Thursday, 2 February 2017

ਆਰ.ਐਮ.ਪੀ.ਆਈ. ਦੇ ਉਮੀਦਵਾਰਾਂ ਨਾਲ ਜਾਣ-ਪਛਾਣ

ਹਲਕਾ ਸੁਜਾਨਪੁਰ ਤੋਂ ਸਾਥੀ ਨੱਥਾ ਸਿੰਘ 
 
ਪੰਜਾਬ ਦੇ ਹਿਮਾਚਲ ਦੀ ਹੱਦ ਨਾਲ ਲੱਗਦੇ ਵਿਧਾਨ ਸਭਾ ਹਲਕੇ ਸੁਜਾਨਪੁਰ (ਜ਼ਿਲ੍ਹਾ ਪਠਾਨਕੋਟ) ਤੋਂ ਸਾਥੀ ਨੱਥਾ ਸਿੰਘ ਖੱਬੇ ਮੋਰਚੇ ਦੇ ਉਮੀਦਵਾਰ ਵਜੋਂ ਚੋਣ ਦੰਗਲ ਵਿਚ ਉਤਰੇ ਹਨ। ਸੀ.ਟੀ.ਯੂ. ਪੰਜਾਬ ਦੇ ਸੂਬਾਈ ਜਨਰਲ ਸਕੱਤਰ ਅਤੇ ਆਰ.ਐਮ.ਪੀ.ਆਈ. ਦੇ ਸੂਬਾ ਕਮੇਟੀ ਮੈਂਬਰ ਸਾਥੀ ਨੱਥਾ ਸਿੰਘ ਦਾ ਜੀਵਨ ਕੁਰਬਾਨੀਆਂ ਪੱਖੋਂ ਲਾਮਿਸਾਲ ਹੈ। ਰਣਜੀਤ ਸਾਗਰ ਡੈਮ ਵਰਕਰਜ਼ ਯੂਨੀਅਨ ਦਾ ਪ੍ਰਧਾਨ ਹੁੰਦਿਆਂ ਮਜ਼ਦੂਰ ਸੰਗਰਾਮਾਂ ਦੀ ਅਗਵਾਈ ਕਰਦਿਆਂ ਚਾਰ ਸਾਲ ਮੁਅੱਤਲ ਰਹੇ ਅਤੇ 9 ਸਾਲ ਨੌਕਰੀਓਂ ਫਾਰਗ ਰਹੇ। ਆਪ ਨੇ ਟਰੇਡ ਯੂਨੀਅਨ ਅੰਦੋਲਨ ਵਿਚ ਵੀ ਅਨੇਕਾਂ ਵਾਰ ਜੇਲ੍ਹ ਯਾਤਰਾਵਾਂ ਕੀਤੀਆਂ। ਉਨ੍ਹਾਂ ਦੇ ਜੀਵਨ ਦਾ ਸ਼ਾਨਦਾਰ ਪਹਿਲੂ ਇਹ ਰਿਹਾ ਕਿ ਉਨ੍ਹਾਂ ਨੇ ਡੈਮ ਕਾਮਿਆਂ ਦੇ ਨਾਲ ਹੀ ਡੈਮ ਦੀ ਉਸਾਰੀ ਕਾਰਨ ਉਜਾੜੇ ਗਏ ਲੋਕਾਂ ਨੂੰ ਇਨਸਾਫ ਦੁਆਉਣ ਲਈ ਵੀ ਸੰਗਰਾਮਾਂ ਦੀ ਅਗਵਾਈ ਕੀਤੀ। ਆਪ ਜੀ ਦੀ ਹਰਮਨ ਪਿਆਰਤਾ ਦਾ ਅੰਦਾਜ਼ਾ ਇਸ ਗੱਲ ਤੋਂ ਲਗਾਇਆ ਜਾ ਸਕਦਾ ਹੈ ਕਿ ਆਪ 34 ਸਾਲ ਤੱਕ (1979 ਤੋਂ 2013) ਥੀਮ ਡੈਮ ਵਰਕਰਜ਼ ਯੂਨੀਅਨ ਦੇ ਪ੍ਰਧਾਨ ਰਹੇ।  ਅੱਜ ਸਮੁੱਚਾ ਡੈਮ ਕਾਮਾਂ ਉਨ੍ਹਾਂ ਦੀ ਪਿੱਠ 'ਤੇ ਖਲੋਤਾ ਹੈ।

