Thursday, 2 February 2017

ਫੀਦਲ ਕਾਸਟਰੋ ਦੀ ਕਿਊਬਾ ਨੂੰ ਦੇਣ

ਗੁਰਬਚਨ ਵਿਰਦੀ 
ਇਕ ਛੋਟੇ ਜਿਹੇ ਦੇਸ਼ ਕਿਊਬਾ ਨੂੰ ਵੀਹਵੀਂ ਸਦੀ ਦੇ ਅੱਧ ਵਿਚ ਫੀਦਲ ਕਾਸਟਰੋ ਨਾਮ ਦਾ ਇਕ ਅਜਿਹਾ ਆਗੂ ਮਿਲਿਆ ਜਿਸ ਨੇ ਪ੍ਰਧਾਨ ਮੰਤਰੀ ਤੇ ਰਾਸ਼ਟਰਪਤੀ ਰਹਿੰਦਿਆਂ ਦੇਸ਼ ਦੇ ਲੋਕਾਂ ਉਤੇ ਰਾਜ ਨਹੀਂ ਸਗੋਂ ਲੋਕਾਂ ਦੀ ਸੇਵਾ ਕੀਤੀ। ਉਸ ਨੇ ਕਿਊਬਾ ਦੇ ਲੋਕਾਂ ਦੀ ਭਲਾਈ ਦੇ ਉਹ ਕੰਮ ਕਰ ਵਿਖਾਏ ਜਿਨ੍ਹਾਂ ਨੇ ਦੇਸ਼ ਦੇ ਲੋਕਾਂ ਦਾ ਭਵਿੱਖ ਹੀ ਬਦਲ ਕੇ ਰੱਖ ਦਿੱਤਾ। ਇਸੇ ਕਾਰਨ ਉਸ ਨੂੰ ਵਿਸ਼ਵ ਦੇ ਹਰਮਨ ਪਿਆਰੇ ਆਗੂਆਂ ਦੀ ਕਤਾਰ ਵਿਚ ਗਿਣਿਆ ਜਾਣ ਲੱਗਾ। ਇਹ ਵਿਸ਼ਵ ਪ੍ਰਸਿੱਧ ਮਾਰਕਸਵਾਦੀ ਆਗੂ 26 ਨਵੰਬਰ 2016 ਨੂੰ 90 ਸਾਲਾਂ ਦੀ ਉਮਰ ਭੋਗ ਕੇ ਦੁਨੀਆਂ ਨੂੰ ਆਖਰੀ ਸਲਾਮ ਕਹਿ ਕੇ ਸਦਾ ਲਈ ਰੁਖਸਤ ਹੋ ਗਿਆ।
ਸੋਵੀਅਤ ਯੂਨੀਅਨ ਦੇ ਟੁੱਟਣ ਤੋਂ ਬਾਅਦ ਵੀ ਕਿਸੇ ਕਮਿਊਨਿਸਟ ਸਖਸ਼ੀਅਤ ਨੂੰ ਕ੍ਰਾਂਤੀ ਦੂਤ ਕਹਿ ਕੇ ਅਖਬਾਰਾਂ ਤੇ ਬਿਜਲਈ ਪ੍ਰਚਾਰ ਮਾਧਿਅਮ ਰਾਹੀਂ ਉਨ੍ਹਾਂ ਨੂੰ ਸਤਿਕਾਰ ਨਾਲ ਯਾਦ ਕੀਤਾ ਜਾਣਾ, ਆਪਣੇ ਆਪ ਵਿਚ ਇਕ ਮਹੱਤਵਪੂਰਨ ਗੱਲ ਹੈ। ਸਮਾਜਵਾਦੀ ਪ੍ਰਬੰਧ ਅਧੀਨ ਲੋਕ ਭਲਾਈ ਦੇ ਕੀਤੇ ਕੰਮਾਂ ਕਰਕੇ ਉਸ ਨੂੰ ਚੀਨ ਦੇ ਯੁੱਗ ਪਲਟਾਊ ਆਗੂ ਮਾਓ ਜ਼ੇ ਤੁੰਗ ਅਤੇ ਵੀਅਤਨਾਮ ਦੇ ਆਗੂ ਹੋ ਚੀ ਮਿੰਨ੍ਹ ਦੀ ਤਰ੍ਹਾਂ ਯਾਦ ਕੀਤਾ ਜਾਂਦਾ ਰਹੇਗਾ।
