Tuesday, 5 July 2016

ਫਿਰਕੂ ਧਰੁਵੀਕਰਣ ਲਈ ਆਰ.ਐਸ.ਐਸ. ਦਾ ਇਕ ਹੋਰ ਘਿਨੌਣਾ ਹਥਕੰਡਾ : ਕੈਰਾਨਾ ਮਾਮਲਾ

ਮਹੀਪਾਲ

1991 'ਚ ਰਿਲੀਜ਼ ਹੋਈ ਮੁੰਬਈ ਮਾਰਕਾ ਮਸਾਲੇਦਾਰ ਫਿਲਮ 'ਅਕੇਲਾ' ਉਂਝ ਤਾਂ ਆਮ ਹਿੰਦੀ ਫਿਲਮਾਂ ਜਿਹੀ ਸਤਹੀ ਮਨੋਰੰਜਕ ਫਿਲਮ ਹੀ ਸੀ। ਪਰ ਅਮਿਤਾਬ ਬੱਚਨ ਦੀ ਨਾਇਕ ਵਜੋਂ ਭੂਮਿਕਾ ਵਾਲੀ ਇਸ ਫਿਲਮ ਦੀ ਵਿਲੱਖਣਤਾ ਸੀ ਇਸ ਫਿਲਮ ਦੇ ਖਲਨਾਇਕ ''ਜੋਜੋ'' ਦਾ ਕਿਰਦਾਰ। ਫਿਲਮ ਵਿਚ ਜੋਜੋ ਇਕ ਸ਼ਾਤਿਰ ਅਪਰਾਧੀ ਹੋਣ ਕਰਕੇ ਸਮਾਜਕ ਤਾਣੇ-ਬਾਣੇ ਨੂੰ ਗੰਭੀਰ ਨੁਕਸਾਨ ਪਹੁੰਚਾਉਣ ਵਾਲੇ ਸਾਰੇ ਕੁਕਰਮ ਕਰਦਾ ਹੈ ਅਤੇ ਅਦਾਲਤੀ ਪ੍ਰਕਿਰਿਆ ਦੌਰਾਨ ਆਪਣੇ ਆਪ ਨੂੰ ਮੰਦਬੁੱਧੀ ਮਾਨਸਿਕ ਰੋਗੀ ਸਾਬਤ ਕਰਕੇ ਸਜ਼ਾ ਤੋਂ ਸਾਫ ਬਰੀ ਹੋ ਜਾਂਦਾ ਹੈ। ਇਸ ਸਾਰੇ ਮਾਮਲੇ ਵਿਚ ਲੁਕਿਆ ਪੇਚ ਅਸਲ 'ਚ ਇਹ ਹੈ ਕਿ ਜੋਜੋ ਦਾ ਇਕ ਹਮਸ਼ਕਲ ਜੁੜਵਾਂ ਭਰਾ ਹੈ, ਜੋ ਹਕੀਕੀ ਰੂਪ 'ਚ ਮੰਦਬੁੱਧੀ ਹੈ ਅਤੇ ਜ਼ੋਜ਼ੋ ਖੁਦ ਅਣਮਨੁੱਖੀ ਕਾਰੇ ਕਰਕੇ ਬੜੀ ਚਲਾਕੀ ਨਾਲ ਗ੍ਰਿਫਤਾਰੀ ਅਤੇ ਅਦਾਲਤੀ ਪ੍ਰਕ੍ਰਿਆ ਸਮੇਂ ਆਪਣੇ ਮੰਦਬੁੱਧੀ ਭਰਾ ਨੂੰ ਮੁਹਰੇ ਕਰ ਦਿੰਦਾ ਹੈ, ਜਿਸ ਦੇ ਅਪਰਾਧੀ ਹੋਣ ਬਾਰੇ ਕੋਈ ਸੋਚ ਵੀ ਨਹੀਂ ਸਕਦਾ।
ਕੱਟੜ ਫਿਰਕੂ ਫਾਸ਼ੀਵਾਦੀ ਸੰਗਠਨ ਆਰ.ਐਸ.ਐਸ. ਦੀ ਸਮੁੱਚੀ ਕਾਰਜ ਪ੍ਰਣਾਲੀ ਨੂੰ ਜੇ ਨੀਝ ਲਾ ਕੇ ਦੇਖਿਆ ਜਾਵੇ ਤਾਂ ਇਹ ਇੰਨ ਬਿੰਨ ਜ਼ੋਜ਼ੋ ਦੀ ਘ੍ਰਿਣਤ ਚਲਾਕੀ ਨਾਲ ਬਿਲਕੁਲ ਮੇਲ ਖਾਂਦੀ ਹੈ। ਅੱਗੋਂ ਇਸ ਵਲੋਂ ਸਾਜੀ ਪੁਰਾਣੀ ਜਨਸੰਘ ਅਤੇ ਅੱਜ ਦੀ ਭਾਜਪਾ ਠੀਕ ਇਸੇ ਹੀ ਕਾਰਜਪ੍ਰਣਾਲੀ ਅਨੁਸਾਰ ''ਕਾਰ ਵਿਹਾਰ'' ਕਰਦੀ ਹੈ। ਹਾਂ ਇਕ ਫਰਕ ਜਰੂਰ ਹੈ! ਭਾਜਪਾ ਦੇ ਅੱਡੋ-ਅੱਡ ਬੋਲੀਆਂ ਬੋਲਣ ਵਾਲਿਆਂ 'ਚੋਂ ਮੰਦਬੁੱਧੀ ਕੋਈ ਨਹੀਂ ਬਲਕਿ ਸਾਰੇ ਦੇ ਸਾਰੇ ਹੀ ਸਿਰੇ ਦੇ ਚੁਸਤ-ਚਲਾਕ ਅਤੇ ਸਾਜਿਸ਼ੀ ਹਨ।
ਬੀਤੇ ਦਿਨੀਂ ਉਤਰ ਪ੍ਰਦੇਸ਼ ਦੇ ਇਤਿਹਾਸਕ ਸ਼ਹਿਰ ਅਲਾਹਾਬਾਦ ਵਿਚ ਭਾਜਪਾ ਦੀ ਕੌਮੀ ਕਾਰਜਕਾਰਨੀ ਦੀ ਬੈਠਕ ਹੋਈ। ਕਹਿਣ ਨੂੰ ਤਾਂ ਭਾਵੇਂ ਇਹ ਕੌਮੀ ਮੀਟਿੰਗ ਸੀ, ਪਰ ਇਹ ਵਧੇਰੇ ਕਰਕੇ ਯੂ.ਪੀ ਵਿਧਾਨ ਸਭਾ ਦੀਆਂ ਭਵਿੱਖ 'ਚ ਹੋਣ ਵਾਲੀਆਂ ਚੋਣਾਂ 'ਤੇ ਹੀ ਕੇਂਦਰਿਤ ਰਹੀ। ਹੋਰਨਾਂ ਗੱਲਾਂ ਤੋਂ ਇਲਾਵਾ ਇਸ ਮੀਟਿੰਗ ਦੇ ਮੁੱਖ ਭਾਸ਼ਣਕਰਤਾ ਪ੍ਰਧਾਨ ਮੰਤਰੀ ਨਰਿੰਦਰ ਦਮੋਦਰ ਦਾਸ ਮੋਦੀ ਨੇ ਬੜੀ ਭਾਰੀ ਭਰਕਮ ਸ਼ਬਦਾਵਲੀ ਦੀ ਵਰਤੋਂ ਕਰਦਿਆਂ ਸੰਭਾਵਿਤ ਯੂ.ਪੀ.ਚੋਣਾਂ ਦੀ ਤਿਆਰੀ 'ਚ ਜੀਅ ਜਾਨ ਨਾਲ ਜੁਟ ਜਾਣ ਦਾ ਸੱਦਾ ਦਿੱਤਾ। ਜਰਾ ਉਸ ਵੱਲੋਂ ਵਰਤੇ ਗਏ ਸ਼ਬਦਾਂ ਦੀ ਵੰਨਗੀ ਦੇਖੀਏ। ''ਸੇਵਾ ਭਾਵ'', ''ਸੰਤੁਲਨ'', ''ਸੰਜਮ'', ''ਸਮਨਵਯ'', ''ਸਕਾਰਾਤਮਕ'', ''ਸੰਵੇਦਨਾ'', ''ਸੰਵਾਦ'', ਇਨ੍ਹਾਂ ਸੱਤ ਸ਼ਬਦਾਂ ਤੋਂ ਹਰੇਕ ਭੋਲੇ ਭਾਅ ਪ੍ਰਭਾਵਿਤ ਹੋ ਸਕਦਾ ਹੈ। ਇਉਂ ਲੱਗਦਾ ਹੈ ਜਿਵੇਂ ਭਾਈ ਕਨ੍ਹਈਆ ਜੀ ਤੋਂ ਬਾਅਦ ਇਹੀ ਉਤਮ  ਉਦਾਰ ਪੁਰਸ਼ ਧਰਤ 'ਤੇ ਉਤਰੇ ਹੋਣ। ਪਰ ਆਪਣੇ ਅਸਲ ਕੋਝੇ ਕਿਰਦਾਰ, ਅਨੁਸਾਰ ਇਨ੍ਹਾਂ ਵੱਡੇ ਵੱਡੇ ਸ਼ਬਦਾਂ ਦੇ ਉਲਟ ਅਮਲ ਭਾਜਪਾ 'ਤੇ ਸੰਘ ਕਾਰਜਕਰਤਾਵਾਂ ਨੇ ਨਾਲੋ-ਨਾਲ ਹੀ ਸ਼ੁਰੂ ਕਰ ਦਿੱਤਾ।
1857 ਦੇ ਗਦਰ ਦਾ ਮਹੱਤਵਪੂਰਨ ਕੇਂਦਰ ਰਹੇ, ਸੰਸਾਰ ਪ੍ਰਸਿੱਧ ਸੰਗੀਤ ਗੁਰੂ ਪੰਡਤ ਭੀਮਸੈਨ ਜੋਸ਼ੀ ਅਤੇ ਹਰ ਪੀੜ੍ਹੀ ਦੇ ਨਵੇਂ ਗਾਇਕਾਂ ਦੀ ਪ੍ਰੇਰਣਾਸਰੋਤ ਗਜ਼ਲ ਗਾਇਕਾ ਬੇਗਮ ਅਖਤਰ ਦੀ ਜਨਮ ਭੂਮੀ ਉਤਰ ਪ੍ਰਦੇਸ਼ ਦੇ ਕਸਬੇ ''ਕੈਰਾਨਾ'' ਨੂੰ ਸਿਆਸੀ ਹਿੱਤਾਂ ਦੀ ਪੂਰਤੀ ਲਈ ਨਖਿੱਧ ਕਾਰਨਾਂ ਕਰਕੇ ਬਦਨਾਮ ਕਰਨ ਦਾ ਨਫਰਤ ਯੋਗ ਅਮਲ ਇਸ ਦੀ ਸਭ ਤੋਂ ਨਿਖਿੱਧ ਮਿਸਾਲ ਹੈ।