ਹਲਕਾ ਭੋਆ ਤੋਂ ਸਾਥੀ ਲਾਲ ਚੰਦ ਕਟਾਰੂਚੱਕ 
ਪਠਾਨਕੋਟ ਜ਼ਿਲ੍ਹੇ ਦੇ ਭੋਆ (ਰ) ਹਲਕੇ ਤੋਂ ਸਾਥੀ ਲਾਲ ਚੰਦ ਕਟਾਰੂਚੱਕ ਖੱਬੀਆਂ ਪਾਰਟੀਆਂ ਦੇ ਸਾਂਝੇ ਉਮੀਦਵਾਰ ਵਜੋਂ ਚੋਣ ਮੈਦਾਨ 'ਚ ਹਨ। ਆਪ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (RMPI) ਦੇ ਸੂਬਾ ਸਕੱਤਰੇਤ ਦੇ ਮੈਂਬਰ ਅਤੇ ਗੁਰਦਾਸਪੁਰ-ਪਠਾਨਕੋਟ ਜ਼ਿਲ੍ਹਾ ਕਮੇਟੀ ਦੇ ਸਕੱਤਰ ਹੋਣ ਦੇ ਨਾਲ-ਨਾਲ ਬੇਜ਼ਮੀਨੇ ਪੇਂਡੂ ਮਜ਼ਦੂਰਾਂ ਦੀ ਸਿਰਮੌਰ ਜਥੇਬੰਦੀ ਦਿਹਾਤੀ ਮਜ਼ਦੂਰ ਸਭਾ ਦੇ ਸੂਬਾ ਮੀਤ ਪ੍ਰਧਾਨ ਦੇ ਤੌਰ 'ਤੇ ਸਰਗਰਮੀ ਨਾਲ ਕਾਰਜਸ਼ੀਲ ਹਨ। ਸਾਥੀ ਲਾਲ ਚੰਦ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਸੰਸਥਾਪਕ ਪ੍ਰਧਾਨ ਵੀ ਰਹੇ ਹਨ। 22.3.1969 ਨੂੰ ਪਿੰਡ ਕਟਾਰੂ ਚੱਕ ਵਿਚਲੇ ਕਿਰਤੀ ਪਰਿਵਾਰ ਦੇ ਜੰਮਪਾਲ ਸਾਥੀ ਲਾਲ ਚੰਦ ਨੇ ਆਪਣੀ ਉਮਰ ਦਾ ਵਧੇਰੇ ਭਾਗ ਲੋਕ ਸੇਵਾ ਦੇ ਲੇਖੇ ਲਾਇਆ ਹੈ। ਆਪ ਲੰਮਾ ਸਮਾਂ ਆਪਣੇ ਪਿੰਡ ਦੇ ਸਰਪੰਚ ਰਹੇ ਹਨ। ਅਨੇਕਾਂ ਵਾਰ ਜੇਲ੍ਹ ਯਾਤਰਾ ਕਰਨ ਵਾਲੇ ਸਾਥੀ ਲਾਲ ਚੰਦ ਨੇ ਕਲਾਨੌਰ ਵਿਖੇ 22.10.2015 ਨੂੰ ਜਬਰ ਵਿਰੋਧੀ ਸੰਗਰਾਮ ਦੀ ਅਗਵਾਈ ਕਰਦਿਆਂ ਬੇਤਹਾਸ਼ਾ ਪੁਲਸ ਲਾਠੀਚਾਰਜ ਖਿੜੇ ਮੱਥੇ ਆਪਣੇ ਪਿੰਡੇ 'ਤੇ ਝੱਲਿਆ। ਇਕ ਸੰਗਰਾਮੀ ਜਨਸੇਵਕ ਵਜੋਂ ਆਪ ਹਲਕੇ ਦੇ ਬਾਕੀ ਉਮੀਦਵਾਰਾਂ ਨਾਲੋਂ ਕਿਤੇ ਵੱਧ ਮਕਬੂਲ ਹਨ।

ਹਲਕਾ ਅਜਨਾਲਾ ਤੋਂ ਸਾਥੀ ਗੁਰਨਾਮ ਸਿੰਘ ਉਮਰਪੁਰਾ  
ਪੰਜਾਬ ਵਿਧਾਨ ਸਭਾ ਦੀਆਂ 4 ਫਰਵਰੀ ਨੂੰ ਹੋਣ ਜਾ ਰਹੀਆਂ ਚੋਣਾਂ ਵਿਚ ਸਰਹੱਦੀ ਵਿਧਾਨ ਸਭਾ ਹਲਕੇ ਅਜਨਾਲਾ (ਜ਼ਿਲ੍ਹਾ ਅੰਮ੍ਰਿਤਸਰ) ਤੋਂ ਸਾਥੀ ਗੁਰਨਾਮ ਸਿੰਘ ਉਮਰਪੁਰਾ ਖੱਬੀਆਂ ਪਾਰਟੀਆਂ ਦੇ ਸਾਂਝੇ ਉਮੀਦਵਾਰ ਹਨ। ਆਪ ਆਰ.ਐਮ.ਪੀ.ਆਈ. ਦੇ ਜ਼ਿਲ੍ਹਾ ਕਮੇਟੀ ਅੰਮ੍ਰਿਤਸਰ ਦੇ ਮੈਂਬਰ ਅਤੇ ਦਿਹਾਤੀ ਮਜਦੂਰ ਸਭਾ ਦੇ ਜ਼ਿਲ੍ਹਾ ਪ੍ਰਧਾਨ ਹਨ। ਇਲਾਕੇ ਅਤੇ ਜ਼ਿਲ੍ਹੇ ਵਿਚ ਆਪ ਜੀ ਦੀ ਬੇਦਾਗ ਸ਼ਖਸ਼ੀਅਤ ਅਤੇ ਕੁਰਬਾਨੀਆਂ ਭਰਪੂਰ ਜੀਵਨ ਦੀ ਚੰਗੀ ਛਾਪ ਹੈ। ਆਪ ਦਹਾਕਿਆਂ ਤੋਂ ਕਮਿਊਨਿਸਟ ਲਹਿਰ 'ਚ ਸਰਗਰਮ ਹਨ। ਆਪ ਸੀ.ਪੀ.ਐਮ.ਪੰਜਾਬ ਅਤੇ ਦਿਹਾਤੀ ਮਜ਼ਦੂਰ ਸਭਾ ਦੇ ਉਸਰਈਆਂ 'ਚੋਂ ਇਕ ਹਨ। ਜ਼ਿਕਰਯੋਗ ਹੈ ਕਿ ਜਿਸ ਇਲਾਕੇ 'ਚੋਂ ਦਲੀਪ ਸਿੰਘ ਟਪਿਆਲਾ ਵਰਗੇ ਨਾਮਵਰ ਆਗੂ ਚੋਣ ਲੜਦੇ ਰਹੇ ਹਨ ਉਥੋਂ ਸਾਥੀ ਗੁਰਨਾਮ ਸਿੰਘ ਉਮਰਪੁਰਾ ਨੂੰ ਉਮੀਦਵਾਰ ਬਣਾਉਣਾ ਆਪਣੇ ਆਪ ਵਿਚ ਹੀ ਉਨ੍ਹਾਂ ਦੇ ਮਿਸਾਲੀ ਜੀਵਨ ਦੀ ਪੁਸ਼ਟੀ ਕਰਨ ਲਈ ਕਾਫੀ ਹੈ। ਸਾਥੀ ਗੁਰਨਾਮ ਸਿੰਘ ਉਮਰਪੁਰਾ ਮਜ਼ਦੂਰ ਪਰਿਵਾਰ ਦੇ ਜਮਪਲ ਹਨ।

