Tuesday, 12 December 2017

ਘੱਟ ਗਿਣਤੀਆਂ ਦੀ ਸੁਰੱਖਿਆ ਲਈ ਸਹੀ ਪੈਂਤੜਾ

ਮੰਗਤ ਰਾਮ ਪਾਸਲਾ
 ਆਮ ਲੋਕਾਂ ਨੂੰ ਰਾਜਨੀਤਕ ਤੇ ਵਿਚਾਰਧਾਰਕ ਤੌਰ 'ਤੇ ਚੇਤਨ ਕਰਕੇ ਆਜ਼ਾਦੀ, ਬਰਾਬਰੀ ਤੇ ਜਮਹੂਰੀ ਲੀਹਾਂ 'ਤੇ ਅਧਾਰਤ ਸਮਾਜ ਸਿਰਜਣ ਲਈ ਸੰਘਰਸ਼ਸ਼ੀਲ ਸ਼ਕਤੀਆਂ ਨਾਲੋਂ ਕਿਤੇ ਜ਼ਿਆਦਾ ਉਹ ਲੋਕ ਤੇ ਸੰਸਥਾਵਾਂ ਸਰਗਰਮ ਹਨ, ਜੋ ਜਨ ਸਧਾਰਣ ਨੂੰ ਫਿਰਕੂ, ਪਿਛਾਖੜੀ ਤੇ ਕਿਸਮਤਵਾਦੀ ਫਲਸਫੇ ਨਾਲ ਮੰਤਰ ਮੁਗਧ ਕਰਕੇ ਵਧੇਰੇ ਮਾਯੂਸ, ਨਿਕੰਮੇ, ਨਿਸ਼ਕਿਰਿਆ ਅਤੇ ਉਪਰਾਮ ਬਣਾਉਣਾ ਚਾਹੁੰਦੀਆਂ ਹਨ। ਅਜਿਹੇ ਸੱਜਣ ਇਤਿਹਾਸਕ ਘਟਨਾਵਾਂ ਦੀ ਵਿਆਖਿਆ ਇਸ ਢੰਗ ਨਾਲ ਕਰਦੇ ਹਨ, ਜਿਸ ਨਾਲ ਸਮਾਜਕ ਵਿਕਾਸ ਲਈ ਮਾਨਵੀ ਏਕਤਾ ਅਤੇ ਸੰਘਰਸ਼ ਦੀਆਂ ਭਾਵਨਾਵਾਂ ਉਗਮਣ ਦੀ ਥਾਂ ਸਥਿਤੀ ਜਿਓਂ ਦੀ ਤਿਓਂ ਕਾਇਮ ਰਹੇ, ਤਾਂ ਕਿ ਮਨੁੱਖ ਹੱਥੋਂ ਮਨੁੱਖ ਦੀ ਆਰਥਿਕ ਲੁੱਟ-ਖਸੁੱਟ ਤੇ ਸਮਾਜਕ ਜਬਰ ਦੇ ਖ਼ਾਤਮੇ ਦਾ ਸੰਕਲਪ ਧੁੰਦਲਾ ਬਣਿਆ ਰਹੇ। ਮਨੁੱਖੀ ਇਤਿਹਾਸ ਨੂੰ ਪੜ੍ਹਿਆ ਤੇ ਸਮਝਿਆ ਜਾ ਸਕਦਾ ਹੈ, ਤਾਂ ਕਿ ਜੋ ਚੰਗਾ ਤੇ ਵਿਕਾਸਮੁਖੀ ਰਿਹਾ, ਉਸ ਤੋਂ ਸਿੱਖਿਆ ਪ੍ਰਾਪਤ ਕੀਤੀ ਜਾਵੇ ਅਤੇ ਜੋ ਗਲਤ ਤੇ ਤਰਕਹੀਣ ਵਾਪਰਿਆ, ਉਸ ਨੂੰ ਪੜਚੋਲੀਆ ਨਜ਼ਰਾਂ ਨਾਲ ਘੋਖਿਆ ਜਾਵੇ ਤਾਂ ਕਿ ਬੀਤੇ ਦੀਆਂ ਗਲਤੀਆਂ ਨੂੰ ਮੁੜ ਵਾਪਰਨ ਤੋਂ ਸੁਚੇਤ ਰਿਹਾ ਜਾ ਸਕੇ। ਅਜਿਹਾ ਸਮਾਜ ਦੇ ਉਜਲੇ ਭਵਿੱਖ ਲਈ ਅੱਗੇ ਵੱਧਣ ਵਾਸਤੇ ਸਹਾਈ ਸਿੱਧ ਹੋਵੇਗਾ। ਪ੍ਰੰਤੂ ਸਵਾਰਥੀ ਹਿੱਤਾਂ ਤੋਂ ਪ੍ਰੇਰਤ ਲੋਕ ਅਜਿਹੀ ਵਿਧੀ ਅਪਣਾਉਣ ਦੀ ਥਾਂ ਹਰ ਘਟਨਾ ਨੂੰ ਸੰਦਰਭ ਤੋਂ ਅਲੱਗ ਕਰਕੇ ਅੰਤਰਮੁਖੀ ਹੋ ਕੇ ਇਕ ਆਜ਼ਾਦ ਵਰਤਾਰੇ ਦੇ ਰੂਪ ਵਿਚ ਹੀ ਦੇਖਦੇੇ ਹਨ। ਅੱਧਾ ਤੇ ਊਣਾ ਸੱਚ ਬਹੁਤ ਹੀ ਖ਼ਤਰਨਾਕ ਤੇ ਨੁਕਸਾਨਦੇਹ ਹੁੰਦਾ ਹੈ।
ਸਾਰੇ ਹੀ ਵਿਵੇਕਸ਼ੀਲ ਲੋਕਾਂ ਵਲੋਂ ਨਵੰਬਰ 1984 ਦੌਰਾਨ ਦਿੱਲੀ ਵਿਚ ਸਿੱਖਾਂ ਦੇ ਹੋਏ ਕਤਲੇਆਮ ਨੂੰ ਹਰ ਵਰ੍ਹੇ ਦਰਦ ਦੇ ਗੁੱਸੇ ਨਾਲ ਯਾਦ ਕੀਤਾ ਜਾਂਦਾ ਹੈ। ਇਹ ਚੀਸ ਹੋਰ ਵੀ ਅਸਹਿ ਬਣ ਜਾਂਦੀ ਹੈ, ਜਦੋਂ ਦੋਸ਼ੀਆਂ ਨੂੰ ਅਜੇ ਤੱਕ ਕੋਈ ਢੁਕਵੀਂ ਸਜ਼ਾ ਨਾ ਮਿਲਣ ਦਾ ਦੁਖਾਂਤ ਸਾਹਮਣੇ ਆਉਂਦਾ ਹੈ। ਬਿਨਾਂ ਸ਼ੱਕ ਵਾਪਰਿਆ ਇਹ ਕਹਿਰ ਭਾਰਤੀ ਇਤਿਹਾਸ ਦਾ ਇਕ ਕਾਲਾ ਅਧਿਆਏ ਹੈ, ਜਿਸਦਾ ਸੰਤਾਪ ਦਿੱਲੀ ਦੰਗਿਆਂ ਵਿਚ ਮਾਰੇ ਗਏ ਵਿਅਕਤੀਆਂ ਦੇ ਪਰਿਵਾਰ, ਰਿਸ਼ਤੇਦਾਰ ਤੇ ਸਨੇਹੀ ਅਜੇ ਤੱਕ ਝੇਲ ਰਹੇ ਹਨ। ਜੇਕਰ ਸਮੇਂ ਦੀਆਂ ਸਰਕਾਰਾਂ ਨੇਕ ਇਰਾਦੇ ਨਾਲ ਸਮੇਂ ਸਿਰ ਲੋੜੀਂਦੇ ਅਸਰਦਾਇਕ ਕਦਮ ਪੁਟ ਲੈਂਦੀਆਂ, ਤਦ ਇਸ ਦੁਖਾਂਤ ਨੂੰ ਰੋਕਿਆ ਜਾ ਸਕਦਾ ਸੀ। ਪ੍ਰੰਤੂ ਇਹ ਗਲ ਵੀ ਬਹੁਤ ਦੁਖਦਾਈ ਹੈ ਕਿ ਇਹ ਮੰਦਭਾਗੀ ਘਟਨਾ ਬਹੁਤ ਸਾਰੇ ਰਾਜਨੀਤਕ ਦਲਾਂ, ਰਾਜਸੀ ਆਗੂਆਂ ਤੇ ਇਕ ਪਾਸੜ ਸੌੜੀ ਸੋਚ ਵਾਲੇ ਬੁੱਧੀਜੀਵੀਆਂ ਲਈ ਆਪਣਾ ਉਲੂ ਸਿੱਧਾ ਕਰਨ ਅਤੇ ਰਾਜਸੀ ਖੱਟੀ ਖੱਟਣ ਦਾ ਹਥਿਆਰ ਮਾਤਰ ਬਣ ਗਈ ਹੈ। 33 ਸਾਲਾਂ ਦੇ ਸਮੇਂ ਦੌਰਾਨ ਜਿਹੜੇ ਰਾਜਸੀ ਦਲ ਭਾਰਤ ਦੀ ਕੇਂਦਰੀ ਤੇ ਵੱਖ-ਵੱਖ ਪ੍ਰਾਂਤਾਂ ਦੀਆਂ ਸੂਬਾਈ ਸਰਕਾਰਾਂ ਦੇ ਚਾਲਕ ਰਹੇ ਹਨ ਤੇ ਜਿਨ੍ਹਾਂ ਨੇ ਆਪਣੇ ਕਾਰਜਕਾਲ ਦੁਰਾਨ 1984 ਵਿਚ ਦਿੱਲੀ ਦੀਆਂ ਸੜਕਾਂ ਉਪਰ ਖੇਡੀ ਗਈ ਖੂਨ ਦੀ ਹੋਲੀ ਦੇ ਸੂਤਰਧਾਰਾਂ ਨੂੰ ਢੁਕਵੀਆਂ ਸਜ਼ਾਵਾਂ ਦਿਵਾਉਣ ਤੇ ਪੀੜਤਾਂ ਨੂੰ ਵਾਜਿਬ ਸਹਾਇਤਾ ਦੇਣ ਲਈ ਕੋਈ ਠੋਸ ਕਦਮ ਨਹੀਂ ਪੁੱਟਿਆ, ਉਹੀ ਦਲ ਸੱਤਾ ਤੋਂ ਲਾਂਭੇ ਹੋ ਕੇ ਜੇਕਰ ਦਿੱਲੀ ਦੰਗਿਆਂ ਦੇ ਪੀੜਤਾਂ ਲਈ ਹੰਝੂ ਵਹਾਉਣ ਤਾਂ ਉਨ੍ਹਾਂ ਨੂੰ ਮਗਰਮੱਛ ਦੇ ਹੰਝੂ ਹੀ ਕਿਹਾ ਜਾਣਾ ਚਾਹੀਦਾ ਹੈ। 