Thursday 6 July 2017

ਸ਼ਾਨਦਾਰ ਪ੍ਰਾਪਤੀਆਂ ਨਾਲ ਸੰਪਨ ਹੋਇਆ ਸੈਂਚੂਰੀ ਪਲਾਈਵੁੱਡ ਫੈਕਟਰੀ ਵਿਰੁੱਧ ਚਲ ਰਿਹਾ ਸੰਘਰਸ਼

ਹਰਕੰਵਲ ਸਿੰਘ
 
'ਵਾਤਾਵਰਨ ਬਚਾਓ ਸੰਘਰਸ਼ ਕਮੇਟੀ' ਅਤੇ ਸੈਂਚੂਰੀ ਪਲਾਈਵੁੱਡ ਕੰਪਨੀ ਦੇ ਮਾਲਕਾਂ ਵਿਚਕਾਰ 24 ਜੂਨ ਨੂੰ ਹੋਏ ਇਕ 17 ਨੁਕਾਤੀ ਲਿਖਤੀ ਸਮਝੌਤੇ ਨਾਲ ਦੌਲੋਵਾਲ (ਹੁਸ਼ਿਆਰਪੁਰ) ਵਿਖੇ ਚਲ ਰਹੇ ਜੁਝਾਰੂ ਜਨਤਕ ਸੰਘਰਸ਼ ਨੇ ਕਈ ਲਾਮਿਸਾਲ ਪ੍ਰਾਪਤੀਆਂ ਦੇ ਝੰਡੇ ਗੱਡ ਦਿੱਤੇ ਹਨ। ਅਤੇ, 9 ਮਾਰਚ ਤੋਂ ਲਗਾਤਾਰ ਦਿਨ-ਰਾਤ ਦੇ ਧਰਨੇ ਦੇ ਰੂਪ ਵਿਚ ਚਲਿਆ ਆ ਰਿਹਾ ਇਹ ਮੋਰਚਾ 108 ਵੇਂ ਦਿਨ ਵਿਚ ਪੂਰੀ ਤਰ੍ਹਾਂ ਜੇਤੂ ਹੋ ਨਿਬੜਿਆ ਹੈ। ਸੰਭਵ ਹੈ ਕਿ ਇਹ ਸਮਝੌਤਾ ਸ਼ਾਇਦ ਭਵਿੱਖ ਵਿਚ ਅਜੇਹੇ ਜਨਤਕ ਘੋਲਾਂ ਲਈ ਇਕ ਰਾਹ-ਦਰਸਾਊ ਮੀਲ ਪੱਥਰ ਸਿੱਧ ਹੋਵੇ।
ਹੁਸ਼ਿਆਰਪੁਰ-ਦਸੂਹਾ ਸੜਕ 'ਤੇ ਪਿੰਡ ਦੌਲੋਵਾਲ ਵਿਖੇ, ਲਗਭਗ 40 ਏਕੜ ਦੇ ਰਕਬੇ ਵਿਚ ਇਸ ਅਜਾਰੇਦਾਰ ਕੰਪਣੀ ਵਲੋਂ ਲਾਈ ਜਾ ਰਹੀ ਪਲਾਈ ਆਦਿ ਦੀ ਫੈਕਟਰੀ ਅੰਦਰ ਪਲਾਈ ਬੋਰਡ ਅਤੇ ਐਮ.ਡੀ.ਐਫ. ਬੋਰਡ ਤੋਂ ਇਲਾਵਾ ਫਾਰਮੈਲਡੇਹਾਈਡ ਅਤੇ  ਰੇਜ਼ਿਨ ਬਨਾਉਣ ਲਈ ਲਾਏ ਜਾ ਰਹੇ ਕੈਮੀਕਲ ਪਲਾਂਟ ਵਿਰੁੱਧ 21 ਅਕਤੂਬਰ 2016 ਤੋਂ ਇਹ ਜਨਤਕ ਸੰਘਰਸ਼ ਸ਼ੁਰੂ ਹੋਇਆ ਸੀ। ਇਸ ਖਤਰਨਾਕ ਕੈਮੀਕਲ ਪਲਾਂਟ ਨਾਲ ਇਲਾਕੇ ਦੀ ਪੌਣ-ਪਾਣੀ ਦੇ ਪ੍ਰਦੂਸ਼ਤ ਹੋਣ ਨਾਲ ਸਮੁੱਚੇ ਵਾਤਾਵਰਣ ਅਤੇ ਮਨੁੱਖੀ ਜੀਵਨ ਉਪਰ ਪੈਣ ਵਾਲੇ ਮਾਰੂ ਪ੍ਰਭਾਵਾਂ ਨੂੰ ਭਾਂਪਦਿਆਂ ਕੁਝ ਸਰਪੰਚਾਂ ਅਤੇ ਹੋਰ ਸੁਹਿਰਦ ਲੋਕਾਂ ਨੇ ਗਰਾਮ ਪੰਚਾਇਤ ਗੋਬਿੰਦਪੁਰ ਖੁਨਖੁਨ ਦੇ ਸਰਪੰਚ ਸ. ਗੁਰਦੀਪ ਸਿੰਘ ਦੀ ਅਗਵਾਈ ਹੇਠ ਇਕ ਸੰਘਰਸ਼ ਕਮੇਟੀ ਬਣਾਕੇ ਇਹ ਘੋਲ ਆਰੰਭ ਕੀਤਾ ਸੀ। ਪੜਾਅਵਾਰ ਚੱਲੇ ਇਸ ਘੋਲ ਦੀ ਲੜੀ ਵਜੋਂ ਹੀ 9 ਮਾਰਚ ਨੂੰ ਫੈਕਟਰੀ ਦੇ ਸਾਹਮਣੇ ਲਗਾਤਾਰ ਧਰਨਾ ਆਰੰਭ ਕਰਕੇ ਫੈਕਟਰੀ ਲਈ ਨਵੀਂ ਲਿਆਂਦੀ ਜਾ ਰਹੀ 66ਕੇ.