ ਰੰਗਾਂ ਦੀਆਂ ਲੋਟੂ, ਹਾਕਮ ਜਮਾਤੀ ਕਿਰਦਾਰ ਵਾਲੀਆਂ ਪਾਰਟੀਆਂ ਦਾ ਚੋਣ ਵਾਅਦਿਆਂ ਨੂੰ ਲਾਗੂ ਕਰਨ ਪੱਖੋਂ ਸੌ ਫੀਸਦੀ ਦੰਭੀ ਕਿਰਦਾਰ ਨੰਗਾ ਕਰਨਾ ਅਤੇ ਉਸ ਵਿਰੁੱਧ ਲੋਕ ਲਾਮਬੰਦੀ ਦਾ ਮੁੱਢ ਬੰਨ੍ਹਣਾ ਵੀ ਇਹਨਾਂ ਮੁਜ਼ਾਹਰਿਆਂ ਦਾ ਖਾਸ ਮਕਸਦ ਸੀ। ਇਨ੍ਹਾਂ ਮੁਜ਼ਾਹਰਿਆਂ ਬਾਰੇ 'ਸੰਗਰਾਮੀ ਲਹਿਰ' ਨੂੰ ਪ੍ਰਾਪਤ ਸੰਖੇਪ ਰਿਪੋਰਟਾਂ ਹੇਠਾਂ ਦਿੱਤੀਆਂ ਜਾ ਰਹੀਆਂ ਹਨ:
 
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ. ਆਈ.) ਦੇ ਤਹਿਸੀਲ ਪੱਧਰੀ ਮੁਜ਼ਾਹਰਿਆਂ ਦੇ ਪਹਿਲੇ ਦਿਨ 19 ਜੂਨ ਨੂੰ ਤਰਨ ਤਾਰਨ ਜ਼ਿਲ੍ਹੇ ਦੀ ਤਹਿਸੀਲ ਖਡੂਰ ਸਾਹਿਬ, ਬਠਿੰਡਾ ਜ਼ਿਲ੍ਹੇ ਦੀ ਸਬ ਤਹਿਸੀਲ ਸੰਗਤ ਮੰਡੀ, ਅੰਮ੍ਰਿਤਸਰ ਸ਼ਹਿਰ, ਪਠਾਨਕੋਟ ਦੀ ਤਹਿਸੀਲ ਨਰੋਟ ਜੈਮਲ ਸਿੰਘ ਅਤੇ ਪਟਿਆਲਾ ਵਿਖੇ ਇਕੱਤਰ ਹੋਏ ਭਾਰੀ ਗਿਣਤੀ ਕਿਰਤੀ, ਕਿਸਾਨਾਂ, ਔਰਤਾਂ ਅਤੇ ਹੋਰ ਮਿਹਨਤੀ ਵਰਗਾਂ ਵਲੋਂ ਜ਼ਬਰਦਸਤ ਰੋਸ ਪ੍ਰਦਰਸ਼ਨ ਕਰਕੇ ਸੰਬੰਧਤ ਅਧਿਕਾਰੀਆਂ ਰਾਹੀਂ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜੇ ਗਏ।
 
ਖਡੂਰ ਸਾਹਿਬ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐਮ ਪੀ ਆਈ) ਵੱਲੋਂ ਕੇਂਦਰ ਅਤੇ ਪੰਜਾਬ ਸਰਕਾਰ ਵੱਲੋਂ ਲੋਕਾਂ ਨਾਲ ਕੀਤੇ ਚੋਣ ਵਾਅਦੇ ਲਾਗੂ ਕਰਵਾਉਣ, ਦਲਿਤਾਂ ਉਪਰ ਹੋ ਰਹੇ ਅੱਤਿਆਚਾਰ ਅਤੇ ਔਰਤਾਂ ਖ਼ਿਲਾਫ਼ ਹੋ ਰਹੇ ਜਿਨਸੀ ਹਮਲਿਆਂ ਵਿਰੁੱਧ ਵਿਸ਼ਾਲ ਮੁਜ਼ਾਹਰਾ ਕਰਕੇ ਐਸ ਡੀ ਐਮ ਦਫ਼ਤਰ ਵਿਖੇ ਧਰਨਾ ਦਿੱਤਾ ਗਿਆ। ਇਸ ਦੀ ਅਗਵਾਈ ਸੂਬਾ ਕਮੇਟੀ ਮੈਂਬਰ ਮੁਖਤਾਰ ਸਿੰਘ ਮੱਲਾ, ਤਹਿਸੀਲ ਸਕੱਤਰ ਸੁਲੱਖਣ ਸਿੰਘ ਤੁੜ, ਦਾਰਾ ਸਿੰਘ ਮੁੰਡਾ ਪਿੰਡ, ਡਾ. ਅਜੈਬ ਸਿੰਘ ਜਹਾਂਗੀਰ, ਕਰਮ ਸਿੰਘ ਫਤਿਆਬਾਦ, ਜਸਬੀਰ ਸਿੰਘ ਵੈਰੋਵਾਲ ਆਦਿ ਆਗੂਆਂ ਨੇ ਕੀਤੀ।
ਐਸ ਡੀ ਐਮ ਦਫ਼ਤਰ ਵਿਖੇ ਲੋਕਾਂ ਦੇ ਜੁੜੇ ਵਿਸ਼ਾਲ ਇਕੱਠ ਨੂੰ ਆਰ ਐਮ ਪੀ ਆਈ ਦੇ ਕੁਲ ਹਿੰਦ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਅਤੇ ਸੂਬਾ ਸਕੱਤਰੇਤ ਦੇ ਮੈਂਬਰ ਪਰਗਟ ਸਿੰਘ ਜਾਮਾਰਾਏ ਨੇ ਸੰਬੋਧਨ ਕਰਦੇ ਹੋਏ ਮੰਗ ਪੱਤਰ 'ਤੇ ਵਿਸਥਾਰ ਨਾਲ ਬੋਲਦਿਆਂ ਕਿਹਾ ਕਿ ਇਹ ਇਕੱਠ ਮੰਗ ਕਰਦਾ ਹੈ ਕਿ ਮਜ਼ਦੂਰਾਂ ਕਿਸਾਨਾਂ ਸਿਰ ਚੜ੍ਹਿਆ ਕਰਜ਼ਾ ਮੁਆਫ਼ ਕੀਤਾ ਜਾਵੇ। ਹਰ ਪਰਵਾਰ ਦੇ ਇੱਕ ਮੈਂਬਰ ਨੂੰ ਸਰਕਾਰੀ ਨੌਕਰੀ ਦਿੱਤੀ ਜਾਵੇ। ਵਿਧਵਾ, ਬੁਢਾਪਾ ਪੈਨਸ਼ਨ 3000 ਰੁਪਏ ਪ੍ਰਤੀ ਮਹੀਨਾ ਕੀਤੀ ਜਾਵੇ। ਔਰਤਾਂ, ਦਲਿਤਾਂ 'ਤੇ ਕੀਤਾ ਜਾ ਰਿਹਾ ਜਬਰ ਬੰਦ ਕੀਤਾ ਜਾਵੇ। ਇਸ ਮੌਕੇ ਹੋਰਨਾਂ ਤੋਂ ਇਲਾਵਾ ਨੰਬਰਦਾਰ ਅਜੀਤ ਸਿੰਘ, ਗੁਰਮੁੱਖ ਸਿੰਘ ਦੀਨੇਵਾਲ, ਬੂਟਾ ਸਿੰਘ ਕੋਟ ਆਦਿ ਹਾਜ਼ਰ ਸਨ।
 
ਸੰਗਤ ਮੰਡੀ (ਬਠਿੰਡਾ) : ਇੱਥੇ 19 ਜੂਨ ਨੂੰ ਸਰਵ ਸਾਥੀ ਮਿੱਠੂ ਸਿੰਘ ਘੁੱਦਾ, ਸੰਪੂਰਨ ਸਿੰਘ, ਦਰਸ਼ਨ ਸਿੰਘ ਫੁੱਲੋ ਮਿੱਠੀ, ਗੁਰਜੰਟ ਸਿੰਘ ਘੁੱਦਾ ਦੀ ਅਗਵਾਈ 'ਚ ਸ਼ਹਿਰ ਦੇ ਮੁੱਖ ਬਜ਼ਾਰਾਂ 'ਚ ਰੋਹ ਭਰਪੂਰ ਮੁਜ਼ਾਹਰਾ ਕਰਨ ਪਿਛੋਂ ਤਹਿਸੀਲਦਾਰ ਰਾਹੀਂ ਕੇਂਦਰੀ ਅਤੇ ਸੂਬਾ ਸਰਕਾਰ ਨੂੰ ਮੰਗ ਪੱਤਰ ਭੇਜੇ ਗਏ। ਮੁਜ਼ਾਹਰੇ 'ਚ ਭਾਰੀ ਗਿਣਤੀ ਔਰਤਾਂ ਵੀ ਸ਼ਾਮਲ ਹੋਈਆਂ। ਮੁਜ਼ਾਹਰੇ ਦੇ ਮਕਸਦ ਨੂੰ ਸਪੱਸ਼ਟ ਕਰਦੇ ਨਾਹਰੇ ਥ੍ਰੀ-ਵਹੀਲਰ 'ਚ ਖੜ੍ਹੇ ਸਾਥੀਆਂ ਦਾ ਗਰੁੱਪ ਲੁਆ ਰਿਹਾ ਸੀ। ਇਸ ਤੋਂ ਪਹਿਲਾਂ ਹੋਈ ਰੈਲੀ ਨੂੰ ਸੰਬੋਧਨ ਕਰਨ ਲਈ ਪਾਰਟੀ ਸੂਬਾ ਕਮੇਟੀ ਦੇ ਮੈਂਬਰ ਸਾਥੀ ਛੱਜੂ ਰਾਮ ਰਿਸ਼ੀ ਉਚੇਚੇ ਪੁੱਜੇ।
 
ਨਰੋਟ ਜੈਮਲ ਸਿੰਘ (ਪਠਾਨਕੋਟ) : ਇੱਥੇ ਮੁਜ਼ਾਹਰਿਆਂ ਦੇ ਪਹਿਲੇ ਦਿਨ 19 ਜੂਨ ਨੂੰ ਕਸਬੇ ਦੇ ਮੁੱਖ ਬਾਜ਼ਾਰਾਂ 'ਚ ਜ਼ੋਰਦਾਰ ਮੁਜ਼ਾਹਰਾ ਕੀਤਾ ਗਿਆ। ਤਹਿਸੀਲ ਦਫਤਰ ਸਾਹਮਣੇ ਹੋਈ ਰੈਲੀ ਨੂੰ ਸਾਥੀ ਲਾਲ ਚੰਦ ਕਟਾਰੂਚੱਕ, ਮਾਸਟਰ ਹਜਾਰੀ ਲਾਲ, ਤਰਸੇਮ ਮੱਲ੍ਹੜਵਾਂ, ਦਲੀਪ ਸਿੰਘ ਅਤੇ ਹੋਰਨਾਂ ਸਾਥੀਆਂ ਨੇ ਸੰਬੋਧਨ ਕੀਤਾ।
 
ਪਟਿਆਲਾ : ਇੱਥੇ 19 ਜੂਨ ਨੂੰ ਸਰਵ ਸਾਥੀ ਪੂਰਨ ਚੰਦ ਨਨਹੇੜਾ, ਅਮਰਜੀਤ ਘਨੌਰ ਅਤੇ ਸੁਰੇਸ਼ ਕੁਮਾਰ ਦੀ ਅਗਵਾਈ 'ਚ ਵਰ੍ਹਦੇ ਮੀਂਹ 'ਚ ਮੁੱਖ ਬਾਜ਼ਾਰਾਂ 'ਚ ਮਾਰਚ ਕੀਤਾ ਗਿਆ। ਮਾਰਚ ਤੋਂ ਬਾਅਦ ਰੈਲੀ ਕਰਨ ਪਿਛੋਂ ਐਸ.ਡੀ.ਐਮ. ਪਟਿਆਲਾ ਰਾਹੀਂ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਪੰਜਾਬ ਨੂੰ ਯਾਦ ਪੱਤਰ ਭੇਜਿਆ ਗਿਆ।
 
ਅੰਮ੍ਰਿਤਸਰ : ਇੱਥੇ ਪਾਰਟੀ ਦੀ ਸ਼ਹਿਰੀ ਕਮੇਟੀ ਅਤੇ ਅੰਮ੍ਰਿਤਸਰ ਤਹਿਸੀਲ ਕਮੇਟੀ ਦੇ ਕਾਰਕੁੰਨਾ ਵਲੋਂ ਮੁੱਖ ਬਜ਼ਾਰਾਂ ਵਿਚ ਕੇਂਦਰ ਅਤੇ ਪੰਜਾਬ ਸਰਕਾਰ ਖਿਲਾਫ ਜ਼ੋਰਦਾਰ ਮੁਜ਼ਾਹਰਾ ਕੀਤਾ ਗਿਆ। ਰੋਸ ਐਕਸ਼ਨ ਦੀ ਅਗਵਾਈ ਸਾਥੀ ਰਤਨ ਸਿੰਘ ਰੰਧਾਵਾ ਅਤੇ ਜਗਤਾਰ ਸਿੰਘ ਕਰਮਪੁਰਾ ਨੇ ਕੀਤੀ।
 
ਤਰਨ ਤਾਰਨ :  ਆਰ ਐੱਮ ਪੀ ਆਈ ਦੇ ਸੱਦੇ 'ਤੇ ਸੈਂਕੜੇ ਮਜ਼ਦੂਰਾਂ, ਕਿਸਾਨਾਂ ਤੇ ਨੌਜਵਾਨਾਂ ਨੇ 20 ਜੂਨ ਨੂੰ ਤਰਨ ਤਾਰਨ ਦੇ ਬਾਜ਼ਾਰਾਂ 'ਚ  ਸਰਵ ਸਾਥੀ ਬਲਦੇਵ ਸਿੰਘ ਪੰਡੋਰੀ, ਜਸਪਾਲ ਸਿੰਘ ਢਿੱਲੋਂ, ਬਲਬੀਰ ਸੂਦ, ਚਰਨਜੀਤ ਬਾਠ ਅਤੇ ਲੱਖਾ ਸਿੰਘ ਮੰਨਣ ਦੀ ਅਗਵਾਈ ਹੇਠ ਰੋਸ ਮਾਰਚ ਕੀਤਾ। ਐੱਸ ਡੀ ਐੱਮ ਦਫਤਰ ਪਹੁੰਚ ਕੇ ਐੱਸ ਡੀ ਐੱਮ ਰਾਹੀਂ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਿਆ। ਇਸ ਮੌਕੇ ਪਾਰਟੀ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ, ਸੂਬਾ ਸਕੱਤਰੇਤ ਮੈਂਬਰ ਗੁਰਨਾਮ ਸਿੰਘ ਦਾਊਦ ਤੇ ਪ੍ਰਗਟ ਸਿੰਘ ਜਾਮਾਰਾਏ ਨੇ ਇਕੱਠ ਨੂੰ ਸੰਬੋਧਨ ਕੀਤਾ। ਇਸ ਮੌਕੇ ਬੁੱਧ ਸਿੰਘ ਪੱਖੋਕੇ, ਬਾਬਾ ਬਲਵਿੰਦਰ ਸਿੰਘ, ਦਲਬੀਰ ਸਿੰਘ, ਗੁਰਦਿਆਲ ਸਿੰਘ ਪੰਡੋਰੀ ਤੇ ਸੁਲੱਖਣ ਸਿੰਘ ਤੁੜ ਆਦਿ ਵੀ ਹਾਜ਼ਰ ਸਨ।   ਤੀਸਰੇ ਦਿਨ 21 ਜੂਨ ਨੂੰ ਅਜਨਾਲਾ, ਸਰਦੂਲਗੜ੍ਹ, ਸ਼ਾਹਕੋਟ, ਬਟਾਲਾ ਵਿਖੇ ਰੋਸ ਮੁਜ਼ਾਹਰਿਆਂ ਤੋਂ ਪਹਿਲਾਂ ਰੈਲੀਆਂ ਤੇ ਧਰਨੇ ਕੀਤੇ ਗਏ।
 
ਅਜਨਾਲਾ : ਭਾਰੀ ਬਾਰਸ਼ 'ਚ ਸਥਾਨਕ ਸ਼ਹਿਰ 'ਚ ਐਸ.ਡੀ.ਐਮ. ਦਫਤਰ ਸਾਹਮਣੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਸੱਦੇ 'ਤੇ ਤਹਿਸੀਲ ਅਜਨਾਲਾ ਦੇ ਹਜ਼ਾਰਾਂ ਮਜ਼ਦੂਰਾਂ, ਕਿਰਤੀਆਂ, ਗਰੀਬਾਂ, ਦਲਿਤਾਂ,  ਕਿਸਾਨਾਂ, ਨੌਜੁਆਨਾਂ, ਔਰਤਾਂ ਨੇ ਜ਼ਬਰਦਸਤ ਮੁਜ਼ਾਹਰਾ, ਰੋਸ ਧਰਨਾ ਅਤੇ ਜੁਝਾਰੂ ਰੈਲੀ ਕੀਤੀ। ਵਿਸ਼ਾਲ ਧਰਨੇ ਤੇ ਰੈਲੀ ਦੀ ਪ੍ਰਧਾਨਗੀ ਟਹਿਲ ਸਿੰਘ ਚੇਤਨਪੁਰਾ, ਸੂਰਤਾ ਸਿੰਘ ਡੱਲਾ, ਜਸਬੀਰ ਸਿੰਘ ਜਸਰਾਊਰ, ਸੁਰਜੀਤ ਸਿੰਘ ਭੂਰੇਗਿੱਲ, ਕੁਲਵੰਤ ਸਿੰਘ ਮੱਲੂਨੰਗਲ, ਬੀਬੀ ਅਜੀਤ ਕੌਰ ਕੋਟ ਰਜ਼ਾਦਾ, ਸੁੱਚਾ ਸਿੰਘ ਵੇਗੇਵਾਲ ਤੇ ਰਜਿੰਦਰ ਸਿੰਘ ਭਲਾ ਪਿੰਡ ਨੇ ਸਾਂਝੇ ਤੌਰ 'ਤੇ ਕੀਤੀ। ਰੈਲੀ ਨੂੰ ਆਰ.ਐਮ.ਪੀ.ਆਈ. ਦੇ ਕੌਮੀੇ ਕੁੱਲ ਹਿੰਦ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਪਾਰਟੀ ਦੇ ਸੂਬਾ ਸਕੱਤਰੇਤ ਮੈਂਬਰ ਤੇ ਜਮਹੂਰੀ ਕਿਸਾਨ ਸਭਾ ਦੇ ਸੂਬਾ ਪ੍ਰਧਾਨ ਸਤਨਾਮ ਸਿੰਘ ਅਜਨਾਲਾ ਤੋਂ ਇਲਾਵਾ ਪਾਰਟੀ ਦੇ ਤਹਿਸੀਲ ਸਕੱਤਰ ਗੁਰਨਾਮ ਸਿੰਘ ਉਮਰਪੁਰਾ, ਵਿਰਸਾ ਸਿੰਘ ਟਪਿਆਲਾ ਨੇ ਸੰਬੋਧਨ ਕੀਤਾ। ਧਰਨੇ ਤੇ ਰੈਲੀ ਦੇ ਅੰਤ ਤੇ ਐਸ.ਡੀ.ਐਮ. ਅਜਨਾਲਾ ਨੂੰ ਪ੍ਰਧਾਨ ਮੰਤਰੀ ਤੇ ਮੁੱਖ ਮੰਤਰੀ ਪੰਜਾਬ ਦੇ ਨਾਂਅ ਮੰਗ ਪੱਤਰ ਸੌਂਪਿਆ ਗਿਆ।
 
ਸਰਦੂਲਗੜ੍ਹ : ਭਾਰਤੀ ਇਨਕਲਾਬੀ ਪਾਰਟੀ ਦੇ ਸੱਦੇ 'ਤੇ ਸੈਂਕੜੇ ਮਜ਼ਦੂਰਾਂ, ਕਿਸਾਨਾਂ, ਨੌਜਵਾਨਾਂ ਤੇ ਔਰਤਾਂ ਨੇ ਸਰਦੂਲਗੜ੍ਹ ਦੇ ਬਾਜ਼ਾਰਾਂ ਵਿੱਚ ਸਰਵਸਾਥੀ ਆਤਮਾ ਰਾਮ, ਗੁਰਦੇਵ ਸਿੰਘ ਲੋਹਗੜ੍ਹ, ਸੁਰੇਸ਼ ਕੁਮਾਰ ਖੈਰਾ ਖੁਰਦ, ਸੁਖਦੇਵ ਸਿੰਘ ਰੋੜਕੀ, ਜਰਨੈਲ ਸਿੰਘ, ਅੰਗਰੇਜ਼ ਕੌਰ ਦੀ ਅਗਵਾਈ ਹੇਠ ਰੋਸ ਮਾਰਚ ਕੀਤਾ। ਐੱਸ.ਡੀ.ਐੱਮ. ਦਫਤਰ ਪਹੁੰਚ ਕੇ ਐੱਸ.ਡੀ.ਐੱਮ ਰਾਹੀਂ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜਿਆ। ਇਸ ਮੌਕੇ ਹੋਈ ਰੈਲੀ ਨੂੰ ਪਾਰਟੀ ਦੇ ਸੂਬਾ ਕਮੇਟੀ ਮੈਂਬਰ ਸਾਥੀ ਛੱਜੂ ਰਾਮ ਰਿਸ਼ੀ, ਤੇ ਜ਼ਿਲ੍ਹਾ ਸਕੱਤਰ ਸਾਥੀ ਲਾਲ ਚੰਦ ਨੇ ਸੰਬੋਧਨ ਕੀਤਾ। ਨੌਜਵਾਨ ਆਗੂ ਬੰਸੀ ਲਾਲ, ਪਰਮਵੀਰ, ਰਵਿੰਦਰ ਸਿੰਘ, ਮਜ਼ਦੂਰ ਆਗੂ ਮੋਹਨਾ ਸਿੰਘ, ਸੁਰਿੰਦਰ ਕੁਮਾਰ ਫੂਸ ਮੰਡੀ, ਬਲਵਿੰਦਰ ਸਿੰਘ ਮਾਨਖੇੜਾ ਆਦਿ ਵੀ ਹਾਜ਼ਰ ਸਨ।
 
ਬਟਾਲਾ : ਬਟਾਲਾ ਵਿਖੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਤਹਿਸੀਲ ਬਟਾਲਾ ਦੇ ਸੱਦੇ 'ਤੇ ਮਜ਼ਦੂਰਾਂ, ਔਰਤਾਂ ਅਤੇ ਹੋਰ ਕਿਰਤੀ ਲੋਕਾਂ ਵੱਲੋਂ ਤਹਿਸੀਲ ਸਕੱਤਰ ਸੰਤੋਖ ਸਿੰਘ ਔਲਖ ਅਤੇ ਗੁਰਦਿਆਲ ਸਿੰਘ ਘੁਮਾਣ ਦੀ ਅਗਵਾਈ ਹੇਠ ਰੋਸ ਮਾਰਚ ਕੀਤਾ ਗਿਆ ਅਤੇ ਐੱਸ ਡੀ ਐੱਮ ਦਫਤਰ ਵਿਖੇ ਵਿਸ਼ਾਲ ਰੋਸ ਧਰਨਾ ਦਿੱਤਾ ਗਿਆ। ਧਰਨੇ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਸਕੱਤਰ ਕਾ: ਲਾਲ ਚੰਦ ਕਟਾਰੂਚੱਕ ਅਤੇ  ਸੂਬਾ ਕਮੇਟੀ ਮੈਂਬਰ ਨੀਲਮ ਘੁਮਾਣ ਤੋਂ ਇਲਾਵਾ ਜਗੀਰ ਸਿੰਘ ਕਿਲ੍ਹਾ ਲਾਲ ਸਿੰਘ, ਗੁਰਦਿਆਲ ਘੁਮਾਣ, ਸ਼ਮਸ਼ੇਰ ਸਿੰਘ ਨਵਾਂ ਪਿੰਡ, ਰਜਵੰਤ ਕੌਰ, ਅਵਤਾਰ ਸਿੰਘ, ਕਲਿਆਣ ਸਿੰਘ ਰਿਖਿਆ, ਸ਼ਿੰਦਾ ਛਿੱਥ, ਗੁਰਮੀਤ ਕੌਰ ਬਟਾਲਾ ਆਦਿ ਨੇ ਵੀ ਸੰਬੋਧਨ ਕੀਤਾ।
 
ਸ਼ਾਹਕੋਟ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਸੂਬਾ ਕਮੇਟੀ ਦੇ ਸੱਦੇ 'ਤੇ 21 ਜੂਨ ਨੂੰ ਐਮ. ਡੀ. ਐਮ. ਦਫਤਰ ਸ਼ਾਹਕੋਟ ਸਾਹਮਣੇ ਧਰਨਾ ਦਿੱਤਾ ਗਿਆ। ਸਿਵਲ ਹਸਪਤਾਲ ਸ਼ਾਹਕੋਟ ਵਿਖੇ ਪਾਰਟੀ ਕਾਰਕੁੰਨ ਇਕਤੱਰ ਹੋਏ, ਜਿਨ੍ਹਾਂ ਵਿਚ ਚੋਖੀ ਗਿਣਤੀ ਇਸਤਰੀਆਂ ਦੀ ਸੀ। ਇੱਥੋਂ ਇਹ ਕਾਰਕੁੰਨ ਮਾਰਚ ਕਰਦੇ ਹੋਏ ਐਸ. ਡੀ. ਐਮ. ਸ਼ਾਹਕੋਟ ਦੇ ਦਫਤਰ ਸਾਹਮਣੇ ਪੁੱਜੇ ਅਤੇ ਉਥੇ ਧਰਨਾ ਮਾਰਿਆ।
ਧਰਨੇ ਨੂੰ ਸੂਬਾ ਕਮੇਟੀ ਮੈਂਬਰਾਂ ਸਰਵਸਾਥੀ ਦਰਸ਼ਨ ਨਾਹਰ ਅਤੇ ਮਨੋਹਰ ਗਿੱਲ ਨੇ ਸੰਬੋਧਨ ਕੀਤਾ।
ਐਸ.ਡੀ.ਐਮ. ਦੇ ਗੈਰ ਹਾਜ਼ਰ ਹੋਣ ਕਰਕੇ ਤਹਿਸੀਲਦਾਰ ਸ਼ਾਹਕੋਟ ਨੇ ਧਰਨੇ ਵਿਚ ਆ ਕੇ ਮੰਗ ਪੱਤਰ, ਜਿਹੜਾ ਕਿ ਦੇਸ਼ ਦੇ ਪ੍ਰਧਾਨ ਮੰਤਰੀ ਤੇ ਸੂਬੇ ਦੇ ਮੁੱਖ ਮੰਤਰੀ ਨੂੰ ਸੰਬੋਧਤ ਸੀ, ਲਿਆ ਅਤੇ ਇਸਨੂੰ ਸਬੰਧਤ ਅਧਿਕਾਰੀਆਂ ਨੂੰ ਭੇਜਣ ਦਾ ਭਰੋਸਾ ਦਿੱਤਾ। ਇਸ ਧਰਨੇ ਨੂੰ ਸਰਵਸਾਥੀ ਨਿਰਮਲ ਮਲਸੀਹਾਂ, ਬਲਦੇਵ ਮੱਟੂ, ਬਲਵਿੰਦਰ ਸਿੰਘ ਸਿੱਧੂ, ਵਿਕਰਮ ਮੰਢਾਲਾ, ਨਿਰਮਲ ਆਧੀ ਨੇ ਵੀ ਸੰਬੋਧਨ ਕੀਤਾ।
 
ਮਹਿਲ ਕਲਾਂ : ਮਜ਼ਦੂਰਾਂ ਅਤੇ ਕਿਸਾਨਾਂ ਦੀਆਂ ਭਖਦੀਆਂ ਮੰਗਾਂ ਦੀ ਪ੍ਰਾਪਤੀ ਲਈ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਸੱਦੇ 'ਤੇ ਵਿੱਢੇ ਗਏ ਸੰਘਰਸ਼ ਦੀ ਲੜੀ ਤਹਿਤ 22 ਜੂਨ ਨੂੰ ਕਿਸਾਨਾਂ ਮਜ਼ਦੂਰਾਂ ਨੇ ਵੱਡੀ ਗਿਣਤੀ ਵਿਚ ਇਕੱਠੇ ਹੋ ਕੇ ਰੋਸ ਮੁਜ਼ਾਹਰਾ ਕਰਨ ਉਪਰੰਤ ਸਬ-ਤਹਿਸੀਲ ਮਹਿਲ ਕਲਾਂ ਦੇ ਦਫ਼ਤਰ ਅੱਗੇ ਵਿਸ਼ਾਲ ਧਰਨਾ ਦੇ ਕੇ ਕਿਸਾਨਾਂ ਮਜ਼ਦੂਰਾਂ ਦੀਆਂ ਹੱਕੀ ਮੰਗਾਂ ਨੂੰ ਤੁਰਤ ਲਾਗੂ ਕਰਨ ਦੀ ਮੰਗ ਜ਼ੋਰਦਾਰ ਢੰਗ ਨਾਲ ਉਠਾਈ।
ਇਸ ਮੌਕੇ ਭਰਵੇਂ ਇਕੱਠ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਕੇਂਦਰ ਦੀ ਮੋਦੀ ਸਰਕਾਰ ਅਤੇ ਸੂਬੇ ਦੀ ਕੈਪਟਨ ਸਰਕਾਰ ਉਪਰ ਕਿਸਾਨ ਮਜ਼ਦੂਰ ਮਾਰੂ ਹੋਣ ਦਾ ਦੋਸ਼ ਲਗਾਉਂਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਆਪਣੇ ਤਿੰਨ ਸਾਲ ਦੇ ਕਾਰਜਕਾਲ ਦੌਰਾਨ ਦੇਸ਼ ਅਤੇ ਪੰਜਾਬ ਦੇ ਕਿਸਾਨਾਂ-ਮਜ਼ਦੂਰਾਂ ਦੇ ਜੀਵਨ ਪੱਧਰ ਨੂੰ ਉਚਾ ਚੁੱਕਣ ਲਈ ਕੋਈ ਧਿਆਨ ਨਹੀਂ ਦਿੱਤਾ। ਸਗੋਂ ਇਸ ਸਮੇਂ ਦੌਰਾਨ ਘੱਟ ਗਿਣਤੀਆਂ, ਦਲਿਤਾਂ ਅਤੇ ਪਛੜੇ ਵਰਗਾਂ ਉਪਰ ਜਬਰ ਜੁਲਮ ਵਿਚ ਭਾਰੀ ਵਾਧਾ ਹੋਇਆ ਹੈ। ਕਾਮਰੇਡ ਪਾਸਲਾ ਨੇ ਕਿਹਾ ਕਿ ਵਿੱਤ ਮੰਤਰੀ ਮਨਪ੍ਰੀਤ ਸਿੰਘ ਬਾਦਲ ਵਲੋਂ ਪੇਸ਼ ਕੀਤੇ ਬਜਟ ਵਿਚ ਕਿਸਾਨਾਂ ਦੇ ਕਰਜ਼ੇ ਮੁਆਫ਼ ਕੀਤੇ ਜਾਣ ਦਾ ਐਲਾਨ ਕਿਸਾਨ ਵਰਗ ਨਾਲ ਇਕ ਕੋਝਾ ਮਜ਼ਾਕ ਹੈ। ਉਨ੍ਹਾਂ ਕਿਹਾ ਕਿ ਜ਼ਿਆਦਾਤਰ ਕਿਸਾਨਾਂ ਸਿਰ ਚੜ੍ਹਿਆ ਕਰਜ਼ਾ ਆੜ੍ਹਤੀਆਂ ਅਤੇ ਪੇਂਡੂ ਸ਼ਾਹੂਕਾਰਾਂ ਦਾ ਹੈ ਜਿਸ ਬਾਰੇ ਸੂਬਾ ਸਰਕਾਰ ਨੇ ਇਸ ਬਜਟ ਸੈਸ਼ਨ ਵਿਚ ਕੋਈ ਅਹਿਮ ਫੈਸਲਾ ਨਹੀਂ ਲਿਆ ਅਤੇ ਪੇਂਡੂ ਅਤੇ ਖੇਤ ਮਜ਼ਦੂਰਾਂ ਦੇ ਕਰਜ਼ੇ ਬਾਰੇ ਪੇਸ਼ ਕੀਤੇ ਬਜਟ ਵਿਚ ਕੋਈ ਰਾਹਤ ਦਾ ਐਲਾਨ ਨਹੀਂ ਕੀਤਾ।
ਕਾਮਰੇਡ ਪਾਸਲਾ ਨੇ ਦੱਸਿਆ ਕਿ ਆਰ.ਐਮ.ਪੀ.ਆਈ. ਵਲੋਂ ਦੋ ਮੁੱਖ ਮੰਗਾਂ ਜਿਵੇਂ ਭਾਜਪਾ ਅਤੇ ਕਾਂਗਰਸ ਵਲੋਂ ਚੋਣਾਂ ਵਿਚ ਕੀਤੇ ਵਾਅਦਿਆਂ ਨੂੰ ਪੂਰਾ ਕਰਵਾਉਣ ਅਤੇ ਦਲਿਤਾਂ, ਪਛੜੇ ਵਰਗਾਂ ਅਤੇ ਔਰਤਾਂ ਉਪਰ ਹੋ ਰਹੇ ਜਬਰ ਵਿਰੁੱਧ ਅਵਾਜ਼ ਬੁਲੰਦ ਕਰਨ ਲਈ ਅਤੇ ਕੇਂਦਰ ਤੇ ਸੂਬਾ ਸਰਕਾਰ ਦੀਆਂ ਮਾਰੂ ਨੀਤੀਆਂ ਵਿਰੁੱਧ ਅਗਲੇ ਦਿਨਾਂ ਵਿਚ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ।
ਇਸ ਮੌਕੇ ਜ਼ਿਲ੍ਹਾ ਸਕੱਤਰ ਮਲਕੀਤ ਸਿੰਘ ਵਜੀਦਕੇ, ਯਸ਼ਪਾਲ ਸਿੰਘ ਮਹਿਲ ਕਲਾਂ, ਅਮਰਜੀਤ ਸਿੰਘ ਕੁੱਕੂ, ਨਿਹਾਲ ਸਿੰਘ ਧਾਲੀਵਾਲ, ਭੋਲਾ ਸਿੰਘ ਕਲਾਲਮਾਜਰਾ ਆਦਿ ਸਾਥੀ ਹਾਜ਼ਰ ਸਨ।
 
ਫਿਲੌਰ : ਫਿਲੌਰ ਵਿਖੇ 22 ਜੂਨ ਨੂੰ ਤਹਿਸੀਲ ਕੰਪਲੈਕਸ 'ਚ ਕੀਤੇ ਇੱਕਠ ਨੂੰ ਆਰਐੱਮਪੀਆਈ ਦੇ ਜ਼ਿਲ੍ਹਾ ਕਾਰਜਕਾਰੀ ਸਕੱਤਰ ਜਸਵਿੰਦਰ ਸਿੰਘ ਢੇਸੀ,  ਸੂਬਾ ਕਮੇਟੀ ਮੈਂਬਰ ਸ਼ਿਵ ਕੁਮਾਰ ਤਿਵਾੜੀ, ਤਹਿਸੀਲ ਸਕੱਤਰ ਸੰਤੋਖ ਸਿੰਘ ਬਿਲਗਾ ਅਤੇ ਮਜ਼ਦੂਰ ਆਗੂ ਪਰਮਜੀਤ ਰੰਧਾਵਾ ਨੇ ਸੰਬੋਧਨ ਕੀਤਾ।
ਇਸ ਧਰਨੇ ਨੂੰ ਨੌਜਵਾਨ ਆਗੂ ਅਜੇ ਫਿਲੌਰ ਅਤੇ ਮਜ਼ਦੂਰ ਆਗੂ ਅਮ੍ਰਿਤ ਪਾਲ ਨੇ ਵੀ ਸੰਬੋਧਨ ਕੀਤਾ। ਅੰਤ 'ਚ ਕਿਸਾਨ ਆਗੂ ਕੁਲਦੀਪ ਫਿਲੌਰ ਨੇ ਧੰਨਵਾਦ ਕੀਤਾ। ਤਹਿਸੀਲਦਾਰ ਤਪਨ ਭਨੋਟ ਨੂੰ ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਪੰਜਾਬ ਦੇ ਮੁਖ ਮੰਤਰੀ ਲਈ ਇੱਕ ਮੰਗ ਪੱਤਰ ਵੀ ਦਿੱਤਾ ਗਿਆ। ਇਸ ਤੋਂ ਪਹਿਲਾ ਮੁਜ਼ਹਾਰਾਕਾਰੀਆਂ ਨੇ ਸ਼ਹਿਰ 'ਚ ਰੋਸ ਮਾਰਚ ਵੀ ਕੀਤਾ। ਰੋਸ ਪ੍ਰਦਰਸ਼ਨ ਵਿਚ ਭਾਰੀ ਗਿਣਤੀ ਔਰਤਾਂ ਨੇ ਸ਼ਮੂਲੀਅਤ ਕੀਤੀ।
 
