Monday, 18 August 2025

ਨੌਜਵਾਨ ਸਭਾ 28 ਸਤੰਬਰ ਤੋਂ ਖਟਕੜ੍ਹ ਕਲਾਂ ‘ਚ ਲਗਾਏਗੀ ਪੱਕਾ ਮੋਰਚਾ


ਜਲੰਧਰ: ਅੱਜ ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਪੰਜਾਬ ਦੀ ਸੂਬਾ ਕਮੇਟੀ ਮੀਟਿੰਗ ਇਥੋਂ ਦੇ ਸ਼ਹੀਦ ਸਰਵਣ ਸਿੰਘ ਚੀਮਾ ਭਵਨ ਵਿਖੇ ਸਾਥੀ ਮਨਜਿੰਦਰ ਸਿੰਘ ਢੇਸੀ ਦੀ ਪ੍ਰਧਾਨਗੀ ਹੇਠ ਕੀਤੀ ਗਈ। ਮੀਟਿੰਗ ਦੇ ਫੈਸਲੇ ਜਾਰੀ ਕਰਦਿਆਂ ਸਭਾ ਦੇ ਜਨਰਲ ਸਕੱਤਰ ਸਾਥੀ ਧਰਮਿੰਦਰ ਮੁਕੇਰੀਆ ਨੇ ਦੱਸਿਆਂ ਕਿ ਲੋਕਮਾਰੂ ਆਰਥਿਕ ਨੀਤੀਆਂ ਕਾਰਨ ਨੌਜਵਾਨ ਵਰਗ ਨੂੰ ਸਿੱਖਿਆਂ ਵਿਹੂਣਾ ਕਰਕੇ ਬੇਰੁਜ਼ਗਾਰੀ ਦਾ ਸੰਤਾਪ ਹੰਡਾ ਰਹੀ ਜਵਾਨੀ ਨੂੰ ਨਸ਼ੇ ਦੀ ਦਲਦਲ ਵੱਲ ਧੱਕਿਆਂ ਜਾ ਰਿਹਾ ਹੈ, ਇਸਦੇ ਨਾਲ ਨਾਲ ਨਸ਼ਿਆਂ ਦੇ ਆਦੀ ਨੌਜਵਾਨਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇ ਕੇ ਉਹਨਾਂ ਦੇ ਮੁੜ ਵਸੇਵੇ ਦਾ ਪ੍ਰਬੰਧ ਕਰਨ ਦੀ ਥਾਂ ਜੇਲਾਂ 'ਚ ਸੁੱਟਿਆਂ ਜਾ ਰਿਹਾ ਹੈ, ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਦੀ ਇਸ ਨੀਤੀ ਦਾ ਨੋਟਿਸ ਲੈਦਿਆਂ ਸਭਾ ਵਲੋਂ ਆਉਣ ਵਾਲੇ ਸਮੇਂ ਲਈ ਪ੍ਰੋਗਰਾਮ ਤਿਆਰ ਕਰਕੇ 19 ਤੋਂ 23 ਅਗਸਤ ਤੱਕ ਪੂਰੇ ਪੰਜਾਬ ਦੇ ਤਹਿਸੀਲ ਕੇਂਦਰਾਂ ਤੋਂ ਐੱਸਡੀਐੱਮ ਰਾਹੀਂ ਪੰਜਾਬ ਸਰਕਾਰ ਨੂੰ ਚੋਣਾਂ ਦੌਰਾਨ ਕੀਤੇ ਵਾਅਦੇ ਯਾਦ ਕਰਵਾਉਣ ਲਈ ਯਾਦ ਪੱਤਰ ਭੇਜੇ ਜਾਣਗੇ। ਇਸ ਉਪਰੰਤ ਜਥੇਬੰਦਕ ਕਾਰਜ ਪੰਜਾਬ ਭਰ ਦੀਆਂ ਤਹਿਸੀਲ ਕਮੇਟੀਆਂ ਦਾ ਨਵੀਵੀਕਰਨ 27 ਸਤੰਬਰ ਤੱਕ ਮੁਕੰਮਲ ਕੀਤਾ ਜਾਵੇਗਾ। ਉਨ੍ਹਾਂ ਮੀਟਿੰਗ ਦੇ ਅਗਲੇ ਫੈਸਲੇ ਜਾਰੀ ਕਰਦੀਆਂ ਦੱਸਿਆ ਕਿ 28 ਸਤੰਬਰ ਨੂੰ ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮੌਕੇ ਹਰ ਸਾਲ ਦੀ ਤਰ੍ਹਾਂ ਸਕੂਟਰ-ਮੋਟਰਸਾਈਕਲ ਮਾਰਚ ਕਰਕੇ ਸ਼ਹੀਦ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਤਕ ਮਾਰਚ ਕੀਤਾ ਜਾਵੇਗਾ। ਵਾਅਦੇ ਪੂਰੇ ਨਾ ਕਰਨ ਦੀ ਸੂਰਤ ਵਿੱਚ 28 ਸਤੰਬਰ ਤੋਂ 5 ਅਕਤੂਬਰ ਤੱਕ ਨੌਜਵਾਨਾਂ ਦੀਆਂ ਮੰਗਾਂ ਨੂੰ ਲੈ ਕੇ ਭਗਤ ਸਿੰਘ ਦੇ ਜੱਦੀ ਪਿੰਡ ਖਟਕੜ ਕਲਾਂ ਵਿਖੇ ਪੱਕਾ ਮੋਰਚਾ ਲਗਾਇਆ ਜਾਵੇਗਾ ਅਤੇ ਪੰਜਾਬ ਸਰਕਾਰ ਨੂੰ ਨੌਜਵਾਨਾਂ ਨਾਲ ਕੀਤੇ ਰੁਜ਼ਗਾਰ ਦੇ ਵਾਅਦੇ, 2500 ਰੁਪਏ ਬੇਰੁਜਗਾਰੀ ਭੱਤਾ, ਨਸ਼ਿਆਂ ਨੂੰ ਖਤਮ ਕਰਨ, ਸਰਕਾਰੀ ਅਦਾਰਿਆਂ ਅੰਦਰ ਖਾਲੀ ਪਾਈਆਂ ਅਸਾਮੀਆਂ ਨੂੰ ਭਰਨ, ਸਿੱਖਿਆ ਦਾ ਨਿੱਜੀਕਰਨ ਵਪਾਰੀਕਰਨ ਬੰਦ ਕਰਨ ਅਤੇ ਸਾਰਿਆ ਲਈ ਪੜਨ ਦੇ ਬਰਾਬਰ ਮੌਕੇ ਪੈਦਾ ਕਰਨ ਅਤੇ ਚੰਗੀਆਂ ਸਿਹਤ ਸਹੂਲਤਾਂ ਦਾ ਪਰਬੰਧ ਕਰਨ ਆਦਿ ਮਸਲਿਆਂ ਉੱਪਰ ਕੀਤੇ ਚੋਣ ਵਾਅਦੇ ਯਾਦ ਕਰਵਾਏ ਜਾਣਗੇ।