ਵੀ. ਦੀ ਬਿਜਲੀ ਲਾਈਨ ਉਪਰ ਪਾਈਆਂ ਜਾਣ ਵਾਲੀਆਂ ਤਾਰਾਂ ਦਾ ਕੰਮ ਰੋਕਿਆ ਗਿਆ ਸੀ। ਕਈ ਤਰ੍ਹਾਂ ਦੀਆਂ ਭੜਕਾਹਟਾਂ ਦੇ ਬਾਵਜੂਦ ਇਹ ਪੁਰਅਮਨ ਧਰਨਾ ਲਗਾਤਾਰ ਚਲਦਾ ਰਿਹਾ। ਹਰ ਰੋਜ ਹਜ਼ਾਰਾਂ ਦੀ ਗਿਣਤੀ ਵਿਚ ਮਰਦ ਤੇ ਔਰਤਾਂ ਇਸ ਵਿਚ ਸ਼ਾਮਲ ਹੁੰਦੇ ਰਹੇ। ਔਰਤਾਂ ਦੀ ਗਿਣਤੀ ਤਾਂ ਕਈ ਵਾਰ 60% ਤੋਂ ਵੀ ਵੱਧ ਹੋ ਜਾਂਦੀ ਸੀ। ਇਲਾਕੇ ਦੀਆਂ 70 ਦੇ ਕਰੀਬ ਪੰਚਾਇਤਾਂ ਨੇ ਫੈਕਟਰੀ ਵਿਰੁੱਧ ਮਤੇ ਪਾਸ ਕਰਕੇ ਸਰਕਾਰ ਨੂੰ ਭੇਜੇ। ਲੋਕਾਂ ਦੇ ਇਸ ਜਬਰਦਸਤ ਰੋਹ ਅਤੇ ਜਥੇਬੰਦ ਜਨਤਕ ਦਬਾਅ ਸਦਕਾ ਹੀ ਫੈਕਟਰੀ ਦੇ ਮਾਲਕਾਂ ਨੂੰ ਕੈਮੀਕਲ ਪਲਾਂਟ ਦੀ ਮਨਜੂਰੀ ਲਈ ਸਰਕਾਰ ਨੂੰ ਭੇਜਿਆ ਗਿਆ ਕੇਸ 9 ਜੂਨ ਨੂੰ ਵਾਪਸ ਲੈਣ ਲਈ ਮਜ਼ਬੂਰ ਹੋਣਾ ਪਿਆ।
ਇਹ ਇਸ ਜੁਝਾਰੂ ਜਨਤਕ ਸੰਘਰਸ਼ ਦੀ ਵੱਡੀ ਜਿੱਤ ਸੀ। ਪ੍ਰੰਤੂ ਇਹ ਵੀ ਖਤਰਾ ਸੀ ਕਿ ਘੋਲ ਦੇ ਖਤਮ ਹੋਣ ਅਤੇ ਫੈਕਟਰੀ ਲਈ ਬਿਜਲੀ ਦੀ ਸਪਲਾਈ ਚਾਲੂ ਹੋ ਜਾਣ ਉਪਰੰਤ ਮਾਲਕ ਕੈਮੀਕਲ ਪਲਾਂਟ ਦੀ ਮਨਜ਼ੂਰੀ ਲਈ ਦੁਬਾਰਾ ਅਪਲਾਈ ਕਰ ਸਕਦੇ ਹਨ। ਇਸ ਲਈ ਸੰਘਰਸ਼ ਨੂੰ ਬਦਸਤੂਰ ਜਾਰੀ ਰੱਖਿਆ ਗਿਆ ਅਤੇ ਵਾਤਾਵਰਣ ਨੂੰ ਪ੍ਰਦੂਸ਼ਨ ਮੁਕਤ ਰੱਖਣ ਨਾਲ ਸਬੰਧਤ ਕੁਝ ਹੋਰ ਮੁੱਦਿਆਂ ਨੂੰ ਵੀ ਉਭਾਰਿਆ ਗਿਆ, ਨਾਲ ਹੀ ਸੰਘਰਸ਼ ਕਮੇਟੀ ਦਾ ਵਿਸਤਾਰ ਵੀ ਕੀਤਾ ਗਿਆ। ਇਸ ਸਮੁੱਚੇ ਪਿਛੋਕੜ ਵਿਚ ਹੀ ਜ਼ਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਦੀ ਪਹਿਲ ਕਦਮੀ 'ਤੇ 15 ਜੂਨ ਨੂੰ ਡਿਪਟੀ ਕਮਿਸ਼ਨਰ ਦੇ ਦਫਤਰ ਵਿਚ ਸੰਘਰਸ ਕਮੇਟੀ ਦੇ ਆਗੂਆਂ ਅਤੇ ਫੈਕਟਰੀ ਦੇ ਮਾਲਕਾਂ ਵਿਚਕਾਰ ਗੱਲਬਾਤ ਦਾ ਦੌਰ ਆਰੰਭ ਹੋਇਆ ਜਿਸ ਦੇ ਸਿੱਟੇ ਵਜੋਂ 24 ਜੂਨ ਦਾ ਸਮਝੌਤਾ ਸਿਰੇ ਚੜ੍ਹਿਆ। ਇਸ ਲਿਖਤੀ ਸਮਝੌਤੇ, ਜਿਸ ਉਪਰ ਫੈਕਟਰੀ ਮਾਲਕ ਅਤੇ ਸੰਘਰਸ਼ ਕਮੇਟੀ ਦੇ ਪ੍ਰਧਾਨ ਤੋਂ ਇਲਾਵਾ ਐਸ.ਡੀ.ਐਮ. ਹੁਸ਼ਿਆਰਪੁਰ ਅਤੇ ਹੋਰ ਪ੍ਰਸ਼ਾਸਨਿਕ ਅਧਿਕਾਰੀਆਂ ਦੇ ਦਸਤਖਤ ਵੀ ਹੋਏ ਹਨ, ਵਿਚ ਕੰਪਣੀ ਦੇ ਮਾਲਕਾਂ ਨੇ ਇਹ ਪ੍ਰਵਾਨ ਕੀਤਾ ਹੈ ਕਿ ਉਹ ਏਥੇ ਕੈਮੀਕਲ ਪਲਾਂਟ ਲਾਉਣ ਲਈ ਮੁੜ ਕਦੇ ਵੀ ਅਪਲਾਈ ਨਹੀਂ ਕਰਨਗੇ। ਇਸ ਤੋਂ ਇਲਾਵਾ ਇਹ ਵੀ ਪ੍ਰਵਾਨ ਕੀਤਾ ਗਿਆ ਕਿ ਐਮ.ਡੀ.ਐਫ. ਬੋਰਡ ਬਨਾਉਣ ਦੇ ਪਲਾਂਟ ਨਾਲ ਹੋਣ ਵਾਲੇ ਹਵਾ, ਪਾਣੀ ਤੇ ਸ਼ੋਰ ਪ੍ਰਦੂਸ਼ਣ ਨੂੰ ਦੇਸ਼ ਦੇ ਪ੍ਰਵਾਨਤ ਮਾਪਦੰਡਾਂ ਤੋਂ ਵੀ ਥੱਲੇ ਰੱਖਣ ਲਈ ਅਤੀ ਆਧੁਨਿਕ ਉਪਕਰਨਾਂ ਦੀ ਵਰਤੋਂ ਕੀਤੀ ਜਾਵੇਗੀ ਅਤੇ ਫੈਕਟਰੀ ਦੀ ਚਾਰ ਦਿਵਾਰੀ ਅੰਦਰ 15 ਤੋਂ 40 ਮੀਟਰ ਤੱਕ ਦਰੱਖਤ ਲਾ ਕੇ ਸੰਘਣੀ ਹਰੀ ਪੱਟੀ ਬਣਾਈ ਜਾਵੇਗੀ। ਤਾਂ ਜੋ ਇਲਾਕੇ ਨੂੰ ਸ਼ੋਰ ਪ੍ਰਦੂਸ਼ਣ ਤੋਂ ਪੂਰੀ ਤਰ੍ਹਾਂ ਮੁਕਤ ਬਣਾਇਆ ਜਾ ਸਕੇ। ਕੈਮੀਕਲ ਪਲਾਂਟ ਲਈ ਰੱਖੇ ਗਏ 4 ਏਕੜ ਦੇ ਰਕਬੇ ਵਿਚ ਵੀ ਦਰੱਖਤ ਲਾ ਕੇ ਅਤੇ ਪਾਰਕ ਬਣਾਕੇ ਵਾਤਾਵਰਣ ਨੂੰ ਚੰਗੇਰਾ ਬਣਾਉਣ ਦੇ ਉਪਰਾਲੇ ਕੀਤੇ ਜਾਣਗੇ। ਇਹ ਫੈਸਲਾ ਵੀ ਲਿਖਿਆ ਗਿਆ ਕਿ ਫੈਕਟਰੀ ਅੰਦਰ ਵਰਤੇ ਗਏ ਪਾਣੀ ਨੂੰ ਸਾਫ ਕਰਨ ਲਈ ਜਿਹੜੇ ਦੋ ਟਰੀਟਮੈਂਟ ਪਲਾਂਟ ਲਾਏ ਜਾ ਰਹੇ ਹਨ ਉਹਨਾਂ ਦਾ ਸਾਫ ਕੀਤਾ ਹੋਇਆ ਪਾਣੀ ਪਹਿਲਾਂ ਇਕ ਤਲਾਬ ਵਿਚ ਇਕੱਠਾ ਕੀਤਾ ਜਾਵੇਗਾ ਜਿਸ ਵਿਚ ਮੱਛੀਆਂ ਪਾਈਆਂ ਜਾਣਗੀਆਂ ਤਾਂ ਜੋ ਪਾਣੀ ਦੀ ਸ਼ੁੱਧਤਾ ਦੀ ਨਿਰੰਤਰ ਪਰਖ ਹੁੰਦੀ ਰਹੇ। ਇਸ ਤੋਂ ਬਾਅਦ ਹੀ ਪਾਣੀ ਬੂਟਿਆਂ ਆਦਿ ਦੀ ਸਿੰਚਾਈ ਲਈ ਵਰਤਿਆ ਜਾਵੇਗਾ। ਫੈਕਟਰੀ ਮਾਲਕਾਂ ਨੇ ਇਹ ਵੀ ਭਰੋਸਾ ਦਿੱਤਾ ਹੈ ਕਿ ਇਸ ਫੈਕਟਰੀ ਤੋਂ ਹੁਣ ਕਿਸੇ ਵੀ ਤਰ੍ਹਾਂ ਦੇ ਪ੍ਰਦੂਸ਼ਨ ਦੀ ਸੰਭਾਵਨਾ ਨਹੀਂ ਹੈ ਅਤੇ ਕਿਸੇ ਵੀ ਕਿਸਮ ਦੀ ਬਿਮਾਰੀ ਦਾ ਕੋਈ ਖਤਰਾ ਨਹੀਂ ਹੈ। ਇਸ ਦੇ ਬਾਵਜੂਦ ਇਹ ਫੈਸਲਾ ਲਿਖਿਆ ਗਿਆ ਹੈ ਕਿ ਜੇਕਰ ਇਸ ਫੈਕਟਰੀ ਕਾਰਨ ਕੋਈ ਬਿਮਾਰੀ ਫੈਲਦੀ ਹੈ ਤਾਂ ਫੈਕਟਰੀ ਦੇ 5 ਕਿਲੋਮੀਟਰ ਦੇ ਘੇਰੇ ਵਿਚ ਉਸ ਬਿਮਾਰੀ ਦੇ ਸ਼ਿਕਾਰ ਬਣਨ ਵਾਲੇ ਹਰ ਵਿਅਕਤੀ ਦੇ ਇਲਾਜ ਦੀ ਸਮੁੱਚੀ ਜੁੰਮੇਵਾਰੀ ਫੈਕਟਰੀ ਦੀ ਹੋਵੇਗੀ। ਫੈਸਲੇ ਵਿਚ ਇਹ ਵੀ ਲਿਖਿਆ ਗਿਆ ਹੈ ਕਿ ਫੈਕਟਰੀ ਅਧੀਨ ਰਕਬੇ ਵਿਚਲੇ ਖੇਤਰ ਵਿਚ ਸਿੰਚਾਈ ਲਈ ਲੱਗੇ ਹੋਏ 6 ਟਿਊਬਵੈਲ ਬੰਦ ਕਰ ਦਿੱਤੇ ਗਏ ਹਨ ਅਤੇ ਫੈਕਟਰੀ ਨੇ ਦੋ ਟਿਊਬਵੈਲਾਂ ਦੀ ਨਵੇਂ ਸਿਰੇ ਤੋਂ ਨਵੀਆਂ ਸ਼ਰਤਾਂ ਅਧੀਨ ਸਰਕਾਰ ਤੋਂ ਪ੍ਰਵਾਨਗੀ ਲੈ ਲਈ ਹੈ ਅਤੇ ਬਾਰਸ਼ਾਂ ਦੇ ਬਰਾਬਰ ਮਾਤਰਾ ਦਾ ਪਾਣੀ ਧਰਤੀ ਅੰਦਰ ਰੀਚਾਰਜ ਕੀਤਾ ਜਾਵੇਗਾ।
ਇਸ ਲਿਖਤੀ ਸਮਝੌਤੇ ਦਾ ਨਿਵੇਕਲਾ ਫੈਸਲਾ ਇਹ ਹੈ ਕਿ ਇਸ ਫੈਕਟਰੀ ਲਈ ਵਿਛਾਈ ਗਈ ਨਵੀਂ ਬਿਜਲੀ ਲਾਈਨ ਹੇੇਠ ਲੱਗੇ ਸਾਰੇ 19 ਪਿੱਲਰਾਂ ਅਤੇ ਤਾਰਾਂ ਹੇਠ ਆਈ ਜ਼ਮੀਨ ਦਾ ਢੁਕਵਾਂ ਮੁਆਵਜ਼ਾ ਸਬੰਧਤ ਖੇਤਾਂ ਦੇ ਮਾਲਕਾਂ ਨੂੰ ਕੰਪਣੀ ਵਲੋਂ ਦਿੱਤਾ ਜਾਵੇਗਾ। ਇਕ ਹੋਰ ਨਿਵੇਕਲਾ ਫੈਸਲਾ ਇਹ ਦਰਜ ਕੀਤਾ ਗਿਆ ਹੈ ਕਿ ਇਸ ਮੁਆਵਜ਼ੇ ਦੀ ਇਹ ਰਾਸ਼ੀ ਨਿਰਧਾਰਤ ਕਰਨ ਲਈ ਅਤੇ ਇਸ ਇਕਰਾਰਨਾਮੇ ਵਿਚਲੇ ਹੋਰ ਸਾਰੇ ਮੁੱਦਿਆਂ ਨੂੰ ਲਾਗੂ ਕਰਾਉਣ ਤੇ ਭਵਿੱਖ ਵਿਚ ਵੀ ਯਕੀਨੀ ਬਣਾਈ ਰੱਖਣ ਲਈ ਸ. ਗੁਰਦੀਪ ਸਿੰਘ ਦੀ ਅਗਵਾਈ ਹੇਠ ਸੰਘਰਸ਼ ਕਮੇਟੀ ਦੇ 6 ਹੋਰ ਮੈਂਬਰਾਂ 'ਤੇ ਅਧਾਰਤ ਇਕ ਨਿਗਰਾਨ ਕਮੇਟੀ ਬਣਾਈ ਗਈ ਹੈ। ਇਸ ਕਮੇਟੀ ਦੀਆਂ ਸਿਫਾਰਸ਼ਾਂ 'ਤੇ ਜੇਕਰ ਫੈਕਟਰੀ ਦੀ ਮੈਨੇਜਮੈਂਟ ਦੀ ਕੋਈ ਅਸਹਿਮਤੀ ਹੋਵੇ ਤਾਂ ਉਸ ਬਾਰੇ ਜ਼ਿਲ੍ਹਾ ਪ੍ਰਸ਼ਾਸਨ ਨਿਪਟਾਰਾ ਕਰਵਾਏਗਾ।
ਇਸ ਤੋਂ ਬਿਨਾਂ ਇਸ ਸਮਝੌਤੇ ਵਿਚ ਹੇਠ ਲਿਖੇ ਹੋਰ ਫੈਸਲੇ ਵੀ ਦਰਜ ਕੀਤੇ ਗਏ ਹਨ :
1.  ਦੌਲੋਵਾਲ-ਨਿਆਜ਼ੀਆਂ ਲਿੰਕ ਰੋਡ ਦੇ ਪੱਛਮੀ ਪਾਸੇ ਵੱਲ ਫੈਕਟਰੀ ਆਪਣੀ ਮਾਲਕੀ ਨਹੀਂ ਵਧਾਏਗੀ ਭਾਵ ਹੋਰ ਜ਼ਮੀਨ ਨਹੀਂ ਖਰੀਦੇਗੀ।


2.  ਫੈਕਟਰੀ ਆਪਣੇ ਮੁਨਾਫੇ 'ਚੋਂ ਕਾਰਪੋਰੇਟ ਸਮਾਜਿਕ ਜਿੰਮੇਵਾਰੀ (CSR) ਫੰਡ ਲਈ ਕਾਨੂੰਨੀ ਤੌਰ 'ਤੇ ਲੋੜੀਂਦੀ 2% ਦੀ ਰਕਮ ਨਾਲੋਂ ਕਾਫੀ ਵੱਧ (Much more) ਰਕਮ ਇਲਾਕੇ ਦੇ ਵਿਕਾਸ ਅਤੇ ਹੋਰ ਸਮਾਜਿਕ ਭਲਾਈ ਦੇ ਕਾਰਜਾਂ 'ਤੇ ਖਰਚ ਕਰੇਗੀ।
 

3.  ਫੈਕਟਰੀ ਅਧੀਨ ਆਏ ਰਸਤਿਆਂ ਦੇ ਬਦਲੇ ਵਿਚ ਫੈਕਟਰੀ ਵਲੋਂ ਨੌਜਵਾਨਾਂ ਵਾਸਤੇ ਢੁਕਵਾਂ ਖੇਡ ਦਾ ਮੈਦਾਨ ਫੈਕਟਰੀ ਤੋਂ ਬਾਹਰ ਬਣਾਕੇ ਦਿੱਤਾ ਜਾਵੇਗਾ।
 

4.  ਫੈਕਟਰੀ ਦੇ ਅੰਦਰ ਬਣੀ ਹੋਈ ਇਕ ਪੀਰ ਦੀ ਮਜ਼ਾਰ ਅਤੇ ਇਸ ਖੇਤਰ ਵਿਚ ਪੁਰਾਣੇ 20-22 ਦਰੱਖਤਾਂ ਨੂੰ ਜਿਓਂ ਦੀ ਤਿਓਂ ਰੱਖਿਆ ਜਾਵੇਗਾ ਅਤੇ ਉਸ ਤੱਕ ਆਉਣ ਜਾਣ ਲਈ ਦੋ ਕਰਮ ਦਾ ਰਸਤਾ ਫੈਕਟਰੀ ਛੱਡੇਗੀ।
 

5. ਫੈਕਟਰੀ ਦੇ ਰਿਹਾਇਸ਼ੀ ਬਲਾਕ/ਗੈਸਟ ਹਾਊਸ ਦੀਆਂ ਖਿੜਕੀਆਂ ਦੌਲੋਵਾਲ ਪਿੰਡ ਵੱਲ ਨਹੀਂ ਰੱਖੀਆਂ ਜਾਣਗੀਆਂ।
 

6.  ਫੈਕਟਰੀ ਵਿਚ ਸਮੁੱਚਾ ਅਮਲਾ ਤੇ ਵਰਕਰ ਯੋਗਤਾ ਪੂਰੀ ਹੋਣ 'ਤੇ ਇਲਾਕੇ 'ਚੋਂ ਹੀ ਭਰਤੀ ਕੀਤੇ ਜਾਣਗੇ।
 

