Friday, 22 August 2025

ਰਾਮਪੁਰਾ ਵਿਖੇ ਧਰਨਾ ਲਗਾਇਆ

 


ਰਾਮਪੁਰਾ: ਇਥੋਂ ਦੇ ਬੀਡੀਪੀਓ ਦਫ਼ਤਰ ਅੱਗੇ ਮਨਰੇਗਾ ਮਜ਼ਦੂਰਾਂ ਨੇ ਧਰਨਾ ਲਗਾ ਕੇ ‌ਨਰੇਗਾ ਦਾ ਕੰਮ ਲੈਣ ਲਈ ਅਰਜ਼ੀਆਂ ਦਿੱਤੀਆਂ। ਧਰਨੇ ਨੂੰ ਸੰਬੋਧਨ ਕਰਦਿਆਂ ਪ੍ਰਕਾਸ਼ ਨੰਦਗੜ, ਮੱਖਣ ਸਿੰਘ ਪੂਹਲੀ ਅਤੇ ਅਮਰੀਕ ਸਿੰਘ ਨੇ ਦੱਸਿਆ ਕਿ ਪਿਛਲੇ ਤਿੰਨ ਮਹੀਨਿਆਂ ਤੋਂ ਮਨਰੇਗਾ ਦਾ ਕੰਮ ਬੰਦ ਪਿਆ ਅਤੇ ਪਿਛਲੇ ਤਿੰਨ ਮਹੀਨਿਆਂ ਤੋਂ ਮਨਰੇਗਾ ਸਕੀਮ ਤਹਿਤ ਕੀਤੇ ਕੰਮ ਦੇ ਪੈਸੇ ਨਹੀਂ ਦਿੱਤੇ ਜਾ ਰਹੇ, ਜਿਸ ਕਾਰਨ ਨਰੇਗਾ ਮਜ਼ਦੂਰਾਂ ਵਿੱਚ ਬਹੁਤ ਰੋਸ ਪਾਇਆ ਜਾ ਰਿਹਾ।

ਇਸ ਰੋਸ ਦੇ ਚਲਦਿਆਂ ਹੀ ਰਾਮਪੁਰਾ ਪਿੰਡ ਦੇ ਨਰੇਗਾ ਮਜ਼ਦੂਰਾਂ ਨੇ ਬੀਡੀਪੀਓ ਦਫ਼ਤਰ ਧਰਨਾ ਦਿੱਤਾ ਅਤੇ ਅਰਜ਼ੀਆਂ ਦੇ ਕੇ ਕੰਮ ਦੀ ਮੰਗ ਕੀਤੀ।

24 ਅਗਸਤ ਨੂੰ ਸਮਰਾਲਾ ‘ਚ ਹੋਣ ਵਾਲੀ “ਜੇਤੂ ਮਹਾਂ ਰੈਲੀ” ਦੀਆਂ ਤਿਆਰੀਆਂ ਸਿਖਰਾਂ ‘ਤੇ


ਡੇਹਲੋ: ਜਮਹੂਰੀ ਕਿਸਾਨ ਸਭਾ ਪੰਜਾਬ ਦੇ ਕਿਲ੍ਹਾ ਰਾਏਪੁਰ ਵਿਖੇ ਸਥਿਤ ਦਫ਼ਤਰ ‘ਚ ਇਲਾਕਾ ਕਮੇਟੀ ਕਿਲ੍ਹਾ ਰਾਏਪੁਰ ਦੀ ਰਾਜਵੀਰ ਸਿੰਘ ਕਿਲ੍ਹਾ ਰਾਏਪੁਰ ਦੀ ਪ੍ਰਧਾਨਗੀ ਹੇਠ ਪ੍ਰਮੁੱਖ ਆਗੂਆਂ ਦੀ ਹੋਈ ਮੀਟਿੰਗ ਵਿੱਚ 24 ਅਗਸਤ ਨੂੰ ਸਮਰਾਲਾ ਦੀ ਦਾਣਾ ਮੰਡੀ ਵਿੱਚ ਸੰਯੁਕਤ ਕਿਸਾਨ ਮੋਰਚੇ ਦੀ ਹੋਣ ਵਾਲੀ “ਜੇਤੂ ਮਹਾਂ ਰੈਲੀ” ਦੀਆਂ ਤਿਆਰੀਆਂ ਦਾ ਜਾਇਜ਼ਾ ਲਿਆ। ਇਸ ਮੌਕੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਸਕੱਤਰ ਹਰਨੇਕ ਸਿੰਘ ਗੁੱਜਰਵਾਲ ਅਤੇ ਸੁਰਜੀਤ ਸਿੰਘ ਸੀਲੋ ਨੇ ਦੱਸਿਆ ਕਿ ਇਸ ਰੈਲੀ ਦੀਆਂ ਤਿਆਰੀਆਂ ਸਿਖਰਾਂ ‘ਤੇ ਹਨ। ਲੁਧਿਆਣਾ ਜ਼ਿਲ੍ਹੇ ਵਿੱਚੋਂ ਵੱਡੇ ਕਾਫ਼ਲੇ ਬੰਨ ਕੇ ਕਿਰਤੀ ਕਿਸਾਨ ਇਸ ਮਹਾਂ ਰੈਲੀ ਦਾ ਹਿੱਸਾ ਬਣਨਗੇ। ਉਹਨਾਂ ਕਿਹਾ ਕਿ ਗੱਡੀਆਂ, ਝੰਡਿਆਂ, ਲੰਗਰ ਤੇ ਰੈਲੀ ਲਈ ਲੋੜੀਦੇ ਹੋਰ ਸਮਾਨ ਨੂੰ ਇਕੱਠਾ ਕੀਤਾ ਜਾ ਰਿਹਾ ਹੈ।

ਇਸ ਮੌਕੇ ਜਮਹੂਰੀ ਕਿਸਾਨ ਸਭਾ ਪੰਜਾਬ ਇਲਾਕਾ ਕਮੇਟੀ ਕਿਲ੍ਹਾ ਰਾਏਪੁਰ ਦੇ ਪ੍ਰਧਾਨ ਰਾਜਵੀਰ ਸਿੰਘ ਕਿਲ੍ਹਾ ਰਾਏਪੁਰ ਅਤੇ ਸਕੱਤਰ ਗੁਰਉਪਦੇਸ਼ ਸਿੰਘ ਘੁੰਗਰਾਣਾ ਨੇ ਆਖਿਆ ਕਿ ਇਸ ਇਲਾਕੇ ਵਿੱਚੋਂ ਸੈਂਕੜੇ ਲੋਕ ਜੇਤੂ ਮਹਾਂ ਰੈਲੀ ਵਿੱਚ ਸ਼ਾਮਲ ਹੋਣਗੇ। ਜਿਸ ਦੀਆਂ ਤਿਆਰੀਆ ਹੋ ਚੁੱਕੀਆਂ ਹਨ। ਇਸ ਮੌਕੇ ਹੋਰਨਾ ਤੋਂ ਇਲਾਵਾ ਦਫ਼ਤਰ ਸਕੱਤਰ ਨਛੱਤਰ ਸਿੰਘ ਅਤੇ ਬਲਵੀਰ ਸਿੰਘ ਭੁੱਟਾ ਵੀ ਹਾਜ਼ਰ ਸਨ।

Thursday, 21 August 2025

ਪਿੰਡ ਸੰਗੋਵਾਲ ਵਿਖੇ ਨੌਜਵਾਨ ਸਭਾ ਨੇ ਕੀਤੀ ਮੀਟਿੰਗ

 


ਬਿਲਗਾ: ਅੱਜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਵਲੋਂ ਪਿੰਡ ਸੰਗੋਵਾਲ ਯੂਨਿਟ ਦੀ ਇੱਕ ਮੀਟਿੰਗ ਕੀਤੀ ਗਈ, ਇਸ ਮੀਟਿੰਗ ਦੀ ਪ੍ਰਧਾਨਗੀ ਸਾਥੀ ਜੋਗਾ ਸੰਗੋਵਾਲ ਨੇ ਕੀਤੀ। ਇਸ ਮੀਟਿੰਗ ਨੂੰ ਸਭਾ ਦੇ ਜ਼ਿਲ੍ਹਾ ਸਕੱਤਰ ਐਡਵੋਕੇਟ ਅਜੈ ਫਿਲੌਰ ਅਤੇ ਤਹਿਸੀਲ ਫਿਲੌਰ ਦੇ ਪ੍ਰਧਾਨ ਮੱਖਣ ਸੰਗਰਾਮੀ ਨੇ ਸੰਬੋਧਨ ਕੀਤਾ। 

ਆਗੂਆਂ ਨੇ ਕਿਹਾ ਕਿ ਕਾਰਪੋਰੇਟ ਪੱਖੀ ਨੀਤੀਆਂ ਤਹਿਤ ਅਜੋਕੇ ਦੌਰ ‘ਚ ਵਿਦੇਸ਼ਾਂ ਵੱਲ ਰੁਖ ਕਰ ਰਿਹਾ ਹੈ। ਪੰਜਾਬ ਅਤੇ ਕੇਂਦਰ ਸਰਕਾਰ ਨੂੰ ਚਲਾਉਣ ਵਾਲੇ ਹਾਕਮ ਨੌਜਵਾਨਾਂ ਨਾਲ ਚੋਣਾਂ ਦੌਰਾਨ ਵਾਅਦੇ ਕਰਦੇ ਹਨ ਅਤੇ ਵਾਅਦਿਆਂ ਨੂੰ ਪੂਰਾ ਨਹੀਂ ਕੀਤਾ ਜਾਂਦਾ। ਆਗੂਆਂ ਨੇ ਕਿਹਾ ਸਭਾ ਵਲੋਂ 28 ਸਤੰਬਰ ਤੋਂ ਖਟਕੜ ਕਲਾਂ ਤੋਂ ਮੋਰਚਾ ਲਗਾਇਆ ਜਾ ਰਿਹਾ ਹੈ, ਜਿਸ ‘ਚ ਸਰਕਾਰ ਵਲੋਂ ਕੀਤੇ ਵਾਅਦਿਆਂ ਨੂੰ ਪੂਰਾ ਕਰਵਾਉਣ ਦੀ ਮੰਗ ਕੀਤੀ ਜਾਵੇਗਾ। ਆਗੂਆਂ ਨੇ ਕਿਹਾ ਕਿ 28 ਸਤੰਬਰ ਤੋਂ ਪਹਿਲਾ ਪੰਜਾਬ ਦੀਆਂ ਸਾਰੀਆਂ ਸਬਡਵੀਜ਼ਨਾਂ ‘ਚ ਮੰਗ ਪੱਤਰ ਭੇਜ ਕੇ ਵਾਅਦੇ ਪੂਰੇ ਕਰਨ ਦੀ ਮੰਗ ਕੀਤੀ ਜਾ ਰਹੀ ਹੈ। ਆਗੂਆਂ ਨੇ 28 ਸਤੰਬਰ ਦੇ ਮੋਟਰਸਾਈਕਲ ਮਾਰਚ ਅਤੇ ਨਾਲ ਹੀ ਲੱਗਣ ਵਾਲੇ ਮੋਰਚੇ ‘ਚ ਕੁੱਦਣ ਦੀ ਨੌਜਵਾਨਾਂ ਨੂੰ ਅਪੀਲ ਕੀਤੀ।

ਮੀਟਿੰਗ ਦੌਰਾਨ ਸਰਬਸੰਮਤੀ ਨਾਲ ਕਮੇਟੀ ਦੀ ਚੋਣ ਵੀ ਕੀਤੀ ਗਈ।

ਸਮਰਾਲਾ ਰੈਲੀ ਦੀ ਤਿਆਰੀ ਲਈ ਕੀਤੀ ਮੀਟਿੰਗ

 


