Saturday 18 March 2017

ਪ੍ਰਵਾਸੀ ਭਾਰਤੀਆਂ ਦੀਆਂ ਪੰਜਾਬ ਪ੍ਰਤੀ ਚਿੰਤਾਵਾਂ ਦੇ ਸੰਦਰਭ 'ਚ

ਵਿਦੇਸ਼ਾਂ ਵਿਚ ਵਸੇ ਭਾਰਤੀਆਂ (NRI’s) ਨੇ ਦੇਸ਼ ਦੀਆਂ ਅਵਸਥਾਵਾਂ ਵਿਚ ਹਮੇਸ਼ਾ ਹੀ ਦਿਲਚਸਪੀ ਲਈ ਹੈ ਤੇ ਆਪਣੀ ਦਖਲ ਅੰਦਾਜ਼ੀ ਨਾਲ ਇਥੋਂ ਦੀ ਰਾਜਨੀਤੀ, ਆਰਥਿਕਤਾ ਤੇ ਸਭਿਆਚਾਰ ਨੂੰ ਪ੍ਰਭਾਵਿਤ ਵੀ ਕੀਤਾ ਹੈ। ਪੰਜਾਬ, ਅੰਦਰ ਇਹ ਵਰਤਾਰਾ ਬੇਸ਼ੱਕ ਦੂਸਰੇ ਪ੍ਰਾਂਤਾਂ ਨਾਲੋਂ ਕੁਝ ਜ਼ਿਆਦਾ ਰਿਹਾ ਹੈ। ਪੰਜਾਬ ਅੰਦਰ ਪ੍ਰਵਾਸੀ ਪੰਜਾਬੀਆਂ ਵਲੋਂ ਆਪਣੀ ਕਿਰਤ ਕਮਾਈ ਵਿਚੋਂ ਅਨੇਕਾਂ ਸਿਹਤ ਸੇਵਾਵਾਂ, ਵਿਦਿਅਕ ਅਦਾਰੇ, ਖੇਡ ਸੰਸਥਾਵਾਂ , ਧਾਰਮਿਕ ਸਥਾਨਾਂ ਦੀ ਉਸਾਰੀ ਤੇ ਲੋੜਵੰਦਾਂ ਦੀ ਵੱਖ ਵੱਖ ਢੰਗਾਂ ਨਾਲ ਕੀਤੀ ਜਾਣ ਵਾਲੀ ਸਹਾਇਤਾ ਤੇ ਪਹਿਲਕਦਮੀਆਂ ਬਹੁਤ ਹੀ ਸ਼ਲਾਘਾਯੋਗ ਹਨ। ਇਸ ਤੋਂ ਬਿਨਾਂ ਧਰਮ ਤੇ ਆਸਥਾ ਦੇ ਨਾਂਅ ਉਪਰ ਚੱਲਣ ਵਾਲੇ ਡੇਰਿਆਂ ਤੇ ਸਭਿਆਚਾਰਕ ਪ੍ਰੋਗਰਾਮਾਂ ਵਿਚ ਵੀ ਇਨ੍ਹਾਂ ਪੰਜਾਬੀਆਂ ਵਲੋਂ ਪਾਣੀ ਵਾਂਗ ਪੈਸਾ ਵਹਾਇਆ ਜਾਂਦਾ ਹੈ (ਭਾਵੇਂ ਕਿ ਇਨ੍ਹਾਂ ਕਥਿਤ ਸਭਿਆਚਾਰਕ ਮੇਲਿਆਂ ਦੇ ਸਿੱਟੇ ਕਦੇ ਸਾਰਥਕ ਨਹੀਂ ਹੁੰਦੇ। ਕਿਉਂਕਿ ਇਹ ਲੋਕਾਂ ਦੇ ਮਨਾਂ ਅੰਦਰ ਨਾਂਹ ਪੱਖੀ ਸੋਚਣੀ ਨੂੰ ਪੁੰਗਰਨ ਦਾ ਵੱਡਾ ਮੌਕਾ ਦਿੰਦੇ ਹਨ)। ਵੱਡੇ ਕਾਰੋਬਾਰਾਂ, ਉਦਯੋਗਾਂ ਤੇ ਵਿਉਪਾਰ ਵਿਚ ਪ੍ਰਵਾਸੀ ਭਾਰਤੀਆਂ ਵਲੋਂ ਕੀਤਾ ਪੂੰਜੀ ਨਿਵੇਸ਼ ਦੇਸ਼ ਦੇ ਸਨਅਤੀਕਰਨ ਵਿਚ ਮਦਦ ਕਰਦਾ ਹੈ। ਇਸ ਤੋਂ ਬਿਨਾਂ ਪੰਜਾਬ ਅੰਦਰ ਰਹਿੰਦੇ ਆਪਣੇ ਪਰਿਵਾਰਾਂ, ਸਕੇ-ਸਬੰਧੀਆਂ ਤੇ ਦੋਸਤਾਂ ਦੀ ਵਿੱਤੀ ਸਹਾਇਤਾ ਰਾਹੀਂ  ਪ੍ਰਵਾਸੀ ਪੰਜਾਬੀਆਂ ਵਲੋਂ ਉਨ੍ਹਾਂ ਦੇ ਜੀਵਨ ਪੱਧਰ ਨੂੰ ਉਤਾਂਹ ਚੁੱਕਣ ਵਿਚ ਵੱਡਾ ਯੋਗਦਾਨ ਪਾਇਆ ਜਾ ਰਿਹਾ ਹੈ।
