Thursday 16 March 2017

ਸਾਹਿਤ ਤੇ ਸੱਭਿਆਚਾਰ (ਸੰਗਰਾਮੀ ਲਹਿਰ-ਮਾਰਚ 2017)

ਕਹਾਣੀ
ਸਰਦ ਰਿਸ਼ਤੇ
 
- ਅਮਨਪਾਲ ਸਾਰਾ 
....ਲਾਂਡਰ ....? ਕਮਜ਼ੋਰ ਜਿਹੀ ਆਵਾਜ ਨਾਲ ਘਸਮੈਲੇ ਜਿਹੇ ਰੰਗ ਦੀ ਉਘੜ-ਦੁਘੜੀ ਬੰਨ੍ਹੀ ਪੱਗ ਵਾਲੇ ਇਸ ਬਜ਼ੁਰਗ ਨੇ ਬੱਸ ਚੜ੍ਹਨ ਤੋਂ ਪਹਿਲਾਂ ਦਰਵਾਜ਼ੇ ਵਿੱਚ ਖੜ੍ਹਕੇ ਪੁੱਛਿਆ। ਮੈਲੇ ਜਿਹੇ ਤੇ ਕੁੱਝ ਮੋਟੇ ਸ਼ੀਸ਼ਿਆਂ ਵਾਲੀ ਕਾਲੇ ਜਿਹੇ ਫ਼ਰੇਮ ਦੀ ਐਨਕ ਵਿੱਚੇ ਉਸ ਦੀਆਂ ਅੱਖਾਂ ਸ਼ਾਇਦ ਡਰਾਈਵਰ ਦੀ ਸੀਟ ਤੇ ਬੈਠਾ ਡਰਾਈਵਰ ਲੱਭਣ ਦੀ ਕੋਸ਼ਿਸ਼ ਕਰ ਰਹੀਆਂ ਸਨ।
ਹਾਂਜੀ, ਲੰਘ ਆਉ। ਮੈਂ ਸੀਟ ਤੋਂ ਜੁਆਬ ਦਿੱਤਾ। ਮੈ ਸਮਝ ਗਿਆ ਕਿ ਬਜ਼ੁਰਗ ਇਹ ਪੁੱਛਣਾ ਚਾਹੁੰਦਾ ਹੈ ਕਿ ਇਹ ਬੱਸ ਲੈਡਨਰ ਜਾਵੇਗੀ ਕਿ ਨਹੀਂ। ਲੈਡਨਰ ਵੈਨਕੂਵਰ ਤੇ ਨਜ਼ਦੀਕ ਹੀ ਇੱਕ ਛੋਟਾ ਜਿਹਾ ਕਸਬਾ ਹੈ ਤੇ ਵੈਨਕੂਵਰ ਤੋਂ ਇੱਥੇ ਪਹੁੰਚਣ ਲਈ ਪਹਿਲਾਂ ਰਿਚਮੰਡ ਵਿੱਚੋਂ ਲੰਘਣਾ ਪੈਂਦਾ ਹੈ। ਪੰਜਾਬੀ ਲੋਕ ਆਮ ਤੌਰ ਇਸ ਨੂੰ ਲਾਂਡਰ ਹੀ ਕਹਿ ਦਿੰਦੇ ਹਨ।
ਹੌਲੀ ਹੌਲੀ ਬੱਸ ਦੀਆਂ ਪੋੜੀਆਂ ਚੜ੍ਹਕੇ ਹੱਥਲੀ ਖੂੰਡੀ ਸੰਭਾਲਦਾ ਬਜ਼ੁਰਗ ਮੇਰੇ ਸੱਜੇ ਹੱਥ ਸਾਹਮਣੀ ਸੀਟ ਉਪਰ ਬਹਿ ਗਿਆ। ਚਾਲ ਢਾਲ ਤੋਂ ਇਹ ਕਮਜ਼ੋਰ ਪ੍ਰਤੀਤ ਹੁੰਦਾ ਸੀ। ਸੀਟ ਤੇ ਬੈਠਣ ਤੋਂ ਬਾਦ ਉਸਨੇ ਆਪਣੇ ਨਸਵਾਰੀ ਜਿਹੇ ਕੋਟ ਦੀ ਜ਼ੋਬ ਵਿੱਚੋਂ ਟਿਕਟ ਕੱਢ ਕੇ ਦਿਖਾਇਆ ਤੇ ਫਿਰ ਜਿਵੇਂ ਕੁੱਝ ਯਾਦ ਆ ਗਿਆ ਹੋਵੇ, ਅੱਧ -ਖੁੱਲੀ ਚਿੱਟੀ ਦਾੜ੍ਹੀ ਤੇ ਖਾਜ ਜਿਹੀ ਕਰਦਾ ਹਲਕੀ ਜਿਹੀ ਮੁਸਕਾਨ ਨਾਲ ਬੋਲਿਆ।
ਤੂੰ ਤਾਂ ਆਪਣਾ ਬੰਦਾ ਈ ਨਿੱਕਲਿਆ ਜਾਰ।
ਹਾਂ ਜੀ..... ਸੁਣਾਉ ਕਿਧਰੋੱ ਆਏ ਅੱਜ?
ਆਹ ਛੋਟੇ ਗੁਰਦੁਆਰਿਉਂ .....ਨੋਂ ਨੰਬਰ ਆਲੀ ਬੱਸ ਐਥੇ ਤਾਈਂ ਲੈ ਆਈ....
ਐਥੇ ਆਕੇ ਕਈ ਚਿਰ ਲੱਗਾ.... ਕਈਆਂ ਬੱਸਾਂ ਵਾਲਿਆਂ ਨੂੰ ਪੁੱਛਿਆ ਪਈ ਇਹ ਲਾਂਡਰ ਜਾਣੀ ਆਂ ... ਕਹਿੰਦੇ ਨੋਅ... ਦੋਂਹ ਨੇ ਤਾਂ ਜੁਆਬ ਨੀ ਦਿੱਤਾ.... ਬਜ਼ੁਰਗ ਨੇ ਜਿਵੇਂ ਮੇਰੇ ਕੋਲ ਸ਼ਿਕਾਇਤ ਲਾਈ।
