Wednesday 5 July 2017

ਸ਼ਹੀਦ ਗਗਨ-ਸੁਰਜੀਤ ਤੇ ਸਾਥੀਆਂ ਅਤੇ ਜਮਹੂਰੀ ਲਹਿਰ ਦੇ ਵਿਛੜ ਚੁੱਕੇ ਹੋਰ ਆਗੂਆਂ ਦੀ ਯਾਦ ਵਿਚ ਸਮਾਗਮ

ਪੰਜਾਬ 'ਚ ਅੱਤਵਾਦ ਵੇਲੇ ਜਦੋਂ ਆਮ ਲੋਕ ਅੰਦਰ ਵੜ ਜਾਂਦੇ ਸਨ ਤਾਂ ਉਸ ਵੇਲੇ ਖੱਬੀ ਲਹਿਰ ਦੇ ਮਹਾਨ ਯੋਧੇ ਮੈਦਾਨ ਅੰਦਰ ਸੰਘਰਸ਼ਾਂ ਦੇ ਪਿੜ੍ਹ ਮੱਲ ਕੇ ਆਪਣੀਆਂ ਸਰਗਰਮੀਆਂ ਜਾਰੀ ਰੱਖ ਰਹੇ ਸਨ। ਬੇਅੰਤ ਸਿੰਘ ਦੀ ਸਰਕਾਰ ਬਣਨ ਤੋਂ ਪਹਿਲਾ ਇੱਕ ਵਾਰ ਵੋਟਾਂ ਦਾ ਐਲਾਨ ਕੀਤਾ ਗਿਆ ਸੀ ਪਰ ਵੋਟਾਂ ਤੋਂ ਠੀਕ ਪਹਿਲਾ ਵੋਟਾਂ ਰੱਦ ਕਰ ਦਿੱਤੀਆਂ ਗਈਆਂ ਸਨ। ਇਨ੍ਹਾਂ ਵੋਟਾਂ ਦੌਰਾਨ ਸਾਥੀ ਵਰਿੰਦਰ ਕੁਮਾਰ ਗਗਨ ਹਲਕਾ ਨਕੋਦਰ ਤੋਂ ਚੋਣ ਮੈਦਾਨ 'ਚ ਸਨ। ਸਾਥੀ ਸੁਰਜੀਤ ਉਨ੍ਹਾਂ ਦੇ ਨਾਲ ਯੁੱਧ ਸਾਥੀ ਵਜੋਂ ਹਾਜ਼ਰ ਸਨ। ਚੋਣ ਪ੍ਰਚਾਰ ਦੇ ਦੌਰਾਨ ਹੀ ਅੱਤਵਾਦੀ ਦਹਿਸ਼ਤਗਰਦਾਂ ਨੇ ਘਾਤ ਲਗਾ ਕੇ ਇਨ੍ਹਾਂ ਆਗੂਆਂ 'ਤੇ ਹਮਲਾ ਕਰ ਦਿੱਤਾ, ਜਿਸ 'ਚ ਗਗਨ-ਸੁਰਜੀਤ ਤੋਂ ਇਲਾਵਾ ਨੌਜਵਾਨ ਸਭਾ ਦੇ ਆਗੂ ਸੁਰਜੀਤ ਸਿੰਘ ਕੈਮਵਾਲਾ, ਸਤਪਾਲ ਕੈਮਵਾਲਾ ਅਤੇ ਪੰਜਾਬ ਪੁਲੀਸ ਦਾ ਮੁਲਾਜ਼ਮ ਗਿਰਧਾਰੀ ਲਾਲ ਸ਼ਹੀਦ ਹੋ ਗਏ। ਇਨ੍ਹਾਂ ਤੋਂ ਇਲਾਵਾ ਅੱਤਵਾਦੀਆਂ ਹੱਥੋਂ ਸ਼ਹੀਦ ਹੋਏ ਕਮਿਊਨਿਸਟ ਆਗੂ ਸਾਥੀ ਦੇਸ ਰਾਜ ਸਹੋਤਾ ਦੀ ਯਾਦ 'ਚ ਨਕੋਦਰ ਵਿਖੇ ਇਹ ਕਾਨਫਰੰਸ ਅਯੋਜਿਤ ਕੀਤੀ ਗਈ। ਇਸ ਕਾਨਫਰੰਸ 'ਚ ਪਿਛਲੇ ਸਮੇਂ ਦੌਰਾਨ ਵਿਛੋੜਾ ਦੇ ਗਏ ਕਮਿਊਨਿਸਟ ਆਗੂਆਂ ਨੂੰ ਵੀ ਯਾਦ ਕੀਤਾ ਗਿਆ, ਜਿਨ੍ਹਾਂ 'ਚ ਸਰਬ ਸਾਥੀ ਗੁਰਨਾਮ ਸਿੰਘ ਸੰਘੇੜਾ, ਅਜੀਤ ਸਿੰਘ ਮਾਣਕਪੁਰੀ, ਰਜਿੰਦਰ ਸਿੰਘ ਸਰੀਂਹ, ਨੱਥਾ ਸਿੰਘ ਕਿਲੀਵਾੜਾ, ਅਜੀਤ ਸਿੰਘ ਜੈ ਹਿੰਦ ਸਰੀਂਹ, ਲਹਿੰਬਰ ਸਿੰਘ ਬੱਲ, ਦਰਸ਼ਨ ਥਾਪਰ ਨਕੋਦਰ, ਅਮਰਜੀਤ ਰੱਤੂ ਨਕੋਦਰ, ਵਿਨੋਦ ਸਾਗਰ ਨਕੋਦਰ, ਨਰਾਇਣ ਬਾਗੀ ਨਕੋਦਰ, ਦਇਆ ਪਾਲ ਮਾਹੂੰਵਾਲ, ਮਹਿੰਦਰ ਸਿੰਘ ਟੁੱਟ, ਦਾਰਾ ਸਿੰਘ ਹਰੀਪੁਰ, ਮਹਿੰਦਰ ਪਾਲ ਮੁੱਧ, ਕਰਨੈਲ ਚੰਦ ਢੇਰੀਆਂ, ਨੰਬੜਦਾਰ ਕਰਤਾਰ ਸਿੰਘ ਰਾਇਪੁਰ, ਪਿਆਰਾ ਲਾਲ ਸਰਪੰਚ ਖੁਰਲਾਪੁਰ, ਮੋਹਣ ਸਿੰਘ ਕਾਂਗਣਾ, ਚਰਨ ਸਿੰਘ ਜਕੋਪੁਰੀ, ਸੇਵਾ ਸਿੰਘ ਜਕੋਪੁਰੀ, ਜਾਗਰ ਸਿੰਘ ਮੂਲੇਵਾਲ, ਰਘਬੀਰ ਸਿੰਘ ਅਟਵਾਲ, ਰੌਣਕੀ ਰਾਮ ਤਲਵੰਡੀ ਸਲੇਮ, ਬਲਦੇਵ ਸਿੰਘ ਆਧੀ, ਦਵਿੰਦਰ ਸਿੰਘ ਬਿੰਦੂ ਕਾਲਾ ਸੰਘਿਆ, ਕਰਤਾਰ ਸਿੰਘ ਛੋਲ੍ਹੇ, ਅਜੀਤ ਸਿੰਘ ਸ਼ਾਹਪੁਰ ਆਧੀ, ਸਵਰਨ ਸਿੰਘ ਗਿੱਲ, ਸੋਹਣ ਲਾਲ ਗੋਗੀ ਮਾਹੂੰਵਾਲ, ਤਰਸੇਮ ਲਾਲ ਤਲਵੰਡੀ ਸਲੇਮ, ਕਰਮ ਸਿੰਘ ਛੋਲ੍ਹੇ, ਗੁਰਦੇਵ ਸਿੰਘ ਗਿੱਲ, ਦੀਦਾਰ ਸਿੰਘ ਧੰਮੂਵਾਲ, ਰੌਣਕੀ ਰਾਮ ਆਧੀ, ਮੋਹਣ ਸਿੰਘ ਰਾਂਗੜਾ ਸ਼ਾਮਲ ਸਨ।
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਆਰਐੱਮਪੀਆਈ ਦੇ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਪੰਜਾਬ 'ਚ ਲੰਘੇ ਸਮੇਂ ਦੌਰਾਨ ਅਤਿਵਾਦੀਆਂ ਵਲੋਂ ਧਰਮ ਦੇ ਨਾਂਅ ਹੇਠ ਦਹਿਸ਼ਤ ਪਾ ਕੇ ਆਮ ਲੋਕਾਂ ਦਾ ਕਤਲੇਆਮ ਕੀਤਾ ਗਿਆ ਅਤੇ ਹੁਣ ਦੇਸ਼ ਭਰ 'ਚ ਧਰਮ ਦੇ ਨਾਂਅ ਹੇਠ ਘੱਟ ਗਿਣਤੀਆਂ ਲਈ ਨਵੇਂ ਖਤਰੇ ਖੜ੍ਹੇ ਕੀਤੇ ਜਾ ਰਹੇ ਹਨ। ਸਾਥੀ ਪਾਸਲਾ ਨੇ ਕਿਹਾ ਕਿ ਮੋਦੀ ਵਲੋਂ ਫੌਜੀਆਂ ਦੇ ਨਾਂਅ 'ਤੇ ਵੀ ਘਟੀਆ ਸਿਆਸਤ ਕੀਤੀ ਜਾ ਰਹੀ ਹੈ। ਉਨ੍ਹਾ ਕਿਹਾ ਕਿ ਫੌਜੀਆਂ ਨੇ ਦੇਸ਼ ਲਈ ਅਤੇ ਅਮਨ ਦੀ ਰਾਖੀ ਲਈ ਕੁਰਬਾਨੀਆਂ ਕੀਤੀਆਂ ਹਨ ਅਤੇ ਕਿਸੇ ਫੌਜੀ ਦੀ ਪਤਨੀ ਵਲੋਂ ਪਾਕਿਸਤਾਨ ਖਿਲਾਫ ਨਾਅਰੇਬਾਜ਼ੀ ਕਰਵਾ ਕੇ ਅਮਨ ਨੂੰ ਵੀ ਲਾਂਬੂ ਲਾਉਣ ਦੇ ਯਤਨ ਕੀਤੇ ਜਾਂਦੇ ਹਨ। ਇਸ ਮੌਕੇ ਆਰਐੱਮਪੀਆਈ ਦੇ ਸੂਬਾ ਸਕੱਤਰੇਤ ਮੈਂਬਰ ਕੁਲਵੰਤ ਸਿੰਘ ਸੰਧੂ ਨੇ ਕਿਸਾਨਾਂ ਨਾਲ ਸਬੰਧਤ ਮੁਸ਼ਕਲਾਂ ਦਾ ਜਿਕਰ ਕਰਦਿਆਂ ਆਪਣੇ ਯੁੱਧ ਸਾਥੀਆਂ ਨੂੰ ਸ਼ਰਧਾਂਜ਼ਲੀ ਭੇਂਟ ਕੀਤੀ। ਪਾਰਟੀ ਦੇ ਸੂਬਾ ਕਮੇਟੀ ਮੈਂਬਰ ਦਰਸ਼ਨ ਨਾਹਰ ਨੇ ਦੇਸ਼ ਭਰ 'ਚ ਦਲਿਤਾਂ 'ਤੇ ਹੋ ਰਹੇ ਜ਼ੁਲਮਾਂ ਦੀ ਨਿਖੇਧੀ ਕੀਤੀ। ਇਸ ਕਾਨਫਰੰਸ ਨੂੰ ਜ਼ਿਲ੍ਹੇ ਦੇ ਕਾਰਜਕਾਰੀ ਸਕੱਤਰ ਅਤੇ ਸੂਬਾ ਕਮੇਟੀ ਮੈਂਬਰ ਜਸਵਿੰਦਰ ਸਿੰਘ ਢੇਸੀ, ਸੂਬਾ ਕਮੇਟੀ ਮੈਂਬਰ ਸ਼ਿਵ ਕੁਮਾਰ ਤਿਵਾੜੀ, ਸੰਤੋਖ ਸਿੰਘ ਬਿਲਗਾ, ਨਿਰਮਲ ਮਲਸੀਆਂ, ਸਤਪਾਲ ਸਹੋਤਾ, ਮੱਖਣ ਪੱਲਣ ਨੇ ਵੀ ਸੰਬੋਧਨ ਕੀਤਾ। ਇਸ ਮੌਕੇ ਸਾਥੀ ਪਾਸਲਾ ਨੂੰ 2.13 ਲੱਖ ਰੁਪਏ ਦੀ ਇੱਕ ਥੈਲੀ ਵੀ ਭੇਂਟ ਕੀਤੀ ਗਈ। ਅੰਤ 'ਚ ਨਿਰਮਲ ਆਧੀ ਨੇ ਸਹਿਯੋਗੀਆਂ ਦਾ ਧੰਨਵਾਦ ਕੀਤਾ।

No comments:

Post a Comment