Friday 11 October 2013

ਸੰਪਾਦਕੀ (ਸੰਗਰਾਮੀ ਲਹਿਰ-ਅਕਤੂਬਰ 2013)

ਜਨ-ਚੇਤਨਾ ਕਨਵੈਨਸ਼ਨ ਦਾ ਸੁਨੇਹਾ  

ਸੀ.ਪੀ.ਐਮ. ਪੰਜਾਬ ਦੀ ਸੂਬਾ ਕਮੇਟੀ ਦੇ ਸੱਦੇ 'ਤੇ 23 ਸਤੰਬਰ  ਨੂੰ, ਦੇਸ਼ ਭਗਤ ਯਾਦਗਾਰ ਕੰਪਲੈਕਸ ਜਲੰਧਰ ਦੇ ਖੁੱਲ੍ਹੇ ਵਿਹੜੇ ਵਿਚ ਕੀਤੀ ਗਈ ਵਿਸ਼ਾਲ ਜਨ-ਚੇਤਨਾ ਕਨਵੈਨਸ਼ਨ ਹਰ ਪੱਖੋਂ ਸਫਲ ਸਿੱਧ ਹੋਈ ਹੈ। ਪਾਰਟੀ ਦੇ ਸਮੁੱਚੇ ਸਰਗਰਮ ਕਾਰਕੁੰਨਾਂ ਨੂੰ ਅਜੋਕੀ ਰਾਜਨੀਤਕ ਅਵਸਥਾ ਤੋਂ ਜਾਣੂ ਕਰਾਉਣਾ ਅਤੇ ਉਹਨਾਂ ਨੂੰ ਬੱਝਵੇਂ ਤੇ ਲੜਾਕੂ ਜਨਤਕ ਘੋਲਾਂ ਵੱਲ ਸੇਧਤ ਕਰਨਾ, ਇਸ ਕਨਵੈਨਸ਼ਨ ਦੇ ਮੁੱਖ ਉਦੇਸ਼ ਸਨ। ਇਸ ਵਾਸਤੇ, ਕਿਰਤੀ ਲੋਕਾਂ ਦੇ ਹਰ ਵਰਗ ਦੀਆਂ ਫੌਰੀ ਸਮੱਸਿਆਵਾਂ ਅਤੇ ਉਹਨਾਂ ਸਮੱਸਿਆਵਾਂ ਪ੍ਰਤੀ ਭਾਰਤੀ ਹਾਕਮਾਂ ਦੀ ਨਾਂ-ਪੱਖੀ ਪਹੁੰਚ ਬਾਰੇ ਵਿਸਥਾਰ ਸਹਿਤ ਵਿਚਾਰਾਂ ਕਰਨੀਆਂ ਵੀ ਜ਼ਰੂਰੀ ਸਨ। ਇਹਨਾਂ ਸਾਰੇ ਪੱਖਾਂ ਤੋਂ ਇਸ ਕਨਵੈਨਸ਼ਨ ਨੇ ਇਕ ਪ੍ਰਭਾਵਸ਼ਾਲੀ ਮੰਚ ਦਾ ਕੰਮ ਕੀਤਾ ਹੈ। ਪਾਰਟੀ ਦੇ ਕਾਡਰਾਂ ਵਲੋਂ ਵੀ ਪਾਰਟੀ ਦੇ ਇਸ ਅਹਿਮ ਆਸ਼ੇ ਪ੍ਰਤੀ ਬਹੁਤ ਹੀ ਉਤਸ਼ਾਹਜਨਕ ਤੇ ਭਰਵਾਂ ਹੁੰਗਾਰਾ ਭਰਿਆ ਗਿਆ ਅਤੇ ਉਹਨਾਂ ਨੇ ਕਨਵੈਨਸ਼ਨ ਵਿਚ ਵੱਡੀ ਗਿਣਤੀ ਵਿਚ ਸ਼ਮੂਲੀਅਤ ਕਰਕੇ ਇਸ ਨੂੰ ਪੂਰੀ ਤਰ੍ਹਾਂ ਪ੍ਰਭਾਵਸ਼ਾਲੀ ਬਣਾਇਆ।