ਆਨੰਦਪੁਰ ਸਾਹਿਬ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੇ ਸੱਦੇ 'ਤੇ 22 ਜੂਨ ਨੂੰ ਆਨੰਦਪੁਰ ਸਾਹਿਬ ਦੇ ਚੀਮਾ ਪਾਰਕ ਵਿਖੇ ਇਕੱਤਰ ਹੋਏ ਕਿਸਾਨਾਂ, ਮਜ਼ਦੂਰਾਂ, ਔਰਤਾਂ ਅਤੇ ਹੋਰ ਮਿਹਨਤੀ ਲੋਕਾਂ ਵਲੋਂ ਜਰੋਸ ਮਾਰਚ ਕਰਕੇ ਐਸ.ਡੀ.ਐਮ. ਰਾਹੀਂ ਪ੍ਰਧਾਨ ਮੰਤਰੀ, ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਿਆ ਗਿਆ।
ਇਸ ਧਰਨੇ ਨੂੰ ਸਾਥੀ ਵੇਦ ਪ੍ਰਕਾਸ਼, ਚੌਧਰੀ ਹਿੰਮਤ ਸਿੰਘ, ਨਿਰੰਜਣ ਸਿੰਘ, ਹਰਜਾਪ ਸਿੰਘ, ਅਵਤਾਰ ਸਿੰਘ, ਮਾਸਟਰ ਮਲਕੀਅਤ ਸਿੰਘ, ਮਾਸਟਰ ਕਰਮ ਚੰਦ, ਅਮਰੀਕ ਸਿੰਘ ਸਮੀਰੋਵਾਲ, ਕਰਮਚੰਦ ਕਰੀਮਪੁਰ ਆਦਿ ਨੇ ਵੀ ਸੰਬੋਧਨ ਕੀਤਾ।
 
ਸੰਗਰੂਰ : 22 ਜੂਨ ਨੂੰ ਸੰਗਰੂਰ ਵਿਖੇ ਜ਼ਿਲ੍ਹਾ ਕੇਂਦਰਾਂ 'ਤੇ ਰੋਹ ਭਰਪੂਰ ਧਰਨਾ ਪ੍ਰਦਰਸ਼ਨ ਜਥੇਬੰਦ ਕੀਤਾ ਗਿਆ। ਜ਼ਿਲ੍ਹਾ ਅਧਿਕਾਰੀਆਂ ਰਾਹੀਂ ਕੇਂਦਰੀ ਅਤੇ ਸੂਬਾ ਸਰਕਾਰ ਨੂੰ ਮੰਗ ਪੱਤਰ ਭੇਜਿਆ ਗਿਆ। ਪਾਰਟੀ ਸੂਬਾ ਸਕੱਤਰੇਤ ਦੇ ਮੈਂਬਰ ਸਾਥੀ ਭੀਮ ਸਿੰਘ ਆਲਮਪੁਰ, ਸੂਬਾ ਕਮੇਟੀ ਮੈਂਬਰ ਗੱਜਣ ਸਿੰਘ ਦੁੱਗਾਂ, ਜ਼ਿਲ੍ਹਾ ਕਮੇਟੀ ਮੈਂਬਰਾਨ ਤੇਜਾ ਸਿੰਘ ਬੇਨੜਾ, ਮੁਖਤਿਆਰ ਸਿੰਘ ਮੀਮਸਾ ਅਤੇ ਹੋਰਨਾ ਨੇ ਮੰਗ ਪੱਤਰ ਦੀ ਵਿਆਖਿਆ ਕੀਤੀ।
 
ਪਠਾਨਕੋਟ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐਮ ਪੀ ਆਈ) ਦੀ ਸੂਬਾ ਕਮੇਟੀ ਵੱਲੋਂ ਉਲੀਕੇ ਪ੍ਰੋਗਰਾਮ ਅਨੁਸਾਰ 19 ਜੂਨ ਤੋਂ 23 ਜੂਨ ਤੱਕ ਕੇਂਦਰ ਅਤੇ ਪੰਜਾਬ ਸਰਕਾਰਾਂ ਵੱਲੋਂ ਚੋਣਾਂ ਦੌਰਾਨ ਕੀਤੇ ਵਾਅਦਿਆਂ ਨੂੰ ਪੂਰਾ ਕਰਾਉਣ ਵਾਸਤੇ, ਘੱਟ ਗਿਣਤੀਆਂ, ਦਲਿਤਾਂ-ਔਰਤਾਂ 'ਤੇ ਹੋ ਰਹੇ ਜਾਤੀ-ਪਾਤੀ ਅੱਤਿਆਚਾਰਾਂ, ਜਿਨਸੀ ਹਿੰਸਾ, ਫਿਰਕਾਪ੍ਰਸਤੀ ਨੂੰ ਠੱਲ ਆਉਣ ਵਾਸਤੇ ਪਠਾਨਕੋਟ ਐਸ ਡੀ ਐਮ ਦਫ਼ਤਰ ਸਾਹਮਣੇ ਲੋਕਾਂ ਦਾ ਵੱਡਾ ਇਕੱਠ ਮਾਸਟਰ ਸੁਭਾਸ਼ ਸ਼ਰਮਾ, ਕਾਮਰੇਡ ਰਘਬੀਰ ਸਿੰਘ ਧਲੌਰੀਆਂ, ਜਨਕ ਰਾਜ ਸਰਨਾ ਤੇ ਬੀਬੀ ਤਰਿਪਤਾ ਦੀ ਸਾਂਝੀ ਪ੍ਰਧਾਨਗੀ ਹੇਠ ਹੋਇਆ। ਹਜ਼ਾਰਾਂ ਦੀ ਗਿਣਤੀ ਵਿੱਚ ਆਏ ਔਰਤਾਂ-ਮਰਦਾਂ ਨੇ ਰੋਸ ਮੁਜ਼ਾਹਰਾ ਕਰਨ ਉਪਰੰਤ ਆਪਣਾ ਮੰਗ ਪੱਤਰ ਭਾਰਤ ਦੇ ਪ੍ਰਧਾਨ ਮੰਤਰੀ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਐਸ ਡੀ ਐਮ ਰਾਹੀਂ ਭੇਜਿਆ।
ਇਸ ਵਿਸ਼ਾਲ ਇਕੱਠ ਨੂੰ ਪਾਰਟੀ ਦੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਲਾਲ ਚੰਦ ਕਟਾਰੂਚੱਕ, ਸੀ ਟੀ ਯੂ ਪੰਜਾਬ ਦੇ ਸੂਬਾਈ ਜਨਰਲ ਸਕੱਤਰ ਕਾਮਰੇਡ ਨੱਥਾ ਸਿੰਘ, ਸੂਬਾ ਕਮੇਟੀ ਮੈਂਬਰ ਨੀਲਮ ਘੁਮਾਣ ਅਤੇ ਹੋਰ ਕਈ ਸਥਾਨਕ ਆਗੂਆਂ ਨੇ ਵੀ ਸੰਬੋਧਨ ਕੀਤਾ।
 
ਗੁਰਦਾਸਪੁਰ :  ਸੂਬਾ ਕਮੇਟੀ ਦੇ ਫੈਸਲਿਆਂ ਅਨੁਸਾਰ ਪੰਜਾਬ ਭਰ ਵਿਚ ਸਬ ਡਵੀਜ਼ਨ ਪੱਧਰ 'ਤੇ ਪੰਜਾਬ ਸਰਕਾਰ ਵਲੋਂ ਚੋਣਾਂ ਦੌਰਾਨ ਕੀਤੇ ਗਏ ਵਾਅਦਿਆਂ ਨੂੰ ਲਾਗੂ ਕਰਵਾਉਣ ਹਿੱਤ ਰੋਸ ਮੁਜ਼ਾਹਰੇ ਅਤੇ ਧਰਨੇ ਦੇ ਕੇ ਸਰਕਾਰ 'ਤੇ ਦਬਾਅ ਪਾਉਣ ਲਈ ਸਰਵ ਸਾਥੀ ਲਾਲ ਚੰਦ ਕਟਾਰੂਚੱਕ, ਜਸਵੰਤ ਸਿੰਘ ਬੁੱਟਰ ਅਤੇ ਮੱਖਣ ਸਿੰਘ ਕੁਹਾੜ ਦੀ ਅਗਵਾਈ ਵਿਚ ਐਸ.ਡੀ.ਐਮ. ਗੁਰਦਾਸਪੁਰ ਨੂੰ ਮਿਲੇ ਅਤੇ ਉਨ੍ਹਾਂ ਰਾਹੀਂ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਪੰਜਾਬ ਨੂੰ ਮੰਗ ਪੱਤਰ ਭੇਜਿਆ ਗਿਆ। ਧਰਨੇ ਨੇ ਸਰਵਸੰਮਤੀ ਨਾਲ ਇਕ ਮਤਾ ਪਾਸ ਕਰਕੇ ਸਾਥੀ ਸ਼ਿਵ ਕੁਮਾਰ ਸੂਬਾ ਕਮੇਟੀ ਮੈਂਬਰ (ਆਰ.ਐਮ.ਪੀ.ਆਈ.) 'ਤੇ ਹੋਏ ਹਮਲੇ ਦੀ ਪੁਰਜ਼ੋਰ ਨਿਖੇਧੀ ਕੀਤੀ ਅਤੇ ਮੰਗ ਕੀਤੀ ਕਿ ਦੋਸ਼ੀਆਂ ਨੂੰ ਤੁਰੰਤ ਕਾਰਵਾਈ ਕਰਕੇ ਗ੍ਰਿਫਤਾਰ ਕੀਤਾ ਜਾਵੇ।
 
ਅਬੋਹਰ : ਆਰ.ਐਮ.ਪੀ.ਆਈ. ਦੇ ਸੱਦੇ 'ਤੇ ਅਬੋਹਰ ਦੇ ਐਸ.ਡੀ.ਐਮ. ਦਫਤਰ ਸਾਹਮਣੇ 23 ਜੂਨ ਨੂੰ ਧਰਨਾ ਦਿੱਤਾ ਗਿਆ। ਧਰਨੇ ਤੋਂ ਪਹਿਲਾਂ ਕਾਰਕੁੰਨ ਨਹਿਰੂ ਪਾਰਕ ਵਿਚ ਇਕੱਠੇ ਹੋਏ, ਉਥੋਂ ਸ਼ਹਿਰ ਦੇ ਬਾਜ਼ਾਰਾਂ ਵਿਚੋਂ ਮਾਰਚ ਕਰਦੇ ਹੋਏ ਐਸ.ਡੀ.ਐਮ. ਦਫਤਰ ਸਾਹਮਣੇ ਪੁੱਜੇ। ਇੱਥੇ ਮਾਰੇ ਗਏ ਧਰਨੇ ਦੀ ਪ੍ਰਧਾਨਗੀ ਸਰਵਸਾਥੀ ਸਤਨਾਮ ਰਾਏ ਅਤੇ ਲਖਬੀਰ ਸਿੰਘ ਦਲਮੀਰ ਖੇੜਾ ਨੇ ਕੀਤੀ। ਇਸ ਧਰਨੇ ਨੂੰ ਸਰਬਸਾਥੀ ਜੱਗਾ ਸਿੰਘ, ਰਾਮ ਕੁਮਾਰ ਵਰਮਾ, ਅਵਤਾਰ ਸਿੰਘ, ਗੁਰਮੇਜ ਗੇਜੀ ਨੇ ਸੰਬੋਧਨ ਕਰਦੇ ਹੋਏ ਮੰਗਾਂ ਬਾਰੇ ਤਫਸੀਲ ਨਾਲ ਦੱਸਿਆ ਅਤੇ ਸਰਕਾਰ ਤੋਂ ਇਨ੍ਹਾਂ ਮੰਗਾਂ ਨੂੰ ਮੰਨਣ ਦੀ ਮੰਗ ਕੀਤੀ। ਦੇਸ਼ ਦੇ ਪ੍ਰਧਾਨ ਮੰਤਰੀ ਅਤੇ ਸੂਬੇ ਦੇ ਮੁੱਖ ਮੰਤਰੀ ਨੂੰ ਭੇਜਣ ਹਿੱਤ ਸੰਬੰਧਤ ਮੰਗ-ਪੱਤਰ ਐਸ.ਡੀ.ਐਮ. ਨੂੰ ਦਿੱਤਾ ਗਿਆ।
 
ਨਵਾਂ ਸ਼ਹਿਰ : ਆਰ.ਐਮ.ਪੀ.ਆਈ. ਦੇ ਸੱਦੇ 'ਤੇ 19 ਤੋਂ 23 ਜੂਨ ਤੱਕ ਕੀਤੇ ਗਏ ਤਹਿਸੀਲ ਪੱਧਰੀ ਮੁਜ਼ਾਹਰਿਆਂ ਦੇ ਆਖਰੀ ਦਿਨ 23 ਜੂਨ ਨੂੰ ਨਵਾਂ ਸ਼ਹਿਰ ਦੇ ਜ਼ਿਲ੍ਹਾ ਵਿਖੇ ਕੇਂਦਰ ਮੂਹਰੇ ਵਿਸ਼ਾਲ ਧਰਨਾ ਮਾਰਿਆ ਗਿਆ ਅਤੇ ਸਬੰਧਤ ਅਧਿਕਾਰੀਆਂ ਰਾਹੀਂ ਦੇਸ਼ ਦੇ ਪ੍ਰਧਾਨ ਮੰਤਰੀ ਤੇ ਪੰਜਾਬ ਦੇ ਮੁੱਖ ਮੰਤਰੀ ਨੂੰ ਮੰਗ ਪੱਤਰ ਭੇਜੇ ਗਏ।
ਇਸ ਤੋਂ ਪਹਿਲਾਂ ਪਾਰਟੀ ਆਗੂਆਂ ਸੋਹਣ ਸਿੰਘ ਸਲੇਮਪੁਰੀ, ਵਿਮਲ ਬਖਲੌਰ, ਹਰਪਾਲ ਸਿੰਘ ਜਗਤਪੁਰ ਦੀ ਅਗਵਾਈ ਵਿਚ ਸ਼ਹਿਰ ਦੇ ਮੁੱਖ ਬਾਜ਼ਾਰਾਂ ਵਿਚ ਰੋਹ ਭਰਪੂਰ ਰੋਸ ਮੁਜ਼ਾਹਰਾ ਕੀਤਾ ਗਿਆ।
 
ਬਾਬਾ ਬਕਾਲਾ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੇ ਸੱਦੇ 'ਤੇ ਇੱਕਤਰ ਹੋਏ ਭਾਰੀ ਗਿਣਤੀ ਮਜਦੂਰਾਂ, ਕਿਸਾਨਾਂ, ਔਰਤਾਂ ਅਤੇ ਹੋਰ ਮਿਹਨਤੀ ਲੋਕਾਂ ਨੇ ਸਥਾਨਕ ਬਾਜਾਰਾਂ ਵਿੱਚ ਰੋਹ ਭਰਪੂਰ ਮੁਜਾਹਰਾ ਕੀਤਾ। ਮੁਜ਼ਾਹਰਾਕਾਰੀਆਂ ਨੇ ਕਰਜ਼ ਮਾਫੀ ਦੇ ਨਾਮ 'ਤੇ ਸੂਬਾ ਹਕੂਮਤ ਵਲੋਂ ਕੀਤੀ ਗਈ ਅੱਖਾਂ ਪੂੰਝਣ ਦੀ ਕਵਾਇਦ ਦੀ  ਜ਼ੋਰਦਾਰ ਨਿਖੇਧੀ ਕੀਤੀ। ਮੂਜਾਹਰੇ ਉਪਰੰਤ ਸਥਾਨਕ ਐਸ. ਡੀ. ਐਮ. ਦਫਤਰ ਮੂਹਰੇ ਰੋਸ ਰੈਲੀ ਕੀਤੀ ਗਈ ਅਤੇ ਸਬੰਧਤ ਅਧਿਕਾਰੀਆਂ ਰਾਹੀਂ ਪ੍ਰਧਾਨ ਮੰਤਰੀ ਅਤੇ ਮੁੱਖ ਮੰਤਰੀ ਪੰਜਾਬ ਨੂੰ ਯਾਦ ਪਤੱਰ ਭੇਜਿਆ ਗਿਆ।
ਇਸ ਮੌਕੇ ਹੋਈ ਇਕਤੱਰਤਾ ਨੂੰ ਆਰ. ਐਮ. ਪੀ. ਆਈ. ਦੇ ਕੇਂਦਰੀ ਕਮੇਟੀ ਮੈਂਬਰ ਸਾਥੀ ਗੁਰਨਾਮ ਸਿੰਘ ਦਾਊਦ, ਸੂਬਾ ਸਕੱਤਰੇਤ ਮੈਂਬਰ ਸਾਥੀ ਰਤਨ ਸਿੰਘ ਰੰਧਾਵਾ ਤੇ ਸਤਨਾਮ ਸਿੰਘ ਅਜਨਾਲਾ ਤੋਂ ਇਲਾਵਾ ਗੁਰਮੇਜ ਸਿੰਘ ਤਿੰਮੋਵਾਲ, ਅਮਰੀਕ ਸਿੰਘ ਦਾਊਦ, ਹਰਪ੍ਰੀਤ ਬੁਟਾਰੀ , ਨਿਰਮਲ ਸਿੰਘ ਛੱਜਲਵੱਡੀ, ਬਲਦੇਵ ਸਿੰਘ ਸੈਦਪੁਰ ਨੇ ਵੀ ਸੰਬੋਧਨ ਕੀਤਾ।
 