ਫੀਦਲ ਕਾਸਟਰੋ ਨੇ ਅਮਰੀਕਾ ਪੱਖੀ ਫੂਲਖੇਸੀਓ ਬਤਿਸਤਾ ਤਾਨਾਸ਼ਾਹ ਦਾ ਤਖਤਾ ਪਲਟਾ ਕੇ ਰਾਜ ਸੱਤਾ ਹਾਸਲ ਕੀਤੀ ਸੀ। ਰਾਜਸੱਤਾ ਪ੍ਰਾਪਤ ਮਗਰੋਂ ਉਹ ਦੇਸ਼ ਵਿਚ ਲੋਕਤੰਤਰ ਵਿਚ ਹਾਂ ਪੱਖੀ ਸੁਧਾਰ ਕਰਨਾ ਚਾਹੁੰਦਾ ਸੀ। ਇਸੇ ਲਈ ਅਮਰੀਕਨ ਸਰਕਾਰ ਨੇ ਵੀ ਉਸ ਦੀ ਸਰਕਾਰ ਨੂੰ ਮਾਨਤਾ ਦੇ ਦਿੱਤੀ ਸੀ। ਰੂਸ ਨਾਲ ਸੰਪਰਕ ਹੋਣ ਤੇ ਰੂਸ ਦੇ ਸਮਾਜਵਾਦੀ ਪ੍ਰਬੰਧ ਤੋਂ ਪ੍ਰਭਾਵਿਤ ਹੋ ਕੇ ਉਸ ਨੇ ਕਿਊਬਾ ਵਿਚ ਵੀ ਸਮਾਜਵਾਦੀ ਪ੍ਰਬੰਧ ਕਾਇਮ ਕਰਨ ਦੀ ਪ੍ਰਕਿਰਿਆ ਸ਼ੁਰੂ ਕਰ ਦਿੱਤੀ।
ਫੀਦਲ ਕਾਸਟਰੋ ਨੇ ਆਪਣੇ ਸ਼ੁਰੂਆਤੀ ਦੌਰ ਵਿਚ ਹੀ ਸਰਮਾਏਦਾਰ ਪੱਖੀ ਆਰਥਕ ਸੁਧਾਰਾਂ ਦੀਆਂ ਨੀਤੀਆਂ ਉਤੇ ਰੋਕ ਲਾ ਦਿੱਤੀ ਤੇ ਮੁਕਾਬਲੇ ਵਿਚ ਨਵੀਂ ਆਰਥਕ ਨੀਤੀ ਹੋਂਦ ਵਿਚ ਲਿਆਂਦੀ। ਉਸਨੇ ਨਿੱਜੀਕਰਨ ਨੂੰ ਨਿਰਉਤਸਾਹਤ ਤੇ ਰਾਸ਼ਟਰੀਕਰਨ ਨੂੰ ਉਤਸ਼ਾਹਿਤ ਕੀਤਾ। ਕਿਊਬਾ ਵਿਚ ਅਮਰੀਕਾ ਦੇ ਸਾਰੇ ਬੈਂਕਾਂ ਅਤੇ ਅਮਰੀਕਾ ਨਾਲ ਜੁੜੇ ਵਪਾਰ ਦਾ ਰਾਸ਼ਟਰੀਕਰਨ ਕਰ ਦਿੱਤਾ ਗਿਆ। ਉਸ ਨੇ ਦੇਸ਼ ਦੇ ਸਮੂਹ ਲੋਕਾਂ ਲਈ ਮੁਫ਼ਤ ਸਿੱਖਿਆ ਲਾਗੂ ਕੀਤੀ ਨਤੀਜੇ ਵਜੋਂ ਦੇਸ਼ ਦੀ ਸਾਖਰਤਾ ਵੱਧ ਕੇ 96% ਹੋ ਗਈ ਹੈ। ਸਭਨਾ ਲਈ ਚੰਗੀ ਤੇ ਮੁਫ਼ਤ ਸਿਹਤ ਦਾ ਮਿਥਿਆ ਟੀਚਾ 1980 ਵਿਚ ਹੀ ਪੂਰਾ ਕਰ ਲਿਆ ਗਿਆ ਸੀ। ਕਿਊਬਾ ਵਿਚ ਅੱਜ 117 ਬੰਦਿਆਂ ਪਿੱਛੇ ਇਕ ਡਾਕਟਰ ਤਾਇਨਾਤ ਹੈ ਭਾਵ 1:117 ਦਾ ਅਨੁਪਾਤ ਹੈ। ਇਸ ਕਾਰਜ ਲਈ ਉਸ ਨੇ ਕਿਊਬਾ ਦੇਸ਼ ਦੀ ਕੁਲ ਘਰੇਲੂ ਆਮਦਨ ਦਾ 16% ਹਿੱਸਾ ਸਿਹਤ ਸਹੂਲਤਾਂ ਦੇਣ ਉਤੇ ਖਰਚ ਕਰਨ ਲਈ ਰੱਖਿਆ ਹੁੰਦਾ ਸੀ। ਜਦੋਂ ਕਿ  ਭਾਰਤ ਵਿਚ ਕੁਲ ਘਰੇਲੂ ਉਤਪਾਦਨ (GDP) ਕੇਵਲ 1% ਹੀ ਸਿਹਤ ਉਤੇ ਖਰਚ ਕੀਤਾ ਜਾਂਦਾ ਹੈ। ਕਿਊਬਾ ਵਿਚ ਸਿਹਤ ਸਹੂਲਤਾਂ ਮੁਫ਼ਤ ਉਪਲੱਬਧ ਹਨ। ਕਿਊਬਾ ਦੇ 30 ਹਜ਼ਾਰ ਡਾਕਟਰ ਅਫਰੀਕਾ, ਲਾਤੀਨੀ ਅਮਰੀਕਾ ਤੇ ਏਸ਼ੀਆ ਦੇ ਕਈ ਮੁਲਕਾਂ ਵਿਚ ਕੰਮ ਕਰਦੇ ਹਨ। ਇਥੇ ਹੀ ਬਸ ਨਹੀਂ ਲਾਤੀਨੀ ਅਮਰੀਕਾ, ਅਫਰੀਕਾ ਤੇ ਹੋਰ 110 ਦੇਸ਼ਾਂ ਦੇ ਗਰੀਬ ਬੱਚੇ ਕਿਊਬਾ ਵਿਚ ਮੁਫ਼ਤ ਡਾਕਟਰੀ ਦੀ ਪੜ੍ਹਾਈ ਕਰਨ ਲਈ ਜਾਂਦੇ ਹਨ ਕਿਉਂਕਿ ਉਹ ਵਿਦਿਆਰਥੀ ਆਪਣੇ ਦੇਸ਼ ਵਿਚ ਮਹਿੰਗੀ ਪੜ੍ਹਾਈ ਉਤੇ ਖਰਚ ਕਰਨ ਤੋਂ ਅਸਮਰਥ ਹੁੰਦੇ ਹਨ। ਇਨ੍ਹਾਂ ਵਿਦਿਆਰਥੀਆਂ ਦੀ ਗਿਣਤੀ 20000 ਹੈ। ਬੱਚੇ ਦੇ ਜਨਮ ਦੇ ਪਹਿਲੇ ਸਾਲ ਵਿਚ ਕਿਊਬਾ ਦੇ ਬੱਚਿਆਂ ਦੀ ਮੌਤ ਦਰ ਕੇਵਲ 4.2% ਹੈ। ਇਹ ਦਰ ਸੰਸਾਰ ਵਿਚ ਸਭ ਤੋਂ ਘੱਟ ਹੈ। ਬੱਚੇ ਦੇ ਜਣੇਪੇ ਸਮੇਂ ਮਾਵਾਂ ਦੀ ਮੌਤ ਦਰ ਨਾਂਹ ਦੇ ਬਰਾਬਰ ਹੈ। ਬੱਚੇ ਕੁਪੋਸ਼ਣ ਦਾ ਸ਼ਿਕਾਰ ਨਹੀਂ ਹੁੰਦੇ।
ਅੱਜ ਤੋਂ 30 ਸਾਲ ਤੋਂ ਵੀ ਵੱਧ ਪੁਰਾਣੀ ਗੱਲ ਹੈ ਜਦੋਂ ਇਕ ਭਾਰਤੀ ਪੱਤਰਕਾਰ ਕਿਊਬਾ ਦੇ ਸਮਾਜਵਾਦ ਦਾ ਅਸਲੀ ਸੱਚ ਜਾਣਨ ਲਈ ਉਚੇਚੇ ਤੌਰ ਤੇ ਕਿਊਬਾ ਗਿਆ ਸੀ। ਉਸ ਦੀ ਫੀਦਲ ਕਾਸਟਰੋ ਨਾਲ ਹੋਈ ਮੁਲਾਕਾਤ ਨੂੰ ਵੀ ਟੀ.ਵੀ. ਦੇ ਇਕ ਚੈਨਲ ਵਲੋਂ ਲਾਈਵ ਟੈਲੀਕਾਸਟ ਕੀਤਾ ਗਿਆ ਸੀ। ਜੋ ਮੈਂ ਵੀ ਵੇਖੀ ਸੀ। ਉਸ ਦਾ ਕੁੱਝ ਅੰਸ਼ ਇਸ ਪ੍ਰਕਾਰ ਹੈ। ਪੱਤਰਕਾਰ ਦੇ ਸਵਾਲ ਦਾ ਜਵਾਬ ਦਿੰਦਾ ਹੋਇਆ ਕਾਸਟਰੋ ਪੱਤਰਕਾਰ ਨੂੰ ਪੁੱਛਦਾ ਹੈ ਕਿ ਉਹ ਉਸਨੂੰ (ਕਾਸਟਰੋ) ਨੂੰ ਮਿਲਣ ਲਈ ਕਿਹੜੇ ਰਸਤਿਓ ਤੇ ਕਿਧਰੋਂ ਤੇ ਕਿੱਥੋਂ ਹੋ ਕੇ ਆਇਆ ਸੀ? ਉਸ ਦੇ ਦੱਸਣ ਤੇ ਫੀਦਲ ਉਸ ਨੂੰ ਪੁੱਛਦਾ ਹੈ। ਰਾਹ ਵਿਚ ਉਸ ਨੂੰ ਕੋਈ ਮੰਗਤਾ ਨਜ਼ਰ ਆਇਐ? ਜਵਾਬ ਨਹੀਂ, ਰਾਹ ਵਿਚ ਤੁਹਾਨੂੰ ਕਿਸੇ ਪੁਲਸ ਅਧਿਕਾਰੀ ਦਾ ਰਵੱਈਆ ਭੈੜਾ ਲੱਗਿਆ? ਨਹੀਂ। ਕੀ ਤੁਹਾਨੂੰ ਕਿਊਬਨ ਕੁੜੀਆਂ ਵਿਚ ਅਸੁਰੱਖਿਅਤ ਹੋਣ ਦੀ ਭਾਵਨਾ ਦੇਖਣ ਨੂੰ ਮਿਲੀ? ਨਹੀਂ। ਉਹ ਦੱਸਦਾ ਹੈ ਸਮਾਜਵਾਦ ਦੀ ਸਥਾਪਨਾ ਤੋਂ ਪਹਿਲਾਂ ਬਿਗੜੈਲ ਅਮੀਰ ਅਮਰੀਕਨ ਲੋਕ ਕਿਊਬਾ ਦੇਸ਼ ਨੂੰ ਆਪਣਾ ਅਯਾਸ਼ੀ ਸਥਾਨ ਸਮਝ ਕੇ ਇੱਥੇ ਥਾਂ ਥਾਂ ਉਤੇ ਚਲ ਰਹੇ ਵੇਸਵਾਵਾਂ ਦੇ ਅੱਡਿਆਂ ਵਿਚ ਜਾਂਦੇ ਸਨ। ਅਸੀਂ ਉਨ੍ਹਾਂ ਵੇਸਵਾਵਾਂ ਦਾ ਪੁਨਰ ਵਿਸਥਾਪਨ ਕਰਕੇ ਉਨ੍ਹਾਂ ਨੂੰ ਅੱਛੇ ਪਰਵਾਰਕ ਜੀਵਨ ਜਿਊਣ ਵੱਲ ਪ੍ਰੇਰਤ ਕੀਤਾ ਹੈ ਜੋ ਹੁਣ ਆਪਣੇ ਘਰਾਂ ਵਿਚ ਇੱਜਤ ਮਾਣ ਵਾਲੀ ਜਿੰਦਗੀ ਜੀਅ ਰਹੀਆਂ ਹਨ। ਪੜ੍ਹੇ ਲਿਖੇ ਤੇ ਟਰੇਂਡ ਲੋਕਾਂ ਨੂੰ ਸਰਕਾਰ ਮਨੁੱਖੀ ਸੰਪਤੀ ਮੰਨਦੇ ਹੋਏ ਉਨ੍ਹਾਂ ਨੂੰ ਰੋਜ਼ਗਾਰ ਦੇ ਰਹੀ ਹੈ।
ਦੇਸ਼ ਵਿਚ ਬੇ-ਰੁਜ਼ਗਾਰੀ ਦੀ ਕੋਈ ਸਮੱਸਿਆ ਨਹੀਂ ਹੈ। ਮਨੁੱਖੀ ਸ਼ਕਤੀ ਨੂੰ ਸਰਕਾਰ ਦੇਸ਼ ਦੀ ਤਰੱਕੀ ਦਾ ਸਾਧਨ ਸਮਝਦੀ ਹੈ। ਜੇਲ੍ਹ ਖਾਨਿਆਂ ਵਿਚ ਬਹੁਤ ਹੀ ਘੱਟ ਅਪਰਾਧੀ ਹਨ ਕਿਊਕਿ ਇੱਥੇ ਅਮਨ ਕਾਨੂੰਨ ਦੀ ਵਿਵਸਥਾ ਕਾਇਮ ਰੱਖਣ ਲਈ ਪੂਰਾ ਤੰਤਰ ਸੁਚੇਤ ਰਹਿੰਦਾ ਹੈ। ਜਿਸ ਕਾਰਨ ਅਪਰਾਧਿਕ ਮਾਮਲਿਆਂ ਵਿਚ ਬਹੁਤ ਕਮੀ ਦੇਖਣ ਨੂੰ ਮਿਲਦੀ ਹੈ। ਲੋਕਾਂ ਦੀ ਸਿਹਤ ਚੰਗੀ ਹੋਣ ਕਰਕੇ ਕਿਊਬਾ ਦੇ ਲੋਕਾਂ ਦੀ ਔਸਤ ਉਮਰ 78 ਸਾਲ ਹੈ। ਇਹ ਸਭ ਜਾਣਨ ਤੋਂ ਮਗਰੋਂ ਭਾਰਤੀ ਪੱਤਰਕਾਰ ਨੂੰ ਇਹ ਕਹਿਣਾ ਪੈਂਦਾ ਹੈ ਕਿ ਕਿਊਬਾ ਸੱਚਮੁੱਚ ਹੀ ਸਮਾਜਵਾਦ ਦਾ ਇਕ ਆਦਰਸ਼ ਮਾਡਲ ਦੇਸ਼ ਹੈ ਤੇ ਇੱਥੋਂ ਦੇ ਲੋਕ ਖੁਸ਼ ਨਸੀਬ ਹਨ ਜੋ ਇਸ ਪ੍ਰਬੰਧ ਦੀਆਂ ਸਹੂਲਤਾਂ ਮਾਣ ਰਹੇ ਹਨ।