ਪੰਜਾਬ ਅੰਦਰ ਅਗਾਂਹਵਧੂ ਲਹਿਰ ਨਾਲ ਪ੍ਰਵਾਸੀ ਪੰਜਾਬੀਆਂ ਦਾ ਇਕ ਵੱਡਾ ਹਿੱਸਾ ਜੁੜਿਆ ਚਲਿਆ ਆ ਰਿਹਾ ਹੈ, ਜੋ ਦੇਸ਼ ਤੇ ਪ੍ਰਾਂਤ ਵਿਚ ਖੱਬੇ ਪੱਖੀ ਲਹਿਰ ਨੂੰ ਮਜ਼ਬੂਤ ਕਰਨ ਵਿਚ ਮਦਦਗਾਰ ਹੁੰਦਾ ਹੈ। ਗਦਰੀ ਬਾਬਿਆਂ, ਸ਼ਹੀਦ ਊਧਮ ਸਿੰਘ, ਸ਼ਹੀਦ-ਇ-ਆਜ਼ਮ ਭਗਤ ਸਿੰਘ ਵਰਗੇ ਸੂਰਬੀਰਾਂ ਦੇ ਮੇਲਿਆਂ ਦਾ ਆਯੋਜਨ ਕਰਕੇ ਇੰਗਲੈਂਡ, ਕੈਨੇਡਾ, ਅਮਰੀਕਾ ਆਦਿ ਦੇਸ਼ਾਂ ਅੰਦਰ ਦੇਸ਼ ਭਗਤੀ ਤੇ ਬਰਾਬਰਤਾ ਅਧਾਰਤ ਸਮਾਜ ਸਿਰਜਣ ਵਾਸਤੇ ਕੀਤੇ ਗਏ ਯਤਨਾਂ ਦੀ ਵਿਰਾਸਤ ਨੂੰ ਜਿਉਂਦੇ ਰੱਖਣ ਲਈ ਕੀਤਾ ਜਾਂਦਾ ਹਰ ਉਪਰਾਲਾ ਮਾਣ ਕਰਨ ਯੋਗ ਹੈ। ਕਾਂਗਰਸ ਸਰਕਾਰ ਵਲੋਂ 1975 ਵਿਚ ਲਗਾਈ ਗਈ ਐਮਰਜੈਂਸੀ ਦਾ ਵਿਦੇਸ਼ਾਂ 'ਚ ਵਸਦੇ ਭਾਰਤੀਆਂ, ਜਿਨ੍ਹਾਂ ਵਿਚ ਬੁੱਧੀਜੀਵੀ, ਲੇਖਕ, ਸਾਹਿਤਕਾਰ, ਕਵੀ ਵੀ ਵੱਡੀ ਗਿਣਤੀ ਵਿਚ ਸ਼ਾਮਿਲ ਸਨ, ਨੇ ਡਟਵਾਂ ਵਿਰੋਧ ਕਰਕੇ ਦੇਸ਼ ਵਿਚ ਜਮਹੂਰੀਅਤ ਨੂੰ ਜਿਊਂਦੀ ਰੱਖਣ ਦੀ ਲੜਾਈ ਵਿਚ ਨਿੱਗਰ ਹਿੱਸਾ ਪਾਇਆ ਸੀ। ਖਾਲਿਸਤਾਨੀ ਦਹਿਸ਼ਤਗਰਦੀ ਦੇ ਦੌਰ ਵਿਚ ਕਾਲੀਆਂ ਤਾਕਤਾਂ ਦੇ ਵਿਰੋਧ ਵਿਚ ਆਪਣੀਆਂ ਜਾਨਾਂ ਦੀ ਪ੍ਰਵਾਹ ਨਾ ਕਰਦੇ ਹੋਏ ਵਿਦੇਸ਼ਾਂ ਵਿਚ ਘੁਗ ਵੱਸਦੇ ਪੰਜਾਬੀਆਂ ਦੇ ਸ਼ਾਨਾਮੱਤੇ ਰੋਲ ਨੂੰ ਕਦੀ ਵੀ ਭੁਲਾਇਆ ਨਹੀਂ ਜਾ ਸਕਦਾ।
ਉਪਰੋਕਤ ਹਾਂ ਪੱਖੀ ਵਰਤਾਰੇ ਦੇ ਵਿਪਰੀਤ ਵਿਦੇਸ਼ਾਂ ਵਿਚ ਕੁਝ ਵਿਅਕਤੀ ਤੇ ਸੰਗਠਨ ਐਸੇ ਵੀ ਹਨ, ਜਿਹੜੇ ਭਾਰਤ ਦੀਆਂ ਲੁਟੇਰੀਆਂ ਹਾਕਮ ਜਮਾਤਾਂ ਦੇ ਅਨੁਆਈ ਹਨ। ਉਹ ਦੇਸ਼ ਅੰਦਰ ਹਾਕਮ ਜਮਾਤਾਂ ਦੀ ਪੈਸੇ ਪੱਖੋਂ ਵੀ ਵੱਡੀ ਸੇਵਾ ਕਰਦੇ ਹਨ ਤੇ ਵਿਦੇਸ਼ਾਂ ਵਿਚ ਉਨ੍ਹਾਂ ਦੇ ਬੁਲਾਰਿਆਂ ਵਜੋਂ ਵਿਚਰ ਰਹੇ ਹਨ। ਖਾਲਿਸਤਾਨੀ ਦਹਿਸ਼ਤਗਰਦੀ ਦੇ ਦੌਰ ਵਿਚ ਕੁਝ ਲੋਕਾਂ ਨੇ ਅੱਤਵਾਦੀਆਂ ਦੀ ਹਰ ਪੱਖੋਂ ਖੁੱਲ੍ਹੀ ਸਹਾਇਤਾ ਕੀਤੀ ਸੀ। ਕੁੱਝ ਮੁੱਠੀ ਭਰ ਲੋਕਾਂ ਵਲੋਂ ਬੇਗੁਨਾਹ ਲੋਕਾਂ ਦੇ ਕਾਤਲਾਂ ਦੀ ਪੁਸ਼ਤਪਨਾਹੀ ਵੀ ਕਿਸੇ ਤੋਂ ਛੁਪੀ ਹੋਈ ਨਹੀਂ ਹੈ। ਆਰ.