ਮੁਕਤਸਰ ਸਾਹਿਬ : ਭਾਰਤੀ ਇਨਕਲਾਬ ਮਾਰਕਸਵਾਦੀ ਪਾਰਟੀ ਵੱਲੋਂ ਸ਼ੁੱਕਰਵਾਰ ਨੂੰ ਡਿਪਟੀ ਕਮਿਸ਼ਨਰ ਦਫ਼ਤਰ ਸਾਹਮਣੇ ਸੂਬਾ ਸਰਕਾਰ ਖਿਲਾਫ਼ ਪ੍ਰਦਰਸ਼ਨ ਕਰਦੇ ਹੋਏ ਜੰਮ ਕੇ ਨਾਅਰੇਬਾਜੀ ਕੀਤੀ ਗਈ। ਇਸ ਦੌਰਾਨ ਪਾਰਟੀ ਆਗੂਆਂ ਨੇ ਕੈਪਟਨ ਸਰਕਾਰ ਤੋਂ ਚੋਣਾਂ ਦੌਰਾਨ ਕੀਤੇ ਵਾਅਦੇ ਪੂਰੇ ਕਰਨ ਅਤੇ ਕੇਂਦਰ ਦੀ ਮੋਦੀ ਸਰਕਾਰ ਤੋਂ ਦਲਿਤਾਂ 'ਤੇ ਹੋ ਰਹੇ ਅੱਤਿਆਚਾਰਾਂ ਨੂੰ ਰੋਕਣ ਦੀ ਮੰਗ ਕੀਤੀ। ਪ੍ਰਦਰਸ਼ਨਕਾਰੀਆਂ ਨੇ ਪ੍ਰਦਰਸ਼ਨ ਉਪਰੰਤ ਪ੍ਰਸ਼ਾਸਨ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਤੇ ਸੂਬੇ ਦੇ ਮੁੱਖ ਮੰਤਰੀ ਦੇ ਨਾਂਅ ਦੋ ਵੱਖਰੇ ਵੱਖਰੇ ਮੰਗ ਪੱਤਰ ਵੀ ਸੌਂਪੇ। ਪ੍ਰਦਰਸ਼ਨਕਾਰੀਆਂ ਨੇ ਕਿਹਾ ਕਿ ਸੂਬੇ ਦੀ ਕੈਪਟਨ ਸਰਕਾਰ ਨੇ ਬਜਟ 'ਚ ਕਿਸਾਨਾਂ ਦਾ ਕੁਝ ਕਰਜ਼ਾ ਮੁਆਫ਼ ਕੀਤਾ ਹੈ, ਪਰ ਕਿਸਾਨਾਂ ਦੀ ਇਹ ਕਰਜ਼ਾ ਮੁਆਫੀ ਵੀ ਅੱਧੀ ਅਧੂਰੀ ਹੈ ਤੇ ਦੁੱਖ ਦੀ ਗੱਲ ਇਹ ਹੈ ਕਿ ਖੇਤ ਮਜ਼ਦੂਰਾਂ ਦਾ ਕਰਜ਼ਾ ਨਹੀਂ ਮਾਫ ਕੀਤਾ ਗਿਆ ਅਤੇ ਕਿਸਾਨੀ ਦੀਆਂ ਹੋਰ ਜ਼ਿਆਦਾਤਰ ਮੰਗਾਂ ਨੂੰ ਅਣਦੇਖਿਆ ਕੀਤਾ ਗਿਆ ਹੈ। ਕੈਪਟਨ ਸਰਕਾਰ ਨੇ ਚੋਣਾਂ ਦੌਰਾਨ ਕੀਤੇ ਸਾਰੇ ਵਾਅਦੇ ਪੂਰੇ ਨਹੀਂ ਕੀਤੇ ਹਨ। ਜੇਕਰ ਜਲਦ ਹੀ ਵਾਅਦੇ ਪੂਰੇ ਨਾ ਹੋਏ ਤਾਂ ਪਾਰਟੀ ਸੰਘਰਸ਼ ਤੇਜ਼ ਕਰੇਗੀ। ਇਸ ਮੌਕੇ ਜਗਜੀਤ ਸਿੰਘ ਜੱਸੇਆਣਾ, ਹਰਜੀਤ ਸਿੰਘ ਮਦਰੱਸਾ, ਜਸਵਿੰਦਰ ਸਿੰਘ ਸੰਗੂਧੌਣ, ਕਰਮ ਸਿੰਘ, ਜਸਵਿੰਦਰ ਸਿੰਘ ਜੰਡੋਕੇ ਸਮੇਤ ਵੱਡੀ ਗਿਣਤੀ 'ਚ ਪ੍ਰਦਰਸ਼ਨਕਾਰੀ ਮੌਜੂਦ ਸਨ।
 
ਕੁੰਮਕਲਾਂ (ਲੁਧਿਆਣਾ) : ਸਬ ਤਹਿਸੀਲ ਕੁੰਮਕਲਾਂ ਦੇ ਦਫਤਰ ਅੱਗੇ ਲੋਕ ਸੰਘਰਸ਼ ਕਮੇਟੀ ਸਾਹਨੇਵਾਲ ਅਤੇ ਆਰ.ਐਮ.ਪੀ.ਆਈ. ਵਲੋਂ ਕਿਸਾਨਾਂ, ਮਜ਼ਦੂਰਾਂ ਤੇ ਦਲਿਤਾਂ ਦੀਆਂ ਹੱਕੀ ਮੰਗਾਂ ਲਈ ਧਰਨਾ ਦਿੱਤਾ ਗਿਆ ਜਿਸ 'ਚ ਇਲਾਕੇ ਭਰ ਤੋਂ ਸੈਂਕੜੇ ਮਰਦਾਂ ਤੇ ਔਰਤਾਂ ਨੇ ਹਿੱਸਾ ਲਿਆ ਤੇ ਸਬ-ਤਹਿਸੀਲ ਦੇ ਅਧਿਕਾਰੀਆਂ ਰਾਹੀਂ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਵੱਖ-ਵੱਖ ਮੰਗ ਪੱਤਰ ਦਿੱਤੇ ਗਏ। ਕਮੇਟੀ ਦੇ ਕਨਵੀਨਰ ਅਮਰਨਾਥ ਕੁੰਮਕਲਾਂ ਦੀ ਅਗਵਾਈ ਹੇਠ ਸਾਬਕਾ ਸਰਪੰਚ ਸੁਖਵਿੰਦਰ ਸਿੰਘ ਰਤਨਗੜ੍ਹ, ਸਾਬਕਾ ਚੇਅਰਮੈਨ ਬਲਾਕ ਸੰਮਤੀ ਸਤਪਾਲ ਸਿੰਘ, ਸਾਬਕਾ ਸਰਪੰਚ ਚਰਨ ਸਿੰਘ ਭੂਪਤੀ ਕਲਾਂ, ਪੰਚ ਸਿਕੰਦਰ ਬਖਸ਼ ਦੈਤ, ਹਰਨੇਕ ਸਿੰਘ ਢੋਲਣਵਾਲ, ਰੂਪ ਲਾਲ ਮਿਆਣੀ, ਦਿਲਬਾਗ ਸਿੰਘ ਜੀਵਨਪੁਰ ਅਤੇ ਬੀਬੀ ਜਸਵੰਤ ਕੌਰ ਦੀ ਪ੍ਰਧਾਨਗੀ ਹੇਠ ਸ਼ੁਰੂ ਹੋਏ ਇਸ ਧਰਨੇ ਵਿਚ ਆਰ.ਐਮ.ਪੀ.ਆਈ. ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਉਚੇਚੇ ਤੌਰ 'ਤੇ ਪਹੁੰਚੇ। ਇਸ ਧਰਨੇ ਨੂੰ ਕੁਲ ਹਿੰਦ  ਵਰਕਿੰਗ ਕਮੇਟੀ ਦੇ ਮੈਂਬਰ ਤੇ ਸੀਟੂ ਪੰਜਾਬ ਦੇ ਮੀਤ ਪ੍ਰਧਾਨ ਚੰਦਰ ਸ਼ੇਖਰ, ਮਜ਼ਦੂਰ ਮਨਰੇਗਾ ਯੂਨੀਅਨ ਸੀਟੂ ਦੇ ਸੂਬਾ ਜਨਰਲ ਸਕੱਤਰ ਤੇ ਕਮੇਟੀ ਦੇ ਕਨਵੀਨਰ ਅਮਰਨਾਥ ਕੁੰਮਕਲਾਂ, ਸੀਟੂ ਪੰਜਾਬ ਦੇ ਸੂਬਾ ਸਕੱਤਰ ਦਲਜੀਤ ਕੁਮਾਰ ਗੋਰਾ, ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੀਨੀਅਰ ਆਗੂ ਰਘਬੀਰ ਸਿੰਘ ਬੈਨੀਪਾਲ, ਜ਼ਿਲ੍ਹਾ ਸਕੱਤਰ ਮਨਰੇਗਾ ਮਜ਼ਦੂਰ ਯੂਨੀਅਨ ਪ੍ਰਕਾਸ਼ ਬਰਮੀ,  ਆਰ.ਐਮ.ਪੀ.ਆਈ. ਦੇ ਜ਼ਿਲ੍ਹਾ ਸਕੱਤਰ ਜਗਤਾਰ ਸਿੰਘ ਚਕੋਹੀ ਤੇ ਪ੍ਰੋ. ਜੈਪਾਲ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਤੋਂ ਬਾਅਦ ਉਨ੍ਹਾਂ ਸਬ ਤਹਿਸੀਲ ਅਧਿਕਾਰੀਆਂ ਕਾਨੂੰੂਗੋ ਪਰਮਿੰਦਰ ਸਿੰਘ ਤੇ ਅਸ਼ਵਨੀ ਕੁਮਾਰ ਨੂੰ ਪੰਜਾਬ ਸਰਕਾਰ ਤੇ ਕੇਂਦਰ ਸਰਕਾਰ ਨੂੰ ਸੌਂਪਣ ਲਈ 2 ਮੰਗ ਪੱਤਰ ਦਿੱਤੇ। ਜਿਸ 'ਤੇ ਇਨ੍ਹਾਂ ਅਧਿਕਾਰੀਆਂ ਨੇ ਕਮੇਟੀ ਦੇ ਅਹੁਦੇਦਾਰਾਂ ਨੂੰ ਭਰੋਸਾ ਦਿਵਾਇਆ ਕਿ ਉਨ੍ਹਾਂ ਨੇ ਇਹ ਮੰਗ ਪੱਤਰ ਉਹ ਜਲਦ ਹੀ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਪਹੁੰਚਦੇ ਕਰ ਦੇਣਗੇ।
ਆਰ.ਐਮ.ਪੀ.ਆਈ. ਦੀ ਸੂਬਾ ਕਮੇਟੀ ਦੇ ਸੱਦੇ 'ਤੇ ਸ਼ੁਰੂ ਕੀਤੀ ਗਈ ਧਰਨੇ-ਮੁਜ਼ਾਹਰਿਆਂ ਦੀ ਸੰਗਰਾਮ ਲੜੀ ਦੌਰਾਨ ਫਰੀਦਕੋਟ, ਜਲੰਧਰ ਸ਼ਹਿਰ, ਮਾਨਸਾ ਅਤੇ ਸਮਾਣਾ ਵਿਖੇ ਕ੍ਰਮਵਾਰ 19 ਜੂਨ, 22 ਜੂਨ ਅਤੇ 23 ਜੂਨ ਨੂੰੂ ਪਾਰਟੀ ਕਾਰਕੁੰਨਾਂ ਅਤੇ ਆਗੂਆਂ 'ਤੇ ਆਧਾਰਤ ਜਨਤਕ ਵਫ਼ਦਾਂ ਵਲੋਂ ਸਬ ਡਿਵੀਜ਼ਨਲ ਅਧਿਕਾਰੀਆਂ ਰਾਹੀਂ ਪ੍ਰਧਾਨ ਮੰਤਰੀ, ਭਾਰਤ ਸਰਕਾਰ ਅਤੇ ਮੁੱਖ ਮੰਤਰੀ ਪੰਜਾਬ ਸਰਕਾਰ ਨੂੰ ਮੰਗ ਪੱਤਰ ਭੇਜੇ ਗਏ। ਵਫ਼ਦਾਂ ਦੀ ਅਗਵਾਈ ਸਰਵ ਸਾਥੀ ਗੁਰਤੇਜ ਸਿੰਘ ਹਰੀਨੌ, ਰਾਮ ਕਿਸ਼ਨ, ਸੁਰੇਸ਼ ਕੁਮਾਰ ਅਤੇ ਅਮਰੀਕ ਸਿੰਘ ਫਫੜੇ ਭਾਈ ਕੇ ਵਲੋਂ ਕੀਤੀ ਗਈ।

ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਵੱਲੋਂ ਲੇਬਰ ਦਫਤਰ ਅੱਗੇ ਧਰਨੇ 
ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਵੱਲੋਂ ਸੂਬਾ ਕਮੇਟੀ ਦੇ ਫੈਸਲੇ ਅਨੁਸਾਰ ਪੂਰੇ ਪੰਜਾਬ ਅੰਦਰ ਲੇਬਰ ਦਫਤਰਾਂ ਅੱਗੇ ਰੋਸ ਧਰਨੇ ਦਿੱਤੇ ਜਾ ਰਹੇ ਹਨ। ਜਿਸ ਦੀ ਕੜੀ ਵਜੋਂ ਲੇਬਰ ਦਫਤਰ ਬਟਾਲਾ ਸਾਹਮਣੇ ਰੋਸ ਧਰਨਾ ਦਿੱਤਾ ਗਿਆ, ਜਿਸ ਦੀ ਪ੍ਰਧਾਨਗੀ ਤਹਿਸੀਲ ਸਕੱਤਰ ਨਿਰਮਲ ਸਿੰਘ ਪਾਰੋਵਾਲ, ਨਰਿੰਦਰ ਸਿੰਘ ਮੁਰੀਦਕੇ, ਸਤਨਾਮ ਸਿੰਘ ਬਟਾਲਾ ਨੇ ਕੀਤੀ। ਧਰਨੇ ਨੂੰ ਸੰਬੋਧਨ ਕਰਦਿਆਂ ਸੂਬਾਈ ਆਗੂਆਂ ਜਗੀਰ ਸਿੰਘ ਕਿਲ੍ਹਾ ਲਾਲ ਸਿੰਘ, ਸਤਨਾਮ ਸਿੰਘ ਦਕੋਹਾ ਅਤੇ ਸੁਭਾਸ਼ ਸ਼ਰਮਾ, ਸੰਤੋਖ ਸਿੰਘ ਚੰਦੂਨੰਗਲ ਨੇ ਕਿਹਾ ਕਿ ਜਥੇਬੰਦੀ ਨੇ 1996 ਦਾ ਉਸਾਰੀ ਕਿਰਤੀ ਭਲਾਈ ਕਾਨੂੰਨ ਪੰਜਾਬ ਅੰਦਰ ਸੰਘਰਸ਼ ਸਦਕਾ 2008 ਵਿੱਚ ਲਾਗੂ ਹੋਇਆ, ਇਸ ਤੋਂ ਬਾਅਦ ਰਜਿਸਟਰਡ ਮਜ਼ਦੂਰਾਂ ਨੂੰ ਅਨੇਕਾਂ ਭਲਾਈ ਸਕੀਮਾਂ ਤਹਿਤ ਲਾਭ ਪ੍ਰਾਪਤ ਹੋਏ ਅਤੇ ਪੰਜਾਬ ਅੰਦਰ 15 ਲੱਖ ਤੋਂ ਵੱਧ ਨਿਰਮਾਣ ਮਜ਼ਦੂਰ ਵੱਖ-ਵੱਖ ਧੰਦਿਆਂ ਵਿੱਚ ਕੰਮ ਕਰਦੇ ਹਨ, ਪਰ ਹੁਣ ਤੱਕ ਕੇਵਲ 5 ਲੱਖ 80 ਹਜ਼ਾਰ ਦੇ ਕਰੀਬ ਹੀ ਨਿਰਮਾਣ  ਮਜ਼ਦੂਰਾਂ ਨੂੰ ਪੰਜੀਕ੍ਰਿਤ ਕੀਤਾ ਗਿਆ ਹੈ। ਪੰਜਾਬ ਭਵਨ ਅਤੇ ਹੋਰ ਨਿਰਮਾਣ ਕਾਮੇ ਭਲਾਈ ਬੋਰਡ ਵਿੱਚ ਹੁਣ ਤੱਕ 1200 ਕਰੋੜ ਦੇ ਕਰੀਬ ਸੈੱਸ ਇਕੱਠਾ ਹੋ ਚੁੱਕਾ ਹੈ, ਪਰ ਇਸ ਪੈਸੇ ਵਿੱਚੋਂ ਮਜ਼ਦੂਰਾਂ ਅਤੇ ਉਨ੍ਹਾਂ ਦੇ ਪਰਵਾਰਾਂ ਦੀ ਭਲਾਈ ਲਈ ਬਹੁਤ ਹੀ ਨਿਗੂਣਾ ਪੈਸਾ ਦਿੱਤਾ ਗਿਆ ਹੈ। ਲੇਬਰ ਦਫਤਰਾਂ ਅੰਦਰ ਭ੍ਰਿਸ਼ਟਾਚਾਰ ਹੋਣ ਕਰਕੇ ਮਜ਼ਦੂਰਾਂ ਨੂੰ ਖੱਜਲ-ਖੁਆਰ ਕੀਤਾ ਜਾਂਦਾ ਹੈ। ਸੀ ਟੀ ਯੂ ਪੰਜਾਬ ਦੇ ਜਨਰਲ ਸਕੱਤਰ ਸਾਥੀ ਨੱਥਾ ਸਿੰਘ ਨੇ ਕਿਹਾ ਕਿ ਕੇਂਦਰ ਤੇ ਪੰਜਾਬ  ਸਰਕਾਰ ਦੀਆਂ ਮਜ਼ਦੂਰ ਵਿਰੋਧੀ ਨੀਤੀਆਂ ਕਰਕੇ ਕਿਰਤ ਕਾਨੂੰਨਾਂ ਨੂੰ ਮਾਲਕਾਂ ਦੇ ਹੱਕ ਵਿਚ ਸੋਧਣ ਦੀਆਂ ਕੋਝੀਆਂ ਸਾਜ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਅਤੇ ਦੇਸ਼ ਅੰਦਰ ਅੰਧ-ਰਾਸ਼ਟਰਵਾਦ ਦੇ ਨਾਂਅ ਹੇਠ ਦਲਿਤਾਂ, ਮਜ਼ਦੂਰਾਂ ਅਤੇ ਔਰਤਾਂ ਉਪਰ ਹਮਲੇ ਕੀਤੇ ਜਾ ਰਹੇ ਹਨ। ਇਸ ਮੌਕੇ ਸਹਾਇਕ ਕਿਰਤ ਕਮਿਸ਼ਨਰ ਬਟਾਲਾ ਰਾਹੀਂ ਇੱਕ ਮੰਗ ਪੱਤਰ ਪੰਜਾਬ  ਸਰਕਾਰ ਨੂੰ ਭੇਜਿਆ ਗਿਆ।
 

