Saturday 18 March 2017

ਗੁਰਮਿਹਰ ਕੌਰ ਬਨਾਮ ਏ.ਬੀ.ਵੀ.ਪੀ. : ਅੰਧ ਰਾਸ਼ਟਰਵਾਦ, ਹਨੇਰਬਿਰਤੀਵਾਦ ਦਾ ਪ੍ਰਤੀਰੋਧ ਕਰੋ!

ਮਹੀਪਾਲ 
ਬੀਤੇ ਦਿਨੀਂ ਇਕ ਐਸਾ ਵਰਤਾਰਾ ਵਾਪਰਿਆ ਜਿਸਨੇ ਸਮੁੱਚੇ ਦੇਸ਼ ਦੇ ਜਨਮਾਨਸ ਨੂੰ ਝਿੰਜੋੜ ਸੁੱਟਿਆ। ਦਿੱਲੀ ਦੇ ਲੇਡੀ ਸ਼੍ਰੀਰਾਮ ਕਾਲਜ ਦੀ ਵੀਹ ਸਾਲਾ ਵਿਦਿਆਰਥਣ ਗੁਰਮੇਹਰ ਕੌਰ ਨੇ ਸੋਸ਼ਲ ਮੀਡੀਆ 'ਤੇ ਆਪਣੀ ਖ਼ੁਦ ਦੀ ਇਕ ਤਸਵੀਰ ਜਾਰੀ ਕਰ ਦਿੱਤੀ ਜਿਸ ਵਿਚ ਆਪਣੇ ਹੱਥ 'ਚ ਫੜੀ ਇਕ ਤਖਤੀ 'ਤੇ ਇਸ ਦਿਲੇਰ ਬੱਚੀ ਨੇ ਲਿਖਿਆ ਹੋਇਆ ਸੀ ਕਿ, ''ਮੈਂ ਏ.ਬੀ.ਵੀ.ਪੀ. ਤੋਂ ਨਹੀਂ ਡਰਦੀ ਅਤੇ ਦੇਸ਼ ਭਰ ਦੇ ਵਿਦਿਆਰਥੀ ਮੇਰੇ ਨਾਲ ਹਨ।'' ਇਹ ਏ.ਬੀ.ਵੀ.ਪੀ. ਵਲੋਂ ਵਿੱਦਿਅਕ ਅਦਾਰਿਆਂ 'ਚ ਕੀਤੀਆਂ ਜਾਂਦੀਆਂ ਹਿੰਸਕ ਕਾਰਵਾਈਆਂ, ਪੁਲਸ ਦੀ ਮੂਕ ਦਰਸ਼ਕ ਵਾਲੀ ਭੂਮਿਕਾ, ਕੇਂਦਰੀ ਸਰਕਾਰ ਦੀ ਏ.ਬੀ.ਵੀ.ਪੀ. ਨੂੰ ਖੁੱਲ੍ਹ ਖੇਡਣ ਦੀ ਪੂਰੀ ਛੋਟ ਦੇਣ ਅਤੇ ਵੱਖੋ-ਵੱਖ ਯੂਨੀਵਰਸਿਟੀਆਂ ਦੇ ਪ੍ਰਬੰਧਕਾਂ ਵਲੋਂ ਸਰਕਾਰ ਦੇ ਇਸ਼ਾਰੇ 'ਤੇ ਨੱਚਣ ਵਿਰੁੱਧ ਦੇਸ਼ ਦੇ ਲੱਖਾਂ ਵਿਦਿਆਰਥੀਆਂ ਵਲੋਂ ਪ੍ਰਤੀਕਾਰ ਕੀਤੇ ਜਾਣ ਦਾ ਹੀ ਇਕ ਰੂਪ ਸੀ। ਪਰ ਬਦਕਿਸਮਤੀ ਨਾਲ ਆਪਣੀਆਂ ਕਰਤੂਤਾਂ 'ਤੇ ਸ਼ਰਮਸਾਰ ਹੋਣ, ਨਾਂਹਪੱਖੀ ਕਾਰਵਾਈਆਂ ਕਰਕੇ ਵਿਗੜਿਆ ਅਕਸ ਸੁਧਾਰਨ ਅਤੇ ਸੁਖਾਵਾਂ ਵਿਦਿਅਕ ਮਾਹੌਲ ਬਨਾਉਣ ਲਈ ਲੋੜੀਂਦੇ ਕਦਮ ਚੁੱਕਣ ਦੀ ਥਾਂ ਆਰ.ਐਸ.ਐਸ. ਦਾ ਕੁਨਬਾ ਇਸ 20 ਸਾਲਾ ਬਾਲੜੀ ਦੇ ਮਗਰ ਹੱਥ ਧੋ ਕੇ ਪੈ ਨਿਕਲਿਆ। ਸਰਜੀਕਲ ਸਟਰਾਈਕ ਅਤੇ ਹੋਰ ਫ਼ੌਜੀ ਕਾਰਵਾਈਆਂ ਦਾ ਰਾਜਸੀ ਲਾਭਾਂ ਲਈ ਨੰਗਾ ਚਿੱਟਾ ਲਾਹਾ ਲੈਣ ਵਾਲੀ ਭਾਜਪਾ ਜੁੰਡਲੀ ਅਤੇ ਉਸ ਦੇ ''ਮਾਰਗ ਦਰਸ਼ਕ'' ਆਰ.ਐਸ.ਐਸ. ਨੇ ਇਸ ਗੱਲ ਨੂੰ ਉੱਕਾ ਹੀ ਨਜ਼ਰਅੰਦਾਜ਼ ਕਰ ਦਿੱਤਾ ਕਿ ਗੁਰਮੇਹਰ ਕੌਰ ਦਾ ਪਿਤਾ ਦੇਸ਼ ਦੀ ਸੁਰੱਖਿਆ ਲਈ ਜਾਨ ਵਾਰਨ ਵਾਲਾ ਉਹੀ ਫੌਜੀ ਅਧਿਕਾਰੀ ਹੈ ਜਿਸ ਦੀ ਸ਼ਹਾਦਤ ਨੂੰ ਭਾਜਪਾ ਟੋਲੇ ਨੇ ਰੱਜ ਕੇ ਆਪਣੇ ਚੋਣ ਲਾਭਾਂ ਲਈ ਵਰਤਿਆ ਸੀ। ਹਰ ਛੋਟਾ ਵੱਡਾ ਭਾਜਪਾ ਅਹੁਦੇਦਾਰ, ਕੇਂਦਰੀ ਵਜ਼ੀਰ, ਪਾਰਲੀਮੈਂਟ ਮੈਂਬਰ, ਭਾਜਪਾ ਹਕੂਮਤਾਂ ਵਾਲੇ ਸੂਬਿਆਂ ਦੇ ਮੰਤਰੀ ਆਦਿ ਇਸ ਕੁੜੀ ਨੂੂੰ ਦੇਸ਼ ਵਿਰੋਧੀ ਸਾਬਤ ਕਰਨ ਦੇ ਗੰਦੇ ਅਮਲ 'ਚ ਗਲਤਾਣ ਹੋ ਗਏ। ਕਈਆਂ ਨੇ ਇਸ ਬੱਚੀ ਦੀ ਤੁਲਨਾ ਬਦਨਾਮ ਅਪਰਾਧੀ ਦਾਊਦ ਇਬਰਾਹੀਮ ਨਾਲ ਕਰ ਦਿੱਤੀ। ਇਹ ਗੰਦੀ ਸੋਚ ਵਾਲੇ ਫ਼ਿਰਕੂ, ਇਕ ਜਹੀਨ ਵਿਦਿਆਰਥਣ ਨੂੰ ਹਰ ਹੀਲੇ ਪਾਕਿਸਤਾਨ ਜਾਂ ਹੋਰ ਦੁਸ਼ਮਣ ਦੇਸ਼ ਦਾ ਹੱਥਠੋਕਾ ਸਾਬਤ ਕਰਨ ਤੱਕ ਚਲੇ ਗਏ। ਸਭ ਤੋਂ ਪੀੜਾਦਾਈ ਤੱਥ ਉਦੋਂ ਉਜਾਗਰ ਹੋਇਆ ਜਦੋਂ ਉਸ ਬੱਚੀ ਨੇ ਸੋਸ਼ਲ ਮੀਡੀਆ 'ਚ ਇਹ ਜਾਣਕਾਰੀ ਦਿੱਤੀ ਕਿ ਏ.ਬੀ.ਵੀ.ਪੀ. ਐਂਡ ਕੰਪਨੀ ਵਲੋਂ ਉਸ ਨੂੰ ਬਲਾਤਕਾਰ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਹਨ। ਆਪਣੇ ਆਪ ਨੂੰ ਸੰਸਕਾਰੀ, ਸੱਭਿਅਕ, ਅਨੁਸ਼ਾਸਿਤ, ਸਮਾਜ ਸੁਧਾਰਕ ਕਹਿਣ ਵਾਲੇ ਸੰਘੀਆਂ ਦਾ ਇਹ ਘਿਨੌਣਾ ਚਿਹਰਾ ਕਿਸੇ ਤੋਂ ਲੁਕਿਆ ਹੋਇਆ ਨਹੀਂ। ਅਨੇਕਾਂ ਔਰਤਾਂ ਇਸ ਗੰਦੀ ਭਾਸ਼ਾ ਦਾ ਸ਼ਿਕਾਰ ਹੋ ਚੁੱਕੀਆਂ ਹਨ। ਇਨ੍ਹਾਂ 'ਚ ਅਨੇਕਾਂ ਉਘੀਆਂ ਮਹਿਲਾ ਪੱਤਰਕਾਰ ਅਤੇ ਦੇਸ਼ ਦੇ ਸਭ ਤੋਂ ਵੱਡੇ ਸੂਬੇ  ਯੂ.ਪੀ. ਦੀ ਸਾਬਕਾ ਮੁੱਖ ਮੰਤਰੀ ਬੀਬੀ ਮਾਇਆਵਤੀ ਤੱਕ ਵੀ ਸ਼ਾਮਲ ਹਨ। ਸਾਰਾ ਦੇਸ਼ ਇਸ ਗੱਲ ਦਾ ਪ੍ਰਤੱਖ ਗਵਾਹ ਹੈ ਕਿ ਸਮੁੱਚੀ ਭਾਜਪਾ ਉਪਰੋਕਤ ਸਾਰੇ ਕਾਰਿਆਂ ਦੇ ਦੋਸ਼ੀਆਂ ਨੂੰ ਝਿੜਕ ਤੱਕ ਵੀ ਨਹੀਂ ਰਹੀ ਅਤੇ ਸਾਰੀ ਭੜਾਸ ਇਸ ਵੀਹ ਸਾਲਾ ਮੁਟਿਆਰ ਖਿਲਾਫ ਕੱਢੀ ਜਾ ਰਹੀ ਹੈ। ਠੀਕ ਉਸੇ ਤਰ੍ਹਾਂ ਜਿਵੇਂ ਰੋਹਿਤ ਵੇਮੁੱਲਾ ਨੂੰ ਆਤਮ ਘਾਤ ਵਰਗੇ ਨਿਰਣੇ ਤੱਕ ਪੁੱਜਣ ਲਈ ਮਜ਼ਬੂਰ ਕਰਨ ਵਾਲਿਆਂ ਖਿਲਾਫ਼ ਕਾਰਵਾਈ ਕਰਨ ਦੀ ਥਾਂ ਇਸ ਗੱਲ ਦਾ ਰਾਮ ਰੌਲਾ ਪਾਇਆ ਜਾ ਰਿਹੈ ਕਿ ਰੋਹਿਤ ਵੇਮੁੱਲਾ ਦਲਿਤ ਸੀ ਜਾਂ ਨਹੀਂ?
ਇਸ ਸਾਰੇ ਚੌਤਰਫਾ ਨਾਂਹਪੱਖੀ, ਹਮਲਾਵਰ ਪ੍ਰਚਾਰ ਦੀ ਤਾਜਾ ਕਾਰਨ ਬਣੀ ਹੈ, ਰਾਜਧਾਨੀ ਵਿਚਲੇ ਦਿੱਲੀ ਯੂਨੀਵਰਸਿਟੀ ਨਾਲ ਸਬੰਧਤ, ਰਾਮਜੱਸ ਕਾਲਜ ਵਿਖੇ ਲੰਘੀ 22 ਫਰਵਰੀ ਨੂੰ ਆਰ.ਐਸ.ਐਸ. ਦੀ ਵਿਦਿਆਰਥੀ ਜਥੇਬੰਦੀ ਅਖਿਲ ਭਾਰਤੀ ਵਿਦਿਆਰਥੀ ਪਰੀਸ਼ਦ (ਏ.ਬੀ.ਵੀ.ਪੀ.) ਵਲੋਂ ਗਿਣੀਮਿਥੀ ਸਾਜਿਸ਼ ਅਧੀਨ ਅੰਜ਼ਾਮ ਦਿੱਤੀ ਗਈ ਹਿੰਸਕ ਹਮਲੇ ਦੀ ਘਟਨਾ। ਘਟਨਾ ਦਾ ਪਿਛੋਕੜ ਇਹ ਹੈ ਕਿ, 21 ਫਰਵਰੀ ਨੂੰ ਇਸ ਕਾਲਜ ਵਿਚ ਇਕ ਸੈਮੀਨਾਰ ਰੱਖਿਆ ਗਿਆ ਸੀ ਜਿਸ ਦਾ ਮੁੱਖ ਭਾਸ਼ਣਕਰਤਾ ਜਵਾਹਰ ਲਾਲ ਨਹਿਰੂ ਯੂਨੀਵਰਸਿਟੀ ਦਾ ਆਗੂ ਉਮਰ ਖਾਲਿਦ ਸੀ, ਜਿਸ ਉਪਰ ਭਾਜਪਾ ਸਰਕਾਰ, ਜੇ.ਐਨ.ਯੂ. ਯੂਨੀਵਰਸਿਟੀ ਪ੍ਰਬੰਧਨ ਅਤੇ ਏ.ਬੀ.ਵੀ.ਪੀ. ਆਦਿ ਨੇ ਹਮ ਮਸ਼ਵਰਾ ਹੋ ਕੇ ਰਾਜਧ੍ਰੋਹ ਦਾ ਮੁਕੱਦਮਾ ਦਰਜ ਕਰਵਾਇਆ ਹੈ। ਪਰ ਹਾਲੇ ਤੱਕ ਉਸਨੂੰ ਇਸ ਮੁਕੱਦਮੇਂ ਵਿਚ ਦੋਸ਼ੀ ਨਹੀਂ ਕਰਾਰ ਦਿੱਤਾ ਗਿਆ। ਪਰ ਕਿਉਂਕਿ ਏ.ਬੀ.ਵੀ.ਪੀ. ਖ਼ੁਦ ਨੂੰ ਅਦਾਲਤਾਂ ਅਤੇ ਹੋਰ ਸੰਵਿਧਾਨਕ ਸੰਸਥਾਵਾਂ ਤੋਂ ਵੀ ਉਪਰ ਸਮਝਦੀ ਹੈ, ਇਸ ਲਈ ਉਸ ਨੇ ਖ਼ੁਦ ਹੀ ਉਮਰ ਖਾਲਿਦ ਨੂੰ ਦੇਸ਼ਧ੍ਰੋਹੀ ਐਲਾਨਦਿਆਂ ਕਾਲਜ ਪ੍ਰਬੰਧਕਾਂ ਨੂੰ ਉਕਤ ਸੈਮੀਨਾਰ ਰੋਕੇ ਜਾਣ ਦੀ ਅਰਜ਼ੀ (ਅਸਲ 'ਚ ਸਰਕਾਰੀ ਹੁਕਮ) ਵੀ ਦੇ ਦਿੱਤੀ ਅਤੇ ਐਲਾਨ ਕਰ ਦਿੱਤਾ ਕਿ ਇਹ ਸੈਮੀਨਾਰ ਕਿਸੇ ਵੀ ਕੀਮਤ 'ਤੇ ਨਹੀਂ ਹੋਣ ਦਿੱਤਾ ਜਾਵੇਗਾ। ਸੈਮੀਨਾਰ ਜਬਰੀ ਰੋਕੇ ਜਾਣ ਵਿਰੁੱਧ ਭਾਰੀ ਗਿਣਤੀ ਵਿਦਿਆਰਥੀ 22 ਫਰਵਰੀ ਨੂੰ ਪ੍ਰਦਰਸ਼ਨ ਕਰ ਰਹੇ ਸਨ। ਏ.ਬੀ.ਵੀ.ਪੀ. ਦੇ ਬੁਰਛਾਗਰਦਾਂ ਨੇ ਪ੍ਰਦਰਸ਼ਨ ਕਰ ਰਹੇ ਵਿਦਿਆਰਥੀਆਂ 'ਤੇ ਹਮਲਾ ਕਰ ਦਿੱਤਾ। ਨਾ ਕੇਵਲ ਲੜਕੀਆਂ ਨਾਲ ਬੁਰੀ ਤਰ੍ਹਾਂ ਕੁਟਮਾਰ ਕੀਤੀ ਗਈ ਬਲਕਿ ਪ੍ਰੋਫੈਸਰਾਂ ਤੱਕ ਨੂੰ ਵੀ ਨਹੀਂ ਬਖਸ਼ਿਆ ਗਿਆ। ਹਰ ਵੇਲੇ ਗੁਰੂਕੁਲ ਅਤੇ ਗੁਰੂਸ਼ਿਸ਼ ਪ੍ਰੰਪਰਾ ਦਾ ਢਿੰਡੋਰਾ ਪਿੱਟਣ ਵਾਲੇ ਏ.ਬੀ.ਵੀ.ਪੀ. ਆਗੂਆਂ ਵਲੋਂ ਮੀਡੀਆ ਸਾਹਮਣੇ ਆਪਣੇ ਮੂੰਹੋਂ ਅਧਿਆਪਕਾਂ ਨੂੰ ਕੁੱਟਣ ਦਾ ਇੰਕਸ਼ਾਫ਼ ਕੀਤੇ ਜਾਣ ਦੀਆਂ ਖ਼ਬਰਾਂ ਹਨ। ਮੌਕੇ ਤੇ ਮੌਜੂਦ ਨਿਰਪੱਖ ਦਰਸ਼ਕਾਂ ਅਨੁਸਾਰ ਪੁਲਸ ਇਹ ਸਾਰੀ ਕਾਰਵਾਈ ਖਾਮੋਸ਼ ਖੜ੍ਹੀ ਦੇਖਦੀ ਰਹੀ, ਜਿਸ ਦੀ ਖੁਦ ਦਿੱਲੀ ਪੁਲਸ ਦੇ ਉਚ ਅਧਿਕਾਰੀ ਪੁਸ਼ਟੀ ਕਰ ਚੁੱਕੇ ਹਨ। ਪਰ ਵਿਦਿਆਰਥੀਆਂ 'ਚੋਂ ਕਈਆਂ ਦਾ ਇਹ ਵੀ ਕਹਿਣਾ ਹੈ ਕਿ ਪੁਲਸ ਨੇ ਵਿਦਿਆਰਥੀਆਂ ਦੀ ਬੇਰਹਿਮ ਕੁੱਟਮਾਰ 'ਚ ਸਗੋਂ ਏ.ਬੀ.ਵੀ.ਪੀ. ਦਾ ਪੂਰਾ ਪੂਰਾ ਸਾਥ ਦਿੱਤਾ। 
ਅਸਲ 'ਚ ਉਮਰ ਖਾਲਿਦ ਬਸਤਰ ਅਤੇ ਹੋਰਨਾਂ ਭਾਗਾਂ ਦੇ ਆਦਿਵਾਸੀਆਂ ਦੇ ਜੀਵਨ ਅਤੇ ਉਨ੍ਹਾਂ ਦੀ ਆਰਥਕ-ਸਮਾਜਕ-ਸਭਿਆਚਾਰਕ ਸਥਿਤੀ ਬਾਰੇ ਪੀ.ਐਚ.ਡੀ. ਕਰ ਰਿਹਾ ਹੈ। ਭਾਜਪਾ ਦੀ ਕੇਂਦਰੀ ਅਤੇ ਛਤੀਸਗੜ੍ਹ ਦੀ ਸਰਕਾਰ ਆਦਿਵਾਸੀਆਂ ਨੂੰ ਜੰਗਲਾਂ 'ਚੋਂ ਬੇਦਖਲ ਕਰਕੇ ਇਹ ਜਮੀਨ ਦਿਉ ਕੱਦ ਵਿਦੇਸ਼ੀ ਬਹੁਕੌਮੀ ਕਾਰਪੋਰੇਸ਼ਨਾਂ ਨੂੰ ਸੌਂਪ ਰਹੀ ਹੈ। ਇਸ ਦਾ ਵਿਰੋਧ ਕਰਨ ਵਾਲੇ ਆਦਿਵਾਸੀਆਂ 'ਤੇ ਸਰਕਾਰ ਦੇ ਹੁਕਮਾਂ ਨਾਲ ਫੌਜ ਅਤੇ ਨੀਮ ਸੁਰੱਖਿਆ ਦਸਤਿਆਂ 'ਦੇ ਅਣਮਨੁੱਖੀ ਜਬਰ ਦੀਆਂ ਘਟਨਾਵਾਂ ਰੋਜ ਹੀ ਅਖਬਾਰਾਂ ਦੀਆਂ ਸੁਰਖੀਆਂ ਬਣਦੀਆਂ ਹਨ। ਉਮਰ ਖਾਲਿਦ ਦੇ ਸੈਮੀਨਾਰ 'ਚ ਪੜ੍ਹੇ ਜਾਣ ਵਾਲੇ ਪਰਚੇ ਦਾ ਵਿਸ਼ਾ ''ਬਸਤਰ'' ਹੀ ਸੀ। ਸਿਆਣੇ ਪਾਠਕਾਂ ਨੂੰ ਹੁਣ ਅੰਦਾਜ਼ਾ ਲਾਉਣਾ ਔਖਾ ਨਹੀਂ ਕਿ ਭਾਜਪਾ ਤੇ ਸੰਘ ਦੇ ਪਾਲੇ ਗੁੰਡੇ ਏ.