Tuesday 5 July 2016

ਚੰਬਲ ਘਾਟੀ ਬਣਦਾ ਜਾ ਰਿਹਾ ਪੰਜਾਬ

ਡਾ.ਤੇਜਿੰਦਰ ਵਿਰਲੀ 
ਪੰਜਾਬ ਵਿਚ ਹਰ ਹਫਤੇ ਕੋਈ ਨਾ ਕੋਈ ਐਸੀ ਖਬਰ ਪ੍ਰਕਾਸ਼ਤ ਹੁੰਦੀ ਹੈ ਕਿ ਗੈਂਗਵਾਰ ਨੇ ਇਕ ਦੀ ਜਾਨ ਲੈ ਲਈ। ਗੈਂਗਵਾਰ ਦੀਆਂ ਚਲਦੀਆਂ ਖਬਰਾਂ ਨੇ ਇਹ ਸੋਚਣ ਲਈ ਮਜਬੂਰ ਕਰ ਦਿੱਤਾ ਹੈ ਕਿ ਪੰਜਾਬੀਆਂ ਵਿਚ ਗੈਂਗਵਾਰ ਤੇ ਗੈਂਗ ਬਣਾਉਣ ਦਾ ਵਧ ਰਿਹਾ ਰੁਝਾਨ ਪੰਜਾਬ ਨੂੰ ਵੀ ਕਿਤੇ ਚੰਬਲ ਦੀ ਘਾਟੀ ਹੀ ਨਾ ਬਣਾ ਦੇਵੇ।
ਲੋਕਾਂ ਦੇ ਧੀਆਂ ਪੁੱਤਰ ਇਸ ਪਾਸੇ ਵੱਲ ਨੂੰ ਕਿਉਂ ਤੁਰ ਪਏ ਹਨ? ਆਖਰ ਇਸ ਦੇ ਕੀ-ਕੀ ਕਾਰਨ ਹੋ ਸਕਦੇ ਹਨ? ਕਿ ਏਨੀ ਵੱਡੀ ਮਾਤਰਾ ਵਿਚ ਨੌਜਵਾਨ ਇਸ ਖੇਤਰ ਵਿਚ ਜਾ ਰਹੇ ਹਨ। ਪੰਜਾਬ ਸਰਕਾਰ ਨੇ ਸਰਕਾਰੀ ਤੌਰ ਉਪਰ ਮੰਨਿਆਂ ਹੈ ਕਿ ਇਹ ਵਰਤਾਰਾ ਪੰਜਾਬ ਵਿਚ ਚਿੰਤਾਜਨਕ ਹੱਦ ਤੱਕ ਵਧ ਰਿਹਾ ਹੈ। ਪੰਜਾਬ ਵਿਚ ਕਰੀਬ ਛੋਟੀਆਂ ਵੱਡੀਆਂ 700 ਟੋਲੀਆਂ ਹਨ ਜਿਹੜੀਆਂ ਇਸ ਖੇਤਰ ਵਿਚ ਸਰਗਰਮ ਹਨ। ਇਨਾਂ ਵੱਖ-ਵੱਖ ਗੈਂਗਾਂ ਵਿਚ ਕੰਮ ਕਰਨ ਵਾਲੇ 70 % ਮੁੰਡੇ ਘਰੋਂ ਖਿਡਾਰੀ ਬਣਨ ਲਈ ਨਿਕਲੇ ਸਨ। ਮਾਂ ਬਾਪ ਨੇ ਇਨ੍ਹਾਂ ਨੂੰ ਲਾਡਾਂ ਨਾਲ ਪਾਲਿਆ ਸੀ। ਇਹ ਲਗਭਗ ਸਾਰੇ ਹੀ ਨਸ਼ਾ ਕਰਦੇ ਹਨ ਤੇ ਇਨ੍ਹਾਂ ਦੇ ਸਿੱਧੇ ਅਸਿੱਧੇ ਤਰੀਕੇ ਨਾਲ ਨਸ਼ੇ ਦੇ ਵੱਡੇ ਤਸਕਰਾਂ ਨਾਲ ਸਬੰਧ ਹਨ। ਲੈਂਡ ਮਾਫੀਆ ਇਨ੍ਹਾਂ ਦੀ ਮਦਦ ਲੈਂਦਾ ਹੈ। ਇਨ੍ਹਾਂ ਗੈਂਗਾਂ ਦੀ ਟਰਾਂਸਪੋਰਟ ਮਾਫੀਏ ਵਿਚ ਵੀ ਸਦਾ ਹੀ ਖਾਸ ਭੂਮਿਕਾ ਰਹੀ ਹੈ। ਪੰਜਾਬ ਦੀਆਂ ਵੱਖ-ਵੱਖ ਟਰੱਕ ਯੂਨੀਅਨਾਂ ਦੀਆਂ ਚੋਣਾ ਸਮੇਂ ਅਸਿੱਧੇ ਤੌਰ ਉਪਰ ਸਰਗਰਮ ਦੇਖੇ ਜਾ ਸਕਦੇ ਹਨ। ਪੰਜਾਬ ਦੀਆਂ ਜੇਲ੍ਹਾਂ ਵਿਚ ਵੀ ਇਨ੍ਹਾਂ ਗੈਂਗਾਂ ਦਾ ਰਾਜ ਹੈ ਤੇ ਇੱਥੇ ਵੀ ਇਨ੍ਹਾਂ ਦਾ ਨਸ਼ੇ ਦਾ ਕਾਰੋਬਾਰ ਚਲਦਾ ਹੈ।
ਪੰਜਾਬ ਦੇ ਪਿੰਡਾਂ ਦੇ ਨਾਲ-ਨਾਲ ਇਹ ਪੰਜਾਬ ਦੇ ਸ਼ਹਿਰਾਂ ਵਿਚ ਵੀ ਸਰਗਰਮ ਹਨ। ਇਸ ਕਰਕੇ ਇਨ੍ਹਾਂ ਦੀ ਦਹਿਸ਼ਤ ਦਾ ਘੇਰਾ ਬਹੁਤ ਹੀ ਵੱਡਾ ਹੈ। ਸਥਾਨਕ ਤੌਰ ਉਪਰ ਲੁੱਟਮਾਰ ਕਰਨ ਵਾਲੇ ਲੁਟੇਰਿਆਂ ਤੋਂ ਲੈਕੇ ਵੱਡੇ ਸਿਆਸਤਦਾਨਾਂ ਨਾਲ ਇਨ੍ਹਾਂ ਦੇ ਸਬੰਧ ਹੋਣ ਕਰਕੇ ਪੰਜਾਬ ਦੀ ਜਨ ਸਧਾਰਨ  ਵਸੋਂ ਇਨ੍ਹਾਂ ਨਾਲ ਕਿਸੇ ਵੀ ਕੀਮਤ 'ਤੇ ਉਲਝਣਾ ਨਹੀਂ ਚਾਹੁੰਦੀ, ਇਸੇ ਕਰਕੇ ਇਨ੍ਹਾਂ ਦਾ ਗੁੰਡਾ ਰਾਜ ਸਰਕਾਰ ਦੀ ਕਿਰਪਾ ਦੇ ਨਾਲ ਸਰਕਾਰ ਦੇ ਵਾਂਗ ਹੀ ਪੰਜਾਬ ਦੇ ਕਈ ਖੇਤਰਾਂ ਵਿਚ ਚਲਦਾ ਹੈ।
ਜੇ ਇਸ ਗੁੰਡਾ ਰਾਜ ਦੀ ਇਕ ਉਦਾਹਰਣ ਦੇਖਣੀ ਹੋਵੇ ਤਾਂ ਜਦੋਂ ਪੇਸ਼ੀ ਭੁਗਤ ਕੇ ਜਾਂਦੇ ਇਕ ਗੈਂਗ ਦੇ ਆਗੂ ਨੂੰ ਦੂਸਰੀ ਗੈਂਗ ਨੇ ਮਾਰਿਆ ਸੀ ਤਾਂ ਪੁਲਿਸ ਕੇਵਲ ਮੂਕ ਦਰਸ਼ਕ ਬਣਕੇ ਹੀ ਰਹਿ ਗਈ ਸੀ। ਕਿਸੇ ਵੀ ਗੈਂਗ ਦੀ ਚੜ੍ਹਤ ਦਾ ਮੀਲ ਪੱਥਰ ਇਹ ਬਣਦਾ ਹੈ ਕਿ ਉਸ ਗੈਂਗ ਦਾ ਮੁੱਖੀਆ ਦੂਸਰੀ ਗੈਂਗ ਦੇ ਆਗੂ ਨੂੰ ਕਿੰਨੀ ਬੇਰਹਿਮੀ ਦੇ ਨਾਲ ਮਾਰਦਾ ਹੈ ਤੇ ਮਾਰਨ ਤੋਂ ਬਾਅਦ ਆਪਣੀ ਵੀਡੀਓ ਫੇਸਬੁੱਕ ਉਪਰ ਅੱਪਲੋਡ ਕਰਦਾ ਹੈ। ਉਸ ਦੀ ਫੇਸਬੁੱਕ ਦੇ ਕਿੰਨੇ ਫਾਲੋਅਰ ਹਨ ਤੇ ਕਿੰਨੇ ਲੋਕ ਉਸ ਨੂੰ 'ਲਾਈਕ' ਕਰਦੇ ਹਨ ਇਨ੍ਹਾਂ ਗਜਾਂ ਨਾਲ ਹੀ ਕਿਸੇ ਗੈਂਗ ਦੀ ਚੜ੍ਹਤ ਨੂੰ ਮਾਪਿਆ ਜਾਂਦਾ ਹੈ। ਪੰਜਾਬ ਵਿਚ ਜਿੱਥੇ ਜਵਾਨ ਮੁੰਡੇ ਇਸ ਜਾਲ ਵਿਚ ਫਸ ਰਹੇ ਹਨ ਉੱਥੇ ਖੂਬਸੂਰਤ ਕੁੜੀਆਂ ਵੀ ਵੱਡੀ ਗਿਣਤੀ ਵਿਚ ਇਨ੍ਹਾਂ ਦੀਆਂ ਫੈਨ ਹਨ। ਇਹ ਗੱਲ ਵੀ ਵੱਡੇ ਪੱਧਰ ਉਪਰ ਇਨ੍ਹਾਂ ਗੈਂਗਾਂ ਨੂੰ ਹੁਲਾਰਾ ਦਿੰਦੀ ਹੈ। ਨਸ਼ਾ, ਪੈਸਾ, ਮੁਟਿਆਰਾਂ ਤੇ ਸਰਕਾਰ ਦੀ ਸਰਪ੍ਰਸਤੀ ਇਨ੍ਹਾਂ ਦੀ ਚੜ੍ਹਤ ਦੇ ਕਾਰਨ ਹਨ।
ਜਦੋਂ ਚੰਬਲ ਦੀ ਘਾਟੀ  ਵਿਚ ਇਸ ਤਰ੍ਹਾਂ ਦੀਆਂ ਗੈਂਗਾਂ ਸਰਗਰਮ ਸਨ ਤਾਂ ਇਕ ਧਾਰਨਾ ਇਹ ਸੀ ਕਿ ਇਹ ਵੱਖ-ਵੱਖ ਗੈਂਗ ਜੰਗਲਾਂ ਵਿਚ ਮਿਲਣ ਵਾਲੀ ਲੱਕੜ ਅਤੇ ਜੰਗਲੀ ਕੁਦਰਤੀ ਵਸਤਾਂ ਦਾ ਨਜਾਇਜ ਧੰਦਾ ਕਰਦੇ ਹਨ। ਚੰਬਲ ਦਾ ਜੰਗਲੀ ਇਲਾਕਾ ਇਨ੍ਹਾਂ ਨੂੰ ਸੁਰੱਖਿਅਤ ਰੱਖਣ ਵਿਚ ਮਦਦ ਕਰਦਾ ਸੀ, ਪਰ ਸਵਾਲ ਪੈਦਾ ਹੁੰਦਾ ਹੈ ਕਿ ਪੰਜਾਬ ਵਿਚ ਜਿੱਥੇ ਨਾ ਜੰਗਲ ਹਨ ਤੇ ਨਾ ਹੀ ਕੁਦਰਤੀ ਮਾਲ ਖਜ਼ਾਨੇ ਜਿਨ੍ਹਾਂ ਦੀ ਲੁੱਟ ਹੋ ਸਕਦੀ ਹੈ ਤਾਂ ਇਹ ਕਿਸ ਤਰ੍ਹਾਂ ਨਾਲ ਸਰਗਰਮ ਰਹਿ ਸਕਦੇ ਹਨ। ਤਾਂ ਚਿੰਤਨਸ਼ੀਲ ਲੋਕ ਇਸ ਦਾ ਜਵਾਬ ਦਿੰਦੇ ਹਨ, ਕਿ ਪੰਜਾਬ ਹੁਣ ਜੰਗਲ ਰਾਜ ਵਿਚ ਤਬਦੀਲ ਹੋ ਚੁੱਕਾ ਹੈ। ਪੰਜਾਬ ਰਾਹੀਂ ਸਾਰੇ ਦੇਸ਼ ਨੂੰ ਨਸ਼ਾ ਸਪਲਾਈ ਕੀਤਾ ਜਾ ਰਿਹਾ ਹੈ। ਨਸ਼ਿਆਂ ਦਾ ਧੰਦਾ ਅਰਬਾਂ-ਖਰਬਾਂ ਦਾ ਧੰਦਾ ਹੈ। ਜਿਸ ਵਿਚ ਪੰਜਾਬ ਦੀ ਸਿਆਸਤ ਲਿਪਤ ਹੈ ਕੇਵਲ ਹਾਕਮ ਧਿਰ ਹੀ ਨਹੀਂ ਸਗੋਂ ਵਿਰੋਧੀ ਧਿਰ ਕਾਂਗਰਸ ਵੀ ਇਸ ਨਜਾਇਜ ਧੰਦੇ ਦਾ ਕਾਰੋਬਾਰ ਕਰਦੀ ਹੈ। ਪੰਜਾਬ ਦੇ 'ਰੱਬੀ ਡੇਰੇ'  ਜਿਹੜੇ ਪੰਜਾਬ ਦੇ ਹਰ ਮੁਹੱਲੇ ਤੇ ਹਰ ਸ਼ਹਿਰ ਵਿਚ ਖੁੱਲ੍ਹ ਗਏ ਹਨ ਉਹ ਵੀ ਇਨ੍ਹਾਂ ਨਸ਼ਿਆਂ ਦੇ ਕਾਰੋਬਾਰੀਆਂ ਖਿਲਾਫ ਮੂੰਹ ਨਹੀਂ ਖੋਲਦੇ। ਉਨ੍ਹਾਂ ਦੀ ਚੁੱਪ ਵੀ ਪੰਜਾਬ ਦੀ ਬਰਬਾਦੀ ਦਾ ਕਾਰਨ ਬਣ ਰਹੀ ਹੈ। ਸੋ ਸਿੱਟਾ ਇਹ ਹੀ ਨਿਕਲਦਾ ਹੈ ਕਿ ਪੰਜਾਬ ਵਿਚ ਗੈਂਗਵਾਰ ਦਾ ਆਧਾਰ ਵੀ ਨਸ਼ੇ ਤੇ ਸਾਡੇ ਹਾਕਮ ਹੀ ਹਨ। ਇਹੋ ਹੀ ਕਾਰਨ ਹੈ ਕਿ ਇਨਾਂ ਵਿੱਚੋਂ ਬਹੁਤਿਆਂ ਦਾ ਕਾਰੋਬਾਰ ਲੱਖਾਂ ਵਿਚ ਹੈ।