ਰਾਏਕੋਟ : ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਸੱਦੇ 'ਤੇ ਉਸਾਰੀ ਮਜ਼ਦੂਰਾਂ ਦੀ ਭਰਵੀਂ ਰੈਲੀ ਐੱਸ ਡੀ ਐੱਮ ਦਫਤਰ ਰਾਏਕੋਟ ਵਿਖੇ ਸੀਨੀਅਰ ਮੀਤ ਪ੍ਰਧਾਨ ਪੰਜਾਬ ਗੁਰਦੀਪ ਸਿੰਘ ਕਲਸੀ ਦੀ ਪ੍ਰਧਾਨਗੀ ਹੇਠ ਹੋਈ। ਰੈਲੀ ਨੂੰ ਸੰਬੋਧਨ ਕਰਦਿਆਂ ਸੂਬਾ ਪ੍ਰਧਾਨ ਗੰਗਾ ਪ੍ਰਸਾਦ ਨੇ ਕਿਹਾ ਕਿ ਪੰਜਾਬ ਅੰਦਰ 15 ਲੱਖ ਤੋਂ ਵੱਧ ਨਿਰਮਾਣ ਮਜ਼ਦੂਰ ਵੱਖ-ਵੱਖ ਧੰਦਿਆਂ ਵਿੱਚ ਕੰਮ ਕਰਦੇ ਹਨ। ਕੇਂਦਰ ਸਰਕਾਰ ਨੂੰ ਇਨ੍ਹਾਂ ਮਜ਼ਦੂਰਾਂ ਦੀ ਭਲਾਈ ਲਈ ਦੀ ਬਿਲਡਿੰਗ  ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਰੈਗੂਲੇਸ਼ਨ ਆਫ ਇੰਪਲਾਈਮੈਂਟ ਐਂਡ ਕੰਡੀਸ਼ਨ ਆਫ ਸਰਵਿਸ ਐਕਟ 1996 ਬਣਾਇਆ ਹੋਇਆ ਹੈ, ਜਿਸ  ਨੂੰ ਪੰਜਾਬ ਸਰਕਾਰ ਨੇ ਸਾਲ  2008 ਵਿੱਚ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰਕਸ਼ਨ ਵਰਕਰਜ਼ ਰੈਗੂਲੇਸ਼ਨ ਆਫ ਇੰਪਲਾਈਮੈਂਟ ਐਂਡ ਕੰਡੀਸ਼ਨ ਆਫ ਸਰਵਿਸ ਰੂਲ 2008 ਰਾਹੀਂ ਲਾਗੂ ਕਰ ਦਿੱਤਾ ਹੈ ਅਤੇ 24 ਜੂਨ 2014 ਨੂੰ 30 ਹੋਰ ਨਿਰਮਾਣ ਅਦਾਰਿਆਂ ਨੂੰ ਸ਼ਾਮਲ ਕਰਨ ਦੀ ਨੋਟੀਫਿਕੇਸ਼ਨ ਵੀ ਕਰ ਦਿੱਤੀ ਗਈ। 20 ਸਾਲ ਬੀਤ ਜਾਣ ਤੋਂ ਬਾਅਦ ਵੀ ਕਾਨੂੰਨ ਪੂਰੇ ਰੂਪ ਵਿੱਚ ਲਾਗੂ ਨਹੀਂ ਹੋ ਰਿਹਾ। ਉਸਾਰੀ ਕਿਰਤੀਆਂ ਨੂੰ ਲਾਭਪਾਤਰੀ ਕਾਰਡ ਨਾ ਬਣਾ ਕੇ ਲਾਭ ਤੋਂ ਵਾਂਝੇ ਰੱਖਿਆ ਜਾ ਰਿਹਾ ਹੈ। ਇਸ ਮੌਕੇ ਸਟੇਜ ਦੀ ਕਾਰਵਾਈ ਹਰਬੰਸ ਸਿੰਘ ਵੱਲੋਂ ਨਿਭਾਈ ਗਈ। ਇਸ ਤੋਂ ਇਲਾਵਾ ਇਕਬਾਲ ਸਿੰਘ ਲੋਹਟਬੱਦੀ, ਇਕਬਾਲ ਬੋਪਾਰਾਏ, ਭੁਲਵਿੰਦਰ ਗੋਬਿੰਦਗੜ੍ਹ, ਬਲਵਿੰਦਰ ਹਠੂਰ, ਗੁਰਮੁੱਖ ਚੋਲਾ, ਗੁਰਦੀਪ, ਮਹਿੰਦਰ ਅੱਚਰਵਾਲ, ਕੇਵਲ ਬੜੂੰਦੀ, ਗੁਲਵੰਤ ਲੱਖਾ, ਸਰੂਪ ਜਗਰਾਓਂ, ਸੁਰਜੀਤ ਦਾਉਕੇ, ਪ੍ਰੋਫੈਸਰ ਜੈਪਾਲ ਸਿੰਘ, ਜਗਦੇਵ ਕਲਸੀ ਤੇ ਆਰ.ਐਮ.ਪੀ.ਆਈ. ਜ਼ਿਲ੍ਹਾ ਸਕੱਤਰ ਜਗਤਾਰ ਚਕੋਹੀ ਨੇ ਵੀ ਸੰਬੋਧਨ ਕੀਤਾ।
 

ਹੁਸ਼ਿਆਰਪੁਰ : ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਜ਼ਿਲ੍ਹਾ ਹੁਸ਼ਿਆਰਪੁਰ ਵੱਲੋਂ ਲੇਬਰ ਵਿਭਾਗ ਖਿਲਾਫ ਡੀ.ਸੀ. ਦਫਤਰ ਅੱਗੇ ਹਜ਼ਾਰਾਂ ਮਜ਼ਦੂਰਾਂ ਨੇ ਰੋਹ ਭਰਪੂਰ ਧਰਨਾ ਦਿੱਤਾ, ਜਿਸ ਦੀ ਪ੍ਰਧਾਨਗੀ ਸ੍ਰੀ ਨੰਦ ਕਿਸ਼ੋਰ ਮੋਰੀਆ, ਕਾ: ਸਰਬਣ ਸਿੰਘ, ਸ੍ਰੀਮਤੀ ਸੁਨੀਤਾ ਰਾਣੀ ਅਤੇ ਸ੍ਰੀਮਤੀ ਗੁਰਮੀਤ ਕੌਰ ਨੇ ਕੀਤੀ। ਸਾਥੀ ਗੰਗਾ ਪ੍ਰਸਾਦਿ ਸੂਬਾ ਪ੍ਰਧਾਨ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਨੇ ਕਿਹਾ ਕਿ ਪੰਜਾਬ ਨੈਸ਼ਨਲ ਸੈਂਪਲ ਆਫ ਸਰਵੇ 2011-2012 ਮੁਤਾਬਿਕ ਨਿਰਮਾਣ ਮਜ਼ਦੂਰਾਂ ਦੀ ਗਿਣਤੀ 13 ਲੱਖ 2 ਹਜ਼ਾਰ ਸੀ, ਜੋ ਵਧ ਕੇ ਹੁਣ 15 ਲੱਖ ਤੋਂ ਵੀ ਵਧ ਗਈ ਹੈ, ਪਰ ਪੰਜਾਬ ਬਿਲਡਿੰਗ ਐਂਡ ਅਦਰ ਕੰਸਟਰੱਕਸ਼ਨ ਵਰਕਰਜ਼ ਵੈੱਲਫੇਅਰ ਬੋਰਡ ਦੁਆਰਾ ਹੁਣ ਤੱਕ 6 ਲੱਖ ਮਜ਼ਦੂਰਾਂ ਨੂੰ ਹੀ ਰਜਿਸਟਰਡ ਕੀਤਾ ਗਿਆ ਹੈ, ਜੋ ਕਿ ਬਹੁਤ ਹੀ ਘੱਟ ਹੈ। ਹੁਣ ਤੱਕ ਤਕਰੀਬਨ 1100 ਕਰੋੜ ਸੈਸ ਇਕੱਠਾ ਹੋਇਆ ਹੈ, ਜਿਸ ਵਿੱਚੋਂ 468 ਕਰੋੜ ਹੀ ਲਾਭਪਾਤਰੀਆਂ ਨੂੰ ਵੰਡਿਆ ਗਿਆ ਹੈ। ਇਸ ਇਕੱਠ ਨੂੰ ਜਨਰਲ ਸਕੱਤਰ ਸਵਰਨ ਸਿੰਘ, ਸਾਥੀ ਪਿਆਰਾ ਸਿੰਘ ਸੂਬਾ ਕਮੇਟੀ ਮੈਂਬਰ ਆਰ.ਐੱਮ.ਪੀ.ਆਈ., ਨੰਦ ਕਿਸ਼ੋਰ ਮੋਰੀਆ, ਬਲਵੀਰ ਸਿੰਘ, ਮਾਨ ਸਿੰਘ, ਸੁਖਦੇਵ ਰਾਜ ਮਿਆਨੀ, ਸਤਨਾਮ ਸਿੰਘ ਪ੍ਰਧਾਨ ਦਸੂਹਾ, ਕਾ: ਦਵਿੰਦਰ ਸਿੰਘ ਕੱਕੋ, ਮਲਕੀਤ ਸਿੰਘ ਸਲੇਮਪੁਰ, ਨੰਬਰਦਾਰ ਜੋਗਿੰਦਰ ਸਿੰਘ ਆਦਿ ਨੇ ਸੰਬੋਧਨ ਕੀਤਾ।


ਰੇਲ ਕਾਮਿਆਂ ਵਲੋਂ ਸਾਥੀ ਦੀ ਮੌਤ ਵਿਰੁੱਧ ਜ਼ੋਰਦਾਰ ਮੁਜ਼ਾਹਰਾ 
ਬੀਤੇ ਦਿਨੀਂ ਰੇਲ ਵਿਭਾਗ ਦੇ ਫਿਰੋਜ਼ਪੁਰ ਡਵੀਜਨ 'ਚ ਅਫਸਰਸ਼ਾਹੀ ਦੇ ਨਿਰਦਈ ਵਰਤੀ ਦੀਆਂ ਅਤੀ ਘ੍ਰਿਣਾਜਨਕ ਮਿਸਾਲਾਂ 'ਚੋਂ ਇਕ ਦੇਖਣ ਨੂੰ ਮਿਲੀ। ਹੋਇਆ ਇੰਜ ਕਿ ਜੰਮੂ ਦੇ ਰਹਿਣ ਵਾਲੇ ਮਹੁੰਮਦ ਮਕਬੂਲ ਸ਼ਾਹ ਨਾਂਅ ਦੇ ਇਕ ਕਰਮਚਾਰੀ ਨੂੰ ਕਿੱਤਾ ਪਰਖ (ਟਰੇਡ ਟੈਸਟ) ਦੇ ਨਾਂਅ 'ਤੇ ਅਧਿਕਾਰੀਆਂ ਨੇ ਸਾਰੇ ਦਿਨ ਧੁੱਪੇ ਕੰਮ 'ਤੇ ਲਾਈ ਰੱਖਿਆ।
ਅਜਿਹੀ ਕਹਿਰ ਦੀ ਗਰਮੀ 'ਚ, ਜਦੋਂ ਛਾਂ 'ਚ ਬੈਠਿਆਂ ਵੀ ਸਰੀਰ ਅੰਦਰ ਚਰਬੀ ਤੱਕ ਪਿਘਲ ਰਹੀ ਪ੍ਰਤੀਤ ਹੁੰਦੀ ਹੈ ਅਜਿਹੀ ਧੁੱਪ 'ਚ ਕਿਸੇ ਆਪਣੇ ਅਧੀਨ ਵਿਅਕਤੀ ਨੂੰ ਕੰਮ 'ਤੇ ਉਹੀ ਲਾ ਸਕਦਾ ਹੈ ਜਿਸ ਦੇ ਅੰਦਰ ਮਨੁੱਖਤਾ ਦਾ ਨਾਮਾਤਰ ਵੀ ਅੰਸ਼ ਨਾ ਬਚਿਆ ਹੋਵੇ।

ਜ਼ਾਹਿਰ ਹੈ ਵਿਚਾਰਾ ਮੁਹੰਮਦ ਮਕਬੂਲ ਸ਼ਾਹ ਲੂਅ (Sun Stroke) ਦਾ ਸ਼ਿਕਾਰ ਹੋ ਗਿਆ ਅਤੇ ਸਰੀਰ ਅੰਦਰ ਪਾਣੀ ਮੁੱਕਣ ਨਾਲ ਉਸ ਦੀ ਅਨਿਆਈਂ ਮੌਤ ਹੋ ਗਈ।
ਪਛਤਾਵਾ ਕਰਨ ਦੀ ਬਜਾਇ, ਅਧਿਕਾਰੀਆਂ ਨੇ ਸਗੋਂ, ਇਸ ਘਟਨਾ ਸਬੰਧੀ ਰੋਸ ਪ੍ਰਗਟਾਉਣ ਗਏ ਕਰਮਚਾਰੀ ਸੰਗਠਨਾਂ ਦੇ ਵਫ਼ਦ ਨਾਲ ਬਦਸਲੂਕੀ ਕੀਤੀ। ਰੋਹ 'ਚ ਆਏ ਰੇਲ ਕਾਮਿਆਂ ਦੀ ਜਥੇਬੰਦੀ ਨੇ 15 ਜੂਨ ਨੂੰ ਫਿਰੋਜ਼ਪੁਰ ਪੁੱਜੇ ਉਚ ਅਧਿਕਾਰੀ, ਡੀ.ਆਰ.ਐਮ. ਦਾ ਜਬਰਦਸਤ ਘਿਰਾਓ ਕਰਦਿਆਂ ਉਸ ਵਿਰੁੱਧ ਕਾਲੇ ਝੰਡਿਆਂ ਨਾਲ ਰੋਸ ਪ੍ਰਗਟਾਵਾ ਕੀਤਾ।
ਰੋਸ ਪ੍ਰਗਟਾਵਾ ਕਰ ਰਹੇ ਕਰਮਚਾਰੀਆਂ ਦੇ ਆਗੂਆਂ ਨੇ ਦੋਸ਼ ਲਾਇਆ ਕਿ ਮੈਨੇਜਮੈਂਟ ਦੀ ਅਣਮਨੁੱਖੀ ਰਵੱਈਏ ਕਾਰਨ ਮੌਤ ਦੇ ਮੁੰਹ ਜਾ ਪਏ ਮਕਬੂਲ ਮੁਹੰਮਦ ਸ਼ਾਹ ਨੂੰ ਮੁੱਢਲੀ ਡਾਕਟਰੀ ਸਹਾਇਤਾ ਵੀ ਮੁਹੱਈਆ ਨਹੀਂ ਕਰਵਾਈ। ਇੱਥੇ ਜ਼ਿਕਰਯੋਗ ਹੈ ਕਿ ਮੁਹੰਮਦ ਮਕਬੂਲ ਸ਼ਾਹ ਉਸ ਕਸ਼ਮੀਰ ਘਾਟੀ ਦਾ ਵਸਨੀਕ ਸੀ ਜਿੱਥੇ ਲੂਅ ਨਹੀਂ ਚਲਦੀ ਅਤੇ ਉਸਦੀ ਭਰਤੀ ਵੀ ਕਸ਼ਮੀਰ ਵਿਚ ਕੰਮ ਕਰਨ ਲਈ ਹੀ ਹੋਈ ਸੀ।
ਮੁਜ਼ਾਹਰੇ ਤੋਂ ਘਬਰਾਏ ਰੇਲ ਅਧਿਕਾਰੀਆਂ ਨੇ ਕਰਮਚਾਰੀਆਂ ਦੇ ਆਗੂਆਂ ਨੂੰ ਗੱਲਬਾਤ ਲਈ ਸੱਦਿਆ ਅਤੇ ਉਨ੍ਹਾਂ ਦੀਆਂ ਮੰਗਾਂ ਤੁਰੰਤ ਮੰਨਣ ਦਾ ਐਲਾਨ ਕੀਤਾ। ਜਿਸ 'ਚ ਸਭ ਤੋਂ ਪਹਿਲਾਂ ਮਕਬੂਲ ਮੁਹੰਮਦ ਸ਼ਾਹ ਨਾਲ ਹੋਏ ਬੀਤੇ ਦੇ ਦੋਸ਼ੀਆਂ ਦੀ ਤੁਰੰਤ ਬਦਲੀ ਅਤੇ ਪੜਤਾਲ ਉਪਰੰਤ ਯੋਗ ਕਾਰਵਾਈ ਦੀ ਮੰਗ ਸਭ ਤੋਂ ਉਪਰ ਸੀ। ਇਹ ਵੀ ਤੈਅ ਹੋਇਆ ਕਿ ਮਰਹੂਮ ਮਕਬੂਲ ਮੁਹੰਮਦ ਸ਼ਾਹ ਦੇ ਪੈਨਸ਼ਨ ਅਤੇ ਬਾਕੀ ਬਕਾਇਆ ਦਾ ਨਿਪਟਾਰਾ ਬਿਨ੍ਹਾਂ ਦੇਰੀ ਕੀਤਾ ਜਾਵੇਗਾ। ਰੇਲ ਕਾਮਿਆਂ ਨੇ ਅਧਿਕਾਰੀਆਂ ਨੂੰ ਦਿੱਤੇ ਮੰਗ ਪੱਤਰ ਵਿਚ ਰੇਲ ਦੇ ਹਸਪਤਾਲਾਂ ਦੀ ਹਾਲਤ ਸੁਧਾਰਨ, ਰੇਲਵੇ ਦੇ ਹਸਪਤਾਲ ਤੋਂ ਵਾਂਝੇ ਸ਼ਹਿਰਾਂ ਵਿਚ ਹਸਪਤਾਲ ਖੋਲ੍ਹਣ ਜਾਂ ਕਿਸੇ ਹੋਰ ਸਿਹਤ ਅਦਾਰੇ ਤੋਂ ਇਲਾਜ ਦੀ ਯੋਗ ਵਿਵਸਥਾ ਕਰਨ, ਰਿਹਾਇਸ਼ੀ ਕੁਆਰਟਰਾਂ ਦੀ ਮੁਰੰਮਤ ਅਤੇ ਸਾਫ਼ 'ਚ ਅਫਸਰਸ਼ਾਹੀ ਵਲੋਂ ਡਾਹੇ ਗਏ ਬੇਲੋੜੇ ਅੜਿਕੇ ਖਤਮ ਕਰਨ, ਸੇਵਾ ਮੁਕਤ ਕਰਮੀਆਂ ਦੇ ਸਾਲਾਂ ਤੋਂ ਪਏ ਬਕਾਏ ਤੁਰੰਤ ਦੇਣ ਅਤੇ ਅੱਗੋਂ ਤੋਂ ਰਿਟਾਇਰਮੈਂਟ ਦੇ ਨਾਲ ਹੀ ਦੇਣ ਦਾ ਪ੍ਰਬੰਧ ਕਰਨ ਆਦਿ ਦੀ ਮੰਗ ਕੀਤੀ ਗਈ।


