Friday 11 October 2013

ਬਰਤਾਨੀਆ ਅਤੇ ਹੋਰਨਾਂ ਥਾਵਾਂ 'ਤੇ ਆਯੋਜਿਤ ਕੀਤੇ ਗਏ ਪ੍ਰਭਾਵਸ਼ਾਲੀ ਗ਼ਦਰ ਸ਼ਤਾਬਦੀ ਸਮਾਰੋਹ

ਗ਼ਦਰ ਪਾਰਟੀ ਦੇ ਸ਼ਤਾਬਦੀ ਸਮਾਰੋਹਾਂ ਨੂੰ ਸੰਬੋਧਨ ਕਰਨ ਲਈ ਭਾਰਤੀ ਮਜ਼ਦੂਰ ਸਭਾ ਇੰਗਲੈਂਡ (I.W.A. Great Britain), ਜਿਸਨੇ ਗ਼ਦਰ ਸ਼ਤਾਬਦੀ ਦੇ ਸੰਬੰਧ ਵਿਚ ਵੱਖ ਵੱਖ ਸ਼ਹਿਰਾਂ ਅੰਦਰ ਅਨੇਕਾਂ ਸਮਾਗਮ ਕਰਨ ਦਾ ਪ੍ਰੋਗਰਾਮ ਉਲੀਕਿਆ ਸੀ, ਦੇ ਸੱਦੇ ਉਤੇ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਵਲੋਂ ਮੈਨੂੰ ਜ਼ਿੰਮੇਵਾਰੀ ਸੌਂਪੀ ਗਈ। 5 ਜੁਲਾਈ ਤੋਂ 4 ਅਗਸਤ ਤੱਕ ਇੰਗਲੈਂਡ ਵਿਚ ਭਾਰਤੀ ਮਜ਼ਦੂਰ ਸਭਾ ਵਲੋਂ ਈਰਥਕਿੰਟ, ਪਲੰਮਸਟਿਡ, ਕੁਵੈਂਟਰੀ, ਨੌਟੀਘਮ, ਲੀਮਿੰਗਟਨਸਪਾਰਕ, ਬੈਡ ਫੋਰਡ ਬੈਡਜ਼ ਤੇ ਬਰਮਿੰਘਮ ਸ਼ਹਿਰਾਂ ਵਿਚ ਵਿਸ਼ਾਲ ਇਕੱਠ ਅਤੇ ਮੀਟਿੰਗਾਂ ਆਯੋਜਤ ਕੀਤੀਆਂ ਗਈਆਂ। ਇਸਤੋਂ ਬਿਨਾਂ ਸ਼ਹੀਦ ਉਧਮ ਸਿੰਘ ਸੁਨਾਮ ਦੇ ਸ਼ਹੀਦੀ ਦਿਹਾੜੇ 'ਤੇ, ਸ਼ਹੀਦ ਦੇ ਨਾਮ ਉਪਰ ਬਣਾਈ ਗਈ ਯਾਦਗਾਰ ਦੇ ਹਾਲ (ਬਰਮਿੰਘਮ) ਵਿਚ ਇਕ ਵੱਖਰੀ ਮੀਟਿੰਗ ਜਥੇਬੰਦ ਕੀਤੀ ਗਈ ਅਤੇ ਕੁਝ ਮੀਟਿੰਗਾਂ ਭਾਰਤ ਦੀ ਮੌਜੂਦਾ ਆਰਥਿਕ ਤੇ ਰਾਜਨੀਤਕ ਅਵਸਥਾ ਨੂੰ ਜਾਨਣ ਹਿੱਤ ਵੀ ਜਥੇਬੰਦ ਕੀਤੀਆਂ ਗਈਆਂ। 
ਇਹ ਤਸੱਲੀ ਵਾਲੀ ਗੱਲ ਹੈ ਕਿ ਇੰਗਲੈਂਡ ਵਿਚ ਵਸਦੇ ਭਾਰਤੀਆਂ ਤੇ ਖਾਸਕਰ ਪੰਜਾਬੀਆਂ ਦੀ ਸਿਰਮੌਰ ਜਥੇਬੰਦੀ, ਭਾਰਤੀ ਮਜ਼ਦੂਰ ਸਭਾ, (I.W.A.) ਜਿਸ ਵਿਚ ਖੱਬੇ ਪੱਖੀ ਅਤੇ ਜਮਹੂਰੀ ਵਿਚਾਰਾਂ ਵਾਲੇ ਸਾਥੀ ਪੂਰੀ ਸਰਗਰਮੀ ਨਾਲ ਪਰਵਾਸੀ ਭਾਰਤੀਆਂ ਦੇ ਹੱਕਾਂ ਹਿਤਾਂ ਦੀ ਰਾਖੀ ਲਈ ਸੰਘਰਸ਼ਸ਼ੀਲ ਹਨ, ਨੇ 2013 ਦੇ ਗ਼ਦਰ ਸ਼ਤਾਬਦੀ ਵਰ੍ਹੇ ਦੌਰਾਨ ਹੋਰ ਹਮ ਖਿਆਲ ਜਥੇਬੰਦੀਆਂ ਨੂੰ ਨਾਲ ਲੈ ਕੇ ਵੱਖ ਵੱਖ ਸਮਾਗਮ ਤੇ ਸਭਿਆਚਾਰਕ ਪ੍ਰੋਗਰਾਮ ਕਰਨ ਦਾ ਫੈਸਲਾ ਕੀਤਾ, ਜਿਹਨਾਂ ਵਿਚ ਗ਼ਦਰ ਪਾਰਟੀ ਦੀ ਆਜ਼ਾਦੀ ਦੇ ਸੰਗਰਾਮ ਵਿਚ ਸ਼ਾਨਾਮੱਤੀ ਤੇ ਕੁਰਬਾਨੀਆਂ ਭਰੀ ਦੇਣ ਅਤੇ ਅਜੋਕੇ ਸੰਦਰਭ ਵਿਚ ਗ਼ਦਰ ਪਾਰਟੀ ਦੀ ਇਨਕਲਾਬੀ ਵਿਚਾਰਧਾਰਾ ਦੀ ਪ੍ਰਸੰਗਕਤਾ ਬਾਰੇ ਵਿਚਾਰ ਚਰਚਾ ਕੀਤੀ ਜਾਣੀ ਸੀ। ਪਹਿਲਾਂ ਆਪਣੀ ਰਜ਼ਾਮੰਦੀ ਦੇਣ ਦੇ ਬਾਵਜੂਦ, ਸੀ.ਪੀ.