Saturday, 16 August 2025

ਪਟਿਆਲਾ ਵਿਖੇ ਫਾਸ਼ੀ ਹਮਲਿਆਂ ਵਿਰੋਧੀ ਫਰੰਟ ਵਲੋਂ ਕਨਵੈਨਸ਼ਨ

 


ਪਟਿਆਲਾ: ਫਾਸ਼ੀ ਹਮਲਿਆਂ ਵਿਰੋਧੀ ਫਰੰਟ ਵਲੋਂ ਅੱਜ ਇਥੇ ਕਨਵੈਨਸ਼ਨ ਕੀਤੀ ਗਈ। ਜਿਸ ਨੂੰ ਵੱਖ-ਵੱਖ ਪਾਰਟੀਆਂ ਦੇ ਨੁਮਾਇੰਦਿਆਂ ਨੇ ਸੰਬੋਧਨ ਕੀਤਾ। 

ਮਨਰੇਗਾ ਵਰਕਰਜ ਯੂਨੀਅਨ ਦੀ ਸੂਬਾ ਕਮੇਟੀ ਨੇ ਕੀਤੀ ਮੀਟਿੰਗ


ਜਲੰਧਰ: ਮਨਰੇਗਾ ਵਰਕਰਜ ਯੂਨੀਅਨ ਪੰਜਾਬ ਦੀ ਹੰਗਾਮੀ ਮੀਟਿੰਗ ਡਾਕਟਰ ਬਲਵਿੰਦਰ ਸਿੰਘ ਛੇਹਰਟਾ ਦੀ ਪ੍ਰਧਾਨਗੀ ਕੀਤੀ ਗਈ। ਮੀਟਿੰਗ ਵਿੱਚ ਪਿਛਲੇ ਮਹੀਨੇ ਜਲੰਧਰ, ਬਠਿੰਡਾ ਅਤੇ ਪਟਿਆਲਾ ਵਿਖੇ ਕੀਤੀਆਂ ਸੂਬਾਈ ਕਨਵੈਨਸ਼ਨਾਂ ਦਾ ਰੀਵਿਊ ਕੀਤਾ। ਉਪਰੰਤ ਮਨਰੇਗਾ ਕਾਮਿਆਂ ਨੂੰ ਦਰਪੇਸ਼ ਮੁਸ਼ਕਲਾਂ ਉਪਰ ਵਿਸਥਾਰ ਪੂਰਵਕ ਚਰਚਾ ਕੀਤੀ। ਸਾਥੀ ਜਸਵਿੰਦਰ ਵੱਟੂ ਅਤੇ ਨਰਿੰਦਰ ਰਟੌਲ ਨੇ ਦਸਿਆ ਕਿ ਮਨਰੇਗਾ ਵਰਕਰਾਂ ਨੂੰ ਕੰਮ ਮਿਲਣ ਵਿਚ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ, ਉਥੇ ਹੀ ਕੀਤੇ ਕੰਮ ਦੇ ਪੈਸੇ ਵੀ ਨਹੀਂ ਮਿਲ ਰਹੇ। ਮੀਟਿੰਗ ਵਿੱਚ ਇਨ੍ਹਾਂ ਮੰਗਾਂ ਸਬੰਧੀਂ ਮਨਰੇਗਾ ਦੇ ਮੁਹਾਲੀ ਸਥਿਤ ਉੱਚ ਅਧਿਕਾਰੀਆਂ ਨੂੰ ਮਿਲਣ ਦਾ ਫੈਸਲਾ ਕੀਤਾ ਗਿਆ ਹੈ। ਸੂਬਾ ਕਨਵੀਨਰ ਦੀਪਕ ਹੁਸ਼ਿਆਰਪੁਰ ਨੇ ਦੱਸਿਆ ਕਿ ਜੇਡੀਸੀ ਕਮ ਮਨਰੇਗਾ ਸ਼ਿਨਾ ਅਗਰਵਾਲ ਨਾਲ ਮੀਟਿੰਗ ਲਈ ਸਮਾਂ ਮੰਗਿਆ ਗਿਆ ਹੈ। ਉਪੰਰਤ ਹੇਠਲੇ ਪੱਧਰ ਤੱਕ ਜੱਥੇਬੰਦੀ ਦੀ ਮਜ਼ਬੂਤੀ ਲਈ 30 ਅਕਤੂਬਰ ਤਕ ਪਿੰਡ ਪੱਧਰ ‘ਤੇ ਮੈਂਬਰਸ਼ਿਪ ਮੁਹਿੰਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਮਨਰੇਗਾ ਕੰਮ ਵਿਚ ਕਟੌਤੀ, ਅਦਾਇਗੀ ਵਿਚ ਦੇਰੀ ਅਤੇ ਹੋਰ ਮੰਗਾਂ ਨੂੰ ਲੈਕੇ ਸੂਬਾ ਕਮੇਟੀ ਨੇ 28-29 ਅਗਸਤ ਨੂੰ ਪੰਜਾਬ ਭਰ ਵਿੱਚ ਬਲਾਕ ਪੱਧਰ ‘ਤੇ ਅਰਥੀ ਫੂਕ ਮੁਜ਼ਾਹਰੇ ਕਰਨ ਦਾ ਐਲਾਨ ਕੀਤਾ ਹੈ।

ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦਾ ਸਮਾਜ ਬਣਾਉਣ ਲਈ ਨੌਜਵਾਨ ਅੱਗੇ ਆਉਣ



ਤਰਨ ਤਾਰਨ: ਸ਼ਹੀਦ ਭਗਤ ਸਿੰਘ ਦੇ ਜਨਮ ਦਿਨ ਮਨਾਉਣ ਲਈ ਨੌਜਵਾਨਾਂ ਦੀ ਇਕ ਇਕੱਤਰਤਾ ਤਰਨ ਤਾਰਨ ‘ਚ 24 ਅਗਸਤ ਨੂੰ ਕੀਤੀ ਜਾਵੇਗੀ। ਇਹ ਜਾਣਕਾਰੀ ਮਨਰੇਗਾ ਵਰਕਰਜ਼ ਯੂਨੀਅਨ ਦੇ ਜ਼ਿਲ੍ਹਾ ਸਕੱਤਰ ਬਲਦੇਵ ਸਿੰਘ ਪੰਡੋਰੀ, ਨਰਿੰਦਰ ਸਿੰਘ ਰਟੋਲ, ਸ਼ਹੀਦ ਭਗਤ ਸਿੰਘ ਨੌਜਵਾਨ ਸਭਾ ਦੇ ਜ਼ਿਲ੍ਹਾ ਸਕੱਤਰ ਸੁਖਦੇਵ ਸਿੰਘ ਜਵੰਦਾ ਨੇ ਦਿੱਤੀ। ਇਨ੍ਹਾਂ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਜਵਾਨੀ ਆਪਣੇ ਗੌਰਵ ਮਈ ਇਤਿਹਾਸ ਨੂੰ ਭੁੱਲ ਕੇ ਕੁਰਾਹੇ ਪੈ ਰਹੀ ਹੈ, ਕੁਰਬਾਨੀਆਂ ਭਰੇ ਇਤਿਹਾਸ ਨੂੰ ਅਣਗੌਲਿਆ ਕੀਤਾ ਜਾ ਰਿਹਾ ਹੈ।ਨੌਜਵਾਨ ਪੀੜ੍ਹੀ ਸਮਾਜਿਕ ਕੁਰੀਤੀਆਂ, ਨਸ਼ੇ, ਲੁੱਟਾ ਖੋਹਾ, ਕਤਲੋਗਾਰਦ ਗੈਂਗਸਟਰਵਾਦ ਦਾ ਸ਼ਿਕਾਰ ਹੁੰਦੀ ਜਾ ਰਹੀ ਹੈ। ਇਨ੍ਹਾਂ ਆਗੂਆਂ ਨੇ ਕਿਹਾ ਕਿ ਸ਼ਹੀਦ ਭਗਤ ਸਿੰਘ, ਰਾਜਗੁਰੂ, ਸੁਖਦੇਵ, ਬੱਬਰ ਅਕਾਲੀਆਂ, ਨਾਮਧਾਰੀ ਕੂਕਾ ਲਹਿਰ, ਗਦਰ ਲਹਿਰ ਅਤੇ ਹੋਰ ਅਨੇਕਾ ਸੂਰਬੀਰ ਬਹਾਦਰ ਯੋਧਿਆਂ ਨੇ ਅਥਾਹ ਕੁਰਬਾਨੀਆਂ ਦੇ ਕੇ ਦੇਸ਼ ਨੂੰ ਅਜਾਦ ਕਰਾਇਆ, ਕੁਰਬਾਨੀਆਂ ਦੇ ਕੇ ਫਾਂਸੀਆ ਦੇ ਰੱਸੇ ਚੁੰਮ ਕੇ ਲਈ ਆਜਾਦੀ ਨੂੰ ਸਾਡੇ ਦੇਸ਼ ਦੇ ਹਾਕਮ ਸਾਮਰਾਜੀਆਂ ਕੋਲ ਗਿਰਵੀ ਰੱਖ ਰਹੇ ਹਨ। 

