Sunday 5 February 2017

ਮਜ਼ਬੂਰੀ ਦਾ ਨਾਚ ਤੇ ਪੈਸੇ ਦਾ ਨਸ਼ਾ!

ਇੰਦਰਜੀਤ ਚੁਗਾਵਾਂ 
ਕੁਲਵਿੰਦਰ, ਉਮਰ 25 ਸਾਲ, ਨਵ ਵਿਆਹੀ, ਪੇਸ਼ਾ ਡਾਂਸਰ। ਸਟੇਜ 'ਤੇ ਨੱਚਦਿਆਂ ਗੋਲੀ ਵੱਜੀ ਤੇ ਮਰ ਗਈ। ਗੱਲ ਤਾਂ ਬਸ ਏਨੀ ਕੁ ਹੀ ਹੈ ਤੇ ਏਨੀ ਕੁ ਹੀ ਰਹੀ। ਪਰ ਕੀ ਇਹ ਏਨੀ ਕੁ ਹੀ ਰਹਿਣੀ ਚਾਹੀਦੀ ਸੀ ਜਾਂ ਇਸ ਕਾਰਨ ਇਕ ਕੋਹਰਾਮ ਮਚਣਾ ਚਾਹੀਦਾ ਸੀ?
ਪੰਜ ਦਸੰਬਰ ਦੇ ਦਿਨ ਇਕ ਅਜਿਹੀ ਘਟਨਾ ਵਾਪਰੀ ਜਿਸਨੇ ਹਰ ਸੰਵੇਦਨਸ਼ੀਲ ਮਨੁੱਖ ਦਾ ਹਿਰਦਾ ਵਲੂੰਧਰ ਕੇ ਰੱਖ ਦਿੱਤਾ। ਬਠਿੰਡਾ ਜ਼ਿਲ੍ਹੇ ਦੇ ਮੌੜ ਮੰਡੀ ਕਸਬੇ 'ਚ ਇਕ ਵਿਆਹ ਦੇ ਜਸ਼ਨ ਚਲ ਰਹੇ ਸਨ। ਜਿਵੇਂ ਕਿ ਇਕ ਰੀਤ ਹੀ ਬਣ ਗਈ ਹੈ, ਇਸ ਵਿਆਹ ਵਿਚ ਵੀ ਡੀ.ਜੇ. ਦੀ ਕੰਨ ਪਾੜਵੀਂ ਆਵਾਜ਼ 'ਚ ਕੁੜੀਆਂ ਨੱਚ ਰਹੀਆਂ ਸਨ। ਲਾੜੇ ਦੇ ਯਾਰ ਦੋਸਤ ਵੀ ਸਟੇਜ ਦੇ ਸਾਹਮਣੇ ਹੇਠਾਂ ਨਾਲ ਹੀ ਨੱਚ ਰਹੇ ਸਨ। ਅਜਿਹੇ ਸਮਾਗਮਾਂ 'ਚ ਸ਼ਰਾਬ ਨਾ ਵਰਤਾਈ ਗਈ ਹੋਵੇ, ਇਹ ਤਾਂ ਸੋਚਿਆ ਵੀ ਨਹੀਂ ਜਾ ਸਕਦਾ। ਲਾੜੇ ਦੇ ਇਹਨਾਂ ਦੋਸਤਾਂ ਨੇ ਵੀ ਪੀਤੀ ਹੋਈ ਸੀ। ਇਹਨਾਂ ਵਿਚੋਂ ਇਕ ਨੇ ਡਾਂਸਰ ਕੁੜੀਆਂ 'ਚੋਂ ਇਕ ਕੁਲਵਿੰਦਰ ਨੂੰ ਹੇਠਾਂ ਆ ਕੇ ਆਪਣੇ ਨਾਲ ਨੱਚਣ ਲਈ ਕਿਹਾ ਪਰ ਉਸ ਨੇ ਅਜਿਹਾ ਕਰਨ ਤੋਂ ਨਾਂਹ ਕਰ ਦਿੱਤੀ ਤੇ ਗੁੱਸੇ ਵਿਚ ਆਏ ਇਸ ਸਖ਼ਸ਼ ਨੇ ਕੁਲਵਿੰਦਰ  ਵੱਲ ਸਿੱਧੀ ਗੋਲੀ ਦਾਗ ਦਿੱਤੀ ਤੇ ਕੁਲਵਿੰਦਰ ਥਾਂ 'ਤੇ ਹੀ ਢੇਰੀ ਹੋ ਗਈ।