ਐਸ.ਐਸ. ਦੀ ਫਿਰਕੂ ਸੋਚ ਨੂੰ ਦੇਸ਼ਾਂ-ਵਿਦੇਸ਼ਾਂ ਵਿਚ ਬਿਖੇਰਨ ਲਈ ਕਈ ਸੰਕੀਰਨਤਾਵਾਦੀ ਸੰਗਠਨ ਹੁਣ ਵੀ ਸਰਗਰਮ ਹਨ। ਇਸ ਵੱਖਵਾਦੀ ਸੋਚ ਦੇ ਧਾਰਨੀ ਲੋਕਾਂ ਨੇ ਆਪਣੀਆਂ ਸੰਕੀਰਨ ਸੋਚਾਂ ਤੇ ਗਤੀਵਿਧੀਆਂ ਰਾਹੀਂ ਪ੍ਰਵਾਸੀ ਭਾਰਤੀਆਂ ਦੇ ਦੇਸ਼ ਭਗਤਕ, ਧਰਮ ਨਿਰਪੱਖ, ਜਮਹੂਰੀ ਤੇ ਖੱਬੇ ਪੱਖੀ ਅਕਸ ਨੂੰ ਭਾਰਤ ਵਿਚ ਹੀ ਨਹੀਂ, ਸਗੋਂ ਸਾਰੇ ਸੰਸਾਰ ਵਿਚ ਧੁੰਦਲਾ ਕੀਤਾ ਹੈ।
ਪਿਛਲੇ ਦਿਨੀਂ ਹੋਈਆਂ ਪੰਜਾਬ ਅਸੈਂਬਲੀ ਦੀਆਂ ਚੋਣਾਂ ਅੰਦਰ 'ਪ੍ਰਵਾਸੀਆਂ' ਦੇ ਇਕ ਵੱਡੇ ਹਿੱਸੇ ਨੇ 'ਆਪ' ਦਾ ਸਾਥ ਦਿੱਤਾ ਹੈ। ਚੋਣਾਂ ਜਿੱਤਣ ਵਾਸਤੇ ਕਰੋੜਾਂ ਰੁਪਏ ਚੰਦੇ ਦੇ ਰੂਪ ਵਿਚ ਭੇਜੇ ਗਏ ਤੇ ਸੋਸ਼ਲ ਮੀਡੀਆ ਰਾਹੀਂ 'ਆਪ' ਦੇ ਹੱਕ ਵਿਚ ਅੰਧਾਧੁੰਦ ਪ੍ਰਚਾਰ ਕੀਤਾ ਗਿਆ। ਚੋਣ ਮੁਹਿੰਮ ਵਿਚ ਹਿੱਸਾ ਲੈਣ ਲਈ ਵੱਡੀ ਗਿਣਤੀ ਵਿਚ ਪ੍ਰਵਾਸੀ ਪੰਜਾਬੀ ਪ੍ਰਾਂਤ ਅੰਦਰ ਆਏ ਤੇ ਹੋਰਨਾਂ ਨੇ ਟੈਲੀਫੋਨਾਂ ਤੇ ਸੋਸ਼ਲ ਮੀਡੀਆ ਰਾਹੀਂ ਆਪਣੇ ਪਰਿਵਾਰਾਂ, ਸੰਗੀ ਸਾਥੀਆਂ ਤੇ ਰਿਸ਼ਤੇਦਾਰਾਂ ਨੂੰ 'ਆਪ' ਦੀ ਸਹਾਇਤਾ ਕਰਨ ਲਈ ਪ੍ਰੇਰਿਆ। ਵਿਦੇਸ਼ਾਂ ਵਿਚੋਂ ਚੋਣਾਂ ਖਾਤਰ ਪੰਜਾਬ ਫੇਰੀ ਨੂੰ 'ਚੱਲੋ ਪੰਜਾਬ' ਦਾ ਨਾਅਰਾ ਦੇ ਕੇ 'ਆਪ' ਦੇ ਹੱਕ ਵਿਚ ਭੁਗਤਣ ਨੂੰ ਇੰਝ ਪੇਸ਼ ਕੀਤਾ ਗਿਆ, ਜਿਵੇਂ ਉਹ ਗਦਰੀ ਬਾਬਿਆਂ ਵਾਂਗ ਵਿਦੇਸ਼ਾਂ ਵਿਚਲੇ ਕਾਰੋਬਾਰ ਛੱਡ ਕੇ ਭਾਰਤ ਦੀ ਆਜ਼ਾਦੀ ਲਈ ਅਰੰਭੀ ਜੰਗ ਵਿਚ ਮਰ ਮਿੱਟਣ ਵਾਸਤੇ ਆਏ ਹੋਣ। ਇਸਨੂੰ ਸਮੇਂ ਦੀ ਤ੍ਰਾਸਦੀ ਹੀ ਕਿਹਾ ਜਾਵੇ ਕਿ 'ਪੂੰਜੀਵਾਦ ਤੇ ਸਾਮਰਾਜ' ਦੀ ਹਮਾਇਤੀ ਪਾਰਟੀ (ਆਪ) ਦੀ ਸਹਾਇਤਾ ਨੂੰ ਗਦਰੀ ਦੇਸ਼ ਭਗਤਾਂ ਵਲੋਂ ਸਾਮਰਾਜੀ ਗੁਲਾਮੀ ਦੀਆਂ ਜੰਜ਼ੀਰਾਂ ਤੋੜਨ ਲਈ ਕੀਤੀਆਂ ਜਾਣ ਵਾਲੀਆਂ ਕੁਰਬਾਨੀਆਂ ਦੇ ਬਰਾਬਰ ਤੋਲਣ ਦਾ ਯਤਨ ਕੀਤਾ ਗਿਆ!