ਇਨ੍ਹਾਂ ਆਗੂਆਂ ਨੇ ਨੌਜਵਾਨਾਂ ਨੂੰ ਸ਼ਹੀਦ ਭਗਤ ਸਿੰਘ ਦੇ ਵਿਚਾਰਾਂ ਦਾ ਸਮਾਜ ਬਣਾਉਣ ਲਈ ਅੱਗੇ ਆਉਣ ਦੀ ਅਪੀਲ ਕਰਦਿਆਂ ਕਿਹਾ ਕਿ ਇਸ ਵੇਲੇ ਇਸ ਦੀ ਅਹਿਮ ਲੋੜ ਹੈ।

Friday, 15 August 2025

ਫਾਸ਼ੀਵਾਦੀ ਹਮਲਿਆਂ ਵਿਰੋਧੀ ਫਰੰਟ ਦੀ ਬਰਨਾਲਾ ਜ਼ਿਲ੍ਹੇ ਦੀ ਕਨਵੈਨਸ਼ਨ ਆਯੋਜਿਤ


ਬਰਨਾਲਾ: ਫਾਸ਼ੀਵਾਦੀ ਹਮਲਿਆਂ ਵਿਰੋਧੀ ਫਰੰਟ ਦੀ ਬਰਨਾਲਾ ਜ਼ਿਲ੍ਹੇ ਦੀ ਕਨਵੈਨਸ਼ਨ ਆਯੋਜਿਤ ਕੀਤੀ ਗਈ। ਜਿਸ ਨੂੰ ਕਾਮਰੇਡ ਦਰਸ਼ਨ ਖਟਕੜ ਸੀਪੀਆਈ (ਐੱਮਐੱਲ) ਨਿਊ ਡੈਮੋਕਰੇਸੀ, ਪ੍ਰੋਫ਼ੈਸਰ ਜੈਪਾਲ ਸਿੰਘ ਆਰਐੱਮਪੀਆਈ, ਸੁਖਦਰਸ਼ਨ ਸਿੰਘ ਨੱਤ, ਸੀਪੀਆਈ (ਐੱਮਐੱਲ) ਲਿਬਰੇਸ਼ਨ, ਨਰਾਇਣ ਦੱਤ ਇਨਕਲਾਬੀ ਕੇਂਦਰ ਪੰਜਾਬ, ਜਗਰਾਜ ਸਿੰਘ ਰਾਮਾ ਸੀਪੀਆਈ ਨੇ ਸੰਬੋਧਨ ਕੀਤਾ।
 ਸਥਾਨਕ ਤਰਕਸ਼ੀਲ ਭਵਨ ਵਿਖੇ ਕੇਂਦਰੀ ਹਕੂਮਤ ਦੇ ਨੀਤੀਗਤ ਫਿਰਕੂ ਹੱਲੇ ਖ਼ਿਲਾਫ਼ ਜ਼ਿਲ੍ਹਾ ਪੱਧਰੀ ਕਨਵੈਨਸ਼ਨ ਕੀਤੀ ਗਈ। ਪ੍ਰਧਾਨਗੀ ਮੰਡਲ ਵਿੱਚ ਚਰਨਜੀਤ ਕੌਰ, ਸੁਖਵਿੰਦਰ ਠੀਕਰੀਵਾਲਾ, ਖੁਸ਼ੀਆ ਸਿੰਘ, ਮਨੋਹਰ ਲਾਲ ਤੇ ਇਕਬਾਲ ਕੌਰ ਉਦਾਸੀ ਸ਼ਾਮਲ ਸਨ।
ਛੇ ਜਨਤਕ ਪਾਰਟੀਆਂ/ਜਥੇਬੰਦੀਆਂ ਵੱਲੋਂ ਸਾਂਝੀ ਕੀਤੀ ਇਸ ਕਨਵੈਨਸ਼ਨ ਦੇ ਉਕਤ ਬੁਲਾਰਿਆਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਦੇਸ਼ ਅੰਦਰ ਮੋਦੀ ਦੀ ਅਗਵਾਈ ਹੇਠਲੀ ਕੇਂਦਰੀ ਫਾਸ਼ੀ ਹਕੂਮਤ ਵੱਲੋਂ ਅਣਐਲਾਨੀ ਐਮਰਜੈਂਸੀ ਠੋਸੀ ਜਾ ਰਹੀ ਹੈ ਤੇ ਧਾਰਮਿਕ ਘੱਟ ਗਿਣਤੀਆਂ ਖਾਸ ਕਰ ਮੁਸਲਿਮ ਭਾਈਚਾਰੇ ਖਿਲਾਫ਼ ਫ਼ਿਰਕੂ ਨਫ਼ਰਤ ਫੈਲਾਅ ਕੇ ਲੋਕਾਂ ਨੂੰ ਭਰਾ ਮਾਰੂ ਜੰਗ ਦੀ ਹਾਲਤ ਵੱਲ ਧੱਕਿਆ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਹਕੂਮਤ ਵੱਲੋਂ ਸੰਵਿਧਾਨਿਕ ਸੰਸਥਾਵਾਂ ਨੂੰ ਆਪਣਾ ਹੱਥ ਟੋਕਾ ਬਣਾ ਕੇ ਜਲ, ਜੰਗਲ਼, ਜ਼ਮੀਨ ਦੇਸੀ ਵਿਦੇਸ਼ੀ ਕਾਰਪੋਰੇਟ ਘਰਾਣਿਆਂ ਨੂੰ ਸੌਂਪਿਆ ਜਾ ਰਿਹਾ ਹੈ ਅਤੇ ਇਸ ਵਿਰੁੱਧ ਉੱਠ ਰਹੀ ਅਵਾਜ਼ ਨੂੰ ਬੰਦ ਕਰਨ ਲਈ ਮੱਧ ਭਾਰਤ ਦੇ ਸੂਬਿਆਂ ਅੰਦਰ ਆਦਿਵਾਸੀਆਂ ਅਤੇ ਮਾਓਵਾਦੀਆਂ 'ਤੇ ਅੰਨ੍ਹਾ ਜ਼ਬਰ ਢਾਹਿਆ ਜਾ ਰਿਹਾ ਹੈ। ਸਮੁੱਚੇ ਰਾਜਕੀ, ਆਰਥਿਕ, ਸਮਾਜਿਕ ਤੇ ਸੱਭਿਆਚਾਰਕ ਢਾਂਚੇ ਦਾ ਭਗਵਾਂਕਰਨ ਕੀਤਾ ਜਾ ਰਿਹਾ ਹੈ। ਬਿਹਾਰ 'ਚ ਨਾਗਰਿਕਤਾ ਸੋਧ ਕਾਨੂੰਨ ਲਾਗੂ ਕਰਕੇ ਲੱਖਾਂ ਲੋਕਾਂ ਨੂੰ ਵੋਟ ਦੇ ਹੱਕ ਤੋਂ ਵਾਂਝਾ ਕੀਤਾ ਜਾ ਰਿਹਾ ਹੈ।
  ਬੁਲਾਰਿਆਂ ਦੇਸ਼ ਨੂੰ ਦਰਪੇਸ਼ ਇਸ ਵਿਰਾਟ ਸੰਕਟ ਦੇ ਟਾਕਰੇ ਲਈ ਦੇਸ਼ ਦੇ ਸਮੁੱਚੇ ਚੇਤੰਨ, ਇਨਸਾਫ਼ਪਸੰਦ ਅਤੇ ਜਮਹੂਰੀ ਲੋਕਾਂ ਨੂੰ ਵੱਡੀ ਪੱਧਰ 'ਤੇ ਲਾਮਬੰਦ ਹੋ ਕੇ ਅਵਾਜ਼ ਬੁਲੰਦ ਕਰਨ ਦਾ ਸੱਦਾ ਦਿੱਤਾ।

