Saturday 2 July 2016

ਸਾਹਿਤ ਤੇ ਸੱਭਿਆਚਾਰ (ਸੰਗਰਾਮੀ ਲਹਿਰ-ਜੁਲਾਈ 2016)

ਏਕੇ ਦੀ ਮੌਤ
- ਗੁਲਜਾਰ ਸਿੰਘ ਸੰਧੂ

ਘਰ ਕੋਈ ਵੀ ਨਹੀਂ ਸੀ। ਮੈਂ ਸਵੇਰ ਤੋਂ ਇਕਲਾ ਹੀ ਸਾਂ। ਮੇਰੀ ਨਿੱਕੀ ਭੈਣ ਆਪਣੀ ਸਹੇਲੀ ਦੇ ਘਰ ਗਈ ਹੋਈ ਸੀ। ਉਸ ਨੇ ਰਾਤ ਦੀ ਰੋਟੀ ਬਨਾਉਣ ਤੋਂ ਪਹਿਲਾਂ ਆਉਣਾ ਸੀ, ਇਸ ਲਈ ਉਸ ਦੇ ਆਉਣ ਵਿਚ ਵੀ ਦੇਰ ਸੀ। ਮੈਨੂੰ ਇਕੱਲਤਾ ਮਹਿਸੂਸ ਹੋ ਰਹੀ ਸੀ।
ਭੈਣ ਮੁੜ ਕਿਉਂ ਨਹੀਂ ਆਉਂਦੀ। ਮੈਂ ਆਪ ਹੀ ਕਿਸੇ ਦੇ ਕਿਉਂ ਨਾ ਹੋ ਆਵਾਂ? ਮੈਨੂੰ ਇਕੱਲਾਪਨ ਓਪਰਾ-ਓਪਰਾ ਲਗ ਰਿਹਾ ਸੀ। ਕਦੀ ਕਦੀ ਮੇਰੇ ਮਿੱਤਰ ਦੇ ਬੱਚੇ ਖੇਡਣ ਆ ਜਾਂਦੇ ਸਨ ਅੱਜ ਉਹ ਵੀ ਨਹੀਂ ਸਨ ਆਏ। ਮੇਰਾ ਚਾਹ ਪੀਣ ਨੂੰ ਜੀਅ ਕਰ ਰਿਹਾ ਸੀ। ਪਰ ਇਕੱਲੇ ਨੂੰ ਚਾਹ ਦਾ ਕੀ ਸਵਾਦ। ਕੋਈ ਆ ਜਾਂਦਾ ਤਾਂ ਚਾਹ ਹੀ ਬਣਾ ਕੇ ਪੀਂਦੇ।
ਮੈਂ ਕਿਸੇ ਦੇ ਆਉਣ ਦੀ ਆਸ ਦੇ ਤਣਾਓ ਬਾਰੇ ਸੋਚ ਹੀ ਰਿਹਾ ਸੀ ਕਿ ਪੌੜੀਆਂ ਵਿਚ ਕਿਸੇ ਦੇ ਆਉਣ ਦੀ ਬਿੜਕ ਆਈ। ਮੈਂ ਵੇਖਿਆ ਦੀਪੀ ਤੇ ਸਵੀਰਾ ਸਨ। ਛਿਨ ਭਰ ਮੈਨੂੰ ਯਕੀਨ ਨਾ ਆਇਆ ਕਿ ਕੋਈ ਆਇਆ ਹੈ।
ਸੁਦੀਪ, ਜਿਸ ਨੂੰ ਮੈਂ ਦੀਪੀ ਕਹਿ ਕੇ ਬੁਲਾਉਂਦਾ ਹਾਂ, ਅੱਗੇ ਅੱਗੇ ਸੀ ਤੇ ਸਵੀਰਾ ਉਸ ਦੇ ਨਾਲ ਨਾਲ ਜ਼ਰਾ ਪਿੱਛੇ। ਮੈਨੂੰ ਵੇਖ ਕੇ ਉਹ ਮੁਸਕਰਾਈਆਂ ਤੇ ਉਨ੍ਹਾਂ ਨੂੰ ਵੇਖ ਕੇ ਮੈਂ।
ਇਨ੍ਹਾਂ ਦੇ ਪਾਪਾ ਨੇ ਕੋਈ ਸੁਨੇਹਾ ਭੇਜਿਆ ਹੋਵੇਗਾ ਤੇ ਜੋ ਕੁਝ ਕਹਿਣਾ ਸੀ ਕਹਿ ਕੇ ਤੁਰ ਜਾਣਗੀਆਂ। ਮੈਂ ਡਰ ਜਿਹਾ ਗਿਆ। ਮੈਂ ਮੁੜ ਇਕੱਲਾ ਨਹੀਂ ਸੀ ਹੋਣਾ ਚਾਹੁੰਦਾ।
ਇਕੱਲੇ ਟੁੱਟਣ ਤੋਂ ਬਿਨਾਂ ਉਨ੍ਹਾਂ ਦੇ ਆਉਣ ਦੀ ਇਕ ਹੋਰ ਵੀ ਖੁਸ਼ੀ ਸੀ। ਦੋਵੇਂ ਆਮ ਬੱਚਿਆਂ ਨਾਲੋਂ ਚੁਸਤ ਤੇ ਸੁਚੇਤ ਸਨ। ਦੀਪੀ ਘੋਖੀ ਤੇ ਸੂਝਵਾਨ ਸੀ, ਸਵੀਰਾ ਚੇਤੰਨ ਤੇ ਸ਼ਰਾਰਤੀ। ਆਪਣੇ ਮਾਪਿਆਂ ਨਾਲ ਉਹ ਕਈ ਵਾਰੀ ਮੇਰੇ ਘਰ ਆਈਆਂ ਸਨ ਤੇ ਮੈਨੂੰ ਕੋਈ ਵੀ ਅਜਿਹਾ ਪਲ ਚੇਤੇ ਨਹੀਂ ਸੀ ਜਿਸ ਨੂੰ ਇਨ੍ਹਾਂ ਦੀਆਂ ਸ਼ਰਾਰਤਾਂ ਨੇ ਬੇਸੁਆਦ ਕੀਤਾ ਹੋਵੇ। ਆਮ ਬੱਚਿਆਂ ਵਾਂਗ ਦਗੜ-ਦਗੜ ਪੌੜੀਆਂ ਚੜ੍ਹਦੇ-ਉਤਰਦੇ ਰਹਿਣਾ, ਘਰ ਦੇ ਬਾਹਰਲੇ ਦਰਵਾਜ਼ੇ ਨਾਲ ਝੂਟਣਾ, ਰਾਹ ਜਾਂਦੇ ਰਾਹੀ ਤੇ ਪਾਣੀ ਡੋਲ੍ਹ ਦੇਣਾ, ਜੇ ਹੋਰ ਨਹੀਂ ਤਾਂ ਕੋਠੇ ਚੜ੍ਹ ਕੇ ਛੱਤ ਉਤੇ ਹੀ ਠੋਕਾ ਠਾਕੀ ਕਰਦੇ ਰਹਿਣਾ, ਦੀਪੀ ਦੇ ਸਵੀਰਾ ਦਾ ਸੁਭਾਅ ਨਹੀਂ ਸੀ ਜਾਂ ਇਉਂ ਕਹਿ ਲਵੋ ਕਿ ਉਨ੍ਹਾਂ ਨੂੰ ਏਸ ਗਲ ਦਾ ਗਿਆਨ ਨਹੀਂ ਸੀ ਕਿ ਓਪਰੇ ਘਰ ਕਿਵੇਂ ਬੈਠੀਦਾ ਹੈ।
''ਆਪਾਂ ਚਾਹ ਬਣਾ ਕੇ ਪੀਆਂਗੇ, ਜਾਇਓ ਨਾ'' ਮੈਂ ਏਨਾ ਕਹਿ ਕੇ ਆਪਦੇ ਲੈਟਰ ਬਕਸ ਵਿਚ ਡਾਕ ਦੇਖਣ ਉਤਰ ਗਿਆ।
ਡਾਕ ਲੈਣ ਗਿਆਂ ਮੈਨੂੰ ਇਕ ਪੁਰਾਣੀ ਘਟਨਾ ਚੇਤੇ ਆ ਗਈ। ਇਕ ਦਿਨ ਸਵੇਰੇ ਮੈਂ ਤੇ ਮੇਰਾ ਮਿੱਤਰ ਉਨ੍ਹਾਂ ਦੇ ਘਰ ਸੋਫ਼ੇ ਉਤੇ ਬੈਠੇ ਕਿਸੇ ਹੋਰ ਮਿੱਤਰ ਦੀਆਂ ਗੱਲਾਂ ਕਰ ਕੇ ਹੱਸ ਰਹੇ ਸਾਂ ਕਿ ਘਰ ਦੇ ਸ਼ਾਂਤ ਵਾਯੂ ਮੰਡਲ ਵਿਚ ਵਾਵਰੋਲੇ ਦੇ ਆਉਣ ਵਾਂਗ ਦਰਵਾਜ਼ੇ ਖਿੜਕੀਆਂ ਖੜਕਣੇ ਸ਼ੁਰੂ ਹੋ ਗਏ।
ਦੀਪੀ ਤੇ ਸਵੀਰਾ ਲੜ ਪਈਆਂ ਸਨ। ਦੀਪੀ ਨੇ ਸਵੀਰਾ ਦੇ ਥੱਪੜ ਮਾਰ ਕੇ ਸਾਡੇ ਕਮਰੇ ਵਿਚ ਆ ਕੇ ਏਧਰੋਂ ਕੁੰਡੀ ਮਾਰ ਲਈ ਸੀ। ਸਵੀਰਾ ਨੇ ਹੱਥ ਵਿਚ ਲੋਹੇ ਦਾ ਗਿਲਾਸ ਚੁੱਕਿਆ ਹੋਇਆ ਸੀ ਤੇ ਉਹ ਦਰਵਾਜ਼ੇ ਦੇ ਸ਼ੀਸ਼ੇ ਪਿੱਛੇ ਖੜੀ ਕੁੰਡੀ ਖੋਲ੍ਹਣ ਲਈ ਕਹਿ ਰਹੀ ਸੀ। ਉਸ ਦੀਆਂ ਅੱਖਾਂ ਵਿਚੋਂ ਪਰਲ ਪਰਲ ਹੰਝੂ ਵਗ ਰਹੇ ਸਨ ਤੇ ਇੰਜ ਜਾਪਦਾ ਸੀ ਕਿ ਜੇ ਕੁੰਡੀ ਇਕ ਅੱਧ ਮਿੰਟ ਹੋਰ ਨਾ ਖੁੱਲ੍ਹੀ ਤਾਂ ਉਹ ਲੋਹੇ ਦੇ ਗਲਾਸ ਨਾਲ ਦਰਵਾਜ਼ੇ ਦਾ ਸ਼ੀਸ਼ਾ ਭੰਨ ਸੁੱਟੇਗੀ। ਮੈਂ ਸ਼ੀਸ਼ਾ ਟੁੱਟਣ ਤੋਂ ਏਦਾਂ ਡਰ ਰਿਹਾ ਸਾਂ ਜਿਵੇਂ ਕੋਈ ਲਾਮ ਲੱਗਣ ਤੋਂ ਪਹਿਲਾਂ ਦੀ ਅਵਸਥਾ ਤੋਂ ਡਰਦਾ ਹੈ। ਮੇਰਾ ਮਿੱਤਰ ਸਾਡੇ ਸਾਂਝੇ ਮਿੱਤਰ ਦੀਆਂ ਗੱਲਾਂ ਕਰਕੇ ਉਸੇ ਤਰ੍ਹਾਂ ਕਹਿਕਹੇ ਮਾਰ ਕੇ ਹੱਸ ਰਿਹਾ ਸੀ। ਉਸ ਦੇ ਚਿੱਤ-ਚੇਤੇ ਵੀ ਨਹੀਂ ਸੀ ਕਿ ਘਰ ਵਿਚ ਤਣਾਓ ਵੱਧ ਗਿਆ ਹੈ। ਮੈਂ ਦੀਪੀ ਨੂੰ ਕਿਹਾ ਕਿ ਦਰਵਾਜ਼ਾ ਖੋਲ੍ਹ ਦੇ ਪਰ ਮੇਰੇ ਮਿੱਤਰ ਨੇ ਕਿਹਾ ਸਭ ਆਪੇ ਹੀ ਠੀਕ ਹੋ ਜਾਵੇਗਾ।
ਉਮਰ ਵਿਚ ਭਾਵੇਂ ਦੀਪੀ ਵੱਡੀ ਸੀ, ਪਰ ਵੇਖਣ ਨੂੰ ਦੋਵੇਂ ਇਕੋ ਜਿੱਡੀਆਂ ਹੀ ਸਨ। ਕੁਝ ਏਸ ਤਰ੍ਹਾਂ ਜਿਵੇਂ ਜੌੜੀਆਂ ਹੋਣ। ਹਾਣੀ ਬੱਚਿਆਂ ਵਾਂਗ ਉਹ ਆਪੋ ਵਿਚ ਲੜੇ ਬਿਨਾਂ ਵੀ ਨਹੀਂ ਸੀ ਰਹਿ ਸਕਦੀਆਂ।
ਮੇਰੇ ਮਿੱਤਰ ਨੇ ਮੈਨੂੰ ਦੱਸਿਆ ਕਿ ਪਿਛਲੇ ਦਸਾਂ ਮਿੰਟਾਂ ਤੋਂ ਦੋਵੇਂ ਕੁੜੀਆਂ ਇਕ ਦੂਜੀ ਦੀਆਂ ਸਾਂਗਾਂ ਲਾ ਰਹੀਆਂ ਸਨ। ਹੁਣੇ ਹੁਣੇ ਠੁੱਠ ਵਖਾ ਕੇ ਦੀਪੀ ਨੇ ਸਵੀਰਾ ਨੂੰ ਵੰਗਾਰਿਆ ਸੀ। ਛਿੰਨ ਭਰ ਚੁੱਪ ਰਹਿ ਕੇ ਸਵੀਰਾ ਨੇ ਸਰ੍ਹਾਣੇ ਪਈ ਫਾਈਲ ਵਿਚੋਂ ਇਕ ਸੱਜ ਵਿਆਹੀ ਬਹੂ ਦੀ ਤਸਵੀਰ ਦੀਪੀ ਨੂੰ ਵਿਖਾ ਕੇ ਪਾੜ ਦਿੱਤੀ ਸੀ। ਦੀਪੀ ਨੂੰ ਤਸਵੀਰਾਂ ਇਕੱਠੀਆਂ ਕਰਨ ਦਾ ਸ਼ੌਕ ਸੀ ਅਤੇ ਇਹ ਉਸ ਦੀ ਤਸਵੀਰਾਂ ਦੀ ਸੱਜਰੀ ਫਾਈਲ ਸੀ।
ਸਜ ਵਿਆਹੀ ਬਹੂ ਦੀ ਤਸਵੀਰ ਦੀਪੀ ਨੂੰ ਖਾਸ ਪਿਆਰੀ ਸੀ। ਇਹ ਉਸ ਨੇ ਇਸਤਰੀਆਂ ਦੇ ਕਿਸੇ ਪੁਰਾਣੇ ਰਸਾਲੇ ਵਿਚੋਂ ਲੱਭ ਕੇ ਲਿਆਂਦੀ ਸੀ।
ਮੇਰੇ ਮਿੱਤਰ ਦਾ ਖ਼ਿਆਲ ਸੀ ਕਿ ਸਵੀਰਾ ਨੂੰ ਤਸਵੀਰ ਨਹੀਂ ਸੀ ਫਾੜਨੀ ਚਾਹੀਦੀ। ਇਸ ਲਈ ਜੇ ਦੀਪੀ ਨੇ ਸਵੀਰਾ ਨੂੰ ਮਾਰ ਕੇ ਦਰਵਾਜ਼ੇ ਦੀ ਕੁੰਡੀ ਲਾ ਦਿੱਤੀ ਸੀ ਤਾਂ ਠੀਕ ਹੀ ਕੀਤਾ ਸੀ। ਮੇਰੇ ਨਾਲ ਗੱਲਾਂ ਕਰਦਾ ਉਹ ਸਾਰੀ ਲੀਲ੍ਹਾ ਦੇਖਦਾ ਰਿਹਾ ਸੀ ਜਿਸ ਤੋਂ ਮੈਂ ਉੱਕਾ ਹੀ ਅਚੇਤ ਸਾਂ।
ਧੀਆਂ ਦੇ ਸੁਭਾਅ ਤੋਂ ਜਾਣੂ ਮੇਰੇ ਮਿੱਤਰ ਨੂੰ ਇਹ ਡਰ ਵੀ ਨਹੀਂ ਸੀ ਸ਼ੀਸ਼ਾ ਟੁੱਟ ਜਾਵੇਗਾ ਤੇ ਇਸ ਦਾ ਕੱਚ ਕਿਸੇ ਬੱਚੇ ਦੇ ਚੁੱਭ ਕੇ ਕਮਰੇ ਨੂੰ ਲਹੂ ਲੁਹਾਨ ਕਰ ਦੇਵੇਗਾ।
ਸਵੀਰਾ ਦਾ ਤਸਵੀਰ ਪਾੜਨਾ ਭਾਵੇਂ ਠੀਕ ਨਹੀਂ ਸੀ ਪਰ ਦੀਪੀ ਨੂੰ ਖਿਝਾਉਣ ਦਾ ਇਹ ਤਰੀਕਾ ਨਵੇਕਲਾ ਜ਼ਰੂਰ ਸੀ। ਇਹ ਸਵੀਰਾ ਦੀ ਸ਼ਰਾਰਤੀ ਸੂਝ ਦਾ ਸਬੂਤ ਸੀ। ਮੈਂ ਆਪਣੇ ਮਿੱਤਰ ਕੋਲ ਉਸ ਦੀ ਮੌਲਿਕ ਸੂਝ ਦੀ ਸ਼ਲਾਘਾ ਕੀਤੀ।
ਆਪਣੀ ਸੂਝ ਦੀ ਸਿਫਤ ਸੁਣ ਕੇ ਸਵੀਰਾ ਦਾ ਗੁੱਸਾ ਢਲ ਗਿਆ ਤੇ ਉਸ ਨੇ ਗਲਾਸ ਇਕ ਪਾਸੇ ਸੁੱਟ ਕੇ ਅੱਖਾਂ ਪੂੰਝ ਲਈਆਂ। ਦੀਪੀ ਪਹਿਲਾਂ ਹੀ ਸੰਤੁਸ਼ਟ ਸੀ ਕਿ ਉਸ ਨੇ ਥੱਪੜ ਮਾਰ ਕੇ ਬਦਲਾ ਲੈ ਹੀ ਲਿਆ ਸੀ। ਮੇਰੇ ਬੈਠਿਆਂ ਬੈਠਿਆਂ ਉਹ ਮੁੜ ਆਪੋ ਆਪਣੀ ਪੁਸਤਕ ਪੜ੍ਹਨ ਲੱਗ ਪਈਆਂ।