ਬਿਨਾਂ ਕਿਸੇ ਸ਼ੱਕ ਤੇ ਝਿਜਕ ਦੇ ਇਹ ਗੱਲ ਤੈਅ ਹੈ ਕਿ ਅਕਾਲੀ ਦਲ-ਭਾਜਪਾ ਸਰਕਾਰ ਨੇ ਪ੍ਰਕਾਸ਼ ਸਿੰਘ ਬਾਦਲ ਦੀ ਅਗਵਾਈ ਵਿਚ ਪੂਰੇ ਦਸ ਸਾਲ ਪੰਜਾਬ ਨੂੰ ਰੱਜ ਕੇ ਲੁੱਟਿਆ ਤੇ ਕੁੱਟਿਆ (ਬਾਦਲ ਸਾਹਿਬ ਵਲੋਂ ਆਪਣੇ ਪਿਛਲੇ ਕਾਰਜਕਾਲਾਂ ਵਿਚ ਵੀ ਅਜਿਹਾ ਹੀ ਕੀਤਾ ਗਿਆ ਸੀ)। ਜ਼ਿੰਦਗੀ ਦਾ ਕੋਈ ਖੇਤਰ ਨਹੀਂ ਹੈ, ਜਿੱਥੇ ਇਸ ਸਰਕਾਰ ਨੇ ਆਮ ਲੋਕਾਂ ਦੇ ਭਲੇ ਦੀ ਗੱਲ ਕੀਤੀ ਹੋਵੇ। ਨਸ਼ਿਆਂ ਦੇ ਕਾਰੋਬਾਰ, ਭੌਂ ਤੇ ਰੇਤਾ ਮਾਫੀਆ, ਟਰਾਂਸਪੋਰਟ ਮਾਫੀਆ ਭਾਵ ਸਾਰਿਆਂ ਹੀ ਢੰਗਾਂ ਨਾਲ ਲੋਕਾਂ ਦੀ ਗਾੜ੍ਹੇ ਪਸੀਨੇ ਦੀ ਕਮਾਈ ਨੂੰ ਬੇਤਰਸੀ ਨਾਲ ਹੜੱਪਿਆ ਗਿਆ। ਇਸਤੋਂ ਮਾੜਾ ਕਾਰਜਕਾਲ ਸ਼ਾਇਦ ਪਹਿਲਾਂ ਕਦੀ ਦੇਖਣ ਵਿਚ ਨਾ ਮਿਲਿਆ ਹੋਵੇ! ਅਜਿਹੀ ਸਰਕਾਰ ਨੂੰ ਗੱਦੀਓਂ ਉਤਾਰਨ ਲਈ ਹਰ ਸੂਝਵਾਨ ਧਿਰ ਪੱਬਾਂ ਭਾਰ ਹੋਈ ਬੈਠੀ ਸੀ ਤੇ ਹੱਕ ਬਜਾਨਿਬ ਵੀ ਸੀ। ਦੂਸਰੇ ਬੰਨੇ ਕਾਂਗਰਸ ਪਾਰਟੀ ਦੇ ਸ਼ਾਸਨ ਕਾਲ ਵਿਚ ਵੀ ਹਮੇਸ਼ਾ ਹੀ ਧਨੀ ਵਰਗਾਂ ਦੀ ਪੁਸ਼ਤਪਨਾਹੀ ਹੋਈ ਹੈ ਅਤੇ ਮਿਹਨਤਕਸ਼ ਲੋਕਾਂ ਦੀ ਅਣਦੇਖੀ ਕੀਤੀ ਗਈ ਹੈ। ਭਰਿਸ਼ਟਾਚਾਰ ਪੱਖੋਂ ਅਕਾਲੀ ਦਲ-ਭਾਜਪਾ-ਕਾਂਗਰਸ ਇਕੋ ਤੱਕੜੀ ਵਿਚ ਤੋਲੇ ਜਾ ਸਕਦੇ ਹਨ। ਪੰਜਾਬ ਦੇ ਜਨ ਸਧਾਰਨ ਦਾ ਵੱਡਾ ਹਿੱਸਾ ਇਨ੍ਹਾਂ ਪਾਰਟੀਆਂ ਤੋਂ ਛੁਟਕਾਰਾ ਚਾਹੁੰਦਾ ਸੀ ਤੇ ਇਸਦੇ ਮੁਕਾਬਲੇ ਇਕ 'ਬਦਲ' ਦੀ ਤਲਾਸ਼ ਵਿਚ ਸੀ। 'ਆਪ' ਨੇ ਦਿਲ ਲੁਭਾਉਣੇ ਵਾਅਦਿਆਂ ਤੇ ਸੋਸ਼ਲ ਮੀਡੀਏ ਰਾਹੀਂ ਕੀਤੇ ਜ਼ੋਰਦਾਰ ਪ੍ਰਚਾਰ ਰਾਹੀਂ ਲੋਕਾਂ ਵਿਚ ਉਪਜੀ ਬੇਚੈਨੀ ਨੂੰ 'ਖੱਬੇ ਪੱਖੀ' ਸ਼ਬਦਾਵਲੀ ਰਾਹੀਂ ਆਪਣੇ ਹੱਕ ਵਿਚ ਕਰਨ ਦਾ ਯਤਨ ਕੀਤਾ। ਬਹੁਤ ਸਾਰੇ ਅਗਾਂਹਵਧੂ ਤੇ ਨਿਰਾਸ਼ ਹੋਏ ਬੈਠੇ ਖੱਬੇ ਪੱਖੀ ਲੋਕਾਂ ਦੇ ਇਕ ਹਿੱਸੇ ਨੂੰ ਵੀ 'ਆਪ' ਆਪਣੇ ਹੱਕ ਵਿਚ ਤੋਰਨ ਵਿਚ ਸਫਲ ਰਹੀ। ਕਈ ਸੱਜਣਾਂ ਨੇ ਤਾਂ ਖੱਬੇ ਪੱਖੀ ਪਾਰਟੀਆਂ ਨੂੰ ਇਸ ਵਾਰ ਚੋਣਾਂ ਨਾ ਲੜਨ ਤੇ 'ਆਪ' ਦੇ ਹੱਕ ਵਿਚ ਭੁਗਤਣ ਲਈ ਸਲਾਹ ਵੀ ਦੇ ਦਿੱਤੀ, ਜੋ ਬਹੁਤ ਹੀ ਬਚਗਾਨਾ ਸਮਝਦਾਰੀ ਦਾ ਪ੍ਰਤੀਕ ਹੈ। ਕਿਸੇ ਵੀ ਵਿਅਕਤੀ ਜਾਂ ਸੰਗਠਨ ਨੂੰ ਆਪਣੀ ਪਸੰਦ ਦੀ ਕਿਸੇ ਵੀ ਪਾਰਟੀ ਦਾ ਸਾਥ ਦੇਣ ਦਾ ਪੂਰਨ ਅਧਿਕਾਰ ਹੈ ਤੇ ਇਸਦੀ ਕਦਰ ਕੀਤੀ ਜਾਣੀ ਚਾਹੀਦੀ ਹੈ। ਪ੍ਰੰਤੂ ਸਮਾਜਿਕ ਵਿਗਿਆਨ ਤੋਂ ਜਾਣੂੰ ਧਿਰ ਨੂੰ ਲੋਕਾਂ ਦੀ 'ਆਪ' (ਜਾਂ ਕਿਸੇ ਹੋਰ ਦਲ ਦੀ ਬਿਨਾ ਕਿਸੇ ਅਗਾਂਹਵਧੂ ਪ੍ਰੋਗਰਾਮ ਤੇ ਹਕੀਕੀ ਅਮਲ ਜਾਨਣ ਤੋਂ)  ਬਾਰੇ ਪੈਦਾ ਹੋਈ ਖੁਸ਼ਫਹਿਮੀ ਨੂੰ ਦੂਰ ਕਰਨ ਲਈ ਸੱਚ ਜ਼ਰੂਰ ਬਿਆਨਣਾ ਚਾਹੀਦਾ ਹੈ। ਸਾਡੀ ਸਮਝੇ 'ਆਪ' ਦੇ ਤਿੰਨ ਵੰਨਗੀਆਂ ਦੇ ਸਮਰਥਕ ਹੋ ਸਕਦੇ ਹਨ :
ੳ)     ਗੰਭੀਰ ਕਿਸਮ ਦੇ ਅਗਾਂਹਵਧੂ ਲੋਕ ਜਾਂ ਉਹ ਸੱਜਣ ਜਿਹੜੇ ਖੱਬੀ ਲਹਿਰ ਦੀ ਕਮਜ਼ੋਰੀ ਦੇਖ ਕੇ ਨਿਰਾਸ਼ ਹੋਏ ਬੈਠੇ ਹਨ ਅਤੇ ਅਕਾਲੀ ਦਲ-ਭਾਜਪਾ ਗਠਜੋੜ ਤੇ ਕਾਂਗਰਸ ਤੋਂ ਲੋਕਾਂ ਦਾ ਖਹਿੜਾ ਛੁਡਾਉਣਾ ਚਾਹੁੰਦੇ ਸਨ।
ਅ)     ਵੱਖਵਾਦੀ ਤੇ ਸੰਕੀਰਨ ਸੋਚ ਵਾਲੇ ਵਿਅਕਤੀ ਤੇ ਸੰਗਠਨ, ਜਿਨ੍ਹਾਂ ਨੂੰ ਸੰਭਾਵੀ ਖਤਰਿਆਂ ਤੋਂ ਬਚ ਕੇ ਆਪਣੇ ਵਿਚਾਰਾਂ ਦਾ ਪ੍ਰਗਟਾਵਾ ਕਰਨ ਲਈ ਕੋਈ ਹੋਰ ਸੰਜੀਦਾ ਮੰਚ ਹਾਸਲ ਨਹੀਂ ਸੀ।
ੲ)     ਆਪਣੀ ਹਰ ਹਰਬੇ ਨਾਲ ਕਮਾਈ ਪੂੰਜੀ ਦਾ ਪੰਜਾਬ ਜਾਂ ਦੇਸ਼ ਅੰਦਰ ਨਿਵੇਸ਼ ਕਰਨ ਹਿੱਤ ਕਿਸੇ ਰਾਜਨੀਤਕ ਧੜੇ ਦੀ ਜ਼ਰੂਰਤ ਵਾਲੇ ਲੋਕ।
ਇਹ ਵੀ ਇਕ ਹਕੀਕਤ ਹੈ ਕਿ ਪ੍ਰਵਾਸੀ ਭਾਰਤੀ ਜਦੋਂ ਆਪਣੇ ਪਰਿਵਾਰਾਂ ਤੇ ਰਿਸ਼ਤੇਦਾਰਾਂ ਨੂੰ ਮਿਲਣ ਵਾਸਤੇ ਪੰਜਾਬ ਆਉਂਦੇ ਹਨ, ਤਾਂ ਉਨ੍ਹਾਂ ਨੂੰ ਹਰ ਪੱਧਰ 'ਤੇ ਭਰਿਸ਼ਟਾਚਾਰ, ਆਪਹੁਦਰਾਸ਼ਾਹੀ ਤੇ ਨਿਕੰਮੀ ਅਫਸਰਸ਼ਾਹੀ ਦਾ ਸਾਹਮਣਾ ਕਰਨਾ ਪੈਂਦਾ ਹੈ, ਜਿਸਦੇ ਉਹ ਪਰਦੇਸਾਂ ਵਿਚ ਆਦੀ ਨਹੀਂ ਹਨ। ਕੁਝ ਘੰਟਿਆਂ ਦੇ ਕੰਮ ਨੂੰ ਪੂਰਾ ਹੋਣ ਲਈ ਸਾਲਾਂ ਬੱਧੀ ਖੱਜਲ ਖੁਆਰੀ ਝੱਲਣੀ ਪੈਂਦੀ ਹੈ ਤੇ ਫਿਰ ਵੀ ਕੰਮ ਦੇ ਪੂਰਨ ਹੋਣ ਦੀ ਕੋਈ ਗਰੰਟੀ ਨਹੀਂ ਹੁੰਦੀ। ਉਨ੍ਹਾਂ ਦੀਆਂ ਹੱਕ ਸੱਚ ਦੀ ਕਮਾਈ ਨਾਲ ਬਣੀਆਂ ਜਾਇਦਾਦਾਂ ਜਾਂ ਪਰਿਵਾਰਕ ਜਾਇਦਾਦਾਂ ਨੂੰ ਗੈਰ ਕਾਨੂੰਨੀ ਢੰਗ ਨਾਲ ਰਿਸ਼ਤੇਦਾਰਾਂ ਜਾਂ ਲੈਂਡ ਮਾਫੀਆ ਵਲੋਂ ਹੜੱਪ ਕਰ ਲਿਆ ਜਾਂਦਾ ਹੈ। 