ਇਸ ਮੌਕੇ ਸੁਲੱਖਣ ਤੁੜ, ਅਜੈ ਫਿਲੌਰ, ਗੁਰਦੀਪ ਗੋਗੀ, ਮੱਖਣ ਸੰਗਰਾਮੀ, ਰਵਿੰਦਰ ਸਰਦੂਲਗੜ੍ਹ, ਬੌਬੀ ਗੋਇੰਦਵਾਲ, ਕੈਪਟਨ ਕਾਹਲਵਾਂ ਆਦਿ ਹਾਜ਼ਰ ਸਨ।

Sunday, 17 August 2025

ਸਮਰਾਲਾ ਰੈਲੀ: ਪਾਣੀਆਂ ਦਾ ਮਸਲਾ, ਮੁਕਤ ਵਪਾਰ ਸਮਝੌਤਾ, ਸਹਿਕਾਰਤਾ ਅਤੇ ਹੜ੍ਹ ਪੀੜਤ ਕਿਸਾਨਾਂ ਦੇ ਮਸਲੇ ਉਠਾਉਣ ਦਾ ਫ਼ੈਸਲਾ

 


ਲੁਧਿਆਣਾ: ਅੱਜ ਸੰਯੁਕਤ ਕਿਸਾਨ ਮੋਰਚਾ ਪੰਜਾਬ ਦੀ ਮੀਟਿੰਗ ਇਥੋਂ ਦੇ ਕਰਨੈਲ ਸਿੰਘ ਈਸੜੂ ਭਵਨ ਵਿਖੇ ਹੋਈ, ਜਿਸ ਦੀ ਪ੍ਰਧਾਨਗੀ ਰੁਲਦੂ ਸਿੰਘ ਮਾਨਸਾ, ਬਲਜੀਤ ਸਿੰਘ ਗਰੇਵਾਲ ਅਤੇ ਬੂਟਾ ਸਿੰਘ ਸ਼ਾਦੀਪੁਰ ਨੇ ਕੀਤੀ।

 ਮੀਟਿੰਗ ਵਿੱਚ ਸਭ ਤੋਂ ਪਹਿਲਾਂ ਲੈਂਡ ਪੂਲਿੰਗ ਦਾ ਮਸਲਾ  ਵਿਚਾਰਿਆ ਗਿਆ। ਮੀਟਿੰਗ ਨੇ ਸਰਬ ਸੰਮਤੀ ਨਾਲ ਪਾਸ ਕੀਤਾ ਕਿ ਲੈਂਡ ਪੂਲਿੰਗ ਕਿਸਾਨਾਂ ਦੀ ਜ਼ਮੀਨ ਖੋਹਣ ਲਈ ਸਿੱਧਾ ਡਾਕਾ ਸੀ ਅਤੇ ਇਹ ਕਾਰਪੋਰੇਟ ਘਰਾਣਿਆਂ ਦੀ  ਇੱਛਾ ਅਨੁਸਾਰ ਕਿਸਾਨਾਂ ਦੀ ਜ਼ਮੀਨ ਖੋਹ ਕੇ ਲੈਂਡ ਬੈਂਕ ਬਣਾਉਣ ਵੱਲ ਸੇਧਿਤ ਸੀ। ਸੰਯੁਕਤ ਕਿਸਾਨ ਮੋਰਚਾ ਨੇ ਪੰਜਾਬ ਦੇ ਸਮੂਹ ਕਿਸਾਨਾਂ ਮਜ਼ਦੂਰਾਂ ਅਤੇ ਹੋਰ ਮਿਹਨਤਕਸ਼ ਲੋਕਾਂ ਦੀ ਮੱਦਦ ਨਾਲ ਇਸ ਦੇ ਖਿਲਾਫ ਘੋਲ ਲੜਕੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ। ਪੰਜਾਬ ਸਰਕਾਰ ਵੱਲੋਂ ਨੋਟੀਫਿਕੇਸ਼ਨ ਰੱਦ ਨਾ ਕੀਤੇ ਜਾਣ ਤੇ ਐਸਕੇਐਮ ਨੇ ਅਲਟੀਮੇਟਮ ਦਿੱਤਾ ਤਾਂ ਪੰਜਾਬ ਸਰਕਾਰ ਨੇ ਤੁਰੰਤ ਹੀ ਨੋਟੀਫਿਕੇਸ਼ਨ ਰੱਦ ਕਰ ਦਿੱਤੇ ਹਨ। ਐਸਕੇਐਮ ਨੇ ਇਸ ਸ਼ਾਨਦਾਰ ਜਿੱਤ ਲਈ ਸਮੂਹ ਪੰਜਾਬੀਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਧੰਨਵਾਦ ਕੀਤਾ। ਹੁਣ 24 ਅਗਸਤ ਨੂੰ ਸਮਰਾਲਾ ਵਿਖੇ ਜੇਤੂ ਰੈਲੀ ਕੀਤੀ ਜਾਵੇਗੀ ਜਿਸ ਵਿੱਚ ਸੰਯੁਕਤ ਕਿਸਾਨ ਮੋਰਚੇ ਵਿੱਚ ਸ਼ਾਮਿਲ ਸਾਰੀਆਂ ਜਥੇਬੰਦੀਆਂ ਵੱਧ ਚੜ੍ਹ ਕੇ ਹਿੱਸਾ ਲੈਣਗੀਆਂ।

ਦੂਸਰੇ ਏਜੰਡੇ ਵਿੱਚ ਐੱਸਕੇਐੱਮ ਵਿੱਚ ਸ਼ਾਮਿਲ ਦੋ ਜਥੇਬੰਦੀਆਂ ਦੇ ਆਗੂਆਂ ਕੁਲਦੀਪ ਸਿੰਘ ਵਜੀਦਪੁਰ ਅਤੇ ਕਿਰਪਾ ਸਿੰਘ ਨੱਥੂਵਾਲਾ ਵੱਲੋਂ, ਕੇਂਦਰੀ ਖੇਤੀ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਦੀ ਮੀਟਿੰਗ ਵਿੱਚ ਜਾਣ ਅਤੇ ਮੋਦੀ ਦਾ ਧੰਨਵਾਦ ਕਰਨ ਦਾ ਏਜੰਡਾ ਵਿਚਾਰਿਆ ਗਿਆ। ਮੀਟਿੰਗ ਨੇ ਸਰਬ ਸੰਮਤੀ ਨਾਲ ਪਾਸ ਕੀਤਾ ਕਿ ਇਹ ਆਗੂ ਪਹਿਲਾਂ ਵੀ ਕੇਂਦਰ ਸਰਕਾਰ ਦੀ ਮੀਟਿੰਗ ਵਿੱਚ ਸੰਯੁਕਤ ਕਿਸਾਨ ਮੋਰਚੇ ਨੂੰ ਦੱਸੇ ਤੋਂ ਬਿਨਾਂ ਚਲੇ ਗਏ ਸਨ, ਹੁਣ ਦੁਬਾਰਾ ਫਿਰ ਇਹ ਜਾਣ ਬੁੱਝ ਕੇ ਉਸ ਮੀਟਿੰਗ ਵਿੱਚ ਗਏ ਹਨ। ਇੱਕ ਪਾਸੇ ਸੰਯੁਕਤ ਕਿਸਾਨ ਮੋਰਚਾ ਭਾਰਤ, ਪ੍ਰਧਾਨ ਮੰਤਰੀ ਮੋਦੀ ਦੇ ਪੁਤਲੇ ਫੂਕ ਰਿਹਾ ਸੀ ਅਤੇ ਇਹ ਦੋਵੇਂ ਆਗੂ ਕੇਂਦਰੀ ਖੇਤੀ ਮੰਤਰੀ ਦੀ ਮੀਟਿੰਗ ਵਿੱਚ ਜਾ ਕੇ ਪ੍ਰਧਾਨ ਮੰਤਰੀ ਦਾ ਧੰਨਵਾਦ ਕਰ ਰਹੇ ਸਨ। ਮੀਟਿੰਗ ਨੇ ਸਰਬ ਸੰਮਤੀ ਨਾਲ ਇਸ ਦੀ ਘੋਰ ਨਿਖੇਧੀ ਕਰਦਿਆਂ ਦੋਵੇਂ ਜਥੇਬੰਦੀਆਂ ਦੁਆਬਾ ਕਿਸਾਨ ਯੂਨੀਅਨ ਅਤੇ ਆਈਪੀਡੀ ਕਿਸਾਨ ਬਚਾਓ ਮੋਰਚਾ ਨੂੰ ਸੰਯੁਕਤ ਕਿਸਾਨ ਮੋਰਚੇ ਵਿੱਚੋਂ ਬਾਹਰ ਕਰ ਦਿੱਤਾ। 

 ਗੰਨਾ ਪੈਦਾ ਕਰਨ ਵਾਲੇ ਕਿਸਾਨਾਂ ਦੀ ਬਕਾਇਆ ਰਾਸ਼ੀ ਦੇ ਸੰਬੰਧ ਵਿੱਚ 19 ਅਗਸਤ ਨੂੰ ਵਿੱਤ ਮੰਤਰੀ ਹਰਪਾਲ ਚੀਮਾ ਦਾ ਘਿਰਾਓ ਕਰਨ ਦਾ ਪ੍ਰੋਗਰਾਮ ਸੀ, ਉਹ 24 ਅਗਸਤ ਦੀ ਰੈਲੀ ਨੂੰ ਮੁੱਖ ਰੱਖਦੇ  ਹੋਏ ਮੁਲਤਵੀ ਕਰ ਦਿੱਤਾ ਗਿਆ। 21 ਅਗਸਤ ਤੱਕ ਜੇਕਰ ਸਰਕਾਰ ਗੰਨਾ ਪੈਦਾ ਕਰਨ ਵਾਲੇ ਕਿਸਾਨਾਂ ਦੇ ਬਕਾਏ ਅਦਾ ਨਹੀਂ ਕਰਦੀ ਤਾਂ ਸਮਰਾਲੇ ਦੀ ਮਹਾਂ ਰੈਲੀ ਵਿੱਚ ਸਟੇਜ ਤੋ ਸੰਯੁਕਤ ਕਿਸਾਨ ਮੋਰਚਾ ਇਸ ਸਬੰਧੀ ਸੰਘਰਸ਼ ਪ੍ਰੋਗਰਾਮ ਦਾ ਐਲਾਨ ਕਰੇਗਾ। 

ਇਸੇ ਤਰ੍ਹਾਂ ਸੰਯੁਕਤ ਕਿਸਾਨ ਮੋਰਚੇ ਨੇ ਹੜ ਪੀੜਤਾਂ ਨੂੰ ਢੁਕਵਾਂ ਮੁਆਵਜ਼ਾ ਦੇਣ ਦੀ ਮੰਗ ਕੀਤੀ। 

ਮੀਟਿੰਗ ਵਿੱਚ ਕੱਚੇ ਅਧਿਆਪਕਾਂ ਦਾ ਮਸਲਾ ਵੀ ਵਿਚਾਰਿਆ ਗਿਆ। ਪੰਜਾਬ ਸਰਕਾਰ ਵੱਲੋਂ ਉਹਨਾਂ ਤੇ ਜਬਰ ਦੀ ਨਿਖੇਧੀ ਕਰਦਿਆਂ ਮੰਗ ਕੀਤੀ ਗਈ ਕਿ ਪੰਜਾਬ ਸਰਕਾਰ ਕੱਚੇ ਅਧਿਆਪਕਾਂ ਦੀ ਗੱਲ ਸੁਣ ਕੇ ਉਹਨਾਂ ਦੀਆਂ ਮੰਗਾਂ ਮੰਨੇ ਅਤੇ ਤਨਖਾਹ ਸਕੇਲ ਲਾਗੂ ਕੀਤੇ ਜਾਣ।