ਜਮਹੂਰੀ ਕਿਸਾਨ ਸਭਾ ਵੱਲੋਂ ਕਿਸਾਨੀ ਮੰਗਾਂ ਲਈ ਦਿੱਤੇ ਗਏ ਧਰਨੇ 
ਤਰਨ ਤਾਰਨ : ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਕਿਸਾਨੀ ਮੰਗਾਂ ਲਈ ਐੱਸ ਡੀ ਐੱਮ ਦਫਤਰ ਵਿਖੇ ਵਿਸ਼ਾਲ ਧਰਨਾ ਦਿੱਤਾ ਗਿਆ। ਇਸ ਦੀ ਅਗਵਾਈ ਜ਼ਿਲ੍ਹੇ ਦੇ ਆਗੂ ਚਰਨਜੀਤ ਸਿੰਘ ਬਾਠ, ਲੱਖਾ ਸਿੰਘ ਮੰਨਣ, ਜ਼ਿਲ੍ਹਾ ਪ੍ਰਧਾਨ ਮੁਖਤਾਰ ਸਿੰਘ ਗਿੱਲ, ਸੁਖਦੇਵ ਸਿੰਘ ਜੀਦਾ ਆਦਿ ਆਗੂਆਂ ਨੇ ਕੀਤੀ। ਧਰਨਾਕਾਰੀ ਕਿਸਾਨ ਸਥਾਨਕ ਗਾਂਧੀ ਪਾਰਕ ਵਿਖੇ ਇਕੱਠੇ ਹੋਏ ਅਤੇ ਬਜ਼ਾਰਾਂ ਵਿੱਚ ਮਾਰਚ ਕਰਕੇ ਨਾਹਰੇ ਮਾਰਦੇ ਐੱਸ ਡੀ ਐੱਮ ਦਫਤਰ ਪੁੱਜੇ।
ਕਿਸਾਨਾਂ ਦੇ ਇਕੱਠ ਨੂੰ ਸੰਬੋਧਨ ਕਰਦਿਆਂ ਜਮਰੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਪ੍ਰੈੱਸ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਕਿਹਾ ਕਿ ਸਰਕਾਰਾਂ ਦੀਆਂ ਕਿਸਾਨ ਵਿਰੋਧੀ ਨੀਤੀਆਂ ਕਾਰਨ ਕਿਸਾਨ ਕਰਜ਼ੇ ਦੇ ਭਾਰੀ ਬੋਝ ਥੱਲੇ ਆ ਗਏ ਹਨ ਅਤੇ ਮਜਬੂਰੀਵੱਸ ਕੀਤੀਆਂ ਜਾ ਰਹੀਆਂ ਖੁਦਕੁਸ਼ੀਆਂ ਦਾ ਵਰਤਾਰਾ ਬੇ-ਰਹਿਮ ਤਾਕਤਾਂ ਲਈ ਵੋਟਾਂ ਹੱਥਿਆਉਣ ਦਾ ਜ਼ਰੀਆ ਬਣ ਕੇ ਰਹਿ ਗਿਆ। ਉਹਨਾ ਕਿਸਾਨੀ ਸਿਰ ਚੜ੍ਹੇ ਕਰਜ਼ੇ ਲਈ ਸਰਕਾਰਾਂ ਦੀਆਂ ਨੀਤੀਆਂ ਨੂੰ ਜ਼ਿੰਮੇਵਾਰ ਦੱਸਿਆ। ਭਾਜਪਾ ਦੀ ਮੋਦੀ ਸਰਕਾਰ ਡਾ: ਸਵਾਮੀਨਾਥਨ ਦੇ ਫਾਰਮੂਲੇ ਮੁਤਾਬਕ ਭਾਅ ਦੇਣ ਤੋਂ ਭੱਜ ਚੁੱਕੀ ਹੈ ਅਤੇ ਕਿਸਾਨ ਲਗਾਤਾਰ ਮਿੱਥੇ ਭਾਅ ਤੋਂ ਘੱਟ ਭਾਅ 'ਤੇ ਫਸਲਾਂ ਵੇਚਣ ਲਈ ਮਜਬੂਰ ਹਨ। ਕਿਸਾਨੀ ਨੂੰ ਮਿਲਦੀਆਂ ਸਬਸਿਡੀਆਂ ਖੋਹੀਆਂ ਜਾ ਰਹੀਆਂ ਹਨ।
ਸਾਥੀ ਜਾਮਾਰਾਏ ਨੇ ਪੰਜਾਬ ਦੇ ਪਾਣੀ ਦੇ ਡੂੰਘੇ ਹੋ ਰਹੇ ਸੰਕਟ 'ਤੇ ਗਹਿਰੀ ਚਿੰਤਾ ਪ੍ਰਗਟ ਕਰਦਿਆਂ ਸਰਕਾਰਾਂ ਦੀ ਘੋਰ ਅਣਗਹਿਲੀ ਨੂੰ ਜ਼ਿੰਮੇਵਾਰ ਦੱਸਿਆ। ਉਹਨਾ  ਮਾਝੇ ਦੇ ਟੁੁੱਟ ਚੁੱਕੇ ਨਹਿਰੀ ਪ੍ਰਬੰਧ ਨੂੰ ਮੁੜ ਉਸਾਰਨ ਦੀ ਲੋੜ 'ਤੇ ਜ਼ੋਰ ਦਿੱਤਾ।
ਇਸ ਮੌਕੇ ਹੋਰਨਾਂ  ਤੋਂ ਇਲਾਵਾ ਜੋਗਿੰਦਰ ਸਿੰਘ ਮਾਣੋਚਾਹਲ, ਕੁਲਵੰਤ ਸਿੰਘ, ਸਰਬਜੀਤ ਸਿੰਘ ਬਾਠ ਨੇ ਇੱਕ ਵੱਖਰੇ ਮਤੇ ਰਾਹੀਂ ਕਰਜ਼ਾ ਮੁਕਤੀ ਲਈ ਜੂਝ ਰਹੇ ਕਿਸਾਨਾਂ ਤੇ ਜ਼ਿਲ੍ਹਾ ਮੰਦਸੌਰ (ਮੱਧ ਪ੍ਰਦੇਸ਼) ਵਿਖੇ ਕਿਸਾਨ 'ਤੇ ਗੋਲੀ ਚਲਾਉਣ ਦੀ ਸਖਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਗਈ ਤੇ ਪੂਰੇ ਦੇਸ਼ ਦੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਨ ਦੀ ਮੰਗ ਕੀਤੀ।
 
ਰੂਪਨਗਰ  :   ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੱਦੇ 'ਤੇ ਇੱਥੇ ਮਹਾਰਾਜਾ ਰਣਜੀਤ ਸਿੰਘ ਬਾਗ ਵਿੱਚ ਕਿਸਾਨ ਆਗੂ ਸੁਰਿੰਦਰ ਸਿੰਘ ਪੰਨੂੰ, ਸ਼ਮਸ਼ੇਰ ਸਿੰਘ ਹਵੇਲੀ, ਦਰਸ਼ਨ ਕੌਰ ਪਲਾਸੀ ਦੀ ਪ੍ਰਧਾਨਗੀ ਹੇਠ ਧਰਨਾ ਲਗਾਉਣ ਉਪਰੰਤ ਕਿਸਾਨਾਂ ਦੀਆਂ ਭਖਦੀਆਂ ਮੰਗਾਂ ਬਾਰੇ ਮੁੱਖ ਮੰਤਰੀ ਦੇ ਨਾਂਅ ਮੰਗ ਪੱਤਰ ਡਿਪਟੀ ਕਮਿਸ਼ਨਰ ਨੂੰ ਦਿੱਤਾ ਗਿਆ। ਧਰਨਾਕਾਰੀਆਂ ਨੂੰ ਸੰਬੋਧਨ ਕਰਦਿਆਂ ਕਿਸਾਨ ਸਭਾ ਦੇ ਸੂਬਾਈ ਮੀਤ ਪ੍ਰਧਾਨ ਮੋਹਣ ਸਿੰਘ ਧਮਾਣਾ ਨੇ ਕਿਹਾ ਕਿ ਪੰਜਾਬ ਦੀ ਕੈਪਟਨ ਸਰਕਾਰ ਨੇ ਆਪਣੇ ਚੋਣ ਮੈਨੀਫੈਸਟੋ 'ਚ  ਕਿਸਾਨਾਂ ਦੀ ਹਾਲਤ ਸੁਧਾਰਨ ਲਈ ਠੋਸ ਕਦਮ ਚੁੱਕਣ ਦਾ ਭਰੋਸਾ ਦਿੱਤਾ ਸੀ, ਜਿਸ ਦਾ ਦੋ ਮਹੀਨੇ ਬੀਤ ਜਾਣ 'ਤੇ ਵੀ ਕੋਈ ਸਾਰਥਿਕ ਸਿੱਟਾ ਨਹੀਂ ਨਿਕਲਿਆ ਹੈ। ਧਰਨੇ 'ਚ ਮਲਕੀਅਤ ਸਿੰਘ,  ਪਲਾਸੀ, ਚੌਧਰੀ ਹਿੰਮਤ ਸਿੰਘ, ਜਰਨੈਲ ਸਿੰਘ ਘਨੌਲਾ, ਹਰਚੰਦ ਸਿੰਘ ਫਤਿਹਪੁਰ, ਰਾਮ ਕਿਸ਼ਨ ਲਾਲਪੁਰਾ, ਸੰਤ ਸਿੰਘ ਧਮਾਣਾ, ਸੁਖਦਰਸ਼ਨ ਸਿੰਘ ਜਿੰਦਾਪੁਰ, ਛੋਟੂ ਰਾਮ ਜੱਟਪੁਰ, ਅਵਤਾਰ ਸਿੰਘ ਮੂਸਾਪੁਰ, ਰਾਮ ਲੋਕ ਬਹਾਦਰਪੁਰ, ਨਿਰਮਲ ਸਿੰਘ ਲੌਧੀਮਾਜਰਾ ਆਦਿ ਸ਼ਾਮਲ ਹੋਏ।
 
ਅਜਨਾਲਾ : ਸਥਾਨਕ ਐੱਸ.ਡੀ.ਐੱਮ ਦਫਤਰ ਸਾਹਮਣੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਸੂਬਾਈ ਪ੍ਰਧਾਨ ਡਾ: ਸਤਨਾਮ ਸਿੰਘ ਅਜਨਾਲਾ ਦੀ ਅਗਵਾਈ ਹੇਠ ਸੈਂਕੜੇ ਕਿਸਾਨਾਂ-ਮਜ਼ਦੂਰਾਂ ਨੇ ਕੈਪਟਨ ਸਰਕਾਰ ਵੱਲੋਂ ਚੋਣ ਵਾਅਦਿਆਂ ਨੂੰ ਪੂਰਾ ਨਾ ਕਰਨ ਦੇ ਵਿਰੋਧ 'ਚ ਜ਼ਬਰਦਸਤ ਰੋਸ ਮੁਜ਼ਾਹਰਾ ਤੇ ਧਰਨਾ ਦਿੱਤਾ। ਇਸ ਮੌਕੇ ਮੁਜ਼ਾਹਰਾਕਾਰੀਆਂ ਨੇ ਕੈਪਟਨ ਸਰਕਾਰ ਦੀ ਕਿਸਾਨੀ ਕਰਜ਼ਾ ਮੁਆਫੀ ਦੀ ਚੋਣ ਵਾਅਦਾ-ਖਿਲਾਫੀ ਦੀ ਕਰੜੇ ਸ਼ਬਦਾਂ 'ਚ ਨਿੰਦਾ ਕੀਤੀ ਅਤੇ ਕਿਹਾ ਕਿ ਵਾਅਦਾ ਨਾ ਪੂਰਾ ਹੋਣ ਕਾਰਨ ਕੈਪਟਨ ਸਰਕਾਰ ਦੇ ਆਪਣੇ ਅੰਕੜਿਆਂ ਅਨੁਸਾਰ ਕਰਜ਼ਿਆਂ 'ਚ ਡੁੱੱਬੇ 54 ਕਿਸਾਨ ਖੁਦਕੁਸ਼ੀਆਂ ਕਰ ਗਏ ਹਨ, ਜਦੋਂਕਿ ਗੈਰ-ਸਰਕਾਰੀ ਤੱਥ ਖੁਦਕੁਸ਼ੀਆਂ ਦੇ ਅੰਕੜੇ ਇਸ ਤੋਂ ਦੂਣੇ ਪੇਸ਼ ਕਰ ਰਹੇ ਹਨ। ਡਾ: ਸਤਨਾਮ ਸਿੰਘ ਅਜਨਾਲਾ ਨੇ ਚੇਤਾਵਨੀ ਦਿੱਤੀ ਕਿ ਪੰਜਾਬ ਸਮੇਤ ਦੇਸ਼ ਭਰ 'ਚ ਸਰਕਾਰਾਂ ਦੀਆਂ ਕਿਸਾਨ ਮਾਰੂ ਨੀਤੀਆਂ ਕਾਰਨ ਕਿਸਾਨਾਂ ਤੇ ਖੇਤ ਮਜ਼ਦੂਰਾਂ ਸਿਰ ਚੜ੍ਹੇ ਕਰਜ਼ਿਆਂ ਦੀ ਮੁਆਫੀ ਅਤੇ ਖੇਤੀ ਜਿਨਸਾਂ ਦੇ ਲਾਹੇਵੰਦ ਭਾਅ ਲੈਣ ਲਈ ਕੌਮੀ ਪੱਧਰ 'ਤੇ ਕਿਸਾਨ ਲਹਿਰ ਲਾਮਬੰਦ ਹੋ ਗਈ ਹੈ ਅਤੇ ਜੇਕਰ ਸਰਕਾਰਾਂ ਨੇ ਕਿਸਾਨਾਂ ਦੀਆਂ ਉਕਤ ਭਖਦੀਆਂ ਮੰਗਾਂ ਪ੍ਰਤੀ ਬੇਰੁਖੀ ਨਿਰੰਤਰ ਅਪਣਾਈ ਰੱਖੀ ਤਾਂ ਮੱਧ ਪ੍ਰਦੇਸ਼ ਵਾਂਗ ਪੰਜਾਬ ਸਮੇਤ ਹੋਰਨਾਂ ਸੂਬਿਆਂ 'ਚ ਵੀ ਹਾਲਾਤ ਸੰਵੇਦਨਸ਼ੀਲ ਬਣਨਗੇ ਅਤੇ ਸਮੁੱਚੇ ਨਤੀਜਿਆਂ ਦੀ ਜ਼ਿੰਮੇਵਾਰੀ ਸਰਕਾਰਾਂ ਸਿਰ ਹੋਵੇਗੀ। ਇਸ ਰੋਸ ਧਰਨੇ ਨੂੰ ਹੋਰ ਭਰਾਤਰੀ ਜਥੇਬੰਦੀਆਂ 'ਚੋਂ ਸ੍ਰੀ ਟਹਿਲ ਸਿੰਘ ਚੇਤਨਪੁਰਾ, ਕਾਬਲ ਸਿੰਘ ਮੱਲੂਨੰਗਲ, ਦੇਸ਼ਭਗਤ ਗੁਰਬਖਸ਼ ਸਿੰਘ ਪ੍ਰੀਤਨਗਰ, ਬੀਬੀ ਜਗੀਰ ਕੌਰ ਤੇੜਾ ਰਾਜਪੂਤਾਂ, ਮੱਖਣ ਸਿੰਘ ਡੱਲਾ, ਸੁਰਜੀਤ ਸਿੰਘ ਭੂਰੇਗਿੱਲ ਦੀ ਸਾਂਝੀ ਅਗਵਾਈ 'ਚ ਸੰਘਰਸ਼ੀ ਜਨਤਕ ਜਥੇਬੰਦੀਆਂ ਦੇ ਕਾਰਕੁਨਾਂ ਨੇ ਵੀ ਨਾਅਰਿਆਂ ਦੀ ਗੂੰਜ 'ਚ ਸਮਰਥਨ ਦਿੱਤਾ। ਮੁਜ਼ਾਹਰਾਕਾਰੀਆਂ ਨੇ ਰੋਸ ਧਰਨਾ ਉਦੋਂ ਖਤਮ ਕੀਤਾ, ਜਦੋਂ ਨਾਇਬ ਤਹਿਸੀਲਦਾਰ ਮਨਜੀਤ ਸਿੰਘ ਨੇ ਧਰਨਾ ਸਥਾਨ 'ਤੇ ਪੁੱਜ ਕੇ ਮੰਗ ਪੱਤਰ ਹਾਸਿਲ ਕਰਕੇ ਪੰਜਾਬ ਸਰਕਾਰ ਨੂੰ ਭੇਜੇ ਜਾਣ ਦਾ ਭਰੋਸਾ ਦਿੱਤਾ। ਇਸ ਮੌਕੇ  ਗੁਰਨਾਮ ਸਿੰਘ ਉਮਰਪੁਰਾ, ਵਿਰਸਾ ਸਿੰਘ ਟਪਿਆਲਾ, ਤਹਿਸੀਲ ਪ੍ਰਧਾਨ ਸ਼ੀਤਲ ਸਿੰਘ ਤਲਵੰਡੀ, ਬਲਬੀਰ ਸਿੰਘ ਕੱਕੜ, ਸਤਨਾਮ ਸਿੰਘ ਚੱਕ ਔਲ,  ਬੀਬੀ ਅਜੀਤ ਕੌਰ ਕੋਟ ਰਜ਼ਾਦਾ, ਗੁਰਨਾਮ ਸਿੰਘ ਉਮਰਪੁਰਾ, ਕੁਲਵੰਤ ਸਿੰਘ ਮੱਲੂਨੰਗਲ, ਸੁਰਜੀਤ ਸਿੰਘ ਦੁਧਰਾਏ, ਪਿਆਰਾ ਸਿੰਘ ਚੇਤਨਪੁਰਾ, ਗੁਰਵੇਲ ਸਿੰਘ, ਪੰਡਤ ਸੁਦਰਸ਼ਨ ਕੁਮਾਰ, ਹਰਜਿੰਦਰ ਸਿੰਘ ਸੋਹਲ, ਸੁੱਚਾ ਸਿੰਘ ਘੋਗਾ, ਪ੍ਰੀਤਮ ਸਿੰਘ ਟਿਨਾਣਾ, ਸੈਂਕੜੇ ਦੀ ਗਿਣਤੀ ਵਿੱਚ ਆਗੂ ਤੇ ਵਰਕਰ ਹਾਜ਼ਰ ਸਨ।
 