ਅਜਨਾਲਾ: ਹਰੇਕ ਸਾਲ ਦਰਿਆਵਾਂ ਵਿੱਚ ਆਏ ਹੜ੍ਹਾਂ ਨਾਲ ਹਜ਼ਾਰਾਂ ਏਕੜ ਛੋਟੇ ਜਿਹੇ ਪੰਜਾਬ ਦੀ ਫ਼ਸਲ ਬਰਬਾਦ ਹੋ ਜਾਂਦੀ ਹੈ, ਇਸ ਸਾਲ ਹੁਣ ਤੱਕ  ਬਿਆਸ, ਸਤਲੁਜ ਤੇ ਘੱਗਰ ਦਰਿਆਵਾਂ ਵਿੱਚ ਹੜ੍ਹ ਆਉਣ ਕਾਰਨ 45 ਹਜ਼ਾਰ ਏਕੜ ਫ਼ਸਲ ਬਰਬਾਦ ਹੋ ਗਈ ਹੈ। ਇਸ ਵਿੱਚ ਬਿਆਸ ਦਰਿਆ ਆਏ ਹੜ੍ਹਾਂ ਕਾਰਨ ਇਕੱਲੀ ਤਰਨਤਾਰਨ ਜ਼ਿਲ੍ਹੇ ਦੀ ਖਡੂਰ ਸਾਹਿਬ ਤਹਿਸੀਲ ਦਾ 12 ਹਜ਼ਾਰ ਏਕੜ ਰਕਬਾ ਮਾਰਿਆ ਗਿਆ। 

ਅਜਿਹੇ ਵਿਚਾਰਾਂ ਦਾ ਪ੍ਰਗਟਾਵਾ ਕਰਦਿਆਂ ਖੇਤੀ ਮਾਹਿਰ ਤੇ ਸੂਬਾ ਪ੍ਰਧਾਨ ਜਮਹੂਰੀ ਕਿਸਾਨ ਸਭਾ ਪੰਜਾਬ ਡਾ. ਸਤਨਾਮ ਸਿੰਘ ਅਜਨਾਲਾ ਨੇ ਇੱਕ ਮੀਟਿੰਗ ‘ਚ ਬੋਲਦਿਆਂ ਕਿਹਾ ਕਿ ਅਜਿਹੀ ਦਰਿਆਈ ਹੜ੍ਹਾਂ ਦੀ ਬਰਬਾਦੀ ਹੋਣ ਤੋਂ ਰੋਕਣ ਲਈ ਦਰਿਆਵਾਂ ਦਾ ਨਹਿਰੀ ਕਰਨ ਕੀਤਾ ਜਾਵੇ।

ਡਾ. ਅਜਨਾਲਾ ਨੇ ਅੱਗੇ ਦੱਸਿਆ ਕਿ ਅਜਿਹਾ ਕਰਨ ਨਾਲ ਹਰੇਕ ਸਾਲ ਹਜ਼ਾਰਾਂ ਕਰੋੜਾਂ ਰੁਪਏ ਦੀ ਫ਼ਸਲਾਂ ਤੇ ਹੋਰ ਜਾਨ ਮਾਲ ਦਾ ਨੁਕਸਾਨ ਹੋਣ ਤੋਂ ਬਚਾਇਆ ਜਾ ਸਕਦੇ ਹੈ।, ਉੱਥੇ ਦਰਿਆਵਾਂ ਦੇ ਨਹਿਰੀ ਕਰਨ ਹੋਣ ਨਾਲ ਦਰਿਆਵਾਂ ਵਿੱਚੋਂ ਹੋਰ ਨਵੀਆਂ ਨਹਿਰਾਂ ਕੱਢੀਆਂ ਜਾ ਸਕੀਆਂ ਹਨ। ਅਜਿਹਾ ਹੋਣ ਨਾਲ ਹਰੇਕ ਖੇਤ ਤੱਕ ਲੋੜੀਂਦਾ ਨਹਿਰੀ ਪਾਣੀ ਦਿੱਤਾ ਜਾ ਸਕਦਾ ਹੈ ਅਤੇ ਹਰੇਕ ਘਰ ਵਿੱਚ ਪੀਣ ਲਈ ਸਵੱਛ ਪਾਣੀ  ਮੁੱਹਈਆ ਕਰਵਾਇਆ ਜਾ ਸਕਦਾ ਹੈ।

ਉਹਨਾਂ ਅੱਗੇ ਕਿਹਾ ਕਿ ਇਸ ਨਾਲ ਧਰਤੀ ਹੇਠਲੇ ਪਾਣੀ ਦਾ ਪੱਧਰ ਵੀ ਉੱਪਰ ਆ ਜਾਵੇਗਾ ਅਤੇ ਜਿਹੜੇ ਪੰਜਾਬ ਵਿੱਚ 15  ਲੱਖ ਤੋਂ ਜ਼ਿਆਦਾ ਬਿਜਲੀ ਨਾਲ ਟਿਊਬਵੈੱਲ ਚੱਲ ਰਹੇ ਹਨ ਉਹਨਾਂ ਦੀ ਲੋੜ ਨਹੀਂ ਰਹੇਗੀ।

ਖੇਤੀ ਮਾਹਿਰ ਅਜਨਾਲਾ ਨੇ ਪੰਜਾਬ ਦੇ ਲੋਕਾਂ ਨੂੰ ਪੁਰਜ਼ੋਰ ਅਪੀਲ ਕੀਤੀ ਕਿ ਉਹ ਪੰਜਾਬ ਤੇ ਕੇਂਦਰ ਦੀ ਸਰਕਾਰ ਤੋਂ ਅਜਿਹਾ ਕਰਵਾਉਣ ਲਈ 24 ਅਗਸਤ ਨੂੰ ਸਮਰਾਲਾ ਵਿਖੇ ਐੱਸਕੇਐੱਮ ਵੱਲੋਂ ਮਹਾਂ ਰੈਲੀ ਆਯੋਜਿਤ ਕੀਤੀ ਜਾ ਰਹੀ ਹੈ, ਜਿਸ ਵਿਚ ਵੱਧ ਚੜ੍ਹ ਕੇ ਪਹੁੰਚਣ ਦੀ ਅਪੀਲ ਕੀਤੀ। ਇਸ ਵੱਡੇ ਇਕੱਠ ਦੇ ਨਾਲ ਭਾਰਤ ਸਰਕਾਰ ‘ਤੇ ਜ਼ੋਰ ਦਿੱਤਾ ਜਾਵੇਗਾ ਕਿ ਉਹ ਕਰਮੁੱਕਤ ਵਪਾਰ ਵਿੱਚੋਂ ਖੇਤੀ ਕਿੱਤੇ ਨੂੰ ਬਾਹਰ ਰੱਖੇ ਤਾਂ ਜੋ ਖੇਤੀ ਨੂੰ ਤਬਾਹ ਹੋਣ ਤੋਂ ਬਚਾਇਆ ਜਾ ਸਕੇ। ਡਾ. ਅਜਨਾਲਾ ਨੇ ਕਿਹਾ ਕਿ ਇਸ ਮਹਾਂ ਰੈਲੀ ਵਿਚ ਪੰਜਾਬ ਦੇ ਸਰਬਪੱਖੀ ਵਿਕਾਸ ਲਈ ਪਿੰਡਾਂ ਦੀਆਂ ਸੁਸਾਇਟੀਆਂ ਮਜ਼ਬੂਤ ਕੀਤੀਆਂ ਜਾਣ, ਜਿੰਨਾ ਵਿੱਚ ਪਿੰਡਾਂ ਵਿੱਚ ਵੱਸਦੇ ਹਰ ਬਾਲਗ ਮਜ਼ਦੂਰ, ਛੋਟੇ ਦੁਕਾਨਦਾਰ ਤੇ ਹੋਰ ਕਾਰੋਬਾਰੀ ਲੋਕਾਂ ਨੂੰ ਕਿਸਾਨਾਂ ਸਮੇਤ ਮੈਂਬਰ ਬਣਨ ਦਾ ਅਧਿਕਾਰ ਹੋਵੇ ਇਸੇ ਤਰਜ਼ ਤੇ ਸ਼ਹਿਰਾਂ ਵਿੱਚ ਵੀ ਕੋਆਪਰੇਟਿਵ ਸੋਸਾਇਟੀਆਂ ਬਣਾਈਆਂ ਜਾਣ।

ਇਸ ਸਮੇਂ ਮੀਟਿੰਗ ਵਿੱਚ ਆਏ ਵੱਖ ਵੱਖ ਪਿੰਡਾਂ ਤੋਂ ਆਗੂਆਂ ਨੇ ਕਿਹਾ ਕਿ ਉਹ ਇਸ ਮਹਾਂਪੰਚਾਇਤ ਵਿੱਚ ਵੱਧ ਚੜ੍ਹ ਕੇ ਪਹੁੰਚਣਗੇ ਇਸ ਸਮੇਂ ਹੋਰਨਾਂ ਤੋਂ ਇਲਾਵਾ ਸੁਰਜੀਤ ਸਿੰਘ ਭੂਰੇ ਗਿੱਲ, ਬਲਕਾਰ ਸਿੰਘ ਗੁਲਗੜ੍ਹ, ਜਥੇਦਾਰ ਤਸਬੀਰ ਸਿੰਘ ਹਾਸਮਪੁਰਾ, ਬਲਤੇਜ ਸਿੰਘ ਦਿਆਲਪੁਰਾ, ਨੌਜਵਾਨ ਆਗੂ ਸੁੱਚਾ ਸਿੰਘ ਘੋਗਾ ਤੇ ਗਾਇਕ ਗੁਰਪਾਲ ਗਿੱਲ ਸੈਦਪੁਰ, ਹਰਜਿੰਦਰ ਸਿੰਘ ਛੀਨਾਂ, ਆੜਤੀ ਯੂਨੀਅਨ ਦਾ ਆਗੂ ਰੇਸ਼ਮ ਸਿੰਘ ਅਜਨਾਲਾ, ਹਰਨੇਕ ਸਿੰਘ ਨੇਪਾਲ, ਗੁਰਪ੍ਰੀਤ ਸਿੰਘ ਗੋਪੀ ਗੁਲਗੜ੍ਹ, ਸੂਰਤਾ ਸਿੰਘ ਚੱਕ ਔਲ, ਬੱਗਾ ਸਿੰਘ ਖਾਨੇਵਾਲ, ਰਣਜੀਤ ਸਿੰਘ ਕੋਟਲੀ ਕੋਕਾ ਆਦਿ ਨੇ ਵੀ ਹਾਜ਼ਰ ਸਨ।

ਮਨਰੇਗਾ ਵਰਕਰਾਂ ਨੂੰ ਕੰਮ ਨਾ ਦੇਣ ਦੀ ਸੂਰਤ ‘ਚ ਬੇਰੁਜ਼ਗਾਰੀ ਭੱਤਾ ਦੇਣ ਦੀ ਮੰਗ

 


ਤਰਨ ਤਾਰਨ: ਮਨਰੇਗਾ ਵਰਕਰਜ਼ ਯੂਨੀਅਨ ਪੰਜਾਬ ਦਾ ਵਫਦ ਜ਼ਿਲ੍ਹੇ ਦੇ ਵਧੀਕ ਡਿਪਟੀ ਕਮਿਸ਼ਨਰ ਵਿਕਾਸ ਤਰਨ ਤਾਰਨ ਨੂੰ ਜ਼ਿਲ੍ਹਾ ਸਕੱਤਰ ਬਲਦੇਵ ਸਿੰਘ ਪੰਡੋਰੀ, ਜ਼ਿਲ੍ਹਾ ਪ੍ਰਧਾਨ ਮੀਨਾ ਕੌਰ ਸਰਪੰਚ ਸ਼ੁਕਰ ਚੱਕ, ਨਰਿੰਦਰ ਸਿੰਘ ਰਟੌਰ, ਜਰਨੈਲ ਸਿੰਘ ਰਸੂਲਪੁਰ, ਜਸਬੀਰ ਕੌਰ ਕਰੋਵਾਲ, ਕਰਮ ਸਿੰਘ ਪੰਡੋਰੀ ਆਦਿ ਦੀ ਅਗਵਾਈ ‘ਚ ਮਿਲਿਆ।