ਹਲਕਾ ਰਾਜਾਸਾਂਸੀ ਤੋਂ ਸਾਥੀ ਵਿਰਸਾ ਸਿੰਘ ਟਪਿਆਲਾ   
ਅੰਮ੍ਰਿਤਸਰ ਦੀ ਰਾਜਾਸਾਂਸੀ ਵਿਧਾਨ ਸਭਾ ਸੀਟ ਤੋਂ ਚੋਣ ਮੈਦਾਨ ਵਿਚ ਇਨਕਲਾਬੀ ਮਾਰਕਸਵਾਦੀ ਪਾਰਟੀ ਦੇ ਆਗੂ ਸਾਥੀ ਵਿਰਸਾ ਸਿੰਘ ਟਪਿਆਲਾ ਖੱਬੇ ਮੋਰਚੇ ਦੇ ਉਮੀਦਵਾਰ ਹਨ। ਅਨੇਕਾਂ ਹੱਕੀ ਜਨ ਸੰਗਰਾਮਾਂ ਵਿਚ ਹਿੱਸਾ ਲੈਣ ਵਾਲੇ ਸਾਥੀ ਵਿਰਸਾ ਸਿੰਘ ਜਮਹੂਰੀ ਕਿਸਾਨ ਸਭਾ ਜ਼ਿਲ੍ਹਾ ਅੰਮ੍ਰਿਤਸਰ ਦੇ ਜ਼ਿਲ੍ਹਾ ਮੀਤ ਪ੍ਰਧਾਨ ਹਨ।

ਹਲਕਾ ਖੇਮਕਰਨ ਤੋਂ ਸਾਥੀ ਦਲਜੀਤ ਸਿੰਘ   
ਕਾਮਰੇਡ ਦਲਜੀਤ ਸਿੰਘ ਦਿਆਲਪੁਰਾ ਵਿਧਾਨ ਸਭਾ ਹਲਕਾ ਖੇਮਕਰਨ ਤੋਂ ਖੱਬੇ ਮੋਰਚੇ ਦੇ ਸਾਂਝੇ ਉਮੀਦਵਾਰ ਹਨ। 15-8-1948 ਨੂੰ ਜਨਮੇਂ ਕਾਮਰੇਡ ਦਲਜੀਤ ਸਿੰਘ ਅਧਿਆਪਕ ਵਜੋਂ ਸੇਵਾ ਮੁਕਤ ਹੋਏ ਹਨ। ਸਾਥੀ ਜੀ ਅਧਿਆਪਕਾਂ ਦੀ ਪ੍ਰਤੀਨਿਧੀ ਜਥੇਬੰਦੀ ਗੌਰਮਿੰਟ ਟੀਚਰਜ਼ ਯੂਨੀਅਨ (GTU) ਦੇ ਸੂਬਾ ਪ੍ਰਧਾਨ ਰਹੇ ਹਨ ਅਤੇ ਇਸ ਵੇਲੇ ਇਨਕਲਾਬੀ ਮਾਰਕਸਵਾਦੀ ਪਾਰਟੀ (RMPI) ਦੇ ਤਰਨ ਤਾਰਨ ਜ਼ਿਲ੍ਹਾ ਸਕੱਤਰੇਤ ਤੇ ਮੈਂਬਰ ਵਜੋਂ ਅਤੇ ਲੜਾਕੂ ਵਿਗਿਆਨਕ  ਕਿਸਾਨ ਜਥੇਬੰਦੀ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਜਨਰਲ ਸਕੱਤਰ ਵਜੋਂ ਜਨਸੇਵਾ ਦੇ ਕਾਰਜਾਂ ਵਿਚ ਲੱਗੇ ਹੋਏ ਹਨ। ਸਾਥੀ ਦਲਜੀਤ ਸਿੰਘ ਬੇਰੋਜ਼ਗਾਰ ਅਧਿਆਪਕਾਂ ਦੇ ਘੋਲ ਦੌਰਾਨ ਸਰਗਰਮੀ ਨਾਲ ਭਾਗ ਲੈਂਦਿਆਂ ਬੁੜੈਲ ਜੇਲ੍ਹ ਵਿਚ ਰਹੇ। ਬਿਜਲੀ ਬੋਰਡ ਦੇ ਨਿੱਜੀਕਰਨ ਦੇ ਪਹਿਲੇ ਪੜਾਅ ਵਜੋਂ ਇਸ ਨੂੰ ਕਾਰਪੋਰੇਸ਼ਨ 'ਚ ਬਦਲ ਕੇ ਸਰਕਾਰ ਦੇ ਕਦਮ ਖਿਲਾਫ ਚੱਲੀ ਐਜੀਟੇਸ਼ਨ ਵਿਚ ਆਪ ਜੀ ਨੇ ਅੰਨ੍ਹਾ ਪੁਲਸ ਲਾਠੀਚਾਰਜ ਆਪਣੇ ਪਿੰਡੇ 'ਤੇ ਹੰਢਾਇਆ ਅਤੇ ਦਿਲੇਰੀ ਨਾਲ ਝੂਠੇ ਮੁਕੱਦਮੇਂ ਦਾ ਟਾਕਰਾ ਕੀਤਾ। ਸੇਵਾ ਮੁਕਤੀ ਉਪਰੰਤ ਜਿਲ੍ਹੇ ਤਰਨ ਤਾਰਨ ਦਾ ਅਜਿਹਾ ਕੋਈ ਜਨ ਸੰਗਰਾਮ ਨਹੀਂ ਜਿਸ ਵਿਚ ਸ਼ਾਮਲ ਹੁੰਦਿਆਂ ਸਾਥੀ ਜੀ ਨੇ ਬਹੁਪੱਖੀ ਸਰਗਰਮੀ ਨਾ ਕੀਤੀ ਹੋਵੇ। 
 