 ਪ੍ਰੋਗਰਾਮ ਦੌਰਾਨ ਬਲਦੇਵ ਮੰਡੇਰ, ਇਕਬਾਲ ਦੀਨ, ਲਖਵਿੰਦਰ ਸਿੰਘ ਲੱਖਾ ਅਤੇ ਸੋਨੀ ਨੰਦਵਾਲ ਨੇ ਇਨਕਲਾਬੀ ਗੀਤ ਪੇਸ਼ ਕੀਤੇ। ਸਟੇਜ ਸਕੱਤਰ ਦੇ ਫਰਜ਼ ਇਨਕਲਾਬੀ ਕੇਂਦਰ ਦੇ ਜ਼ਿਲ੍ਹਾ ਪ੍ਰਧਾਨ ਡਾ.ਰਜਿੰਦਰਪਾਲ ਨੇ ਬਾਖੂਬੀ ਨਿਭਾਏ। ਇਸ ਮੌਕੇ ਵੱਡੀ ਗਿਣਤੀ ‘ਚ ਵੱਖ-ਵੱਖ ਪਾਰਟੀਆਂ ਦੇ ਆਗੂ ਅਤੇ ਵਰਕਰ ਹਾਜ਼ਰ ਸਨ।

Wednesday, 13 August 2025

ਸਾਂਝੇ ਵਿਦਿਆਰਥੀ ਮੋਰਚੇ ਵੱਲੋਂ ਡੀਨ ਅਕਾਦਮਿਕ ਦਫ਼ਤਰ ਅੱਗੇ ਧਰਨਾ



ਪਟਿਆਲਾ: ਪੰਜਾਬੀ ਯੂਨੀਵਰਸਿਟੀ ਵਿੱਚ ਵਿਦਿਆਰਥੀਆਂ ਮੰਗਾਂ ਨੂੰ ਲੈ ਕੇ ਡੀਨ ਅਕਾਦਮਿਕ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ।

ਅੱਜ ਪੰਜਾਬੀ ਯੂਨੀਵਰਸਿਟੀ ਵਿੱਚ ਵਿਦਿਆਰਥੀ ਮੰਗਾਂ ਨੂੰ ਲੈ ਕੇ ਸਾਂਝੇ ਵਿਦਿਆਰਥੀ ਮੋਰਚੇ ਵੱਲੋਂ ਡੀਨ ਅਕਾਦਮਿਕ ਦਫ਼ਤਰ ਅੱਗੇ ਧਰਨਾ ਦਿੱਤਾ ਗਿਆ। ਜਿਸ ਵਿੱਚ ਪੰਜਾਬ ਸਟੂਡੈਂਟਸ ਯੂਨੀਅਨ, ਪੰਜਾਬ ਰੈਡੀਕਲ ਸਟੂਡੈਂਟਸ ਯੂਨੀਅਨ, ਪੰਜਾਬ ਸਟੂਡੈਂਟਸ ਫੈਡਰੇਸ਼ਨ, ਆਲ ਇੰਡੀਆ ਸਟੂਡੈਂਟਸ ਫੈਡਰੇਸ਼ਨ, ਸਟੂਡੈਂਟਸ ਫੈਡਰੇਸ਼ਨ ਆਫ ਇੰਡੀਆ ਸ਼ਾਮਿਲ ਸਨ।

ਏਆਈਐੱਸਐੱਫ ਦੇ ਗੁਰਜੰਟ ਅਤੇ ਰਾਹੁਲ ਨੇ ਯੂਨੀਵਰਸਿਟੀ ਸਹੂਲਤਾਂ ਦੀ ਵਿਗੜਦੀ ਸਥਿਤੀ ਬਾਰੇ ਕਿਹਾ, “ਲਾਇਬ੍ਰੇਰੀ, ਲੈਬਾਂ, ਸੜਕਾਂ ਅਤੇ ਬੁਨਿਆਦੀ ਢਾਂਚੇ ਦੀ ਹਾਲਤ ਦਿਨੋਂ ਦਿਨ ਮਾੜੀ ਹੁੰਦੀ ਜਾ ਰਹੀ ਹੈ। ਪ੍ਰਸ਼ਾਸਨ ਫੀਸਾਂ ਵਧਾਉਣ ਵਿੱਚ ਤੇਜ਼ ਹੈ, ਪਰ ਸਹੂਲਤਾਂ ਸੁਧਾਰਨ ਵਿੱਚ ਬਿਲਕੁੱਲ ਦਿਲਚਸਪੀ ਨਹੀਂ ਦਿਖਾਉਂਦਾ ਅਤੇ ਨਾਲ ਹੀ ਵਿਦਿਆਰਥੀਆਂ ਦੀਆਂ ਵਧਾਈਆਂ 7% ਫੀਸਾਂ ਦਾ ਫੈਸਲਾ ਵਾਪਸ ਲੈਣ ਲਈ ਆਖਿਆ।”