ਵਫਦ ਨੇ ਮਨਰੇਗਾ ਵਰਕਰਾਂ ਦੇ ਸਬੰਧ ਵਿੱਚ ਏਡੀਸੀ ਵਿਕਾਸ ਨੂੰ ਦੱਸਿਆ ਕਿ ਸਾਰੇ ਜ਼ਿਲ੍ਹੇ ਅੰਦਰ ਮਨਰੇਗਾ ਵਰਕਰਾਂ ਦਾ ਕੰਮ ਬੰਦ ਪਿਆ ਹੈ। ਲਗਭਗ 10 ਪਿੰਡਾਂ ਦੇ ਵਰਕਰਾਂ ਦੀਆਂ ਡਿਮਾਂਡਾਂ ਦੇ ਕੇ ਕੰਮ ਦੀ ਮੰਗ ਕੀਤੀ ਗਈ ਅਤੇ ਕੰਮ ਨਾ ਦੇਣ ਦੀ ਸੂਰਤ ਬੇਰੁਜ਼ਗਾਰੀ ਭੱਤੇ ਦੀ ਜ਼ੋਰਦਾਰ ਮੰਗ ਕੀਤੀ ਗਈ।

ਮਨਰੇਗਾ ਵਰਕਰਜ਼ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਬਲਦੇਵ ਸਿੰਘ ਪੰਡੋਰੀ ਨੇ ਦੱਸਿਆ ਕਿ  ਕਿਹਾ ਕਿ ਕੇਂਦਰ ਅਤੇ ਪੰਜਾਬ ਦੀ ਭਗਵੰਤ ਮਾਨ ਦੀ ਸਰਕਾਰ ਮਨਰੇਗਾ ਕਾਮਿਆਂ ਨੂੰ 100 ਦਿਨ ਦੀ ਗਰੰਟੀ ਵਾਲਾ ਕਾਨੂੰਨ ਲਾਗੂ ਕਰਨ ਬੁਰੀ ਤਰ੍ਹਾ ਫੇਲ੍ਹ ਹੋ ਚੁੱਕੀ ਹੈ। ਪੰਜਾਬ ਅੰਦਰ ਮਨਰੇਗਾ ਕਾਮਿਆਂ ਦਾ ਕੰਮ ਬਿਲਕੁਲ ਬੰਦ ਪਿਆ ਹੈ, ਮਨਰੇਗਾ ਵਰਕਰ ਕੰਮ ਤੋਂ ਵਿਹਲੇ ਫਿਰ ਰਹੇ ਹਨ। ਕੇਂਦਰ ਅਤੇ ਪੰਜਾਬ ਸਰਕਾਰ ਆਪਣੇ ਕੀਤੇ ਹੋਏ ਵਾਅਦਿਆਂ ਨੂੰ ਪੂਰਾ ਕਰੇ ਅਤੇ ਕੰਮ ਨਾਂ ਦੇਣ ਦੀ ਸੂਰਤ ਮਨਰੇਗਾ ਕਾਮਿਆ ਨੂੰ ਬੇਰੁਜ਼ਗਾਰੀ ਭੱਤਾ ਤੁਰੰਤ ਲਾਗੂ ਕਰੇ। ਕੇਂਦਰ ਦੀ ਮੋਦੀ ਸਰਕਾਰ ਮਨਰੇਗਾ ਬਜਟ ਵਿੱਚ ਵਾਧਾ ਕਰਕੇ ਕੰਮ ਮੰਗਦੇ ਮਨਰੇਗਾ ਕਾਮਿਆਂ ਨੂੰ ਬਿਨਾਂ ਕਿਸੇ ਭੇਦ ਭਾਵ ਕੰਮ ਦਿੱਤਾ ਜਾਵੇ ਅਤੇ ਮਿਹਨਤਆਨਾ ਸਮੇਂ ਸਿਰ ਗੁਜਾਰੇ ਯੋਗ ਘੱਟੋ ਘੱਟ 700 ਰੁਪਏ ਪ੍ਰਤੀ ਦਿਨ ਦਿੱਤਾ ਜਾਵੇ। ਮਨਰੇਗਾ ਵਰਕਰਾਂ ਦੀ ਸਿਹਤ ਸੰਭਾਲ ਨੂੰ ਮੁੱਖ ਰੱਖਦਿਆਂ ਮੈਡੀਕਲ ਕਿੱਟ, ਫਰੀ ਬੀਮਾ ਯੋਜਨਾ ਘੱਟੋ ਘੱਟ 20 ਲੱਖ ਰੁਪਏ ਅਤੇ ਵਰਤੋਂ ਦਾ ਸਾਰਾ ਸਮਾਨ ਫੌਰੀ ਮੁਹਈਆ ਕੀਤਾ ਜਾਵੇ। ਉਹਨਾਂ ਕਿਹਾ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਆਪਣੇ ਚਹੇਤਿਆਂ ਨੂੰ ਪ੍ਰਸਾ਼ਸ਼ਨਿਕ ਅਧਿਕਾਰੀਆਂ ਤੇ ਪ੍ਰੈਸ਼ਰ ਪਾ ਕੇ ਕੰਮ ਦੇ ਰਹੀ ਹੈ ਅਤੇ ਕੰਮ ਮੰਗਦੇ ਵਰਕਰਾਂ ਨੂੰ ਨਾ ਤਾਂ ਸਮੇਂ ਸਿਰ ਜੌਬ ਕਾਰਡ ਬਣਾ ਕੇ ਦਿੱਤੇ ਜਾ ਰਹੇ ਹਨ ਅਤੇ ਨਾ ਹੀ ਉਹਨਾਂ ਨੂੰ ਕੰਮ ਦਿੱਤਾ ਜਾ ਰਿਹਾ ਹੈ।