7.  ਫੈਕਟਰੀ ਤਨਖਾਹ ਤੇ ਭੱਤਿਆਂ ਆਦਿ ਨਾਲ ਸਬੰਧਤ ਸਾਰੇ ਕਿਰਤ ਕਾਨੂੰਨਾਂ ਦੀ ਮੁਕੰਮਲ ਰੂਪ ਵਿਚ ਪਾਲਣਾ ਕਰੇਗੀ।
 

8.  ਕਿਸਾਨ ਤੋਂ ਲੱਕੜ ਖਰੀਦਣ ਸਮੇਂ ਫੈਕਟਰੀ ਕਿਸਾਨਾਂ ਦਾ ਕਿਸੇ ਵੀ ਤਰ੍ਹਾਂ ਦਾ ਸ਼ੋਸ਼ਣ ਨਹੀਂ ਕਰੇਗੀ।
 

9.  ਫੈਕਟਰੀ ਦੇ ਅੰਦਰ ਕੋਈ ਵੀ ਹੋਰ ਪ੍ਰਾਜੈਕਟ ਸ਼ੁਰੂ ਕਰਨ ਤੋਂ ਪਹਿਲਾਂ ਫੈਕਟਰੀ ਦੇ ਮਾਲਕ/ਸੰਚਾਲਕ ਨਿਗਰਾਨ ਕਮੇਟੀ ਨਾਲ ਲਾਜ਼ਮੀ ਸਲਾਹ ਮਸ਼ਵਰਾ ਕਰਨਗੇ।
ਇਸ ਤੋਂ ਇਲਾਵਾ ਇਸ ਸੰਘਰਸ਼ ਦੇ ਦਬਾਅ ਹੇਠ ਪ੍ਰਸ਼ਾਸਨ ਨਾਲ ਸਬੰਧਤ ਕੁੱਝ ਹੋਰ ਮੰਗਾਂ ਤੇ ਜਨਤਕ ਮੰਗਾਂ ਉਪਰ ਵੀ ਨੀਤੀਗਤ ਨਿਰਣੇ ਕਰਵਾਏ ਗਏ ਹਨ। ਜਿਵੇਂ ਕਿ ਇਸ ਸਮੁੱਚੇ ਘੋਲ ਦੌਰਾਨ ਗੁਰਦੇਵ ਰਾਮ, ਕੁਲਵਿੰਦਰ ਸਿੰਘ ਤੇ ਸੰਘਰਸ਼ ਕਮੇਟੀ ਦੇ ਹੋਰ ਮੈਂਬਰਾਂ ਉਪਰ ਬਣਾਏ ਗਏ ਸਾਰੇ ਪੁਲਸ ਕੇਸਾਂ ਨੂੰ ਖਤਮ ਕਰਨਾ, 6 ਜੂਨ ਨੂੰ ਬੀਬੀ ਮਨਜੀਤ ਕੌਰ ਦਾ ਰਾਹ ਰੋਕ ਕੇ ਉਸ ਉਪਰ ਹਮਲਾ ਕਰਨ ਵਾਲੇ ਦੋਸ਼ੀਆਂ ਨੂੰ ਛੇਤੀ ਤੋਂ ਛੇਤੀ ਗ੍ਰਿਫਤਾਰ ਕਰਕੇ ਢੁਕਵੀਆਂ ਸਜ਼ਾਵਾਂ ਦੁਆਉਣਾ, ਕੁਝ ਸਮਾਂ ਪਹਿਲਾਂ ਇਕ ਸਿਆਸੀ ਆਗੂ ਦੀ ਜੀਪ ਹੇਠ ਦਰੜੀਆਂ ਗਈਆਂ ਦੋ ਬੱਚੀਆਂ ਦੇ ਪਰਿਵਾਰਾਂ ਨੂੰ ਅਤੇ ਜਖ਼ਮੀ ਹੋਈ ਇਕ ਬੱਚੀ ਪ੍ਰੀਆ ਕਲਸੀ ਨੂੰ ਸਰਕਾਰੀ ਨੌਕਰੀ ਦੁਆਉਣ ਲਈ ਨਵੇਂ ਸਿਰੇ ਤੋਂ ਲੋੜੀਂਦੀ ਕਾਰਵਾਈ ਆਰੰਭ ਕਰਨਾ। ਫੈਕਟਰੀਆਂ ਦੇ ਵੱਧ ਰਹੇ ਪ੍ਰਦੂਸ਼ਨ ਤੇ ਸ਼ੋਰ ਪ੍ਰਦੂਸ਼ਣ ਨੂੰ ਰੋਕਣ ਵਾਸਤੇ ਵੱਖ-ਵੱਖ ਪੱਧਰਾਂ ਤੇ ਨਿਗਰਾਨ ਕਮੇਟੀਆਂ ਦਾ ਗਠਨ ਕਰਨਾ ਆਦਿ ਬਾਰੇ ਦੀ ਨਿੱਠ ਕੇ ਵਿਚਾਰ ਵਟਾਂਦਰਾ ਕੀਤਾ ਗਿਆ।