ਪੀਐੱਸਯੂ ਤੋਂ ਵਕਸ਼ਿਤ ਅਤੇ ਪਵਨਪ੍ਰੀਤ ਸਿੰਘ ਨੇ ਹੋਸਟਲ ਮੁੱਦਿਆਂ ਬਾਰੇ ਗੱਲ ਕਰਦਿਆਂ ਕਿਹਾ, “ਲੜਕੀਆਂ ਦੇ ਲਈ ਨਵੇਂ ਹੋਸਟਲਾਂ ਦੀ ਕਮੀ ਅਤੇ ਮੌਜੂਦਾ ਹੋਸਟਲਾਂ ਦੀ ਖਰਾਬ ਹਾਲਤ ਵਿਦਿਆਰਥੀਆਂ ਲਈ ਗੰਭੀਰ ਸਮੱਸਿਆ ਬਣ ਗਈ ਹੈ। ਯੂਨੀਵਰਸਿਟੀ ਪ੍ਰਸ਼ਾਸਨ ਸਿਰਫ਼ ਵਾਅਦੇ ਕਰਦਾ ਹੈ ਪਰ ਕੋਈ ਠੋਸ ਕਦਮ ਨਹੀਂ ਚੁੱਕਦਾ।”


ਐੱਸਐੱਫਆਈ ਤੋਂ ਰਮਨਪ੍ਰੀਤ ਸਿੰਘ ਨੇ ਯੂਨੀਵਰਸਿਟੀ ਦੇ ਮੁੱਦਿਆਂ ’ਤੇ ਬੋਲਦਿਆਂ ਕਿਹਾ, “ਸੀਵਰੇਜ ਸਿਸਟਮ ਦੀ ਖਰਾਬ ਹਾਲਤ, ਕੈਂਪਸ ਦੀ ਗੰਦਗੀ ਅਤੇ ਪੀਐੱਚਡੀ ਰਜਿਸਟ੍ਰੇਸ਼ਨ ਫੀਸ ਵਿੱਚ 66% ਵਾਧਾ ਵਿਦਿਆਰਥੀਆਂ ਨਾਲ ਬੇਇਨਸਾਫੀ ਹੈ। ਇਹ ਸਿਰਫ਼ ਪੈਸੇ ਕਮਾਉਣ ਦੀ ਮਸ਼ੀਨ ਬਣ ਗਈ ਹੈ।”

ਪੀਐੱਸਐੱਫ ਦੇ ਨੁਮਾਇੰਦਿਆਂ ਨੇ ਪ੍ਰਸ਼ਾਸਨ ਦੇ ਅਸੰਵੇਦਨਸ਼ੀਲ ਰਵੱਈਏ ਬਾਰੇ ਕਿਹਾ, “ਯੂਨੀਵਰਸਿਟੀ ਪ੍ਰਸ਼ਾਸਨ ਵਿਦਿਆਰਥੀਆਂ ਦੀਆਂ ਸਮੱਸਿਆਵਾਂ ਪ੍ਰਤੀ ਪੂਰੀ ਤਰ੍ਹਾਂ ਅਸੰਵੇਦਨਸ਼ੀਲ ਹੈ। ਜਦੋਂ ਵੀ ਅਸੀਂ ਇਨ੍ਹਾਂ ਮੁੱਦਿਆਂ ਨੂੰ ਉਠਾਉਂਦੇ ਹਾਂ, ਤਾਂ ਸਾਨੂੰ ਸਿਰਫ਼ ਟਾਲਮਟੋਲ ਮਿਲਦੀ ਹੈ। ਇਹ ਰਵੱਈਆ ਬਦਲਣਾ ਜ਼ਰੂਰੀ ਹੈ।”

