Friday 11 October 2013

ਕੌਮਾਂਤਰੀ ਪਿੜ (ਸੰਗਰਾਮੀ ਲਹਿਰ-ਸਤੰਬਰ 2013)

- ਰਵੀ ਕੰਵਰ

ਟਿਊਨੀਸ਼ੀਆ ਵਿਚ ਖੱਬੇ ਪੱਖੀ ਆਗੂ ਦੇ 
ਕਤਲ ਤੋਂ ਬਾਅਦ ਭੜਕਿਆ ਲੋਕ ਰੋਹ 
ਅਰਬ ਬਗਾਵਤ ਦਾ ਆਗਾਜ਼ ਕਰਨ ਵਾਲੇ ਦੇਸ਼ ਟਿਊਨੀਸ਼ੀਆ ਵਿਚ ਇਕ ਵਾਰ ਮੁੜ ਲੋਕ ਰੋਹ ਭੜਕ ਉਠਿਆ ਹੈ। ਉਤਰੀ ਅਫਰੀਕਾ ਸਥਿਤ ਇਸ ਦੇਸ਼ ਵਿਚ 25 ਜੁਲਾਈ ਨੂੰ ਸੀਦੀ ਬੌਜੀਦ ਖੇਤਰ ਤੋਂ ਦੇਸ਼ ਦੀ ਸੰਵਿਧਾਨ ਘਾੜਨੀ ਅਸੈਂਬਲੀ ਲਈ ਚੁਣੇ ਗਏ ਖੱਬੇ ਪੱਖੀ ਆਗੂ ਮੁਹੰਮਦ ਬ੍ਰਾਹਮੀ ਦੀ ਉਨ੍ਹਾਂ ਦੇ ਘਰ ਦੇ ਬਾਹਰ, ਉਨ੍ਹਾਂ ਦੀ ਪਤਨੀ ਅਤੇ ਧੀਆਂ ਸਾਹਮਣੇ ਗੋਲੀਆਂ ਮਾਰਕੇ ਹੱਤਿਆ ਕਰ ਦਿੱਤੀ ਗਈ ਸੀ। ਇਥੇ ਇਹ ਵਰਣਨਯੋਗ ਹੈ ਕਿ ਅਜੇ 5 ਮਹੀਨੇ ਪਹਿਲਾਂ ਹੀ ਇਕ ਹੋਰ ਖੱਬੇ ਪੱਖੀ ਆਗੂ ਅਤੇ ਦੇਸ਼ ਦੀ ਸੰਸਦ ਦੇ ਮੈਂਬਰ ਚੋਕਰੀ ਬੇਲੈਦ ਦੀ ਵੀ ਇਸੇ ਤਰ੍ਹਾਂ ਦਿਨ ਦਹਾੜੇ ਹੱਤਿਆ ਕਰ ਦਿੱਤੀ ਗਈ ਸੀ। ਮੁਹੰਮਦ ਬ੍ਰਾਹਮੀ ਏਲ ਸ਼ਾਅਬ (ਪੀਪਲਸ ਮੂਵਮੈਂਟ) ਪਾਰਟੀ ਦੇ ਮੁੱਖ ਆਗੂ ਸਨ। ਉਨ੍ਹਾਂ ਦੀ ਪਾਰਟੀ ਖੱਬੇ ਪੱਖੀ ਫਰੰਟ, ਪਾਪੂਲਰ ਫਰੰਟ ਦੀ ਭਾਈਵਾਲ ਪਾਰਟੀ ਸੀ, ਜਿਹੜਾ ਕਿ ਇਸ ਵੇਲੇ ਸੱਤਾਸੀਨ ਇੰਨਹਾਦਾ ਪਾਰਟੀ ਦੀ ਅਗਵਾਈ ਵਾਲੀ ਤਿੰਨ ਪਾਰਟੀ ਸਰਕਾਰ ਦੀ ਪ੍ਰਮੁੱਖ ਵਿਰੋਧੀ ਧਿਰ ਹੈ। ਉਨ੍ਹਾਂ ਦੀ ਹੱਤਿਆ ਦੀ ਖਬਰ ਫੈਲਦਿਆਂ ਹੀ ਉਸੇ ਦਿਨ ਉਨ੍ਹਾਂ ਦੇ ਖੇਤਰ ਸੀਦੀ ਬੌਜੀਦ ਵਿਚ ਹਜ਼ਾਰਾਂ ਲੋਕ ਸੜਕਾਂ 'ਤੇ ਉਤਰ ਆਏ ਸਨ। ਪੂਰੇ ਖੇਤਰ ਵਿਚ ਅਚਨਚੇਤ ਆਮ ਹੜਤਾਲ ਹੋਣ ਦੇ ਨਾਲ ਹੀ ਹਜ਼ਾਰਾਂ ਲੋਕਾਂ ਦੀਆਂ ਵੱਡੀਆਂ ਭੀੜਾਂ ਨੇ ਸਰਕਾਰੀ ਦਫਤਰਾਂ ਵੱਲ ਮਾਰਚ ਕੀਤੇ ਅਤੇ ਧਰਨੇ ਦਿੱਤੇ। ਕਈ ਥਾਵਾਂ 'ਤੇ ਗੁੱਸੇ ਵਿਚ ਆਏ ਲੋਕਾਂ ਨੇ ਹਾਕਮ ਇੰਨਹਾਦਾ ਪਾਰਟੀ ਦੇ ਸਥਾਨਕ ਦਫਤਰਾਂ ਦੀ ਤੋੜ ਭੰਨ ਵੀ ਕੀਤੀ। ਉਸੇ ਦਿਨ ਸ਼ਾਮ ਨੂੰ ਪਾਪੂਲਰ ਫਰੰਟ ਦੇ ਸੱਦੇ ਉਤੇ ਦੇਸ਼ ਦੀ ਰਾਜਧਾਨੀ ਟਿਉਨਿਸ਼ ਵਿਖੇ ਹਜ਼ਾਰਾਂ ਲੋਕਾਂ ਨੇ ਸੜਕਾਂ-ਗਲੀਆਂ ਵਿਚ ਰੋਸ ਮੁਜ਼ਾਹਰੇ ਕੀਤੇ। ਦੇਸ਼ ਦੀ ਗ੍ਰਹਿ ਵਜਾਰਤ ਦੇ ਸਾਹਮਣੇ ਵਿਸ਼ਾਲ ਧਰਨਾ ਮਾਰਿਆ ਅਤੇ ਮੁਜ਼ਾਹਰਾ ਕੀਤਾ। ਜਿਸ ਉਤੇ ਪੁਲਸ ਵਲੋਂ ਹਮਲਾ ਕੀਤਾ ਗਿਆ, ਜਿਸਦਾ ਲੋਕਾਂ ਨੇ ਡੱਟਕੇ ਮੁਕਾਬਲਾ ਕੀਤਾ। 
ਦੇਸ਼ ਦੀ ਪ੍ਰਮੁੱਖ ਟਰੇਡ ਯੂਨੀਅਨ ਯੂ.ਜੀ.ਟੀ.ਟੀ. (ਟਿਊਨੀਸ਼ੀਅਨ ਜਨਰਲ ਵਰਕਰਜ਼ ਯੂਨੀਅਨ) ਨੇ ਅਗਲੇ ਦਿਨ 26 ਜੁਲਾਈ ਨੂੰ ਦੇਸ਼ ਭਰ ਵਿਚ ਆਮ ਹੜਤਾਲ ਦਾ ਸੱਦਾ ਦਿੱਤਾ। ਪਾਪੂਲਰ ਫਰੰਟ, ਜਿਹੜਾ ਕਿ ਦੇਸ਼ ਦੀਆਂ ਖੱਬੀਆਂ ਤੇ ਧਰਮ ਨਿਰਪੱਖ ਪਾਰਟੀਆਂ, ਕਾਰਕੁੰਨਾਂ ਅਤੇ ਟਰੇਡ ਯੂਨੀਅਨ ਦਾ ਸਾਂਝਾਂ ਮੰਚ ਹੈ, ਵਲੋਂ ਲੋਕਾਂ ਨੂੰ ਦੇਸ਼ ਦੀ ਰਾਜਧਾਨੀ ਵਿਖੇ ਸਥਿਤ ਯੂ.ਜੀ.ਟੀ.