ਜਦੋਂ ਕਦੇ ਵੀ ਆਪਸੀ ਗੁੱਟਬੰਦੀ ਨਾਲ ਇਨ੍ਹਾਂ ਵਿੱਚੋਂ ਕਿਸੇ ਇਕ ਦੀ ਮੌਤ ਹੁੰਦੀ ਹੈ ਤਾਂ ਉਸ ਸਮੇਂ ਦੀ ਮਾਨਸਿਕਤਾ ਨੂੰ ਸਮਝਣਾ ਬਹੁਤ ਹੀ ਜਰੂਰੀ ਬਣ ਜਾਂਦਾ ਹੈ। ਪਿੱਛਲੇ ਦਿਨਾਂ ਵਿਚ ਆਪਸੀ ਗੈਂਗਵਾਰ ਵਿਚ ਮਰਨ ਵਾਲੇ ਦੇ ਸਸਕਾਰ 'ਤੇ ਵੱਡੀ ਗਿਣਤੀ ਵਿਚ ਔਰਤਾਂ ਨੇ ਪਿੱਟ ਸਿਆਪਾ ਕੀਤਾ। ਇਹ ਔਰਤਾਂ ਉਸ ਦੀਆਂ ਰਿਸ਼ਤੇਦਾਰ ਨਹੀਂ ਸਨ ਸਗੋਂ ਉਹ ਸਨ ਜਿਹੜੀਆਂ ਆਪਣੀ ਰੋਜ਼ਾਨਾਂ ਜਿੰਦਗੀ ਦੀਆਂ ਲੋੜਾਂ ਨਾਲ ਉਸ ਨਾਲ ਜਾਂ ਉਸ ਦੀ ਗੈਂਗ ਨਾਲ ਜੁੜੀਆਂ ਹੋਈਆਂ ਸਨ। ਇਸ ਦਾ ਮਤਲਬ ਇਹ ਵੀ ਬਣਦਾ ਹੈ ਕਿ ਗੈਂਗ ਆਪਣੀ ਕਮਾਈ ਦਾ ਇਕ ਹਿੱਸਾ ਲੋੜਬੰਦਾਂ ਦੀ ਮਦਦ ਲਈ ਵੀ ਖਰਚਦੇ ਹੋਣਗੇ। ਤਾਂ ਹੀ ਪੰਜਾਬ ਦੇ ਇਹ 'ਰੋਬਿਨ ਹੁੱਡ' ਪੰਜਾਬੀਆਂ ਨੂੰ ਹੀਰੋ ਲਗਦੇ ਹਨ। ਪੰਜਾਬੀਆਂ ਦਾ ਇਕ ਖਾਸ ਸੁਭਾਅ ਵੀ ਹੈ ਕਿ ਪੰਜਾਬੀ ਆਪਣੇ ਹੀਰੋ ਨੂੰ ਜਾਨ ਤੋਂ ਵੱਧ ਕੇ ਪਿਆਰ ਕਰਦੇ ਹਨ ਤੇ ਇਸੇ ਕਰਕੇ ਇਹ ਅਖੌਤੀ  ਹੀਰੋ ਪ੍ਰਵਾਨ ਚੜ੍ਹ ਰਹੇ ਹਨ।
ਇਨ੍ਹਾਂ ਦੇ ਪ੍ਰਵਾਨ ਚੜ੍ਹਨ ਦੀ ਕਹਾਣੀ ਵੀ ਬੜੀ ਹੀ ਅਜੀਬ ਹੈ। ਇਨ੍ਹਾਂ ਨੂੰ ਸਰਕਾਰ ਜਾਂ ਸਰਕਾਰ ਦੇ ਕਿਸੇ ਵੀ ਤੰਤਰ ਵੱਲੋਂ ਕਦੇ ਵੀ ਕੋਈ ਪ੍ਰੇਸ਼ਾਨੀ ਨਹੀਂਂ ਹੁੰਦੀ। ਇਨ੍ਹਾਂ ਦਾ ਵਿਰੋਧ ਕੇਵਲ ਤੇ ਕੇਵਲ ਆਪਸੀ ਹੀ ਹੈ ਜਿਸ ਕਰਕੇ ਇਹ ਜੇਲ੍ਹਾਂ ਵਿਚ ਵੀ ਹਨ ਤੇ ਕਬਰਾਂ ਵਿਚ ਵੀ। ਇਸ ਦੇ ਉੱਲਟ ਸਰਕਾਰ ਤੇ ਵਿਰੋਧੀ ਪਾਰਟੀਆਂ ਦੇ ਆਗੂ ਇਨ੍ਹਾਂ ਦੇ ਸ਼ੁਭਚਿੰਤਕ ਬਣਕੇ ਨਾ ਕੇਵਲ ਇਨ੍ਹਾਂ ਦੀ ਪਿੱਠ ਉਪਰ ਹੀ ਖੜਦੇ ਹਨ ਸਗੋਂ ਆਪਸੀ ਗੈਂਗਵਾਰ ਵਿਚ ਮਰਨ ਉਪਰੰਤ ਸਾਰੀਆਂ ਹੀ ਰਸਮਾਂ ਵਿਚ ਬੜੀ ਹੀ ਬੇਸ਼ਰਮੀ ਨਾਲ ਸਾਮਲ ਹੁੰਦੇ ਹਨ। ਇਸ ਦੇ ਮੁਕਾਬਲੇ 'ਤੇ ਜਦੋਂ ਕੋਈ ਬੁੱਧੀਜੀਵੀ, ਪੱਤਰਕਾਰ, ਚਿੰਤਕ ਜਾਂ  ਲੇਖਕ ਮਰਦਾ ਹੈ ਤਾਂ ਇਹ ਸ਼ੋਕ ਮਤਾ ਵੀ ਨਹੀਂ ਭੇਜ ਪਾਉਂਦੇ। ਇਸ ਤੋਂ ਇਹ ਸ਼ਪਸਟ ਹੁੰਦਾ ਹੈ ਪੰਜਾਬ ਦਾ ਗੈਂਗਤੰਤਰ ਪੰਜਾਬ ਦੇ ਰਾਜਸੀ ਤੰਤਰ ਨਾਲ ਘਿਓ ਖਿਚੜੀ ਹੋਕੇ ਚਲਦਾ ਹੈ। ਜਿੱਥੇ ਇਹ ਇਕ ਦੂਸਰੇ ਦੀ ਮਦਦ ਕਦੇ ਹਨ ਉੱਥੇ ਇਹ ਇਕ ਦੂਸਰੇ ਦੇ ਦੁੱਖ-ਸੁੱਖ ਵਿਚ ਵੀ ਸ਼ਰੀਕ ਹੁੰਦੇ ਹਨ। ਪੰਜਾਬ ਦੀਆਂ ਪਿੱਛਲੀਆਂ ਚੋਣਾ ਵਿਚ ਇਨ੍ਹਾਂ ਗੈਂਗਾਂ ਦੇ ਵੱਖ ਵੱਖ ਮੈਂਬਰਾਂ ਨੇ ਵੱਖ-ਵੱਖ ਰਾਜਸੀ ਪਾਰਟੀਆਂ ਤੇ ਵੱਖ-ਵੱਖ ਰਾਜਸੀ ਆਗੂਆਂ ਦੀ ਮਦਦ ਕੀਤੀ। ਪੰਜਾਬ ਵਿਚ ਇਕ ਖਾਸ ਕਿਸਮ ਦੀ ਦਹਿਸ਼ਤ ਦਾ ਮਾਹੌਲ ਬਣਾਇਆ ਤੇ ਜਿਸ ਕਰਕੇ ਪੰਜਾਬ ਦਾ ਇਕ ਸਹਿਜ ਸੰਜੀਦਾ ਵਿਅਕਤੀ ਇਨ੍ਹਾਂ ਚੋਣਾ ਵਿਚ ਭਾਗ ਲੈਣ ਤੋਂ ਵੀ ਡਰਦਾ ਹੈ। ਇਨਾਂ ਗੈਂਗਾਂ ਨੇ ਪੰਜਾਬ ਦੀ ਰਾਜਨੀਤੀ ਨੂੰ ਇਕ ਖਾਸ ਕਿਸਮ ਦੇ ਮਾਹੌਲ ਵਿਚ ਤਬਦੀਲ ਕਰ ਦਿੱਤਾ ਹੈ ਤੇ ਇਕ ਖਾਸ ਕਿਸਮ ਦੇ ਲੀਡਰ ਹੀ ਇਸ ਵਿਚ ਸ਼ਾਮਲ ਹੋ ਰਹੇ ਹਨ।
ਹੁਣ ਤਾਂ ਇਹ ਵੀ ਦੇਖਣ ਵਿਚ ਆਇਆ ਹੈ ਪੰਜਾਬ ਦੀਆਂ ਵੱਡੀਆਂ ਰਾਜਸੀ ਪਾਰਟੀਆਂ ਅੰਦਰ ਨਾ ਕੇਵਲ ਇਨ੍ਹਾਂ ਦਾ ਦਬਦਬਾ ਵਧ ਰਿਹਾ ਹੈ ਸਗੋਂ ਇਨ੍ਹਾਂ ਨੂੰ ਪਾਰਟੀਆਂ ਦੇ  ਅੰਦਰ ਮਾਣ ਸਤਿਕਾਰ ਦਿੱਤਾ ਜਾ ਰਿਹਾ ਹੈ। ਜਿੱਥੇ ਇਨ੍ਹਾਂ ਗੈਂਗਾਂ ਦੇ ਆਗੂਆਂ ਨੂੰ ਜਾਪਦਾ ਹੈ ਕਿ ਕੁਝ ਵੱਧ ਚਾਹੀਦਾ ਹੈ ਉੱਥੇ ਇਹ ਸਿੱਧੇ ਤੌਰ ਉਪਰ ਪਾਰਟੀਆਂ ਵਿਚ ਜੇ ਟਿਕਟ ਨਹੀਂ ਮਿਲਦੀ ਤਾਂ ਇਹ ਆਜ਼ਾਦ ਵਜੋਂ ਚੋਣਾ ਲੜਨ ਲੱਗ ਪਏ ਹਨ। ਵੱਡੀਆਂ ਪਾਰਟੀਆਂ ਦੇ ਸਥਾਨਕ ਆਗੂ ਇਨ੍ਹਾਂ ਦੀ ਸ਼ਰੇਆਮ ਮਦਦ ਵੀ ਕਰਦੇ ਹਨ।
ਹੁਣ ਇਹ ਸਾਰਾ ਵਰਤਾਰਾ ਸਹਿਜ਼ ਨਹੀਂ ਰਿਹਾ। ਪੰਜਾਬ ਦੀਆਂ ਮਾਂਵਾਂ ਦੇ ਪੁਤੱਰ ਗੁਮਰਾਹ ਕਰਕੇ ਇਸ ਪਾਸੇ ਵੱਲ ਧੱਕੇ ਜਾ ਰਹੇ ਹਨ। ਜਿਸ ਕਰਕੇ ਪੰਜਾਬ ਦੇ ਸਧਾਰਨ ਮਾਂ ਬਾਪ ਆਪਣੇ ਜਵਾਨ ਹੁੰਦੇ ਧੀਆਂ-ਪੁੱਤਰਾਂ ਬਾਰੇ ਬਿਹਾਰ ਤੇ ਉੜੀਸਾ ਦੇ ਮਾਪਿਆਂ ਨਾਲੋਂ ਵੱਧ ਚਿੰਤਾਤੁਰ ਹਨ। ਸਵਾਲ ਇਹ ਖ਼ੜਾ ਹੁੰਦਾ ਹੈ ਕਿ ਹੁਣ ਪੰਜਾਬ ਦਾ ਭਲਾ ਕਿਸ ਤਰ੍ਹਾਂ ਨਾਲ ਹੋਵੇਗਾ?  ਜਵਾਬ ਸੌਖਾ ਹੈ  ਕਿ ਲੋਕਾਂ ਨੂੰ ਆਪ ਸੋਚਣਾ ਪਵੇਗਾ ਕਿ ਹੁਣ ਇਸ ਗੁਮਰਾਹਕੁੰਨ ਤੰਤਰ ਦੇ ਖਿਲਾਫ ਲੜਨਾ ਹੈ ਤਾਂ ਦੜ ਵੱਟ ਦੇ ਦਿਨ ਕਟੀ ਕਰਨੀ ਹੈ। 

No comments:

Post a Comment