ਜਦੋਂ ਮੈਂ ਡਾਕ ਲੈ ਕੇ ਵਾਪਸ ਆਇਆ ਤਾਂ ਚਾਹ ਵਾਲੀ ਕੇਤਲੀ ਵਿਚ ਪਾਣੀ ਉਬਲ ਰਿਹਾ ਸੀ। ਦੀਪੀ ਰਸੋਈ ਵਿਚੋਂ ਚਾਹ ਪੱਤੀ ਵਾਲਾ ਡੱਬਾ ਲੱਭ ਰਹੀ ਸੀ ਤੇ ਸਵੀਰਾ ਚੀਨੀ। ਮੈਥੋਂ ਹੇਠਾਂ ਜਾਂਦੇ ਦੇ ਮੂੰਹੋ ਨਿਕਲ ਗਿਆ ਸੀ ਕਿ ਚਾਹ ਬਣਾ ਕੇ ਪੀਆਂਗੇ, ਜਾਣਾ ਨਾ। ਮੇਰਾ ਸਮਾਂ ਤੇ ਘਾਲਣਾ ਬਚਾਉਣ ਦੇ ਭਾਵ ਨਾਲ ਉਹ ਕਿਵੇਂ ਇਕ ਜਾਨ ਹੋ ਕੇ ਕੰਮ ਕਰ ਰਹੀਆਂ ਸਨ। ਮੈਂ ਹੈਰਾਨ ਰਹਿ ਗਿਆ।
''ਵਾਹ ਬਈ ਵਾਹ'', ਮੈਂ ਖੁਸ਼ੀ  ਵਿਚ ਚੌਗੁਣਾ ਹੋ ਕੇ ਕਿਹਾ।
''ਚਾਹ ਪਤਾ ਨਹੀਂ ਕਿੱਥੇ ਹੈ?'' ਦੀਪੀ ਬੋਲੀ ਤੇ ''ਚੀਨੀ ਕਿੱਥੇ ਹੈ?'' ਸਵੀਰਾ ਨੇ ਪੁੱਛਿਆ।
ਜਿਵੇਂ ਇਕ ਜਾਨ ਤੇ ਆਤਮਾ ਹੋ ਕੇ ਉਹ ਮੇਰੇ ਨਾਲ ਚਾਹ ਬਣਵਾ ਰਹੀਆਂ ਸਨ, ਉਸ ਤੋਂ ਮੇਰੇ ਮਨ ਵਿਚ ਕਈ ਸ਼ੰਕੇ ਪੈਦਾ ਹੋਏ। ਇਨ੍ਹਾਂ ਦੀ ਮੰਮੀ ਨੇ ਇਨ੍ਹਾਂ ਨੂੰ ਕੁੱਟ ਕੇ ਘਰੋਂ ਕੱਢ ਦਿੱਤਾ ਏ ਤੇ ਜਾਂ ਇਨ੍ਹਾਂ ਕੀ ਮੰਮੀ ਤੇ ਪਾਪਾ ਦੀ ਆਪੋ ਵਿਚ ਕੋਈ ਇਹੋ ਜਿਹੀ ਗੱਲ ਹੋ  ਗਈ ਏ ਜਿਸ ਲਈ ਮੇਰੀ ਹਾਜ਼ਰੀ ਜ਼ਰੂਰੀ ਏ, ਪਰ ਕਿਸੇ ਕਾਰਨ ਉਹ ਕੁੱਝ ਦਸਦੀਆਂ ਨਹੀਂ ਸਨ। ਕੁੜੀਆਂ ਹਨ ਸੋਚ ਸਮਝ ਕੇ ਗੱਲ ਕਰਨੀ ਚਾਹੁੰਦੀਆਂ ਹਨ, ਮੈਂ ਸੋਚਿਆ।
''ਤੁਹਾਡੇ ਪਾਪਾ ਕੀ ਕਰ ਰਹੇ ਨੇ?'' ਮੈਂ ਘੋਖਵਾਂ ਪ੍ਰਸ਼ਨ ਕੀਤਾ।
''ਪਤਾ ਨਹੀਂ।'' ਉਨ੍ਹਾਂ ਇਕੋ ਸਾਹ ਉਤਰ ਦਿੱਤਾ।
''ਉਹ ਘਰ ਹੀ ਨੇ?'' ਮੈਂ ਅਗਲਾ ਸਵਾਲ ਕੀਤਾ।
''ਘਰ ਹੀ ਹੋਣੇ ਨੇ'' ਦੀਪੀ ਨੇ ਕਿਹਾ ਤੇ ''ਸਾਨੂੰ ਕੀ ਪਤੈ?'' ਸਵੀਰਾ ਬੋਲੀ।
''ਤੁਸੀਂ ਘਰੋਂ ਨਹੀਂ ਆਈਆਂ ਉਂ''
''ਨਹੀਂ ਤਾਂ।''
''ਸਿਨਮੇ ਗਈਆਂ ਸੀ?''
''ਨਹੀਂ।''
''ਘਰ ਵਿਚ ਸੁਖ ਹੈ?'' ਮੈਂ ਹੱਸ ਕੇ ਕਿਹਾ।
''ਕਿਉਂ? ਸੁਖ ਹੀ ਹੋਣੀ ਏ?''
ਮੈਂ ਜਿਹੜਾ ਵੀ ਪ੍ਰਸ਼ਨ ਕਰਦਾ ਸੀ ਉਹ ਦੋਵੇਂ ਉਸ ਦਾ ਇਕੋ ਉਤਰ ਦਿੰਦੀਆਂ ਸਨ।
''ਤੁਸੀਂ ਘਰੋਂ ਨਹੀਂ ਆਈਆਂ-ਜਾਪਦੀਆਂ। ਕਿੱਥੇ ਗਈਆਂ ਸੀ?'' ਮੈਂ ਚਾਹ ਪਾਉਂਦੇ ਨੇ ਪੁੱਛਿਆ।
''ਕਰੋਲ ਬਾਗ'' ਉਨ੍ਹਾਂ ਨੇ ਸਾਂਝਾ ਉਤਰ ਦਿੱਤਾ। ਤੇ ਖਿੜਖਿੜਾ ਕੇ ਹੱਸ ਪਈਆਂ।
ਮੈਂ ਚਾਹ ਪਾਉਂਦੇ ਨੇ ਪੁੱਛਿਆ। ''ਕਰੋਲ ਬਾਗ ਕੀ ਸੀ?''