ਹਲਕਾ ਬਾਬਾ ਬਕਾਲਾ ਤੋਂ ਸਾਥੀ ਅਮਰੀਕ ਸਿੰਘ ਦਾਊਦ  
ਅੰਮ੍ਰਿਤਸਰ ਜ਼ਿਲ੍ਹੇ ਦੀ ਬਾਬਾ ਬਕਾਲਾ (ਰ) ਵਿਧਾਨ ਸਭਾ ਸੀਟ ਤੋਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿਚ ਸਾਥੀ ਅਮਰੀਕ ਸਿੰਘ ਦਾਊਦ ਖੱਬੀਆਂ ਪਾਰਟੀਆਂ ਦੇ ਸਾਂਝੇ ਉਮੀਦਵਾਰ ਵਜੋਂ ਚੋਣ ਮੈਦਾਨ ਵਿਚ ਨਿਤਰੇ ਹਨ। 2 ਫਰਵਰੀ 1958 ਨੂੰ ਪਿੰਡ ਦਾਊਦ ਦੇ ਕਿਰਤੀ ਪਰਿਵਾਰ ਵਿਚ ਜਨਮ ਲੈਣ ਵਾਲੇ ਸਾਥੀ ਅਮਰੀਕ ਸਿੰਘ ਦਾਊਦ ਭਾਰਤੀ ਇਨਕਲਾਬੀ ਮਾਕਸਵਾਦੀ ਪਾਰਟੀ (RMPI) ਦੇ ਜ਼ਿਲ੍ਹਾ ਕਮੇਟੀ ਮੈਂਬਰ ਹਨ। ਆਪ ਬੇਜ਼ਮੀਨੇ ਪੇਂਡੂ ਮਜ਼ਦੂਰਾਂ ਦੀ ਪ੍ਰਤੀਨਿੱਧ ਜਥੇਬੰਦੀ ਦਿਹਾਤੀ ਮਜਦੂਰ ਸਭਾ ਦੇ ਜ਼ਿਲ੍ਹਾ ਜਨਰਲ ਸਕੱਤਰ ਵਜੋਂ ਜ਼ਿਲ੍ਹੇ ਦੇ ਮਜ਼ਦੂਰ ਅੰਦੋਲਨਾਂ ਦੀ ਸੁਚੱਜੀ ਅਗਵਾਈ ਕਰ ਰਹੇ ਹਨ। ਆਪਣੇ ਘਟਨਾਵਾਂ ਭਰਪੂਰ ਸਿਆਸੀ ਜੀਵਨ ਵਿਚ ਸਾਥੀ ਦਾਊਦ ਨੇ ਅਨੇਕਾਂ ਵਾਰ ਗ੍ਰਿਫਤਾਰੀਆਂ ਵੀ ਦਿੱਤੀਆਂ ਅਤੇ  ਆਪ ਅਨੇਕਾਂ ਵਾਰ ਲੋਕ ਘੋਲਾਂ 'ਚ ਹਾਕਮਾਨਾ ਤਸ਼ੱਦਦ ਦਾ ਸ਼ਿਕਾਰ ਬਣੇ। ਅੱਤਵਾਦ ਦੇ ਕਾਲੇ ਦੌਰ ਵਿਚ ਆਪ ਅਤੇ ਆਪ ਦੇ ਸਮੁੱਚੇ ਪਰਿਵਾਰ ਨੇ ਕਾਲੀਆਂ ਤਾਕਤਾਂ ਦਾ ਦਲੇਰੀ ਨਾਲ ਸਫਲਤਾ ਪੂਰਵਕ ਟਾਕਰਾ ਕੀਤਾ। ਸਾਥੀ ਦਾਊਦ ਦਾ ਸਮੁੱਚਾ ਪਰਿਵਾਰ ਲਾਲ ਝੰਡੇ ਦੀ ਮਾਨਵਹਿਤੂ ਲਹਿਰ ਨਾਲ ਜੁੜਿਆ ਹੋਇਆ ਹੈ ਅਤੇ ਉਹ ਮਿਹਨਤੀ ਵਰਗ ਦੇ ਹਰ ਤਰ੍ਹਾਂ ਦੇ ਸੰਘਰਸ਼ਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ।

ਹਲਕਾ ਸੁਲਤਾਨਪੁਰ ਲੋਧੀ ਤੋਂ ਸਾਥੀ ਬਲਦੇਵ ਸਿੰਘ  
ਵਿਧਾਨ ਸਭਾ ਹਲਕਾ ਸੁਲਤਾਨਪੁਰ ਲੋਧੀ, ਜ਼ਿਲ੍ਹਾ ਕਪੂਰਥਲਾ ਤੋਂ ਸਾਥੀ ਬਲਦੇਵ ਸਿੰਘ ਖੱਬੇ ਮੋਰਚੇ ਦੇ ਉਮੀਦਵਾਰ ਦੇ ਤੌਰ 'ਤੇ ਚੋਣ ਲੜ ਰਹੇ ਹਨ। 30.9.1947 ਨੂੰ ਜਨਮੇਂ ਸਾਥੀ ਬਲਦੇਵ ਸਿੰਘ  ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ. ਆਈ.) ਦੇ ਜ਼ਿਲ੍ਹਾ ਆਗੂ ਹਨ। ਉਸਾਰੀ ਕਾਮਿਆਂ ਦੀ ਹਰਮਨ ਪਿਆਰੀ ਜਥੇਬੰਦੀ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਦੇ ਉਹ ਸੂਬਾ ਮੀਤ ਪ੍ਰਧਾਨ ਹਨ। ਨਿਰਮਾਣ ਕਾਮਿਆਂ ਦੇ ਸੰਗਰਾਮਾਂ ਤੋਂ ਬਿਨਾਂ ਉਹ ਮਿਹਨਤੀ ਵਰਗਾਂ ਦੇ ਸਾਰੇ ਸੰਘਰਸ਼ਾਂ ਵਿਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ।