ਸਟੇਜ ਦੀ ਕਾਰਵਾਈ ਏਆਈਐੱਸਐੱਫ ਤੋਂ ਰਾਹੁਲ ਅਤੇ ਪੀਐੱਸਯੂ ਤੋਂ ਗੁਰਦਾਸ ਨੇ ਚਲਾਈ।

ਆਗੂਆਂ ਗੱਲ ਕਰਦੇ ਹੋਏ ਕਿਹਾ ਕਿ ਪੰਜਾਬੀ ਯੂਨੀਵਰਸਿਟੀ ਨੂੰ ਜਾਣ-ਬੁੱਝ ਕੇ ਮਾਰਨ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ ਤਾਂ ਪ੍ਰਾਈਵੇਟ ਅਦਾਰਿਆਂ ਨੂੰ ਵਧਾਇਆ ਫੁਲਾਇਆ ਜਾ ਸਕੇ ਅਤੇ ਵਿਦਿਆਰਥੀਆਂ ਕੋਲੋ ਵੱਧ ਫੀਸਾਂ ਵਸੂਲੀਆਂ ਜਾ ਸਕਣ।

ਪ੍ਰਦਰਸ਼ਨਕਾਰੀਆਂ ਨੇ ਖਾਸ ਤੌਰ ’ਤੇ ਯੂਨੀਵਰਸਿਟੀ ਮੈਨੇਜਮੈਂਟ ਨੂੰ ਨਿਸ਼ਾਨਾ ਬਣਾਇਆ ਕਿਉਂਕਿ ਉਹ ਲੜਕੀਆਂ ਲਈ ਨਵੇਂ ਹੋਸਟਲਾਂ ਦੀ ਉਸਾਰੀ, ਮੌਜੂਦਾ ਹੋਸਟਲ ਸੁਵਿਧਾਵਾਂ ਦੀ ਪੂਰਤੀ, ਅਤੇ ਕੈਂਪਸ ਦੀਆਂ ਸਹੂਲਤਾਂ ਦੀ ਸਹੀ ਦੇਖਭਾਲ ਸਮੇਤ ਜ਼ਰੂਰੀ ਬੁਨਿਆਦੀ ਢਾਂਚੇ ਦੀਆਂ ਲੋੜਾਂ ਨੂੰ ਹੱਲ ਕਰਨ ਵਿੱਚ ਅਸਫਲ ਰਹੇ ਹਨ। ਧਰਨੇ ਦੇ ਚਲਦੇ ਹੋਏ ਪ੍ਰਸ਼ਾਸਨ ਨੇ ਆਗੂਆਂ ਨਾਲ ਮੀਟਿੰਗ ਕੀਤੀ ਅਤੇ ਬਹੁਤੀਆਂ ਮੰਗਾਂ ਮੰਨੀਆਂ ਅਤੇ ਕੁੱਝ ਮੰਦਾਂ ਉੱਤੇ ਮੁੜ ਵਿਚਾਰਨ ਲਈ ਦੱਸਿਆ ਅਤੇ ਇਸ ਤਰ੍ਹਾਂ ਵਿਦਿਆਰਥੀ ਆਗੂਆਂ ਨੇ ਯੂਨੀਵਰਸਿਟੀ ਅਧਿਕਾਰੀਆਂ ਨੂੰ ਸਖਤ ਚੇਤਾਵਨੀ ਦਿੱਤੀ ਕਿ ਜੇਕਰ ਇਨ੍ਹਾਂ ਜਾਇਜ਼ ਮੰਗਾਂ ਨੂੰ ਜਲਦੀ ਪੂਰਾ ਨਹੀਂ ਕੀਤਾ ਗਿਆ, ਤਾਂ ਉਹ ਆਪਣੀ ਆਵਾਜ਼ ਸੁਣਾਉਣ ਅਤੇ ਆਪਣੇ ਅਧਿਕਾਰਾਂ ਦੀ ਰੱਖਿਆ ਨੂੰ ਯਕੀਨੀ ਬਣਾਉਣ ਲਈ ਵੱਡੇ ਅਤੇ ਵਧੇਰੇ ਤੀਬਰ ਪ੍ਰਦਰਸ਼ਨ ਆਯੋਜਿਤ ਕਰਨ ਲਈ ਮਜਬੂਰ ਹੋਣਗੇ।