ਇਸ ਤਰ੍ਹਾਂ ਨਿਸ਼ਚੇ ਹੀ ਇਸ ਜਾਨਹੂਲਵੇਂ ਸੰਘਰਸ਼ ਦੀਆਂ ਇਹ ਮਾਣ ਮੱਤੀਆਂ ਪ੍ਰਾਪਤੀਆਂ ਹਨ। ਜਿਹਨਾਂ ਲਈ ਸੈਂਕੜਿਆਂ ਦੀ ਗਿਣਤੀ ਵਿਚ ਇਲਾਕੇ ਦੇ ਲੋਕਾਂ ਨੇ ਅਦੁੱਤੀ ਸਿਦਕ ਤੇ ਸਿਰੜ ਦਾ ਸਬੂਤ ਦਿੱਤਾ ਹੈ। ਸਰਦੀਆਂ ਵਿਚ ਸ਼ੁਰੂ ਹੋਇਆ ਮੋਰਚਾ ਤਿੱਖੀਆਂ ਧੁੱਪਾਂ ਵਿਚ ਵੀ ਬਦਸਤੂਰ ਤਪਦਾ ਰਿਹਾ। ਲੋਕਾਂ ਨੇ ਰੜੇ ਮੈਦਾਨ ਵਿਚ ਮੀਂਹ-ਹਨੇਰੀ ਦਾ ਵੀ ਟਾਕਰਾ ਕੀਤਾ, ਤਿੱਖੀਆਂ ਧੁੱਪਾਂ ਦਾ ਵੀ ਅਤੇ ਸੱਪਾਂ ਸਮੇਤ ਹਰ ਤਰ੍ਹਾਂ ਦੇ ਕੀੜੇ ਮਕੌੜਿਆਂ ਤੇ ਮੱਛਰਾਂ ਦਾ ਵੀ। ਬੀਬੀਆਂ ਨੇ ਲਗਾਤਾਰ ਚੱਲੇ ਲੰਗਰ ਦੀ ਸਮੁੱਚੀ ਸੇਵਾ ਨੂੰ ਅਥਾਹ ਸੁਹਿਰਦਤਾ ਤੇ ਸ਼ਰਧਾ ਨਾਲ ਨਿਭਾਇਆ। ਕਈ ਮੌਕਿਆਂ ਤੇ ਲੰਗਰ ਛਕਣ ਵਾਲਿਆਂ ਦੀ ਗਿਣਤੀ 1200-1400 ਨੂੰ ਵੀ ਟੱਪ ਜਾਂਦੀ ਰਹੀ ਹੈ। ਇਸਦੇ ਬਾਵਜੂਦ ਲੋਹ-ਲੰਗਰ ਅਤੁੱਟ ਵਰਤਦਾ ਰਿਹਾ। ਇਸ ਸੰਘਰਸ਼ ਨੂੰ ਕਿਸਾਨਾਂ, ਮਜ਼ਦੂਰਾਂ ਤੇ ਮੁਲਾਜ਼ਮਾਂ ਦੀਆਂ ਜਨਤਕ ਜਥੇਬੰਦੀਆਂ ਅਤੇ ਲੋਕ-ਪੱਖੀ ਸਿਆਸੀ ਧਿਰਾਂ ਵਲੋਂ ਵੀ ਬਹੁਤ ਹੀ ਮਹੱਤਵਪੂਰਨ ਸਮਰਥਨ ਮਿਲਿਆ। ਆਰ.ਐਮ.ਪੀ.ਆਈ. ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ ਨੇ 4 ਵਾਰ ਧਰਨੇ ਵਿਚ ਸ਼ਾਮਲ ਹੋ ਕੇ ਭਰਵੇਂ ਇਕੱਠਾਂ ਨੂੰ ਸੰਬੋਧਨ ਕੀਤਾ। ਅਕਾਲੀ ਦਲ (ਅੰਮ੍ਰਿਤਸਰ) ਦੇ ਪ੍ਰਧਾਨ ਸ. ਸਿਮਰਨਜੀਤ ਸਿੰਘ ਮਾਨ ਨੇ ਵੀ ਦੋ ਵਾਰ ਇਸ ਸੰਘਰਸ਼ ਨੂੰ ਹੁਲਾਰਾ ਦੇਣ ਵਾਲੀ ਸ਼ਲਾਘਾਯੋਗ ਸ਼ਮੂਲੀਅਤ ਕੀਤੀ। ਇਸ ਤੋਂ ਇਲਾਵਾ ਆਰ.ਐਮ.ਪੀ.ਆਈ. ਦੇ ਜ਼ਿਲ੍ਹਾ ਸਕੱਤਰ ਕਾਮਰੇਡ ਮਹਿੰਦਰ ਸਿੰਘ ਖੈਰੜ ਨੇ ਤਾਂ 108 ਦਿਨ ਹੀ ਸ. ਗੁਰਦੀਪ ਸਿੰਘ ਨਾਲ ਰੜੇ 'ਤੇ ਰਾਤਾਂ ਲੰਘਾਈਆਂ ਅਤੇ ਇਸ ਸੰਘਰਸ਼ ਨੂੰ ਜਥੇਬੰਦ ਕਰਨ ਵਾਸਤੇ ਆਪਣੀਆਂ ਵੱਡਮੁੱਲੀਆਂ ਸੇਵਾਵਾਂ ਅਰਪਤ ਕਰੀ ਰੱਖੀਆਂ। ਏਸੇ ਪਾਰਟੀ ਦੇ ਸੂਬਾਈ ਆਗੂ ਪ੍ਰਿੰਸੀਪਲ ਪਿਆਰਾ ਸਿੰਘ ਨੇ ਵੀ ਇਸ ਸੰਘਰਸ਼ ਨੂੰ ਸਫਲ ਬਨਾਉਣ ਲਈ ਉਭਰਵਾਂ ਯੋਗਦਾਨ ਪਾਇਆ। ਸੀ.