ਗੱਲੇ ਏਥੇ ਹੀ ਨਹੀਂ ਰੁਕੀ। ਚਾਹੀਦਾ ਤਾਂ ਇਹ ਸੀ ਕਿ ਇਸ ਮੁਟਿਆਰ ਨੂੰ ਪੂਰੇ ਏਤਹਿਆਤ ਨਾਲ ਚੁੱਕ ਕੇ, ਉਸ ਨੂੰ ਮੁਢਲੀ ਸਹਾਇਤਾ ਦੇਣ ਉਪਰੰਤ ਉਸਨੂੰ ਹਸਪਤਾਲ ਪਹੁੰਚਦਾ ਕੀਤਾ ਜਾਂਦਾ ਪਰ ਇਸਦੀ ਬਜਾਇ ਉਸ ਨੂੰ ਏਨੀ ਬੇਦਰਦੀ ਨਾਲ ਸਟੇਜ ਤੋਂ ਧੂਹ ਕੇ ਲਿਜਾਇਆ ਗਿਆ ਜਿਵੇਂ ਉਹ ਕੋਈ ਮਨੁੱਖ ਨਾ ਹੋ ਕੇ ਕੋਈ ਜੰਗਲੀ ਜਾਨਵਰ ਹੋਵੇ। ਸੋਸ਼ਲ ਮੀਡੀਆ 'ਚ ਸਾਹਮਣੇ ਆਏ ਇਸ ਘਟਨਾ ਦੇ ਵੀਡਿਓ 'ਚ ਲੱਤਾਂ-ਬਾਹਾਂ ਤੋਂ ਫੜ ਕੇ ਇਸ ਕੁੜੀ ਨੂੰ ਧੂਹ ਕੇ ਲਿਜਾਂਦੇ ਵਿਅਕਤੀ ਸਾਫ ਦੇਖੇ ਜਾ ਸਕਦੇ ਹਨ। ਉਨ੍ਹਾਂ ਪਿੱਛੇ ਫਰਸ਼ 'ਤੇ ਖੂਨ ਦੀ ਇਕ ਬੇਦਰਦ ਲੀਕ ਵੀ ਨਜ਼ਰ ਆਉਂਦੀ ਹੈ।
ਕੁਲਵਿੰਦਰ ਮਲੌਟ ਦੀ ਰਹਿਣ ਵਾਲੀ ਸੀ। ਉਸਦਾ ਬਾਪ ਇਕ ਦਿਹਾੜੀਦਾਰ ਮਜ਼ਦੂਰ ਹੈ। ਉਸ ਦੇ ਭਰਾ ਦੀ ਮੌਤ ਹੋ ਚੁੱਕੀ ਸੀ ਤੇ ਉਸ ਤਿੰਨ ਬੱਚਿਆਂ ਦੀ ਦੇਖ ਭਾਲ ਤੇ ਆਪਣੇ ਮਾਂ-ਬਾਪ ਦਾ ਬੋਝ ਕੁਲਵਿੰਦਰ ਦੇ ਸਿਰ ਸੀ। ਵਿਆਹ ਸ਼ਾਦੀਆਂ 'ਚ ਡੀ.ਜੇ. ਗਰੁੱਪ ਨਾਲ ਜਾ ਕੇ ਡਾਂਸ ਰਾਹੀਂ ਕਮਾਈ ਕਰਕੇ ਉਹ ਆਪਣੀ ਇਹ ਜ਼ਿੰਮੇਵਾਰੀ ਨਿਭਾਅ ਰਹੀ ਸੀ। ਉਸ ਦੇ ਵਿਆਹ ਨੂੰ ਅਜੇ 14 ਕੁ ਮਹੀਨੇ ਹੋਏ ਸਨ ਤੇ ਉਹ ਤਿੰਨ ਮਹੀਨੇ ਦੀ ਗਰਭਵਤੀ ਸੀ। ਇਸ ਹਾਲਤ ਵਿਚ ਆਮ ਤੌਰ 'ਤੇ ਬਣਨ ਵਾਲੀ ਮਾਂ ਨੂੰ ਆਰਾਮ ਦੀ ਸਲਾਹ ਦਿੱਤੀ ਜਾਂਦੀ ਹੈ ਪਰ ਜੇ ਉਹ ਫਿਰ ਵੀ ਨੱਚ ਰਹੀ ਸੀ ਤਾਂ ਉਸ ਦੀ ਮਜ਼ਬੂਰੀ ਨੂੰ ਸਮਝਿਆ ਜਾ ਸਕਦੈ।
ਵਿਆਹ-ਸ਼ਾਦੀਆਂ ਤੇ ਹੋਰਨਾਂ ਖੁਸ਼ੀ ਦੇ ਮੌਕੇ ਹੁੰਦੇ ਜਸ਼ਨ ਵਿਚ ਗੋਲੀਆਂ ਚਲਾਉਣਾ ਹੁਣ ਇਕ ਆਮ ਵਰਤਾਰਾ ਬਣਦਾ ਜਾ ਰਿਹਾ ਹੈ। ਅਜੇ ਪਿਛਲੇ ਦਸੰਬਰ ਮਹੀਨੇ 'ਚ ਕਰਨਾਲ ਵਿਚ ਆਪਣੇ ਆਪ ਨੂੰ ਸਾਧਣੀ (ਸਾਧਵੀ) ਅਖਵਾਉਂਦੀ ਦੇਵਾ ਠਾਕਰ ਨੇ ਇਕ ਵਿਆਹ ਮੌਕੇ ਗੋਲੀਆਂ ਚਲਾ ਕੇ ਇਕ ਮਹਿਮਾਨ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਸੀ ਤੇ ਚਾਰ ਹੋਰਨਾਂ ਨੂੰ ਗੰਭੀਰ ਰੂਪ 'ਚ ਜਖ਼ਮੀ ਕਰ ਦਿੱਤਾ ਸੀ। ਉਹ ਘਟਨਾ ਹਰਿਆਣੇ 'ਚ ਵਾਪਰੀ ਸੀ ਜਿੱਥੇ ਭਾਜਪਾ ਦੀ ਖੱਟਰ ਸਰਕਾਰ ਦੀ ਹਕੂਮਤ ਹੈ। ਜਿੱਥੇ ਭਾਜਪਾ, ਹਿੰਦੂ ਕੱਟੜਪੰਥੀ ਆਰ.ਐਸ.ਐਸ. ਦੀ ਸਿਆਸੀ ਸ਼ਾਖਾ ਹੈ, ਉਥੇ ਖੱਟਰ ਆਰ.ਐਸ.ਐਸ. ਦੇ ਸਰਗਰਮ ਵਰਕਰ ਰਹੇ ਹਨ। ਗੋਲੀਆਂ ਚਲਾਉਣ ਵਾਲੀ ਸਾਧਣੀ ਵੀ ਆਰ.ਐਸ.ਐਸ. ਨਾਲ ਸਬੰਧਤ ਹੈ। ਇਸ ਕਰਕੇ ਉਸ ਦੀ ਕਰਤੂਤ 'ਤੇ ਸਰਕਾਰ ਨੇ ਫੌਰੀ ਤੌਰ 'ਤੇ ਪਰਦਾ ਪਾ ਦਿੱਤਾ ਸੀ। ਮੌੜ ਮੰਡੀ 'ਚ ਵਾਪਰੀ ਘਟਨਾ 'ਚ ਸ਼ਾਮਲ ਵਿਅਕਤੀ ਵੀ ਸੱਤਾਧਾਰੀ ਧਿਰ ਦੇ ਨਜ਼ਦੀਕੀ ਹਨ ਤੇ ਗੋਲੀ ਚਲਾਉਣ ਵਾਲਾ ਸਿਰੇ ਦਾ ਨਸ਼ੇੜੀ। ਸੱਤਾਧਾਰੀ ਧਿਰ ਦੀ ਨੇੜਤਾ ਲਾਜ਼ਮੀ ਤੌਰ 'ਤੇ ਕਸੂਰਵਾਰ ਧਿਰ ਦੇ ਹੱਕ 'ਚ ਜਾਵੇਗੀ। ਆਉਣ ਵਾਲੇ ਦਿਨਾਂ 'ਚ ਹੋ ਸਕਦੈ ਕਿ ਕੁਲਵਿੰਦਰ ਦੇ ਪਰਵਾਰ ਨੂੰ ਥੋੜੀ ਬਹੁਤ ਰਕਮ ਦੇ ਕੇ ਵਰਚਾ ਲਿਆ ਜਾਵੇ ਤੇ ਉਸ ਦੇ ਕਤਲ ਦਾ ਦੋਸ਼ੀ ਮੁੜ ਖੁੱਲ੍ਹੀਆਂ ਹਵਾਵਾਂ 'ਚ ਮੰਡਰਾਉਣ ਲਈ ਆਜ਼ਾਦ ਘੁੰਮੇ ਫਿਰੇ।
ਵਿਆਹ-ਸਮਾਗਮ ਅੱਜ ਕੱਲ੍ਹ ਘਰਾਂ 'ਚ ਘੱਟ ਵੱਧ ਵੀ ਹੁੰਦੇ ਹਨ। ਇਸ ਕੰਮ ਲਈ ਮੈਰਿਜ ਪੈਲੇਸ ਇਕ ਮਜ਼ਬੂਰੀ ਬਣ ਗਏ ਹਨ। ਹਰ ਮੈਰਿਜ ਪੈਲੇਸ ਅੱਗੇ ਇਹ ਚੇਤਾਵਨੀ ਲਿਖੀ ਤੁਹਾਨੂੰ ਮਿਲ ਜਾਵੇਗੀ ਕਿ ਹਥਿਆਰ ਲੈ ਕੇ ਅੰਦਰ ਆਉਣਾ ਤੇ ਹਵਾ 'ਚ ਗੋਲੀਆਂ ਚਲਾਉਣ ਦੀ ਕਾਨੂੰਨਨ ਮਨਾਹੀ ਹੈ। ਇਹ ਚੇਤਾਵਨੀ ਵਾਲੇ ਬੋਰਡ ਵੀ ਆਪਣੇ ਆਪ ਨੂੰ ਸੁਰੱਖਿਅਤ ਰੱਖਣ ਲਈ ਹੀ ਲਾਏ ਜਾਂਦੇ ਹਨ। ਇਸ ਚੇਤਾਵਨੀ 'ਤੇ ਅਮਲ ਕਰਨ ਦੀ ਵਿਵਸਥਾ ਕਿਸੇ ਵੀ ਮੈਰਿਜ ਪੈਲੇਸ ਵਿਚ ਨਹੀਂ ਹੈ। ਜੇ ਕੋਈ ਇਹ ਵਿਵਸਥਾ ਲਾਗੂ ਕਰਨ ਦੀ ਜ਼ੁਅਰਤ ਕਰੇ ਵੀ ਤਾਂ ਉਸ ਨੂੰ ਪੈਸੇ ਅਤੇ ਹਕੂਮਤੀ ਜ਼ੋਰ ਨਾਲ ਦਬਾਅ ਦਿੱਤਾ ਜਾਂਦਾ ਹੈ। ਜੇ ਸ਼ਰਾਬ, ਅਫੀਮ, ਪੋਸਤ, ਹੈਰੋਇਨ, ਕੋਕੀਨ ਵਰਗੇ ਨਸ਼ੇ ਸਮਾਜ ਲਈ ਨੁਕਸਾਨਦੇਹ ਹਨ ਤਾਂ ਪੈਸੇ ਦਾ ਨਸ਼ਾ ਵੀ ਬਰਾਬਰ ਦਾ ਖਤਰਨਾਕ ਹੈ। ਸਮਾਜਕ ਜਸ਼ਨਾਂ ਵਾਲੇ ਸਮਾਗਮਾਂ 'ਚ ਗੋਲੀਆਂ ਚਲਾਉਣ ਦਾ ਕੰਮ ਕੋਈ ਆਮ ਬੰਦਾ ਨਹੀਂ ਕਰਦਾ, ਪੈਸੇ ਵਾਲੇ ਹੀ ਕਰਦੇ ਹਨ। ਪੈਸੇ ਦੇ ਨਸ਼ੇ 'ਚ ਅੰਨ੍ਹੇ ਹੋਏ ਇਹ ਲੋਕ ਕਿਸੇ ਦੀ ਇੱਜ਼ਤ ਨੂੰ ਹੱਥ ਪਾਉਣੋਂ ਗੁਰੇਜ਼ ਨਹੀਂ ਕਰਦੇ। ਅਜਿਹੇ ਸਮਾਗਮ 'ਚ ਡਾਂਸਰ ਕੁੜੀਆਂ ਨਾਲ ਭੱਦੇ ਮਜ਼ਾਕ ਤੇ ਅਸੱਭਿਅਕ ਹਰਕਤਾਂ ਕਰਨਾ ਉਹ ਆਪਣਾ ਹੱਕ ਸਮਝਦੇ ਹਨ। ਜੇ ਕੋਈ ਉਨ੍ਹਾਂ ਨੂੰ ਵਰਜਣ ਦੀ ਕੋਸ਼ਿਸ਼ ਕਰਦਾ ਹੈ ਤਾਂ ਨਤੀਜਾ ਮੌੜ ਮੰਡੀ ਵਾਲਾ ਜਾਂ ਦਿੱਲੀ ਦੇ ਜੈਸਿਕਾ ਲਾਲ ਕਾਂਡ ਵਾਲਾ ਹੁੰਦਾ ਹੈ।
ਜੈਸਿਕਾ ਨਾਲ ਇਕ ਮਸ਼ਹੂਰ ਮਾਡਲ ਸੀ ਤੇ ਉਹ ਇਕ ਬੀਅਰ ਬਾਰ ਵਿਚ ਕੰਮ ਕਰਦੀ ਸੀ। ਉਸ ਨੂੰ 30 ਅਪ੍ਰੈਲ 1999 ਨੂੰ ਹਰਿਆਣਾ ਤੋਂ ਕਾਂਗਰਸ ਦੇ ਸੰਸਦ ਮੈਂਬਰ ਵਿਨੋਦ ਸ਼ਰਮਾ ਦੇ ਵਿਗੜੈਲ ਕਾਕੇ ਮਨੂੰ ਸ਼ਰਮਾ ਨੇ ਆਪਣਾ ਕਹਿਣਾ ਨਾ ਮੰਨਣ ਕਾਰਨ ਗੋਲੀਆਂ ਮਾਰ ਕੇ ਮੌਤ ਦੇ ਘਾਟ ਉਤਾਰ ਦਿੱਤਾ ਸੀ। ਮੰਨੂੰ ਸ਼ਰਮਾ ਸਾਬਕਾ ਰਾਸ਼ਟਰਪਤੀ ਐਸ.ਡੀ. ਸ਼ਰਮਾ ਦਾ ਵੀ ਨਜ਼ਦੀਕੀ ਰਿਸ਼ਤੇਦਾਰ ਸੀ। ਮੀਡੀਆ ਅਤੇ ਸਮਾਜਕ ਸੰਸਥਾਵਾਂ ਦੇ ਜਬਰਦਸਤ ਦਬਾਅ ਤੋਂ ਬਾਅਦ ਮੰਨੂੰ ਸ਼ਰਮਾ ਵਿਰੁੱਧ ਕਾਰਵਾਈ ਹੋਈ ਸੀ। ਇਹ ਦਬਾਅ ਇਸ ਕਰਕੇ ਬਣ ਗਿਆ ਸੀ ਕਿਉਂਕਿ ਜੈਸਿਕਾ ਲਾਲ ਇਕ ਚਰਚਿਤ ਹਸਤੀ (ਸੈਲੀਬ੍ਰਿਟੀ) ਸੀ। ਕੁਲਵਿੰਦਰ ਦੀ ਹਸਤੀ ਤਾਂ ਉਸ ਦੇ ਬਰਾਬਰ ਕੁਝ ਵੀ ਨਹੀਂ ਸੀ। ਸ਼ਾਇਦ ਇਸੇ ਲਈ ਉਸ ਦੇ ਹੱਕ 'ਚ ਜ਼ਮੀਨੀ ਪੱਧਰ 'ਤੇ ਕੋਈ ਹਲਚਲ ਪੈਦਾ ਨਹੀਂ ਹੋਈ।