ਆਈ. (ਐਮ) ਦੇ ਸਾਥੀਆਂ ਨੇ ਇਨ੍ਹਾਂ ਸਾਂਝੇ ਸਮਾਗਮਾਂ ਵਿਚ ਹਿੱਸਾ ਲੈਣ ਦੀ ਥਾਂ ਆਪਣੇ ਵੱਖਰੇ ਤੇ ਸਮਾਨੰਤਰ ਪ੍ਰੋਗਰਾਮ ਆਯੋਜਤ ਕੀਤੇ (ਜਿਸਦੇ ਕਾਰਨਾਂ ਬਾਰੇ ਉਹ ਖੁਦ ਹੀ ਦੱਸ ਸਕਦੇ ਹਨ) ਪ੍ਰੰਤੂ ਵਿਚਾਰਧਾਰਕ ਵੱਖਰੇਵਿਆਂ ਦੇ ਬਾਵਜੂਦ ਬਾਕੀ ਸਮੂਹ ਅਗਾਂਹਵਧੂ ਤੇ ਖੱਬੀਆਂ ਧਿਰਾਂ ਨੇ ਪੂਰੇ ਜੋਸ਼, ਉਤਸ਼ਾਹ ਤੇ ਮਿਹਨਤ ਨਾਲ ਗ਼ਦਰ ਪਾਰਟੀ ਦੇ ਸਮਾਰੋਹਾਂ ਨੂੰ ਆਯੋਜਤ ਕੀਤਾ, ਜਿਨ੍ਹਾਂ ਵਿਚ ਸੈਂਕੜੇ ਲੋਕਾਂ ਨੇ ਇਤਿਹਾਸ ਦੀ ਇਸ ਸੂਹੀ ਲਾਟ, ਗਦਰ ਪਾਰਟੀ, ਦੀਆਂ ਕੁਰਬਾਨੀਆਂ ਭਰੀ ਦਾਸਤਾਨ ਸੁਣੀ ਜੋ ਸ਼ਾਇਦ ਲੰਬੇ ਸਮੇਂ ਤੱਕ ਉਨ੍ਹਾਂ ਦੇ ਦਿਲਾਂ ਨੂੰ ਟੁੰਬਦੀ ਰਹੇਗੀ। ਇਨ੍ਹਾਂ ਸਾਰੇ ਸਮਾਗਮਾਂ ਵਿਚ ਬਾਕੀ ਸਾਥੀਆਂ ਨਾਲ, ਜਿਨ੍ਹਾਂ ਵਿਚ ਸਰਵ ਸਾਥੀ ਅਵਤਾਰ ਜੌਹਲ, ਕੁਲਵੀਰ ਸਿੰਘ ਸੰਘੇੜਾ, ਹਰਭਜਨ ਦਰਦੀ, ਸ਼ੀਰਾ ਜੌਹਲ ਸਮੇਤ ਹੋਰ ਅਨੇਕਾਂ ਸਾਥੀ ਸਨ, ਦੇਸ਼ ਭਗਤ ਯਾਦਗਾਰ ਕਮੇਟੀ ਵਲੋਂ ਮੈਨੂੰ ਵਿਚਾਰ ਪ੍ਰਗਟ ਕਰਨ ਦਾ ਮੌਕਾ ਮਿਲਿਆ। ਕੁਵੈਂਟਰੀ ਦੇ ਸਮਾਗਮ ਵਿਚ ਪੰਜਾਬ ਤੋਂ ਉਪੜੇ ਸਾਥੀ ਜਤਿੰਦਰ ਪੰਨੂੰ ਨੇ ਵੀ ਸ਼ਿਰਕਤ ਕੀਤੀ। ਸਚਮੁਚ ਹੀ ਇਸ ਮਹਾਨ ਉਦਮ ਲਈ ਸਮੁੱਚੀ ਭਾਰਤੀ ਮਜ਼ਦੂਰ ਸਭਾ ਇੰਗਲੈਂਡ (I.W.A.), ਖਾਸਕਰ ਬਰਮਿੰਘਮ ਦੇ ਸਮੁੱਚੇ ਆਗੂ ਤੇ ਕਾਰਕੁੰਨ ਵਧਾਈ ਦੇ ਪਾਤਰ ਹਨ। ਇਸ ਉੱਦਮ ਵਿਚ ਸਮੁੱਚੇ ਪ੍ਰਵਾਸੀ ਭਾਰਤੀਆਂ, ਖਾਸਕਰ ਪੰਜਾਬੀਆਂ ਵਲੋਂ ਤਨ, ਮਨ, ਧਨ ਨਾਲ ਪੂਰੀ ਪੂਰੀ ਸਹਾਇਤਾ ਕੀਤੀ ਗਈ ਜਿਸ ਸਦਕਾ ਇੰਗਲੈਂਡ ਵਿਚ ਗਦਰ ਪਾਰਟੀ ਦੀ ਸ਼ਤਾਬਦੀ ਦੇ ਸੰਬੰਧ ਵਿਚ ਕੀਤੇ ਗਏ ਸਾਰੇ ਸਮਾਗਮ ''ਅਭੁੱਲ ਯਾਦ'' ਦਾ ਰੂਪ ਧਾਰਨ ਕਰ ਗਏ ਹਨ। 
ਇਨ੍ਹਾਂ ਸਮਾਰੋਹਾਂ ਤੋਂ ਬਿਨਾਂ ਭਾਰਤੀ ਮਜ਼ਦੂਰ ਸਭਾ (I.W.A. ) ਦੇ ਆਗੂਆਂ ਦੀ ਪਹਿਲਕਦਮੀ ਸਦਕਾ ਟੀ.ਵੀ., ਰੇਡੀਓ. ਤੇ ਅਖਬਾਰਾਂ ਰਾਹੀਂ ਵੀ ਗਦਰ ਪਾਰਟੀ ਦੇ ਵਿਚਾਰਾਂ ਨੂੰ ਵੱਡੇ ਹਿੱਸੇ ਦੇ ਲੋਕਾਂ ਕੋਲ ਪਹੁੰਚਾਇਆ ਗਿਆ, ਜਿਨ੍ਹਾਂ ਵਿਚ ਗ਼ਦਰ ਪਾਰਟੀ ਦੇ ਸੰਪੂਰਨ ਆਜ਼ਾਦੀ, ਬਰਾਬਰਤਾ, ਧਰਮ ਨਿਰਪੱਖਤਾ, ਹਰ ਕਿਸਮ ਦੀ ਲੁੱਟਖਸੁੱਟ ਦਾ ਖਾਤਮਾ ਕਰਕੇ ਸਰਬੱਤ ਦੇ ਭਲੇ ਦਾ ਸਮਾਜ ਸਿਰਜਣ ਵਰਗੇ ਮਹਾਨ  ਆਸ਼ੇ ਸ਼ਾਮਲ ਹਨ। ਇਸਤੋਂ ਬਿਨਾਂ ਗ਼ਦਰੀ ਸੂਰਬੀਰਾਂ ਦੀ ਆਪਣੇ ਨਿਸ਼ਾਨਿਆਂ ਦੀ ਪ੍ਰਾਪਤੀ ਲਈ ਸਮਰਪਤ ਭਾਵਨਾ ਤੇ ਕੁਰਬਾਨੀਆਂ ਕਰਨ ਦੇ ਦ੍ਰਿਰੜ ਇਰਾਦੇ, ਹਰ ਜ਼ੁਲਮ ਨੂੰ ਖਿੜੇ ਮੱਥੇ ਸਹਾਰਨ ਦੀ ਦਲੇਰੀ ਅਤੇ ਜ਼ਾਲਮ ਸਾਮਰਾਜੀ ਦੁਸ਼ਮਣਾਂ ਪ੍ਰਤੀ ਬੇਬਹਾ ਨਫਰਤ ਨੂੰ ਵੀ ਵਿਸਥਾਰ ਸਹਿਤ ਲੋਕਾਂ ਸਾਹਮਣੇ ਬਿਆਨਿਆ ਗਿਆ। ਜਿਹੜੇ ਸੰਕੀਰਨਤਾਵਾਦੀ ਤੇ ਫਿਰਕੂ ਤੱਤ ਗ਼ਦਰ ਪਾਰਟੀ ਨੂੰ ਇਕ ਖਾਸ ਧਰਮ, ਫਿਰਕੇ ਜਾਂ ਇਲਾਕੇ ਵਿਚ ਬੰਨ੍ਹਣ ਲਈ ਹਰ ਕਿਸਮ ਦਾ ਘਟੀਆ ਤੇ ਮਨਘੜਤ ਪ੍ਰਚਾਰ ਕਰਦੇ ਹਨ ਤੇ ਗ਼ਦਰੀ ਬਾਬਿਆਂ ਵਲੋਂ ਸਮੁੱਚੀ ਮਨੁੱਖਤਾ ਦੇ ਕਲਿਆਣ ਲਈ ਅਪਣਾਈ ਗਈ ਇਨਕਲਾਬੀ ਵਿਚਾਰਧਾਰਾ ਨੂੰ ਫਿਰਕਾਪ੍ਰਸਤੀ ਤੇ ਤੰਗਨਜ਼ਰੀ ਦੀ ਸੌੜੀ ਸਿਆਸਤ ਵਿਚ ਰੰਗਣ ਦਾ ਨਾਪਾਕ ਯਤਨ ਕਰ ਰਹੇ ਹਨ, ਅਜਿਹੇ ਤੱਤਾਂ ਦੇ ਗਲਤ ਵਿਚਾਰਾਂ ਨੂੰ ਵੀ ਦਲੀਲਾਂ ਨਾਲ ਤੇ ਗ਼ਦਰ ਪਾਰਟੀ ਦੇ ਸੂਰਬੀਰਾਂ ਵਲੋਂ ਰਚੇ ਗਏ ਸ਼ਾਨਾਮੱਤੇ ਇਤਿਹਾਸ ਤੇ ਕਵਿਤਾ (ਗ਼ਦਰ ਗੂੰਜਾਂ) ਦੇ ਹਵਾਲਿਆਂ ਨਾਲ ਖੰਡਿਤ ਕੀਤਾ ਗਿਆ। ਭਾਰਤੀ ਮਜ਼ਦੂਰ ਸਭਾ ਨੇ ਗ਼ਦਰ ਪਾਰਟੀ ਦੀ ਸ਼ਤਾਬਦੀ ਸਮਾਰੋਹਾਂ ਦੀ ਲੜੀ ਵਿਚ ਮਨਾਏ ਜਾ ਰਹੇ ਗ਼ਦਰੀ ਬਾਬਿਆਂ ਦੇ ਮੇਲੇ (28 ਅਕਤੂਬਰ ਤੋਂ 1 ਨਵੰਬਰ 2013) ਵਿਚ ਵੀ ਵੱਡੀ ਗਿਣਤੀ ਵਿਚ ਪਰਵਾਸੀ ਭਾਰਤੀਆਂ ਨੂੰ ਸ਼ਾਮਲ ਹੋਣ ਦਾ ਸੱਦਾ ਦਿੱਤਾ। ਖੁਸ਼ੀ ਦੀ ਗੱਲ ਹੈ ਕਿ ਭਾਰਤੀ ਮਜ਼ਦੂਰ ਸਭਾ (I.W.A.) ਵਲੋਂ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਵਲੋਂ ਸ਼ਤਾਬਦੀ ਵਰ੍ਹੇ ਵਿਚ 'ਗ਼ਦਰੀ ਗੂੰਜਾਂ' ਨਾਮੀ ਬਣਾਈ ਗਈ ਕੈਸਿਟ ਵਿਚ ਲੋੜੀਂਦੀ ਆਰਥਿਕ ਸਹਾਇਤਾ ਵਜੋਂ ਦੋ ਲੱਖ ਰੁਪਏ ਭੇਜਣ ਦਾ ਵਾਅਦਾ ਵੀ ਕੀਤਾ ਗਿਆ। 
ਰਿਪੋਰਟ : ਮੰਗਤ ਰਾਮ ਪਾਸਲਾ 



ਔਕਲੈਂਡ 'ਚ ਗ਼ਦਰ ਲਹਿਰ ਸ਼ਤਾਬਦੀ ਸਮਾਗਮ

ਸ਼ਹੀਦ ਭਗਤ ਸਿੰਘ ਚੈਰੀਟੇਬਲ ਟਰੱਸਟ, ਔਕਲੈਂਡ (ਨਿਊਜ਼ੀਲੈਂਡ) ਵੱਲੋਂ ਗ਼ਦਰ ਪਾਰਟੀ ਦੀ ਸਥਾਪਨਾ ਸ਼ਤਾਬਦੀ ਵਰ੍ਹੇ ਨੂੰ ਸਮਰਪਤ ਆਪਣਾ ਸਲਾਨਾ ਸਮਾਗਮ ਟਾਊਨ ਹਾਲ ਪਾਪਾ ਟੋਏ ਟੋਏ ਵਿਚ ਕਰਵਾਇਆ ਗਿਆ। 
ਇਸ ਸਮਾਗਮ ਨੂੰ ਸੰਬੋਧਨ ਕਰਦਿਆਂ ਮੁੱਖ ਬੁਲਾਰੇ, 'ਹੁਣ' ਮੈਗਜ਼ੀਨ ਦੇ ਸੰਪਾਦਕ ਸਾਥੀ ਸੁਸ਼ੀਲ ਦੁਸਾਂਝ ਨੇ ਕਿਹਾ ਕਿ ਗ਼ਦਰ ਲਹਿਰ ਦਾ ਮਕਸਦ ਕੇਵਲ ਭਾਰਤ ਦੀ ਆਜ਼ਾਦੀ ਨਹੀਂ ਸੀ, ਸਗੋਂ ਦੁਨੀਆਂ ਭਰ ਦੇ 
ਗੁਲਾਮ ਲੋਕਾਂ ਦੀ ਮੁਕਤੀ ਵੀ ਗ਼ਦਰੀਆਂ ਦੇ ਅਕੀਦਿਆਂ 'ਚ ਸ਼ਾਮਲ ਸੀ।
ਖਚਾਖਚ ਭਰੇ ਹਾਲ ਵਿਚ ਆਪਣੀ ਗੱਲ ਨੂੰ ਅੱਗੇ ਤੋਰਦਿਆਂ ਸੁਸ਼ੀਲ ਦੁਸਾਂਝ ਨੇ ਕਿਹਾ ਕਿ ਅੱਜ ਸੌ ਸਾਲ ਬਾਅਦ ਗ਼ਦਰ ਦੀ ਗੂੰਜ ਮੁੜ ਸੁਣਾਈ ਦੇ ਰਹੀ ਹੈ। ਇਹ ਤੀਸਰਾ ਗ਼ਦਰ ਹੋਵੇਗਾ। ਸੌ ਸਾਲ ਪਹਿਲਾਂ ਅਮਰੀਕਾ ਦੇ ਸਾਨਫਰਾਂਸਿਸਕੋ ਵਿਚ ਦੂਸਰੇ ਗ਼ਦਰ ਦੀ ਗੂੰਜ ਸੁਣਾਈ ਦਿੱਤੀ ਸੀ ਤੇ ਇਸ ਤੋਂ 55 ਸਾਲ ਪਹਿਲਾਂ 1857 ਦੇ ਗ਼ਦਰ ਦੀਆਂ ਗੂੰਜਾਂ ਸਨ। ਜੇ 1912-13 ਵਿਚ ਅਮਰੀਕਾ ਤੋਂ ਉੱਠੇ ਦੂਸਰੇ ਗ਼ਦਰ ਦੀ ਜ਼ਮੀਨ ਵਿਚ 1857 ਦੇ ਗ਼ਦਰ ਦਾ ਆਦਰਸ਼ ਸੀ ਤਾਂ ਹੁਣ ਜਿਸ ਤੀਸਰੇ ਗ਼ਦਰ ਦੇ ਦੌਰ ਵਿਚ ਅਸੀਂ ਦਾਖ਼ਲ ਹੋਣ ਜਾ ਰਹੇ ਹਾਂ ਤਾਂ ਇਹਦੇ ਵਿਚ ਦੂਜੇ ਗ਼ਦਰ ਦੀ ਇਨਕਲਾਬੀ ਅਤੇ ਜੋਸ਼ੀਲੀ ਵਿਰਾਸਤ ਬੋਲ ਰਹੀ ਹੈ। ਉਹਨਾਂ ਕਿਹਾ ਕਿ ਗ਼ਦਰ, ਗ਼ਦਰ ਪਾਰਟੀ, ਗ਼ਦਰ ਅਖ਼ਬਾਰ ਅਤੇ ਗ਼ਦਰ ਦੀ ਗੂੰਜ ਸਿਰਫ਼ ਭਾਵਨਾਤਮਕ ਲਫ਼ਜ਼ ਨਹੀਂ ਸੀ ਸਗੋਂ ਇਹ ਭਾਰਤ ਦੇ ਕੌਮੀ ਅੰਦੋਲਨ ਦਾ ਸਭ ਤੋਂ ਪਹਿਲਾ ਰਾਜਨੀਤਕ ਅੰਦੋਲਨ ਸੀ।  