ਹਲਕਾ ਫਿਲੌਰ ਤੋਂ ਸਾਥੀ ਪਰਮਜੀਤ ਰੰਧਾਵਾ  
ਸਾਥੀ ਪਰਮਜੀਤ ਸਿੰਘ ਰੰਧਾਵਾ ਖੱਬੀ ਧਿਰ ਦੇ ਮਹਾਨ ਆਗੂ ਅਤੇ ਅੰਗਰੇਜ਼ ਦੀਆਂ ਜੇਲ੍ਹਾਂ ਤੋੜਕੇ ਫਰਾਰ ਹੋਣ ਵਾਲੇ ਸਾਥੀ ਗੁਰਚਰਨ ਸਿੰਘ ਰੰਧਾਵਾ ਦੇ ਪਿੰਡ ਦੇ ਵਸਨੀਕ ਹਨ। ਦਿਹਾਤੀ ਮਜਦੂਰ ਸਭਾ ਵਲੋਂ ਲੜੇ ਜਾ ਰਹੇ ਸੰਘਰਸ਼ਾਂ ਦੀ ਉਨ੍ਹਾਂ ਅਨੇਕਾਂ ਵਾਰ ਅਗਵਾਈ ਕੀਤੀ ਹੈ। ਪਿੰਡ ਪੁਆਦੜਾ ਦੇ ਗਰੀਬ ਮਜ਼ਦੂਰਾਂ ਨੂੰ ਪਲਾਟ ਨਾ ਮਿਲਣ ਕਾਰਨ ਨੂਰਮਹਿਲ ਦੇ ਬੀਡੀਪੀਓ ਦਫ਼ਤਰ ਅੱਗੇ ਇੱਕ ਮਹੀਨੇ ਤੋਂ ਵੀ ਵੱਧ ਅਰਸੇ ਲਈ ਦਿਨ ਰਾਤ ਦੇ ਲਗਾਏ ਧਰਨੇ ਦੀ ਉਨ੍ਹਾਂ ਅਗਵਾਈ ਕੀਤੀ ਹੈ। ਸਾਥੀ ਪਰਮਜੀਤ ਨੇ ਗਰੀਬਾਂ ਦੇ ਮਹੱਲਿਆਂ 'ਚ ਗੰਦੇ ਪਾਣੀ ਦੇ ਨਿਕਾਸ ਅਤੇ ਪਲਾਟਾਂ ਨੂੰ ਪ੍ਰਾਪਤ ਕਰਨ ਲਈ ਅਨੇਕਾਂ ਵਾਰ ਸੰਘਰਸ਼ ਕੀਤੇ ਅਤੇ ਜਿੱਤਾਂ ਪ੍ਰਾਪਤ ਕੀਤੀਆਂ। ਸਾਥੀ ਪਰਮਜੀਤ ਇੱਕ ਵਾਰ ਪਿੰਡ ਦੇ ਸਾਹਿਕਾਰੀ ਸੁਸਾਇਟੀ ਦੇ ਪ੍ਰਧਾਨ ਬਣੇ ਅਤੇ ਪਿੰਡ ਦੇ ਮੈਂਬਰ ਪੰਚਾਇਤ ਵਜੋਂ ਵੀ ਆਪਣੀਆਂ ਜਿੰਮੇਵਾਰੀਆਂ ਨਿਭਾ ਚੁੱਕੇ ਹਨ। ਸਾਥੀ ਪਰਮਜੀਤ ਰੰਧਾਵਾ ਲੋਕ ਹਿੱਤਾਂ ਲਈ ਪੰਜ-ਛੇ ਵਾਰ ਜੇਲ੍ਹ ਵੀ ਜਾ ਚੁੱਕੇ ਹਨ। ਜਿਸ ਦਾ ਅਰਸਾ ਦੋ ਮਹੀਨੇ ਦੇ ਕਰੀਬ ਬਣਦਾ ਹੈ। ਅੱਜ ਕੱਲ੍ਹ ਉਹ ਦਿਹਾਤੀ ਮਜ਼ਦੂਰ ਸਭਾ ਜ਼ਿਲ੍ਹਾ ਜਲੰਧਰ ਦੇ ਜ਼ਿਲ੍ਹਾ ਸਕੱਤਰ ਵਜੋਂ ਆਪਣੀਆਂ ਜਿੰਮੇਵਾਰੀਆਂ ਨਿਭਾ ਰਹੇ ਹਨ। ਉਹ ਆਰਐਮਪੀਆਈ ਅਤੇ ਖੱਬੀਆਂ ਧਿਰਾਂ ਵਲੋਂ ਹਲਕਾ ਫਿਲੌਰ (ਰਿਜ਼ਰਵ) ਤੋਂ ਚੋਣ ਮੈਦਾਨ 'ਚ ਹਨ।

ਹਲਕਾ ਨਕੋਦਰ ਤੋਂ ਸਾਥੀ ਸੰਤੋਖ ਸਿੰਘ ਬਿਲਗਾ  
ਪਿੰਡ ਬਿਲਗਾ ਦੀ ਨਗਰ ਪੰਚਾਇਤ ਬਣਨ ਤੋਂ ਪਹਿਲਾ ਤੱਕ ਤਿੰਨ ਵਾਰ ਦੋਆਬੇ ਦੇ ਸਭ ਤੋਂ ਵੱਡੇ ਪਿੰਡ ਦੇ ਪੰਚ ਅਤੇ ਦੋ ਵਾਰ ਪਿੰਡ ਦੀ ਸਹਿਕਾਰੀ ਸੁਸਾਇਟੀ ਦੇ ਡਾਇਰੈਕਟਰ ਬਣਨ ਤੋਂ ਇਲਾਵਾ ਸਾਥੀ ਸੰਤੋਖ ਸਿੰਘ ਨੇ ਅਨੇਕਾਂ ਵਾਰ ਕਿਸਾਨਾਂ ਦੇ ਹੱਕ 'ਚ ਸੰਘਰਸ਼ ਕੀਤੇ ਹਨ। ਲੋਕ ਘੋਲਾਂ ਦੌਰਾਨ ਉਨ੍ਹਾਂ ਦੋ ਵਾਰ ਕਰੀਬ 20 ਦਿਨ ਜੇਲ੍ਹ ਵੀ ਕੱਟੀ ਹੈ। ਲੁਧਿਆਣਾ ਜਿਲ੍ਹੇ ਦੇ ਪਿੰਡ ਕੋਟ ਉਮਰਾ ਦੇ ਕਿਸਾਨਾਂ ਦਾ ਮਸਲਾ ਹੋਵੇ ਅਤੇ ਚਾਹੇ ਜਲੰਧਰ ਜ਼ਿਲ੍ਹੇ ਦੇ ਪਿੰਡ ਬੁਰਜ ਹਸਨ ਦੇ ਕਿਸਾਨਾਂ ਦਾ ਮਸਲਾ ਹੋਵੇ ਸਾਥੀ ਸੰਤੋਖ ਸਿੰਘ ਬਿਲਗਾ ਨੇ ਕਦੇ ਪਿਛਾਂਹ ਮੁੜ ਕੇ ਨਹੀਂ ਦੇਖਿਆ। ਉਨ੍ਹਾਂ ਅਬਾਦਕਾਰ ਕਿਸਾਨਾਂ ਦੇ ਹੱਕ 'ਚ ਦਿਨ ਰਾਤ ਇੱਕ ਕਰਕੇ ਸੰਘਰਸ਼ਾਂ ਦਾ ਪਿੜ ਮੱਲਿਆ ਹੈ। ਸਾਥੀ ਬਿਲਗਾ ਦੀ ਅਗਵਾਈ 'ਚ ਅਨੇਕਾਂ ਵਾਰ ਥਾਣਿਆਂ ਦੇ ਘਿਰਾਓ ਕਰਕੇ ਲੋਕਾਂ ਨੂੰ ਇਨਸਾਫ ਦਵਾਉਣ 'ਚ ਪਹਿਲਕਦਮੀਆਂ ਕੀਤੀਆਂ ਹਨ। ਸਾਥੀ ਬਿਲਗਾ ਅੱਜ ਕੱਲ੍ਹ ਜਮਹੂਰੀ ਕਿਸਾਨ ਸਭਾ ਦੇ ਜ਼ਿਲ੍ਹਾ ਜਲੰਧਰ ਦੇ ਸਕੱਤਰ ਵਜੋਂ ਕਿਸਾਨਾਂ ਅਤੇ ਹੋਰ ਲੁੱਟੇ ਪੁੱਟੇ ਜਾ ਰਹੇ ਲੋਕਾਂ ਦੀ ਅਵਾਜ ਬਣੇ ਹੋਏ ਹਨ ਅਤੇ ਹਲਕਾ ਨਕੋਦਰ ਤੋਂ ਆਰਐਮਪੀਆਈ ਅਤੇ ਖੱਬੀਆਂ ਧਿਰਾਂ ਵਲੋਂ ਚੋਣ ਮੈਦਾਨ 'ਚ ਹਨ।