ਫੀਦਲ ਕਾਸਟਰੋ ਨੇ ਕਿਊਬਾ ਦੀ ਅੱਧੀ ਸਦੀ ਤੱਕ ਸੱਤਾ ਸੰਭਾਲੀ। ਉਸ ਦਾ ਏਨਾ ਲੰਮਾ ਸਮਾਂ ਰਾਜ ਕਰਨ ਵਾਲਿਆਂ ਦੀ ਲਿਸਟ ਵਿਚ ਉਸ ਦਾ ਮਹਾਰਾਣੀ ਐਲਿਜਾਬੈਥ ਤੇ ਥਾਈਲੈਂਡ ਦੇ ਇਕ ਰਾਜੇ ਮਗਰੋਂ, ਤੀਜਾ ਸਥਾਨ ਹੈ। ਆਪਣੇ ਰਾਜ ਭਾਗ ਸਮੇਂ ਉਸ ਨੇ ਲੋਕਾਂ ਨੂੰ ਦੇਸ਼ ਭਗਤੀ ਦੀ ਸਿੱਖਿਆ ਦਿੱਤੀ। ਅਣੱਖ ਨਾਲ ਜਿਊਂਦੇ ਰਹਿਣ ਦੀ ਜਾਚ ਦੱਸੀ। ਉਸ ਨੇ ਮਾਨਵਤਾ ਨੂੰ ਪਿਆਰ ਕਰਨਾ ਸਿਖਾਇਆ। ਹਰ ਮੁਸ਼ਕਲ ਵਿਚ ਰਲ ਮਿਲ ਕੇ ਉਸ ਦਾ ਟਾਕਰਾ ਕਰਨਾ ਤੇ ਸਹਿਨ ਕਰਨਾ ਅਤੇ ਸਭ ਤੋਂ ਵੱਧ ਕੇ ਆਜ਼ਾਦੀ ਨੂੰ ਪਿਆਰ ਕਰਨਾ ਤੇ ਸਾਮਰਾਜੀ ਗੁਲਾਮੀ ਨੂੰ ਅੰਤਾਂ ਦੀ ਨਫਰਤ ਕਰਨਾ ਵੀ ਸਿਖਾਇਆ। ਉਸਨੇ ਲੋਕਾਂ ਵਿਚ ਆਤਮ ਵਿਸ਼ਵਾਸ ਦੀ ਭਾਵਨਾ ਪੈਦਾ ਕੀਤੀ। ਉਸ ਦੇ ਵਿਛੋੜਾ ਦੇ ਜਾਣ ਤੋਂ ਬਾਅਦ ਵੀ ਤੁਹਾਨੂੰ ਕਿਊਬਾ ਦੇ ਲੋਕਾਂ ਵਿਚ ਇਨ੍ਹਾ ਗੁਣਾਂ ਦੀ ਹੋਂਦ ਦੇਖਣ ਨੂੰ ਮਿਲੇਗੀ। ਫੀਦਲ ਕਾਸਟਰੋ ਦੀਆਂ ਇਹ ਪ੍ਰਾਪਤੀਆਂ ਤੇ ਲੋਕਾਂ ਨੂੰ ਦਿੱਤੀ ਦੇਣ ਭਾਵੇਂ ਸਾਨੂੰ ਕਰਿਸ਼ਮਾ ਲੱਗਦੀ ਹੋਵੇ ਪਰ ਇਸ ਪਿੱਛੇ ਫੀਦਲ ਕਾਸਟਰੋ ਦੀ ਕਮਿਊਨਿਸਟ ਸੋਚ ਤੇ ਅੱਧੀ ਸਦੀ ਦੀ ਸਖਤ ਮਿਹਨਤ ਦਾ ਨਤੀਜਾ ਹੈ। 

No comments:

Post a Comment