ਇਸ ਅੰਦੋਲਨ ਦੀ ਅਗਰ ਭੂਮੀ ਵਿਚ ਜੇ ਅੰਗਰੇਜ਼ ਹਾਕਮਾਂ ਵਿਰੁੱਧ ਹਥਿਆਰਬੰਦ ਬਗ਼ਾਵਤ ਸੀ ਅਤੇ ਸੁਪਨਿਆਂ ਵਿਚ ਮੁਕੰਮਲ ਆਜ਼ਾਦੀ ਤਾਂ ਇਹਦੀ ਪਿੱਠ ਭੂਮੀ ਵਿਚ ਪ੍ਰਤੀਬੱਧ ਵਿਚਾਰਧਾਰਾ ਸੀ; ਅਵਾਮ ਦੀ ਮੁਕਤੀ ਦੀ ਵਿਚਾਰਧਾਰਾ, ਸਮਾਜਕ ਬਰਾਬਰੀ ਦੀ ਵਿਚਾਰਧਾਰਾ ਅਤੇ ਇਕ ਲੁੱਟ ਖਸੁੱਟ ਰਹਿਤ ਆਰਥਕ ਅਤੇ ਰਾਜਨੀਤਕ ਪ੍ਰਬੰਧ ਦੀ ਵਿਚਾਰਧਾਰਾ।
ਸੁਸ਼ੀਲ ਦੁਸਾਝ ਨੇ ਕੁੱਝ ਅਖੌਤੀ ਬੁੱਧੀਜੀਵੀਆਂ ਵਲੋਂ ਇਸ ਮਹਾਨ ਲੋਕ-ਪੱਖੀ ਵਿਰਾਸਤ ਨੂੰ ਸਿੱਖ ਲਹਿਰ ਵਜੋਂ ਸੀਮਤ ਕਰਨ ਦੀਆਂ ਕੋਸ਼ਿਸ਼ਾਂ ਦਾ ਸਖ਼ਤ ਨੋਟਿਸ ਲੈਂਦਿਆਂ ਸਪੱਸ਼ਟ ਕੀਤਾ ਕਿ ਗਦਰ ਲਹਿਰ ਪੂਰੀ ਤਰ੍ਹਾਂ ਜ਼ਾਤ-ਪਾਤ ਅਤੇ ਧਰਮ ਦੀਆਂ ਵਲਗਣਾਂ ਤੋਂ ਮੁਕਤ ਲਹਿਰ ਸੀ। ਉਹਨਾਂ ਗਦਰ ਪਾਰਟੀ ਦੇ ਸੰਵਿਧਾਨ ਦਾ ਹਵਾਲਾ ਦਿੰਦਿਆਂ ਦਸਿਆ ਕਿ ਗਦਰ ਪਾਰਟੀ ਦੇ ਮੈਂਬਰਾਂ ਵਿਚ ਪੂਰੀ ਅਫ਼ਿਰਕੂ ਏਕਤਾ ਹੀ ਸਾਂਝੀ ਕੜੀ ਸੀ। ਉਹਨਾਂ ਉਹ ਧਾਰਾ ਵੀ ਪੜ੍ਹ ਕੇ ਸੁਣਾਈ ਜਿਸ ਵਿਚ ਦਰਜ ਹੈ ਕਿ- 'ਗ਼ਦਰ ਪਾਰਟੀ ਦੇ ਹਰ ਇਕ ਸਿਪਾਹੀ ਦਾ ਆਪੋ-ਵਿਚੀ ਕੌਮੀ ਨਾਤਾ ਹੋਵੇਗਾ ਨਾ ਕਿ ਮਜ੍ਹਬੀ ਅਤੇ ਨਾ ਹੀ ਗਦਰ ਪਾਰਟੀ ਵਿਚ ਕਦੀ ਮਜ੍ਹਬੀ ਚਰਚਾ ਕੀਤੀ ਜਾਵੇਗੀ। ਹਿੰਦੂ-ਸਿੱਖ, ਮੁਸਲਮਾਨ, ਇਸਾਈ ਆਦਿ ਮਜ੍ਹਬੀ ਖ਼ਿਆਲਾਂ ਨੂੰ ਲੈ ਕੇ ਕੋਈ ਵੀ ਵਿਅਕਤੀ ਗ਼ਦਰ ਪਾਰਟੀ ਵਿਚ ਸ਼ਾਮਲ ਨਹੀਂ ਹੋ ਸਕੇਗਾ।'਼ ਉਹਨਾਂ ਦਸਿਆ ਕਿ ਗ਼ਦਰੀਆਂ ਨੇ ਪਹਿਲਾਂ ਕਲਮ ਅਤੇ ਪ੍ਰੈਸ ਨੂੰ ਪ੍ਰਚਾਰ ਦਾ ਮਾਧਿਅਮ ਬਣਾਇਆ ਅਤੇ ਗ਼ਦਰ ਅਖ਼ਬਾਰ ਦੇ ਪੰਜਾਬੀ ਐਡੀਸ਼ਨ ਦਾ ਸੰਪਾਦਕ ਕਰਤਾਰ ਸਿੰਘ ਸਰਾਭਾ ਨੂੰ ਬਣਾਇਆ ਗਿਆ; ਤੇ ਫੇਰ ਕਲਮ ਅਤੇ ਪ੍ਰੈਸ ਦੇ ਨਾਲ ਨਾਲ ਗ਼ਦਰ ਲਈ ਹਥਿਆਰਬੰਦ ਸੰਘਰਸ਼ ਸ਼ੁਰੂ ਹੋਇਆ। ਕਰਤਾਰ ਸਿੰਘ ਸਰਾਭਾ ਅਤੇ ਹੋਰਨਾਂ ਗ਼ਦਰੀ ਬਾਬਿਆਂ ਨਾਲ ਲਗਭਗ 8000 ਭਾਰਤੀ ਵਤਨ ਨੂੰ ਆਜ਼ਾਦ ਕਰਵਾਉਣ ਦੀ ਤਾਂਘ ਲਈ ਮੁਲਕ ਵੱਲ ਕੂਚ ਕਰਦੇ ਹਨ। ਫ਼ੌਜੀ ਛਾਉਣੀਆਂ, ਗੁਰਦੁਆਰਿਆਂ, ਮੇਲਿਆਂ ਅਤੇ ਪਿੰਡਾਂ ਦੀਆਂ ਸੱਥਾਂ ਤਕ ਬਗ਼ਾਵਤ ਦੇ ਸੁਨੇਹੇ ਪਹੁੰਚਣ ਲਗਦੇ ਹਨ। 21 ਫ਼ਰਵਰੀ 1915 ਨੂੰ ਫ਼ੌਜੀ ਬਗ਼ਾਵਤ ਦੀ ਤਰੀਕ ਤੈਅ ਹੁੰਦੀ ਹੈ ਪਰ ਕਿਰਪਾਲ ਸਿੰਘ ਨਾਂਅ ਦਾ ਇਕ ਗ਼ੱਦਾਰ, ਗੱਦਾਰੀ ਕਰ ਜਾਂਦਾ ਹੈ। ਉਹਨਾਂ ਗਦਰੀ ਬਾਬਿਆਂ ਨੂੰ ਸਿੱਖ ਸਾਬਤ ਕਰਨ 'ਤੇ ਤੁਲੇ ਹੋਏ ਅਖੌਤੀ ਸਿੱਖ ਬੁੱਧੀਜੀਵੀਆਂ ਨੂੰ ਸਵਾਲ ਕੀਤਾ ਕਿ ਉਹ ਕਿਰਪਾਲ ਸਿੰਘ ਨੂੰ ਵੀ ਸਿੱਖ ਕਹਿਣ ਦੀ ਹਿੰਮਤ ਕਰਨ। ਉਹਨਾਂ ਨਾਲ ਹੀ ਸਪੱਸ਼ਟ ਕੀਤਾ ਕਿ ਗਦਰੀ ਬਾਬਿਆਂ ਦਾ ਧਰਮ ਤਾਂ ਮਨੁੱਖਤਾ ਸੀ, ਪਰ ਕਿਰਪਾਲ ਸਿੰਘ ਦਾ ਧਰਮ ਗੱਦਾਰੀ ਸੀ।