'ਆਪ' ਵਲੋਂ ਇਸ ਭਰਿਸ਼ਟਾਚਾਰ ਤੇ ਖੱਜਲਖੁਆਰੀ ਤੋਂ ਪੂਰੀ ਤਰ੍ਹਾਂ ਮੁਕਤੀ ਦੇਣ ਦਾ ਨਾਅਰਾ ਪ੍ਰਵਾਸੀਆਂ ਨੂੰ ਉਨ੍ਹਾਂ ਦੀ ਦੁੱਖਦੀ ਰਗ ਨੂੰ ਆਰਾਮ ਦੇਣ ਵਾਲਾ ਦਾਰੂ ਜਾਪਣ ਲੱਗਾ। ਇਸ ਲਈ 'ਆਪ' ਦੇ ਰੂਪ ਵਿਚ ਪ੍ਰਵਾਸੀਆਂ ਨੂੰ ਰਵਾਇਤੀ ਰਾਜਸੀ ਪਾਰਟੀਆਂ; ਅਕਾਲੀ ਦਲ-ਭਾਜਪਾ ਗਠਜੋੜ ਤੇ ਕਾਂਗਰਸ ਦੇ ਮੁਕਾਬਲੇ ਇਕ ਯੋਗ ਮੁਤਬਾਦਲ ਭਾਸਣ ਲੱਗਾ। ਖੱਬੇ ਪੱਖੀਆਂ ਦਾ ਬਰਾਬਰਤਾ, ਆਜ਼ਾਦੀ ਤੇ ਸਾਂਝੀਵਾਲਤਾ (ਸਮਾਜਵਾਦ) ਦਾ ਨਾਅਰਾ ਅਜੇ ਉਨ੍ਹਾਂ ਨੂੰ ਦੂਰ ਦੀ ਗੱਲ ਜਾਪਦੀ ਹੈ। ਉਂਝ ਵੀ ਇਹ ਰਾਹ ਕੰਡਿਆਲਾ ਤੇ ਮੁਸੀਬਤਾਂ ਭਰਿਆ ਹੈ। ਸਾਡੇ ਗੁਰੂ ਸਾਹਿਬਾਨ, ਗਦਰੀ ਬਾਬੇ, ਭਗਤ ਸਿੰਘ ਹੁਰੀਂ ਇਸੇ ਨਿਸ਼ਾਨੇ ਦੀ ਪ੍ਰਾਪਤੀ ਲਈ ਆਪਣੀਆਂ ਤੇ ਆਪਣੇ ਪਰਿਵਾਰਾਂ ਦੀਆਂ ਜਾਨਾਂ ਵਾਰ ਗਏ, ਪ੍ਰੰਤੂ ਅਜੇ ਇਸ ਨਿਸ਼ਾਨੇ 'ਤੇ ਪੁੱਜਣ ਵਿਚ ਹੋਰ ਸਮਾਂ ਤੇ ਵਧੇਰੇ ਕੁਰਬਾਨੀਆਂ ਦੀ ਲੋੜ ਹੈ, ਜੋ ਛੇਤੀ ਪ੍ਰਾਪਤੀ ਲਈ ਉਤਾਵਲੀ ਪਰ ਵਿਚਾਰਧਾਰਕ ਤੌਰ 'ਤੇ ਕਮਜ਼ੋਰ 'ਦਰਮਿਆਨੀ ਜਮਾਤ' ਨੂੰ ਰਾਸ ਨਹੀਂ ਆਉਂਦਾ।
'ਆਪ' ਬਿਨਾਂ ਸ਼ੱਕ ਇਕ ਸਰਮਾਏਦਾਰੀ ਪ੍ਰਬੰਧ ਤੇ ਨਵਉਦਾਰਵਾਦੀ ਨੀਤੀਆਂ ਦੀ ਹਮਾਇਤੀ ਪਾਰਟੀ ਹੈ। ਉਹ ਇਸ ਸੱਚਾਈ ਨੂੰ 'ਭਰਿਸ਼ਟਾਚਾਰ ਰਹਿਤ ਪ੍ਰਬੰਧ' ਦੇਣ, ਕਿਸੇ ਵੀ ਖਾਸ ਵਿਚਾਰਧਾਰਾ ਪ੍ਰਤੀ ਪ੍ਰਤੀਬੱਧ ਹੋਣ ਤੋਂ ਨਾਂਹ ਅਤੇ ਲੋਕਾਂ ਦੇ ਮਸਲਿਆਂ ਦੇ ਬੁਨਿਆਦੀ ਹੱਲ ਲਈ ਝੂਠੀਆਂ ਪ੍ਰੰਤੂ ਦਿਲ ਲਭਾਊ ਰਿਆਇਤਾਂ ਦੇਣ ਦੇ ਵਾਅਦਿਆਂ ਹੇਠ ਛੁਪਾਉਣਾ ਚਾਹੁੰਦੇ ਹਨ। ਅਰਵਿੰਦ ਕੇਜਰੀਵਾਲ ਇਸ ਤੱਥ ਨੂੰ ਵਾਰ-ਵਾਰ ਸਰਮਾਏਦਾਰਾਂ ਦੀ ਜਥੇਬੰਦੀ (FICCI) ਸਾਹਮਣੇ ਦਿੱਤੇ ਭਾਸ਼ਨ ਵਿਚ ਸਾਫ ਕਰ ਚੁੱਕੇ ਹਨ। ਦਿੱਲੀ ਵਿਚ 'ਆਪ' ਦੇ ਵਾਅਦੇ ਕਿੰਨਾ ਕੁ ਰੰਗ ਲਿਆਏ ਹਨ, ਇਸਦਾ ਅੰਦਾਜ਼ਾ ਦਿੱਲੀ ਦੇ ਲੋਕਾਂ ਦੀਆਂ ਹਕੀਕੀ ਧਰਾਤਲ ਉਪਰਲੀਆਂ ਹਾਲਤਾਂ ਨੂੰ ਦੇਖਕੇ ਹੀ ਲਾਇਆ ਜਾ ਸਕਦਾ ਹੈ, ਨਾ ਕਿ ਕਰੋੜਾਂ ਰੁਪਏ ਦੀ ਸਰਕਾਰੀ ਇਸ਼ਤਿਹਾਬਾਜੀ ਰਾਹੀਂ (ਲਗਭਗ 620 ਕਰੋੜ ਰੁਪਏ)। 