ਭਾਜਪਾ ਦੇ ਮੈਂਬਰ ਪਾਰਲੀਮੈਂਟ ਹੁਕਮ ਸਿੰਘ ਜਿਸ 'ਤੇ ਸਤੰਬਰ 2013 'ਚ ਹੋਏ ਮੁਜ਼ਫਰਪੁਰ ਫਿਰਕੂ ਦੰਗਿਆਂ 'ਚ ਸ਼ਾਮਲ ਹੋਣ ਦਾ ਕੇਸ ਦਰਜ ਹੈ, ਨੇ 364 ਹਿੰਦੂ ਪਰਵਾਰਾਂ ਦੀ ਇਕ ਸੂਚੀ ਜਾਰੀ ਕਰ ਦਿੱਤੀ ਅਤੇ ਇਸ ਝੂਠ ਨੂੰ ਸੱਚ ਸਿੱਧ ਕਰਨ ਦਾ ਯਤਨ ਕੀਤਾ ਕਿ ਇਹ ਪਰਵਾਰ ਕਸਬਾ ਵਾਸੀ ਮੁਸਲਮਾਨਾਂ ਦੇ ਜ਼ੁਲਮਾਂ ਤੋਂ ਤੰਗ ਆ ਕੇ ਘਰ ਬਾਰ ਛੱਡ ਗਏ ਹਨ। ਕੌਮੀ ਪੱਧਰ 'ਤੇ ਪੜ੍ਹੀਆਂ ਜਾਣ ਵਾਲੀਆਂ ਅਖਬਾਰਾਂ (ਵਧੇਰੇ ਕਰਕੇ ਅੰਗਰੇਜ਼ੀ) ਦੇ ਪ੍ਰਤੀਨਿੱਧਾਂ ਵਲੋਂ ਬਰੀਕੀ ਨਾਲ ਕੀਤੀ ਗਈ ਸੰਜੀਦਾ ਜਾਂਚ ਪੜਤਾਲ ਅਤੇ ਸੂਚੀ ਵਿਚ ਦਰਜ ਹਿੰਦੂ ਪਰਵਾਰਾਂ ਦੇ ਅੱਜ ਵੀ ਇਸੇ ਕਸਬੇ ਵਿਚ ਰਹਿ ਰਹੇ ਨੇੜੇ ਦੇ ਸਾਕ ਸਬੰਧੀਆਂ ਤੋਂ ਹਾਸਲ ਕੀਤੀ ਜਾਣਕਾਰੀ ਤੋਂ ਬਾਅਦ ''ਸੰਘੀ ਗੱਪਾਂ ਦੇ ਮਾਹਿਰ'' ਹੁਕਮ ਸਿੰਘ ਦੇ ਝੂਠ ਦਾ ਪਰਦਾਫਾਸ਼ ਹੋ ਗਿਆ।
ਹਿਜ਼ਰਤ ਕਰ ਗਏ ਭਾਰੀ ਗਿਣਤੀ ਹਿੰਦੂ ਪਰਵਾਰ, ਜਿਨ੍ਹਾਂ 'ਚੋਂ ਕਈਆਂ ਨੂੰ ਗਿਆਂ ਦਹਾਕੇ ਬੀਤ ਗਏ ਹਨ, ਬੱਚਿਆਂ ਦੀ ਬਿਹਤਰ ਪੜ੍ਹਾਈ, ਵਧੇਰੇ ਮੁਨਾਫਾਬਖਸ਼ ਵਪਾਰ ਅਤੇ ਰੋਜ਼ਗਾਰ ਦੇ ਚੰਗੇ ਮੌਕਿਆਂ ਦੀ ਤਲਾਸ਼ ਦੇ ਮਕਸਦ ਨਾਲ ਗਏ ਸਨ ਅਤੇ ਇਹ ਅਮਲ ਭਾਰਤ ਸਮੇਤ ਸੰਸਾਰ ਭਰ 'ਚ ਅੱਜ ਵੀ ਬਦਸਤੂਰ ਜਾਰੀ ਹੈ। ਹੁਕਮ ਸਿੰਘ ਦੇ ਸੂਚੀ ਵਿਚ ਦਰਜ 364 ਲੋਕਾਂ ਵਿਚੋਂ ਕੇਵਲ ਤਿੰਨ ਪਰਵਾਰ ਹੀ ਅਜਿਹੇ ਪਾਏ ਗਏ ਜੋ ਸਥਾਨਕ ਅਪਰਾਧੀਆਂ ਦੇ ਡਰੋਂ ਹਿਜ਼ਰਤ ਕਰ ਗਏ ਸਨ ਅਤੇ ਇਹ ਅਪਰਾਧੀ ਇਕ ਖਾਸ ਘੱਟ ਗਿਣਤੀ ਧਾਰਮਿਕ ਭਾਈਚਾਰੇ ਨਾਲ ਸਬੰਧਤ ਨਹੀਂ ਸਨ ਜਿਵੇਂ ਹੁਕਮ ਸਿੰਘ ਨੇ ਕੂੜ ਪ੍ਰਚਾਰ ਕੀਤਾ ਹੈ। ਉਂਝ ਵੀ ਅਪਰਾਧੀਆਂ ਦਾ ਕੋਈ ਧਰਮ ਈਮਾਨ ਨਹੀਂ ਹੁੰਦਾ। ਹਾਂ ਉਹ ਵੀ ਆਪਣੇ ਕੁਕਰਮਾਂ 'ਤੇ ਪਰਦਾ ਪਾਉਣ ਲਈ ਫਿਰਕੂ ਰਾਜਨੀਤੀਵਾਨਾਂ ਵਾਂਗੂੰ ਇਸ ਦੀ ਦੁਰਵਰਤੋਂ ਜ਼ਰੂਰ ਕਰ ਸਕਦੇ ਹਨ ਅਤੇ ਕਰਦੇ ਵੀ ਹਨ। ਪਰ ਆਪਣੇ ਸਿਆਸੀ ਆਕਾਵਾਂ ਦੇ ਹੁਕਮ ਦਾ ਬੱਧਾ ਹੁਕਮ ਸਿੰਘ ਇੱਥੇ ਹੀ ਨਹੀਂ ਰੁਕਿਆ। ਉਸ ਨੇ 118 ਹੋਰ ਨਾਵਾਂ ਦੀ ਸੂਚੀ ਜਾਰੀ ਕਰਕੇ ਅਜਿਹੇ ਹੀ ਤਰਕਹੀਨ ਨਵੇਂ ਦਾਅਵੇ ਕਰ ਛੱਡੇ। ਇਸ ਨਵੀਂ ਸੂਚੀ ਦਾ ਸੱਚ ਦੇਖੋ; 5 ਮਰ ਚੁੱਕੇ ਹਨ, 46 ਸੰਨ 2011 'ਚ ਇੱਥੋਂ ਹਿਜ਼ਰਤ ਕਰ ਗਏ (ਜਾਣ ਦਾ ਕਾਰਨ ਫਿਰਕੂ ਤਣਾਅ ਕਤਈ ਨਹੀਂ), 55 ਨੂੰ ਗਿਆਂ ਨੂੰ 6 ਤੋਂ 11 ਸਾਲ ਦਾ ਸਮਾਂ ਹੋ ਗਿਐ। ਘੱਟੋ ਘੱਟ 20 ਪਰਵਾਰ ਅਜੇ ਵੀ ਉਥੇ ਹੀ ਰਹਿੰਦੇ ਹਨ, ਪਰ ਸੂਚੀ ਵਿਚ ਉਨ੍ਹਾਂ ਦਾ ਨਾਂਅ ਵੀ ਹੈ। ਸੂਚੀ ਦੇ ਨਾਵਾਂ ਦੀ ਪੁਣਛਾਣ ਕੀਤਿਆਂ ਹੁਕਮ ਸਿੰਘ ਦਾ ਝੂਠ ਬਦਬੂ ਮਾਰਦੇ ਫੋੜੇ ਵਰਗਾ ਲੱਗਦਾ ਹੈ। ਇਕ ਮਰਹੂਮ ਮਾਂਗੇ ਰਾਮ ਪਰਜਾਪਤੀ ਦਾ ਨਾਂ ਵੀ ਇਸ ਲਿਸਟ ਵਿਚ ਹੈ। ਪੜਤਾਲੀਆ ਟੀਮ ਨੂੰ ਉਸ ਦੀ ਨੂੰਹ ਕਵਿਤਾ ਨੇ ਦੱਸਿਆ ਕਿ ਉਸਦੇ ਸਹੁਰੇ ਮਾਂਗੇ ਰਾਮ ਦੀ ਸੰਨ 2001 ਵਿਚ ਹਲਕੇ ਕੁੱਤੇ ਦੇ ਵੱਢਣ ਨਾਲ ਮੌਤ ਹੋ ਗਈ ਸੀ। ਮਰੇ ਬੰਦੇ ਨਾਲ ਖਿਲਵਾੜ (ਸਿਆਸੀ ਲਾਭਾਂ ਲਈ) ਕਰਨ ਵਾਲੇ ਨਾਲੋਂ ਤਾਂ ਹਲਕਿਆ ਕੁੱਤਾ ਕਿਤੇ ਘੱਟ ਨਫਰਤਯੋਗ ਲੱਗਦਾ ਹੈ। ਇਸੇ ਮਾਂਗੇ ਰਾਮ ਪ੍ਰਜਾਪਤੀ ਦੇ ਚਾਰ ਮੁੰਡੇ ਸੁਨੀਲ, ਸਤੀਸ਼, ਰੋਹਤਾਸ, ਸੋਨੂੰ 15 ਸਾਲ ਪਹਿਲਾਂ ਨਵੇਂ ਕਾਰੋਬਾਰ ਦੇ ਮਕਸਦ ਨਾਲ ਸੋਨੀਪਤ ਜਾ ਵਸੇ ਸਨ। ਹੁਕਮ ਸਿੰਘ ਦੀ ਜਾਲ੍ਹਸਾਜ ਮਾਨਸਿਕਤਾ 'ਚੋਂ ਨਿਕਲੀ ਸੂਚੀ ਅਜਿਹੇ ਅਨੇਕਾਂ ਗਪੌੜਸੰਖਾਂ ਨਾਲ ਨੱਕੋ ਨੱਕ ਭਰੀ ਹੈ। ਸਾਂਵੀਂ ਸੋਚ ਵਾਲੇ ਅਤੇ ਇਸ ਕੂੜ ਪ੍ਰਚਾਰ 'ਚੋਂ ਨਿਕਲਣ ਵਾਲੇ ਖਤਰਨਾਕ ਸਿੱਟਿਆਂ ਤੋਂ ਤ੍ਰਹੇ ਲੋਕਾਂ ਨੇ ਜਦੋਂ ਇਸ ਝੂਠ ਗ੍ਰੰਥ ਬਾਰੇ ਸਵਾਲ ਪੁੱਛੇ ਤਾਂ ਹੁਕਮ ਸਿੰਘ ਨੇ ਆਪਣੇ ਅਤੇ ਆਪਣੀ ਪਾਰਟੀ ਦੇ ਕਿਰਦਾਰ ਅਨੁਸਾਰ ਅਨੇਕਾਂ ਝੂਠ ਬੋਲੇ ਪਰ ਉਸ ਦੀ ਕਹੀ ਇਕ ਗੱਲ ਬੜੇ ਡੂੰਘੇ ਅਰਥ ਰੱਖਦੀ ਹੈ। ਬੇਲੱਜ ਹਾਕਮਾਨਾ ਹੈਂਕੜ ਨਾਲ ੳਸ ਦਾ ਇਹ ਕਹਿਣਾ ਕਿ ''ਦੁਨੀਆਂ ਜੋ ਮਰਜ਼ੀ ਕਹੇ ਪਰ ਮੇਰੇ ਆਗੂ ਮੇਰੇ ਤੋਂ ਬਹੁਤ ਖੁਸ਼ ਹਨ।'' ਇਸ ਨੰਗੇ ਸੱਚ ਨੂੰ ਉਭਾਰਦਾ ਹੈ ਕਿ ਉਹ ਜੋ ਕੁੱਝ ਕਰ ਰਿਹਾ ਹੈ ਉਹ ਭਾਜਪਾ ਦੀ ਅਸਲ ਰਣਨੀਤੀ ਦਾ ਹਿੱਸਾ ਹੈ ਅਤੇ ਭਾਜਪਾ ਹਰ ਉਹ ਕਾਰਾ ਅੰਜਾਮ ਦਿੰਦੀ ਹੈ ਜੋ ਆਰ.ਐਸ.ਐਸ. ਦੇ ਫਿਰਕੂ ਵੰਡਵਾਦੀ ਮਨਹੂਸ ਏਜੰਡੇ ਦੇ ਮੁਤਾਬਿਕ ਹੋਵੇ। ਸਾਫ ਹੈ ਕਿ ਅਲਾਹਾਬਾਦ ਦੀ ਕੌਮੀ ਕਾਰਜਕਾਰਣੀ 'ਚ ਮੋਦੀ ਵੱਲੋਂ ਉਚਾਰੇ ਗਏ ਭਾਰੀ ਭਰਕਮ ਸ਼ਬਦਾਂ ਦੀ ਮੁਹਾਰਨੀ ਕੇਵਲ ਦਿਖਾਵੇ ਦੇ ਦੰਦ ਹਨ। ਭਾਜਪਾ ਦੀ ਅਸਲੀ ਰਣਨੀਤੀ ਫਿਰਕੂ ਵੰਡ ਅਧਾਰਤ ਕਤਾਰਬੰਦੀ ਅਤੇ ਫਿਰਕੂ ਹਿੰਸਾ ਫੈਲਾਉਣਾ ਹੈ। ਭਾਵੇਂ ਕਈ ਸਿਆਸੀ ਵਿਸ਼ਲੇਸ਼ਕ ਸਾਡੇ ਵਿਚਾਰਧਾਰਕ ਚੌਖਟੇ ਨਾਲ ਸਹਿਮਤੀ ਨਾ ਵੀ ਰੱਖਦੇ ਹੋਣ ਪਰ ਇਹ ਇਕ ਨੰਗਾ ਚਿੱਟਾ ਸੱਚ ਹੈ ਕਿ ਹਰ ਫਿਰਕੂ ਦੰਗੇ ਦੀ ਪਿੱਠ ਭੂਮੀ 'ਚ  ਆਰ.ਐਸ.ਐਸ. ਅਤੇ ਉਸਦੇ ਸਾਰੇ ਕੁਣਬੇ ਨੂੰ ਭਾਰੀ ਸਿਆਸੀ ਵਿਚਾਰਧਾਰਕ ਲਾਭ ਹੁੰਦਾ ਆਇਆ ਹੈ ਅਤੇ ਉਹ ਇਸ ''ਰਾਮਬਾਣ'' ਨੁਸਖੇ ਨੂੰ ਕਿਵੇਂ ਵੀ ਛੱਡਣਾ ਨਹੀਂ ਚਾਹੁੰਦੇ। ਸਹਾਰਨਪੁਰ ਰੇਂਜ ਦੇ ਡੀ.ਆਈ.ਜੀ. ਏ.ਆਰ. ਰਾਘਵ ਦਾ ਖੁਫ਼ੀਆ ਪੜਤਾਲ ਦੇ ਆਧਾਰ 'ਤੇ ਦਿੱਤਾ ਇਹ ਬਿਆਨ ਕਿ, ਸਾਰਾ ਕੁਝ ਫਿਰਕੂ ਕਤਾਰਬੰਦੀ ਅਧਾਰਤ ਫਿਰਕੂ ਦੰਗਾ ਕਰਾਉਣ ਲਈ ਕੀਤਾ ਜਾ ਰਿਹਾ ਹੈ, ਸਾਡੇ ਇਸ ਕਥਨ ਦੀ ਪੁਸ਼ਟੀ ਕਰਦਾ ਹੈ। ਭਾਵੇਂ ਇਸ ਪੱਖੋਂ ਨਰੋਈਆਂ 'ਤੇ ਲੋਕ ਪੱਖੀ ਤਾਕਤਾਂ ਦੀ ਅਸਫਲਤਾ ਵੀ ਕਾਫੀ ਹੱਦ ਤੱਕ ਜਿੰਮੇਵਾਰ ਹੈ ਪਰ ਹੱਥਲੇ ਲੇਖ ਵਿਚ ਇਹ ਸਾਡਾ ਵਿਸ਼ਾ ਨਹੀਂ। ਅੱਜ ਜਦੋਂ ਭਾਜਪਾ ਇਕੱਲੇ ਖੁਦ ਦੇ ਬਹੁਮਤ ਦੇ ਸਿਰ 'ਤੇ ਕੇਂਦਰੀ ਸੱਤਾ 'ਤੇ ਕਾਬਜ਼ ਹੈ ਤਾਂ ਲੋਕ ਉਸ ਦੀ ਸਰਵਪੱਖੀ ਪ੍ਰਸ਼ਾਸਨਿਕ ਅਸਫਲਤਾ ਨੂੰ ਡਾਢੇ ਦੁੱਖ ਅਤੇ ਨਿਰਾਸ਼ਾ ਨਾਲ ਵਾਚ ਰਹੇ ਹਨ। ਭਾਜਪਾ ਇਸ ਗੱਲੋਂ ਅੰਦਰੋਂ ਡਰੀ ਹੋਈ ਹੈ ਅਤੇ ਇਸ ਗੱਲ ਲਈ ਪੂਰਾ ਤਾਣ ਲਾ ਰਹੀ ਹੈ ਕਿ ਲੋਕ ਯੂ.ਪੀ. ਸਮੇਤ ਸਾਰੀਆਂ ਚੋਣਾਂ ਵਿਚ ਉਸਦਾ ਨਿਰਣਾ ਉਸ ਦੀ ਕੇਂਦਰੀ ਸਰਕਾਰ ਦੀ ਕਾਰਗੁਜ਼ਾਰੀ ਦੇ ਅਧਾਰ 'ਤੇ ਨਾ ਕਰਨ। ਭਾਜਪਾ ਅਤੇ ਇਸ ਦੇ ਸੰਘੀ ਮਾਰਗ ਦਰਸ਼ਕਾਂ ਨੂੰ ਤੌਖਲਾ ਹੈ ਕਿ ਜਿਸ ਕੁਰੱਪਸ਼ਨ, ਪ੍ਰਸ਼ਾਸਨਕ ਨਿਕੰਮਾਪਨ, ਮਹਿੰਗਾਈ, ਬੇਰੋਜ਼ਗਾਰੀ, ਆਪਹੁਦਰੇਪਨ ਆਦਿ ਦੇ ਦੋਸ਼ ਯੂ.ਪੀ.ਏ. ਸਿਰ ਮੜ੍ਹ ਕੇ ਉਹ ਸੱਤਾ 'ਚ ਆਈ ਸੀ ਉਹੀ ਲੈਣੇ ਦੇ ਦੇਣੇ ਉਸਨੂੰ ਵੀ ਨਾ ਪੈ ਜਾਣ। ਕਿਉਂਕਿ ਭਾਜਪਾ ਦੀ ਕਾਰਗੁਜ਼ਾਰੀ ਕਿਸੇ ਵੀ ਪੱਖ ਤੋਂ ਯੂ.ਪੀ.ਏ. ਦੀ ਨਾਂਹ ਪੱਖੀ ਕਾਰਕਰਦਗੀ ਨਾਲੋਂ ਉਨੀਂ ਨਹੀਂ ਬਲਕਿ ਇੱਕੀ ਹੀ ਸਾਬਤ ਹੋਈ ਹੈ। ਇਹ ਬਿਹਤਰ ਜਾਂ ਭਿੰਨ ਹੋ ਵੀ ਨਹੀਂ ਸਕਦੀ ਕਿਉਂਕਿ ਐਨ.ਡੀ.ਏ. ਅਤੇ ਯੂ.ਪੀ.ਏ. ਵਿਚਕਾਰ ਬੁਨਿਆਦੀ ਆਰਥਕ ਨੀਤੀ ਦੇ ਚੌਖਟੇ ਪੱਖੋਂ ਵਾਲ਼ ਸਮਾਨ ਵੀ ਅੰਤਰ ਨਹੀਂ ਹੈ। ਇਸ ਲਈ ਭਾਜਪਾ ਅੱਜ ਉਪਰੋਕਤ ਵੰਡਵਾਦੀ ਫਿਰਕੂ ਏਜੰਡੇ 'ਤੇ ਹੋਰ ਵੀ ਜ਼ਿਆਦਾ ਨਿਰਭਰ ਕਰਦੀ ਹੈ। ਯੂ.ਪੀ. ਚੋਣਾਂ ਵਿਚ ਇਹ ਹਿੰਦੂਤਵ ਦਾ ਇਕ ਹੋਰ ਪ੍ਰਯੋਗ (ਆਰ.ਐਸ.ਐਸ. ਵਲੋਂ ਸੁਝਾਇਆ) ਵੀ ਕਰਨ ਜਾ ਰਹੀ ਹੈ। ਸਵਰਣ ਹਿੰਦੂਆਂ, ਯਾਦਵਾਂ ਨੂੰ ਛੱਡ ਕੇ ਬਾਕੀ ਪਛੜੀਆਂ ਸ਼੍ਰੇਣੀਆਂ ਅਤੇ ਜਾਟਵਾਂ ਨੂੰ ਛੱਡ ਕੇ ਬਾਕੀ ਅਨੁਸੂਚਿਤ ਜਾਤੀਆਂ 'ਤੇ ਅਧਾਰਤ ਗਠਜੋੜ ਕਾਇਮ ਕਰਨਾ। ਪਰ ਇਸ ਦਾ ਸਾਰਤੱਤ ਉਕਤ ਵਰਗਾਂ ਦੀ ਆਰਥਕ ਸਮਾਜਕ ਬਿਹਤਰੀ ਨਾ ਹੋ ਕੇ ਇਸ ਮਿਲਗੋਭਾ ਅਬਾਦੀ ਦੇ ਸਾਂਝੇ ਧਾਰਮਿਕ ਸਮਾਜਕ (ਆਰ.ਐਸ.ਐਸ. ਦੇ ਸ਼ਬਦਾਂ 'ਚ ''ਵਿਚਾਰ ਕੁੰਭ'') ਸਮਾਗਮ ਕਰਨੇ ਅਤੇ ਸਾਂਝੀ ਪੂਜਾ ਕਰਕੇ ਇਕੱਠਿਆਂ ''ਪ੍ਰਸ਼ਾਦ'' ਗ੍ਰਹਿਣ ਕਰਕੇ ਛਕਣਾ। ਕੋਈ ਵੀ ਸੂਝਵਾਨ ਪਾਠਕ ਸਮਝ ਸਕਦਾ ਹੈ ਕਿ ਉਕਤ ਸਾਰੇ ਧਾਰਮਕ ਕ੍ਰਿਆਕਲਾਪ ਕਿਸ ਲੁਕਵੇਂ ਉਦੇਸ਼ ਦੀ ਪੂਰਤੀ ਲਈ ਕੀਤੇ ਜਾ ਰਹੇ ਹਨ।
ਜੇ ਲੋਕਾਂ ਦੀ ਹਿਜ਼ਰਤ ਦੀ ਚਿੰਤਾ ਹਕੀਕੀ ਹੁੰਦੀ ਤਾਂ ਹੁਕਮ ਸਿੰਘ ਅਤੇ ਉਸਦੇ ''ਹੁਕਮਦਾਤਾ'' ਸੋਕੇ ਦੇ ਸਤਾਏ ਹਿਜ਼ਰਤ ਕਰ ਗਏ ਲੱਖਾਂ ਬੁੰਦੇਲਖੰਡੀ ਅਤੇ ਹੋਰ ਖੇਤਰਾਂ ਦੇ ਕਿਸਾਨਾਂ ਦੀ ਗੱਲ ਕਰਦੇ। ਜਾਂ ਜੇ ਅਪਰਾਧਾਂ ਦੀ ਹੀ ਸੱਚੀ ਚਿੰਤਾ ਹੁੰਦੀ ਤਾਂ ਹੁਕਮ ਸਿੰਘ ਨੇ ਯੂ.ਪੀ. 'ਚ ਗੁੰਮਸ਼ੁਦਾ ਹਜ਼ਾਰਾਂ ਬੱਚਿਆਂ (ਇਕੱਲੇ ਮਥੁਰਾ 'ਚ 55) ਦੀ ਗੱਲ ਕਰਨੀ ਸੀ ਜੋ ਸਾਲਾਬੱਧੀ ਲੱਭੇ ਨਹੀਂ ਅਤੇ ਸ਼ੱਕ ਹੈ ਕਿ ਕਦੇ ਲੱਭੇ ਵੀ ਨਹੀਂ ਜਾਣੇ। ਪਰ ਅਜਿਹੀਆਂ ਗੱਲਾਂ ਖ਼ੁਦ ਉਨ੍ਹਾਂ ਦੀ ਭੂਮਿਕਾ ਅਤੇ ਪ੍ਰਸ਼ਾਸ਼ਕੀ ਕਾਰਗੁਜ਼ਾਰੀ 'ਤੇ ਸਵਾਲ ਖੜ੍ਹੇ ਕਰਦੀਆਂ। ਇਸ ਲਈ ਉਨ੍ਹਾਂ 'ਤੇ ਪਰਦਾਪੋਸ਼ੀ ਕਿਤੇ ਚੰਗੀ ਹੈ ਹੁਕਮ ਸਿੰਘ ਦੇ ਭਾਜਪਾਈ ਲਾਣੇ ਲਈ। ਇਕ ਤੱਥ ਇਹ ਵੀ ਧਿਆਨ ਮੰਗਦਾ ਹੈ ਕਿ ਹੁਕਮ ਸਿੰਘ 2012 ਤੋਂ ਵਿਧਾਇਕ ਅਤੇ 2014 ਤੋਂ ਐਮ.