ਫਿਲੌਰ : ਜਮਹੂਰੀ ਕਿਸਾਨ ਸਭਾ ਪੰਜਾਬ ਦੀ ਅਗਵਾਈ ਹੇਠ ਤਹਿਸੀਲ ਫਿਲੌਰ ਵਿਖੇ ਸੈਂਕੜੇ ਕਿਸਾਨਾਂ ਨੇ ਇਕੱਠੇ ਹੋ ਕੇ ਐੱਸ ਡੀ ਐੱਮ ਦਫਤਰ ਅੱਗੇ ਧਰਨਾ ਦਿੱਤਾ ਤੇ ਮੰਗ ਪੱਤਰ ਪੰਜਾਬ ਸਰਕਾਰ ਨੂੰ ਭੇਜਿਆ। ਇਸ ਮੌਕੇ ਕਾਮਰੇਡ ਸੰਤੋਖ ਸਿੰਘ ਬਿਲਗਾ ਤੋਂ ਇਲਾਵਾ ਸੂਬਾ ਕਮੇਟੀ ਮੈਂਬਰ ਜਸਵਿੰਦਰ ਢੇਸੀ, ਕੁਲਵੰਤ ਬਿਲਗਾ, ਜਸਵੀਰ ਫਿਲੌਰ, ਕੁਲਜੀਤ ਫਿਲੌਰ, ਮਾ. ਸ਼ਿੰਗਾਰਾ ਸਿੰਘ, ਭਰਪੂਰ ਸਿੰਘ ਦੁਸਾਂਝ, ਬਲਦੇਵ ਸਿੰਘ, ਲਹਿੰਬਰ ਸਿੰਘ ਰੁੜਕਾ, ਗਿਆਨ ਸਿੰਘ ਰੁੜਕਾ ਤੇ ਜਰਨੈਲ ਫਿਲੌਰ ਨੇ ਵੀ ਸੰਬੋਧਨ ਕੀਤਾ।
 
ਪਠਾਨਕੋਟ : ਜਮਹੂਰੀ ਕਿਸਾਨ ਸਭਾ ਦਾ ਇੱਕ ਵਫਦ ਸਾਥੀ ਬਲਦੇਵ ਰਾਜ ਭੋਆ ਪ੍ਰਧਾਨ, ਸੂਬਾ ਆਗੂ ਰਘਵੀਰ ਸਿੰਘ, ਦਲਬੀਰ ਸਿੰਘ ਸਕੱਤਰ ਦੀ ਅਗਵਾਈ ਵਿੱਚ ਡਿਪਟੀ ਕਮਿਸ਼ਨਰ ਪਠਾਨਕੋਟ ਨੂੰ ਮਿਲਿਆ। ਵਫਦ ਨੇ ਜੱਥੇਬੰਦੀ ਦੇ ਪ੍ਰੋਗਰਾਮ ਅਨੁਸਾਰ ਕਿਸਾਨਾਂ ਦੀਆਂ ਭਖਦੀਆਂ ਮੰਗਾਂ ਜਿਵੇਂ ਕਿ ਬਿਜਲੀ, ਨਹਿਰੀ ਪਾਣੀ ਦਾ ਪ੍ਰਬੰਧ ਠੀਕ ਕਰਨ, ਗੰਨੇ ਦੇ ਬਕਾਏ ਛੇਤੀ ਰਿਲੀਜ਼ ਕਰਵਾਉਣ, ਸਵਾਮੀਨਾਥਨ ਕਮਿਸ਼ਨ ਦੀਆਂ ਸਿਫਾਰਸ਼ਾਂ ਲਾਗੂ ਕਰਨ, ਆਬਾਦਕਾਰਾਂ ਨੂੰ ਜ਼ਮੀਨਾਂ ਦੇ ਮਾਲਕੀ ਹੱਕ ਦੇਣ, ਕਰਜ਼ਾ ਮੁਆਫੀ ਬਾਰੇ, ਜਿਣਸਾਂ ਲਈ ਚੰਗੇ ਭਾਅ ਅਤੇ ਮੰਡੀਆਂ ਦਰੁਸਤ ਕਰਨ ਸੰਬੰਧੀ ਮੰਗ ਪੱਤਰ ਦਿੱਤਾ। ਡਿਪਟੀ ਕਮਿਸ਼ਨਰ ਨੇ ਮੰਗਾਂ ਨਾਲ ਸਹਿਮਤੀ ਪ੍ਰਗਟਾਈ ਅਤੇ ਪੁਰਜ਼ੋਰ ਸਿਫਾਰਸ਼ ਕਰ ਕੇ ਮੁੱਖ ਮੰਤਰੀ ਪੰਜਾਬ ਨੂੰ ਭੇਜਣ ਦਾ ਭਰੋਸਾ ਦਿੱਤਾ। ਵਫਦ ਵਿੱਚ ਹੇਮ ਰਾਜ ਕਟਾਰੂਚੱਕ, ਰਘਵੀਰ ਸਿੰਘ ਧਲੋਰੀਆ, ਵਿਜੇ ਕੁਮਾਰ ਖੁਸ਼ੀਨਗਰ, ਬਲਵੰਤ ਸਿੰਘ ਘੋਹ, ਬਲਦੇਵ ਸਿੰਘ ਬਹਾਦਰ ਲਾੜੀ, ਬਲਬੀਰ ਸਿੰਘ ਬੇੜੀਆਂ, ਅਵਤਾਰ ਸਿੰਘ ਧਲੋਰੀਆ, ਰਾਜ ਕੁਮਾਰ, ਸੋਹਣ ਲਾਲ, ਸਵਰਨ ਰਾਮ, ਪ੍ਰੇਮ ਚੰਦ ਆਦਿ ਹਾਜ਼ਰ ਸਨ।
 
ਫਾਜ਼ਿਲਕਾ : ਜਮਹੂਰੀ ਕਿਸਾਨ ਸਭਾ ਅਤੇ ਬਾਰਡਰਤ ਏਰੀਆ ਸੰਘਰਸ਼ ਕਮੇਟੀ ਦੇ ਸੱਦੇ 'ਤੇ 8 ਜੂਨ ਨੂੰ ਫਾਜ਼ਿਲਕਾ ਦੇ ਡੀਸੀ ਦਫਤਰ ਸਾਹਮਣੇ ਸੈਂਕੜੇ ਕਿਸਾਨਾਂ ਨੇ ਧਰਨਾ ਦਿੱਤਾ ਤੇ ਮੰਗ ਪੱਤਰ ਦਿੱਤਾ ਗਿਆ। ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਰਾਮ ਕਿਸ਼ਨ ਧੁਨਕੀਆ, ਬਾਰਡਰ ਏਰੀਆ ਸੰਘਰਸ਼ ਕਮੇਟੀ ਦੇ ਸੂਬਾਈ ਮੀਤ ਸਕੱਤਰ ਕਾਮਰੇਡ ਸ਼ਕਤੀ , ਜ਼ਿਲ੍ਹਾ ਪ੍ਰਧਾਨ ਕਾਮਰੇਡ ਰਮੇਸ਼ ਵਡੇਰਾ, ਜ਼ਿਲ੍ਹਾ ਸਕੱਤਰ ਕੁਲਵੰਤ ਕਿਰਤੀ ਤੇ ਅਵਤਾਰ ਸਿੰਘ ਨੇ ਧਰਨਾਕਾਰੀਆਂ ਨੂੰ ਸੰਬੋਧਨ ਕੀਤਾ। ਬੁਲਾਰਿਆਂ ਨੇ ਸਖਤ ਸ਼ਬਦਾਂ ਵਿਚ ਲੁਟੇਰੀਆਂ ਸਰਕਾਰਾਂ ਦੀ ਨੁਕਤਾਚੀਨੀ ਕੀਤੀ ਕਿ ਅੰਨਦਾਤਾ ਆਪ ਖੁਦਕੁਸ਼ੀਆਂ ਕਰ ਰਿਹਾ ਹੈ ਇਨ੍ਹਾਂ ਦੀ ਜਿੰਮੇਵਾਰ ਇਹ ਸਰਕਾਰਾਂ ਹਨ ਜਿਨ੍ਹਾਂ ਵਲੋਂ ਲਾਹੇਵੰਦ ਭਾਅ ਕਿਸਾਨਾਂ ਨੂੰ ਨਹੀਂ ਦਿੱਤਾ ਜਾਂਦਾ। ਫਸਲਾਂ ਦਾ ਮੰਡੀਆਂ ਵਿਚ ਕੋਈ ਖਰੀਦਦਾਰ ਨਹੀਂ। ਪੰਜਾਬ ਵਿਚ ਕਈ ਜ਼ਿਲ੍ਹਿਆਂ ਵਿਚ ਤਾਰੋਂ ਪਾਰ ਕਿਸਾਨਾਂ ਨੂੰ ਮੁਆਵਜ਼ਾ ਮਿਲ ਚੁੱਕਾ ਹੈ। ਪਰ ਫਾਜ਼ਿਲਕਾ ਤੇ ਫਿਰੋਜ਼ਪੁਰ ਦੇ ਕਿਸਾਨ ਵਾਂਝੇ ਰਹਿ ਗਏ ਹਨ, ਆਇਆ ਮੁਆਵਜ਼ਾ ਤੁਰੰਤ ਦਿੱਤਾ ਜਾਵੇ। ਮੱਧ ਪ੍ਰਦੇਸ਼ ਦੇ ਕਿਸਾਨਾਂ ਦੇ ਸੰਘਰਸ਼ ਨੂੰ ਹਮਾਇਤ ਦਿੰਦਿਆਂ ਗੋਲੀਆਂ ਨਾਲ ਮਾਰੇ ਗਏ ਹਰ ਕਿਸਾਨ ਦੇ ਪਰਿਵਾਰ ਨੂੰ 1 ਕਰੋੜ ਰੁਪਏ ਮੁਆਵਜ਼ੇ ਦੀ ਮੰਗ ਕੀਤੀ ਗਈ।

 
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਵਲੋਂ ਐਮਰਜੈਂਸੀ ਦੀ 43ਵੀਂ ਵਰ੍ਹੇਗੰਢ 'ਤੇ ਸਟੱਡੀ ਸਰਕਲ 
ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ-ਹਰਿਆਣਾ ਵਲੋਂ 25 ਜੂਨ ਨੂੰ ਸਥਾਨਕ ਪੀ. ਸੁੰਦਰਈਆ ਮਾਰਕਸਵਾਦੀ ਅਧਿਐਨ ਕੇਂਦਰ ਵਿਖੇ ਇਕ ਸਟੱਡੀ ਸਰਕਲ ਜਥੇਬੰਦ ਕੀਤਾ ਗਿਆ। ਸੂਬੇ ਦੇ ਲਗਭਗ ਸਾਰੇ ਜ਼ਿਲ੍ਹਿਆਂ 'ਚੋਂ ਪੁੱਜੇ ਨੌਜਵਾਨਾਂ ਨੇ ਇਸ ਵਿਚ ਸ਼ਮੂਲੀਅਤ ਕੀਤੀ। ਜ਼ਿਕਰਯੋਗ ਹੈ ਕਿ ਇਸ ਦਿਨ ਹੀ ਸੰਨ 1975 ਵਿਚ ਵੇਲੇ ਦੀ ਪ੍ਰਧਾਨ ਮੰਤਰੀ ਮਰਹੂਮ ਸ਼੍ਰੀਮਤੀ  ਇੰਦਰਾ ਗਾਂਧੀ ਵਲੋਂ ਦੇਸ਼ 'ਚ ਐਮਰਜੈਂਸੀ ਲਾਗੂ ਕਰਦਿਆਂ ਤਾਨਾਸ਼ਾਹੀ ਠੋਸਣ ਦਾ ਯਤਨ ਕੀਤਾ ਗਿਆ ਸੀ।
ਸਟੱਡੀ ਸਰਕਲ 'ਚ ਇਹ ਮੁੱਦਾ ਵਿਸ਼ੇਸ਼ ਚਰਚਾ ਦਾ ਕੇਂਦਰ ਰਿਹਾ ਕਿ ਅੱਜ ਭਾਵੇਂ ਐਲਾਣੀ ਐਮਰਜੈਂਸੀ ਤਾਂ ਨਹੀਂ ਪਰ ਹਾਲਾਤ ਉਸ ਤੋਂ ਵੀ ਵਧੇਰੇ ਤਾਨਾਸ਼ਾਹੀ ਪੂਰਣ ਹਨ। ਉਸ ਵੇਲੇ ਜੋ ਮਨਆਈਆਂ ਕੇਂਦਰੀ ਬਲ, ਪੁਲਸ 'ਤੇ ਹੋਰ ਅਮਲਾ-ਫੈਲਾ ਕਰਦਾ ਸੀ, ਅੱਜ ਉਹੀ ਕੁੱਝ ਘੋਰ ਫਿਰਕੂ ਅਤੇ ਜਾਤੀਵਾਦੀ ਸੋਚ ਨਾਲ ਡੰਗੇ ਸੰਘ ਪਰਿਵਾਰ ਨਾਲ ਸਬੰਧਤ ਸੰਗਠਨਾਂ ਦੇ ਕਾਰਕੁੰਨਾਂ ਵਲੋਂ ਕੀਤਾ ਜਾ ਰਿਹਾ ਹੈ। ਅਜੋਕੀ ਸਰਕਾਰ ਦੀ ਅਜਿਹੇ, ਆਪਣੇ ਆਪ ਨੂੰ ਸੰਵਿਧਾਨ-ਕਾਨੂੰਨ ਤੋਂ ਉਪਰ ਸਮਝਣ ਵਾਲੇ ਸੰਗਠਨਾਂ ਦੇ ਆਗੂਆਂ, ਜਿਨ੍ਹਾਂ 'ਚੋਂ ਅਨੇਕਾਂ ਖਿਲਾਫ ਅਪਰਾਧਕ ਮਾਮਲੇ ਵੀ ਦਰਜ ਹਨ, ਨੂੰ ਖੁੱਲ੍ਹੀ ਸਰਪ੍ਰਸਤੀ ਹਾਸਲ ਹੈ। ਐਮਰਜੈਂਸੀ ਤੋਂ ਵੀ ਅਗਾਂਹ ਜਾਂਦਿਆਂ ਇਹ ਅਨਸਰ ਆਮ ਲੋਕਾਂ ਦੇ ਸਮਾਜਿਕ-ਪਰਿਵਾਰਕ ਅਤੇ ਨਿੱਜੀ ਸਰੋਕਾਰਾਂ 'ਚ ਵੀ ਬੇਲੋੜਾ ਦਖਲ ਦਿੰਦੇ ਹਨ। ਜੇ ਉਸ ਵੇਲੇ ਸੰਵਿਧਾਨ ਤੋਂ ਉਪਰ ਸੱਤਾ ਦਾ ਕੇਂਦਰ ਮਰਹੂਮ ਸ਼੍ਰੀਮਤੀ ਇੰਦਰਾ ਗਾਂਧੀ ਦੇ ਪਰਿਵਾਰਕ ਮੈਂਬਰ 'ਤੇ ਕਰੀਬੀ ਜੁੰਡਲੀ ਸੀ, ਤਾਂ ਅੱਜ ਅਜਿਹਾ ਸਮਾਨਅੰਤਰ ਸੱਤਾ ਕੇਂਦਰ ਨਾਗਪੁਰ ਵਿਚਲਾ ਰਾਸ਼ਟਰੀ ਸਵੈਮ ਸੇਵਕ ਸੰਘ ਦਾ ਮੁੱਖ ਦਫਤਰ ਬਣ ਚੁੱਕਾ ਹੈ। ਬੀਤੇ 'ਚ ਆਪਣੇ ਆਪ ਨੂੰ ਸੱਭਿਆਚਾਰਕ ਜਾਂ ਸਮਾਜਕ ਸੰਗਠਨ ਐਲਾਨ ਕੇ ਗੁੱਝੀਆਂ ਰਾਜਸੀ ਸਰਗਰਮੀਆਂ ਕਰਨ ਵਾਲੇ ਸੰਘ ਦਾ ਮੁੱਖੀ ਭਾਵ ਸਰ-ਸੰਘ ਚਾਲਕ ਹੁਣ ਸ਼ਰ੍ਹੇਆਮ ਸਰਕਾਰ ਦੇ ਮੁੱਖੀ ਨੂੰ ਆਪਣੇ ਕੋਲ ਸੱਦ ਕੇ ਸ਼ਾਸਨ ਚਲਾਉਣ ਦੀਆਂ ਹਿਦਾਇਤਾਂ (ਮਾਰਗ ਦਰਸ਼ਨ) ਦਿੰਦਾ ਹੈ। ਦੇਸ਼ ਭਰ 'ਚ ਔਰਤਾਂ, ਘੱਟ ਗਿਣਤੀਆਂ ਖਾਸ ਕਰ ਮੁਸਲਮਾਨਾਂ ਅਤੇ ਅਨੁਸੂਚਿਤ ਜਾਤੀਆਂ-ਜਨਜਾਤੀਆਂ 'ਤੇ ਵਰਤਾਇਆ ਜਾ ਰਿਹਾ ਕਹਿਰ ਅਣਐਲਾਨੀ ਐਮਰਜੈਂਸੀ  ਦੀ ਭੱਦੀ ਵੰਨਗੀ ਹੈ। ਜਮਹੂਰੀ, ਧਰਮ ਨਿਰਪੱਖ ਅਤੇ ਵਿਗਿਆਨਕ ਪੈਂਤੜੇ ਤੋਂ ਹਰ ਕਿਸਮ ਦੇ ਫਿਰਕੂ, ਤਾਨਾਸ਼ਾਹ ਅਤੇ ਵੇਲਾ ਵਿਹਾ ਚੁੱਕੀਆਂ ਕਦਰਾਂ-ਕੀਮਤਾਂ ਦਾ ਵਿਰੋਧ ਕਰਨ ਵਾਲੇ ਸਭਨਾਂ ਨੂੰ ਚੌਤਰਫ਼ਾ ਸਰੀਰਕ-ਮਾਨਸਿਕ ਹਮਲਿਆਂ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ। ਇਕ ਖਾਸ ਫਿਰਕੇ ਵਿਚਲੇ ਕੱਟੜਪੰਥੀ ਸੰਗਠਨਾਂ ਦੀ ਮਨਸ਼ਾ ਮੁਤਾਬਕ ਇਤਿਹਾਸ, ਪਾਠਕ੍ਰਮ, ਕਲਾ ਨੂੰ ਜਬਰੀ ਮੋੜਾ ਦੇਣਾ ਐਮਰਜੈਂਸੀ ਤੋਂ ਵੀ ਵਧੇਰੇ ਖਤਰਨਾਕ ਹੈ।
ਵਿਚਾਰ-ਚਰਚਾ ਦਾ ਇਕ ਹੋਰ ਮਹੱਤਵਪੂਰਨ ਵਿਸ਼ਾ ਇਹ ਸੀ ਕਿ ਅਜੋਕਾ ਦੌਰ ਦੁਨੀਆਂ ਭਰ 'ਚ ਸਾਮਰਾਜ ਦੀ ਨੰਗੀ ਚਿੱਟੀ ਦਖਲਅੰਦਾਜ਼ੀ ਅਤੇ ਦੁਨੀਆਂ ਭਰ ਦੇ ਬੇਸ਼ਕੀਮਤੀ ਖਜ਼ਾਨਿਆਂ ਦੀ ਬੇਤਰਸ ਲੁੱਟ ਦਾ ਦੌਰ ਹੈ। ਸੰਸਾਰ ਦੇ ਇਕ ਧਰੁਵੀ ਹੋ ਜਾਣ ਕਾਰਨ ਅਨੇਕਾਂ ਦੇਸ਼ਾਂ, ਖਾਸ ਕਰ ਨਵੇਂ ਆਜ਼ਾਦ ਹੋਏ ਦੇਸ਼ਾਂ ਦੀਆਂ ਸਰਕਾਰਾਂ  ਸਾਮਰਾਜੀ ਦੇਸ਼ਾਂ ਦੇ ਉਕਤ ਕੋਝੇ ਮੰਤਵ 'ਚ ਪੂਰੀ ਤਰ੍ਹਾਂ ਭਾਈਵਾਲ ਅਤੇ ਮਦਦਗਾਰ ਬਣ ਚੁੱਕੀਆਂ ਹਨ। ਭਾਰਤ ਦੀ ਮੋਦੀ ਸਰਕਾਰ, ਇਸ ਵਰਤਾਰੇ ਦੀਆਂ ਸਭ ਤੋਂ ਭੱਦੀਆਂ ਮਿਸਾਲਾਂ 'ਚੋਂ ਇਕ ਹੈ। ਇਸ ਲੁੱਟ ਖਿਲਾਫ ਖੜ੍ਹੇ ਹੋਣ ਵਾਲੇ ਹਰ ਪੱਧਰ ਦੇ ਪ੍ਰਤੀਰੋਧ ਨੂੰ ਮੁੱਢੋਂ ਹੀ ਦਬਾਅ ਦੇਣ ਦੇ ਇਰਾਦੇ ਨਾਲ ਸਥਾਪਤ ਜਮਹੂਰੀ ਕਦਰਾਂ-ਕੀਮਤਾਂ ਦਾ ਰੱਜ ਕੇ ਘਾਣ ਕੀਤਾ ਜਾ ਰਿਹਾ ਹੈ। ਸੰਵਿਧਾਨਕ ਸੋਧਾਂ ਕੀਤੀਆਂ ਜਾ ਰਹੀਆਂ ਹਨ ਅਤੇ ਸੰਵਿਧਾਨਕ ਸੋਧਾਂ ਤੋਂ ਬਿਨਾਂ ਵੀ ਤਾਨਾਸ਼ਾਹੀ ਦਾ ਕਹਿਰ ਵਰਤਾਇਆ ਜਾ ਰਿਹਾ ਹੈ। ਇਹ ਅੱਜ ਅਜੋਕੇ ਦੌਰ ਦੀ ਨਵੀਂ ਅਤੇ ਉਸ ਤੋਂ ਵੀ ਕਿਤੇ ਵੱਧ ਜ਼ਾਲਿਮ ਕਿਸਮ ਦੀ ਐਮਰਜੈਂਸੀ ਹੈ। ਐਮਰਜੈਂਸੀ ਵਾਂਗੂ ਮੀਡੀਆ (NDTV
ਆਦਿ) ਨੂੰ ਦਬਾਇਆ ਵੀ ਜਾ ਰਿਹਾ ਹੈ, ਪਰ ਕਿਤੇ ਵਧੇਰੇ ਮਾਤਰਾ 'ਚ ਪੈਸੇ ਦੇ ਜ਼ੋਰ 'ਤੇ ਮੀਡੀਆ ਦੇ ਹਿੱਸੇ ਦੀ ਅਵਾਜ ਖਰੀਦ ਹੀ ਲਈ ਗਈ ਹੈ।
ਸਭਾ ਦੇ ਆਗੂਆਂ ਨੇ ਇਸ ਗੱਲ 'ਤੇ ਭਰਵੀਂ ਵਿਚਾਰ-ਚਰਚਾ ਕੀਤੀ ਕਿ ਇਸ ਸਥਿਤੀ 'ਚ ਜਮਹੂਰੀਅਤ, ਬਰਾਬਰਤਾ ਅਧਾਰਤ, ਧਰਮ ਨਿਰਪੱਖ, ਵਿਗਿਆਨਕ ਵਿਚਾਰਾਂ 'ਤੇ ਕਿੰਝ ਡੱਟ ਕੇ ਪਹਿਰਾ ਦਿੱਤਾ ਜਾਵੇ ਅਤੇ ਦੇਸ਼ ਦੀਆਂ ਵੱਡੀਆਂ ਸਮੱਸਿਆਵਾਂ ਜਿਵੇਂ ਬੇਰੋਜ਼ਗਾਰੀ, ਅਨਪੜ੍ਹਤਾ, ਇਲਾਜ ਖੁਣੋਂ ਮੌਤਾਂ, ਬੇਘਰਿਆਂ ਦੀ ਨਿੱਤ ਵੱਧ ਰਹੀ ਤਾਦਾਦ, ਸੱਭਿਆਚਾਰਕ ਨਿਘਾਰ, ਹਕੂਮਤੀ ਲੁੱਟ ਦਾ ਜਰੀਆ ਨਸ਼ਾਖੋਰੀ ਆਦਿ ਵਿਰੁੱਧ ਇਕ ਵਿਸ਼ਾਲ ਨੌਜਵਾਨ ਲਹਿਰ ਉਸਾਰੀ ਜਾਵੇ।
ਸਟੱਡੀ ਸਰਕਲ ਨੂੰ ਢੁੱਕਵੀਂ ਸੇਧ ਦੇਣ ਲਈ ਦੇਸ਼ ਭਗਤ ਯਾਦਗਾਰ ਕਮੇਟੀ ਦੇ ਮੈਂਬਰ ਜਮਹੂਰੀ ਲਹਿਰ ਦੇ ਉਘੇ ਆਗੂ ਸਾਥੀ ਮੰਗਤ ਰਾਮ ਪਾਸਲਾ ਉਚੇਚੇ ਪੁੱਜੇ।
ਸਾਰਾ ਸਟੱਡੀ ਸਰਕਲ ਸਭਾ ਦੇ ਆਗੂਆਂ ਜਸਵਿੰਦਰ ਸਿੰਘ ਢੇਸੀ, ਮਨਦੀਪ ਸਿੰਘ ਰੱਤੀਆ, ਬਲਦੇਵ ਸਿੰਘ ਪੰਡੋਰੀ ਅਤੇ ਅਜੈ ਫਿਲੌਰ, ਮਨਜਿੰਦਰ ਢੇਸੀ, ਮਨਦੀਪ ਕੌਰ ਸ਼ਕਰੀ ਦੀ ਦੇਖ ਰੇਖ 'ਚ ਚੱਲਿਆ।