1984 ਵਿਚ ਦਿੱਲੀ ਤੇ ਕਈ ਹੋਰਨਾਂ ਸ਼ਹਿਰਾਂ ਵਿਚ ਸਿੱਖਾਂ ਦੇ ਕਤਲੇਆਮ ਦੀਆਂ ਘਟਨਾਵਾਂ ਨੂੰ ਇਸਤੋਂ ਪਹਿਲਾਂ ਪੰਜਾਬ ਅੰਦਰ ਖਾਲਿਸਤਾਨੀ ਦਹਿਸ਼ਤਗਰਦਾਂ ਵਲੋਂ ਭਾਰਤ ਤੋਂ ਅਲੱਗ ਵੱਖਰੇ ਖਾਲਿਸਤਾਨ ਬਣਾਉਣ ਦੇ ਨਾਅਰੇ ਅਤੇ ਬੇਗੁਨਾਹ ਲੋਕਾਂ ਦੀਆਂ ਕੀਤੀਆਂ ਗਈਆਂ ਹੱਤਿਆਵਾਂ ਤੋਂ ਅਲੱਗ ਕਰਕੇ ਠੀਕ ਸਿੱਟੇ 'ਤੇ ਨਹੀਂ ਪੁੱਜਿਆ ਜਾ ਸਕਦਾ। ਦੇਸ਼ ਭਰ ਵਿਚ ਆਪਣੀ ਬਹਾਦਾਰੀ, ਲੋੜਵੰਦਾਂ ਤੇ ਗਰੀਬਾਂ ਦੀ ਰੱਖਿਆ, ਦੇਸ਼ ਭਗਤੀ ਤੇ ਬਰਾਬਰਤਾ ਵਾਲਾ ਸਮਾਜ ਸਿਰਜਣ ਲਈ ਚੱਲੀਆਂ ਲਹਿਰਾਂ ਵਿਚ ਸ਼ਾਨਾਮੱਤੇ ਯੋਗਦਾਨ ਪਾਉਣ ਵਾਲਾ ਸਿੱਖ ਭਾਈਚਾਰਾ, ਸਾਬਕਾ ਪ੍ਰਧਾਨ ਮੰਤਰੀ ਸ਼੍ਰੀਮਤੀ ਇੰਦਰਾ ਗਾਂਧੀ ਦੇ ਆਪਣੇ ਹੀ ਅੰਗ ਰੱਖਿਅਕਾਂ ਵਲੋਂ ਕਤਲ ਕੀਤੇ ਜਾਣ ਤੋਂ ਤੁਰੰਤ ਬਾਅਦ ਨਫਰਤ ਦਾ ਪਾਤਰ ਕਿਵੇਂ ਬਣ ਗਿਆ? ਕਿਸੇ ਸਿੱਖ ਦੇ ਸੰਗ ਹੋਣ ਨਾਲ ਜਿਹੜੀਆਂ ਔਰਤਾਂ ਤੇ ਬੱਚੀਆਂ ਆਪਣੇ ਆਪ ਨੂੰ ਸੁਰੱਖਿਅਤ ਸਮਝਦੀਆਂ ਸਨ, ਉਨਾਂ ਦੇ ਮਨ ਵਿਚ ਸਮੁੱਚੇ ਸਿੱਖਾਂ ਲਈ ਇਕ ਖਾਸ ਕਿਸਮ ਦੀ ਗੁੱਸੇ ਤੇ ਰੰਜ ਦੀ ਭਾਵਨਾ ਕਿਵੇਂ ਪੈਦਾ ਹੋ ਗਈ? ਹਾਲਾਂ ਕਿ ਦਿੱਲੀ ਤੇ ਕਾਨਪੁਰ ਦੀਆਂ ਸੜਕਾਂ 'ਤੇ ਮਾਰੇ ਜਾਣ ਵਾਲੇ ਸਿੱਖਾਂ ਦਾ ਪੰਜਾਬ ਦੇ ਖਾਲਿਸਤਾਨੀ ਦਹਿਸ਼ਤਗਰਦਾਂ ਨਾਲ ਕੋਈ ਸਿੱਧਾ ਸਬੰਧ ਜਾਂ ਸਰੋਕਾਰ ਨਹੀਂ ਸੀ, ਪ੍ਰੰਤੂ  ਹੱਥਾਂ ਵਿਚ ਬੰਦੂਕਾਂ ਤਾਣ ਕੇ ਬੇਗੁਨਾਹਾਂ ਦਾ ਸ਼ਿਕਾਰ ਕਰਨ ਸਮੇਂ ਆਪਣੇ ਆਪ ਨੂੰ ਸਿੱਖਾਂ ਦੀ ਆਜ਼ਾਦੀ ਲਈ ਜੂਝਣ ਵਾਲੇ ''ਸਿਰਲੱਥਾਂ'' ਦੇ ਦਾਅਵੇਦਾਰ ਬਣਨ ਦੇ ਕੁਸੱਚ ਵੱਲ ਨੂੰ ਸਿੱਖ ਵਸੋਂ ਦੇ ਇਕ ਚੋਖੇ ਭਾਗ ਵਲੋਂ ਅਸੰਬੰਧਤਾ ਵਾਲਾ ਜਾਂ ਲੁਕਵੀਂ ਹਮਦਰਦੀ ਵਾਲਾ ਰੁਖ ਅਖਤਿਆਰ ਕਰਨਾ ਵੀ ਤਾਂ ਠੀਕ ਨਹੀਂ ਕਿਹਾ ਜਾ ਸਕਦਾ। ਜੇਕਰ ਕੋਈ ਵਿਅਕਤੀ ਪੰਜਾਬ ਵਿਚ 26 ਹਜ਼ਾਰ ਹੱਤਿਆਵਾਂ ਲਈ ਸਿਰਫ ਸਮੇਂ ਦੀ ਸਰਾਕਰ ਨੂੰ ਦੋਸ਼ੀ ਦੱਸਕੇ (ਜੋ ਇਕ ਹੱਦ ਤੱਕ ਠੀਕ ਵੀ ਹੈ) ਦਹਿਸ਼ਤ ਦਾ ਨੰਗਾ ਨਾਚ ਕਰਨ ਵਾਲੇ ਕਾਤਲਾਂ ਨੂੰ ਬਰੀ ਕਰਦਾ ਹੈ ਤਾਂ ਉਹ ਦਿੱਲੀ ਦੀਆਂ ਸੜਕਾਂ ਉਤੇ ਖੂਨ 'ਚ ਲੱਥ ਪੱਥ ਸਿੱਖਾਂ ਦੀਆਂ ਮੌਤਾਂ ਪ੍ਰਤੀ ਸੱਚੇ ਦਿਲੋਂ ਸੰਵੇਦਨਸ਼ੀਲਤਾ ਜ਼ਾਹਰ ਨਹੀਂ ਕਰ ਰਿਹਾ ਹੋਵੇਗਾ। ਤੇ ਨਾ ਹੀ ਇਸ ਦੁਖਾਂਤ ਲਈ ਜ਼ਿੰਮੇਵਾਰ ਸਾਰੇ ਕਾਰਕਾਂ ਦੀ ਠੀਕ ਨਿਸ਼ਾਨਦੇਹੀ ਕਰਕੇ ਭਵਿੱਖ ਵਿਚ ਅਜਿਹੀਆਂ ਕਾਰਵਾਈਆਂ ਮੁੜ ਵਾਪਰਨ ਤੋਂ ਰੋਕਣ ਵਿਚ ਹੀ ਸਹਾਈ ਸਿੱਧ ਹੋ ਸਕੇਗਾ। ਕਈ ਵਾਰ ਦਿੱਲੀ ਦੰਗਿਆਂ ਦੇ ਪੀੜਤਾਂ ਲਈ ਹਮਦਰਦੀਆਂ ਪ੍ਰਗਟ ਕਰਨ ਵਾਲੇ ਵਿਅਕਤੀ ਤੇ ਸੰਗਠਨ ਇਸ ਕਤਲੇਆਮ ਦੀ ਦੋਸ਼ੀ ਹਾਕਮ ਧਿਰ ਨਾਲ ਜੋਟੀਆਂ ਪਾਈ ਖੜੇ ਵੀ ਨਜ਼ਰ ਆਉਂਦੇ ਹਨ। ਦਿੱਲੀ 