Sunday 5 February 2017

ਖੱਬੇ ਫਰੰਟ ਦੇ ਉਮੀਦਵਾਰਾਂ ਨੂੰ ਜਿਤਾਉਣ ਲਈ ਡਟ ਜਾਓ!

ਇਸ ਵਾਰ, ਪੰਜਾਬ ਵਿਧਾਨ ਸਭਾ ਦੀ ਚੋਣ ਲਈ, 4 ਫਰਵਰੀ ਨੂੰ ਵੋਟਾਂ ਪੈਣ ਜਾ ਰਹੀਆਂ ਹਨ। ਪਹਿਲੀਆਂ ਸਾਰੀਆਂ ਚੋਣਾਂ ਦੇ ਮੁਕਾਬਲੇ ਵਿਚ ਇਹਨਾਂ ਚੋਣਾਂ ਦੀ ਸਥਿਤੀ ਦੋ ਪੱਖਾਂ ਤੋਂ ਬਹੁਤ ਹੀ ਨਿਵੇਕਲੀ ਹੈ।









 ਲੰਬੇ ਸਮੇਂ ਤੋਂ, ਏਥੇ, ਦੋ ਧਿਰਾਂ -ਕਾਂਗਰਸ ਪਾਰਟੀ ਜਾਂ ਅਕਾਲੀ ਦਲ ਤੇ ਉਸਦੇ ਸਹਿਯੋਗੀ ਹੀ ਸੱਤਾ ਤੇ ਬਿਰਾਜਮਾਨ ਰਹੇ ਹਨ। ਇਹਨਾਂ ਦੋਵਾਂ ਪਾਰਟੀਆਂ ਦੀਆਂ ਸਰਮਾਏਦਾਰ ਅਤੇ ਜਾਗੀਰਦਾਰ ਪੱਖੀ ਨੀਤੀਆਂ ਕਾਰਨ ਆਮ ਲੋਕਾਂ ਦੀਆਂ ਜੀਵਨ ਹਾਲਤਾਂ ਨਾਲ ਜੁੜੇ ਹੋਏ ਮਸਲੇ ਸੁਲਝਣ ਦੀ ਥਾਂ ਸਗੋਂ ਵਧੇਰੇ ਗੁੰਝਲਦਾਰ ਹੁੰਦੇ ਗਏ ਹਨ। ਇਸ ਲਈ ਰਾਜ ਕਰਦੀ ਧਿਰ ਵਿਰੁੱਧ, ਲੋਕਾਂ ਦੇ ਮਨਾਂ ਅੰਦਰ, ਗੁੱਸਾ ਤੇ ਸ਼ੰਕਾਵਾਂ ਅਕਸਰ ਹੀ ਵਧਦੀਆਂ ਰਹੀਆਂ ਹਨ। ਜਿਸ ਦਾ ਲਾਹਾ ਲੈ ਕੇ, ਆਮ ਤੌਰ 'ਤੇ, ਵਿਰੋਧੀ ਧਿਰ ਰਾਜਸੱਤਾ 'ਤੇ ਕਾਬਜ਼ ਹੋ ਜਾਂਦੀ ਰਹੀ ਹੈ। ਇੰਝ ਇਹ ਦੋਵੇਂ ਧਿਰਾਂ ਹੀ, ਜਮਹੂਰੀਅਤ ਦਾ ਸਵਾਂਗ ਰਚਕੇ, ਵਾਰੋ ਵਾਰੀ ਰਾਜਭਾਗ ਦੇ ਆਨੰਦ ਮਾਣਦੀਆਂ ਰਹੀਆਂ ਹਨ ਅਤੇ ਪੂੰਜੀਵਾਦੀ ਤੇ ਜਗੀਰੂ ਲੁੱਟ ਦਾ ਸ਼ਿਕਾਰ ਬਣੀ ਹੋਈ ਭੋਲੀ ਭਾਲੀ ਜਨਤਾ ਨੂੰ ਫੋਕਾ ਧਰਵਾਸ ਦਿੰਦੀਆਂ ਰਹੀਆਂ ਹਨ। ਇਸ ਸਥਿਤੀ ਵਿਚ ਏਨਾ ਕੁ ਫਰਕ ਜ਼ਰੂਰ ਪਿਆ ਹੈ ਕਿ ਇਸ ਵਾਰ ਰਾਜਸੱਤਾ ਦੀ ਪ੍ਰਾਪਤੀ ਲਈ ਲੁਟੇਰੀਆਂ ਜਮਾਤਾਂ ਦੇ ਹਿੱਤਾਂ ਦੀ ਤਰਜਮਾਨੀ ਕਰਦੀਆਂ ਦੋ ਨਹੀਂ ਬਲਕਿ ਤਿੰਨ ਧਿਰਾਂ ਵਿਚਕਾਰ ਟੱਕਰ ਬਣੀ ਹੋਈ ਹੈ। ''ਆਮ ਆਦਮੀ ਪਾਰਟੀ'' ਦੇ ਰੂਪ ਵਿਚ ਇਸ ਤੀਜੀ ਧਿਰ ਨੇ ਵੀ ਇਹਨਾਂ ਚੋਣਾਂ ਵਿਚ ਜ਼ੋਰਦਾਰ ਦਖਲਅੰਦਾਜ਼ੀ ਕੀਤੀ ਹੋਈ ਹੈ ਜਿਸ ਨਾਲ ਮੁਕਾਬਲਾ ਸਿੱਧਾ ਨਹੀਂ ਬਲਕਿ ਤਿਕੋਨਾ ਹੋ ਜਾਣ ਨਾਲ ਚੋਣ ਨਤੀਜਿਆਂ ਬਾਰੇ ਅਨਿਸ਼ਚਿਤਤਾ ਹੋਰ ਵੱਧ ਗਈ ਹੈ।
ਇਸ ਚੋਣ ਦਾ ਦੂਜਾ ਨਿਵੇਕਲਾ ਪੱਖ ਹੈ : ਖੱਬੀਆਂ ਪਾਰਟੀਆਂ ਵਲੋਂ ਇਕਜੁਟ ਹੋ ਕੇ, ਆਪਣੇ ਬਲਬੂਤੇ 'ਤੇ, ਚੋਣਾਂ ਦੇ ਮੈਦਾਨ ਵਿਚ ਕੁਦਣਾ। ਸਰਮਾਏਦਾਰ-ਜਾਗੀਰਦਾਰ ਪੱਖੀ ਪਾਰਟੀਆਂ ਦੇ ਟਾਕਰੇ ਲਈ ਖੱਬੀਆਂ ਪਾਰਟੀਆਂ ਨੇ ਲਗਭਗ 60 ਉਮੀਦਵਾਰ ਚੋਣ ਮੈਦਾਨ ਵਿਚ ਉਤਾਰਕੇ ਪੰਜਾਬ ਵਾਸੀਆਂ ਦੇ ਸਨਮੁੱਖ ਪਹਿਲੀ ਵਾਰ ਇਕ ਖੱਬਾ ਤੇ ਜਮਹੂਰੀ ਬਦਲ ਪੇਸ਼ ਕੀਤਾ ਹੈ। ਇਹ ਲੋਕ-ਪੱਖੀ ਬਦਲ ਰਾਜਨੀਤੀ ਨੂੰ ਸਿਰਫ ਚੁਣਾਵੀ ਮਨੋਰਥਾਂ ਤੱਕ ਹੀ ਸੀਮਤ ਨਾ ਰੱਖਕੇ ਪੰਜਾਬ ਦੇ ਸਰਵ ਪੱਖੀ ਵਿਕਾਸ ਵਾਸਤੇ ਇਕ ਵਿਕਲਪਿਕ ਨੀਤੀਗਤ ਮਾਡਲ ਵੀ ਉਭਾਰਦਾ ਹੈ। ਇਸ ਤਰ੍ਹਾਂ ਇਹ ਚੋਣਾਂ ਵੱਖ ਵੱਖ ਪਾਰਟੀਆਂ ਅਤੇ ਉਹਨਾਂ ਵਲੋਂ ਖੜੇ ਕੀਤੇ ਗਏ ਉਮੀਦਵਾਰਾਂ 'ਚੋਂ ਕਿਸੇ ਇਕ ਦੀ ਚੋਣ ਕਰਨ ਦੇ ਨਾਲ ਨਾਲ ਲਾਜ਼ਮੀ ਤੌਰ 'ਤੇ ਵਿਕਾਸ ਦੇ ਦੋ ਵੱਖੋ-ਵੱਖਰੇ ਮਾਡਲਾਂ ਭਾਵ ਲੋਕਾਂ ਦੀਆਂ ਭੱਖਦੀਆਂ ਫੌਰੀ ਸਮੱਸਿਆਵਾਂ ਦੇ ਸਮਾਧਾਨ ਲਈ ਦੋ ਵੱਖੋ-ਵੱਖਰੀਆਂ ਪਹੁੰਚਾਂ ਉਪਰ ਵੀ ਵਿਆਪਕ ਵਿਚਾਰ ਚਰਚਾ ਦਾ ਮੰਚ ਪ੍ਰਦਾਨ ਕਰ ਰਹੀਆਂ ਹਨ; ਭਾਵੇਂ ਕਿ ਅਜੇ ਇਹ ਪੱਖ ਕਾਫੀ ਕਮਜ਼ੋਰ ਜਾਪਦਾ ਹੈ।
ਜਿੱਥੋਂ ਤੱਕ ਅਕਾਲੀ-ਭਾਜਪਾ ਗਠਜੋੜ, ਕਾਂਗਰਸ ਪਾਰਟੀ ਅਤੇ 'ਆਮ ਆਦਮੀ ਪਾਰਟੀ' ਵਰਗੀਆਂ ਸੱਤਾ ਦੀਆਂ ਦਾਅਵੇਦਾਰ ਸਰਮਾਏਦਾਰ-ਪੱਖੀ ਪਾਰਟੀਆਂ ਦਾ ਸਬੰਧ ਹੈ, ਇਹਨਾਂ ਸਾਰੀਆਂ ਦਾ ਅਜੋਕਾ ਆਰਥਕ-ਰਾਜਨੀਤਕ ਨੀਤੀਗਤ ਚੌਖਟਾ ਇਕੋ ਹੀ ਹੈ-ਪੂੰਜੀਵਾਦੀ ਲੀਹਾਂ 'ਤੇ ਵਿਕਾਸ ਕਰਨ ਵਾਸਤੇ ਸਾਮਰਾਜ ਨਿਰਦੇਸ਼ਤ ਨਵਉਦਾਰਵਾਦੀ ਨੀਤੀਆਂ। ਇਹਨਾਂ ਪਾਰਟੀਆਂ ਦੇ ਆਗੂ ਭਾਵੇਂ ਇਕ ਦੂਜੀ 'ਚ ਤਰ੍ਹਾਂ ਤਰ੍ਹਾਂ ਦੇ ਨੁਕਸ ਵੀ ਕਢਦੇ ਹਨ, ਵਿਰੋਧੀ ਧਿਰ ਦੇ ਆਗੂਆਂ ਉਪਰ ਕੁਰੱਪਸ਼ਨ ਦੇ ਦੋਸ਼ ਵੀ ਲਾਉਂਦੇ ਹਨ ਅਤੇ ਉਹਨਾਂ ਦੀ ਵਿਅਕਤੀਗਤ ਅਨੈਤਿਕਤਾ ਤੇ ਉਂਗਲੀਆਂ ਵੀ ਧਰਦੇ ਹਨ। ਪ੍ਰੰਤੂ ਆਮ ਲੋਕਾਂ ਨੂੰ ਦਰਪੇਸ਼ ਬੁਨਿਆਦੀ ਮਸਲਿਆਂ ਬਾਰੇ ਇਕ ਦੂਜੀ ਨਾਲੋਂ ਵੱਖਰੀ ਕੋਈ ਭਰੋਸੇਯੋਗ ਤੇ ਠੋਸ ਪਹੁੰਚ ਦਾ ਪ੍ਰਗਟਾਵਾ ਕਦੇ ਨਹੀਂ ਕਰਦੇ। ਉਦਾਹਰਣ ਵਜੋਂ ਚਲ ਰਹੇ ਪ੍ਰਚਾਰ ਦੌਰਾਨ 'ਆਪ' ਦਾ ਵਿਰੋਧੀਆਂ 'ਤੇ ਦੋਸ਼ ਇਹ ਵੀ ਹੈ ਕਿ ਅਕਾਲੀ ਤੇ ਕਾਂਗਰਸ ਪਾਰਟੀ ਉਸਦੇ ਵਿਰੁੱਧ ਮਿਲੇ ਹੋਏ ਹਨ ਜਦੋਂਕਿ, ਅਜੇਹੇ ਆਰੋਪ ਹੀ ਕਾਂਗਰਸ ਪਾਰਟੀ ਦੂਸਰੀਆਂ ਦੋਵਾਂ ਧਿਰਾਂ 'ਤੇ ਲਾ ਰਹੀ ਹੈ। ਪ੍ਰੰਤੂ ਲੋਕਾਂ ਦੀਆਂ ਮੁਸ਼ਕਲਾਂ ਵਿਚ ਨਿਰੰਤਰ ਵਾਧਾ ਕਰਦੇ ਜਾਣ ਵਾਲੀਆਂ ਨੀਤੀਆਂ ਜਿਵੇਂ ਕਿ ਨਿੱਜੀਕਰਨ ਦੀ ਨੀਤੀ, ਮੰਡੀ ਦੀ ਸ਼ਕਤੀਆਂ ਨੂੰ ਕੰਟਰੋਲ ਮੁਕਤ ਕਰਨ ਦੀ ਨੀਤੀ, ਰੋਜ਼ਗਾਰ ਦੇ ਵਸੀਲਿਆਂ ਨੂੰ ਤਿੱਖੀ ਢਾਅ ਲਾਉਣ ਵਾਲੀ ਵਿਦੇਸ਼ੀ ਪੂੰਜੀ ਨੂੰ ਵਧੇਰੇ ਖੁੱਲ੍ਹਾਂ ਦੇਣ ਦੀ ਨੀਤੀ, ਲੋਕ ਸੰਘਰਸ਼ਾਂ ਨੂੰ ਦਬਾਉਣ ਲਈ ਜਮਹੂਰੀਅਤ ਵਿਰੋਧੀ ਕਾਨੂੰਨਾਂ ਨੂੰ ਵਧੇਰੇ ਬਣਾਉਂਦੇ ਜਾਣ ਦੀ ਨੀਤੀ ਆਦਿ ਦੇ ਪੱਖ ਤੋਂ ਇਹ ਤਿੰਨੇ ਹੀ ਧਿਰਾਂ ਪੂਰੀ ਤਰ੍ਹਾਂ ਇਕ ਸੁਰ ਹਨ ਅਤੇ ਰਾਜਸੱਤਾ ਮਿਲਣ 'ਤੇ ਇਕ ਦੂਜੀ ਨਾਲੋਂ ਵੱਧ ਚੜ੍ਹਕੇ, ਬੇਰਹਿਮੀ ਨਾਲ ਲਾਗੂ ਕਰਦੀਆਂ ਹਨ।