ਪੰਡੋਰੀ ਨੇ ਦੱਸਿਆ ਕਿ ਕੰਮ ਬੰਦ ਕਰਨ ਅਤੇ ਮਨਰੇਗਾ ਕੰਮ ਨੂੰ ਪਾਰਦਰਸ਼ੀ ਢੰਗ ਨਾ ਚੱਲਣ ਦੇਣ ਵਿਰੁੱਧ 28-29 ਅਗਸਤ ਨੂੰ ਕੇਂਦਰ ਅਤੇ ਪੰਜਾਬ ਸਰਕਾਰ ਦੇ ਪੁੱਤਲੇ ਸਾੜੇ ਜਾਣਗੇ।ਮਨਰੇਗਾ ਵਰਕਰਾਂ ਦੀਆਂ ਸਮੱਸਿਆਵਾਂ ਨੂੰ ਲੈ ਕੇ ਪੰਜਾਬ ਦੇ ਉੱਚ ਅਧਿਕਾਰੀਆਂ ਨੂੰ ਮਨਰੇਗਾ ਵਰਕਰਜ਼ ਯੂਨੀਅਨ ਵੱਲੋਂ ਸੂਬਾ ਪੱਧਰੀ ਵਫਦ  ਮਿਲ ਕੇ ਜਾਣੂ ਕਰਾਇਆ ਜਾਵੇਗਾ।

ਇਸ ਮੌਕੇ ਕਮਲਜੀਤ ਸਿੰਘ ਨਾਗੋਕੇ, ਕੁਲਦੀਪ ਸਿੰਘ ਸਾਬਕਾ ਸਰਪੰਚ ਭੁੱਲਰ, ਕੁਲਦੀਪ ਸਿੰਘ,ਮੰਗਲ ਸਿੰਘ ਰਟੌਲ, ਕਰਮ ਸਿੰਘ ਸੋਹਲ, ਸੁਖਰਾਜ ਸਿੰਘ ਨੁਸ਼ਹਿਰਾ ਢਾਲਾ ਤੋਂ ਇਲਾਵਾ ਹੋਰ ਵਰਕਰ ਦੀ ਹਾਜ਼ਰ ਸਨ।

ਤਹਿਸੀਲ ਨਕੋਦਰ ਦੇ ਨਵਜੋਤ ਮਾਹੀ ਪ੍ਰਧਾਨ ਅਤੇ ਅਮਰਜੀਤ ਢੇਰੀਆਂ ਸਕੱਤਰ ਚੁਣੇ


 

ਨਕੋਦਰ: ਅੱਜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਤਹਿਸੀਲ ਕਮੇਟੀ ਨਕੋਦਰ ਦੀ ਜਥੇਬੰਦਕ ਕਾਨਫ਼ਰੰਸ ਸਥਾਨਕ ਗੁਰੂ ਰਵਿਦਾਸ ਭਵਨ ‘ਚ ਸੰਪਨ ਹੋਈ। ਇਸ ਦੀ ਪ੍ਰਧਾਨਗੀ ਨਵਜੋਤ ਮਾਹੀ, ਸਾਹਿਲ ਬਾਠ, ਫੁੱਮਣ ਸਿੰਘ ਬੂਟੇ ਦੀਆਂ ਛੰਨਾਂ ਨੇ ਕੀਤੀ। ਇਸ ਕਾਨਫ਼ਰੰਸ ਨੂੰ ਸੰਬੋਧਨ ਕਰਦਿਆਂ ਸਭਾ ਦੇ ਸੂਬਾ ਪ੍ਰਧਾਨ ਮਨਜਿੰਦਰ ਸਿੰਘ ਢੇਸੀ ਨੇ ਕਿਹਾ ਕਿ ਪੰਜਾਬ ‘ਚ ਜਵਾਨੀ ਦਾ ਸੰਕਟ ਹੋਰ ਡੂੰਘਾ ਹੁੰਦਾ ਜਾ ਰਿਹਾ ਹੈ। ਬੇਰੁਜ਼ਗਾਰੀ ਦੇ ਝੰਬੇ ਨੌਜਵਾਨ ਨਸ਼ਿਆਂ ‘ਚ ਫਸ ਰਹੇ ਹਨ ਅਤੇ ਕੁੱਝ ਵਿਦੇਸ਼ਾਂ ਨੂੰ ਭੱਜ ਰਹੇ ਹਨ। ਢੇਸੀ ਨੇ ਕਿਹਾ ਕਿ ਦੇਸ਼ ਦੀ ਅਜ਼ਾਦੀ ਦੇ ਅੰਦੋਲਨ ਵੇਲੇ ਨੌਜਵਾਨ ਵਿਦੇਸ਼ਾਂ ‘ਚੋਂ ਭਾਰਤ ਆਏ ਪਰ ਹੁਣ ਉਲਟ ਹਾਲਾਤ ਦੌਰਾਨ ਪੰਜਾਬ ਦੀ ਜਵਾਨੀ ਨਿਰਾਸ਼ਾ ‘ਚ ਜਾ ਰਹੀ ਹੈ। 

ਢੇਸੀ ਨੇ ਅੱਗੇ ਕਿਹਾ ਕਿ 28 ਸਤੰਬਰ ਤੋਂ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਖਟਕੜ ਕਲਾਂ ਤੋਂ ਰੁਜ਼ਗਾਰ ਅਤੇ ਬੇਰੁਜ਼ਗਾਰੀ ਭੱਤੇ ਲਈ ਮੋਰਚਾ ਆਰੰਭਣ ਜਾ ਰਹੀ ਹੈ, ਜਿਸ ‘ਚ ਸ਼ਾਮਲ ਹੋਣ ਦੀ ਉਨ੍ਹਾਂ ਨੌਜਵਾਨਾਂ ਨੂੰ ਅਪੀਲ ਕੀਤੀ। 