ਪੀ. ਹੈ। ਇਸ ਸਾਰੇ ਸਮੇਂ ਦੌਰਾਨ ਉਹ ਨਾਂ ਕਦੀ ਇਸ ਵਿਸ਼ੇ 'ਤੇ ਬੋਲਿਆ ਅਤੇ ਨਾ ਹੀ ਕੋਈ ਸਰਗਰਮੀ ਕੀਤੀ। ਪਰ ਅੱਜ ਯੂ.ਪੀ. ਚੋਣਾਂ 'ਚ ਪਾਪੀ ਬੇੜਾ ਪਾਰ ਲਾਉਣ ਲਈ ਸੰਭਾਵਿਤ ਕਤਲੇਆਮ ਕਰਾਉਣ ਦੀ ਅਣਮਨੁੱਖੀ ਸਾਜਿਸ਼ ਸਿਰੇ ਚੜਾਉਣ ਲਈ ਇਸ ਏਜੰਡੇ ਦੀ ਲੋੜ ਸੀ ਸੋ ਘੜ ਲਿਆ ''ਲੱਕੜ ਦਾ ਮੁੰਡਾ''। ਉਂਝ ਕਸਬੇ ਦੀ ਹਕੀਕੀ ਸਥਿਤੀ ਸਮਝਣ ਲਈ ਇਕ ਹੋਰ ਤੱਥ ਸਾਂਝਾ ਕਰ ਲਈਏ। 2014 'ਚ ਹੋਏ 22 ਕਤਲਾਂ 'ਚੋਂ ਕੇਵਲ 7 ਹਿੰਦੂ ਸਨ ਅਤੇ ਬਾਕੀ ਮੁਸਲਮਾਨ। ਤਿੰਨ ਕਤਲ ਇਕੱਠੇ ਹੋਣ ਵਿਰੁੱਧ 7 ਦਿਨ ਬਜਾਰ ਬੰਦ ਰਿਹਾ ਅਤੇ ਬੰਦ ਕਰਨ ਵਾਲੇ ਦੁਕਾਨਦਾਰ 90% ਤੋਂ ਜ਼ਿਆਦਾ ਮੁਸਲਿਮ ਹਨ। ਇਸ ਕਸਬੇ ਦੀ ਗਰੀਬ ਵਸੋਂ 'ਚੋਂ ਰੋਜ਼ਾਨਾ 5 ਤੋਂ 7 ਹਜ਼ਾਰ ਲੋਕ ਪਾਨੀਪਤ, ਸੋਨੀਪਤ, ਮੇਰਠ ਆਦਿ ਵਿਖੇ ਦਿਹਾੜੀ ਕਰਨ ਜਾਂਦੇ ਹਨ।
ਇਸ ਤੋਂ ਪਹਿਲਾਂ ਗੋਧਰਾ ਕਾਂਡ ਦੀ ਪਿੱਠ ਭੂਮੀ 'ਚ ਹੋਏ ਦੰਗਿਆਂ, ਬਾਬਰੀ ਮਸਜਿੱਦ ਢਾਹੇ ਜਾਣ ਤੋਂ ਬਾਅਦ ਹੋਏ ਬੰਬ ਧਮਾਕਿਆਂ ਅਤੇ ਸਿੱਟੇ ਵਜੋਂ ਹੋਏ ਫਿਰਕੂ ਦੰਗਿਆਂ, ਦਾਦਰੀ ਕਾਂਡ, ਜੇ.ਐਨ.ਯੂ. ਵਿਖੇ ਪਾਕਿਸਤਾਨ ਪੱਖੇ ਨਾਅਰੇ ਆਦਿ ਅਨੇਕਾਂ ਘਟਨਾਵਾਂ 'ਚ ਭਾਜਪਾ ਅਤੇ ਉਸਦੇ ਪ੍ਰਿਤਪਾਲਕਾਂ ਵੱਲੋਂ ਰਚੀਆਂ ਗਈਆਂ ਸਾਜਿਸ਼ਾਂ ਅਤੇ ਬੋਲੇ ਗਏ ਝੂਠਾਂ ਦਾ ਕੱਚਾ ਚਿੱਠਾ ਸਭ ਦੇ ਸਾਹਮਣੇ ਹੈ।
ਅਸੀਂ ਦੇਸ਼ ਤੇ ਸਮਾਜ ਲਈ ਚਿੰਤਾ ਕਰਨ ਵਾਲੇ ਸਭਨਾਂ ਲੋਕਾਂ ਨੂੰ ਅਤੇ ਖੱਬੀਆਂ ਸ਼ਕਤੀਆਂ ਨੂੰ ਵਿਸ਼ੇਸ਼ ਕਰਕੇ ਆਗਾਹ ਕਰਦੇ ਹਾਂ ਕਿ ਉਕਤ ਛਡਯੰਤਰਕਾਰੀ ਅਮੁੱਕ ਲੜੀ ਹਮੇਸ਼ਾ ਲਈ ਖਤਮ ਕਰਨ ਲਈ ਸਿਰਜੋੜ ਕੇ ਬੈਠਣ ਅਤੇ ਮੈਦਾਨ ਵਿਚ ਨਿੱਤਰਣ। ਇਸ ਪੱਖੋਂ ਭਾਰਤ ਦੀ ਕਿਰਤੀ ਲਹਿਰ ਪਲ ਪਲ ਦੇਰੀ ਨਾਲ ਚਲ ਰਹੀ ਹੈ।

No comments:

Post a Comment