''ਕੁੱਝ ਵੀ ਨਹੀਂ।''
''ਕੁੱਝ ਤਾਂ ਹੋਵੇਗਾ।''
ਹੁਣ ਉਹ ਇਕ ਦੂਜੇ ਦੇ ਮੂੰਹ ਵੱਲ ਵੇਖਣ ਲੱਗ ਪਈਆਂ ਜਿਵੇਂ ਬਿਆਨ ਬਦਲ ਜਾਣ ਤੋਂ ਡਰ ਰਹੀਆਂ ਹੋਣ।
ਫੇਰ ਥੋੜ੍ਹਾ ਜਿਹਾ ਝੱਕ ਕੇ ਉਨ੍ਹਾਂ ਦੱਸ ਹੀ ਦਿੱਤਾ।
ਉਹ ਸਵੇਰ ਦੀਆਂ ਘਰੋਂ ਤੁਰੀਆਂ ਹੋਈਆਂ ਸਨ। ਮੇਰੇ ਮਿੱਤਰ ਨੇ ਉਨ੍ਹਾਂ ਨੂੰ ਜੇਬ ਖਰਚ ਦੇ ਕੇ ਘੁੰਮਣ ਦੀ ਛੁੱਟੀ ਦੇ ਦਿੱਤੀ ਸੀ। ਮਾਪਿਆਂ ਤੋਂ ਦੂਰ ਆਪਣੇ ਆਪ ਜਿਧਰ ਜੀਅ ਆਏ ਘੁੰਮਦੇ ਰਹਿਣ ਨਾਲ ਬੱਚੇ ਦਾ ਸਵੈ ਵਿਸ਼ਵਾਸ ਵਧਦਾ ਹੈ, ਮੇਰੇ ਮਿੱਤਰ ਦਾ ਵਿਚਾਰ ਸੀ।
ਫੇਰ ਕੀ ਸੀ। ਉਹ ਬਸ ਚੜ੍ਹ ਕੇ ਇੰਡੀਆ ਗੇਟ ਚਲੀਆਂ ਗਈਆਂ। ਸਭ ਤੋਂ ਪਹਿਲਾਂ ਉਨ੍ਹਾਂ ਨੇ ਆਈਸ ਕਰੀਮ ਖਾਧੀ। ਫੇਰ ਇੰਡੀਆ ਗੇਟ ਪਾਣੀ ਦੀਆਂ ਨਹਿਰਾਂ ਦੇ ਕੰਢੇ ਖੇਡਦੀਆਂ ਰਹੀਆਂ ਤੇ ਫੇਰ ਬੱਚਿਆਂ ਦੇ ਪਾਰਕ ਵਿਚ। ਉਨ੍ਹਾਂ ਨੂੰ ਭੁੱਖ ਲੱਗ ਆਈ। ਪਰ ਖਾਣ ਲਈ ਲਿਆਂਦੇ ਪੈਸਿਆਂ ਦੀ ਉਹ ਆਈਸਕਰੀਮ ਖਾ ਬੈਠੀਆਂ ਸਨ। ਇਕ ਇਕ ਚਾਕ ਬਾਰ ਤੇ ਇਕ ਇਕ ਆਰੈਂਜ। ਹੁਣ ਉਨ੍ਹਾਂ ਕੋਲ ਬਸ ਦਾ ਕਿਰਾਇਆ ਹੀ ਰਹਿ ਗਿਆ ਸੀ। ਭੁੱਖ ਤਾਂ ਦੀਪੀ ਨੂੰ ਵੀ ਲੱਗੀ ਹੋਈ ਸੀ। ਪਰ ਉਹ ਵੱਡੀ ਹੋਣ ਦੇ ਨਾਤੇ ਬਸ ਦੇ ਕਿਰਾਏ ਨੂੰ ਬਚਾ ਕੇ ਰੱਖਣਾ ਆਪਣੀ ਜਿੰਮੇਵਾਰੀ ਸਮਝਦੀ ਸੀ। ਸਵੀਰਾ ਦੇ ਮੂੰਹੋਂ ਸੁਝਾਅ ਨਿਕਲਣ ਦੀ ਦੇਰ ਸੀ ਕਿ ਦੀਪੀ ਨੇ ਦੋ ਦੋ ਆਨੇ 'ਚਨਾ ਜ਼ੋਰ ਗਰਮ' ਦੇ ਲੇਖੇ ਲਾ ਦਿੱਤੇ। ਮਸਾਲੇਦਾਰ ਛੋਲੇ ਖਾ ਕੇ ਉਨ੍ਹਾਂ ਦਾ ਹੋਰ  ਛੋਲੇ ਖਾਣ ਨੂੰ ਜੀਅ ਕਰ ਆਇਆ ਤੇ ਫੇਰ ਹੋਰ ਖਾਣ ਨੂੰ। ਸਭ ਤੋਂ ਪਹਿਲਾਂ  ਉਨ੍ਹਾਂ ਨੇ ਬਾਰਾਂ ਆਨੇ ਬਚਾ ਕੇ ਰੱਖੇ ਸਨ ਤੇ ਫੇਰ ਅੱਠ ਆਨੇ। ਇਹ ਸੋਚ ਕੇ ਕਿ ਚਾਰ ਚਾਰ ਆਨੇ ਵਿਚ ਜਿੱਥੋਂ ਤੱਕ ਬੱਸ ਲੈ ਆਵੇਗੀ ਠੀਕ ਹੈ ਬਾਕੀ ਤੁਰ ਕੇ ਚਲੇ ਜਾਣਗੀਆਂ। ਉਂਝ  ਇੰਡੀਆ ਗੇਟ ਕੋਲੋਂ ਰਾਜਿੰਦਰ ਨਗਰ ਦੇ ਚਾਰ ਚਾਰ ਆਨੇ ਲੱਗਦੇ ਸਨ। ਜਦੋਂ ਉਨ੍ਹਾਂ ਦਾ ਹੋਰ ਖਾਣ ਨੂੰ ਜੀਅ ਕੀਤਾ ਤਾਂ ਉਨ੍ਹਾਂ ਨੇ ਕੇਵਲ ਚੁਆਨੀ ਦਾ ਸਫਰ ਬੱਸ ਰਾਹੀਂ ਤੇ ਬਾਕੀ ਪੈਦਲ ਕਰਨ ਦਾ ਫੈਸਲਾ ਕਰਕੇ ਇਕ ਚੁਆਨੀ ਹੋਰ ਖਰਚ ਲਈ। ਉਨ੍ਹਾਂ ਨੇ ਸੋਚਿਆ ਕਿ ਉਨ੍ਹਾਂ ਦਾ ਪਾਪਾ ਕਈ ਵਾਰੀ ਦਫਤਰੋਂ ਬੱਸ ਲਏ ਬਿਨਾਂ ਹੀ ਤੁਰ ਕੇ ਆ ਜਾਂਦਾ ਹੈ ਤੇ ਪਾਪਾ ਦਾ ਦਫਤਰ ਇੰਡੀਆ ਗੇਟ ਤੋਂ ਅੱਧਾ ਪੌਣਾ ਮੀਲ ਹੀ ਸੀ। ਦੋਹਾਂ ਨੇ ਪਾਪਾ ਵਾਂਗ ਤੁਰ ਕੇ ਜਾਣ ਦਾ ਫੈਸਲਾ ਕਰਕੇ ਰਹਿੰਦੇ ਪੈਸੇ ਵੀ ਖਰਚ ਲਏ।