ਇਸ ਮੌਕੇ ਸਭਾ ਦੇ ਸੂਬਾ ਕਮੇਟੀ ਮੈਂਬਰ ਮੱਖਣ ਸੰਗਰਾਮੀ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਨਸ਼ਿਆਂ ਵਿਰੁੱਧ ਚਲਦੀ ਮੁਹਿੰਮ ‘ਚ ਜਾਨਾਂ ਬਚਾਉਣ ਦਾ ਸਰਕਾਰ ਦਾ ਕੋਈ ਏਜੰਡਾ ਨਹੀ। ਨਸ਼ੇ ਦੇ ਵੱਡੇ ਮੁੱਦੇ ਉਪਰ ਸਿਰਫ਼ ਰਾਜਨੀਤੀ ਕੀਤੀ ਜਾ ਰਹੀ ਹੈ ਅਤੇ ਠੰਢੇ ਛਿੱਟੇ ਹੀ ਮਾਰੇ ਜਾ ਰਹੇ ਹਨ।

ਸਭਾ ਦੇ ਸੂਬਾ ਕਮੇਟੀ ਮੈਂਬਰ ਦਲਵਿੰਦਰ ਸਿੰਘ ਕੁਲਾਰ ਨੇ ਨਵੀਂ ਕਮੇਟੀ ਦਾ ਪੈਨਲ ਪੇਸ਼ ਕੀਤਾ। ਜਿਸ ਨੂੰ ਸਰਬਸੰਮਤੀ ਨਾਲ ਪਾਸ ਕੀਤਾ ਗਿਆ। ਜਿਸ ਮੁਤਾਬਕ ਨਵਜੋਤ ਮਾਹੀ ਪ੍ਰਧਾਨ, ਸਾਹਿਲ ਬਾਠ ਮੀਤ ਪ੍ਰਧਾਨ, ਅਮਰਜੀਤ ਢੇਰੀਆਂ ਸਕੱਤਰ, ਸੰਦੀਪ ਆਧੀ ਜੁਆਇੰਟ ਸਕੱਤਰ, ਤਰਸੇਮ ਸਿੰਘ ਮਹੰਵਾਲ ਖ਼ਜ਼ਾਨਚੀ ਤੋਂ ਇਲਾਵਾ ਫੁੰਮਣ ਸਿੰਘ ਬੂਟੇ ਦੀਆਂ ਛੰਨਾਂ, ਮਲਕੀਅਤ ਸਿੰਘ ਆਧੀ, ਸਾਗਰ ਪ੍ਰਸ਼ਾਦ ਨਕੋਦਰ, ਜਤਿਨ ਸਿੰਘ ਰਾਂਗੜਾ, ਸਿੱਬੂ ਨਕੋਦਰ ਕਮੇਟੀ ਮੈਂਬਰ ਚੁਣੇ ਗਏ।

ਨਵੀਂ ਚੁਣੀ ਕਮੇਟੀ ਦੇ ਪ੍ਰਧਾਨ ਤੇ ਸਕੱਤਰ ਨੇ ਕਿਹਾ ਕਿ ਉਹ 28 ਸਤੰਬਰ ਦੇ ਖਟਕੜ ਕਲਾਂ ‘ਚ ਲੱਗਣ ਵਾਲੇ ਮੋਰਚੇ ਨੂੰ ਕਾਮਯਾਬ ਕਰਨ ਲਈ ਪਿੰਡ-ਪਿੰਡ ਹੋਕਾ ਦੇਣਗੇ।

ਆਖਰ ‘ਚ ਨਸ਼ੇ ਖ਼ਿਲਾਫ਼ ਹਾਜ਼ਰ ਨੌਜਵਾਨਾਂ ਨੇ ਸਹੁੰ ਚੁੱਕ ਕੇ ਵਾਅਦਾ ਕੀਤਾ ਕਿ ਸਮਾਜ ‘ਚੋਂ ਨਸ਼ੇ ‘ਚ ਲੱਗੇ ਨੌਜਵਾਨਾਂ ਨੂੰ ਮੁਖ ਧਾਰਾ ‘ਚ ਲੈ ਕੇ ਆਉਣ ਦੀ ਕੋਸ਼ਿਸ਼ ਕੀਤੀ ਜਾਵੇਗੀ।

Wednesday, 20 August 2025

ਮੰਡ/ਬੇਟ ਏਰੀਆ 'ਤੇ ਅਬਾਦਕਾਰ ਸੰਘਰਸ਼ ਕਮੇਟੀ ਵੱਲੋਂ ਐੱਸਡੀਐੱਮ ਦਫ਼ਤਰ ਅੱਗੇ ਧਰਨਾ

 


ਖਡੂਰ ਸਹਿਬ: ਮੰਡ/ਬੇਟ ਏਰੀਆ ਤੇ ਅਬਾਦਕਾਰ ਸੰਘਰਸ਼ ਕਮੇਟੀ ਪੰਜਾਬ ਅਤੇ ਜਮਹੂਰੀ ਕਿਸਾਨ ਸਭਾ ਪੰਜਾਬ ਵੱਲੋਂ ਹੜ੍ਹ ਪੀੜਤ ਲੋਕਾਂ ਲਈ ਫੌਰੀ ਕਾਰਜ ਕਰਨ ਦੀ ਮੰਗ ਨੂੰ ਲੈ ਕੇ ਐੱਸਡੀਐੱਮ ਦਫ਼ਤਰ ਅੱਗੇ ਧਰਨਾ ਦਿੱਤਾ। 

ਇਸ ਦੀ ਅਗਵਾਈ ਮਨਜੀਤ ਸਿੰਘ ਬੱਗੂ ਕੋਟ, ਦਾਰਾ ਸਿੰਘ ਮੁੰਡਾ ਪਿੰਡ, ਝਿਲਮਿਲ ਸਿੰਘ ਬਾਣੀਆ, ਮਾ ਗੁਰਮੀਤ ਸਿੰਘ ਜਲਾਲਾਬਾਦ ਆਦਿ ਆਗੂਆਂ ਨੇ ਕੀਤੀ।

ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਪਰਗਟ ਸਿੰਘ ਜਾਮਾਰਾਏ ਨੇ ਕਿਹਾ ਬਿਆਸ ਦਰਿਆ ਵਿੱਚ ਪਾਣੀ ਛੱਡਣ ਨਾਲ ਤਹਿਸੀਲ ਖਡੂਰ ਸਹਿਬ ਦੇ ਦਰਜਨਾਂ ਪਿੰਡ ਅਤੇ ਜ਼ਿਲ੍ਹੇ ਦੇ ਸੈਕੜੇ ਪਿੰਡ ਹੜਾਂ ਦੀ ਮਾਰ ਹੇਠ ਹਨ। ਹੜ੍ਹ ਪੀੜਤ ਲੋਕਾਂ ਨੂੰ ਫੌਰੀ ਰਾਹਤ ਦੀ ਲੋੜ ਹੈ, ਜੋ ਭਾਰੀ ਮੁਸ਼ਕਲਾਂ ਦਾ ਸਾਹਮਣਾ ਕਰ ਰਹੇ ਹਨ। ਉਹਨਾਂ ਕਿਹਾ ਕਿ ਹੜ੍ਹ ਪੀੜ੍ਹਤਾਂ ਲਈ ਰਾਸ਼ਨ, ਸਾਫ ਪਾਣੀ, ਪਸ਼ੂਆਂ ਲਈ ਚਾਰੇ ਅਤੇ ਦਵਾਈਆਂ ਦਾ ਪ੍ਰਬੰਧ ਕੀਤਾ ਜਾਵੇ।

ਇਸ ਮੌਕੇ ਜਮਹੂਰੀ ਕਿਸਾਨ ਸਭਾ ਪੰਜਾਬ ਦੇ ਆਗੂ ਮੁਖਤਾਰ ਸਿੰਘ ਮੱਲਾ ਨੇ ਕਿਹਾ ਕੇ ਕਿਸਾਨਾਂ ਦੀਆਂ ਫਸਲਾਂ ਲਈ ਪੰਜਾਹ ਹਜਾਰ ਪ੍ਰਤੀ ਏਕੜ ਅਤੇ ਮਜ਼ਦੂਰਾਂ ਲਈ ਵੀ ਯੋਗ ਮੁਆਵਜੇ ਦਾ ਪ੍ਰਬੰਧ ਕੀਤਾ ਜਾਵੇ।

ਐੱਸਡੀਐੱਮ ਦਫ਼ਤਰ ਵਿਖੇ ਤਹਿਸੀਲਦਾਰ ਨੂੰ ਦਿੱਤੇ ਮੰਗ ਪੱਤਰ ਵਿੱਚ ਮੰਗ ਕੀਤੀ ਗਈ ਕਿ ਹੜ੍ਹਾਂ ਦੀ ਪੱਕੀ ਰੋਕਥਾਮ ਲਈ ਦਰਿਆਵਾਂ ਦਾ ਨਹਿਰੀ ਕਰਨ ਕੀਤਾ ਜਾਵੇ, ਹੜ੍ਹ ਪੀੜਤ ਕਿਸਾਨਾਂ ਦੀਆਂ ਫਸਲਾਂ ਦੇ ਹੋਏ ਨੁਕਸਾਨ ਲਈ  ਪੰਜਾਹ ਹਜਾਰ ਰੁਪਏ ਪ੍ਰਤੀ ਏਕੜ ਮੁਆਵਜਾ ਦਿੱਤਾ ਜਾਵੇ। ਅਬਾਦਕਾਰ ਕਿਸਾਨਾਂ ਅਤੇ ਮੌਕੇ ਦੀ ਗਿਰਦਾਵਰੀ ਕਰਕੇ ਕਾਸ਼ਤਕਾਰ ਕਿਸਾਨਾਂ ਨੂੰ ਮੁਆਵਜ਼ਾ ਦਿੱਤਾ ਜਾਵੇ। ਮਜ਼ਦੂਰਾਂ ਲਈ ਪ੍ਰਤੀ ਪਰਿਵਾਰ ਦਸ ਹਜਾਰ ਰੁਪਏ ਦਿੱਤੇ ਜਾਣ। ਅਬਾਦਕਾਰ ਕਿਸਾਨਾਂ ਨੂੰ ਮਾਲਕੀ ਹੱਕ ਦਿੱਤੇ ਜਾਣ, ਖੰਡ ਮਿੱਲ ਸੇਰੋਂ ਨੂੰ ਚਾਲੂ ਕੀਤਾ ਜਾਵੇ, ਹੜ੍ਹ ਪੀੜ੍ਹਤ ਕਿਸਾਨਾਂ ਮਜ਼ਦੂਰਾਂ ਦੇ ਕਰਜੇ ਮੁਆਫ ਕੀਤੇ ਜਾਣ।

ਧਰਨਾਕਾਰੀਆ ਨੂੰ ਹੋਰਨਾਂ ਤੋਂ ਇਲਾਵਾ ਚਰਨ ਸਿੰਘ ਸਰਪੰਚ, ਬਲਜੀਤ ਸਿੰਘ, ਗੁਰਦੀਪ ਸਿਘ ਮੁੰਡਾ ਪਿੰਡ, ਦਿਹਾਤੀ ਮਜ਼ਦੂਰ ਸਭਾ ਦੇ ਆਗੂ ਸੁਖਵਿੰਦਰ ਸਿੰਘ ਰਾਜੂ ਕੋਟ, ਗੁਰਦੀਪ ਸਿੰਘ ਮੁੰਡਾ ਪਿੰਡ ਗੁਰਭੇਜ ਸਿੰਘ ਮੁੰਡਾ ਪਿੰਡ, ਸਤਨਾਮ ਸਿੰਘ ਬਾਣੀਆ, ਬਖਸ਼ੀਸ਼ ਸਿੰਘ ਬਾਣੀਆ, ਕੁਲਦੀਪ ਸਿੰਘ ਧਰਮ ਸਿੰਘ, ਮੁੰਡਾ ਪਿੰਡ, ਲਖਵਿੰਦਰ ਸਿੰਘ, ਪਰਮਜੀਤ ਸਿੰਘ ਬਾਣੀਆ, ਨਰੰਜਨ ਸਿੰਘ ਕੋਟ ਆਦਿ ਆਗੂ ਹਾਜ਼ਰ ਸਨ।