'ਆਪ' ਦੀ ਕਾਰਜਵਿਧੀ ਵੀ ਪੂਰੀ ਤਰ੍ਹਾਂ ਗੈਰ ਜਮਹੂਰੀ ਤੇ ਤਾਨਾਸ਼ਾਹ ਹੈ, ਜਿਸਦੇ ਸਿੱਟੇ ਵਜੋਂ ਇਸਦੇ ਬਹੁਤ ਵੱਡੀ ਗਿਣਤੀ ਵਿਚ ਮੁਢਲੇ ਮੈਂਬਰ ਤੇ ਆਗੂ 'ਆਪ' ਤੋਂ ਅਲੱਗ ਹੋ ਗਏ ਹਨ। ਚੋਣਾਂ ਅੰਦਰ ਪੈਸੇ ਤੇ ਨਸ਼ੇ ਦੀ ਵਰਤੋਂ ਵਿਚ ਵੀ 'ਆਪ' ਅਕਾਲੀ ਦਲ, ਭਾਜਪਾ ਤੇ ਕਾਂਗਰਸ ਨਾਲੋਂ ਕਿਸੇ ਪੱਖ ਤੋਂ ਭਿੰਨ ਨਹੀਂ ਹੈ। ਅਸਲ ਵਿਚ 'ਆਪ' ਆਮ ਆਦਮੀ ਨਾਲੋਂ ਜ਼ਿਆਦਾ ਵਿਸ਼ੇਸ਼ ਤੇ ਧਨੀ ਵਿਅਕਤੀਆਂ ਦੀ ਪਾਰਟੀ ਹੋ ਨਿੱਬੜੀ ਹੈ। ਧਾਰਮਿਕ ਡੇਰਿਆਂ ਉਪਰ ਵੀ 'ਆਪ' ਆਗੂ ਕਾਂਗਰਸ ਤੇ ਅਕਾਲੀਆਂ ਵਾਂਗ ਡੰਡੌਤ ਕਰਦੇ ਦੇਖੇ ਗਏ। ਇਸ ਲਈ ਅਕਾਲੀ ਦਲ, ਭਾਜਪਾ ਤੇ ਕਾਂਗਰਸ ਵਰਗੀਆਂ ਪੂੰਜੀਵਾਦੀ ਪਾਰਟੀਆਂ ਤੋਂ ਬਿਲਕੁਲ ਹੀ ਭਿੰਨ ਨਹੀਂ ਹੈ 'ਆਪ'। ਕਿਉਂਕਿ ਸਾਡੇ ਪ੍ਰਵਾਸੀ ਭਰਾ ਪੂੰੰਜੀਵਾਦੀ ਦੇਸ਼ਾਂ ਵਿਚ ਸਖਤ ਮਿਹਨਤ ਰਾਹੀਂ ਚੰਗਾ ਜੀਵਨ ਬਤੀਤ ਕਰ ਰਹੇ ਹਨ, ਇਸ ਲਈ 'ਸਾਮਰਾਜਵਾਦ ਤੇ ਪੂੰਜੀਵਾਦ' ਉਨ੍ਹਾਂ ਲਈ ਨਫਰਤ ਜਾਂ ਲੋਟੂ ਨਿਜ਼ਾਮ ਦਾ ਪ੍ਰਤੀਕ ਨਹੀਂ ਹੈ। ਪ੍ਰਵਾਸੀ ਭਾਰਤੀ ਇਹ ਭੁੱਲ ਜਾਂਦੇ ਹਨ ਕਿ ਅਮਰੀਕਾ, ਇੰਗਲੈਂਡ, ਕੈਨੇਡਾ ਆਦਿ ਪੂੰਜੀਵਾਦੀ ਦੇਸ਼ਾਂ ਦੀ ਖੁਸ਼ਹਾਲੀ ਅੱਜ ਦੀ ਦੁਨੀਆਂ ਦੇ ਗਰੀਬ ਦੇਸ਼ਾਂ ਦੇ ਲੋਕਾਂ ਅਤੇ ਕੁਦਰਤੀ ਖਜ਼ਾਨਿਆਂ ਦੀ ਅੰਨ੍ਹੀ ਲੁੱਟ ਖਸੁੱਟ ਉਪਰ ਅਧਾਰਤ ਹੈ। ਇਸ ਲੁੱਟੀ ਪੂੰਜੀ ਵਿਚੋਂ ਉਹ ਇਕ ਨਿਗੂਣਾ ਜਿਹਾ ਹਿੱਸਾ ਆਪਣੇ ਲੋਕਾਂ ਦੀ ਭਲਾਈ ਉਪਰ ਖਰਚ ਦਿੰਦੇ ਹਨ। ਇਹ ਕੰਮ ਭਾਰਤ ਵਰਗੇ ਪੱਛੜੇ ਤੇ ਸਾਮਰਾਜੀ ਲੁੱਟ ਦਾ ਸ਼ਿਕਾਰ ਦੇਸ਼ ਵਿਚ ਕਿਸੇ ਵੀ ਸਰਮਾਏਦਾਰ ਤੇ ਸਾਮਰਾਜ ਪੱਖੀ ਪਾਰਟੀ ਦੇ ਕਾਰਜਕਾਲ ਵਿਚ ਸੰਭਵ ਨਹੀਂ ਹੈ। ਇਸ ਲਈ 'ਆਪ' ਦੇ ਰਾਜ ਵਿਚ ਭਰਿਸ਼ਟਾਚਾਰ, ਬੇਕਾਰੀ, ਗਰੀਬੀ, ਅਨਪੜ੍ਹਤਾ, ਸਮਾਜਕ ਜਬਰ ਤੇ ਲੁੱਟ ਖਸੁੱਟ ਦਾ ਖਾਤਮਾ ਬਿਲਕੁਲ ਹੀ ਸੰਭਵ ਨਹੀਂ ਹੈ। 'ਆਪ' ਦੁਆਰਾ ਅਪਣਾਈਆਂ ਜਾਣ ਵਾਲੀਆਂ ਨੀਤੀਆਂ (ਜਿਸਦਾ ਉਹ ਪ੍ਰਚਾਰ ਕਰਦੇ ਹਨ) ਨਾਲ ਲੋਕਾਂ ਦੇ ਦੁੱਖਾਂ ਵਿਚ ਹੋਰ ਵਾਧਾ ਹੋਣਾ ਤੈਅ ਹੈ।