ਮੀਟਿੰਗ ਵਿੱਚ ਪ੍ਰਧਾਨਗੀ ਮੰਡਲ ਤੋਂ ਇਲਾਵਾ ਬਲਵੀਰ ਸਿੰਘ ਰਾਜੇਵਾਲ, ਜੋਗਿੰਦਰ ਸਿੰਘ ਉਗਰਾਹਾਂ, ਹਰਿੰਦਰ ਸਿੰਘ ਲੱਖੋਵਾਲ, ਨਿਰਭੈ ਸਿੰਘ ਢੁੱਡੀ ਕੇ, ਹਰਮੀਤ ਸਿੰਘ ਕਾਦੀਆਂ,

ਬਲਦੇਵ ਸਿੰਘ ਨਿਹਾਲਗੜ੍ਹ, ਬੂਟਾ ਸਿੰਘ ਬੁਰਜ ਗਿੱਲ, ਅੰਗਰੇਜ਼ ਸਿੰਘ ਭਦੌੜ , ਡਾ: ਸਤਨਾਮ ਸਿੰਘ ਅਜਨਾਲਾ, ਕੁਲਵੰਤ ਸਿੰਘ ਸੰਧੂ, ਜੰਗਵੀਰ ਸਿੰਘ ਚੌਹਾਨ, ਡਾ ਦਰਸ਼ਨਪਾਲ, ਫੁਰਮਾਨ ਸਿੰਘ ਸੰਧੂ, ਪ੍ਰੇਮ ਸਿੰਘ ਭੰਗੂ, ਮਲੂਕ ਸਿੰਘ ਹੀਰਕੇ, ਵੀਰ ਸਿੰਘ ਬੜਵਾ, ਬੋਘ ਸਿੰਘ ਮਾਨਸਾ, ਸੁਖਦੇਵ ਸਿੰਘ ਅਰਾਈਆਂਵਾਲਾ, ਨਿਰਵੈਲ ਸਿੰਘ ਡਾਲੇਕੇ, ਬਲਦੇਵ ਸਿੰਘ ਲਤਾਲਾ, ਗੁਰਮੀਤ ਸਿੰਘ ਗੋਲੇ ਵਾਲਾ, ਦਲਵੀਰ ਸਿੰਘ ਬੇਦਾਦਪੁਰ, ਸੋਨੂੰ ਢੱਡਾ, ਕੇਵਲ ਸਿੰਘ ਖਹਿਰਾ, ਰਮਿੰਦਰ ਸਿੰਘ ਪਟਿਆਲਾ, ਗੁਰਨਾਮ ਸਿੰਘ ਭੀਖੀ, ਮੁਕੇਸ਼ ਚੰਦਰ ਸ਼ਰਮਾ, ਵੀਰਪਾਲ ਸਿੰਘ ਹਾਜ਼ਰ ਸਨ।

ਕਿਸਾਨ ਆਗੂਆਂ ਨੇ ਹੜ੍ਹ ਪੀੜਤ ਇਲਾਕਿਆਂ ਦਾ ਕੀਤਾ ਦੌਰਾ


ਫਤਿਆਬਾਦ: ਜਮਹੂਰੀ ਕਿਸਾਨ ਸਭਾ ਪੰਜਾਬ ਦੇ ਜ਼ਿਲ੍ਹਾ ਤਰਨ ਤਾਰਨ ਦੇ ਪ੍ਰਧਾਨ ਮਨਜੀਤ ਸਿੰਘ ਬੱਗੂ ਕੋਟ ਮੁਹੰਮਦ ਖਾਂ, ਦਾਰਾ ਸਿੰਘ ਮੁੰਡਾਪਿੰਡ ਦੀ ਅਗਵਾਈ ਹੇਠ ਹੜ੍ਹਾਂ ਦੀ ਮਾਰ ਹੇਠਾਂ ਆਏ ਪਿੰਡਾਂ ਦਾ ਦੌਰਾ ਕੀਤਾ ਗਿਆ। ਜਿਸ ਵਿੱਚ ਭੈਲ ਢਾਏ ਵਾਲਾ, ਜੋਹਲ ਢਾਏ ਵਾਲਾ, ਮੁੰਡਾ ਪਿੰਡ, ਗੁੱਜਰਪੁਰਾ, ਘੜਕਾ, ਚੰਬਾ, ਕੰਮੋ, ਧੁੰਨ ਢਾਏ ਵਾਲਾ ਆਦਿ ਪਿੰਡਾਂ ਦੇ ਕਿਸਾਨਾਂ ਨੇ ਦੱਸਿਆ ਕਿ ਹੁਣ ਤੱਕ ਸਰਕਾਰ ਦਾ ਕੋਈ ਵੀ ਅਧਿਕਾਰੀ ਨਹੀਂ ਆਇਆ। ਹੜ੍ਹ ਮਾਰੇ ਲੋਕਾਂ ਦੀ ਸਾਰ ਨਹੀਂ ਲਈ ਗਈ। ਘੜਕਾ ਪਿੰਡ ਦੇ ਵਾਸੀਆਂ ਨੇ ਦੱਸਿਆ ਪਾਣੀ ਕਾਰਨ ਪਸ਼ੂਆਂ ਨੂੰ ਮੂੰਹ ਖੁਰਦੀ ਬਿਮਾਰੀ ਆ ਗਈ ਹੈ। ਪਸ਼ੂਆਂ ਦੀ ਬੀਮਾਰੀ ਕਾਰਨ ਵੱਡਾ ਨੁਕਸਾਨ ਹੋ ਸਕਦਾ ਹੈ। ਪਸ਼ੂਆਂ ਵਾਸਤੇ ਸੁੱਕੇ ਜਾਂ ਹਰੇ ਚਾਰੇ ਦਾ ਕੋਈ ਖਾਸ ਪ੍ਰਬੰਧ ਨਹੀਂ ਕੀਤਾ ਗਿਆ। ਪੁੱਤਾਂ ਵਾਂਗ ਪਾਲੀ ਫਸਲ ਬਰਬਾਦ ਹੋ ਚੁੱਕੀ ਹੈ। ਘਰ ਅਤੇ ਮੋਟਰਾਂ ਵੀ ਪਾਣੀ ਵਿੱਚ ਰੁੜ ਗਈਆਂ ਹਨ। 

ਕਿਸਾਨ ਆਗੂਆਂ ਵੱਲੋਂ ਮੰਗ ਕੀਤੀ ਗਈ ਪੰਜਾਹ ਹਜ਼ਾਰ ਪ੍ਰਤੀ ਏਕੜ ਦਾ ਮੁਆਵਜ਼ਾ ਦਿੱਤਾ ਜਾਵੇ। ਦਰਿਆਵਾਂ ਦਾ ਨਹਿਰੀ ਕਰਨ ਕੀਤਾ ਜਾਵੇ। ਆਬਾਦਕਾਰ ਕਿਸਾਨਾਂ ਨੂੰ ਮਾਲਕੀ ਹੱਕ ਦਿੱਤੇ ਜਾਣ। ਕਿਸਾਨ ਆਗੂਆਂ ਨੇ ਦਸਿਆ ਕੇ 20 ਅਗਸਤ ਨੂੰ ਐੱਸਡੀਐੱਮ ਖਡੂਰ ਸਾਹਿਬ ਤੇ ਐੱਸਡੀਐੱਮ ਪੱਟੀ ਦਫ਼ਤਰ ਅੱਗੇ ਧਰਨੇ ਦਿੱਤੇ ਜਾਣਗੇ, ਜਿੱਥੇ ਸੁੱਤੀ ਹੋਈ ਸਰਕਾਰ ਨੂੰ ਜਗਾਇਆ ਜਾਵੇਗਾ। ਆਗੂਆਂ ਨੇ ਵੱਧ ਤੋਂ ਵੱਧ ਕਿਸਾਨਾਂ ਨੂੰ ਧਰਨੇ ਵਿੱਚ ਸ਼ਾਮਿਲ ਹੋਣ ਦੀ ਅਪੀਲ ਕੀਤੀ।

ਇਸ ਮੌਕੇ ਕੁਲਦੀਪ ਸਿੰਘ ਮੁੰਡਾ ਪਿੰਡ, ਹਰਦੀਪ ਸਿੰਘ ਮੁੰਡਾ ਪਿੰਡ, ਅਮਰੀਕ ਸਿੰਘ ਮੁੰਡਾ ਪਿੰਡ, ਚੈਂਚਲ ਸਿੰਘ ਮੁੰਡਾ ਪਿੰਡ, ਸੁਰਜੀਤ ਸਿੰਘ ਭੈਲ, ਮੁਖਤਾਰ ਸਿੰਘ ਜੌਹਲ, ਜਗਜੀਤ ਸਿੰਘ ਘੜਕਾ, ਗੋਰਾ ਘੜਕਾ, ਜੁਝਾਰ ਸਿੰਘ ਘੜਕਾ, ਸਤਨਾਮ ਸਿੰਘ ਸ਼ਾਹ ਘੜਕਾ ਹਾਜ਼ਰ ਸਨ।

ਪਿੰਡ ਗੋਦਾਰਾ ਵਿੱਚ ਮਨਰੇਗਾ ਵਰਕਰਾਂ ਨੇ ਨੁਕੜ ਮੀਟਿੰਗ

 


ਜੈਤੋ: ਪਿੰਡ ਗੋਦਾਰਾ ਵਿੱਚ ਮਨਰੇਗਾ ਵਰਕਰ ਯੂਨੀਅਨ ਦੀ ਅਗਵਾਈ ਹੇਠ ਮਜ਼ਦੂਰਾਂ ਦੀ ਪ੍ਰਭਾਵਸ਼ਾਲੀ ਮੀਟਿੰਗ ਇਕਾਈ ਪਾਲ ਕੌਰ ਭੱਟੀ ਦੀ ਪ੍ਰਧਾਨਗੀ ਹੇਠ ਕੀਤੀ ਗਈ। ਇਸ ਸਮੇਂ ਮਨਰੇਗਾ ਵਰਕਰਜ਼ ਯੂਨੀਅਨ ਦੇ ਸੂਬਾ ਆਗੂ ਜਸਵਿੰਦਰ ਸਿੰਘ ਵੱਟੂ ਅਤੇ ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਮੁਕਤਸਰ ਸਾਹਿਬ ਦੇ ਜ਼ਿਲ੍ਹਾ ਸਕੱਤਰ ਜਗਜੀਤ ਸਿੰਘ ਜੱਸੇਆਣਾ ਨੇ ਸੰਬੋਧਨ ਕਰਦਿਆਂ ਨਰੇਗਾ ਮਜ਼ਦੂਰਾਂ ਦੇ ਕੰਮ ਬੰਦ ਕਰਨ ਦੀ ਜ਼ੋਰਦਾਰ ਨਿੰਦਾ ਕੀਤੀ। ਉਹਨਾਂ ਕਿਹਾ ਕੇਂਦਰ ਦੀ ਮੋਦੀ ਸਰਕਾਰ ਅਤੇ ਪੰਜਾਬ ਦੀ ਭਗਵੰਤ ਮਾਨ ਸਰਕਾਰ ਮਜ਼ਦੂਰ ਵਿਰੋਧੀ ਸਾਬਿਤ ਹੋ ਰਹੀਆਂ ਹਨ। ਆਗੂਆਂ ਨੇ ਕਿਹਾ ਕਿ ਨਰੇਗਾ ਮਜ਼ਦੂਰ ਯੂਨੀਅਨ ਇਹਨਾਂ ਸਰਕਾਰਾਂ ਦੀ ਮਜ਼ਦੂਰ ਦੋਖੀ ਨੀਤੀਆਂ ਖਿਲਾਫ ਜ਼ੋਰਦਾਰ ਸੰਘਰਸ਼ ਕੀਤਾ ਜਾਵੇਗਾ। ਜਿਸ ਦੀ ਕੜੀ ਤਹਿਤ ਪੰਜਾਬ ਭਰ ਦੇ ਬੀਡੀਪੀਓਜ ਦਫ਼ਤਰ ਸਾਹਮਣੇ ਪੁਤਲਾ ਫੂਕ ਪ੍ਰਦਰਸ਼ਨ 27, 28, 29 ਅਗਸਤ ਨੂੰ ਕੀਤੇ ਜਾ ਰਹੇ ਹਨ।