ਭਾਈਆ ਜੀ ਐਸ ਵੇਲੇ ਲੈਡਨਰ ਵਾਲੀ ਬੱਸ ਅੱਧੇ-ਅੱਧੇ ਘੰਟੇ ਬਾਦ ਆਉਂਦੀ ਹੈ....। ਮੈਂ ਭੀ ਜਿਵੇਂ ਸਫਾਈ ਦਿੱਤੀ।
ਹਲਾ ਬਈ.... ਰਿਚੱ ਚੋਂ ਤਾਂ ਛੇਤੀ ਮਿਲ ਜਾਂਦੀ ਆ.... ਐਧਰ ਆਈਦਾ ਈ ਨੀ ਬਾਹਲਾ..... ਓ ਬੜੇ ਗੁਰਦੁਆਰਿਉਂ ਨੈਟ ਬਿਰਜ ਵਾਲੀ ਬੱਸ ਰਿੱਚਮੈਟ ਲੈ ਔਂਦੀ ਆ.... ਗਾਹਾਂ ਫੇ ਲਾਂਡਰ ਵਾਲੀ ਆ ਜਾਂਦੀ ਆ... ।
ਹਾਂ ਜੀ ਬੜੇ ਗੁਰਦੁਆਰਿਉਂ ਮੌਜ ਆ ਬੱਸਾਂ ਦੀ, ਖਾਸ ਕਰ ਆਪਣੇ ਬਜ਼ੁਰਗਾਂ ਲਈ.... ਆਹ ਛੋਟਾ ਗੁਰਦੁਆਰਾ ਜਰਾ ਦੂਰ ਪੈਂਦਾ। ਮੈਂ ਕਿਹਾ। ਸ਼ਾਮ ਦੇ ਤਕਰੀਬਨ ਅੱਠ ਵਜ ਚੁੱਕੇ ਸਨ। ਗਰਮੀਆਂ ਨੂੰ ਜੇਕਰ ਦਿਨ ਪੱਧਰਾ ਹੋਵੇ, ਵੈਨਕੂਵਰ ਵਿੱਚ ਸ਼ਾਮ ਦੇ ਸਾਢੇ ਨੌਂ ਵੱਜਣ ਤੱਕ ਭੀ ਸੂਰਜ ਦੀ ਲੋਅ ਰਹਿੰਦੀ ਹੈ।
ਫਿਰ ਜਿਸ ਸੁਆਲ ਦੀ ਮੈਨੂੰ ਉਡੀਕ ਸੀ ਬਜ਼ੁਰਗ ਨੇ ਜ਼ਰਾ ਗਲਾ ਸਾਫ਼ ਕਰਕੇ ਪੁੱਛਿਆ , ਕਿਹੜਾ ਪਿੰਡ ਬਈ ਆਪਣਾ ਜੁਆਨਾ....
ਹੁਣ ਤਾਂ ਜੀ ਆਹੀ ਸਮਝੋ ....ਜਿੱਥੇ ਐਨੀ ਦੇਰ ਹੋ ਗਈ ਰਹਿੰਦਿਆਂ ਵੈਸੇ ਅਸੀਂ ਹੁਸ਼ਿਆਰਪੁਰ ਜ਼ਿਲੇ ਤੋਂ ਹਾਂ। ਬਜ਼ੁਰਗ ਨੇ ਮਾੜਾ ਜਿਹਾ ਸਿਰ ਹਿਲਾਇਆ ਤੇ ਜਿਵੇਂ ਉਡੀਕਦਾ ਹੋਵੇ ਕਿ ਮੈਂ ਭੀ ਉਸਤੋਂ ਉਸਦਾ ਪਿੰਡ ਪੁੱਛਾਂ ।
ਆਪਣਾ ਕਿਹੜਾ , ਭਾਈਆ ਜੀ?
ਆਹ ..... ਗੁਰਾਇਆਂ ਲਾਗੇ। ਬਜ਼ੁਰਗ ਨੇ ਜਿਵੇਂ ਕੁੱਝ ਚਾਅ ਨਾਲ ਦੱਸਿਆ।
ਤੁਹਾਡਾ ਤਾਂ ਸਾਰਾ ਅਲਾਕਾ ਈ ਬਾਹਰ ਆ, ਇੰਗਲੈਡ ਜਾਂ ਕਨੇਡਾ। ਮੈ ਜਿਵੇਂ ਉਸਦੇ ਪਿੰਡ ਦੀ ਤਾਰੀਫ਼ ਕੀਤੀ, ਪਰ ਕੈਨੇਡਾ ਦਾ ਨਾਮ ਸੁਣ ਕੇ ਜਿਵੇਂ ਉਸਦਾ ਚਾਅ ਗਾਇਬ ਹੋ ਗਿਆ ਹੋਵੇ। ਕੁੱਝ ਦੇਰ ਚੁੱਪ ਰਹਿਣ ਬਾਦ ਬੋਲਿਆ, ਕਾਦਾ ਬਾਰ੍ਹ ਜੀ... ਫ਼ਿਰ ਇੱਕ ਲੰਮਾ ਜਿਹਾ ਸਾਹ ਭਰਕੇ ਬੋਲਿਆ, ਪਿੰਡ .... ਪਿੰਡ ਈ ਹੂੰਦਾ...।
ਕਿੰਨੀ ਕੁ ਦੇਰ ਹੋ ਗਈ ਤੁਹਾਨੂੰ ਇੱਥੇ ਆਇਆਂ ਨੂੰ ? ਮੈਨੂੰ ਲੱਗਦਾ ਸੀ ਕਿ ਉਸਨੂੰ ਕੈਨੇਡਾ ਆਏ ਨੂੰ ਜ਼ਿਆਦਾ ਦੇਰ ਨਹੀਂ ਹੋਈ ਹੈ। ...ਆ ਹੋ ਗਏ ਜੀ ਛੇ ਸੱਤ ਮੀ੍ਹਨੇ.... । ਜਿਵੇਂ ਕੁੱਝ ਹਿਸਾਬ ਲਾਕੇ ਦੱਸਿਆ ਹੋਵੇ।
'ਕੋਈ ਨਹੀਂ ਭਾਈਆ ਜੀ, ਹੌਲੀ ਹੌਲੀ ਤੁਹਾਡਾ ਦਿਲ ਲੱਗ ਜਾਣਾ ਆਪਣੇ ਟੱਬਰ ਨਾਲ।' ਮਾਂ ਜ਼ਰਾ ਹੌਂਸਲਾ ਦੇਣ ਦੇ ਲਿਹਾਜ਼ ਨਾਲ ਕਿਹਾ। ਆਮ ਕਰਕੇ ਇੱਥੇ ਖਿਆਲ ਕੀਤਾ ਜਾਂਦਾ ਹੈ ਕਿ ਕੈਨੇਡਾ ਵਿਚ ਆਪਣੇ ਬਜ਼ੁਰਗ ਐਸ਼ ਕਰਦੇ ਹਨ। ਖੁਲ੍ਹਾ ਖਾਣ ਪੀਣ ਨੂੰ, ਚੜ੍ਹਨ ਲਈ ਕਾਰਾਂ, ਇਨ੍ਹਾਂ ਨੂੰ ਹੋਰ ਕੀ ਚਾਹੀਦਾ?
ਪਰ ਉਹ ਉਲਟਾ ਹੋਰ ਉਦਾਸੀ ਨਾਲ ਬੋਲਿਆ, 'ਹੁਣ ਦਿਲ-ਦੁਲ ਕੀ ਲੱਗਣਾ....ਹੁਣ ਤਾਂ ਗਾਹਾਂ ਈ....', ਕਹਿ ਕੇ ਉਸਨੇ ਸਿਰ ਝੁਕਾ ਲਿਆ ਤੇ ਆਪਣੇ ਪੈਰਾਂ ਵਿਚ ਪਈ ਘਸੀ ਹੋਈ ਗੁਰਗਾਬੀ ਵੱਲ ਦੇਖਣ ਲੱਗ ਪਿਆ। ਉਸਦੀ ਉਦਾਸੀ ਮੈਨੂੰ ਕੁੱਝ ਰੜਕ ਰਹੀ ਸੀ। ਕੁੱਝ ਦੇਰ ਬਾਅਦ ਗੱਲਾਂ ਦਾ ਰੁਖ਼ ਮੋੜਨ ਲਈ ਮੈਂ ਉਸਨੂੰ ਪੁੱਛਿਆ, 'ਅੱਜ ਛੋਟੇ ਗੁਰਦੁਆਰੇ ਕੋਈ ਖਾਸ ਗੱਲ ਸੀ? ' ਤੇ ਜਿਵੇਂ ਉਸਦਾ ਧਿਆਨ ਸੋਚਾਂ ਦੀ ਲੜੀ ਵਿਚੋਂ ਉਖੜਿਆ ਹੋਵੇ, ਮੂੰਹ ਉਤਾਂਹ ਨੂੰ ਕਰਕੇ ਕੁੱਝ ਯਾਦ ਕਰਕੇ ਬੋਲਿਆ, .... ਆ.... ਆ ਜਾਗਰ ਨੇ ਬੜ੍ਹੇ ਪਿੰਡੀਏ ਨੇ ਖੰਡ ਪਾਠ ਖੁਲਾਇਆ ਆ.... ਤਿੰਨਾਂ ਪੋਤੀਆਂ ਬਾਦ ਪੋਤਾ ਹੋਇਆ....' ਫਿਰ ਜਿਵੇਂ ਆਪਣੇ ਆਪ ਨਾਲ ਗੱਲ ਕਰਦਾ ਹੋਵੇ। '.... ਐਮੀਂ.... ਬਾਧੂ ਈ...।'
ਪੋਤੇ ਪੋਤੀਆਂ ਤੋਂ ਮੈਨੂੰ ਉਸਦੇ ਟੱਬਰ ਬਾਰੇ ਜਾਣਨ ਦਾ ਵਿਚਾਰ ਆਇਆ ਤੇ ਕੁੱਝ ਸਿਆਣਿਆਂ ਵਾਲੇ ਤਰੀਕੇ ਨਾਲ ਮੈਂ ਉਸਨੂੰ ਪੁੱਛਿਆ, 'ਟੱਬਰ ਤਾਂ ਸੁੱਖ ਨਾਲ ਆਪਣਾ ਭੀ ਇੱਥੇ ਹੀ ਹੋਣਾਂ?' ਜਿਵੇਂ  ਮੈਂ ਉਸਦੀ ਦੁਖਦੀ ਰਗ ਨੂੰ ਛੇੜ ਦਿੱਤਾ ਹੋਵੇ।
ਕੁੱਝ ਦੇਰ ਖਾਮੋਸ਼ ਰਹਿ ਕੇ ਉਦਾਸ ਜਿਹੀ ਆਵਾਜ਼ ਵਿਚ ਬੋਲਿਆ, ... ਕਾਦਾ ਟੱਬਰ ਜੀ.... ਪਿਛਲੀ ਉੇਂਬਰੇ ਆਹ ਇਕ ਮੁੰਡਾ ਹੋਇਆ ਸੀ, ਬਸ... ਮੇਰੇ ਘਰੋਂ ਬਿਚਾਰੀ ਨੇ ਕੋਈ ਗੁਰਦੁਆਰਾ ਨੀ ਛੱਡਿਆ ਜਿੱਥੇ ਪਾਠ ਨਾ ਸੁੱਖਿਆ ਹੋਵੇ.... ਤੇ ਹੋਰ ਕਿੰਨ੍ਹੇ ਈ ਰੁਪਈਏ ਸਾਧਾਂ ਪੀਰਾਂ ਦੇ ਮੂੰਅ  ਰੋੜ੍ਹ ਦਿੱਤੇ...।