ਇਸ ਲਈ ਜਿੱਥੇ ਅਸੀਂ ਹਰ ਨਾਗਰਿਕ ਤੇ ਵੋਟਰ, ਜਿਨ੍ਹਾਂ ਵਿਚ ਸਾਡੇ ਪ੍ਰਵਾਸੀ ਵੀਰ ਤੇ ਭੈਣਾਂ ਵੀ ਸ਼ਾਮਿਲ ਹਨ, ਵਲੋਂ ਆਪਣੀ ਸਮਝ ਅਨੁਸਾਰ ਕਿਸੇ ਰਾਜਸੀ ਪਾਰਟੀ ਦੇ ਸਮਰਥਕ ਬਣਨ ਦਾ ਪੂਰਾ ਸਤਿਕਾਰ ਕਰਦੇ ਹਾਂ, ਉਥੇ ਅਸੀਂ ਆਪਣੀ ਸਮਝ ਮੁਤਾਬਕ ਹਰ ਰਾਜਸੀ ਪਾਰਟੀ ਦੇ ਜਮਾਤੀ ਕਿਰਦਾਰ ਦੇ ਸੱਚ ਨੂੰ ਵੀ ਲੋਕਾਂ ਸਾਹਮਣੇ ਰੱਖਣਾ ਆਪਣਾ ਫਰਜ਼ ਸਮਝਦੇ ਹਾਂ। ਸਾਨੂੰ ਇਹ ਵੀ ਗਿਆਨ ਹੈ ਕਿ ਖੱਬੇ ਪੱਖੀ ਵਿਚਾਰਧਾਰਾ ਪ੍ਰਤੀ 'ਆਪ' ਦੇ ਆਗੂਆਂ ਵਿਚ ਭਾਰੀ ਨਫਰਤ ਹੈ, ਜਿਸਦਾ ਉਹ ਅਕਸਰ ਹੀ ਪ੍ਰਗਟਾਵਾ ਕਰਦੇ ਰਹਿੰਦੇ ਹਨ। ਅਸੀਂ ਪੂਰੀ ਇਮਾਨਦਾਰੀ, ਸਹਿਜ ਤੇ ਸੱਚ ਦਾ ਪੱਲਾ ਫੜਕੇ ਜਿੱਥੇ ਆਪ ਗਦਰੀ ਬਾਬਿਆਂ, ਭਗਤ ਸਿੰਘ ਦੇ ਸਾਥੀਆਂ ਦੀਆਂ ਲਾਮਿਸਾਲ ਕੁਰਬਾਨੀਆਂ ਤੋਂ ਪ੍ਰੇਰਨਾ ਲੈਂਦੇ ਹੋਏ ਖੱਬੇ ਪੱਖੀ ਵਿਚਾਰਧਾਰਾ ਉਪਰ ਪਹਿਰਾ ਦੇਣ ਦਾ ਪ੍ਰਣ ਕਰਦੇ ਹਾਂ, ਜਿਸਤੋਂ ਬਿਨਾ ਭਾਰਤੀ ਲੋਕਾਂ ਦੇ ਕਲਿਆਣ ਦਾ ਹੋਰ ਕੋਈ ਦੂਸਰਾ ਰਸਤਾ ਹੀ ਨਹੀਂ ਹੈ, ਉਥੇ ਅਸੀਂ ਵਿਰੋਧੀ ਵਿਚਾਰਾਂ ਵਾਲੀਆਂ ਰਾਜਨੀਤਕ ਪਾਰਟੀਆਂ ਦਾ ਪੂਰੇ ਠਰੰਮੇ ਤੇ ਤਰਕ ਦਾ ਪੱਲਾ ਫੜਕੇ ਵਿਚਾਰਧਾਰਕ ਵਿਰੋਧ ਕਰਨ ਦੇ ਅਧਿਕਾਰ ਦੀ ਸਕਾਰਾਤਮਕ ਢੰਗ ਨਾਲ ਵਰਤੋਂ ਕਰਨ ਦਾ ਵੀ ਐਲਾਨ ਕਰਦੇ ਹਾਂ। ਅਕਾਲੀ ਦਲ-ਭਾਜਪਾ ਤੇ ਕਾਂਗਰਸ ਰੂਪੀ ਇਕ ਲੋਕ ਦੋਖੀ ਤੇ ਵੱਡੀ ਬੁਰਿਆਈ ਤੋਂ ਛੁਟਕਾਰਾ ਪਾਉਣ ਲਈ ਕਿਸੇ ਅਜੇਹੀ ਦੂਸਰੀ ਰਾਜਸੀ ਧਿਰ ਦੀ ਬਾਂਹ ਫੜਨਾ ਗਲਤ ਹੈ, ਜਿਸਦੀ ਵਿਚਾਰਧਾਰਾ ਲੋਕ ਹਿਤਾਂ ਦੇ ਪੂਰੀ ਤਰ੍ਹਾਂ ਉਲਟ ਹੋਵੇ। ਪ੍ਰਵਾਸੀ ਪੰਜਾਬੀਆਂ ਦਾ 'ਪੰਜਾਬ ਚੱਲਣ' ਦਾ ਨਾਅਰਾ ਗਲਤ ਨਾ ਹੁੰਦਾ, ਜੇਕਰ ਇਹ ਪੂੰਜੀਵਾਦ, ਸਾਮਰਾਜ ਤੇ ਲੁੱਟ ਖਸੁੱਟ ਵਾਲੇ ਨਿਜ਼ਾਮ ਦੇ ਵਿਰੋਧ ਵਿਚ ਲਾਇਆ ਗਿਆ ਹੁੰਦਾ। 
- ਮੰਗਤ ਰਾਮ ਪਾਸਲਾ

No comments:

Post a Comment