ਪਾਰਟੀ ਵਲੋਂ ਗੋਇੰਦਵਾਲ ਵਿਖੇ ਪੁਲਸ ਵਿਰੁੱਧ ਸੰਘਰਸ਼ 
ਗੋਇੰਦਵਾਲ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਵਲੋਂ ਪੁਲਸ ਪ੍ਰਸ਼ਾਸਨ ਵਿਰੁੱਧ ਵਧੀਕੀਆਂ ਕਰਨ ਅਤੇ ਆਮ ਲੋਕਾਂ ਦੀ ਸੁਣਵਾਈ ਨਾ ਕਰਨ ਦੇ ਰੋਸ ਵਜੋਂ 19 ਜੂਨ ਨੂੰ ਥਾਣਾ ਗੋਇੰਦਵਾਲ ਸਾਹਿਬ ਮੁਹਰੇ ਧਰਨਾ ਲਗਾ ਕੇ ਰੋਸ ਪ੍ਰਦਰਸ਼ਨ ਕੀਤਾ ਗਿਆ। ਧਰਨੇ ਦੀ ਅਗਵਾਈ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਪ੍ਰਧਾਨ ਸੁਲੱਖਣ ਸਿੰਘ ਤੂੜ, ਕਰਮ ਸਿੰਘ ਫਤਿਆਬਾਦ ਅਤੇ ਕਿਸਾਨ ਆਗੂ ਬਲਦੇਵ ਸਿੰਘ ਭੈਲ ਨੇ ਕੀਤੀ।
ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਜ਼ਿਲ੍ਹਾ ਸਕੱਤਰ ਕਾਮਰੇਡ ਪਰਗਟ ਸਿੰਘ ਜਾਮਾਰਾਏ ਨੇ ਕਿਹਾ ਕਿ ਕੈਪਟਨ ਸਰਕਾਰ ਲੋਕਾਂ ਨਾਲ ਝੂਠੇ ਵਾਅਦੇ ਕਰ ਕੇ ਸੱਤਾ 'ਤੇ ਕਾਬਜ ਹੋਣ ਉਪਰੰਤ ਰਾਜ ਦੇ ਲੋਕਾਂ ਨੂੰ ਭੁੱਲ ਬੈਠੀ ਹੈ ਅਤੇ ਪੁਲਸ ਨਾਕੇ ਲਗਾ ਕੇ ਆਮ ਲੋਕਾਂ ਦੀ ਲੁੱਟ ਖਸੁੱਟ ਕੀਤੀ ਜਾ ਰਹੀ ਹੈ। ਪੁਲਿਸ ਥਾਣਿਆਂ ਵਿਚ ਆਮ ਲੋਕਾਂ ਦੀ ਹੋ ਰਹੀ ਖੱਜਲ ਖੁਆਰੀ ਨੂੰ ਰੋਕਣ ਲਈ ਸਾਡੀ ਪਾਰਟੀ ਹਰ ਸੰਘਰਸ਼ ਕਰਨ ਨੂੰ ਤਿਆਰ ਹੈ। ਰੋਸ ਧਰਨੇ ਨੂੰ ਸ਼ਾਂਤ ਕਰਨ ਪੁੱਜੇ ਸਤਪਾਲ ਸਿੰਘ ਡੀ.ਐਸ.ਪੀ. ਗੋਇੰਦਵਾਲ ਸਾਹਿਬ ਵਲੋਂ ਧਰਨਾਕਾਰੀਆਂ ਨੂੰ ਵਿਸ਼ਵਾਸ ਦਵਾਇਆ ਗਿਆ ਕਿ ਉਨ੍ਹਾਂ ਦੇ ਲਟਕਦੇ ਮਸਲੇ ਜਲਦੀ ਹੱਲ ਕੀਤੇ ਜਾਣਗੇ। ਜਿਸ ਉਪਰੰਤ ਧਰਨਾ ਸਮਾਪਤ ਹੋ ਗਿਆ। ਇਸ ਰੋਸ ਧਰਨੇ ਵਿਚ ਜਸਬੀਰ ਸਿੰਘ ਵੈਰੋਵਾਲ, ਦਾਰਾ ਸਿੰਘ, ਫਤਿਹ ਸਿੰਘ, ਦਿਲਬਾਗ ਸਿੰਘ, ਮੋਹਨ ਕੁਮਾਰ, ਅਜਾਇਬ ਸਿੰਘ ਆਦਿ ਹਾਜ਼ਰ ਸਨ।







ਸੰਘਰਸ਼ ਰਾਹੀਂ ਮਜ਼ਦੂਰਾਂ ਨੂੰ ਮਿਲਿਆ ਪਲਾਟਾਂ ਦਾ ਮੁੜ ਕਬਜ਼ਾ 
ਪੰਜਾਬ ਦੀ ਮੌਜੂਦਾ ਕਾਂਗਰਸ ਸਰਕਾਰ, ਜਿਸ ਦੀ ਅਗਵਾਈ ਕੈਪਟਨ ਅਮਰਿੰਦਰ ਸਿੰਘ ਬਤੌਰ ਮੁੱਖ ਮੰਤਰੀ ਕਰ ਰਹੇ ਸਨ ਨੇ ਚੋਣਾਂ ਜਿੱਤਣ ਤੋਂ ਪਹਿਲਾਂ ਵਾਅਦਾ ਕੀਤਾ ਸੀ ਕਿ ਉਹ ਦਸ ਸਾਲ ਚੱਲੀ ਅਕਾਲੀ-ਭਾਜਪਾ ਗਠਜੋੜ ਸਰਕਾਰ ਦੇ ਲੋਕ ਵਿਰੋਧੀ ਫੈਸਲਿਆਂ ਨੂੰ ਮੁੱਢੋਂ ਪਲਟ ਦੇਣਗੇ। ਇਹ ਵਾਅਦਾ ਕਰਦਿਆਂ ਬੁਲੰਦ ਵਾਂਗ ਇਹ ਦਾਅਵਾ ਵੀ ਕੀਤਾ ਗਿਆ ਸੀ ਕਿ ਅਜਿਹੇ ਕੁਕਰਮਾਂ ਦੇ ਦੋਸ਼ੀਆਂ ਨੂੰ ਉਨ੍ਹਾਂ ਦੇ ਕੀਤੇ ਕਰਾਏ ਅਨੁਸਾਰ ਢੁਕਵੀਆਂ ਸਜ਼ਾਵਾਂ ਵੀ ਦਿੱਤੀਆਂ ਜਾਣਗੀਆਂ। ਨਵੀਂ ਸਰਕਾਰ ਵਲੋਂ ਆਪਣੀ ਕਾਇਮੀ ਤੋਂ ਪਿੱਛੋਂ ਇਸ ਦਿਸ਼ਾ 'ਚ ਤਾਂ ਕੋਈ ਕਦਮ ਨਹੀਂ ਪੁੱਟਿਆ। ਅਤੇ ਸਰਕਾਰ ਦੇ ਹਾਵ-ਭਾਵ ਇਹ ਵੀ ਪ੍ਰਭਾਵ ਦਿੰਦੇ ਹਨ ਕਿ ਸ਼ਾਇਦ ਅਜਿਹਾ ਕਦਮ ਪੁੱਟਿਆ ਵੀ ਨਾ ਜਾਵੇ।
ਪਰ ਇਸ ਦੇ ਉਲਟ, ਪਿਛਲੀ ਸਰਕਾਰ ਵਲੋਂ, ਲੋਕਾਂ ਦੇ ਸੰਘਰਸ਼ਾਂ ਦੇ ਦਬਾਅ ਵਜੋਂ ਅਮਲ 'ਚ ਲਿਆਂਦੇ ਗਏ ਇਕਾ-ਦੁੱਕਾ ਲੋਕ ਪੱਖੀ ਫੈਸਲਿਆਂ ਨੂੰ ਇਹ ਸਰਕਾਰ ਉਲਟਾਉਣ ਦੇ ਰਾਹ ਪਈ ਹੋਈ ਹੈ। ਅਜਿਹੀ ਹੀ ਇਕ ਮਿਸਾਲ ਦੇਖਣ ਨੂੰ ਮਿਲੀ ਤਰਨ ਤਾਰਨ ਵਿਧਾਨ ਸਭਾ ਹਲਕਾ ਦੇ ਪਿੰਡ ਨੱਥੂ ਚੱਕ ਵਿਖੇ।
ਇੱਥੇ ਪਿਛਲੀ ਸਰਕਾਰ ਸਮੇਂ ਗ੍ਰਾਮ ਪੰਚਾਇਤ ਵਲੋਂ ਬਾਕਾਇਦਾ ਮਤਾ ਪਾ ਕੇ ਸਾਂਝੀ ਪੰਚਾਇਤੀ ਜ਼ਮੀਨ ਵਿਚੋਂ ਅਨੁਸੂਚਿਤ ਜਾਤੀ ਨਾਲ ਸਬੰਧਤ 52 ਬੇਘਰੇ ਪਰਿਵਾਰਾਂ ਨੂੰ ਪੰਜ-ਪੰਜ ਮਰਲੇ ਦੇ ਪਲਾਟ ਦਿੱਤੇ ਗਏ ਸਨ। ਇਸ ਮਤੇ ਨੂੰ ਮਹਿਕਮਾ ਪੰਚਾਇਤ ਵਲੋਂ ਵੀ ਮੰਜੂਰੀ ਦਿੱਤੀ ਗਈ ਸੀ। ਲਾਭ ਪਾਤਰੀਆਂ ਨੂੰ ਬਾਕਾਇਦਾ ਕਬਜ਼ਾ ਅਤੇ ਸੱਨਦਾਂ ਵੀ ਦਿੱਤੀਆਂ ਗਈਆਂ ਸਨ।
ਪਰ ਨਵੀਂ ਸਰਕਾਰ ਬਣਨ ਸਾਰ ਪੱਟੀ ਦੇ ਨਵੇਂ ਵਿਧਾਇਕ ਦੀ ਸ਼ਹਿ 'ਤੇ ਗਰੀਬਾਂ ਨੂੰ ਅਲਾਟ ਕੀਤੇ ਪਲਾਟ ਉਨ੍ਹਾਂ ਤੋਂ ਖੋਹਣ ਦਾ ਬਾਨਣੂੰ ਬੰਨ੍ਹ ਲਿਆ ਗਿਆ।
ਇਸ ਵਿਰੁੱਧ ਲਾਭਪਾਤਰੀ ਮਜ਼ਦੂਰਾਂ ਨੇ ਦਿਹਾਤੀ ਮਜ਼ਦੂਰ ਸਭਾ ਦੀ ਅਗਵਾਈ 'ਚ ਜ਼ੋਰਦਾਰ ਸੰਘਰਸ਼ ਵਿੱਢ ਦਿੱਤਾ। ਲਗਾਤਾਰ ਪੰਜ ਦਿਨ ਐਸ.ਡੀ.ਐਮ. ਦਫਤਰ ਮੂਹਰੇ ਧਰਨਾ ਅਤੇ ਲਾਗਲੇ ਪਿੰਡਾਂ 'ਚ ਨਵੀਂ ਸਰਕਾਰ ਦੇ ਜਾਬਰ ਹੱਲੇ ਵਿਰੁੱਧ ਭੰਡੀ ਪ੍ਰਚਾਰ ਸ਼ੁਰੂ ਕੀਤਾ ਗਿਆ। ਚੁਫੇਰਿਓਂ ਘਿਰੇ ਵਿਧਾਇਕ ਅਤੇ ਪ੍ਰਸ਼ਾਸ਼ਨ ਨੇ ਆਖਰ ਆਪਣਾ ਫ਼ੈਸਲਾ ਧਰਨੇ 'ਚ ਪੁੱਜ ਕੇ ਵਾਪਸ ਲੈਣ ਦਾ ਐਲਾਨ ਕੀਤਾ। ਜ਼ਿਲ੍ਹੇ 'ਚ ਮਜ਼ਦੂਰਾਂ ਦੇ ਇਸ ਜੇਤੂ ਸੰਘਰਸ਼ ਦੀ ਖੂਬ ਚਰਚਾ ਹੋ ਰਹੀ ਹੈ।

 

No comments:

Post a Comment