ਉਹਨਾਂ ਕਿਹਾ ਕਿ ਇਸ ਗ਼ਦਰ ਦੀ ਵਿਚਾਰਧਾਰਕ ਜ਼ਮੀਨ ਹੀ ਭਾਰਤ ਦੇ ਸੁਤੰਤਰਤਾ ਅੰਦੋਲਨ ਦੀ ਨੀਂਹ ਬਣਦੀ ਹੈ। ਇਸ ਗ਼ਦਰ ਦੇ ਹੀਰੇ ਭਾਰਤੀ ਜਵਾਨੀ ਦੇ ਸਭ ਤੋਂ ਵੱਡੇ ਨਾਇਕ ਭਗਤ ਸਿੰਘ ਦੇ ਆਦਰਸ਼ ਬਣਦੇ ਹਨ ਤੇ ਭਾਰਤੀ ਆਜ਼ਾਦੀ ਦੇ ਸੰਕਲਪ ਨੂੰ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖ਼ਤਮ ਕਰਨ ਦੇ ਸੰਕਲਪ ਤੱਕ ਵਿਸਥਾਰ ਦਿੱਤਾ ਜਾਂਦਾ ਹੈ। ਆਪਣੇ ਭਾਸ਼ਣ ਦੇ ਅਖੀਰ ਵਿਚ ਸੁਸ਼ੀਲ ਦੁਸਾਂਝ ਨੇ ਮੌਜੂਦਾ ਪ੍ਰਸਥਿਤੀਆਂ ਦਾ ਜ਼ਿਕਰ ਕਰਦਿਆਂ ਕਿਹਾ ਕਿ ਜਿਸ ਅੰਦਾਜ਼ ਵਿਚ ਭਾਰਤ ਦੀ ਮਨਮੋਹਨ ਸਿੰਘ ਦੀ ਅਗਵਾਈ ਵਾਲੀ ਸਰਕਾਰ ਬਹੁ-ਕੌਮੀ ਕੰਪਨੀਆਂ ਲਈ ਮੁਲਕ ਦੇ ਦਰਵਾਜ਼ੇ ਖੋਲ੍ਹ ਰਹੀ ਹੈ, ਉਸ ਨਾਲ ਭਾਰਤੀ ਅਵਾਮ ਦੀ ਆਰਥਕ, ਸਮਾਜਕ ਅਤੇ ਮਾਨਸਿਕ ਲੁੱਟ ਦੇ ਪਿਛਲੇ ਸਾਰੇ ਰਿਕਾਰਡ ਟੁੱਟ ਗਏ ਹਨ। ਉਹਨਾਂ ਕਿਹਾ ਕਿ ਅੱਜ ਫੇਰ ਭਾਰਤ ਸਾਮਰਾਜੀ ਰਹਿਮੋ ਕਰਮ 'ਤੇ ਹੈ ਤੇ ਇਹਦੇ ਬਚਣ ਦਾ ਇੱਕੋ ਇੱਕ ਰਸਤਾ ਗਦਰੀ ਬਾਬਿਆਂ, ਭਗਤ ਸਿੰਘ, ਰਾਜਗੁਰੂ, ਸੁਖਦੇਵ ਅਤੇ ਹੋਰਨਾਂ ਮਹਾਨ ਇਨਕਲਾਬੀਆਂ ਦੀ ਵਿਚਾਰਧਾਰਾ ਹੀ ਹੈ ਤੇ ਇਸੇ ਵਿਚਾਰਧਾਰਾ ਦੀ ਅਗਵਾਈ ਵਿਚ ਭਾਰਤ ਵਿਚ ਤੀਸਰੇ ਗਦਰ ਦੀ ਅਹਿਮ ਲੋੜ ਬਣ ਗਈ ਹੈ।
 ਇਸ ਤੋਂ ਪਹਿਲਾਂ ਟਰੱਸਟ ਦੇ ਪ੍ਰਧਾਨ ਮੁਖਤਿਆਰ ਸਿੰਘ ਵਲੋਂ ਜੀ ਆਇਆਂ ਕਹਿਣ ਤੋਂ ਬਾਅਦ ਸਮਾਗਮ ਦਾ ਆਰੰਭ ਸੀਰਤਦੀਪ, ਯੁਵਰਾਜ, ਨੇਹਾ, ਰੌਨੀ, ਏਕਲਭਯ, ਤਨਵੀ, ਨੀਲ, ਮਾਨਵੀ, ਲਵਦੀਪ, ਨਿਸ਼ਾਂਤ, ਨਵਦੀਪ ਅਤੇ ਸ਼ਾਨ 'ਤੇ ਅਧਾਰਤ ਬੱਚਿਆਂ ਦੇ ਗਰੁੱਪ ਵਲੋਂ ਮੌਰੀ ਰਾਸ਼ਟਰ ਗਾਨ ਨਾਲ ਹੋਇਆ। ਭਾਰਤੀ ਕਲੋਟੀ ਵਲੋਂ ਔਕਲੈਂਡ ਵਿਚ ਲੜੇ ਜਾ ਰਹੇ ਲੋਕ ਸੰਘਰਸ਼ਾਂ ਦੀਆਂ ਵੀਡੀਓਜ਼ ਦਿਖਾਈਆਂ ਗਈਆਂ। ਹਾਈ ਸਕੂਲ ਦੇ ਵਿਦਿਆਰਥੀ ਨਿਸ਼ਾਂਤ ਨੇ ਭਗਤ ਸਿੰਘ 'ਤੇ ਸਲਾਈਡ ਸ਼ੋਅ ਪੇਸ਼ ਕੀਤਾ। ਉਪਰੰਤ ਚਰਨਜੀਤ ਸਿੰਘ ਨੇ ਭਗਤ ਸਿੰਘ ਦੀ ਵਾਰ ਸੁਣਾਈ। ਟਰੱਸਟ ਦੇ ਸੀਨੀਅਰ ਮੈਂਬਰ ਧਰਮ ਪਾਲ ਨੇ ਗਦਰ ਲਹਿਰ ਦੇ ਇਤਿਹਾਸ 'ਤੇ ਚਾਨਣਾ ਪਾਇਆ। ਬਲਜਿੰਦਰ ਸਿੰਘ ਨੇ ਮੈਜਿਕ ਟਰਿਕ ਪੇਸ਼ ਕਰਦਿਆਂ ਪੰਖਡੀ ਸਾਧਾਂ ਸੰਤਾਂ ਦਾ ਪਰਦਾ ਫਾਸ਼ ਕੀਤਾ। ਯੂਨਾਈਟਡ ਯੂਨੀਅਨ ਦੇ ਆਗੂ ਮਾਇਕਟ ਰੀਨ ਨੇ ਸਥਾਨਕ ਵਰਕਰਾਂ ਦੇ ਮਸਲੇ ਪੇਸ਼ ਕੀਤੇ। ਮਾਨਾ ਪਾਰਟੀ ਵਲੋਂ ਔਕਲੈਂਡ ਮੇਅਰ ਚੋਣਾਂ ਦੇ ਉਮੀਦਵਾਰ  ਜੌਨ ਮਿੰਟੋ ਨੇ ਵੀ ਸਥਾਨਕ ਮਸਲਿਆਂ 'ਤੇ ਰੌਸ਼ਨੀ ਪਾਈ। ਉਪਰੰਤ ਜਗਮੀਤ ਸਿੰਘ ਨੇ ਗੁਰਦਾਸ ਰਾਮ ਆਲਮ ਦਾ ਗੀਤ, ਰਜਨਦੀਪ ਨੇ ਸ਼ਿਵ ਕੁਮਾਰ ਬਟਾਲਵੀ ਦਾ ਗੀਤ, ਸੁਮੀਤ ਅਤੇ ਜਗਮੋਹਨ ਨੇ ਸ਼ਹੀਦਾਂ ਨੂੰ ਸਮਰਪਿਤ ਗੀਤ ਅਤੇ ਗੁਰਿੰਦਰ ਨੇ ਕਵਿਤਾ ਸੁਣਾਈ। ਮਨਪ੍ਰੀਤ, ਮਨਦੀਪ, ਬਲਜਿੰਦਰ ਦੀ ਤਿਕੜੀ ਵਲੋਂ ਗੁਰਸ਼ਰਨ ਭਾਜੀ ਦਾ ਨਾਟਕ 'ਬੁੱਤ ਜਾਗ ਪਿਆ'਼ ਦੀ ਪੇਸ਼ਕਾਰੀ ਸ਼ਾਨਦਾਰ ਰਹੀ। ਫੁਲਕਾਰੀ ਗਰੁਪ ਦੀਆਂ ਬੱਚੀਆਂ ਦਾ ਇਨਕਲਾਬੀ ਗਿੱਧਾ ਸਮਾਗਮ ਦਾ ਸਿਖਰ ਹੋ ਨਿਬੜਿਆ। ਮੰਚ ਸੰਚਾਲਨ ਦੀ ਜ਼ੁੰਮੇਵਾਰੀ ਅਨੂ ਕਲੋਟੀ ਨੇ ਨਿਭਾਈ।
ਸਮਾਗਮ ਦੇ ਦੂਸਰੇ ਸੈਸ਼ਨ ਵਿਚ ਸੁਸ਼ੀਲ ਦੁਸਾਂਝ ਨੇ ਸਵਾਲਾਂ ਦੇ ਜੁਆਬ ਵੀ ਦਿੱਤੇ। ਸਮਾਗਮ ਦੀ ਇਕ ਅਹਿਮ ਵਿਸ਼ੇਸ਼ਤਾ ਇਹ ਰਹੀ ਕਿ ਅਵਤਾਰ ਤਰਕਸ਼ੀਲ ਵਲੋਂ ਲਾਈ ਗਈ ਪੁਸਤਕ ਪ੍ਰਦਰਸ਼ਨੀ ਵਿਚ ਭਾਰੀ ਗਿਣਤੀ ਵਿਚ ਤਰਕਸ਼ੀਲ ਸਾਹਿਤ ਨਾਲ ਸਬੰਧਤ ਪੁਸਤਕਾਂ ਦੀ ਵਿਕਰੀ ਹੋਈ।         
ਰਿਪੋਰਟ : ਅਨੂ ਕਲੋਟੀ



ਗ਼ਦਰ ਸ਼ਤਾਬਦੀ ਨੂੰ ਸਮਰਪਤ 
ਪਿੰਡ ਨੰਗਲ ਕਲਾਂ 'ਚ ਸ਼ਾਨਦਾਰ ਸਮਾਗਮ 

ਹੁਸ਼ਿਆਰਪੁਰ ਜ਼ਿਲ੍ਹੇ ਦੇ ਕਸਬੇ ਮਾਹਿਲਪੁਰ ਤੋਂ ਥੋੜੀ ਦੂਰੀ 'ਤੇ ਵੱਸਦੇ ਗ਼ਦਰੀ ਬਾਬਿਆਂ ਦੇ ਪਿੰਡ ਨੰਗਲ ਕਲਾਂ ਵਿਚ ਗ਼ਦਰ ਲਹਿਰ ਨੂੰ ਸਮਰਪਤ ਕੌਮਾਂਤਰੀ ਪੱਧਰ 'ਤੇ ਮਨਾਈ ਜਾ ਰਹੀ ਗ਼ਦਰ ਸ਼ਤਾਬਦੀ ਦੇ ਅੰਗ ਵਜੋਂ ਪਿੰਡ ਵਾਸੀਆਂ ਵਲੋਂ ਇਲਾਕੇ ਨਾਲ ਸਬੰਧਤ ਤੇ ਵਿਸ਼ੇਸ ਕਰਕੇ ਪਿੰਡ ਦੇ ਮਹਾਨ ਗ਼ਦਰੀ ਸੂਰਬੀਰਾਂ ਨੂੰ ਚੇਤੇ ਕਰਦਿਆਂ ਇਕ ਸ਼ਾਨਦਾਰ ਸਮਾਗਮ 11 ਅਗਸਤ 2013 ਵਾਲੇ ਦਿਨ ਮਨਾਇਆ ਗਿਆ। 
ਸਮਾਗਮ ਵਿਚ ਪਿੰਡ ਵਾਸੀ ਔਰਤਾਂ-ਮਰਦਾਂ ਸਮੇਤ ਇਲਾਕੇ ਦੇ ਲੋਕਾਂ ਵਲੋਂ ਵੱਡੀ ਗਿਣਤੀ ਵਿਚ ਆ ਕੇ ਆਪਣੇ ਇਲਾਕੇ ਦਾ ਨਾਂਅ ਰੌਸ਼ਨ ਕਰਨ ਵਾਲੇ ਗ਼ਦਰੀ ਸ਼ਹੀਦਾਂ ਨੂੰ ਸ਼ਰਧਾਂਜਲੀਆਂ ਅਰਪਣ ਕੀਤੀਆਂ ਗਈਆਂ। ਇਹ ਸਮਾਗਮ ਇਲਾਕੇ ਦੇ ਹਰਮਨ ਪਿਆਰੇ ਆਗੂ ਸਾਥੀ ਪਿਆਰਾ ਸਿੰਘ ਸੇਵਾ ਮੁਕਤ ਜ਼ਿਲ੍ਹਾ ਸਿੱਖਿਆ ਅਧਿਕਾਰੀ ਜ਼ਿਲ੍ਹਾ ਰੋਪੜ, ਕਾਮਰੇਡ ਮਹਿੰਦਰ ਸਿੰਘ ਖੈਰੜ ਅਤੇ ਮੁਕਾਮੀ ਪਿੰਡ ਵਾਸੀ ਸਰਵਸ਼੍ਰੀ ਗੁਰਮੀਤ ਸਿੰਘ, ਮਲਕੀਤ ਸਿੰਘ, ਹਰਬੰਸ ਸਿੰਘ, ਸ਼ੰਗਾਰਾ ਸਿੰਘ, ਅਜੀਤ ਸਿੰਘ, ਅਵਤਾਰ ਸਿੰਘ ਆਦਿ ਵਲੋਂ ਲਈ ਗਈ ਪਹਿਲ ਕਦਮੀ ਤੇ ਕਰਵਾਇਆ ਗਿਆ। ਇਸ ਪਿੰਡ ਨਾਲ ਸਬੰਧ ਰੱਖਦੇ ਐਨ.ਆਰ.ਆਈ. ਸਾਹਿਬਾਨ ਸਰਵਸ੍ਰੀ ਗੁਰਮੀਤ ਸਿੰਘ, ਮਲਕੀਤ ਸਿੰਘ ਅਤੇ ਹਰਬੰਸ ਸਿੰਘ ਪਿੰਡ ਦੇ ਸ਼ਹੀਦ ਹੋਏ ਗ਼ਦਰੀ ਸੂਰਬੀਰਾਂ ਦੇ ਪਰਿਵਾਰਾਂ ਵਿਚੋਂ ਹਨ ਜਿਹਨਾਂ ਵਲੋਂ ਪ੍ਰਬੰਧਕਾਂ ਨੂੰ ਵੱਡਾ ਯੋਗਦਾਨ ਦਿੱਤਾ ਗਿਆ। 