'ਚ ਸਿੱਖਾਂ ਦਾ ਕਤਲੇਆਮ ਦੋ ਸਿੱਖ ਅੰਗ ਰੱਖਿਅਕਾਂ ਵਲੋਂ ਇੰਦਰਾ ਗਾਂਧੀ ਦੀ ਹੱਤਿਆ ਹੋਣ ਬਾਅਦ ਸਿੱਖਾਂ ਵਿਰੁੱਧ ਹਿੰਦੂ ਫਿਰਕਾਪ੍ਰਸਤ ਜਥੇਬੰਦੀਆਂ ਵਲੋਂ ਫਿਰਕੂ ਲੀਹਾਂ 'ਤੇ ਕੀਤਾ ਜ਼ਹਿਰੀਲਾ ਪ੍ਰਚਾਰ ਵੀ ਵੱਡੀ ਹੱਦ ਤੱਕ ਜ਼ਿੰਮੇਵਾਰ ਹੈ।
ਸੰਨ 2002 ਵਿਚ ਗੁਜਰਾਤ ਅੰਦਰ, ਜਦੋਂ ਨਰਿੰਦਰ ਮੋਦੀ  ਮੁੱਖ ਮੰਤਰੀ ਸਨ, ਹੋਏ ਫਿਰਕੂ ਦੰਗਿਆਂ ਦੌਰਾਨ ਹਜ਼ਾਰਾਂ ਬੇਗੁਨਾਹ ਮੁਸਲਮਾਨਾਂ ਦੇ ਕਾਤਲ ਜੇਲ੍ਹ ਦੀਆਂ ਸਲਾਖਾਂ ਪਿੱਛੇ ਬੰਦ ਹੋਣ ਦੀ ਜਗ੍ਹਾ ਅੱਜ ਸੱਤਾ ਦੇ ਗਲਿਆਰਿਆਂ ਵਿਚ ਕੱਛਾਂ ਵਜਾਈ ਫਿਰਦੇ ਨਜ਼ਰ ਆਉਂਦੇ ਹਨ। ਦਿੱਲੀ ਦੰਗਿਆਂ ਪ੍ਰਤੀ ਸੰਵੇਦਨਾ ਜ਼ਾਹਰ ਕਰਨ ਵਾਲਾ ਸੰਘ ਪਰਿਵਾਰ ਗੁਜਰਾਤ ਵਿਚ ਮੁਸਲਮਾਨਾਂ ਦੇ ਕੀਤੇ ਕਤਲਾਂ ਉਪਰ ਗਰਵ ਮਹਿਸੂਸ ਕਰਦਾ ਹੈ ਤੇ ਇਸ ਵਰਤਾਰੇ ਨੂੰ ਦੇਸ਼ ਪੱਧਰ ਉਪਰ ਫੈਲਾਉਣ ਦਾ ਯਤਨ ਕਰ ਰਿਹਾ ਹੈ। ਇਸ ਤੱਥ ਦੇ ਬਾਵਜੂਦ ਗੁਜਰਾਤ ਦੰਗਿਆਂ ਦੀ ਰੌਸ਼ਨੀ ਵਿਚ ਬਦਲੇ ਦੀ ਭਾਵਨਾ ਤਹਿਤ ਕੁਝ ਕੱਟੜਪੰਥੀ ਮੁਸਲਮਾਨ ਜਥੇਬੰਦੀਆਂ ਵਲੋਂ ਫਿਰਕੂ ਲੀਹਾਂ ਉਤੇ ਕੀਤਾ ਜਾਂਦਾ ਪ੍ਰਚਾਰ ਤੇ ਅੱਤਵਾਦੀ ਕਾਰਵਾਈਆਂ ਕਿਸੇ ਵੀ ਤਰ੍ਹਾਂ ਹੱਕੀ ਨਹੀਂ ਠਹਿਰਾਈਆਂ ਜਾ ਸਕਦੀਆਂ। ਇਸਦੇ ਵਿਪਰੀਤ ਮੁਸਲਮਾਨਾਂ ਵਲੋਂ ਜਮਹੁੂਰੀ ਪੈਂਤੜੇ ਤੋਂ ਅਜਿਹੇ ਜਨੂੰਨੀ ਲੋਕਾਂ ਨਾਲੋਂ ਸਪਸ਼ਟ ਨਿਖੇੜਾ ਕੀਤਾ ਜਾਣਾ ਚਾਹੀਦਾ ਹੈ।