....ਆਹੋ ....ਇਹੀ ....ਪੈਲ੍ਹਾਂ ਏਹਦੇ ਜੰਮਣ .... ਫ਼ੇਅ ਆਹ ਕਨੇਡੇ ਭੇਜਣ ਨੇ.... ਮੇਹੀ ਤਾਂ ਬੱਸ .... ਪਾਠਾਂ ਨੇ ਈ... ਸੱਭ ਕਾਸ। ਛੋਟੀ ਜਿਹੀ ਮੇਰੀ ਜਿਮੀਦਾਰੀ ਸੀ... ਪਰ ਐਥੇ ਨਾਲੋਂ ਤਾਂ ..... ਚੰਗੇ ਸੀ ਆਪਣੇ ਘਰ ਜਿੱਦਾਂ ਦੇ ਭੀ....। ਬੱਸ ਵੈਨਕੂਵਰ ਵਿੱਚੋਂ ਨਿਕਲਣ ਤੋਂ ਪਹਿਲਾਂ ਆਖਰੀ ਸਟਾਪ ਤੇ ਰੁਕੀ। ਇਸ ਤੋਂ ਬਾਦ ਬੱਸ ਨੇ ਲੈਡਨਰ ਵੱਲ ਜਾਣ ਵਾਲੇ ਹਾਈਵੇ ਉਪਰ ਪੈ ਜਾਣਾ ਸੀ। ਇਸ ਸਟਾਪ ਤੋਂ ਕਈ ਸੁਆਰੀਆਂ ਚੜ੍ਹੀਆਂ। ਬੱਸ ਦੀਆਂ ਤਕਰੀਬਨ ਸੱਭ ਸੀਟਾਂ ਭਰ ਚੁੱਕੀਆਂ ਸਨ। ਸਿਰਫ਼ ਬਜ਼ੁਰਗ ਦੇ ਨਾਲ ਵਾਲੀ ਸੀਟ ਖਾਲੀ ਪਈ ਸੀ। ਇੱਕ ਪੱਚੀਆਂ ਕੁ ਵਰ੍ਹਿਆਂ ਦੀ ਅਪਟੂਡੇਟ ਜਿਹੀ ਗੋਰੀ ਨੂੰ ਸੀਟ ਨਾ ਮਿਲੀ । ਉਹ ਬਜ਼ੁਰਗ ਦੇ ਨੇੜੇ ਹੀ ਛੱਤ ਵਾਲਾ ਡੰਡਾ ਫੜ੍ਹ ਕੇ ਖੜ੍ਹ ਗਈ। ਬਜ਼ੁਰਗ ਨੇ ਉਸਦੇ ਪੈਰਾਂ ਤੋਂ ਸਿਰ ਤੱਕ ਦੇਖਿਆ ਅਤੇ ਐਨਕਾਂ ਵਿੱਚੋਂ ਅੱਖਾਂ ਸਿਕੋੜਦੇ ਹੋਏ ਨੇ ਉਹਦੇ ਚੇਹਰੇ ਵੱਲ ਨੀਝ ਲਾਉਣ ਦੀ ਕੋਸ਼ਿਸ਼ ਕੀਤੀ ਅਤੇ ਆਪਣੀ ਜਗ੍ਹਾ ਤੇ ਹੀ ਥੋੜ੍ਹਾ ਹੋਰ ਸਿਕੁੜ ਕੇ ਬੈਠ ਗਿਆ ਜਿਵੇਂ ਕਿ ਆਪਣੇ ਵੱਲੋਂ ਉਸ ਮੁਟਿਆਰ ਨੂੰ ਸ਼ਿਸ਼ਟਾਚਾਰ ਵਜੋਂ ਕਹਿ ਰਿਹਾ ਹੋਵੇ ਕਿ ਬੀਬੀ ਖੜ੍ਹੀ ਕਾਹਤੋਂ ਆਂ ਇਸ ਖਾਲੀ ਸੀਟ 'ਤੇ ਬੈਠ ਜਾ। ਪਰ ਸ਼ਾਇਦ ਉਸ ਬੀਬਾ ਨੂੰ ਬਜ਼ੁਰਗ ਦਾ ਸ਼ਿਸ਼ਟਾਚਾਰ ਚੰਗਾ ਨਹੀਂ ਲੱਗਾ ਜਾਂ ਉਸਨੂੰ ਮੈਲੇ ਜਿਹੇ ਅਤੇ ਪੱਗ ਦਾੜ੍ਹੀ ਵਾਲੇ ਬੁੜ੍ਹੇ ਦੇ ਕੋਲ ਬੈਠਣਾ ਠੀਕ ਨਾ ਲੱਗਾ। ਬੈਠਣ ਦੀ ਬਜਾਏ ਉਹ ਬਸ ਦੇ ਪਿੱਛੇ ਵੱਲ ਜਾ ਕੇ ਇਕ ਹੋਰ ਡੰਡਾ ਫੜ੍ਹ ਕੇ ਖੜ੍ਹੀ ਹੋ ਗਈ। ਬਜ਼ੁਰਗ ਨੇ ਮੁੜ ਨੀਵੀਂ ਪਾ ਲਈ।
ਮੈਨੂੰ ਉਸ ਨੱਕ ਚੜ੍ਹੀ ਮੁਟਿਆਰ ਦਾ ਵਰਤਾਅ ਅੱਛਾ ਨਾ ਲੱਗਾ ਤੇ ਮੈਨੂੰ ਲੱਗਾ ਕਿ ਸ਼ਾਇਦ ਬਜ਼ੁਰਗ ਦੇ ਮਨ ਨੂੰ ਭੀ ਠੇਸ ਪਹੁੰਚੀ ਹੈ। ਸ਼ਾਇਦ ਇਸੇ ਕਰਕੇ ਉਹ ਚੁੱਪ ਹੋ ਗਿਆ ਸੀ।