ਉਨ੍ਹਾਂ ਨੂੰ ਆਪਣੇ ਇਸ ਫੁਰਨੇ ਦਾ ਬੜਾ ਚਾਅ ਸੀ। ਇਸ ਘੜੀ ਉਨ੍ਹਾਂ ਦੀ ਬੁੱਧੀ ਤੇ ਏਕਾ ਸਿਖਰ ਉਤੇ ਸੀ। ਉਹ ਇਕ ਦੂਜੇ ਦੇ ਸਾਹ ਵਿਚ ਸਾਹ ਲੈਂਦੀਆਂ ਸਨ। ਦੀਪੀ ਦਾ ਕਿਹਾ ਸਵੀਰਾ ਮੰਨ ਲੈਂਦੀ ਤੇ ਸਵੀਰਾ ਦਾ ਕਿਹਾ ਦੀਪੀ। ਜਿਸ ਚਾਅ ਤੇ ਖੁਸ਼ੀ ਨਾਲ ਉਹ ਬਿਰਤਾਂਤ ਸੁਣਾ ਰਹੀਆਂ ਸਨ ਉਸ ਤੋਂ ਇਹ ਕੁੱਝ ਪ੍ਰਤੱਖ ਸੀ। ਦੋ ਮੂੰਹਾਂ ਦਾ ਬੋਲਿਆ ਇਕੋ ਮੂੰਹ ਦੀ ਆਵਾਜ਼ ਜਾਪਦਾ ਸੀ। ਮੈਂ ਗਲਾਂ ਸੁਣ ਸੁਣ ਕੇ ਹੈਰਾਨ ਵੀ ਹੋ ਰਿਹਾ ਸੀ ਤੇ ਖੁਸ਼ ਵੀ।
ਮੇਰੇ ਮਿੱਤਰ ਦੇ ਦਫਤਰੋਂ ਉਸ ਦਾ ਘਰ ਸ਼ੰਕਰ ਰੋਡ ਰਾਹੀਂ ਢਾਈ ਮੀਲ ਸੀ। ਪਰ ਰਸਤੇ ਵਿਚ ਉਜਾੜ ਪਈ ਸੀ। ਦੂਜਾ ਮੋੜਾ ਘੋੜਾਂ ਵਾਲਾ ਰਾਹ ਪੰਜ ਛੇ ਮੀਲ ਪੈਂਦਾ ਸੀ। ਦੱਸਣ ਵਾਲੇ ਵੀ ਇਕੋ ਵਾਰੀ ਰਸਤਾ ਨਹੀਂ ਸੀ ਸਮਝਾ ਸਕਦੇ। ਬੱਚਿਆਂ ਦਾ ਵੀ ਬਹੁਤਾ ਪੁੱਛਿਆ ਸਵੈਮਾਨ ਘਟਦਾ ਸੀ। ਉਹ ਰਾਜਿੰਦਰ ਨਗਰ ਨੂੰ ਆਉਣ ਵਾਲੀਆਂ ਬੱਸਾਂ ਦਾ ਨੰਬਰ ਚੇਤੇ ਕਰਕੇ ਪਿੱਛੇ-ਪਿੱਛੇ ਤੁਰਦੀਆਂ ਚਲੀਆਂ ਆਈਆਂ ਸਨ। ਇਕ ਬੱਸ ਜਾਂਦੀ ਦੂਜੀ ਆ ਜਾਂਦੀ। ਉਨ੍ਹਾਂ ਨੂੰ ਕਿਧਰੇ ਰੁਕਣਾ ਨਹੀਂ ਸੀ ਪਿਆ। ਮੇਰੇ ਘਰ ਦੇ ਨੇੜੇ ਪਹੁੰਚ ਕੇ ਹੀ ਉਨ੍ਹਾਂ ਨੂੰ ਇੰਜ ਲੱਗਿਆ ਸੀ ਕਿ ਉਹ ਮੰਜ਼ਿਲ 'ਤੇ ਅੱਪੜ ਗਈਆਂ ਹਨ। ਮੇਰੇ ਮਿੱਤਰ ਦਾ ਘਰ ਮੇਰੇ ਘਰ ਦੇ ਬਹੁਤ ਨੇੜੇ ਸੀ।
ਪਰ ਉਨ੍ਹਾਂ ਦੇ ਚਿਹਰੇ ਉਤੇ ਥਕਾਵਟ ਨਹੀਂ ਸੀ। ਕੁਝ ਗਰਮੀ, ਕੁਝ ਚਾਅ ਤੇ ਕੁਝ ਮੰਤਵ ਦੀ ਪੂਰਤੀ ਦੇ ਨਸ਼ੇ ਨਾਲ ਉਨ੍ਹਾਂ ਦੀਆਂ ਗੱਲ੍ਹਾਂ ਲਾਲ ਹੋਈਆਂ ਪਈਆਂ ਸਨ। ਸਵੀਰਾ ਗੱਲ ਕਰਦੀ ਸੀ ਤਾਂ ਉਸ ਦੇ ਚਿਹਰੇ ਦੀਆਂ ਰਗਾਂ ਉਭਰ ਆਉਂਦੀਆਂ ਸਨ। ਦੀਪੀ ਦੀ ਗੱਲ ਤਾਂ ਮੂੰਹ ਤੱਕ ਪਹੁੰਚਣ ਤੋਂ ਪਹਿਲਾਂ ਸਾਹ ਰਗ ਦੀ ਫਰਕਣ ਤੋਂ ਸਾਫ ਹੋ ਜਾਂਦੀ ਸੀ। ਉਹ ਥੱਕੀਆਂ ਹੋਈਆਂ ਤਾਂ ਜਾਪਦੀਆਂ ਸਨ, ਪਰ ਹਾਰੀਆਂ ਹੋਈਆਂ ਨਹੀਂ। ਜਿੱਤ ਦੇ ਅਹਿਸਾਸ ਵਿਚ ਖੀਵੀਆਂ ਹੋਈਆਂ ਉਹ ਹਸੂੰ-ਹਸੂੰ ਚਿਹਰੇ ਲੈ ਕੇ ਘਰ ਨੂੰ ਚਲੀਆਂ ਗਈਆਂ।
ਮੇਰੀ ਇੱਕਲ ਟੁੱਟ ਚੁੱਕੀ ਸੀ। ਮੈਂ ਰੱਜਿਆ ਅਨੁਭਵ ਕਰ ਰਿਹਾ ਸਾਂ। ਘਰ ਵਿਚ ਇਕ ਤਰ੍ਹਾਂ ਦੀ ਮਹਿਕ ਫੈਲ ਗਈ ਸੀ।
ਨਹਾ ਧੋ ਕੇ ਕੱਪੜੇ ਪਹਿਨ ਕੇ, ਜਦੋਂ ਸ਼ਾਮ ਦੀ ਸੈਰ ਲਈ ਨਿਕਲਿਆ ਤਾਂ ਮੈਨੂੰ ਉਨ੍ਹਾਂ ਦੀ ਮੰਮੀ ਮਿਲ ਪਈ।
''ਬੱਚਿਆਂ ਦਾ ਕੀ ਹਾਲ ਹੈ,'' ਮੈਂ ਪੁੱਛਿਆ, ''ਪਹੁੰਚ ਗਈਆਂ?''