ਹਲਕਾ ਮੁਕੇਰੀਆਂ ਤੋਂ ਸਾਥੀ ਧਰਮਿੰਦਰ ਸਿੰਘ  
ਹੁਸ਼ਿਆਰਪੁਰ ਜ਼ਿਲ੍ਹੇ ਦੇ ਮੁਕੇਰੀਆ ਵਿਧਾਨ ਸਭਾ ਹਲਕੇ ਤੋਂ ਆਰ.ਐਮ.ਪੀ.ਆਈ. ਵਲੋਂ ਖੱਬੇ ਮੋਰਚੇ ਦਾ ਉਮੀਦਵਾਰ ਸਾਥੀ ਧਰਮਿੰਦਰ ਸਿੰਘ (ਸਿੰਬਲੀ)  ਜਨ-ਸੰਘਰਸ਼ਾਂ ਦਾ ਜਾਇਆ ਹੈ। ਪੰਜਾਬ ਸਰਕਾਰ ਵਲੋਂ 2012 ਵਿਚ ਹਾਜੀਪੁਰ ਦੇ 20 ਪਿੰਡਾਂ ਨੂੰ ਉਜਾੜ ਕੇ 2200 ਏਕੜ ਜ਼ਮੀਨ 'ਤੇ ਥਰਮਲ ਪਾਵਰ ਪਲਾਂਟ ਉਸਾਰਨ ਵਿਰੁੱਧ ਸਾਥੀ ਧਰਮਿੰਦਰ ਸਿੰਘ ਨੇ ਲੋਕਾਂ ਦੇ ਸਹਿਯੋਗ ਨਾਲ ਲਗਾਤਾਰ ਮੋਰਚਾ ਲਾਇਆ ਅਤੇ ਥਰਮਲ  ਪਲਾਂਟ ਨੂੰ ਰੱਦ ਕਰਵਾਇਆ। ਹਲਕਾ ਮੁਕੇਰੀਆਂ ਦੇ ਪਿੰਡਾਂ 'ਚ ਸੱਤਾ ਤੱਕ ਪਹੁੰਚ ਰੱਖਣ ਵਾਲਿਆਂ ਵਲੋਂ ਲਾਏ ਗਏ ਸਟੋਨ ਕਰੱਸ਼ਰਾਂ ਵਲੋਂ ਮਚਾਈ ਜਾ ਰਹੀ ਵਾਹੀਯੋਗ ਜ਼ਮੀਨ ਦੀ ਤਬਾਹੀ ਅਤੇ ਫੈਲਾਏ ਜਾ ਰਹੇ ਪ੍ਰਦੂਸ਼ਣ ਵਿਰੁੱਧ ਸਾਥੀ ਧਰਮਿੰਦਰ ਸਿੰਘ 'ਸਿੰਬਲੀ' ਨੇ ਇਸ ਹਲਕੇ ਦੇ ਪਿੰਡਾਂ ਦੇ ਲੋਕਾਂ ਨੂੰ 'ਖਣਨ ਰੋਕੋ ਜ਼ਮੀਨ ਬਚਾਓ ਸੰਘਰਸ਼ ਕਮੇਟੀ, ਹਾਜ਼ੀਪੁਰ' ਦੇ ਝੰਡੇ ਹੇਠ ਲਾਮਬੰਦ ਕੀਤਾ ਅਤੇ ਆਰ.ਐਮ.ਪੀ.ਆਈ. ਦੇ ਸਹਿਯੋਗ ਨਾਲ ਲੋਕ ਲਹਿਰ ਖੜ੍ਹੀ ਕਰਕੇ ਮੋਰਚਾ ਖੋਲ੍ਹਿਆ, ਜਿਸ ਤੋਂ ਬੁਖਲਾ ਕੇ ਕਰੱਸ਼ਰ ਮਾਲਕਾਂ ਨੇ ਸਾਥੀ ਧਰਮਿੰਦਰ ਸਮੇਤ 5 ਸਾਥੀਆਂ 'ਤੇ ਸੰਗੀਨ ਜ਼ੁਰਮਾਂ ਹੇਠ ਪਰਚੇ ਦਰਜ ਕਰਵਾ ਦਿੱਤੇ ਤੇ ਸਾਥੀ ਧਰਮਿੰਦਰ ਨੂੰ ਜੇਲ ਭਿਜਵਾ ਦਿੱਤਾ।  ਇਹ ਉਨ੍ਹਾਂ ਦਾ ਪ੍ਰਭਾਵ ਹੀ ਸੀ ਕਿ ਇਸ ਗ੍ਰਿਫਤਾਰੀ ਵਿਰੁੱਧ ਜਬਰਦਸਤ ਲੋਕ ਰੋਹ ਉਠਿਆ ਜਿਸ ਦੇ ਸਿੱਟੇ ਵਜੋਂ ਉਹ ਜੇਲ੍ਹ ਤੋਂ ਰਿਹਾਅ ਹੋਏ। ਸਾਥੀ ਧਰਮਿੰਦਰ ਫੁਟਬਾਲ ਦਾ ਇਕ ਵਧੀਆ ਖਿਡਾਰੀ ਹੈ। ਇਲਾਕੇ ਦੇ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰੱਖਣ ਲਈ ਕਰੀਬ 60 ਪਿੰਡਾਂ ਦੇ ਨੌਜਵਾਨਾਂ ਨੂੰ ਉਹ ਕੋਚਿੰਗ ਦੇ ਰਿਹਾ ਹੈ ਅਤੇ ਸਧਾਰਣ ਲੋਕਾਂ ਦੇ ਸਹਿਯੋਗ ਨਾਲ ਇਕ ਸਲਾਨਾ ਫੁਟਬਾਲ ਟੂਰਨਾਮੈਂਟ ਵੀ ਕਰਵਾਉਂਦਾ ਹੈ।