 ਉਕਤ ਆਗੂਆਂ ਨੇ ਕਿਹਾ ਕਿ ਜੇਕਰ ਸਰਕਾਰ ਦੇ ਕੰਨਾਂ ‘ਤੇ ਜੂੰ ਨਾ ਸਰਕੀ ਤਾਂ ਪੰਜਾਬ ਸਰਕਾਰ ਵਿਰੁੱਧ ਬਝਵਾ ਤੇ ਤਿਖਾ ਸੰਘਰਸ਼ ਕੀਤਾ ਜਾਵੇਗਾ। ਇਸ ਸਮੇਂ ਮਨਰੇਗਾ ਆਗੂ ਸਰਬਜੀਤ ਸਿੰਘ ਗੋਦਾਰਾ ਨੇ ਵੀ ਵਿਚਾਰ ਰੱਖੇ।

Saturday, 16 August 2025

ਪਟਿਆਲਾ ਵਿਖੇ ਫਾਸ਼ੀ ਹਮਲਿਆਂ ਵਿਰੋਧੀ ਫਰੰਟ ਵਲੋਂ ਕਨਵੈਨਸ਼ਨ

 


ਪਟਿਆਲਾ: ਫਾਸ਼ੀ ਹਮਲਿਆਂ ਵਿਰੋਧੀ ਫਰੰਟ ਵਲੋਂ ਅੱਜ ਇਥੇ ਕਨਵੈਨਸ਼ਨ ਕੀਤੀ ਗਈ। ਜਿਸ ਨੂੰ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਨੇ ਸੰਬੋਧਨ ਕੀਤਾ। 

ਫਾਸ਼ੀਵਾਦੀ ਹਮਲਿਆਂ ਵਿਰੋਧੀ ਫਰੰਟ, ਜਿਸ ਵਿੱਚ ਸ਼ਾਮਲ ਭਾਰਤੀ ਕਮਿਊਨਿਸਟ ਪਾਰਟੀ ਅਤੇ ਭਾਰਤੀ ਕਮਿਊਨਿਸਟ ਪਾਰਟੀ (ਮਾਰਕਸਵਾਦੀ ਲੈਨਿਨਵਾਦੀ) ਨਿਊ ਡੈਮੋਕਰੇਸੀ ਅਤੇ ਆਰਐੱਮਪੀਆਈ ਵਲੋਂ ਦੇਸ਼ ਅੰਦਰ ਵੱਧ ਰਹੇ ਫਾਸ਼ੀ ਹਮਲਿਆਂ ਅਤੇ ਪੰਜਾਬ ਅੰਦਰ ਵੱਧ ਰਹੇ ਪੰਜਾਬ ਜ਼ਬਰ ਖ਼ਿਲਾਫ਼ ਇੱਥੋਂ ਦੇ ਪ੍ਰਭਾਤ ਪਰਵਾਨਾ ਹਾਲ ਵਿਖੇ ਜ਼ਿਲ੍ਹਾ ਪੱਧਰੀ ਕਨਵੈਨਸ਼ਨ ਕੀਤੀ ਗਈ।
ਕਨਵੈਨਸ਼ਨ ਦੀ ਪ੍ਰਧਾਨਗੀ ਭਾਰਤੀ ਕਮਊਨਿਸਟ ਪਾਰਟੀ (ਮਾਰਕਸਵਾਦੀ ਲੈਨਿਨਵਾਦੀ) ਨਿਊ ਡੈਮੋਕਰੇਸੀ ਦੇ ਆਗੂ ਕਾਮਰੇਡ ਦਰਸ਼ਨ ਸਿੰਘ ਖਟਕੜ , ਭਾਰਤੀ ਕਮਿਉਨਿਸਟ ਪਾਰਟੀ ਦੀ ਕੌਮੀ ਕੌਂਸਲ ਦੇ ਆਗੂ ਨਿਰਮਲ ਸਿੰਘ ਧਾਲੀਵਾਲ, ਆਰਐੱਮਪੀਆਈ ਦੇ ਸੂਬਾ ਸਕੱਤਰ ਪਰਗਟ ਸਿੰਘ ਜਾਮਾਰਾਏ ਅਤੇ ਹਰੀ ਸਿੰਘ ਦਾਉਨ ਕਲਾਂ, ਜਗਤਾਰ ਸਿੰਘ ਫਤਹਿਮਾਜਰੀ ਨੇ ਕੀਤੀ।