ਸਾਮਰਾਜ ਨਿਰਦੇਸ਼ਤ ਨਵਉਦਾਰਵਾਦੀ ਨੀਤੀਆਂ 'ਤੇ ਚਲ ਰਹੀ, ਕਾਂਗਰਸ ਪਾਰਟੀ ਦੀ ਅਗਵਾਈ ਹੇਠਲੀ ਕੇਂਦਰੀ ਸਰਕਾਰ ਅਤੇ ਅਕਾਲੀ-ਭਾਜਪਾ ਗਠਜੋੜ ਦੀ ਸੂਬਾਈ ਸਰਕਾਰ, ਦੋਵਾਂ ਦੀਆਂ ਹੀ ਲੁੱਟ ਮਚਾਉਣ ਵਾਲੀਆਂ ਤੇ ਲੋਕਮਾਰੂ ਨੀਤੀਆਂ ਦੀ ਇਸ ਕਨਵੈਨਸ਼ਨ ਵਿਚ ਚੋਖੀ ਚੀਰਫਾੜ ਕੀਤੀ ਗਈ। ਅਤੇ, ਲੋਕਾਂ ਨੂੰ ਦਰਪੇਸ਼ ਮੁਸ਼ਕਲਾਂ ਦੇ ਹੱਲ ਲਈ ਉਹਨਾ ਨੂੰ ਜਾਗਰੂਕ ਕਰਨ ਅਤੇ ਇਕਜੁੱਟ ਕਰਨ ਵਾਸਤੇ ਪੜਾਅਵਾਰ ਪ੍ਰੋਗਰਾਮ ਵੀ ਉਲੀਕਿਆ ਗਿਆ। ਕਨਵੈਨਸ਼ਨ ਵਲੋਂ ਐਲਾਨ ਕੀਤਾ ਗਿਆ ਕਿ ਮਹਿੰਗਾਈ, ਬੇਰੋਜ਼ਗਾਰੀ, ਸਰਕਾਰੀ ਜਬਰ, ਭਰਿਸ਼ਟਾਚਾਰ, ਧੱਕੇਸ਼ਾਹੀ, ਚੋਰ ਬਾਜ਼ਾਰੀ, ਮਾਫੀਆ ਰਾਜ ਅਤੇ ਲੋਕਾਂ ਦੀਆਂ ਸਿੱਖਿਆ, ਸਿਹਤ ਤੇ ਪੀਣ ਵਾਲੇ ਸਾਫ ਪਾਣੀ ਦੀ ਸਪਲਾਈ ਵਰਗੀਆਂ ਬੁਨਿਆਦੀ ਲੋੜਾਂ ਪ੍ਰਤੀ ਦੋਵਾਂ ਸਰਕਾਰਾਂ ਦੀ ਮੁਜ਼ਰਮਾਨਾ ਬੇਰੁਖੀ ਵਿਰੁੱਧ ਅਤੇ ਕਿਸਾਨਾਂ, ਮਜ਼ਦੂਰਾਂ, ਬੇਰੁਜ਼ਗਾਰ ਨੌਜਵਾਨਾਂ, ਵਿਦਿਆਰਥੀਆਂ, ਔਰਤਾਂ, ਮੁਲਾਜ਼ਮਾਂ ਅਤੇ ਹੋਰ ਮਿਹਨਤੀ ਲੋਕਾਂ ਦੀਆਂ ਫੌਰੀ ਮੰਗਾਂ ਦੀ ਪ੍ਰਾਪਤੀ ਲਈ ਪ੍ਰਾਂਤ ਅੰਦਰ ਇਕ ਵਿਆਪਕ ਜਨ-ਅੰਦੋਲਨ ਭਖਾਇਆ ਜਾਵੇਗਾ। ਇਹ ਵੀ ਫੈਸਲਾ ਕੀਤਾ ਗਿਆ ਕਿ ਇਸ ਜਨਤਕ ਘੋਲ ਨੂੰ ਵਧ ਤੋਂ ਵੱਧ ਸਫਲ ਤੇ ਪ੍ਰਭਾਵਸ਼ਾਲੀ ਬਨਾਉਣ ਵਾਸਤੇ ਸਾਰੀਆਂ ਖੱਬੀਆਂ ਤੇ ਜਮਹੂਰੀ ਸਕਤੀਆਂ ਨੂੰ ਇਕਜੁੱਟ ਕਰਨ ਦੇ ਇਤਿਹਾਸਕ ਕਾਰਜ ਨੂੰ ਨੇਪਰੇ ਚਾੜਨ ਲਈ ਵੀ ਜ਼ੋਰਦਾਰ ਉਪਰਾਲੇ ਕੀਤੇ ਜਾਣਗੇ। ਇਸ ਮੰਤਵ ਲਈ 15 ਅਕਤੂਬਰ ਤੱਕ ਸਾਰੇ ਜ਼ਿਲ੍ਹਿਆਂ ਅੰਦਰ ਅਜੇਹੀਆਂ 'ਜਨ ਚੇਤਨਾ' ਕਨਵੈਨਸ਼ਨਾਂ ਕਰਕੇ ਅਤੇ ਸਾਰੇ ਪ੍ਰਾਂਤ ਅੰਦਰ ਝੰਡਾ ਮਾਰਚ ਕਰਕੇ ਅਗਲੇਰੇ ਤਿੱਖੇ ਸੰਘਰਸ਼ ਦਾ ਹੋਕਾ ਦਿੱਤਾ ਜਾਵੇਗਾ ਅਤੇ ਜਨਸਮੂਹਾਂ ਨੂੰ ਉਸ ਸੰਘਰਸ਼ ਵਿਚ ਭਰਵੀਂ ਸ਼ਮੂਲੀਅਤ ਕਰਨ ਦਾ ਸੱਦਾ ਦਿੱਤਾ ਜਾਵੇਗਾ। ਇਸ ਜ਼ਿਲ੍ਹਾ ਪੱਧਰੀ ਪ੍ਰੋਗਰਾਮ ਦੀਆਂ ਬਾਰੀਕੀਆਂ ਤੈਅ ਕਰਨ ਦੀ ਜ਼ਿੰਮੇਵਾਰੀ ਪਾਰਟੀ ਦੀਆਂ ਜ਼ਿਲ੍ਹਾ ਕਮੇਟੀਆਂ ਨਿਭਾਉਣਗੀਆਂ। 
ਪਾਰਟੀ ਦੇ ਇਸ ਪ੍ਰਸਤਾਵਤ ਪ੍ਰੋਗਰਾਮ ਨੂੰ ਪਾਰਟੀ ਕਾਡਰਾਂ ਵਲੋਂ ਆਕਾਸ਼ ਗੂੰਜਾਊ ਨਾਅਰਿਆਂ ਰਾਹੀਂ ਪ੍ਰਵਾਨਗੀ ਦੇ ਕੇ ਭਰੇ ਗਏ ਉਤਸ਼ਾਹਜਨਕ ਹੁੰਗਾਰੇ ਨੂੰ ਸਾਰਥਕ ਰੂਪ ਦੇਣ ਅਤੇ ਪ੍ਰਭਾਵਸ਼ਾਲੀ ਬਨਾਉਣ ਵਾਸਤੇ ਹੁਣ ਅੱਗੋਂ ਲੋੜਾਂ ਦੀ ਲੋੜ ਇਹ ਹੈ ਕਿ ਜ਼ਿਲ੍ਹਾ ਪੱਧਰੀ ਕਨਵੈਨਸ਼ਨਾਂ ਵਿਚ ਉਹਨਾਂ ਨਵੇਂ ਲੋਕਾਂ ਦੀ ਵੱਧ ਤੋਂ ਵੱਧ ਸ਼ਮੂਲੀਅਤ ਯਕੀਨੀ ਬਣਾਈ ਜਾਵੇ, ਜਿਹੜੇ ਕਿ ਗਰੀਬੀ, ਮਹਿੰਗਾਈ, ਬੇਕਾਰੀ, ਭਰਿਸ਼ਟਾਚਾਰ ਅਤੇ ਲਗਾਤਾਰ ਵੱਧਦੇ ਜਾ ਰਹੇ ਸਮਾਜਕ ਤੇ ਪ੍ਰਸ਼ਾਸਨਿਕ ਜਬਰ ਵਰਗੀਆਂ ਅਨੇਕਾਂ ਮੁਸੀਬਤਾਂ ਵਿਚ ਬੁਰੀ ਤਰ੍ਹਾਂ ਘਿਰੇ ਹੋਏ ਹਨ ਪ੍ਰੰਤੂ ਆਪਣੇ ਇਹਨਾਂ ਸਾਰੇ ਦੁੱਖਾਂ ਦੇ ਅਸਲ ਕਾਰਨਾਂ ਬਾਰੇ ਪੂਰੀ ਤਰ੍ਹਾਂ ਜਾਗਰੂਕ ਨਾ ਹੋਣ ਕਾਰਨ ਡੂੰਘੀ ਬੇਦਿਲੀ ਤੇ ਘੋਰ ਨਿਰਾਸ਼ਾ ਦੇ ਸ਼ਿਕਾਰ ਬਣੇ ਬੈਠੇ ਹਨ। ਅਤੇ, ਜਾਂ ਫਿਰ ਇਹਨਾਂ ਮੁਸੀਬਤਾਂ ਦਾ ਹੱਲ ਅਖੌਤੀ ਸਾਧਾਂ ਦੇ ਡੇਰਿਆਂ 'ਚੋਂ ਜਾਂ ਹੁਕਮਰਾਨ ਸਿਆਸੀ ਆਗੂਆਂ ਦੇ ਦਰਬਾਰਾਂ ਚੋਂ ਭਾਲਦੇ ਫਿਰਦੇ ਹਨ। ਇਸ ਮੰਤਵ ਲਈ ਇਹ ਵੀ ਜ਼ਰੂਰੀ ਹੈ ਕਿ ਦੂਜੀਆਂ ਰਾਜਸੀ ਪਾਰਟੀਆਂ, ਵਿਸ਼ੇਸ਼ ਤੌਰ 'ਤੇ ਕੁਰਾਹਿਆਂ ਦੀਆਂ ਸ਼ਿਕਾਰ ਹੋ ਚੁੱਕੀਆਂ ਖੱਬੀਆਂ ਧਿਰਾਂ ਦੇ ਅਸਰ ਹੇਠਲੇ ਲੋਕਾਂ ਤੱਕ ਉਚੇਚੇ ਤੌਰ 'ਤੇ ਪਹੁੰਚ ਕੀਤੀ ਜਾਵੇ। ਇਸ ਵਿਚ ਕੋਈ ਸ਼ੱਕ ਨਹੀਂ ਕਿ ਅਜੇਹੀਆਂ ਸਾਰੀਆਂ ਧਿਰਾਂ ਦੇ ਆਗੂ ਵੀ ਕਿਰਤੀ ਲੋਕਾਂ ਦੀਆਂ ਬੁਨਿਆਦੀ ਸਮੱਸਿਆਵਾਂ ਦੇ ਹੱਲ ਵਾਸਤੇ, ਖੱਬੀਆਂ ਸ਼ਕਤੀਆਂ ਵਿਚਕਾਰ ਏਕਤਾ ਬਨਾਉਣ ਅਤੇ ਸਾਂਝੇ ਸੰਘਰਸ਼ ਲੜਨ ਦੀ ਲੋੜ ਬਾਰੇ ਅਕਸਰ ਹੀ ਬਿਆਨਬਾਜ਼ੀ ਕਰਦੇ ਰਹਿੰਦੇ ਹਨ। ਪ੍ਰੰਤੂ ਇਹਨਾਂ 'ਚੋਂ ਬਹੁਤੇ ਇਸ ਅਹਿਮ ਕਾਰਜ ਪ੍ਰਤੀ ਲੋੜੀਂਦੀ ਸੁਹਿਰਦਤਾ ਦਾ ਪ੍ਰਗਟਾਵਾ ਨਹੀਂ ਕਰਦੇ। ਕਈ ਪ੍ਰਕਾਰ ਦੀਆਂ ਖੁਦਗਰਜ਼ੀਆਂ ਤੇ ਸਵਾਰਥ ਸਿੱਧੀ ਤੋਂ ਪ੍ਰੇਰਤ ਅਤੇ ਹਉਮੈ ਤੇ ਹੰਕਾਰ ਦੇ ਡੰਗੇ ਹੋਏ ਅਜੇਹੇ ਬਹੁਤੇ 'ਸੱਜਣ' ਤਾਂ ਅਕਸਰ ਸਾਂਝੇ ਸੰਘਰਸ਼ਾਂ ਦੇ ਰਾਹ ਵਿਚ ਬੇਲੋੜੇ ਅੜਿਕੇ ਹੀ ਖੜੇ ਕਰਦੇ ਰਹਿੰਦੇ ਹਨ। ਅਤੇ, ਜੇਕਰ ਕਦੇ ਕਦਾਈ ਸਾਂਝੇ ਮੋਰਚਿਆਂ ਵਿਚ ਸ਼ਾਮਲ ਹੋਣ ਵਾਸਤੇ ਮਜ਼ਬੂਰ ਹੋ ਵੀ ਜਾਣ ਤਾਂ ਉਥੋਂ ਭੱਜਣ ਲਈ ਕਾਹਲੇ ਪਏ ਰਹਿੰਦੇ ਹਨ। ਇਸ ਲਈ ਸਾਂਝੇ ਸੰਘਰਸ਼ਾਂ ਦੀ ਉਸਾਰੀ ਵਾਸਤੇ ਜਿੱਥੇ ਹੋਰ ਖੱਬੀਆਂ ਤੇ ਜਮਹੂਰੀ ਸ਼ਕਤੀਆਂ ਦੇ ਆਗੂਆਂ ਨੂੰ ਸਾਂਝੀਆਂ ਕਨਵੈਨਸ਼ਨਾਂ ਅਤੇ ਸਾਂਝੇ ਸੰਘਰਸ਼ਾਂ ਵਿਚ ਸ਼ਾਮਲ ਕਰਾਉਣ ਲਈ ਸੁਹਿਰਦਤਾ ਸਹਿਤ ਉਪਰਾਲੇ ਕਰਨੇ ਤਾਂ ਹਮੇਸ਼ਾਂ ਜ਼ਰੂਰੀ ਬਣੇ ਰਹਿਣਗੇ, ਪ੍ਰੰਤੂ ਇਸ ਮੰਤਵ ਲਈ ਮੁੱਖ ਟੇਕ ਉਹਨਾਂ ਆਮ ਲੋਕਾਂ ਉਪਰ ਹੀ ਰੱਖੀ ਜਾਣੀ ਚਾਹੀਦੀ ਹੈ, ਜਿਹੜੇ ਕਿ ਅਗਿਆਨਤਾ ਵਸ ਜਾਂ ਕਿਸੇ ਹੋਰ ਕਾਰਨ ਕਰਕੇ ਅਜੇਹੇ ਸਵਾਰਥੀ ਆਗੂਆਂ ਦੇ ਪਿੱਛੇ ਖੜੇ ਹਨ। ਇਹ ਇਸ ਲਈ ਵੀ ਜ਼ਰੂਰੀ ਹੈ ਕਿਉਂਕਿ ਆਮ ਲੋਕਾਂ ਅੰਦਰ ਦਿਆਨਤਦਾਰੀ ਵੀ ਹੁੰਦੀ ਹੈ ਅਤੇ ਸਾਂਝੇ ਐਕਸ਼ਨਾਂ ਲਈ ਸੁਹਿਰਦਤਾ ਦੀ ਭਾਵਨਾ ਵੀ ਸਦਾ ਹੀ ਕਾਇਮ ਰਹਿੰਦੀ ਹੈ। ਅਜਿਹੇ ਲੋਕਾਂ ਨੂੰ ਉਹਨਾਂ ਦੀਆਂ ਹਰ ਤਰ੍ਹਾਂ ਦੀਆਂ ਸਮੱਸਿਆਵਾਂ ਲਈ ਜ਼ੁੱਮੇਵਾਰ ਸਰਕਾਰੀ ਨੀਤੀਆਂ ਬਾਰੇ ਵੱਧ ਤੋਂ ਵੱਧ ਗਿਆਨਵਾਨ ਕਰਕੇ ਅਤੇ ਵੱਖ ਵੱਖ ਜਮਾਤਾਂ ਦੀਆਂ ਸਿਆਸੀ ਧਿਰਾਂ ਦੇ ਅਸਲ ਮਨੋਰਥਾਂ ਤੋਂ ਜਾਣੂ ਕਰਵਾ ਕੇ ਹੀ ਸ਼ਕਤੀਸ਼ਾਲੀ ਲੋਕ ਪੱਖੀ ਲਹਿਰ ਖੜੀ ਕੀਤੀ ਜਾ ਸਕਦੀ ਹੈ ਅਤੇ ਦੇਸ਼ ਅੰਦਰ ਨਿਆਂਸੰਗਤ ਸਮਾਜ ਦੀ ਸਿਰਜਣਾ ਦੇ ਮਹਾਨ ਕਾਰਜ ਨੇਪਰੇ ਚਾੜ੍ਹੇ ਜਾ ਸਕਦੇ ਹਨ। 
ਹੁਣ ਤਾਂ ਇਹ ਵੀ ਵੱਡੀ ਹੱਦ ਤੱਕ ਸਥਾਪਤ ਹੋ ਚੁੱਕਾ ਹੈ ਕਿ ਲੋਕਾਂ ਦੀਆਂ ਸਾਂਝੀਆਂ ਤੇ ਬੁਨਿਆਦੀ ਸਮੱਸਿਆਵਾਂ ਪ੍ਰਤੀ ਹਾਕਮ ਸਿਆਸੀ ਪਾਰਟੀਆਂ ਜਿਵੇਂ ਕਿ ਕਾਂਗਰਸ, ਭਾਜਪਾ ਅਤੇ ਉਹਨਾਂ ਦੀਆਂ ਸਹਿਯੋਗੀ ਪਾਰਟੀਆਂ ਦੀਆਂ ਦੰਭੀ ਪਹੁੰਚਾਂ ਕਾਰਨ ਆਮ ਲੋਕਾਂ ਦੀਆਂ ਉਹਨਾਂ ਪ੍ਰਤੀ ਆਸਾਂ ਉਮੀਦਾਂ ਤੇਜ਼ੀ ਨਾਲ ਟੁਟਦੀਆਂ ਜਾ ਰਹੀਆਂ ਹਨ ਅਤੇ ਲੋਕ ਬੇਚੈਨੀ ਨਿਰੰਤਰ ਤਿੱਖੀ ਹੁੰਦੀ ਜਾ ਰਹੀ ਹੈ। ਇਹੋ ਕਾਰਨ ਹੈ ਕਿ ਪ੍ਰਸ਼ਾਸਨਿਕ ਬੇਇਨਸਾਫੀਆਂ ਤੇ ਸਮਾਜਕ ਜਬਰ ਦੀਆਂ ਘਟਨਾਵਾਂ ਵਾਪਰਨ 'ਤੇ ਲੋਕਾਂ ਵਲੋਂ ਬਹੁਤੀ ਵਾਰ ਮਿਲਕੇ ਫੌਰੀ ਰੋਹ ਦਾ ਪ੍ਰਗਟਾਵਾ ਕੀਤਾ ਜਾਂਦਾ ਹੈ, ਜਿਹੜਾ ਕਿ ਕਈ ਵਾਰ ਆਪਮੁਹਾਰੇ ਤਕੜੇ ਘੋਲ ਦਾ ਰੂਪ ਵੀ ਧਾਰਨ ਕਰ ਜਾਂਦਾ ਹੈ, ਅਤੇ ਕਦੇ ਕਦੇ ਠੋਸ ਸਿੱਟੇ ਵੀ ਕੱਢਦਾ ਹੈ। ਪ੍ਰੰਤੂ ਜਨਤਕ ਘੋਲਾਂ ਨੂੰ ਵਿਗਿਆਨਕ ਲੀਹਾਂ 'ਤੇ ਅਗਾਂਹ ਵਧਾਉਣ ਲਈ ਅਤੇ ਫੈਸਲਾਕੁੰਨ ਬਨਾਉਣ ਲਈ ਇਹ ਜ਼ਰੂਰੀ ਹੈ ਕਿ ਲੋਕਾਂ ਨੂੰ ਉਹਨਾਂ ਦੀਆਂ ਸਮੱਸਿਆਵਾਂ ਦੇ ਨੀਤੀਗਤ ਕਾਰਨਾਂ ਤੋਂ ਜਾਣੂ ਕਰਾਇਆ ਜਾਵੇ ਅਤੇ ਉਹਨਾਂ ਦੀ ਸਰਗਰਮ ਤੇ ਵਿਸ਼ਾਲ ਸ਼ਮੂਲੀਅਤ ਰਾਹੀਂ ਘੋਲਾਂ ਨੂੰ ਵੱਧ ਤੋਂ ਵੱਧ ਬੱਝਵਾਂ ਤੇ ਲੜਾਕੂ ਰੂਪ ਪ੍ਰਦਾਨ ਕੀਤਾ ਜਾਵੇ। 
ਇਹਨਾਂ ਹਾਲਤਾਂ ਵਿਚ ਇਸ ਸੂਬਾਈ ਜਨ ਚੇਤਨਾ ਕਨਵੈਨਸ਼ਨ ਦੀ ਵੱਡਮੁੱਲੀ ਪ੍ਰਾਪਤੀ ਤਦ ਹੀ ਹਾਸਲ ਹੋ ਸਕਦੀ ਹੈ ਜੇਕਰ ਜ਼ਿਲ੍ਹਾ ਪੱਧਰੀ ਕਨਵੈਨਸ਼ਨਾਂ ਅਤੇ ਝੰਡਾ ਮਾਰਚ ਦੇ ਪ੍ਰਸਤਾਵਤ ਪ੍ਰੋਗਰਾਮਾਂ ਨੂੰ ਮਹਿਜ਼ ਰਸਮੀਂ ਕਾਰਵਾਈ ਨਾ ਬਣਨ ਦਿੱਤਾ ਜਾਵੇ ਬਲਕਿ ਇਹਨਾਂ ਮਹੱਤਵਪੂਰਨ ਕਾਰਜਾਂ ਨੂੰ ਇਨਕਲਾਬੀ ਸੇਧ ਤੇ ਸ਼ਿੱਦਤ ਨਾਲ ਨੇਪਰੇ ਚਾੜਿਆ ਜਾਵੇ, ਲੋਕਾਂ ਦੇ ਵਿਸ਼ਾਲ ਭਾਗਾਂ ਨੂੰ ਜਾਗਰੂਕ ਕੀਤਾ ਜਾਵੇ, ਇਕਜੁੱਟ ਕੀਤਾ ਜਾਵੇ ਅਤੇ ਤਿੱਖੇ ਘੋਲਾਂ ਲਈ ਤਿਆਰ ਕੀਤਾ ਜਾਵੇ। 
- ਹਰਕੰਵਲ ਸਿੰਘ

No comments:

Post a Comment