'ਤੁਹਾਡੇ ਘਰੋਂ ਭੀ ਇੱਥੇ ਈ ਆ?' ਮੈਂ ਪੁਛਿਆ। ਬਜ਼ੁਰਗ ਦੀ ਸੋਚਾਂ ਦੀ ਲੜੀ ਫਿਰ ਟੁੱਟੀ। 'ਕਾਹਨੂੰ...' ਲੱਗ ਪੱਗ ਰੋਣ ਹਾਕੀ ਆਵਾਜ਼ ਵਿਚ ਬੋਲਿਆ, '... ਉਹ ਤਾਂ ਬਚਾਰੀ....' ਸਾਲ ਕੁ ਹੋਇਆ ਤਾਂ... ਗੁਜਰ ਗਈ.....। .... ਪੈਲ੍ਹਾਂ ਏਹਦੀਆਂ ਸੁੱਖਾਂ, ਫੇਅ ਏਦ੍ਹੇ ਗਾਹਾਂ ਮੁੰਡਿਆਂ ਦੀਆਂ... ਸਾਰੀ ਉਂਬਰ ਉਨ ਤਾਂ ਬੱਸ ਏਹੀ... ਫ਼ਿਕਰਾਂ ਨੇ ਈ ਬਚਾਰੀ ਖਾ ਲਈ....।'
ਕੁੱਝ ਦੇਰ ਚੁੱਪ ਰਹਿਕੇ, ਜਿਵੇਂ ਯਾਦ ਕਰਦਾ ਹੋਵੇ,....' ਬੜਾ ਚਾਅ ਸੀ ਉਹਨੂੰ ਪੋਤਿਆਂ ਦਾ... ਕਨੇਡਾ ਦਾ...। ਇਹ ਸੌਹਰਾ ਐਸਾ ਕਨੇਡੇ ਆਇਆ ਮੁੜਕੇ ਮਿਲਣ ਈ ਨੀ ਗਿਆ... ਚਿੱਠੀ ਚਪੱਠੀ ਭੀ ਲੰਗੇ ਡੰਗ ਪੈਂਦਾ... ਮਾਂ ਏਦ੍ਹੀ ਡੀਕਦੀ ਰੋਂਦੀ ਹਰ ਬਰ੍ਹੇ...। ਕਦੇ ਕਹਿਣਾ ਕਿ ਨਿਆਣੇ ਹਾਲੇ ਨਿੱਕੇ ਆ, ਗਾਹਾਂ ਦੇ ਬਰ੍ਹੇ ਆਮਾਂਗੇ.. ਕਦੇ ਅਸੀਂ ਨਮੀਂ ਕਾਰ ਲੈ ਲਈ.... ਕਦੇ ਅਸੀਂ ਨਮਾਂ ਘਰ ਲੈ ਲਿਆ, ਆ ਨੀ ਹੋਣਾ....। ਓਹ ਜੈਲਦਾਰਨੀ ਦਾ ਬੋਲ ਕਿ ਠੰਡੇ ਮੁਲਖੀਂ ਜਾ ਕੇ ਲਹੂ ਭੀ ਠੰਡਾ ਹੋ ਰੈਂਦ੍ਹਾ, ਓਦ੍ਹੇ ਪੁੱਤ ਬੀ ਓਦ੍ਹੀ ਬਾਤ ਨੀ ਪੁੱਛਦੇ....।' ਕੁੱਝ ਦੇਰ ਚੁੱਪ ਰਹਿ ਕੇ ਫਿਰ ਬੋਲਿਆ, 'ਓਦਾਂ ਤਾਂ ਖਰਾ ਹੋਇਆ ਕਿਸ਼ਨ ਕੁਰ ਤਾਂ ਬਚ ਗਈ.... ਨਈਂ ਤਾਂ ਮੇਰੇ ਬਾਲੀ ਖੇਹ ਉਨ ਭੀ ਫੱਕਣੀ ਸੀ...।'
ਮੁਹਰਲੀਆਂ ਸੀਟਾਂ ਦੀਆਂ ਸੁਆਰੀਆਂ ਕਦੇ ਬਜ਼ੁਰਗ ਨੂੰ ਤੇ ਕਦੇ ਮੈਨੂੰ ਕੁੱਝ ਧਿਆਨ ਨਾਲ ਦੇਖ ਰਹੀਆਂ ਸਨ। ਬਜ਼ੁਰਗ ਨੂੰ ਜਿਵੇਂ ਮਸੀਂ ਕੋਈ ਦੁੱਖ ਫਰੋਲਣ ਵਾਲਾ ਮਿਲਿਆ ਹੋਵੇ। ਕੁੱਝ ਚਿਰ ਚੁੱਪ ਰਹਿ ਕੇ ਆਪ ਹੀ ਬੋਲ ਪਿਆ, '... ਲੈ ਆਹ ਕੋਈ ਬਸੇਰਾ ਆ ਮੇਰੀ... ਅੱਸੀਆਂ ਨੂੰ ਢੁੱਕਿਆ ਆਂ... ਫਾਰਮਾਂ ਨੂੰ ਭੇਜ ਤਾਂ ਮੈਨੂੰ...। ਅਖੇ ਘਰ ਬੇਹਲਾ ਬੈਠਣ ਨਾਲੋਂ ਖਰਾ... ਨਾਲੇ ਸਾਰਾ ਸਾਲ ਪੈਸੇ ਐਂਦੇ ਰ੍ਹੈਣਗੇ...। .... ਤੀਏ ਦਿਨ ਮੇਤੋਂ ਉਠੇ ਈ ਨੀ ਹੋਇਆ.... ਗੋਡੇ ਭੀ ਕੀ ਕਰਨ.... ਬਥੇਰਾ ਕੀਤਾ ਸਾਰੀ ਉਬਰ.... ਡੂਢ ਡੂਢ ਖੇਤ ਭੀ ਕੱਢ ਦੇਈਦਾ ਸੀ ਦਿਆੜੀ ਦਾ.... ਪਰ ਫ਼ੈਦਾ ਕੀ ਹੋਇਆ ਜਦ ਏਸ ਬਰੇਸੇ ਕੋਈ ਫਿੱਟੇ ਮੂੰਅ ਨੀ ਕ੍ਹੈਂਦਾ...?' ਬਜ਼ੁਰਗ ਨੇ ਜਿਵੇਂ ਆਪਣੇ ਆਪ ਨੂੰ ਕਿਹਾ।
'ਚਲੋ ਭਾਈਆ ਜੀ ਖਾਣ ਪਹਿਨਣ ਨੂੰ ਮਿਲਦਾ ਰਹੇ, ਇਹੀ ਬੜਾ।' ਮੈਨੂੰ ਸਮਝ ਨਹੀਂ ਆ ਰਹੀ ਸੀ ਕਿ ਮੈਂ ਬਜ਼ੁਰਗ ਨੂੰ ਕੀ ਹੌਂਸਲਾ ਦਿਆਂ।
... ਸਬੇਰ ਨੂੰ ਕੱਪ ਚਾਹ ਦਾ ਪੀਕੇ ਗੁਰਦੁਆਰੇ ਆ ਜਾਈਦਾ... ਸ਼ਾਮ ਦਾ ਲੰਗਰ ਛੱਕ ਕੇ ਈ ਬੱਸੇ ਬੈਠੀਦਾ...। ... ਨੌਂਹ ਮੇਰੀ ਇਕ ਦਿਨ ਫੂਨ 'ਤੇ ਕਿਸੇ ਨਾਲ ਕਰਦੀ ਸੀ... ਅਖੇ ਬੁੜਾ ਕੰਮ ਕਰਨ ਦਾ ਮਾਰਾ ਗੋਡੇ ਫੜ ਕੇ ਬੈਹ ਗਿਆ.... ਕੰਮ ਕਰਦਾ ਹੁੰਦਾ ਤਾਂ ਫ਼ਾਰਮਾਂ 'ਚ ਈ ਛੱਡ ਦੇਣਾ ਸੀ, ਏਹਨੂੰ ਬਾਸ਼ਰੂਮ ਬਰਤਣ ਦਾ ਨੀ ਪਤਾ...।'
... ਉਦਣ ਦਾ ਆਪਾਂ ਤਾਂ ਸੌਣ ਵੇਲੇ ਈ ਘਰ ਜਾਈਦਾ... ਬੇਸਮਿੰਟ ਬਿਚ ਇਕ ਮੰਜਾ ਦਿੱਤਾ ਆ...। ਘਰ ਭੀ ਕੀ ਕਰਾਂ... ਉਪਰ ਨਿਆਣੇ ਉਚੀ ਉਚੀ ਟੀ ਬੀ ਲਾ ਰੱਖਦੇ ਆ... ਉਹਦ੍ਹੇ ਵਿਚ ਆ ਜਾਂਘੀਏ ਜਿਹੇ ਲਾਈ ਟੱਪਦੀਆਂ ਰੈਂਹਦੀਆਂ। ... ਕਦੇ ਮੈਨੂੰ ਕੈਂਹਦੇ ਆ ਤੇਰੀ ਦਾੜੀ ਚੋਂ ਮੁਸ਼ਕ ਆਉਂਦਾ...। ਮੁੰਡੇ ਕੋਲ ਟੈਮ ਈ ਨੀ ਹਾਲ ਪੁੱਛਣ ਦਾ... ਜਾਂ ਕੰਮ ਤੇ ਓਵਰ ਟੈਮ... ਜਾਂ ਭਾਈਬੰਦਾ ਨਾਲ ਪੀਈ ਜਾਣੀ.... ਘਰਾਂ ਦੀਆਂ ਈ ਗੱਲਾਂ ਕਰਦੇ ਰ੍ਹੈਂਦੇ ਆ... ਨਮੇਂ ਘਰ ... ਬੜੇ ਘਰ... ਇਨ੍ਹਾਂ ਨੂੰ ਕੋਈ ਪੁੱਛੇ... ਬੁੜ੍ਹੇ ਤਾਂ ਤੁਹਾਡੇ ਸੜਕਾਂ ਤੇ ਰੁਲਦੇ ਫਿਰਦੇ ਆ... ਕੀ ਕਰਨਾ ਬੜੇ ਘਰਾਂ ਨੂੰ...।' ਬਜ਼ੁਰਗ ਦੀ ਗੱਲ ਨੇ ਮੈਨੂੰ ਲਾਜਵਾਬ ਕਰ ਦਿੱਤਾ। ਫ਼ਿਰ ਕੁਝ ਹਿਰਖ ਨਾਲ ਬੋਲਿਆ '.... ਹਰ ਬੀਕ ਐਂਡ ਖੰਡ ਪਾਠ.... ਜਾਂ ਪਾਰਟੀ.... ਮੇਰੀ ਕੇਹਨੂੰ ਲੋੜ ਆ ਕੋਈ....।'