ਇਸ ਮੌਕੇ ਸੰਬੋਧਨ ਕਰਦਿਆਂ ਆਗੂਆਂ ਨੇ ਕਿਹਾ ਕਿ ਮੋਦੀ ਹਕੂਮਤ ਵਲੋਂ ਆਪਣੇ ਪਹਿਲੇ ਕਾਰਜ਼ਕਾਲ ਦੌਰਾਨ ਉੱਚ ਸੰਸਥਾਵਾਂ ਉੱਤੇ ਆਪਣੀ ਹਿੰਦੂਤਵ ਵਿਚਾਰਧਾਰਾ ਵਾਲੇ ਮੁੱਖੀਆਂ ਨੂੰ ਲਗਾਇਆ ਗਿਆ। ਇਤਿਹਾਸ ਨੂੰ ਵਿਗਾੜ ਕੇ ਮਿਥਿਹਾਸ ਲਿਖਣ ਵਾਲਿਆਂ ਨੂੰ ਲਗਾਇਆ ਗਿਆ। ਘੱਟ ਗਿਣਤੀਆਂ ਖਾਸਕਰ ਮੁਸਲਮਾਨ ਭਾਈਚਾਰੇ ਉੱਪਰ ਬੀਜੇਪੀ ਦੇ ਆਗੂਆਂ ਵਲੋਂ ਨਫਰਤੀ ਭਾਸ਼ਣਬਾਜ਼ੀ ਕੀਤੀ ਜਾਂਦੀ ਹੈ,ਗਊ ਰੱਖਿਆ ਦੇ ਨਾਮ ਤੇ ਭੀੜ ਵਲੋਂ ਉਨ੍ਹਾਂ ਨੂੰ ਮੌਤ ਦੇ ਘਾਟ ਉਤਾਰਨਾ ਆਦਿ ਘਟਨਾਵਾਂ ਸ਼ਾਮਲ ਹਨ। ਨਾਗਰਿਕਤਾ ਸੋਧ ਕਾਨੂੰਨ ਨੂੰ ਲੈ ਕੇ ਆਉਣ ਦੇ ਪਿੱਛੇ ਵੀ ਮੁਸਲਮਾਨ ਭਾਈਚਾਰੇ ਨੂੰ ਟਾਰਗੇਟ ਕੀਤਾ ਗਿਆ ਹੈ। ਬਿਹਾਰ ਵਿੱਚ ਚੋਣਾਂ ਵਿੱਚ ਵੋਟਾਂ ਦਾ ਨਿਰੀਖਣ ਕਰਨ ਦੇ ਨਾਮ ਹੇਠ ਵੱਡੇ ਪੱਧਰ ਤੇ ਵੋਟਾਂ ਨੂੰ ਕੱਟਣਾ ਵੀ ਇਕ ਫਾਸ਼ੀ ਹਮਲਾ ਹੈ। ਜੰਮੂ ਕਸ਼ਮੀਰ ਵਿੱਚ ਧਾਰਾ 370 ਤੋੜਨਾ, ਸੂਬੇ ਦਾ ਦਰਜਾ ਖਤਮ ਕਰਨਾ, ਆਪਣੇ ਹਿੱਤਾਂ ਅਨੁਸਾਰ ਸੁਪਰੀਮ ਕੋਰਟ ਤੋਂ ਫੈਸਲੇ ਕਰਵਾਉਣਾ , ਅਦਾਲਤਾਂ ਅੰਦਰ ਜੱਜਾਂ ਦੀਆਂ ਨਿਯੁਕਤੀਆਂ ਨੂੰ ਪ੍ਰਭਾਵਿਤ ਕਰਨਾ ਆਦਿ ਫਾਸ਼ੀ ਹਮਲੇ ਹਨ। ਗ੍ਰਹਿ ਮੰਤਰੀ ਅਮਿਤ ਸ਼ਾਹ ਵਲੋਂ ਮਾਓਵਾਦੀਆਂ ਨੂੰ 2026 ਤੱਕ ਮਾਰ ਮੁਕਾਉਣ ਦੀ ਨੀਤੀ ਆਪਣੇ ਦੇਸ਼ ਦੇ ਹੀ ਲੋਕਾਂ ਨੂੰ ਜਲ,ਜੰਗਲ ਅਤੇ ਜ਼ਮੀਨ ਖੋਹ ਕੇ ਕਾਰਪੋਰੇਟ ਘਰਾਣਿਆਂ ਹਵਾਲੇ ਕਰਨ ਲਈ ਖਤਮ ਕਰਨ ਦੀ ਨੀਤੀ ਹੈ। ਮਤਲਬ ਸਾਫ਼ ਹੈ ਕਿ ਹਰ ਵਿਰੋਧ ਦੀ ਆਵਾਜ਼ ਨੂੰ ਡੰਡੇ ਤੇ ਗੋਲੀ ਨਾਲ ਦਬਾਉਣ ਦਾ ਢੰਗ ਵਰਤਿਆ ਜਾਵੇਗਾ। ਆਦਿਵਾਸੀਆਂ ਦੇ ਹੱਕ  ਵਿੱਚ ਅਤੇ ਜਮਹੂਰੀ ਹੱਕਾਂ ਦੀ ਗੱਲ ਕਰਨ  ਵਾਲੇ ਬੁੱਧੀਜੀਵੀ, ਪੱਤਰਕਾਰ, ਲੇਖਕਾਂ ਨੂੰ ਝੂਠੇ ਕੇਸਾਂ ਵਿੱਚ ਫਸਾ ਕੇ ਨਜਾਇਜ਼ ਜੇਲਾਂ ਵਿੱਚ ਡੱਕਿਆ ਹੋਇਆ। ਪੰਜਾਬ ਨੂੰ ਪੁਲਿਸ ਰਾਜ ਵਿੱਚ ਤਬਦੀਲ ਕੀਤਾ ਜਾ ਰਿਹਾ ਹੈ।
 ਆਗੂਆਂ ਨੇ ਸਮੂਹ ਲੋਕਾਂ ਨੂੰ ਇਸ ਫਾਸ਼ੀਵਾਦੀ ਰੁਝਾਨ ਵਿਰੁੱਧ ਡਟਣ ਦਾ ਸੁਨੇਹਾ ਦਿੱਤਾ।