ਪੀ.ਆਈ.(ਐਮ) ਦੇ ਜ਼ਿਲ੍ਹਾ ਸਕੱਤਰ ਕਾਮਰੇਡ ਦਰਸ਼ਨ ਸਿੰਘ ਮੱਟੂ ਅਤੇ ਸੂਬਾਈ ਆਗੂ ਕਾਮਰੇਡ ਗੁਰਮੇਸ਼ ਸਿੰਘ ਨੇ ਵੀ ਇਸ ਸੰਘਰਸ਼ ਦੀ ਸਫਲਤਾ ਲਈ ਵੱਡਮੁੱਲਾ ਹਿੱਸਾ ਪਾਇਆ। ਇਹਨਾਂ ਤੋਂ ਬਿਨਾਂ ਇਸ ਜੁਝਾਰੂ ਸੰਘਰਸ਼ ਦੀ ਲਾਮਿਸਾਲ ਸਫਲਤਾ ਲਈ ਉਭਰਵੀਂ ਭੂਮਿਕਾ ਨਿਭਾਉਣ ਵਾਲਿਆਂ ਵਿਚ ਕਾਮਰੇਡ ਹਰਪਾਲ ਸਿੰਘ ਸੰਘਾ ਸਾਬਕਾ ਸਰਪੰਚ ਰਾਜਪੁਰ ਭਾਈਆਂ (ਹੁਸ਼ਿਆਰਪੁਰ), ਮਾਸਟਰ ਸ਼ਿੰਗਾਰਾ ਸਿੰਘ ਮੁਕੀਮਪੁਰ, ਮਾਸਟਰ ਓਮ ਸਿੰਘ ਸਟਿਆਣਾ, ਗੁਰਨਾਮ ਸਿੰਘ ਧੀਂਗੜੀਵਾਲਾ, ਯੋਗੀ ਜਗਦੀਸ਼ ਕੁਮਾਰ ਹਰਿਆਣਾ, ਸਾਬਕਾ ਬਿਜਲੀ ਮੁਲਾਜ਼ਮ ਆਗੂ ਗੁਰਮੇਲ ਸਿੰਘ ਹੁਸ਼ਿਆਰਪੁਰ, ਸਾਥੀ ਸਤੀਸ਼ ਰਾਣਾ ਪ੍ਰਧਾਨ ਪ.ਸ.ਸ.ਫ., ਬੀਬੀ ਕੁਲਵਿੰਦਰ ਕੌਰ ਦੌਲੋਵਾਲ, ਸ. ਜੋਗਿੰਦਰ ਸਿੰਘ ਖੁਨਖੁਨ ਦਾ ਵਰਣਨ ਕਰਨਾ ਵੀ ਜ਼ਰੂਰੀ ਹੈ, ਜਿਹਨਾਂ ਨੇ ਘੋਲ ਵਿਚ ਲਗਾਤਾਰ ਸ਼ਮੂਲੀਅਤ ਕਰਕੇ ਆਪੋ ਆਪਣੀਆਂ ਜਿੰਮੇਵਾਰੀਆਂ ਨੂੰ ਬਹੁਤ ਹੀ ਵਧੀਆ ਢੰਗ ਨਾਲ ਨਿਭਾਇਆ। ਹੋਰ ਵੀ ਬਹੁਤ ਸਾਰੇ ਪਤਵੰਤੇ ਸੱਜਣ ਤੇ ਬੀਬੀਆਂ ਹਨ ਜਿਹਨਾਂ ਨੇ ਇਸ ਘੋਲ ਦੀ ਸਫਲਤਾ ਲਈ ਅਥਾਹ ਘਾਲਣਾ ਘਾਲੀ ਹੈ। ਉਹਨਾਂ ਦੇ ਸਾਰੇ ਨਾਂਅ ਤਾਂ ਦਿੱਤੇ ਹੀ ਨਹੀਂ ਜਾ ਸਕਦੇ। ਇਸ ਸਮੁੱਚੇ ਸੰਘਰਸ਼ ਦੌਰਾਨ ਕੁਝ ਕਮਜ਼ੋਰ ਕੜੀਆਂ ਵੀ ਸਾਹਮਣੇ ਆਈਆਂ ਹਨ। ਕੁਲ ਮਿਲਾ ਕੇ ਇਹ ਇਤਿਹਾਸਕ ਸੰਘਰਸ਼ ਡੂੰਘੀ ਪਰਖ-ਪੜਤਾਲ ਦੀ ਮੰਗ ਕਰਦਾ ਹੈ ਕਿਉਂਕਿ ਇਸ 'ਚੋਂ ਕਈ ਵੱਡਮੁੱਲੇ ਸਬਕ ਤੇ ਸੇਧਾਂ ਨਿਕਲਦੀਆਂ ਹਨ। ਜਿਹਨਾਂ ਤੋਂ ਭਵਿੱਖੀ ਜਨਤਕ ਘੋਲਾਂ ਵਿਚ ਚੰਗਾ ਲਾਹਾ ਲਿਆ ਜਾ ਸਕਦਾ ਹੈ।

No comments:

Post a Comment