ਟੀ. ਦਫਤਰਾਂ ਅੱਗੇ ਇਕੱਠੇ ਹੋ ਕੇ ਦੇਸ਼ ਦੀ ਸੰਵਿਧਾਨ ਅਸੰਬਲੀ ਵੱਲ ਮਾਰਚ ਕਰਨ ਦਾ ਸੱਦਾ ਦਿੱਤਾ ਸੀ। ਆਮ ਹੜਤਾਲ ਦੇ ਮੱਦੇਨਜ਼ਰ ਸਮੁੱਚਾ ਦੇਸ਼ ਹੀ ਜਾਮ ਹੋ ਕੇ ਰਹਿ ਗਿਆ ਸੀ। ਸਾਰੇ ਦੇਸ਼ ਵਿਚ ਸਰਕਾਰੀ ਦਫਤਰ, ਜਨਤਕ ਟ੍ਰਾਂਸਪੋਰਟ, ਵਪਾਰਕ ਅਦਾਰੇ, ਬੈਂਕ ਆਦਿ ਪੂਰਣ ਰੂਪ ਵਿਚ ਠੱਪ ਸਨ। ਦੇਸ਼ ਦੀ ਏਅਰਲਾਈਨ 'ਟਿਊਨਿਸਏਅਰ' ਨੇ ਵੀ ਆਪਣੀਆਂ ਉਡਾਨਾਂ ਹੀ ਰੱਦ ਨਹੀਂ ਕੀਤੀਆਂ ਬਲਕਿ ਹਵਾਈ ਅੱਡਿਆਂ ਦੇ ਕਾਮਿਆਂ ਵਲੋਂ ਹੜਤਾਲ ਹੋਣ ਕਰਕੇ ਕੋਈ ਹਵਾਈ ਜਹਾਜ ਵੀ ਦੇਸ਼ ਵਿਚ ਨਹੀਂ ਉਤਰ ਸਕਿਆ। ਦੇਸ਼ ਦੇ ਲਗਭਗ ਸਾਰਿਆਂ ਸ਼ਹਿਰਾਂ ਤੇ ਕਸਬਿਆਂ ਵਿਚ ਲੱਖਾਂ ਲੋਕਾਂ ਨੇ ਰੋਸ ਮੁਜ਼ਾਹਰੇ ਕੀਤੇ। ਦੇਸ਼ ਦੀ ਰਾਜਧਾਨੀ ਵਿਚ ਸੰਵਿਧਾਨ ਅਸੰਬਲੀ ਸਾਹਮਣੇ ਹਜ਼ਾਰਾਂ ਲੋਕਾਂ ਨੇ ਮੁਜ਼ਾਹਰਾ ਕੀਤਾ ਅਤੇ ਰੋਹ ਭਰਪੂਰ ਰੈਲੀ ਕੀਤੀ। ਯੂ.ਜੀ.ਟੀ.ਟੀ. ਅਤੇ ਪਾਪੂਲਰ ਫਰੰਟ ਦੀ ਮੁੱਖ ਮੰਗ ਜਿਥੇ ਸ਼ਹੀਦ ਬ੍ਰਾਹਮੀ ਦੇ ਕਾਤਲਾਂ ਨੂੰ ਫੜਕੇ ਸਜਾ ਦੇਣ ਦੀ ਸੀ, ਉਥੇ ਉਨ੍ਹਾਂ ਦੀ ਇਹ ਵੀ ਮੰਗ ਸੀ ਕਿ ਸੰਵਿਧਾਨ ਅਸੰਬਲੀ ਨੂੰ ਫੌਰੀ ਰੂਪ ਵਿਚ ਭੰਗ ਕੀਤਾ ਜਾਵੇ ਅਤੇ ਸਰਕਾਰ ਅਸਤੀਫਾ ਦੇਵੇ। 
 ਟਿਊਨੀਸ਼ੀਆ ਉਤਰੀ ਅਫਰੀਕਾ ਦੇ ਕੇਂਦਰ ਵਿਚ ਸਥਿਤ ਦੇਸ਼ ਹੈ। ਜਿਸਦਾ ਰਕਬਾ ਪੰਜਾਬ ਨਾਲੋਂ ਤਿੰਨ ਗੁਣਾ ਤੋਂ ਵੱਧ ਹੈ ਪ੍ਰੰਤੂ ਇਸਦੀ ਅਬਾਦੀ 1 ਕਰੋੜ 7 ਲੱਖ ਹੈ ਭਾਵ ਪੰਜਾਬ ਦੀ ਅਬਾਦੀ ਦੇ ਅੱਧੇ ਨਾਲੋਂ ਵੀ ਘੱਟ। 2010 ਵਿਚ ਇਥੇ ਦੇ ਸ਼ਹਿਰ ਸੀਦੀ ਬੌਜੀਦ ਵਿਚ ਇਕ ਬੇਰੁਜ਼ਗਾਰ ਨੌਜਵਾਨ, ਜਿਹੜਾ ਰੇਹੜੀ ਲਾਕੇ ਆਪਣੀ ਰੋਜੀ-ਰੋਟੀ ਚਲਾਉਂਦਾ ਸੀ, ਦੀ ਪੁਲਸ ਵਲੋਂ ਕੀਤੀ ਗਈ ਮਾਰਕੁੱਟ ਵਿਰੁੱਧ ਰੋਸ ਪ੍ਰਗਟ ਕਰਨ ਵਜੋਂ ਉਸਨੇ ਆਪਣੇ ਆਪ ਨੂੰ ਅੱਗ ਲਾ ਲਈ ਗਈ ਸੀ। ਜਿਸ ਨਾਲ ਉਸਦੀ ਮੌਤ ਹੋ ਗਈ। ਇਸ ਘਟਨਾ ਤੋਂ ਸਮੁੱਚੇ ਦੇਸ਼ ਵਿਚ ਭੜਕੇ ਲੋਕ ਰੋਹ ਨੇ ਬਗਾਵਤ ਦਾ ਰੂਪ ਧਾਰ ਲਿਆ ਸੀ ਅਤੇ ਦੇਸ਼ ਵਿਚ 30 ਸਾਲਾਂ ਤੋਂ ਵੀ ਵਧੇਰੇ ਰਾਜ ਕਰ ਰਹੇ ਡਿਕਟੇਟਰ ਜ਼ਿਨੇ ਅਲ-ਅਵੀਦੀਨ ਬੇਨ ਅਲੀ ਨੂੰ ਜਨਵਰੀ 2011 ਵਿਚ ਦੇਸ਼ ਛੱਡਕੇ ਭੱਜਣਾ ਪਿਆ ਸੀ। ਇਹ ਘਟਨਾ ਸਮੁੱਚੇ ਅਰਬ ਜਗਤ ਵਿਚ ਲੋਕ ਬਗਾਵਤਾਂ ਦੀ ਪ੍ਰੇਰਣਾ ਦਾ ਸਰੋਤ ਬਣੀ। ਅਕਤੂਬਰ 2011 ਵਿਚ ਹੋਈਆਂ ਚੋਣਾਂ ਵਿਚ ਇੰਨਹਾਦਾ ਪਾਰਟੀ 90 ਸੀਟਾਂ ਲੈ ਕੇ 217 ਸੀਟਾਂ ਵਾਲੀ ਸੰਸਦ ਵਿਚ ਸਭ ਤੋਂ ਵੱਡੀ ਪਾਰਟੀ ਬਣਕੇ ਉਭਰੀ ਸੀ ਅਤੇ ਉਸਨੇ 2 ਹੋਰ ਛੋਟੀਆਂ ਪਾਰਟੀਆਂ ਨੂੰ ਨਾਲ ਲੈ ਕੇ ਦੇਸ਼ ਵਿਚ ਸੱਤਾ ਹਾਸਲ ਕਰ ਲਈ ਸੀ। ਇਹ ਸਰਕਾਰ 2010 ਦੀ ਲੋਕ ਬਗਾਵਤ ਸਮੇਂ ਉਭਰੇ ਨਾਅਰੇ, ਜਿਹੜਾ ਕਿ ਲੋਕਾਂ ਦੀਆਂ ਆਸਾਂ-ਉਮੰਗਾਂ ਦੀ ਤਰਜਮਾਨੀ ਕਰਦਾ ਸੀ -''ਰੋਟੀ, ਆਜ਼ਾਦੀ ਅਤੇ ਮਾਣ-ਸਨਮਾਨ'' ਨੂੰ ਪੂਰਾ ਕਰਨ ਵਿਚ ਨਾਕਾਮ ਰਹੀ। ਇਸਨੇ ਇਕ ਧਾਰਮਕ ਪਾਰਟੀ ਹੋਣ ਕਰਕੇ ਬੁਨਿਆਦਪ੍ਰਸਤ ਕਦਰਾਂ-ਕੀਮਤਾਂ ਨੂੰ ਲਾਗੂ ਕਰਨ ਦਾ ਯਤਨ ਕੀਤਾ, ਜੋ ਕਿ ਬਹੁਗਿਣਤੀ ਆਬਾਦੀ, ਜਿਹੜੀ ਕਿ ਲੰਮੇ ਸਮੇਂ ਤੋਂ ਧਰਮ ਨਿਰਪੱਖ ਕਦਰਾਂ-ਕੀਮਤਾਂ ਅਤੇ ਸਭਿਆਚਾਰ ਨੂੰ ਮਾਣਦੀ ਆਈ ਹੈ, ਨੂੰ ਪ੍ਰਵਾਨ ਨਹੀਂ ਹਨ। ਬਲਕਿ ਇਸਨੇ ਕੌਮਾਂਤਰੀ ਮੁਦਰਾ ਫੰਡ ਅਤੇ ਸੰਸਾਰ ਬੈਂਕ ਦੀਆਂ ਹਿਦਾਇਤਾਂ ਅਨੁਸਾਰ ਨਵਉਦਾਰਵਾਦੀ ਆਰਥਕ ਨੀਤੀਆਂ ਨੂੰ ਲਾਗੂ ਕੀਤਾ ਜਿਸ ਨਾਲ ਮਹਿੰਗਾਈ ਅਸਮਾਨ ਨੂੰ ਛੂਹਣ ਲੱਗੀ, ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਘਟੇ, ਜਿਸ ਨਾਲ ਦੇਸ਼ ਦਾ ਮੱਧ ਵਰਗ ਵੀ ਕੰਗਾਲੀ ਵੱਲ ਵੱਧ ਰਿਹਾ ਹੈ। ਇਨ੍ਹਾਂ ਹਾਲਤਾਂ ਦੇ ਸਿੱਟੇ ਵਜੋਂ ਦੇਸ਼ ਦੇ ਲੋਕਾਂ ਵਿਚ ਬੇਚੈਨੀ ਵੀ ਵਧੀ ਹੈ ਅਤੇ ਲੋਕ ਸੰਘਰਸ਼ਾਂ ਦੇ ਰਾਹ ਵੀ ਪਏ ਹਨ। ਇੰਨਹਾਦਾ ਦੇ ਦੇਸ਼ ਵਿਚ ਸੱਤਾ ਸੰਭਾਲਣ ਤੋਂ ਬਾਅਦ ਦੇ ਸਮੇਂ ਵਿਚ ਹੀ ਸਮੁੱਚੇ ਦੇਸ਼ ਵਿਚ 40,000 ਹੜਤਾਲਾਂ ਹੋਈਆਂ ਹਨ, 1 ਲੱਖ 20 ਹਜ਼ਾਰ ਧਰਨੇ ਮਾਰੇ ਗਏ ਹਨ ਅਤੇ 2 ਲੱਖ ਤੋਂ ਵੱਧ ਮੁਜ਼ਾਹਰੇ ਹੋਏ ਹਨ। 
ਇੰਨਹਾਦਾ ਪਾਰਟੀ, ਮੁਸਲਮ ਧਾਰਮਕ ਕਦਰਾਂ-ਕੀਮਤਾਂ ਨੂੰ ਪਰਨਾਈ ਹੋਣ ਕਰਕੇ ਦੇਸ਼ ਵਿਚ ਧਰਮ ਅਧਾਰਤ ਪਿਛਾਂਹ ਖਿੱਚੂ ਕਦਰਾਂ-ਕੀਮਤਾਂ ਨੂੰ ਅੱਗੇ ਵਧਾਉਣ ਦਾ ਯਤਨ ਕਰ ਰਹੀ ਹੈ। ਉਸ ਵਲੋਂ ਤਜਵੀਜਤ ਸੰਵਿਧਾਨ ਔਰਤਾਂ ਦੇ ਹੱਕਾਂ ਉਤੇ ਰੋਕ ਲਾਉਂਦਾ ਹੈ, ਇਹ ਇਸਦੀ ਇਕ ਮਿਸਾਲ ਹੈ। ਪਾਪੂਲਰ ਫਰੰਟ ਵਲੋਂ ਉਸਦੇ ਦੋਵੇਂ ਖੱਬੇ ਪੱਖੀ ਆਗੂਆਂ, ਚੋਕਰੀ ਬੇਲੈਦ ਅਤੇ ਮੁਹੰਮਦ ਬ੍ਰਾਹਮੀ ਦੀ ਹੱਤਿਆ ਦਾ ਦੋਸ਼ ਵੀ ਇੰਨਹਾਦਾ ਪਾਰਟੀ ਦੀ ਸਰਪ੍ਰਸਤੀ ਹਾਸਲ ਮੁਸਲਮ ਅੱਤਵਾਦੀ ਗੁੱਟਾਂ ਉਤੇ ਲਾਇਆ ਜਾ ਰਿਹਾ ਹੈ। ਇਕ ਹਾਲੀਆ ਸਰਵੇਖਣ ਦੌਰਾਨ ਦੇਸ਼ ਦੀ 74% ਜਨਤਾ ਨੇ ਦੇਸ਼ ਵਿਚ ਵੱਧ ਰਹੇ ਅੱਤਵਾਦ ਲਈ ਇੰਨਹਾਦਾ ਪਾਰਟੀ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਗ੍ਰਹਿ ਵਜਾਰਤ ਸਾਹਮਣੇ ਹੋਏ ਮੁਜ਼ਾਹਰਿਆਂ ਦੌਰਾਨ ਇਹ ਨਾਅਰਾ ਨਿਰੰਤਰ ਗੂੰਜ ਰਿਹਾ ਸੀ ਕਿ ''ਘਨੌਚੀ ਕਾਤਲ ਹੈ!'', ਰਾਚੇਦ ਘਨੌਚੀ ਇੰਨਹਾਦਾ ਪਾਰਟੀ ਦਾ ਮੁਖੀ ਹੈ। 
ਅਰਬ ਜਗਤ ਵਿਚ ਹੋਈਆਂ ਲੋਕ ਬਗਾਵਤਾਂ ਅਜੇ ਤੱਕ ਆਪਣਾ ਲੋਕ ਪੱਖੀ ਨਿਸ਼ਾਨਾ ਪ੍ਰਾਪਤ ਕਰਨ ਵਿਚ ਸਫਲ ਨਹੀਂ ਰਹਿ ਸਕੀਆਂ ਹਨ। ਮਿਸਰ ਵਿਚ ਤਾਂ ਬਲਕਿ ਉਲਟ ਇਨਕਲਾਬ ਵਾਲੀ ਸਥਿਤੀ ਬਣਦੀ ਨਜ਼ਰ ਆ ਰਹੀ ਹੈ। ਜਿਥੇ ਫੌਜ ਨੇ ਮੁੜ ਇਕ ਵਾਰ ਰਾਜਸੱਤਾ 'ਤੇ ਕਬਜ਼ਾ ਕਰ ਲਿਆ ਹੈ। ਪ੍ਰੰਤੂ ਟਿਊਨੀਸ਼ੀਆ ਵਿਚ ਜਮਹੂਰੀ ਤੇ ਖੱਬੇ ਪੱਖੀ ਤਾਕਤਾਂ ਨਿਰੰਤਰ ਸੰਘਰਸ਼ ਦੇ ਮੈਦਾਨ ਵਿਚ ਹਨ ਅਤੇ ਠਰ੍ਹਮੇ ਨਾਲ ਸ਼ਹਾਦਤਾਂ ਦਿੰਦੀਆਂ ਹੋਈਆਂ ਆਪਣੇ ਨਿਸ਼ਾਨੇ ਵੱਲ ਵੱਧਦੀਆਂ ਦਿਸਦੀਆਂ ਹਨ। 

No comments:

Post a Comment