ਮਨਰੇਗਾ ਵਰਕਰਜ ਯੂਨੀਅਨ ਦੀ ਸੂਬਾ ਕਮੇਟੀ ਨੇ ਕੀਤੀ ਮੀਟਿੰਗ


ਜਲੰਧਰ: ਮਨਰੇਗਾ ਵਰਕਰਜ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਡਾਕਟਰ ਬਲਵਿੰਦਰ ਸਿੰਘ ਛੇਹਰਟਾ ਦੀ ਪ੍ਰਧਾਨਗੀ ਕੀਤੀ ਗਈ। ਮੀਟਿੰਗ ਵਿੱਚ ਪਿਛਲੇ ਮਹੀਨੇ ਜਲੰਧਰ, ਬਠਿੰਡਾ ਅਤੇ ਪਟਿਆਲਾ ਵਿਖੇ ਕੀਤੀਆਂ ਸੂਬਾਈ ਕਨਵੈਨਸ਼ਨਾਂ ਦਾ ਰੀਵਿਊ ਕੀਤਾ। ਉਪਰੰਤ ਮਨਰੇਗਾ ਕਾਮਿਆਂ ਨੂੰ ਦਰਪੇਸ਼ ਮੁਸ਼ਕਲਾਂ ਉਪਰ ਵਿਸਥਾਰ ਪੂਰਵਕ ਚਰਚਾ ਕੀਤੀ। ਸਾਥੀ ਜਸਵਿੰਦਰ ਵੱਟੂ ਅਤੇ ਨਰਿੰਦਰ ਰਟੌਲ ਨੇ ਦਸਿਆ ਕਿ ਮਨਰੇਗਾ ਵਰਕਰਾਂ ਨੂੰ ਕੰਮ ਮਿਲਣ ਵਿਚ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਹੀ ਕੀਤੇ ਕੰਮ ਦੇ ਪੈਸੇ ਵੀ ਨਹੀਂ ਮਿਲ ਰਹੇ। ਮੀਟਿੰਗ ਵਿੱਚ ਇਨ੍ਹਾਂ ਮੰਗਾਂ ਸਬੰਧੀਂ ਮਨਰੇਗਾ ਦੇ ਮੁਹਾਲੀ ਸਥਿਤ ਉੱਚ ਅਧਿਕਾਰੀਆਂ ਨੂੰ ਮਿਲਣ ਦਾ ਫੈਸਲਾ ਕੀਤਾ ਗਿਆ ਹੈ। ਸੂਬਾ ਕਨਵੀਨਰ ਦੀਪਕ ਹੁਸ਼ਿਆਰਪੁਰ ਨੇ ਦੱਸਿਆ ਕਿ ਜੇਡੀਸੀ ਕਮ ਮਨਰੇਗਾ ਸ਼ਿਨਾ ਅਗਰਵਾਲ ਨਾਲ ਮੀਟਿੰਗ ਲਈ ਸਮਾਂ ਮੰਗਿਆ ਗਿਆ ਹੈ। ਉਪੰਰਤ ਹੇਠਲੇ ਪੱਧਰ ਤੱਕ ਜੱਥੇਬੰਦੀ ਦੀ ਮਜ਼ਬੂਤੀ ਲਈ 30 ਅਕਤੂਬਰ ਤਕ ਪਿੰਡ ਪੱਧਰ ‘ਤੇ ਮੈਂਬਰਸ਼ਿਪ ਮੁਹਿੰਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਮਨਰੇਗਾ ਕੰਮ ਵਿਚ ਕਟੌਤੀ, ਅਦਾਇਗੀ ਵਿਚ ਦੇਰੀ ਅਤੇ ਹੋਰ ਮੰਗਾਂ ਨੂੰ ਲੈਕੇ ਸੂਬਾ ਕਮੇਟੀ ਨੇ 28-29 ਅਗਸਤ ਨੂੰ ਪੰਜਾਬ ਭਰ ਵਿੱਚ ਬਲਾਕ ਪੱਧਰ ‘ਤੇ ਅਰਥੀ ਫੂਕ ਮੁਜ਼ਾਹਰੇ ਕਰਨ ਦਾ ਐਲਾਨ ਕੀਤਾ ਹੈ।

ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦਾ ਸਮਾਜ ਬਣਾਉਣ ਲਈ ਨੌਜਵਾਨ ਅੱਗੇ ਆਉਣ



ਤਰਨ ਤਾਰਨ: ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮਨਾਉਣ ਲਈ ਨੌਜਵਾਨਾਂ ਦੀ ਇਕ ਇਕੱਤਰਤਾ ਤਰਨ ਤਾਰਨ ‘ਚ 24 ਅਗਸਤ ਨੂੰ ਕੀਤੀ ਜਾਵੇਗੀ। ਇਹ ਜਾਣਕਾਰੀ ਮਨਰੇਗਾ ਵਰਕਰਜ਼ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਬਲਦੇਵ ਸਿੰਘ ਪੰਡੋਰੀ, ਨਰਿੰਦਰ ਸਿੰਘ ਰਟੋਲ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਸਕੱਤਰ ਸੁਖਦੇਵ ਸਿੰਘ ਜਵੰਦਾ ਨੇ ਦਿੱਤੀ। ਇਨ੍ਹਾਂ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਜਵਾਨੀ ਆਪਣੇ ਗੌਰਵ ਮਈ ਇਤਿਹਾਸ ਨੂੰ ਭੁੱਲ ਕੇ ਕੁਰਾਹੇ ਪੈ ਰਹੀ ਹੈ, ਕੁਰਬਾਨੀਆਂ ਭਰੇ ਇਤਿਹਾਸ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ।ਨੌਜਵਾਨ ਪੀੜ੍ਹੀ ਸਮਾਜਿਕ ਕੁਰੀਤੀਆਂ, ਨਸ਼ੇ, ਲੁੱਟਾ ਖੋਹਾ, ਕਤਲੋਗਾਰਦ ਗੈਂਗਸਟਰਵਾਦ ਦਾ ਸ਼ਿਕਾਰ ਹੁੰਦੀ ਜਾ ਰਹੀ ਹੈ। ਇਨ੍ਹਾਂ ਆਗੂਆਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ, ਬੱਬਰ ਅਕਾਲੀਆਂ, ਨਾਮਧਾਰੀ ਕੂਕਾ ਲਹਿਰ, ਗਦਰ ਲਹਿਰ ਅਤੇ ਹੋਰ ਅਨੇਕਾ ਸੂਰਬੀਰ ਬਹਾਦਰ ਯੋਧਿਆਂ ਨੇ ਅਥਾਹ ਕੁਰਬਾਨੀਆਂ ਦੇ ਕੇ ਦੇਸ਼ ਨੂੰ ਅਜਾਦ ਕਰਾਇਆ, ਕੁਰਬਾਨੀਆਂ ਦੇ ਕੇ ਫਾਂਸੀਆ ਦੇ ਰੱਸੇ ਚੁੰਮ ਕੇ ਲਈ ਆਜਾਦੀ ਨੂੰ ਸਾਡੇ ਦੇਸ਼ ਦੇ ਹਾਕਮ ਸਾਮਰਾਜੀਆਂ ਕੋਲ ਗਿਰਵੀ ਰੱਖ ਰਹੇ ਹਨ। 

ਇਨ੍ਹਾਂ ਆਗੂਆਂ ਨੇ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦਾ ਸਮਾਜ ਬਣਾਉਣ ਲਈ ਅੱਗੇ ਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਵੇਲੇ ਇਸ ਦੀ ਅਹਿਮ ਲੋੜ ਹੈ।