ਬੀ.ਵੀ.ਪੀ. ਦੇ ਭੇਸ 'ਚ 'ਸੈਮੀਨਾਰ ਰੁਕਵਾਉਣ ਲਈ ਕਿਉਂ ਤਰਲੋ ਮੱਛੀ ਹੋਏ ਫਿਰਦੇ ਸੀ। ਦੂਜੀ ਵੱਡੀ ਵਜ੍ਹਾ ਇਹ ਹੈ ਕਿ ਸੰਘ ਪਰਿਵਾਰ ਯੂਨੀਵਰਸਿਟੀਆਂ ਨੂੰ ਗਿਆਨ- ਵਿਗਿਆਨ ਦੇ ਪ੍ਰਸਾਰ ਕੇਂਦਰਾਂ ਦੀ ਥਾਂ ਮੱਠਾਂ ਵਾਂਗੂੰ ਵਰਤਣਾ ਚਾਹੁੰਦਾ ਹੈ।
ਅਸਲ 'ਚ ਆਪਣੀ ਸੌੜੀ ਰਾਜਨੀਤੀ ਦੀ ਫਿਰਕੂ ਦੁਕਾਨ ਚਲਦੀ ਰੱਖਣ ਲਈ ਭਾਜਪਾ ਕੋਲ ਦੋ ਮੁੱਖ ਹਥਿਆਰ ਹਨ ਜਿਨ੍ਹਾਂ ਨੂੰ ਵਰਤਣ ਦਾ ਉਹ ਕੋਈ ਮੌਕਾ ਨਹੀਂ ਜਾਣ ਦਿੰਦੀ। ਪਹਿਲਾ ਹਥਿਆਰ ਹੈ ਦੇਸ਼ ਦੇ ਲੋਕਾਂ ਨੂੰ ਪੇਸ਼ ਆ ਰਹੀ ਹਰ ਮੁਸੀਬਤ ਲਈ ਘੱਟ ਗਿਣਤੀਆਂ ਖਾਸ ਕਰ ਮੁਸਲਮਾਨਾਂ ਨੂੰ ਜਿੰਮੇਵਾਰ ਠਹਿਰਾਉਣਾ। ਦੂਜਾ ਹਰ ਗੱਲ ਲਈ ਪਾਕਿਸਤਾਨ ਨੂੰ ਦੋਸ਼ੀ ਠਹਿਰਾ ਕੇ ਹਰ ਵੇਲੇ ਜੰਗ ਦਾ ਮਾਹੌਲ ਅਤੇ ਪਾਕਿ ਵਿਰੋਧੀ ਭਾਵਨਾਵਾਂ ਨੂੰ ਹਵਾ ਦਿੰਦੇ ਰਹਿਣਾ। ਬਦਕਿਸਮਤੀ ਨਾਲ ਲਗਭਗ ਅਜਿਹੇ ਹੀ ਮਕਸਦ ਅਧੀਨ ਐਨ ਇਸ ਕਿਸਮ ਦੇ ਸਿਆਸੀ ਅਤੇ ਵਿਚਾਰਧਾਰਕ ਘਚੋਲੇ ਪਾਕਿਸਤਾਨ ਦੀਆਂ ਵੱਖੋ ਵੱਖ ਵੰਨਗੀਆਂ ਦੀਆਂ ਸਰਕਾਰਾਂ ਵੀ ਵਰਤਦੀਆਂ ਹਨ। ਦੋਹਾਂ ਸਰਕਾਰਾਂ ਕੋਲ ਇਹ ਵਧੀਆ ਸੰਦ ਹੈ  ਆਪੋ ਆਪਣੇ ਲੋਕਾਂ ਦੇ ਬੁਨਿਆਦੀ ਮਸਲੇ ਹੱਲ ਕਰਨ ਦੀ ਅਸਫਲਤਾ 'ਤੇ ਪਰਦਾ ਪਾਉਣ ਦਾ ਅਤੇ ਨਾਲ ਹੀ ਲੋਕਾਂ ਦੀ ਖੂਨ ਪਸੀਨੇ ਦੇ ਕਮਾਈ ਤੇ ਹਰ ਕਿਸਮ ਦੀ ਐਸ਼ ਕਰਨ ਵਾਲੇ ਲੁਟੇਰਿਆਂ ਨੂੰ ਲੋਕਾਂ ਦੇ ਕਹਿਰ ਤੋਂ ਬਚਾਉਣ ਦਾ। ਗੁਰਮਿਹਰ ਕੌਰ ਨੇ ਜਿੱਥੇ ਏ.ਬੀ.ਵੀ.ਪੀ. ਦੇ ਇਨ੍ਹਾਂ ਗੁੰਡਾ ਟੋਲਿਆਂ ਨੂੰ ਚੈਲਿੰਜ ਕਰਨ ਦੀ ਜ਼ੁਅਰਤ ਕੀਤੀ ਉਥੇ ਹੀ ਉਸਨੇ ਆਪਣੇ ਪਿਤਾ ਦੀ ਸ਼ਹਾਦਤ ਲਈ ਇਸ ਜੰਗੀ ਮਾਹੌਲ ਅਤੇ ਜੰਗ ਦੇ ਵਰਤਾਰੇ ਨੂੰ ਬੀਤੇ ਸਮੇਂ 'ਚ ਦੋਸ਼ੀ ਠਹਿਰਾਇਆ ਸੀ। ਸੰਘ ਪਰਿਵਾਰ, ਕੇਂਦਰ ਦੀ ਮੋਦੀ ਸਰਕਾਰ ਅਤੇ ਸ਼ਾਸਨ ਪ੍ਰਸ਼ਾਸਨ ਦੀ ਸ਼ਹਿ ਪ੍ਰਾਪਤ ਗੁੰਡਾ ਟੋਲਿਆਂ ਨੂੰ ਗੁਰਮਿਹਰ ਦੀ ਇਸ ਸਾਫ ਬਿਆਨੀ ਅਤੇ ਦਲੇਰੀ ਤੋਂ ਡਾਢਾ ਖ਼ੌਫ਼ ਮਹਿਸੂਸ ਹੋਇਆ ਇਸੇ ਲਈ ਉਨ੍ਹਾਂ ਇਸ ਮੁਟਿਆਰ ਖਿਲਾਫ ਹਰ ਕਿਸਮ ਦਾ ਭੱਦੇ ਤੋਂ ਭੱਦਾ ਹਰਬਾ ਵਰਤਿਆ। ਕਿਆ ਕਮਾਲ ਹੈ! ਇਕ ਪਾਸੇ ਸੰਘੀ ਧਾਰਮਿਕ ਲਾਹਾ ਲੈਣ ਲਈ ਅਤੇ ਸੰਗਠਨ ਸ਼ਕਤੀ ਵਧਾਉਣ ਲਈ ''ਦੁਰਗਾ ਵਾਹਿਣੀ'', ਦਾ ਗਠਨ ਕਰਦੇ ਹਨ ਅਤੇ ਮਾਂ ਦੁਰਗਾ ਵਰਗੀਆਂ ਦਿਲੇਰ ਬੇਟੀਆਂ ਨੂੰ ਬਲਾਤਕਾਰ ਦੀਆਂ ਧਮਕੀਆਂ ਵੀ ਦਿੰਦੇ ਹਨ।
ਸੰਘ ਪਰਿਵਾਰ ਆਪਣੇ ਇਸ ਕਿਸਮ ਦੇ ਘੋਰ ਗੈਰ ਮਨੁੱਖੀ ਕਾਰਿਆਂ ਨੂੰ ਠੀਕ ਸਿੱਧ ਕਰਨ ਲਈ ਅਜਿਹੇ ਅਨੈਤਿਕ ਕਾਰਿਆਂ ਦੇ ਹਰੇਕ ਵਿਰੋਧੀ ਨੂੰ ਦੇਸ਼ ਧਰੋਹੀ ਐਲਾਨ ਦਿੰਦਾ ਹੈ। ਸੰਘ ਦੀ ਬੇਸ਼ਰਮੀ ਦੀ ਹੱਦ ਇਹ ਹੈ ਕਿ ਭਾਜਪਾ 'ਚ ਤਰ੍ਹਾਂ ਤਰ੍ਹਾਂ ਦੇ ਸਮਾਜ ਵਿਰੋਧੀ/ਦੇਸ਼ ਦੁਸ਼ਮਣ ਤੱਤਾਂ ਦੀ ਲਗਭਗ ਰੋਜ ਨਿਸ਼ਾਨਦੇਹੀ ਹੋ ਰਹੀ ਹੈ ਪਰ ਉਨ੍ਹਾਂ ਬਾਰੇ ਸੰਘ ਪੂਰੀ ਤਰ੍ਹਾਂ ਚੁੱਪ ਹੈ। ਪਰ ਸਰਕਾਰ ਦੀਆਂ ਜਾਬਰ ਕਾਰਵਾਈਆਂ, ਮਹਿੰਗਾਈ, ਬੇਕਾਰੀ, ਗਰੀਬੀ ਵਧਾਉਣ ਵਾਲੀਆਂ ਨੀਤੀਆਂ ਅਤੇ ਫਿਰਕੂ ਧਰੁਵੀਕਰਨ ਵਿਰੁੱਧ ਬੋਲਣ ਵਾਲਿਆਂ ਨੂੰ ਦੇਸ਼ਧ੍ਰੋਹੀ ਕਰਾਰ ਦਿੱਤਾ ਜਾ ਰਿਹਾ ਹੈ।
ਜਵਾਹਰ ਲਾਲ ਨਹਿਰੂ ਯੂਨੀਵਰਸਿਟੀ, ਹੈਦਰਾਬਾਦ ਕੇਂਦਰੀ ਯੂਨੀਵਰਸਿਟੀ, ਇਲਾਹਾਬਾਦ ਯੂਨੀਵਰਸਿਟੀ, ਅਲੀਗੜ੍ਹ ਮੁਸਲਿਮ ਯੂਨੀਵਰਸਿਟੀ, ਜਾਮੀਆ ਮਿਲੀਆ ਆਦਿ ਅਦਾਰੇ ਇਸ ਪੱਖੋਂ ਸੰਘ ਪਰਿਵਾਰ ਦੀਆਂ ਅੱਖਾਂ ਵਿਚ ਡਾਢੇ ਰੜਕਦੇ ਹਨ। ਇਹ ਇਸ ਕਰਕੇ ਵੀ ਰੜਕਦੇ ਹਨ ਕਿਉਂਕਿ ਇਨ੍ਹਾਂ ਵਿਚ ਉਦਾਰੀਕਰਨ, ਸੰਸਾਰੀਕਰਨ, ਨਿੱਜੀਕਰਨ ਦੀਆਂ ਨੀਤੀਆਂ ਦੇ ਪਾਜ ਉਧੇੜਨ ਵਾਲੀਆਂ ਅਤੇ ਫਿਰਕੂ ਪਿਛਾਖੜੀ ਵਿਚਾਰਾਂ ਵਿਰੁੱਧ ਜੂਝਣ ਵਾਲੀਆਂ ਖੱਬੇ ਪੱਖੀ ਵਿਦਿਆਰਥੀ ਜਥੇਬੰਦੀਆਂ ਮਜ਼ਬੂਤ ਹਨ। ਸੰਘੀ ਸਾਮਰਾਜ ਵਿਰੋਧੀ ਅਤੇ ਤਰੱਕੀ ਪਸੰਦ ਵਿਚਾਰਾਂ ਨੂੰ ਆਪਣੇ ਰਾਹਾਂ ਦਾ ਮੁੱਖ ਕੰਡਾ ਸਮਝਦੇ ਹਨ। ਦੂਰਦਰਸ਼ਨ 'ਤੇ ਪਿਛਲੇ ਦਿਨੀਂ ਚਲਦੀ ਇਕ ਬਹਿਸ ਵਿਚ ਕਿਸੇ ਸਰਕਾਰ ਪ੍ਰਸਤ ਬੀਬੀ ਨੇ ਇਹ ਹਾਸੋਹੀਣਾ ਦਾਅਵਾ ਵੀ ਕੀਤਾ ਕਿ ਕਾਰਪੋਰੇਟ ਪੱਖੀ ਮੀਡੀਆ ਖੱਬੇ ਪੱਖੀਆਂ ਦੀ ਖੁਲ੍ਹੀ ਹਿਮਾਇਤ ਕਰ ਰਿਹਾ ਹੈ ਜਦਕਿ ਸਭ ਨੂੂੰ ਪਤਾ ਹੈ ਕਿ ਇਹ ਕਾਰਪੋਰੇਟ ਪੱਖੀ ਮੀਡੀਆ ਹੀ ਹੈ ਜਿਸ ਨੇ ਇਕ ਤਰਫਾ ਪ੍ਰਚਾਰ ਰਾਹੀਂ ਮੋਦੀ ਨੂੰ ਗੱਦੀ 'ਤੇ ਬਿਠਾਉਣ 'ਚ ਵੱਡਾ ਰੋਲ ਅਦਾ ਕੀਤਾ ਹੈ। ਕੇਂਦਰੀ ਗ੍ਰਹਿ ਰਾਜ ਮੰਤਰੀ ਕਿਰੇਨ ਰਾਜਿਜੂ ਨੇ ਵੀ ਇਹ ਬੇਹੂਦਾ ਇਲਜਾਮ ਲਾਇਆ ਹੈ ਕਿ ਬੀਬੀ ਗੁਰਮਿਹਰ ਕੌਰ ਦੀ ਬੁੱਧੀ ਨੂੰ ਖੱਬੇ ਪੱਖੀਆਂ ਨੇ ਪ੍ਰਦੂਸ਼ਿਤ ਕੀਤਾ ਹੈ।
ਸਿੱਖਿਆ ਤੰਤਰ ਨੂੰ ਵੇਲਾ ਵਿਹਾ ਚੁੱਕੀਆਂ ਮਾਨਵਤਾ ਵਿਰੋਧੀ ਕਦਰਾਂ ਕੀਮਤਾਂ ਨਾਲ ਦੂਸ਼ਿਤ ਕੀਤੇ ਜਾਣ ਵਿਰੁੱਧ ਕਲਾ, ਸਿਨੇਮਾ, ਸਾਹਿਤ ਆਦਿ ਨਾਲ ਸਬੰਧਤ ਸੰਸਥਾਵਾਂ ਵਿਚ ਸੰਘ ਦੇ ਬਦਨਾਮ, ਪਿਛਾਖੜੀ ਤੇ ਅਯੋਗ ਬੰਦਿਆਂ ਦੀ ਤਾਜ਼ਪੋਸ਼ੀ ਵਿਰੁੱਧ, ਗੈਰ ਵਿਗਿਆਨਕ ਅਕੀਦਿਆਂ ਦੀ ਪੁਨਰਸੁਰਜੀਤੀ ਵਿਰੁੱਧ ਖੱਬੇ ਪੱਖੀਆਂ, ਬੁੱਧੀ ਜੀਵੀਆਂ, ਕਲਾਕਾਰਾਂ, ਲੇਖਕਾਂ, ਸਮਾਜ ਵਿਗਿਆਨੀਆਂ, ਤਰਕਸ਼ੀਲਾਂ ਵਲੋਂ ਸ਼ੁਰੂ ਕੀਤੀ ਗਈ ਮਾਨਵਤਾ ਬਚਾਊ ਮੁਹਿੰਮ ਤੋਂ ਸੰਘੀਆਂ ਨੂੰ ਅੰਤਾਂ ਦੀ ਤਕਲੀਫ਼ ਹੈ। ਇਸੇ ਲਈ ਵੀ ਖੱਬੇ ਪੱਖੀਆਂ ਨੂੰ ਕੂੜ ਪ੍ਰਚਾਰ ਦਾ ਨਿਸ਼ਾਨਾ ਬਣਾਇਆ ਜਾ ਰਿਹਾ ਹੈ।
ਲੱਗਦੇ ਹੱਥ ਇਹ ਜ਼ਿਕਰ ਕਰਨਾ ਵੀ ਵਾਜ਼ਬ ਹੋਵੇਗਾ ਕਿ ਆਪਣੇ ਆਪ ਨੂੰ ਸੰਸਾਰ ਦੀ ਸਭ ਤੋਂ ਵੱਡੀ ਵਿਦਿਆਰਥੀ ਜਥੇਬੰਦੀ ਹੋਣ ਦਾ ਖਿਤਾਬ ਦੇਣ ਵਾਲੀ ਏ.ਬੀ.ਵੀ.ਪੀ. ਨੂੰ ਕਦੇ ਵੀ ਕਿਸੇ ਨੇ ਵਿਦਿਆਰਥੀਆਂ ਦੇ ਮੰਗਾਂ-ਮਸਲਿਆਂ, ਢੁਕਵੇਂ ਵਿਦਿਅਕ ਮਾਹੌਲ, ਵਿਦਿਅਕ ਢਾਂਚੇ 'ਚ ਭਵਿੱਖ ਮੁਖੀ ਹਾਂ ਪੱਖੀ ਤਬਦੀਲੀਆਂ, ਸਭ ਨੂੰ ਇਕਸਾਰ ਤੇ ਮਿਆਰੀ ਵਿੱਦਿਆ ਅਤੇ ਰੋਜ਼ਗਾਰ ਮੁਹੱਈਆ ਕਰਵਾਏ ਜਾਣ ਲਈ ਸੰਘਰਸ਼ਾਂ ਜਾਂ ਸਿਹਤਮੰਦ ਵਿਚਾਰ ਵਟਾਂਦਰੇ ਆਦਿ ਸਰਗਰਮੀਆਂ 'ਚ ਧੇਲਾ ਵੀ ਯੋਗਦਾਨ ਪਾਉਂਦੇ ਨਹੀਂ ਦੇਖਿਆ। ਹਾਂ ਕੇਂਦਰ 'ਚ, ਮੋਦੀ ਦੀ ਅਗਵਾਈ 'ਚ, ਭਾਜਪਾ ਦੇ ਬਹੁਮਤ ਵਾਲੀ, ਐਨ.ਡੀ.ਏ. ਸਰਕਾਰ ਬਣਨ ਤੋਂ ਪਿੱਛੋਂ ਦੇਸ਼ ਦੀਆਂ ਨਾਮੀ ਯੂਨੀਵਰਸਿਟੀਆਂ 'ਚ ਹਿਰਦੇ ਵਲੂੰਧਰਨ ਵਾਲੀਆਂ ਘਟਨਾਵਾਂ ਦੀ ਮੁੱਖ ਸਾਜਿਸ਼ਕਰਤਾ ਦੇ ਤੌਰ 'ਤੇ ਏ.ਬੀ.ਵੀ.ਪੀ. ਨੇ 'ਚੋਖੀ' ਪਛਾਣ ਬਣਾਈ ਹੈ। ਪਾਠਕਾਂ ਨੂੰ ਯਾਦ ਹੋਵੇਗਾ ਹੈਦਰਾਬਾਦ ਯੂਨੀਵਰਸਿਟੀ ਦੇ ਜ਼ਹੀਨ ਖੋਜਾਰਥੀ, ਰੋਹਿਤ ਵੇਮੁੱਲਾ ਦੀ ਦਿਲ ਹਿਲਾਊ ਸਵੈਘਾਤ ਦੀ ਘਟਣਾ ਲਈ ਸੌ ਫੀਸਦੀ ਜ਼ਿੰਮੇਵਾਰ ਵੀ ਏ.ਬੀ.ਵੀ.ਪੀ. ਦਾ ਖਰੂਦੀ ਟੋਲਾ ਹੀ ਸੀ। ਸੰਸਾਰ ਪ੍ਰਸਿੱਧ ਜਨਵਾਦੀ ਨਾਵਲਕਾਰ ਮਹਾਂਸ਼ਵੇਤਾ ਦੇਵੀ ਦੀ ਕਾਲਜ਼ਈ ਕਿਰਤ 'ਤੇ ਅਧਾਰਤ ਨਾਟਕ ''ਦਰੌਪਦੀ'' ਦੇ ਮੰਚਨ ਨੂੰ ਰੋਕਣ ਵਾਲੀ ਮਹਿੰਦਰਗੜ੍ਹ ਵਿਖੇ ਵਾਪਰੀ ਘਟਨਾ ਵੀ ਏ.ਬੀ.ਵੀ.ਪੀ. ਦੇ ਖਰੂਦੀਆਂ ਵੱਲੋਂ ਅੰਜਾਮ ਦਿੱਤੀ ਗਈ ਸੀ। ਜੋਧਪੁਰ ਦੇ ਜੈ ਨਾਰਾਇਣ ਵਿਆਸ ਕਾਲਜ ਵਿਖੇ ਹੋਣ ਵਾਲੇ ਸੈਮੀਨਾਰ ਨੂੰ ਜਬਰੀ ਰੋਕੇ ਜਾਣ ਦਾ ਘਟੀਆ ਕਾਰਾ ਵੀ ਏ.ਬੀ.ਵੀ.ਪੀ. ਵੱਲੋਂ ਹੀ ਕੀਤਾ ਗਿਆ ਸੀ। ਉਕਤ ਸਾਰੇ ਘਟਣਾਕ੍ਰਮਾਂ 'ਚ ਇਨ੍ਹਾਂ ਅਖੌਤੀ ਵਿਦਿਆਰਥੀਆਂ ਵਲੋਂ ਵਰਤੀ ਜਾਂਦੀ ਭੱਦੀ ਭਾਸ਼ਾ ਕਾਗਜਾਂ 'ਤੇ ਉਕੇਰਨੀ ਤਾਂ ਕੀ ਸ਼ਬਦਾਂ 'ਚ ਬਿਆਨ ਕੀਤੇ ਜਾਣ ਯੋਗ ਵੀ ਨਹੀਂ। ਸੋਸ਼ਲ ਮੀਡੀਆ 'ਤੇ ਇਸ ਦੀਆਂ ਘਟੀਆ ਵੰਨਗੀਆਂ ਆਮ ਹੀ ਦੇਖੀਆਂ ਜਾ ਸਕਦੀਆਂ ਹਨ। ਇਹੋ ਸਾਰਾ ਕੁੱਝ 22 ਫਰਵਰੀ ਦੀ ਘਟਨਾ 'ਚ ਵੀ ਦੇਖਿਆ ਸੁਣਿਆ ਗਿਆ। ਪਰ ਚੰਗੀ ਗੱਲ ਇਹ ਹੋਈ ਕਿ ਹਰ ਖੇਤਰ ਦੀਆਂ ਨਾਮਵਰ ਹਸਤੀਆਂ, ਬੁੱਧੀਜੀਵੀਆਂ, ਲੇਖਕਾਂ, ਕਲਾਕਾਰਾਂ ਨੇ ਇਸ ਗਿਣਮਿੱਥ ਕੇ ਅੰਜਾਮ ਦਿੱਤੀ ਗਈ ਹਿੰਸਾ ਦਾ ਵਾਜਬ ਨੋਟਿਸ ਲੈਂਦਿਆਂ ਏ.ਬੀ.ਵੀ.ਪੀ., ਕੇਂਦਰੀ ਸਰਕਾਰ, ਦਿੱਲੀ ਪੁਲਸ ਆਦਿ ਦੀ ਡੱਟ ਕੇ ਨਿਖੇਧੀ ਕੀਤੀ। ਪ੍ਰਿੰਟ ਮੀਡੀਆ 'ਚ ਵੀ ਇਸ 'ਤੇ ਚੌਖੀ ਨਰਾਜਗੀ ਪ੍ਰਗਟ ਕੀਤੀ ਗਈ। ਮਿਸਾਲ ਵਜੋਂ ਵੱਡੀ ਪ੍ਰਤਿਸ਼ਠਾ ਵਾਲੇ ਦੇਸ਼ ਦੇ ਮੋਢੀ ਅਖਬਾਰ ''ਇੰਡੀਅਨ ਐਕਸਪ੍ਰੈਸ'' ਨੇ 25 ਫਰਵਰੀ ਦੇ ਆਪਣੇ ਸੰਪਾਦਕੀ ਵਿਚ ਇਸ ਘਟਨਾ ਲਈ ਮੁੱਖ ਤੌਰ 'ਤੇ ਏ.ਬੀ.ਵੀ.ਪੀ. ਨੂੰ ਦੋਸ਼ੀ ਠਹਿਰਾਉਂਦਿਆਂ ਲਿਖਿਆ- ''ਏ.ਬੀ.ਵੀ.ਪੀ. ਵਲੋਂ 'ਕਾਲਜ ਕੈਂਪਸ ਨੂੰ ਵਿਦਿਆ ਪ੍ਰਾਪਤੀ ਦੀ ਥਾਂ ਜੋਰਾ ਜਬਰੀ ਅਤੇ ਸਿਹਤਮੰਦ ਵਿਚਹਾਰ ਵਟਾਂਦਰੇ ਦੀ ਥਾਂ ਹਿੰਸਾ ਦਾ ਅਖਾੜਾ ਬਣਾ ਦਿੱਤਾ ਗਿਆ।'' ਅਖਬਾਰ ਨੇ ਏ.ਬੀ.ਵੀ.ਪੀ. ਵਲੋਂ ਪਿਛਲੇ ਢਾਈ ਤਿੰਨ ਸਾਲਾਂ 'ਚ ਕੀਤੀਆਂ ਗਈਆਂ ਸਾਰੀਆਂ ਕਾਰਵਾਈਆਂ ਨੂੰ ਹਰ ਪੱਖੋਂ ਗੈਰਵਾਜਬ ਕਰਾਰ ਦਿੱਤਾ। ਹੁਣ ਤਾਂ ਦੇਸ਼ ਦੇ ਰਾਸ਼ਟਰਪਤੀ ਨੇ ਵੀ ਇਸ ਦੇ ਕਾਰੇ ਵਿਰੁੱਧ ਬਹੁਤ ਅਰਥ ਪੂਰਨ ਟਿੱਪਣੀਆਂ ਕੀਤੀਆਂ ਹਨ।
ਇਸ ਘਟਨਾ ਸਬੰਧੀ ਹਰ ਰਾਹ ਲੱਗਦੀ ਗੱਲ ਕਰਨ ਵਾਲੇ, ਸੰਤੁਲਿਤ ਦਿਮਾਗ ਵਾਲੇ ਸਮਾਜ ਦੇ ਹਰ ਖੇਤਰ ਦੇ ਅਦਾਰੇ ਅਤੇ ਵਿਅਕਤੀ, ਇਕ ਵਾਰ ਫਿਰ ਤੋਂ ਸੱਤਾ ਸੰਚਾਲਨ ਕਰ ਰਹੇ ਸੰਘ ਪਰਿਵਾਰ ਨਾਲ ਸਬੰਧਤ ਮੱਧਯੁਗੀ ਜਾਂਗਲੀ ਸੋਚ ਵਾਲੇ ਸੰਗਠਨਾਂ ਦੇ ਵੰਨ ਸੁਵੰਨੇ ਪਰ ਇਕੋ ਜਿਹੇ ਪੱਥਰ ਸਿਰੇ, ਕੂੜ ਪ੍ਰਚਾਰ ਦੇ ਮਾਹਿਰ ਆਗੂਆਂ ਦੇ ਨਿਸ਼ਾਨੇ 'ਤੇ ਹਨ। ਸਰਕਾਰ ਅਤੇ ਇਸ ਦੇ ਸਰਪ੍ਰਸਤ ਸੰਘ ਪਰਿਵਾਰ ਤੋਂ ਭਿੰਨ ਸੋਚ ਰੱਖਣ ਵਾਲੇ ਸਭਨਾਂ ਨੂੰ ਦੇਸ਼ਧ੍ਰੋਹੀ ਹੋਣ ਦਾ ਫ਼ਤਵਾ ਦਿੱਤਾ ਜਾ ਰਿਹਾ ਹੈ। ਜੋ ਕੇਈ ਵੀ ਸਰਕਾਰ ਨੂੰ ਅਕਲ ਤੋਂ ਕੰਮ ਲੈਣ ਜਾਂ ਸੰਵਿਧਾਨ/ਕਾਨੂੰਨ ਦੀਆਂ ਮਰਿਆਦਾਵਾਂ ਅਨੁਸਾਰ ਚੱਲਣ ਦੀਆਂ ਸਲਾਹਾਂ ਦੇਣ ਦੀ ਜ਼ੁਰੱਅਤ ਕਰ ਰਿਹਾ ਹੈ, ਉਸ ਨੂੰ ਸ਼ਰੇਆਮ ਕਿਹਾ ਜਾ ਰਿਹਾ ਹੈ ਕਿ ਜੇ ਤੁਹਾਨੂੰ ਸਾਡੀ ਗੱਲ ਜਾਂ ਅਮਲ ਚੰਗੇ ਨਹੀਂ ਲੱਗਦੇ ਤਾਂ ''ਤੁਸੀਂ ਪਾਕਿਸਤਾਨ ਚਲੇ ਜਾਓ!'' ਸੰਘੀ ਬੁਰਛਾਗਰਦਾਂ ਵਲੋਂ, ਵਿਚਾਰਧਾਰਕ ਵਿਰੋਧੀਆਂ 'ਤੇ ਲਾਏ ਜਾਂਦੇ ਚਿਰਾਂ ਪੁਰਾਣੇ ਇਲਜਾਮ, ''ਪਾਕਿਸਤਾਨ ਦੇ ਏਜੰਟਾਂ'' ਦਾ ਹੀ ਨਵਾਂ ਰੂਪ ਹੈ ਇਹ ''ਪਾਕਿਸਤਾਨ ਚਲੇ ਜਾਣ'' ਦੀ ਕੁਮੱਤ। ਕਹਿਣ ਦੀ ਲੋੜ ਨਹੀਂ ਕਿ ਉਕਤ ਸਾਰੇ ਕਾਸੇ ਨੂੰ ਮੋਦੀ ਸਰਕਾਰ ਦੀ ਪੂਰੀ  ਹਿਮਾਇਤ ਹਾਸਲ ਹੈ। ਇਸ ਬਾਬਤ ਇਕ ਕੇਂਦਰੀ ਮੰਤਰੀ ਨੇ ਤਾਂ ਇੱਥੋਂ ਤੱਕ ਮੂਰਖਾਨਾ ਬਿਆਨ ਦਿੱਤਾ ਕਿ ਕਿਉਂਕਿ ਮੋਦੀ ਸਰਕਾਰ ਕੋਲ ਬਹੁਮਤ ਹੈ ਇਸ ਲਈ ਉਸ ਦੀ ਕਿਸੇ ਵੀ ਕਾਰਵਾਈ 'ਤੇ ਕਿੰਤੂ ਨਹੀਂ ਕੀਤਾ ਜਾ ਸਕਦਾ। ਬਹੁਮਤ ਹੈ ਜਾਂ ਤਾਨਾਸ਼ਾਹੀ? ਉਂਜ ਕੇਂਦਰੀ ਵਜੀਰ ਦੇ ਬਹੁਮਤ ਦੀ ਸੱਚਾਈ ਇਹ ਹੈ ਕਿ ਮੋਦੀ ਦੀ ਖਰੂਦੀ ਸੈਨਾ ਨੂੰ ਕੁੱਲ ਭੁਗਤੀਆਂ ਵੋਟਾਂ ਦਾ ਕੇਵਲ 31% ਹਿੱਸਾ ਹੀ ਮਿਲਿਆ ਸੀ।
ਭਾਵੇਂ ਗੁਰਮਿਹਰ ਕੌਰ ਨੇ ਸਾਰੇ ਮਾਮਲੇ ਤੋਂ ਆਪਣੇ ਆਪ ਨੂੰ ਵੱਖ ਕਰ ਲਿਆ ਹੈ। ਪ੍ਰੰਤੂ ਉਸ ਵਲੋਂ ਦਿਖਾਈ ਦਿਲੇਰੀ ਸਦਕਾ ਸੰਘੀ ਟੋਲੇ ਦਾ ਕਰੂਰ ਅਮਾਨਵੀ ਚਿਹਰਾ ਵੱਡੀ ਪੱਧਰ 'ਤੇ ਬੇਪਰਦ ਹੋ ਗਿਆ ਹੈ। ਕਾਫੀ ਹੱਦ ਤੱਕ ਇਹ ਗੱਲ ਵੀ ਨਿੱਖਰ ਕੇ ਸਾਹਮਣੇ ਆ ਗਈ ਹੈ ਕਿ ਫਿਰਕਾਪ੍ਰਸਤੀ ਅਧਾਰਤ ਲੋਕ ਦੋਖੀ ਢਾਂਚਾ ਕਦੀ ਵੀ ਦੇਸ਼ ਭਗਤ ਹੋ ਹੀ ਨਹੀਂ ਸਕਦਾ। ਗੁਰਮਿਹਰ ਦੇ ਹੱਥਾਂ 'ਚ ਫੜੇ ਪਲੇਕਾਰਡ ਨੂੰ ਬਹੁਤ ਲੋਕਾਂ ਨੇ ਆਪਣੀ ਹਿੱਕ ਦਾ ਸ਼ਿੰਗਾਰ ਬਣਾਇਆ ਹੈ।
ਪਰ ਹਾਲੇ ਬੜਾ ਕੁੱਝ ਲੋੜੀਂਦਾ ਹੈ।  ਸੰਸਾਰ ਭਰ ਦੇ ਕਿਰਤੀ ਲੋਕਾਂ ਅਤੇ ਕੁਦਰਤੀ ਸਾਧਨਾਂ ਦੀ ਭਾਰਤੀ ਅਤੇ ਹੋਰਨਾਂ ਦੇਸ਼ਾਂ ਦੇ ਹਾਕਮਾਂ ਦੀ ਮਿਲੀਭੁਗਤ ਨਾਲ ਸਭ ਤੋਂ ਵੱਡੇ ਲੁਟੇਰੇ ਸਾਮਰਾਜੀ ਦੇਸ਼ਾਂ ਅਤੇ ਵਿੱਤੀ ਅਦਾਰਿਆਂ ਵਲੋਂ ਕੀਤੀ ਜਾਂਦੀ ਅੰਨ੍ਹੀ ਲੁੱਟ ਨੂੰ ਢੱਕਣ ਲਈ ਖੇਡੇ ਜਾ ਰਹੇ ਫਿਰਕੂ, ਨਸਲੀ, ਜਾਤਪਾਤੀ, ਭਾਸ਼ਾਈ, ਇਲਾਕਾਈ, ਅੰਧ ਰਾਸ਼ਟਰਵਾਦੀ, ਹਨੇਰਬਿਰਤੀਵਾਦੀ, ਔਰਤ ਵਿਰੋਧੀ ਹੱਥਕੰਡਿਆਂ ਵਿਰੁੱਧ ਸਮੁੱਚੀਆਂ ਖੱਬੀਆਂ ਅਤੇ ਲੋਕ ਹਿਤੂ ਧਿਰਾਂ ਦਾ ਸਾਂਝਾ ਸੰਗਰਾਮ ਹੀ ਹਰ ਕਿਸਮ ਦੇ ਪਿਛਾਖੜੀਆਂ ਨੂੰ ਸਦੀਵੀਂ ਮਾਤ ਦੇਣ ਦੀ ਇਕੋ ਇਕ 'ਤੇ ਲਾਜ਼ਮੀ ਗਰੰਟੀ ਹੋ ਸਕਦਾ ਹੈ। ਇਸ ਲੋੜ ਪ੍ਰਤੀ ਲੋਕਾਂ ਨੂੰ ਵਧੇਰੇ ਤੇ ਵਧੇਰੇ ਸੁਚੇਤ ਅਤੇ ਲਾਮਬੰਦ ਕਰਨਾ ਅੱਜ ਦਾ ਫੌਰੀ ਕਾਰਜ ਹੈ।

No comments:

Post a Comment