''ਹਾਂ ਪਹੁੰਚ ਗਈਆਂ। ਮੇਰਾ ਤਾਂ ਇਨ੍ਹਾਂ ਨਿਆਣਿਆਂ ਨੇ ਲਹੂ ਪੀ ਲਿਐ?'' ਉਹ ਬੋਲੀ।
ਮੈਨੂੰ ਉਸ ਦੀ ਗੱਲ ਕੁਝ ਸਮਝ ਨਾ ਆਈ ਤੇ ਮੈਂ ਉਹਦੇ ਮੂੰਹ ਵੱਲ ਤੱਕਣ ਲੱਗ ਪਿਆ।
''ਅਹਿ ਦੋ ਨਿਆਣੇ ਤਾਂ ਘਰੋਂ ਬਾਹਰ ਹੀ ਰਹਿਣ ਤਾਂ ਸੁਖ ਦਾ ਸਾਹ ਆਉਂਦੈ। ਹੁਣ ਬਾਹਰੋਂ ਆਈਐਂ ਤੇ ਹੁਣੇ ਮਾਰ-ਕੁਟਾਈ ਸ਼ੁਰੂ ਹੋ ਗਈ ਐ।''
''ਅਜੇ ਹੁਣੇ ਤਾਂ ਮੇਰੇ ਕੋਲੋਂ ਗਈਆਂ ਨੇ ਚੰਗੀਆਂ ਭਲੀਆਂ''
''ਘਰ ਜਾ ਕੇ ਵੇਖ ਲੈ ਕਾਟ ਕਟੀਲਾ ਹੋਈਆਂ ਪਈਐਂ।''
ਮੇਰੇ ਮਿੱਤਰ ਦੀ ਵਹੁਟੀ ਏਨੀ ਕਹਿ ਕੇ ਚੁੱਪ ਹੋ ਗਈ।
ਘਰ ਪਹੁੰਚਦਿਆਂ ਹੀ ਕੁੜੀਆਂ ਦੇ ਮਨ ਵਿਚ ਬਾਹਰ ਦੇ ਡਰ ਤੋਂ ਪੈਦਾ ਹੋਏ ਏਕੇ ਦੀ ਮੌਤ ਹੋ ਚੁੱਕੀ ਸੀ।

 

ਕਵਿਤਾ
ਮੰਗਤ ਰਾਮ ਪਾਸਲਾ
 

ਜੀਅ ਤਾਂ ਮੇਰਾ ਵੀ ਕਰਦਾ ਸੀ,
ਸੰਗੀਆਂ ਸੰਗ ਯਾਤਰਾ 'ਤੇ ਜਾਵਾਂ।
ਮੁੰਜ ਵੱਟਣ ਤੇ ਨਾਲੇ ਦੇਵੀ ਦੇ ਦਰਸ਼ਨਾਂ ਵਾਲੀ ਗਲ ਆ।
ਰਾਜੇ ਦੀ ਕ੍ਰਿਪਾ
ਗੱਡੀਆਂ ਭਰ ਭਰ ਜਾਂਦੀਆਂ ਨੇ ਗੁਰੂ ਦਰਸ਼ਨਾਂ ਲਈ।
ਪਰ ਸੁਣਿਆ ਹੈ
ਗੁਰੂ ਤਾਂ ਉਥੋਂ ਚਲੇ ਗਏ ਹਨ
ਵਿਹਲੇ ਵਹਿਣਾ ਉਨ੍ਹਾਂ ਦਾ ਕੰਮ ਨਹੀਂ।
ਕਿੱਧਰੇ ਲਾਲੋ ਤੇ ਭਾਗੋ ਦਾ ਪੰਗਾ,
ਕਿਤੇ ਹਿੰਦੂ ਮੁਸਲਿਮ ਦੰਗਾ।
ਰੋਕ ਰਿਹਾ ਹੋਣਾ ਗੁਰੂ ਸਾਡਾ।
ਜੇਲ੍ਹਾਂ ਦੀਆਂ ਚੱਕੀਆਂ ਵਿਚ
''ਸੱਜਣਾ'' ਦੀਆਂ ਠੱਗੀਆਂ ਨਾਲ ਲੋਹਾ ਲੈਂਦਾ,
ਬੰਦੇ ਬਹਾਦਰ ਨੂੰ ਹੌਂਸਲਾ ਦੇ ਰਿਹਾ ਹੋਵੇਗਾ।
ਬਸ ਕਿਤੇ ਸੱਚ ਦੀ ਬਾਣੀ
ਉਚਰਦਾ ਹੋਵੇਗਾ ਗੁਰੂ ਸਾਡਾ।
    ਇਹ ਯਾਤਰਾ ਕਿਸੇ ਬੁੱਢੇ ਦੀ ਪੈਨਸ਼ਨ ਦੀ ਕਟੌਤੀ ਜਾਂ
    ਮਰ ਰਹੇ ਬੱਚੇ ਦੀ ਦਵਾ ਦੇ ਘਪਲੇ 'ਚੋਂ ਨਿਕਲੀ ਜਾਪਦੀ ਹੈ
    ਇਨ੍ਹਾਂ ਵਿਚ ਕਿਸਾਨ ਸਿਰ ਚੜ੍ਹੇ ਕਰਜ਼ ਦੀਆਂ ਕਿਸ਼ਤਾਂ
    ਨਜ਼ਰ ਆਉਂਦੀਆਂ ਹਨ।
    ਡਾਂਗਾਂ ਖਾਂਦੀ ਡਿੱਗੀ ਮੁੱਟਿਆਰ ਦੇ ਪਰਸ 'ਚੋਂ
    ਡਿੱਗੇ ਨੋਟ ਦੀ ਚੋਰੀ
    ਹਾਕਮਾਂ ਨੂੰ ਹੀ ਭਾਉਂਦੀ ਹੈ।
    ਮੈਂ ਚੋਰਾਂ ਦਾ ਮਾਲ, ਡਾਂਗਾਂ ਦੇ ਭਾਅ ਕਿਉਂ ਲਵਾਂ!
    ਸੰਗਤ ਦਰਸ਼ਨ ਕਾਹਦੈ
    ਸੰਗਤਾਂ ਤਾਂ ਚੁਰਾਹੇ 'ਚ ਲਿਟੀਆਂ ਹੋਈਆਂ ਨੇ,
    ਜੀਉਂਦੀਆਂ ਪਰ ਅਧਮੋਈਆਂ ਨੇ।
    ਨੌਕਰੀ ਮੰਗਣ, ਇੱਜ਼ਤ ਦੀ ਰਾਖੀ ਲਈ ਅਰਜ਼ੀ ਦੇਣ,
    ਚਿੱਟਾ ਪੀਂਦੇ ਵੀਰੇ ਦੇ
    ਲੰਮੇ ਜੀਵਨ ਲਈ ਸੁੱਖ ਮੰਗਣ ਗਈਆਂ ਸਨ ਪਰ,
    ਸਾਹਿਬ ਦੇ ਚੁਟਕਲੇ ਸੁਣਕੇ ਜਰਾ ਸ਼ਰਮਾ ਗਈਆਂ ਨੇ।
ਮੈਂ  ਯਾਤਰਾ ਤੇ ਕੀ ਜਾਣਾ,
ਸੰਗਤਾਂ ਸੰਗ ਬਹਿਕੇ
ਬਸ ਏਥੇ ਹੀ ਗੁਰੂ ਦੇ ਦਰਸ਼ਨ ਕਰ ਲਵਾਂਗਾ।
ਘਟ ਘਟ 'ਚ ਵਸਣ ਵਾਲਾ
ਸਾਥੋਂ ਕਿਤੇ ਅਲੋਪ ਹੋ ਸਕਦਾ ਹੈ?



ਗ਼ਜ਼ਲ
- ਮੱਖਣ ਕੁਹਾੜ

 ਉਹ ਲੋਕੀਂ ਜੋ ਕੱਲਿਆਂ ਕਰਕੇ, ਨਿੱਕੀ ਗੱਲ ਤੋਂ ਡਰ ਜਾਂਦੇ ਨੇ।
ਸਾਥ ਮਿਲੇ ਤਾਂ ਉਹ ਹੀ ਲੋਕੀਂ, ਹਰ ਬਿਪਤਾ ਸਰ ਕਰ ਜਾਂਦੇ  ਨੇ।
ਬਹੁਤੇ ਬੱਦਲ ਕਾਲ਼ੀ ਘਟ ਬਣ, ਸਾਗਰ 'ਤੇ ਹੀ ਵਰ੍ਹ ਜਾਂਦੇ ਨੇ।
ਛੋਟੇ ਹੁੰਦਿਆਂ ਵੀ ਕੁੱਝ ਬੱਦਲ, ਮਾਰੂਥਲ ਤਰ ਕਰ ਜਾਂਦੇ ਨੇ।
ਸੱਭ ਤੋਂ ਪੱਕੇ ਸਭ ਤੋਂ ਗਹਿਰੇ, ਸੱਚੇ-ਸੁੱਚੇ, ਪੀੜ ਦੇ ਰਿਸ਼ਤੇ,
ਇਹ ਰਿਸ਼ਤੇ ਜਦ ਜੁੜ ਜਾਂਦੇ ਨੇ, ਸਾਰੇ ਦਰਦ ਹੀ ਹਰ ਜਾਂਦੇ ਨੇ।
ਦਰਦ, ਗਮਾਂ ਦੇ ਹੰਝੂ ਹਾਉਕੇ, ਸਭ ਕੁਝ ਨਾਲੇ ਹੀ ਨੇ ਰੱਖਦੇ ,
ਕਹਿਣ ਨੂੰ ਲੋਕੀਂ ਖੁਸ਼ੀਆਂ ਵੰਡਣ, ਇਕ ਦੂਜੇ ਦੇ ਘਰ ਜਾਂਦੇ ਨੇ।
ਅਗਰ ਨਾ ਕੋਈ ਹੋਰ ਉਚੇੜੇ, ਮੁੜ ਮੁੜ ਨਾ ਉਸ ਥਾਂ ਤੋਂ ਛੇੜੇ,
ਕਿੰਨੇ ਗਹਿਰੇ ਹੋਣ ਜ਼ਖਮ ਫਿਰ, ਸਹਿਜੇ ਸਹਿਜੇ ਭਰ ਜਾਂਦੇ ਨੇ।
ਓਸ ਬਗੀਚੀ ਦੀ ਹਾਲਤ ਦਾ, ਮਾਲੀ ਹੀ ਤਾਂ ਦੋਸ਼ੀ ਹੁੰਦੈ।
ਜੋਬਨ ਰੁੱਤੇ ਜਿਸਦੇ ਪੱਤੇ ਪੀਲੇ ਪੈ ਕੇ ਝੜ ਜਾਂਦੇ ਨੇ।
ਪੰਛੀ ਜਿਹੜੇ ਉਡਣਾ ਲੋਚਣ, ਪਲ-ਪਲ ਅੰਬਰ ਦੇ ਵੱਲ ਝਾਕਣ,
ਉਡਣ ਤੋਂ ਜੋ ਡਰ ਜਾਂਦੇ ਨੇ, ਆਹਲਣਿਆਂ ਵਿਚ ਮਰ ਜਾਂਦੇ ਨੇ।
ਅੰਨ੍ਹੇ ਰਾਹ-ਦਸੇਰੇ, ਥਾਂ-ਥਾਂ, ਲਾਈ ਬੈਠੇ ਡੇਰੇ, ਥਾਂ-ਥਾਂ,
ਅੰਨ੍ਹੇ ਰਾਹੀ, ਅੰਨ੍ਹੇ ਰਾਹ ਤੁਰ, ਸਭ ਅੰਨ੍ਹੇ ਖੂਹ ਭਰ ਜਾਂਦੇ ਨੇ।
ਤੇਰਾ ਕੰਮ 'ਕੁਹਾੜ' ਹੈ ਲੜਨਾ, ਹਾਰਾਂ ਦੇ ਕੋਲੋਂ ਨਾ ਡਰਨਾ,
ਹਾਰਾਂ ਤੋਂ ਜੋ ਡਰ ਜਾਂਦੇ ਨੇ, ਹਰ ਹਾਲਤ ਉਹ ਹਰ ਜਾਂਦੇ ਨੇ।

No comments:

Post a Comment