'ਕੋਈ ਨਹੀਂ ਭਾਈਆ ਜੀ, ਇਸ ਤਰ੍ਹਾਂ ਨਾ ਕਹੋ, ਬੰਦੇ ਦੀ ਤਾਂ ਹਰ ਵੇਲੇ ਬੰਦੇ ਨੂੰ ਲੋੜ ਹੁੰਦੀ ਹੈ ਨਾਲੇ ਬਜ਼ੁਰਗਾਂ ਦੀ ਤਾਂ...।' ਮੇਰੀ ਗੱਲ ਵਿਚੇ ਹੀ ਕੱਟਦਾ ਬੋਲਿਆ 'ਹਾਂਅ...! ਜੇ ਓਹ ਜੀਂਦੀ ਹੁੰਦੀ ਤਾਂ ਮੈਂ ਕਦੇ ਦਾ ਪਿੰਡ ਮੁੜ ਜਾਣਾ ਸੀ ਪਰ ਉਹ ਤਾਂ...'।
ਬੱਸ ਜਾਰਜ ਮੈਸੀ ਸੁਰੰਗ ਪਾਰ ਕਰ ਰਹੀ ਸੀ ਤੇ ਖੜਾਕੇ ਵਿਚ ਮੈਨੂੰ ਉਸਦੀ ਬਾਕੀ ਗੱਲ ਸਮਝ ਨਾ ਪਈ। ਸੁਰੰਗ ਪਾਰ ਕਰਕੇ ਬਸ ਅਗਲੀ ਲਾਈਟ ਤੋਂ ਲੈਡਨਰ ਵੱਲ ਮੁੜ ਗਈ। ਨੌ ਕੁ ਵੱਜ ਚੁੱਕੇ ਸਨ ਪਰ ਅਜੇ ਭੀ ਦਿਨ ਛਿਪਿਆ ਨਹੀਂ ਸੀ।
'ਲੈਡਨਰ ਆ ਗਿਆ ਭਾਈਆ ਜੀ, ਕਿੱਥੇ ਕੁ ਉਤਰਨਾ ਤੁਸੀਂ?'
ਬਜ਼ੁਰਗ ਜਿਵੇਂ ਖਿਆਲਾਂ ਵਿਚੋਂ ਫਿਰ ਜਾਗਿਆ ਹੋਵੇ,, '.. ਹੈਂਅ... ਆ ਗਏ...।' ਫਿਰ ਐਨਕ ਦੇ ਸ਼ੀਸ਼ਿਆਂ ਵਿਚ ਅੱਖਾਂ ਸਿਕੋੜਦਾ ਬਾਹਰ ਵੱਲ ਦੇਖ ਕੇ ਬੋਲਿਆ '..... ਅਜੇ ਤਾਂ ਕਈ ਦਿਨ ਪਿਆ.... ਔਹ ਪਾਰਕ ਕੋਲ ਲਾਹਦੇ ਮੈਨੂੰ.... ਗਾਹਾਂ ਮੈਂ ਤੁਰ ਕੇ ਚਲਾ ਜਾਊਂਗਾ.... ਨੇੜੇ ਈ ਆ....।'
ਮੈਂ ਪਾਰਕ ਦੇ ਕੋਲ ਬੱਸ ਰੋਕੀ, 'ਚੰਗਾ ਬਈ ਜੁਆਨਾ....' ਕਹਿ ਕੇ ਬਜ਼ੁਰਗ ਹੌਲੀ ਹੌਲੀ ਬਸ ਵਿਚੋਂ ਉਤਰ ਗਿਆ। ਬਾਹਰ ਆ ਕੇ ਉਸਨੇ ਇਕ ਵਾਰ ਨੀਝ ਜਿਹੀ ਲਾ ਕੇ ਸੂਰਜ ਵੱਲ ਦੇਖਿਆ ਜਿਵੇਂ ਅੰਦਾਜ਼ਾ ਲਗਾਉਂਦਾ ਹੋਵੇ ਕਿ ਅਜੇ ਕਦੋਂ ਕੁ ਹਨੇਰਾ ਹੋਵੇਗਾ। ਹੌਲੀ ਹੌਲੀ ਖੁੰਡੀ  ਦੇ ਆਸਰੇ ਤੁਰਦਾ ਉਹ ਪਾਰਕ ਵਿਚ ਪਏ ਬੈਂਚ ਉਪਰ ਮਲਕ ਦੇਣੀ ਸੂਰਜ ਵੱਲ ਮੂੰਹ ਕਰਕੇ ਬੈਠ ਗਿਆ। ਇਕ ਹੱਥ ਨਾਲ ਗੋਡੇ ਦੱਬਦਾ ਅਤੇ ਦੂਸਰੇ ਹੱਥ ਖੂੰਡੀ ਤੇ ਟਿਕਾ ਕੇ ਉਸ ਉਪਰ ਮੂੰਹ ਧਰਕੇ ਫਿਰ ਜਿਵੇਂ ਡੂੰਘੇ ਖਿਆਲਾਂ ਵਿਚ ਗੁਆਚ ਗਿਆ। ਮੈਂ ਬਸ ਦੀ ਤਾਕੀ ਰਾਹੀਂ ਅਜੇ ਭੀ ਉਸ ਵੱਲ ਦੇਖ ਰਿਹਾ ਸੀ ਅਤੇ ਮੇਰੇ ਲਈ ਇਹ ਅੰਦਾਜ਼ਾ ਲਗਾਉਣਾ ਮੁਸ਼ਕਲ ਹੋ ਰਿਹਾ ਸੀ ਕਿ ਉਹ ਅੱਜ ਦੇ ਦਿਨ ਦਾ ਸੂਰਜ ਡੁੱਬਣ ਦਾ ਇੰਤਜ਼ਾਰ ਕਰ ਰਿਹਾ ਹੈ ਜਾਂ ਕਿ ਆਪਣੇ।