ਜੰਮੂ-ਕਸ਼ਮੀਰ ਵਿਚ ਪੈਦਾ ਹੋਏ ਸੰਕਟ ਲਈ ਮੁੱਖ ਰੂਪ ਵਿਚ ਦਿੱਲੀ ਦੀਆਂ ਸਰਕਾਰਾਂ ਜ਼ਿੰਮੇਵਾਰ ਹਨ, ਭਾਵੇਂ ਇਹ ਕਾਂਗਰਸੀ ਜਾਂ ਭਾਜਪਾਈ ਝੰਡਿਆਂ ਵਿਚ ਲਿਪਟੀਆਂ ਹੋਣ। ਜੰਮੂ-ਕਸ਼ਮੀਰ ਨੂੰ ਭਾਰਤ ਵਿਚ ਸ਼ਾਮਲ ਕਰਨ ਸਮੇਂ ਜੋ ਲਿਖਤੀ ਵਾਅਦੇ ਇਸ ਪ੍ਰਾਂਤ ਦੇ ਆਗੂਆਂ ਨਾਲ ਕੀਤੇ ਗਏ ਸਨ, ਉਨ੍ਹਾਂ ਨੂੰ ਭਾਰਤ ਦੇ ਵੱਖ ਵੱਖ ਰੰਗਾਂ ਦੇ ਹਾਕਮਾਂ ਨੇ ਤਾਰ ਤਾਰ ਕਰ ਦਿੱਤਾ ਹੈ। ਮਸਲੇ ਦੀ ਮੂਲ ਜੜ੍ਹ ਇਹ ਹੈ। ਪਰ ਮੁਸਲਮਾਨ ਕੱਟੜਵਾਦੀ ਸੰਗਠਨਾਂ ਵਲੋਂ ਭਾਰਤੀ ਹਾਕਮਾਂ ਦੀ ਅਕਿਰਤਘਣਤਾ ਦਾ ਲਾਹਾ ਲੈ ਕੇ ਬੇਗੁਨਾਹ ਹਿੰਦੂਆਂ ਤੇ ਮੁਸਲਮਾਨਾਂ ਦੇ ਕਤਲ ਕਰਨਾ, ਭਾਰਤ ਤੋਂ ਅਲੱਗ ਇਕ ਧਰਮ ਅਧਾਰਤ ਆਜ਼ਾਦ ਦੇਸ਼ ਦੀ ਮੰਗ ਕਰਨਾ ਅਤੇ ਫਿਰਕੂ ਤੱਤਾਂ ਦੀ ਹਾਂ ਵਿਚ ਹਾਂ ਮਿਲਾ ਕੇ 'ਜਹਾਦ' ਕਰਨ ਵਰਗੇ ਨਾਅਰਾ ਸਿਰਫ ਭਾਰਤ-ਪਾਕਿ ਦੇ ਲੋਕ ਵਿਰੋਧੀ ਹਾਕਮਾਂ ਅਤੇ ਸੰਸਾਰ ਪੱਧਰ 'ਤੇ ਸਾਮਰਾਜੀ ਸ਼ਕਤੀਆਂ ਦਾ ਹੱਥ ਠੋਕਾ ਬਣਨ ਤੋਂ ਸਿਵਾਏ ਹੋਰ ਕੁੱਝ ਨਹੀਂ ਹੈ।