ਹਲਕਾ ਅਬੋਹਰ ਤੋਂ ਸਾਥੀ ਰਾਮ ਕੁਮਾਰ  
ਜ਼ਿਲ੍ਹਾ ਫਾਜਿਲਕਾ ਦੇ ਅਬੋਹਰ ਵਿਧਾਨ ਸਭਾ ਹਲਕੇ ਤੋਂ ਸਾਥੀ ਰਾਮ ਕੁਮਾਰ ਵਿਧਾਨ ਸਭਾ ਦੀ ਚੋਣ ਵਿਚ ਖੱਬੀਆਂ ਪਾਰਟੀਆਂ ਦੇ ਸਾਂਝੇ ਉਮੀਦਵਾਰ ਵਜੋਂ ਚੋਣ ਲੜ ਰਹੇ ਹਨ। ਆਪ ਦਾ ਜਨਮ 1962 ਵਿਚ ਪਿੰਡ ਚੱਕ ਰਾਈ ਵਾਲਾ ਜ਼ਿਲ੍ਹਾ ਫਿਰੋਜ਼ਪੁਰ ਵਿਚ ਹੋਇਆ ਜੋ ਹੁਣ ਜ਼ਿਲ੍ਹਾ ਫਾਜਿਲਕਾ ਵਿਚ ਪੈਂਦਾ ਹੈ। ਸਾਥੀ ਰਾਮ ਕੁਮਾਰ ਨੇ ਜਨਵਾਦੀ ਨੌਜਵਾਨ ਸਭਾ ਵਿਚ ਕੰਮ ਕਰਨਾ ਸ਼ੁਰੂ ਕਰਕੇ 1980 ਵਿਚ ਪਾਰਟੀ ਵਿਚ ਕੰਮ ਕਰਨਾ ਸ਼ੁਰੂ ਕੀਤਾ ਅਤੇ ਹੁਣ ਉਹ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੇ ਜ਼ਿਲ੍ਹਾ ਕਮੇਟੀ ਮੈਂਬਰ ਵਜੋਂ ਕੰਮ ਕਰ ਰਹੇ ਹਨ। ਉਹ 1995 ਤੋਂ ਪਾਰਟੀ ਦੇ ਕੁਲਵਕਤੀ ਦੇ ਤੌਰ 'ਤੇ ਕੰਮ ਕਰ ਰਹੇ ਹਨ। 1989 ਵਿਚ ਆਪ ਨੇ ਕਿਸਾਨ ਮੋਰਚੇ ਦੇ ਸੰਘਰਸ਼ ਦੌਰਾਨ 19 ਦਿਨ ਜੇਲ ਵੀ ਕੱਟੀ। ਅੱਜਕਲ ਉਹ ਪੰਜਾਬ ਨਿਰਮਾਣ ਮਜ਼ਦੂਰ ਯੂਨੀਅਨ ਵਿਚ ਕੰਮ ਕਰਦਿਆਂ ਜ਼ਿਲ੍ਹਾ ਫਾਜ਼ਿਲਕਾ ਦੀ ਸਫਲਤਾ ਪੂਰਵਕ ਅਗਵਾਈ ਕਰ ਰਹੇ ਹਨ ਅਤੇ ਉਹ ਮਿਹਨਤੀ ਵਰਗ ਦੇ ਹਰ ਸੰਘਰਸ਼ ਵਿਚ ਵੱਧ ਚੜ੍ਹ ਕੇ ਹਿੱਸਾ ਲੈਂਦੇ ਹਨ।

ਹਲਕਾ ਮੁਕਤਸਰ ਤੋਂ ਸਾਥੀ ਹਰਜੀਤ ਸਿੰਘ  
ਜ਼ਿਲ੍ਹਾ ਮੁਕਤਸਰ ਦੇ ਵਿਧਾਨ ਸਭਾ ਹਲਕਾ ਮੁਕਤਸਰ ਤੋਂ ਆਰ.ਐਮ.ਪੀ.ਆਈ. ਦੇ ਜ਼ਿਲ੍ਹਾ ਕਮੇਟੀ ਮੈਂਬਰ ਸਾਥੀ ਹਰਜੀਤ ਸਿੰਘ ਮਦਰੱਸਾ ਖੱਬੀਆਂ ਪਾਰਟੀਆਂ ਦੇ ਸਾਂਝੇ ਉਮੀਦਵਾਰ ਵਜੋਂ ਚੋਣ ਸੰਗਰਾਮ ਵਿਚ ਨਿਤਰੇ ਹਨ। ਸਾਥੀ ਹਰਜੀਤ ਸਿੰਘ ਦਾ ਜਨਮ 2.2.1972 ਨੂੰ ਤਰਨ ਤਾਰਨ ਜ਼ਿਲ੍ਹੇ ਦੀ ਪੱਟੀ ਤਹਿਸੀਲ ਦੇ ਪਿੰਡ ਤੁੰਗ 'ਚ ਇਕ ਕਿਰਤੀ ਪਰਿਵਾਰ 'ਚ ਹੋਇਆ। ਆਪ ਦਾ ਪਰਿਵਾਰ ਨਰਮੇਂ ਦੀ ਚੁਗਾਈ ਲਈ ਹਰ ਸਾਲ ਮੁਕਤਸਰ ਇਲਾਕੇ 'ਚ ਜਾਇਆ ਕਰਦਾ ਸੀ। ਸਮਾਂ ਪਾ ਕੇ ਇਹ ਪਰਿਵਾਰ ਪੱਕੇ ਤੌਰ 'ਤੇ ਪਿੰਡ ਮਦਰੱਸਾ ਵਿਖੇ ਆਬਾਦ ਹੋ ਗਿਆ। ਸਾਥੀ ਹਰਜੀਤ ਸਿੰਘ ਦਿਹਾਤੀ ਮਜ਼ਦੂਰ ਸਭਾ ਦੀ ਮੁਕਤਸਰ ਜ਼ਿਲ੍ਹਾ ਕਮੇਟੀ ਦੇ ਪ੍ਰਧਾਨ ਅਤੇ ਸੂਬੇ ਦੇ ਮੀਤ ਪ੍ਰਧਾਨ ਹਨ। ਆਪਣੇ ਛੋਟੇ ਪਰ ਸੰਗਰਾਮੀ ਜੀਵਨ 'ਚ ਆਪ ਜੀ ਨੇ ਸਾਥੀ ਜਗਜੀਤ ਸਿੰਘ ਜੱਸੇਆਣਾ ਨਾਲ ਮਿਲਕੇ ਅਨੇਕਾਂ ਪੁਲਸ ਜ਼ੁਲਮਾਂ ਅਤੇ ਸਮਾਜਕ ਜਬਰ ਦੀਆਂ ਘਟਨਾਵਾਂ ਵਿਰੁੱਧ ਲੋਕ ਸੰਗਰਾਮਾਂ ਦੀ ਅਗਵਾਈ ਕਰਦਿਆਂ ਜਿੱਤਾਂ ਪ੍ਰਾਪਤ ਕੀਤੀਆਂ ਹਨ।