ਸਮਾਗਮ ਵਿਚ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ, ਜਿਸ ਵਲੋਂ ਕੌਮਾਂਤਰੀ ਪੱਧਰ ਦੇ ਇਹਨਾਂ ਪ੍ਰੋਗਰਾਮਾਂ ਨੂੰ ਵੱਖ ਵੱਖ ਰੂਪਾਂ ਵਿਚ ਜਥੇਬੰਦ ਕੀਤਾ ਜਾ ਰਿਹਾ ਹੈ, ਦੇ ਸ਼੍ਰੀ ਗੁਰਮੀਤ ਸਿੰਘ ਜੀ, ਸ਼੍ਰੀ ਚਿਰੰਜੀ ਲਾਲ ਕੰਗਣੀਵਾਲ, ਸ਼੍ਰੀ ਸ਼ਾਮ ਲਾਲ ਅਤੇ ਸ਼੍ਰੀ ਜੋਗਾ ਸਿੰਘ ਮੁੱਖ ਮਹਿਮਾਨ ਵਜੋਂ ਪਹੁੰਚੇ ਹੋਏ ਸਨ। 
ਸਮਾਗਮ ਵਿਚ ਮੁਲਾਂਪੁਰ ਦਾਖਾਂ ਦੀ ਲੋਕ ਕਲਾ ਮੰਚ ਦੀ ਟੀਮ ਵਲੋਂ ਪੇਸ਼ ਕੀਤੇ ਗਏ ਨਾਟਕਾਂ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ। ਵਿਸ਼ੇਸ਼ ਕਰਕੇ ਕਲਾ ਮੰਚ ਵਲੋਂ ਨਸ਼ਿਆਂ ਦੇ ਆਏ ਹੜ੍ਹ ਦੀ ਮਾਰ ਝੱਲ ਰਹੇ ਪੰਜਾਬ ਦੇ ਨੌਜਵਾਨਾਂ ਤੇ ਉਹਨਾਂ ਦੇ ਮਾਪਿਆਂ ਦੀਆਂ ਵਲੂੰਦਰੀਆਂ ਜਾ ਰਹੀਆਂ ਆਤਮਾਵਾਂ ਦੀ ਪੀੜ ਦਾ ਵਖਾਨ ਕਰਦੇ ਨਾਟਕ, ''ਇਹਨਾਂ ਜਖ਼ਮਾਂ ਦਾ ਕੀ ਕਰੀਏ'' ਦੀ ਕੀਤੀ ਗਈ ਪੇਸ਼ਕਾਰੀ ਨੂੰ ਦਰਸ਼ਕਾਂ ਵਲੋਂ ਲੰਮੀਆਂ ਤਾੜੀਆਂ ਨਾਲ ਆਪਣੀ ਇਕਜੁੱਟਤਾ ਦਾ ਸਮਰਥਨ ਕੀਤਾ। ਨਾਟਕ ਵਿਚ ਨਸ਼ਿਆਂ ਦੇ ਆਏ ਹੜ੍ਹ ਤੋਂ ਕੀਤੀਆਂ ਜਾ ਰਹੀਆਂ ਅੰਨ੍ਹੀਆਂ ਕਮਾਈਆਂ ਕਰਨ ਵਾਲੀਆਂ ਸੱਤਾ ਨਾਲ ਜੁੜੀਆਂ ਸ਼ਕਤੀਆਂ ਨੂੰ ਨੰਗਾ ਕਰਦਾ ਇਹ ਨਾਟਕ ਪੰਜਾਬ ਦੀ ਸਮਾਜਕ ਸਭਿਆਚਾਰਕ ਤ੍ਰਾਸਦੀ ਨੂੰ ਇਨਬਿੰਨ ਪੇਸ਼ ਕਰਦਾ ਹੈ ਅਤੇ ਇਸ ਕਲਾ ਮੰਚ ਦੇ ਕਾਰਕੁੰਨਾਂ ਅਤੇ ਵਿਸ਼ੇਸ਼ ਕਰਕੇ ਇਸ ਦੇ ਮੁਖੀ ਸਾਥੀ ਰਾਕੇਸ਼ ਚੌਧਰੀ ਦੀ ਇਕ ਸ਼ਾਨਦਾਰ ਪ੍ਰਾਪਤੀ ਹੈ। ਗ਼ਦਰੀ ਬਾਬਿਆਂ ਦੇ ਸੁਪਨਿਆਂ ਦੇ ਭਾਰਤ ਦੀ ਉਸਾਰੀ ਅਤੇ ਪੰਜਾਬ ਦੀ ਕਿਆਸੀ ਗਈ ਮਾਣਮੱਤੀ ਹੋਣੀ ਨੂੰ ਸਾਕਾਰ ਕਰਨ ਵਿਚ ਇਹਨਾਂ ਨਸ਼ਿਆਂ ਨੂੰ ਫੈਲਾਉਣ ਵਾਲੀਆਂ ਸੱਤਾ ਨਾਲ ਘਿਓ ਖਿਚੜੀ ਸ਼ਕਤੀਆਂ ਵਲੋਂ ਖੜਾ ਕੀਤਾ ਗਿਆ ਚੈਲਿੰਜ ਇਸ ਨਾਟਕ ਦਾ ਪ੍ਰਮੁੱਖ ਮੁੱਦਾ ਹੈ ਜਿਸਨੂੰ ਲੋਕਾਂ ਵਲੋਂ ਭਾਵਨਾਤਮਕ ਹੁੰਗਾਰਾ ਮਿਲਿਆ। ਅਨੇਕਾਂ ਹੀ ਮਰਦ ਔਰਤ ਪੰਡਾਲ ਵਿਚ ਆਪਣੇ ਨਮ ਨੇਤਰਾਂ ਨਾਲ ਤਾੜੀਆਂ ਮਾਰਦੇ ਦੇਖੇ ਗਏ। 
ਸਮਾਗਮ ਨੂੰ ਸੰਬੋਧਨ ਕਰਦਿਆਂ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੀਨੀਅਰ ਆਗੂ ਸ਼੍ਰੀ ਗੁਰਮੀਤ ਸਿੰਘ ਵਲੋਂ ਗ਼ਦਰ ਸ਼ਤਾਬਦੀ ਮਨਾਉਣ ਦੀ ਕੌਮਾਂਤਰੀ ਅਤੇ ਕੌਮੀ ਪੱਧਰ ਦੀ ਅਹਿਮੀਅਤ ਬਾਰੇ ਰੌਸ਼ਨੀ ਪਾਈ ਗਈ। ਸ਼੍ਰੀ ਚਿਰੰਜੀ ਲਾਲ ਕੰਗਣੀਵਾਲ ਵਲੋਂ ਗ਼ਦਰ ਲਹਿਰ ਦੇ ਭੁੱਲੇ ਵਿਸਰੇ ਸੂਰਬੀਰਾਂ ਦੀਆਂ ਜਿੰਦਗੀਆਂ ਸੰਬੰਧੀ ਕੀਤੀਆ ਜਾ ਰਹੀਆਂ ਆਪਣੀ ਖੋਜਾਂ ਦਾ ਬਿਊਰਾ ਪੇਸ਼ ਕੀਤਾ ਗਿਆ ਤੇ ਲੋਕਾਂ ਨੂੰ ਗ਼ਦਰੀ ਯੋਧਿਆਂ ਦੀਆਂ ਉਲੀਕੀਆਂ ਰਾਹਾਂ 'ਤੇ ਤੁਰਨ ਦਾ ਸੁਨੇਹਾ ਦਿੱਤਾ ਗਿਆ। ਇਹਨਾਂ ਤੋਂ ਇਲਾਵਾ ਸਮਾਗਮ ਨੂੰ ਸੰਬੋਧਨ ਕਰਨ ਵਾਲਿਆਂ ਵਿਚ ਸਰਵਸਾਥੀ ਦਰਸ਼ਨ ਮੱਟੂ, ਯੋਧ ਸਿੰਘ, ਮਹਿੰਦਰ ਸਿੰਘ ਖੈਰੜ, ਮਨਜੀਤ ਸਿੰਘ ਲਾਲੀ, ਵਿਜੇ ਬੰਬੇਲੀ, ਮਾਸਟਰ ਅਵਤਾਰ ਸਿੰਘ, ਮਾਸਟਰ ਪਰਮਜੀਤ ਸਿੰਘ, ਸ਼੍ਰੀ ਸ਼ਾਮ ਲਾਲ ਤੇ ਸ਼੍ਰੀ ਜੋਗਾ ਸਿੰਘ ਦੋਵੇਂ ਦੇਸ਼ ਭਗਤ ਯਾਦਗਾਰ ਕਮੇਟੀ ਜਲੰਧਰ ਦੇ ਕਾਰਕੁੰਨ ਤੇ ਹੋਰ ਬਹੁਤ ਸਾਰੇ ਪਿੰਡ ਦੇ ਆਗੂਆਂ ਵਲੋਂ ਵੀ ਵਿਚਾਰ ਸਾਂਝੇ ਕੀਤੇ ਗਏ। ਬੁਲਾਰਿਆਂ ਵਲੋਂ ਦੇਸ਼ ਅੰਦਰਲੀਆਂ ਨਿੱਘਰਦੀਆਂ ਜਾ ਰਹੀਆਂ ਹਾਲਤਾਂ ਵਿਚ ਹਾਕਮ ਵਰਗ ਵਲੋਂ ਵਿਸ਼ੇਸ਼ ਕਰਕੇ ਚੇਤਨ ਰੂਪ ਵਿਸ਼ੇਸ਼ ਕਰਕੇ ਸੰਸਦੀ ਜੀਵਨ ਵਿਚ ਸਰਮਾਏ ਦੀ ਸਥਾਪਤ ਕੀਤੀ ਜਾ ਰਹੀ,  ਸਰਦਾਰੀ ਨਾਲ ਜੁੜੇ ਧੰਨ ਕਮਾਉਣ ਦੇ ਵਹਿਸ਼ੀ ਮਨਸੂਬਿਆਂ ਨੂੰ ਇਸ ਨਿਘਾਰ ਲਈ ਮੁੱਖ ਤੌਰ 'ਤੇ ਜੁੰਮੇਵਾਰ ਠਹਿਰਾਉਣ ਦੇ ਨਾਲ ਨਾਲ ਹਾਕਮਾਂ ਦੀਆਂ ਸਾਮਰਾਜ ਨਿਰਦੇਸ਼ਤ ਨੀਤੀਆਂ ਨੂੰ ਅਸਲੀ ਜ਼ੁੰਮੇਵਾਰ ਦੱਸਿਆ। ਉਹਨਾਂ ਲੋਕਾਂ ਨੂੰ ਸੱਦਾ ਦਿੱਤਾ ਕਿ ਗ਼ਦਰੀ ਸੂਰਬੀਰਾਂ ਦੀਆਂ ਸ਼ਹੀਦੀਆਂ ਦਾ ਮੁੱਲ ਪਾਉਣ ਦਾ ਅਸਲੀ ਰੂਪ ਇਹਨਾਂ ਸਾਮਰਾਜੀ ਨਿਰਦੇਸ਼ਤ ਨੀਤੀਆਂ ਦਾ ਸਖ਼ਤ ਵਿਰੋਧ ਕਰਨ ਲਈ ਲੋਕਾਂ ਦਾ ਇਕਮੁੱਠ ਹੋ ਕੇ ਆਪਣੇ ਸ਼ਹੀਦਾਂ ਦੇ ਉਲੀਕੇ ਰਾਹਾਂ 'ਤੇ ਅੱਗੇ ਵੱਧਣਾ ਹੈ। 
ਪਿੰਡ ਦੇ ਉਪਰੋਕਤ ਐਨ.ਆਰ.ਆਈ. ਸਾਥੀਆਂ ਵਲੋਂ ਦੇਸ਼ ਭਗਤ ਯਾਦਗਾਰ ਕਮੇਟੀ ਨੂੰ 10 ਹਜ਼ਾਰ ਰੁਪਏ ਦੀ ਰਾਸ਼ੀ ਸਹਾਇਤਾ ਵਜੋਂ ਪੇਸ਼ ਕੀਤੀ ਗਈ। 
ਸਾਥੀ ਮਹਿੰਦਰ ਸਿੰਘ ਖਰੜ ਵਲੋਂ ਪਿੰਡ ਦੇ ਪ੍ਰਬੰਧਕਾਂ ਦੀ ਤਰਫੋਂ ਸਮਾਗਮ ਵਿਚ ਆਏ ਲੋਕਾਂ ਦਾ ਧੰਨਵਾਦ ਕਰਨ ਦੇ ਨਾਲ ਨਾਲ ਇਸ ਸਮਾਗਮ ਦੀ ਸਫਲਤਾ ਲਈ, ਸਾਥੀ ਮੰਗਤ ਰਾਮ ਪਾਸਲਾ ਸਕੱਤਰ ਸੀ.ਪੀ.ਐਮ. ਪੰਜਾਬ ਵਲੋਂ ਇਹ ਸਮਾਗਮ ਕਰਵਾਉਣ ਦੇ ਦਿੱਤੇ ਗਏ ਸੁਝਾਅ ਨੂੰ ਅਮਲ ਵਿਚ ਲਿਆਉਣ ਵਾਲੇ ਪਿੰਡ ਵਾਸੀ ਆਗੂਆਂ ਦਾ ਵੀ ਧੰਨਵਾਦ ਕੀਤਾ ਗਿਆ। 
ਸਮਾਗਮ ਵਿਚ ਮੁੱਖ ਪੰਡਾਲ ਦੇ ਦੁਆਰ ਤੇ ਇਕ ਛੋਟੇ ਪੰਡਾਲ ਵਿਚ ਦੇਸ਼ ਭਗਤ ਗ਼ਦਰੀ ਬਾਬਿਆਂ ਦੀਆਂ ਜੀਵਨੀਆਂ ਅਤੇ ਤਸਵੀਰਾਂ ਦੀ ਨੁਮਾਇਸ਼ ਲਾਈ ਗਈ ਸੀ। ਇਸ ਨਾਲ ਹੀ ਜੁੜਵੇਂ ਹੋਰ ਪੰਡਾਲਾਂ ਅੰਦਰ ਚਾਹ ਪਾਣੀ ਅਤੇ ਲੰਗਰ ਦੀ ਸ਼ਾਨਦਾਰ ਵਿਵਸਥਾ ਕੀਤੀ ਗਈ ਸੀ। 
ਸਮਾਗਮ ਚੋਂ ਵਿਦਾ ਹੋ ਰਹੇ ਪ੍ਰਭਾਵਤ ਲੋਕ ਆਖ ਰਹੇ ਸਨ ਕਿ ਅਜਿਹੇ ਪ੍ਰੋਗਰਾਮ ਹਰ ਸਾਲ ਕਰਵਾਉਂਦੇ ਰਹਿਣਾ ਚਾਹੀਦਾ ਹੈ ਤਾਂ ਜੋ ਉਹਨਾਂ ਬਹਾਦਰਾਂ ਦੀਆਂ ਕੁਰਬਾਨੀਆਂ ਨੂੰ ਭੁਲਾਇਆ ਨਾ ਜਾ ਸਕੇ। 

ਰਿਪੋਰਟ : ਪਿਆਰਾ ਸਿੰਘ ਪਰਖ

No comments:

Post a Comment