ਦਿਨ ਦਿਹਾੜੇ ਹੋਏ ਇਸ ਲੜਕੀ ਦੇ ਕਤਲ ਦੀ ਖ਼ਬਰ ਸੋਸ਼ਲ ਮੀਡੀਆ 'ਤੇ ਤਾਂ ਪੂਰੀ ਤਰ੍ਹਾਂ ਰਹੀ ਪਰ ਜ਼ਮੀਨੀ ਪੱਧਰ 'ਤੇ ਇਸ ਘਟਨਾ ਵਿਰੁੱਧ ਜੋ ਤੂਫ਼ਾਨ ਉਠਣਾ ਚਾਹੀਦਾ ਸੀ, ਉਹ ਨਹੀਂ ਉਠਿਆ। ਇਸ ਕਤਲ ਦੀ ਨਿਖੇਧੀ ਦੇ ਬਿਆਨ ਤਾਂ ਆਏ ਪਰ ਇਨ੍ਹਾਂ ਨਿਮਾਣੀਆਂ ਕੁੜੀਆਂ ਦੇ ਹੱਕ 'ਚ ਖੁੱਲ੍ਹ ਕੇ ਮੈਦਾਨ 'ਚ ਕੋਈ ਨਹੀਂ ਆਇਆ। ਬਠਿੰਡਾ ਤੇ ਸਿਰਸਾ 'ਚ ਇਨ੍ਹਾਂ ਕੁੜੀਆਂ ਨੇ ਆਪਣੇ ਤੌਰ 'ਤੇ ਕੈਂਡਲ ਮਾਰਚ ਜ਼ਰੂਰ ਕੱਢੇ। ਕੁਝ ਇਕ ਸੰਸਥਾਵਾਂ ਨੇ ਥੋੜਾ ਬਹੁਤ ਸਮਰਥਨ ਵੀ ਦਿੱਤਾ ਪਰ ਇਹ ਸਮਰਥਨ ਉਸ ਪੱਧਰ ਦਾ ਨਹੀਂ ਸੀ ਜਿਹੜਾ ਕੋਈ ਹਲਚਲ ਪੈਦਾ ਕਰ ਸਕੇ।
ਇਹ ਸਾਡੇ ਸਭਨਾ ਲਈ ਸੋਚਣ ਦੀ ਘੜੀ ਹੈ। ਖੁਸ਼ੀ ਮੌਕੇ ਜਸ਼ਨ ਮਨਾਉਣੇ ਕੋਈ ਮਾੜੀ ਗੱਲ ਨਹੀਂ, ਪਰ ਜਸ਼ਨ ਮਨਾਉਂਦਿਆਂ ਹੋਸ਼ ਗੁਆਉਣੀ ਸਿਰੇ ਦੀ ਮਾੜੀ ਗੱਲ ਹੈ। ਅੱਜ ਸਮਾਂ ਬਦਲ ਗਿਆ ਹੈ। ਸੱਭਿਆਚਾਰਕ ਕਦਰਾਂ-ਕੀਮਤਾਂ ਵੀ ਬਦਲ ਰਹੀਆਂ ਹਨ। ਸਾਨੂੰ ਵੀ ਸਮੇਂ ਦੇ ਨਾਲ ਬਦਲਦਿਆਂ ਹੁੜਦੰਗ ਮਚਾ ਕੇ ਜਸ਼ਨ ਮਨਾਉਣ ਦੀਆਂ ਆਪਣੀਆਂ ਜਾਂਗਲੀ ਰੀਤਾਂ ਤੋਂ ਖਹਿੜਾ ਛੁਡਾਉਣਾ ਚਾਹੀਦਾ ਹੈ। ਸੋਸ਼ਲ ਮੀਡੀਆ 'ਤੇ ਅਜਿਹੇ ਕੁੱਝ ਇਕ ਵਧੀਆ ਸੁਝਾਅ ਆਏ ਹਨ। ਇਨ੍ਹਾਂ 'ਚੋਂ ਇਕ ਇਹ ਹੈ ਕਿ ਸੱਦਾ ਪੱਤਰਾਂ 'ਤੇ ਇਹ ਸ਼ਬਦ ਜ਼ਰੂਰ ਲਿਖੋ, ਕਿ ''ਸਾਨੂੰ ਸਿਰਫ ਤੁਹਾਡੀ ਹਾਜ਼ਰੀ ਚਾਹੀਦੀ ਹੈ, ਤੁਹਾਡੇ ਹਥਿਆਰਾਂ ਦੀ ਨਹੀਂ। ਇਸ ਕਰਕੇ ਆਪਣੇ ਹਥਿਆਰ ਆਪਣੇ ਘਰ ਹੀ ਛੱਡ ਕੇ ਆਉਣਾ।''
ਇਹ ਗੱਲ ਦਾ ਖਿਆਲ ਜ਼ਰੂਰ ਰੱਖਿਆ ਜਾਵੇ ਕਿ ਅਜਿਹੇ ਸਮਾਗਮਾਂ 'ਚ ਸੱਦੇ ਜਾਂਦੇ ਡਾਂਸਰ ਮੁੰਡੇ-ਕੁੜੀਆਂ ਦੀ ਸੁਰੱਖਿਆ ਦੀ ਜਿੰਮੇਵਾਰੀ ਚੁੱਕਣ ਲਈ ਸਬੰਧਤ ਪਰਵਾਰ ਨੂੰ ਕਿਹਾ ਜਾਵੇ। ਆਖਰ ਇਹ ਮੁੰਡੇ-ਕੁੜੀਆਂ ਵੀ ਸਾਡੇ ਹੀ ਪੁੱਤਰ ਧੀਆਂ ਹਨ ਜਿਨ੍ਹਾਂ ਨੇ ਇਸ ਕਿੱਤੇ ਨੂੰ ਰੋਟੀ ਰੋਜ਼ੀ ਦਾ ਸਾਧਨ ਬਣਾ ਲਿਆ ਹੈ। ਇਨ੍ਹਾਂ ਪ੍ਰਤੀ ਆਪਣੀ ਜਗੀਰੂ ਸੋਚ ਤਿਆਗ ਕੇ ਇਨ੍ਹਾਂ ਦੇ ਮਾਣ ਸਨਮਾਨ ਪ੍ਰਤੀ ਆਪਣੇ ਬੱਚਿਆਂ ਨੂੰ ਵੀ ਸੰਵੇਦਨਸ਼ੀਲ ਬਣਾਉਣਾ ਸਾਡਾ ਫਰਜ਼ ਹੈ।
ਇਸ ਦੇ ਨਾਲ ਹੀ ਇਕ ਹੋਰ ਗੱਲ ਨੋਟ ਕਰਨ ਵਾਲੀ ਹੈ ਕਿ ਹਰ ਸ਼ਹਿਰ ਦੇ ਹਰ ਗਲੀ ਮੁਹੱਲੇ 'ਚ ਇਹ ਡੀਜੇ ਗਰੁੱਪ ਵਾਲੇ ਮੁੰਡੇ ਕੁੜੀਆਂ ਤਾਂ ਮਿਲ ਜਾਣਗੇ ਪਰ ਉਨ੍ਹਾਂ ਦੀ ਕੋਈ ਵੀ ਅਜਿਹੀ ਜਥੇਬੰਦੀ ਨਹੀਂ ਹੈ ਜਿਹੜੀ ਇਨ੍ਹਾਂ ਡਾਂਸਰਾਂ, ਖਾਸਕਰ ਲੜਕੀਆਂ ਦੇ ਹੱਕਾਂ-ਹਿਤਾਂ ਤੇ ਮਾਣ-ਸਨਮਾਨ ਦੇ ਹੱਕ ਵਿਚ ਡਟ ਕੇ ਖੜ੍ਹੋ ਸਕੇ। ਇਸ ਲਈ ਉਨ੍ਹਾਂ ਨੂੰ ਖੁਦ ਇਸ ਪੱਖ ਵੱਲ ਧਿਆਨ ਦੇਣਾ ਚਾਹੀਦਾ ਹੈ।

No comments:

Post a Comment