ਹਲਕਾ ਸਰਦੂਲਗੜ੍ਹ ਤੋਂ ਸਾਥੀ ਲਾਲ ਚੰਦ ਮਾਨਸਾ ਜ਼ਿਲ੍ਹੇ ਦੇ ਸਰਦੂਲਗੜ੍ਹ ਵਿਧਾਨ ਸਭਾ ਹਲਕੇ ਤੋਂ ਸਾਥੀ ਲਾਲ ਚੰਦ ਸਰਦੂਲਗੜ੍ਹ ਖੱਬੀਆਂ ਧਿਰਾਂ ਵਲੋਂ ਚੋਣ ਮੈਦਾਨ ਵਿਚ ਹਨ। ਆਪ ਜੀ ਨੇ ਆਈ.ਟੀ.ਆਈ. ਬਠਿੰਡਾ ਵਿਖੇ ਡਿਪਲੋਮਾ ਕਰਦਿਆਂ ਵਿਦਿਆਰਥੀ ਜਥੇਬੰਦੀ ਐਸ.ਐਫ.ਆਈ. ਦੇ ਮੈਂਬਰ ਅਤੇ ਆਗੂ ਵਜੋਂ ਆਪਣਾ ਜਨਤਕ ਜੀਵਨ ਸ਼ੁਰੂ ਕੀਤਾ। ਇਸ ਪਿਛੋਂ ਆਪ ਡੀ.ਆਈ.ਐਫ.ਆਈ. ਅਤੇ ਅੱਗੇ ਜਾ ਕੇ ਕਿਸਾਨ ਫਰੰਟ 'ਤੇ ਕਾਰਜਸ਼ੀਲ ਹੋਏ। ਇਸ ਵੇਲੇ ਆਪ ਇਨਕਲਾਬੀ ਮਾਰਕਸਵਾਦੀ ਪਾਰਟੀ (RMPI) ਦੀ ਬਠਿੰਡਾ-ਮਾਨਸਾ ਜ਼ਿਲ੍ਹਾ ਕਮੇਟੀ ਦੇ ਸਕੱਤਰ ਅਤੇ ਸੂਬਾ ਕਮੇਟੀ ਦੇ ਮੈਂਬਰ ਹਨ। ਸਾਂਝੀ ਪਾਰਟੀ ਤੋਂ ਬਾਅਦ ਸਾਥੀ ਲਾਲ ਚੰਦ ਕਮਿਊਨਿਸਟ ਅੰਦੋਲਨ ਦੇ ਧੁਰੇ ਵਜੋਂ ਸਥਾਪਤ ਹੋਏ ਹਨ। ਆਪਜੀ ਨੇ ਇਸ ਹਰਿਆਣੇ ਦੀ ਹੱਦ ਨਾਲ ਲੱਗਦੇ ਸੰਵੇਦਨਸ਼ੀਲ ਖਿੱਤੇ ਵਿਚ ਅੱਤਵਾਦ ਦੇ ਕੁਲੈਹਣੇ ਵਰਤਾਰੇ ਖਿਲਾਫ ਡੱਟ ਕੇ ਮੋਰਚਾ ਮੱਲਿਆ। ਸਾਥੀ ਲਾਲ ਚੰਦ 1989 'ਚ ਪਹਿਲੀ ਵੇਰ ਹੜ੍ਹਾਂ ਦੇ ਖਰਾਬੇ ਦੇ ਮੁਆਵਜ਼ੇ ਦੇ ਸੰਘਰਸ਼ ਦੌਰਾਨ ਜੇਲ੍ਹ ਗਏ ਅਤੇ ਉਸ ਪਿਛੋਂ ਅਨੇਕਾਂ ਵਾਰ ਜੇਲ੍ਹਾਂ ਯਾਤਰਾਵਾਂ ਕੀਤੀਆਂ। ਭਾਖੜਾ ਨਹਿਰ ਦੇ ਪਾਣੀ ਦੀ ਨਿਆਂਈ ਸਪਲਾਈ ਲਈ, ਘੱਗਰ ਵਿਚ ਆਏ ਹੜ੍ਹਾਂ ਨਾਲ ਹੋਏ ਨੁਕਸਾਨ ਵਿਰੁੱਧ, ਹਾਕਮਾਨਾ ਜ਼ਿਆਦਤੀਆਂ ਵਿਰੁੱਧ, ਸਮਾਜਿਕ ਜਬਰ ਵਿਰੁੱਧ ਅਨੇਕਾਂ ਘੋਲਾਂ 'ਚ ਉਨ੍ਹਾਂ ਆਗੂ ਭੂਮਿਕਾ ਨਿਭਾਈ। 

No comments:

Post a Comment