ਅਕਾਲੀ-ਭਾਜਪਾ ਗਠਜੋੜ ਦੇ 10 ਸਾਲਾ ਰਾਜ ਦੌਰਾਨ ਮਜ਼ਬੂਤ ਹੋਏ ਮਾਫੀਆ ਤੰਤਰ ਨੇ ਤਾਂ ਨਵਉਦਾਰਵਾਦੀ ਨੀਤੀਆਂ ਦੇ ਨਾਲ ਨਾਲ ਪੰਜਾਬ ਵਾਸੀਆਂ ਦੀਆਂ ਜੀਵਨ ਹਾਲਤਾਂ ਨੂੰ ਹੋਰ ਵੀ ਵਧੇਰੇ ਔਖਿਆਈਆਂ ਭਰਪੂਰ ਬਣਾ ਦਿੱਤਾ ਹੈ। ਇਹੋ ਕਾਰਨ ਹੈ ਕਿ ਅਕਾਲੀ ਤੇ ਭਾਜਪਾ ਦੇ ਹਰ ਪੱਧਰ ਦੇ ਆਗੂਆਂ ਦੀ ਕੁਰੱਪਸ਼ਨ, ਲੁੱਟ ਘਸੁੱਟ, ਨਸ਼ਿਆਂ ਦੇ ਨਾਜਾਇਜ਼ ਵਪਾਰ ਵਿਚ ਸ਼ਰਮਨਾਕ ਸ਼ਮੂਲੀਅਤ ਆਦਿ ਇਹਨਾਂ ਚੋਣਾਂ ਵਿਚ ਸਭ ਤੋਂ ਵੱਧ ਚਰਚਿਤ ਮੁੱਦੇ ਬਣ ਚੁੱਕੇ ਹਨ। ਭਾਜਪਾ ਵਜੀਰਾਂ ਦੀਆਂ ਦੁਬਾਰਾ ਟਿਕਟਾਂ ਰੋਕ ਕੇ ਇਸ ਪਾਰਟੀ ਦੀ ਹਾਈਕਮਾਨ ਨੇ ਆਪ ਇਸ ਤੱਥ ਦੀ ਪ੍ਰੋੜ੍ਹਤਾ ਕਰ ਦਿੱਤੀ ਹੈ। ਇਸ ਦੇ ਨਾਲ ਹੀ ਖੇਤੀ-ਸੰਕਟ ਦੇ ਨਿਰੰਤਰ ਵੱਧਦੇ ਜਾਣ ਕਾਰਨ ਕਿਸਾਨਾਂ ਤੇ ਪੇਂਡੂ ਮਜ਼ਦੂਰਾਂ ਦੀਆਂ ਵਧੀਆਂ ਖੁਦਕੁਸ਼ੀਆਂ, ਸਿੱਖਿਆ ਤੇ ਸਿਹਤ ਸਹੂਲਤਾਂ ਵਿਚ ਆਇਆ ਤਿੱਖਾ ਨਿਘਾਰ, ਬੇਰੁਜ਼ਗਾਰਾਂ ਦੀ ਗਿਣਤੀ ਵਿਚ ਹੋਇਆ ਭਾਰੀ ਵਾਧਾ, ਮਹਿੰਗਾਈ, ਭਰਿਸ਼ਟਾਚਾਰ, ਸਮਾਜਿਕ ਜਬਰ ਤੇ ਅਮਨ-ਕਾਨੂੰਨ ਦੀ ਹਾਲਤ ਦੇ ਵੱਡੀ ਹੱਦ ਤੱਕ ਖਰਾਬ ਹੋ ਜਾਣ ਨਾਲ ਵੀ ਆਮ ਕਿਰਤੀ ਲੋਕਾਂ ਦੇ ਸੰਤਾਪ ਵਿਚ ਤਿੱਖਾ ਵਾਧਾ ਹੋਇਆ ਹੈ। ਮੋਦੀ ਸਰਕਾਰ ਦੀ ਨੋਟਬੰਦੀ ਨੇ ਵੀ ਆਮ ਲੋਕਾਂ ਦੀਆਂ ਮੁਸ਼ਕਲਾਂ ਵਧਾਉਣ ਵਿਚ ''ਬਲਦੀ 'ਤੇ ਤੇਲ ਪਾਉਣ'' ਵਾਲਾ ਕੰਮ ਕੀਤਾ ਹੈ। ਇਸ ਨਾਲ ਸ਼ਹਿਰੀ ਦਿਹਾੜੀਦਾਰ ਮਜ਼ਦੂਰਾਂ ਦੇ ਰੁਜ਼ਗਾਰ ਨੂੰ ਹੀ ਨਹੀਂ ਛੋਟੇ ਸਨਅਤਕਾਰਾਂ ਦੀ ਕਮਾਈ ਨੂੰ ਵੀ ਵੱਡੀ ਸੱਟ ਵੱਜੀ ਹੈ।
ਲੋਕੀਂ ਇਹ ਵੀ ਭਲੀਭਾਂਤ ਸਮਝ ਚੁੱਕੇ ਹਨ ਕਿ ਇਸ ਨੋਟਬੰਦੀ ਨਾਲ ਭਵਿੱਖ ਵਿਚ ਆਮ ਲੋਕਾਂ ਨੂੰ ਲਾਭ ਮਿਲਣ ਬਾਰੇ ਮੋਦੀ ਸਰਕਾਰ ਦੇ ਲਾਰੇ ਵੀ ''ਚੰਗੇ ਦਿਨਾਂ ਦੇ ਸੁਪਨੇ ਦਿਖਾਉਣ'' ਵਰਗੀ  ਢਕੌਂਸਲੇਬਾਜ਼ੀ ਹੀ ਹੈ। ਇਹੋ ਕਾਰਨ ਹੈ ਕਿ ਪਿਛਲੇ ਲੰਬੇ ਸਮੇਂ ਦੌਰਾਨ ਧਾਰਮਿਕ ਤੇ ਕੁਝ ਇਕ ਇਤਿਹਾਸਕ ਕਾਰਨਾਂ ਕਰਕੇ ਅਕਾਲੀਆਂ ਨਾਲ ਜੁੜੇ ਹੋਏ ਅਤੇ ਆਰ.ਐਸ.ਐਸ. ਦੇ ਫਿਰਕੂ ਪ੍ਰਚਾਰ ਸਦਕਾ ਭਾਜਪਾ ਨਾਲ ਖੜੇ ਲੋਕੀਂ ਵੀ ਅੱਜ ਇਸ ਮੌਜੂਦਾ ਹਾਕਮ ਗਠਜੋੜ ਤੋਂ ਬੁਰੀ ਤਰ੍ਹਾਂ ਬਦਜ਼ਨ ਹੋਏ ਦਿਖਾਈ ਦੇ ਰਹੇ ਹਨ।
ਕਾਂਗਰਸ ਪਾਰਟੀ, ਇਸ ਸਥਿਤੀ ਦਾ ਲਾਹਾ ਲੈ ਕੇ, ਮੁੜ ਸੱਤਾ 'ਤੇ ਕਾਬਜ਼ ਹੋਣ ਲਈ ਹੱਥ ਪੈਰ ਜ਼ਰੂਰ ਮਾਰ ਰਹੀ ਹੈ, ਪ੍ਰੰਤੂ ਉਸ ਕੋਲ ਲੋਕਾਂ ਦੀਆਂ ਲਗਾਤਾਰ ਵੱਧਦੀਆਂ ਗਈਆਂ ਮੁਸੀਬਤਾਂ ਨੂੰ ਖਤਮ ਕਰਨ ਵਾਸਤੇ ਕੋਈ ਬਦਲਵਾਂ ਪ੍ਰੋਗਰਾਮ ਨਹੀਂ ਹੈ। ਉਂਝ ਵੀ ਇਹ ਪਾਰਟੀ ਨਵਉਦਾਰਵਾਦੀ ਨੀਤੀਆਂ ਜਿਹੜੀਆਂ ਕਿ ਕਿਰਤੀ ਲੋਕਾਂ ਦੀਆਂ  ਸਮੱਸਿਆਵਾਂ ਵਿਚ ਅਜੋਕਾ ਵਾਧਾ ਕਰਨ ਲਈ ਮੁੱਖ ਤੌਰ 'ਤੇ ਜ਼ੁੰਮੇਵਾਰ ਹਨ, ਦੀ ਜਨਮ ਦਾਤੀ ਹੈ। ਇਸ ਪਾਰਟੀ ਦੇ ਆਗੂ ਕਿਰਦਾਰ ਦੇ ਪੱਖ ਤੋਂ ਵੀ ਅਕਾਲੀ-ਭਾਜਪਾ ਦੇ ਆਗੂਆਂ ਤੋਂ ਕਿਸੇ ਵੀ ਤਰ੍ਹਾਂ ਭਿੰਨ ਨਹੀਂ ਹਨ। ਨਾ ਕੁਰੱਪਸ਼ਨ ਪੱਖੋਂ, ਨਾ ਆਪਾਧਾਪੀ ਪੱਖੋਂ। ਇਸ ਲਈ ਇਹ ਪਾਰਟੀ ਵੀ ਲੋਕਾਂ ਨੂੰ ਆਪਣੇ ਵੱਲ ਆਕਰਸ਼ਿਤ ਕਰਨ ਤੋਂ ਅਸਮਰਥ ਦਿਖਾਈ ਦਿੰਦੀ ਹੈ।
ਇਸ ਅਵਸਥਾ ਵਿਚ ਅਰਵਿੰਦ ਕੇਜਰੀਵਾਲ ਦੀ ਪਾਰਟੀ ਦੇਸ਼ ਦੇ ਸਰਮਾਏਦਾਰਾਂ ਦੇ ਸਨਮੁੱਖ ਕਾਂਗਰਸ ਤੇ ਭਾਜਪਾ ਤੋਂ ਬਾਅਦ ਤੀਜੇ ਬਦਲ ਵਜੋਂ ਪੇਸ਼ ਹੋਣ ਲਈ ਪੱਬਾਂ ਭਾਰ ਹੋਈ ਦਿਖਾਈ ਦੇ ਰਹੀ ਹੈ। ਤੇਜ ਤਰਾਰ ਨਾਅਰੇਬਾਜ਼ੀ ਰਾਹੀਂ ਕੇਜਰੀਵਾਲ ਆਪਣੇ ਆਪ ਨੂੰ ਮੱਧ ਵਰਗ ਦੇ ਆਗੂ ਵਜੋਂ ਪੇਸ਼ ਕਰਨਾ ਚਾਹੁੰਦਾ ਹੈ। ਭਾਵੇਂ ਕਿ ਕਿਰਤੀ ਜਨਸਮੂਹਾਂ ਦੀ ਰੱਤ ਨਿਚੋੜਕੇ ਕੀਤੇ ਜਾਣ ਵਾਲੇ ਪੂੰਜੀਵਾਦੀ ਵਿਕਾਸ ਮਾਡਲ ਨਾਲ ਅਤੇ ਨਵਉਦਾਰਵਾਦੀ ਨੀਤੀਆਂ ਨਾਲ ਉਸ ਦਾ ਉੱਕਾ ਹੀ ਕੋਈ ਵਿਰੋਧ ਨਹੀਂ ਹੈ। ਉਹ ਇਸ ਲੋਕ ਮਾਰੂ ਮਾਰਗ ਦਾ ਪੱਕਾ ਮੁਦਈ ਹੈ। ਇਹੋ ਕਾਰਨ ਹੈ ਕਿ ਉਸ ਵਲੋਂ ਇਕੱਠਾ ਕੀਤਾ ਗਿਆ ਕੋੜਮਾਂ ਉਹਨਾਂ ਸਾਰੀਆਂ ਹੀ ਇਖਲਾਕੀ ਗਿਰਾਵਟਾਂ ਦਾ ਸ਼ਿਕਾਰ ਹੈ, ਜਿਹਨਾਂ ਕਾਰਨ ਅਕਾਲੀ-ਭਾਜਪਾਈ ਜਾਂ ਕਾਂਗਰਸੀ ਲੋਕਾਂ ਦੀਆਂ ਨਜ਼ਰਾਂ ਵਿਚ ਬੱਦੂ ਹੋਏ ਪਏ ਹਨ। ਵਿਧਾਨ ਸਭਾ ਲਈ ਟਿਕਟਾਂ ਵੇਚਣ ਦੇ ਇਲਜ਼ਾਮ ਤਾਂ ਇਸ ਪਾਰਟੀ 'ਤੇ ਦੂਜੀਆਂ ਪਾਰਟੀਆਂ ਨਾਲੋਂ ਵੀ ਵੱਧ ਲੱਗੇ ਹਨ। ਜਿਸ ਨਾਲ 'ਇਕ ਨਿਵੇਕਲੀ ਤੇ ਪਾਰਦਰਸ਼ੀ ਪਾਰਟੀ' ਹੋਣ ਦੀ 'ਆਪ' ਦੀ ਮੁਲੰਮੇਬਾਜ਼ੀ ਬੜੀ ਤੇਜ਼ੀ ਨਾਲ ਲੱਥੀ ਹੈ ਅਤੇ ਇਸ ਦਾ ਗਰਾਫ ਵੱਡੀ ਹੱਦ ਤੱਕ ਥੱਲੇ ਆ ਗਿਆ ਹੈ।
ਇਹਨਾਂ ਹਾਲਤਾਂ ਨੇ ਸੱਤਾ ਦੀਆਂ ਦਾਅਵੇਦਾਰ ਉਪਰੋਕਤ ਤਿੰਨਾਂ ਹੀ ਧਿਰਾਂ ਅੰਦਰ ਵੱਡੀ ਹੱਦ ਤੱਕ ਟੁੱਟ ਭੱਜ ਹੋਣ ਅਤੇ ਨਿਰੋਲ ਮੌਕਾਪ੍ਰਸਤੀ ਨੂੰ ਰੂਪਮਾਨ ਕਰਦੀਆਂ ਸ਼ਰਮਨਾਕ ਦਲ ਬਦਲੀਆਂ ਨੂੰ ਲੋਕਾਂ ਦੇ ਸਨਮੁੱਖ ਲਿਆਂਦਾ ਹੈ। ਇਸ ਸਮੁੱਚੀ ਪ੍ਰਕਿਰਿਆ ਨੇ ਪ੍ਰਾਂਤ ਅੰਦਰ ਲਗਭਗ ਦੋ ਦਰਜਨ ਨਵੀਆਂ ਪਾਰਟੀਆਂ ਨੂੰ ਜਨਮ ਦਿੱਤਾ ਹੈ, ਜਿਹੜੀਆਂ ਆਪੋ ਆਪਣੀਆਂ ਨਿੱਜੀ ਕਿੜਾਂ ਕੱਢਣ ਲਈ ਵੀ ਇਹਨਾਂ ਚੋਣਾਂ ਵਿਚ ਉਮੀਦਵਾਰ ਉਤਾਰ ਰਹੀਆਂ ਹਨ।
ਇਹ ਸੁਭਾਵਕ ਹੀ ਹੈ ਕਿ ਸਰਮਾਏਦਾਰ-ਪੱਖੀ ਪਾਰਟੀਆਂ ਦੀ ਆਪਾਧਾਪੀ ਵਾਲੇ ਇਸ ਮਾਹੌਲ ਵਿਚ ਲੋਕਾਂ ਦੇ ਹੱਕਾਂ ਹਿੱਤਾਂ ਦੀ ਤਰਜਮਾਨੀ ਕਰਨ ਵਾਲੀਆਂ ਖੱਬੀਆਂ ਸ਼ਕਤੀਆਂ ਹੀ ਕੋਈ ਸਿਹਤਮੰਦ ਭੂਮਿਕਾ ਨਿਭਾਉਣ ਦੇ ਸਮਰਥ ਹੋ ਸਕਦੀਆਂ ਹਨ। ਖੱਬੀਆਂ ਪਾਰਟੀਆਂ ਪਿਛਲੇ ਲੰਬੇ ਸਮੇਂ ਤੋਂ ਨਵਉਦਾਰਵਾਦੀ ਨੀਤੀਆਂ ਦਾ ਵਿਰੋਧ ਕਰਦੀਆਂ ਆ ਰਹੀਆਂ ਹਨ ਅਤੇ ਇਹਨਾਂ ਤਬਾਹਕੁੰਨ ਨੀਤੀਆਂ ਦਾ ਬਦਲ ਵੀ ਪੇਸ਼ ਕਰ ਰਹੀਆਂ ਹਨ। ਖੁਸ਼ੀ ਦੀ ਗੱਲ ਹੈ ਕਿ ਪ੍ਰਾਂਤ ਅੰਦਰ, ਇਹਨਾ ਚੋਣਾਂ ਵਿਚ ਖੱਬੀਆਂ ਪਾਰਟੀਆਂ ਇਕਜੁੱਟ ਹੋ ਕੇ ਦਖਲ ਦੇ ਰਹੀਆਂ ਹਨ। ਉਹਨਾਂ ਨੇ ਇਕ ਲੋਕ ਪੱਖੀ ਖੱਬਾ ਤੇ ਜਮਹੂਰੀ ਆਰਥਕ ਬਦਲ ਵੀ ਪੇਸ਼ ਕੀਤਾ ਹੈ, ਜਿਹੜਾ ਕਿ ਲੋਕ ਮੁਖੀ ਵਿਕਾਸ ਦਾ ਭਰੋਸੇਯੋਗ ਤੇ ਫੌਰੀ ਮਾਰਗ ਪ੍ਰਦਰਸ਼ਿਤ ਕਰਦਾ ਹੈ। ਅਜੇਹੇ ਵਿਕਾਸ ਰਾਹੀਂ ਹੀ ਦੇਸ਼ ਅੰਦਰ ਆਰਥਕ ਖੁਸ਼ਹਾਲੀ ਦਾ ਰਾਹ ਖੋਲਿਆ ਜਾ ਸਕਦਾ ਹੈ, ਖੇਤੀ ਸੰਕਟ 'ਤੇ ਕਾਬੂ ਪਾਇਆ ਜਾ ਸਕਦਾ ਹੈ, ਰੁਜ਼ਗਾਰ ਦੇ ਵਸੀਲੇ ਪੈਦਾ ਕੀਤੇ ਜਾ ਸਕਦੇ ਹਨ, ਮਹਿੰਗਾਈ ਨੂੰ ਨੱਥ ਪਾਈ ਜਾ ਸਕਦੀ ਹੈ, ਸਨਅਤੀ ਵਿਕਾਸ ਵੱਲ ਵਧਿਆ ਜਾ ਸਕਦਾ ਹੈ, ਮਜ਼ਦੂਰਾਂ ਤੇ ਮੁਲਾਜ਼ਮਾਂ ਦੇ ਮਸਲੇ ਹੱਲ ਕਰਵਾਏ ਜਾ ਸਕਦੇ ਹਨ, ਭਰਿਸ਼ਟਾਚਾਰ, ਨਸ਼ਾਖੋਰੀ, ਔਰਤਾਂ ਨਾਲ ਹੁੰਦੇ ਦੁਰਵਿਹਾਰ ਤੇ ਸਮਾਜਿਕ ਜਬਰ ਵਰਗੀਆਂ ਹੋਰ ਲਾਅਨਤਾਂ ਤੋਂ ਮੁਕਤੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਸ ਖੱਬੇ ਜਮਹੂਰੀ ਬਦਲ ਨੂੰ ਅਮਲੀ ਰੂਪ ਦੇਣ ਵਾਸਤੇ, ਇਹਨਾਂ ਚੋਣਾਂ ਵਿਚ ਖੱਬੇ ਫਰੰਟ ਦੇ ਉਮੀਦਵਾਰਾਂ ਨੂੰ ਮਿਲਿਆ ਲੋਕਾਂ ਦਾ ਸਮਰਥਨ ਲਾਜ਼ਮੀ ਤੌਰ 'ਤੇ ਨਵੀਆਂ ਸੰਭਾਵਨਾਵਾਂ ਉਭਾਰੇਗਾ ਅਤੇ ਪ੍ਰਾਂਤ ਅੰਦਰ ਪ੍ਰਭਾਵਸ਼ਾਲੀ ਲੋਕ ਸ਼ਕਤੀ ਦਾ ਨਿਰਮਾਣ ਕਰਨ ਵਿਚ ਮਦਦਗਾਰ ਸਿੱਧ ਹੋਵੇਗਾ। ਇਸ ਲਈ ਖੱਬੀ ਧਿਰ ਦੇ ਹਰ ਸੁਹਿਰਦ ਕਾਰਕੁੰਨ ਨੂੰ ਇਸ ਮੌਕੇ ਦੀ ਪੂਰਨ ਸੁਹਿਰਦਤਾ ਸਹਿਤ ਵਰਤੋਂ ਕਰਨੀ ਚਾਹੀਦੀ ਹੈ ਅਤੇ ਇਹਨਾਂ ਚੋਣਾਂ ਵਿਚ ਵੱਧ ਤੋਂ ਵੱਧ ਸਫਲਤਾ ਪ੍ਰਾਪਤ ਕਰਨ ਵਾਸਤੇ ਆਪਣਾ ਪੂਰਾ ਤਾਣ ਲਾਉਣਾ ਚਾਹੀਦਾ ਹੈ। ਇਸ ਵਿਚ ਕੋਈ ਸ਼ੱਕ ਨਹੀਂ ਕਿ ਸਾਰੀਆਂ ਹੀ ਸਰਮਾਏਦਾਰ ਪੱਖੀ ਪਾਰਟੀਆਂ ਕੋਲ ਅਨੈਤਿਕ ਢੰਗ ਤਰੀਕਿਆਂ ਨਾਲ ਇਕੱਠਾ ਕੀਤਾ ਗਿਆ ਬੇਸ਼ਮੁਾਰ ਧੰਨ ਹੁੰਦਾ ਹੈ। ਜਿਸ ਦੀ ਵਰਤੋਂ ਉਹ ਆਪੋ ਆਪਣੇ ਕੂੜ ਪ੍ਰਚਾਰ ਲਈ ਵੀ ਕਰਦੇ ਹਨ ਅਤੇ ਸਾਧਾਰਨ ਵੋਟਰਾਂ ਨੂੰ ਤਰ੍ਹਾਂ ਤਰ੍ਹਾਂ ਦੇ ਲੋਭ ਲਾਲਚ ਦੇਣ ਲਈ ਵੀ। ਉਹ ਲੋਕਾਂ ਨਾਲ ਕਈ ਪ੍ਰਕਾਰ ਦੇ ਹਵਾਈ ਵਾਅਦੇ ਅਕਸਰ ਹੀ ਕਰਦੇ ਹਨ, ਅਤੇ ਉਹਨਾਂ ਨੂੰ ਗੁੰਮਰਾਹ ਕਰਕੇ ਉਹਨਾਂ ਦੀਆਂ ਵੋਟਾਂ ਬਟੋਰ ਲੈਂਦੇ ਹਨ। ਉਹਨਾਂ ਦੇ ਅਜੇਹੇ ਸਾਰੇ ਹੀ ਅਨੈਤਿਕ ਹਥਕੰਡਿਆਂ ਦਾ ਟਾਕਰਾ ਆਪਣੇ ਸੀਮਤ ਸਾਧਨਾਂ ਰਾਹੀਂ ਵੀ ਕੀਤਾ ਜਾ ਸਕਦਾ ਹੈ, ਜੇਕਰ ਖੱਬੀਆਂ ਸ਼ਕਤੀਆਂ ਜਮਾਤੀ ਜੱਦੋਜਹਿਦ 'ਚ ਚੋਣਾਂ ਦੇ ਮਹੱਤਵਪੂਰਨ ਘੋਲ ਰੂਪ ਪ੍ਰਤੀ ਜਾਗਰੂਕ ਹੋਣ ਅਤੇ ਇਹਨਾਂ ਪਾਰਟੀਆਂ ਦਾ ਸਮੁੱਚਾ ਕਾਡਰ ਇਕਜੁੱਟ ਹੋ ਕੇ ਤੁਰੇ, ਆਪਣੇ ਜਨਤਕ ਆਧਾਰ ਨੂੰ ਸਰਗਰਮ ਕਰ ਲਵੇ ਤੇ ਖੱਬੇ ਫਰੰਟ ਦਾ ਪ੍ਰੋਗਰਾਮ ਘਰ ਘਰ ਤੱਕ ਪਹੁੰਚਾਉਣ ਵਾਸਤੇ ਵਿਗਿਆਨਕ ਲੀਹਾਂ 'ਤੇ ਯੋਜਨਾਬੰਦੀ ਕਰੇ। ਇਸ ਮੰਤਵ ਲਈ ਫੌਰੀ ਲੋੜ ਇਹ ਹੈ ਕਿ ਖੱਬੇ ਫਰੰਟ ਵਿਚ ਸ਼ਾਮਲ ਸਾਰੀਆਂ ਹੀ ਪਾਰਟੀਆਂ ਦੀਆਂ ਸਫ਼ਾਂ ਨੂੰ ਇਕਜੁੱਟ ਕੀਤਾ ਜਾਵੇ ਅਤੇ ਪੰਜਾਬ ਨੂੰ ਸਰਮਾਏਦਾਰ ਪੱਖੀ ਪਾਰਟੀਆਂ ਦੇ ਰੂਪ ਵਿਚ ਚਿੰਬੜੀਆਂ ਹੋਈਆਂ ਇਹਨਾਂ ਲਹੂ-ਪੀਣੀਆਂ ਜੋਕਾਂ ਤੋਂ ਮੁਕਤ ਕਰਨ ਲਈ ਇਕ ਜ਼ੋਰਦਾਰ ਹੰਭਲਾ ਮਾਰਿਆ ਜਾਵੇ। ਇਸ ਪੱਖੋਂ ਥੋੜੀ ਜਿੰਨੀ ਸੁਸਤੀ ਜਾਂ ਅਵੇਸਲਾਪਨ ਵੀ ਬਹੁਤ ਮਹਿੰਗਾ ਪਵੇਗਾ। ਇਸ ਲਈ ਆਪਣੇ ਇਕ ਇਕ ਪਲ ਨੂੰ ਸਕਾਰਥ ਬਨਾਉਣ ਲਈ ਉਠੋ ਅਤੇ 4 ਫਰਵਰੀ ਨੂੰ ਖੱਬੇ ਫਰੰਟ ਦੇ ਸਾਰੇ ਹੀ ਉਮੀਦਵਾਰਾਂ ਨੂੰ ਵੱਧ ਤੋਂ ਵੱਧ ਵੋਟਾਂ ਪਾ ਕੇ ਸਫਲ ਬਣਾਓ ਤੇ ਕਿਰਤੀ ਲੋਕਾਂ ਦੀ ਜਿੱਤ ਦੇ ਡੰਕੇ ਵਜਾਓ।
- ਹਰਕੰਵਲ ਸਿੰਘ 
(15-1-2017)

No comments:

Post a Comment