ਕਵਿਤਾ
 

ਔਰੰਗਜ਼ੇਬ ਅਜੇ ਨਹੀਂ ਮੋਇਆ
ਜ਼ੁਲਮ ਤੇ ਜ਼ਾਲਮ ਵੀ
ਚੋਲ਼ਾ ਹੀ ਬਦਲਦੇ ਨੇ।
ਨਾਟਕ ਦੇ ਅਦਾਕਾਰ ਵਾਂਗ।
ਕਦੇ ਮਾਸੂਮ ਸਾਹਿਬਜ਼ਾਦੇ
ਕਦੇ ਮਾਸੂਮ ਸੁਪਨੇ
ਜ਼ਾਲਮ ਹਕੂਮਤਾਂ ਦੀ ਲੋੜ ਹੁੰਦੀ ਹੈ।
    ਉਹ ਕਿਸੇ ਦੇ ਕੁਝ ਨਹੀਂ ਲੱਗਦੇ ਹੁੰਦੇ।
    ਗ਼ਰਜ਼ਾਂ ਦੇ ਪੁੱਤਰ
    ਫ਼ਰਜ਼ਾਂ ਨੂੰ ਕੀ ਗੌਲਦੇ ਹਨ।
ਕੁਰਾਨ ਲਿਖ ਕੇ ਰੋਟੀ
ਕਮਾਉਣ ਵਾਲਾ  ਨਾਟਕ
ਹਰ ਯੁਗ ਚ ਨਿਰੰਤਰ ਜਾਰੀ ਰਹਿੰਦਾ ਹੈ।
ਧਰਮ ਦੇ ਪਰਦੇ ਵਿੱਚ
ਇਸ ਆਸਥਾ ਦੇ ਓਹਲੇ ਵਿੱਚ
ਬਹੁਤ ਕੁਝ ਵਾਪਰਦਾ ਹੈ।
    ਸਰਹੰਦ ਆਵਾਜ਼ ਮਾਰ ਕੇ
    ਤੁਹਾਨੂੰ ਹਰ ਸਾਲ ਇਸ ਲਈ
    ਨਹੀਂ ਬੁਲਾਉਂਦਾ ਕਿ
    ਲੰਗਰ ਛਕ ਜਾਓ।
ਸਾਹਿਬਜ਼ਾਦੇ ਹਰ ਸਾਲ
ਵੰਗਾਰ ਕੇ ਸੁਨੇਹਾ ਦਿੰਦੇ ਹਨ
ਜਬਰ ਜ਼ੁਲਮ ਅੱਗੇ ਜੇ ਅਸੀਂ
ਨੌਂ ਅਤੇ ਸੱਤ ਸਾਲ ਦੀ ਉਮਰੇ
ਡਟ ਕੇ ਨੀਹਾਂ 'ਚ
ਸ਼ਹਾਦਤ ਪਾ ਸਕਦੇ ਹਾਂ
ਤਾਂ ਤੁਸੀਂ ਕਿਸ ਨੂੰ ਉਡੀਕਦੇ ਹੋ?
- ਗੁਰਭਜਨ ਗਿੱਲ



ਗ਼ਜ਼ਲ
- ਹਰਭਜਨ ਸਿੰਘ ਹੁੰਦਲ
 

ਧੁੰਦਾਂ, ਧੂੜਾਂ ਵਿਚੋਂ ਲੱਭਦਾ, ਫਿਰਦਾ ਹਾਂ ਪਰਛਾਵਾਂ ਮੈਂ,
ਮੇਰੀ ਤੇ ਕੋਈ ਹੋਂਦ ਨਹੀਂ ਸੀ,ਕਿਸ ਤੇ ਹੱਕ ਜਤਾਵਾਂ ਮੈਂ।

ਲੋਕੀਂ ਮੈਨੂੰ ਪੁੱਛਣ ਆਉਂਦੇ, ਮੇਰੇ ਘਰ ਦਾ ਸਿਰਨਾਵਾਂ,
ਕਿਸ ਕੁਟੀਆਂ ਦੀ ਦਵਾਂ ਨਿਸ਼ਾਨੀ ਕਿਹੜੀ ਗਲੀ ਲਿਖਾਵਾਂ ਮੈਂ?

ਅੱਧੀ ਰਾਤੀਂ, ਬੂਹੇ ਉਤੇ ਜੇ ਕੋਈ ਦਸਤਕ ਹੁੰਦੀ ਹੈ,
ਕੁੰਡਾ ਖੋਲ੍ਹਾਂ, ਜਾਂ ਨਾ ਖੋਲ੍ਹਾਂ, ਦੁਬਿਧਾ ਕਿੰਝ ਮਿਟਾਵਾਂ ਮੈਂ?

ਬਹੁਤੀ ਲੰਘੀ, ਥੋਹੜੀ ਰਹਿੰਦੀ ਤੇ ਇਹ ਵੀ ਹੈ ਲੰਘ ਜਾਣੀ
ਕੂੜ ਕੁਫ਼ਰ ਦਾ ਏਸ ਵਰੇਸੇ ਕਿਉਂ ਕਰ ਵਣਜ ਕਮਾਵਾਂ ਮੈਂ

ਕਿਹੜੇ ਕਿਹੜੇ ਸੱਜਣ ਦਾ ਹੈ, ਲਹਿਣਾ ਦੇਣਾ ਸਿਰ ਮੇਰੇ
ਜੀ ਕਰਦਾ ਸਭਨਾ ਨੂੰ ਸੱਦ ਕੇ ਸਾਰੇ ਕਰਜ਼ ਚੁਕਾਵਾਂ ਮੈਂ।

ਕੀ ਆਖਾਂ ਤੇ ਕੀ ਨਾ ਆਖਾਂ, ਬਿਹਤਰ ਹੈ ਕਿ ਚੁੱਪ ਰਹਾਂ,
ਚੁੱਪ ਰਹਿਣਾ ਵੀ ਸੌਖਾ ਨਾ ਹੈ, ਬਣਿਆ ਮਾਣ ਘਟਾਵਾਂ ਮੈਂ।

ਕੀ ਖੱਟਿਆ, ਕੀ ਅਸਾਂ ਗਵਾਇਆ ਕਦੇ ਹਿਸਾਬ ਨਹੀਂ ਕੀਤਾ,
ਅੰਤਿਮ ਵੇਲੇ ਕਿਸੇ ਨੂੰ ਸਾਰਾ, ਉਹ ਲੇਖਾ ਲਿਖਵਾਵਾਂ ਮੈਂ।

ਵਿਦਾ ਹੋਣ ਦਾ ਵੇਲਾ ਆਇਆ ਕਰਾਂ ਤਿਆਰੀ ਮੰਜ਼ਿਲ ਦੀ
ਕਿਹੜੀ ਕਵਿਤਾ ਬੰਨ੍ਹਾਂ ਪੱਲੇ, ਕਿਹੜੀ ਛੱਡ ਕੇ ਜਾਵਾਂ ਮੈਂ।

ਆਪਣੇ ਬਾਰੇ ਭਰਮ ਭੁਲੇਖੇ, ਪਾਲੀ ਫਿਰਦਾ ਹੁੰਦਲ ਹੈ
ਚਿੱਤ ਚਾਹੇ ਕਿ ਕੋਲ ਬੁਲਾ ਕੇ, ਸ਼ੀਸ਼ਾ ਜ਼ਰਾ ਵਿਖਾਵਾਂ ਮੈਂ। 

(5.2.2017)

No comments:

Post a Comment