ਜਦੋਂ ਕੋਈ ਵਿਅਕਤੀ ਕਿਸੇ ਧਰਮ ਦੇ ਪੱਖ ਵਿਚ ਖੜ੍ਹਾ ਹੋ ਕੇ ਆਖਦਾ ਹੈ ਕਿ ''ਉਸਦਾ ਧਰਮ ਕਦੀ ਅੱਤਵਾਦੀ ਨਹੀਂ ਹੋ ਸਕਦਾ'' ਚੰਗਾ ਹੋਵੇ ਜੇਕਰ ਉਹ ਅੱਗੇ ਇਹ ਵੀ ਆਖ ਦੇਵੇ ਕਿ ''ਕਿਸੇ ਵੀ ਰੂਪ ਵਿਚ ਅੱਤਵਾਦੀ ਤੇ ਬੇਗੁਨਾਹਾਂ ਦੇ ਕਾਤਲਾਂ ਦੇ ਟੋਲਿਆਂ ਲਈ ਉਨ੍ਹਾਂ ਦੇ ਧਰਮ ਵਿਚ ਕੋਈ ਥਾਂ ਨਹੀਂ ਹੈ''। ਇਹ ਵਿਚਾਰ ਜ਼ਿਆਦਾ ਵਜ਼ਨਦਾਰ ਤੇ ਫਾਇਦੇਮੰਦ ਸਾਬਤ ਹੋ ਸਕਦਾ ਹੈ। ਜੇਕਰ ਹਰ ਧਰਮ ਦੇ ਧਾਰਮਕ ਆਗੂ ਆਪਣੇ ਧਰਮ ਨੂੰ ਹਰ ਰੰਗ ਦੇ ਅੱਤਵਾਦ ਦਾ ਵਿਰੋਧੀ ਹੋਣ ਦਾ ਦਾਅਵਾ ਕਰਦੇ ਹਨ, ਤਦ ਫਿਰ ਸੰਸਾਰ ਭਰ ਵਿਚ 'ਅੱਤਵਾਦੀ' ਕਾਰਵਾਈਆਂ ਕੌਣ ਕਰ ਰਿਹਾ ਹੈ? ਘੱਟੋ ਘੱਟ ਇਹ ਕੰਮ ਨਾਸਤਕ ਜਾਂ ਅਗਾਂਹਵਧੂ ਵਿਚਾਰਧਾਰਾ ਦੇ ਹਾਮੀ ਲੋਕ ਤਾਂ ਬਿਲਕੁਲ ਨਹੀਂ ਕਰ ਰਹੇ। ਸਾਡੇ ਸੱਭ ਲਈ ਇਸ ਗਲ ਦਾ ਖਾਸ ਧਿਆਨ ਰੱਖਣ ਦੀ ਬਹੁਤ ਜਰੂਰਤ ਹੈ ਕਿ ਮੁੱਠੀ ਭਰ ਫਿਰਕੂ ਤੇ ਅੱਤਵਾਦੀ ਤੱਤਾਂ ਨੂੰ ਸੰਬੰਧਤ ਧਰਮ ਦੇ ਸਮੂਹ ਅਨੁਆਈਆਂ ਨਾਲ ਰਲਗੱਡ ਨਾ ਕੀਤਾ ਜਾਵੇ।
ਸਮਾਂ ਆ ਗਿਆ ਹੈ ਕਿ ਅਸੀਂ ਆਪਣੇ ਇਤਿਹਾਸ ਦੀਆਂ ਹਾਂ ਪੱਖੀ ਤੇ ਨਾਂਹ ਪੱਖੀ ਦੋਨਾਂ ਪਰਤਾਂ ਨੂੰ ਘੋਖੀਏ। ਅਤੀਤ ਦੀਆਂ ਗਲਤੀਆਂ ਤੋਂ ਖੈਹੜਾ ਛੁਡਾ ਕੇ ਇਤਿਹਾਸ ਦੀਆਂ ਅਗਾਂਹਵਧੂ ਤੇ ਮਾਨਵਵਾਦੀ ਕਦਰਾਂ ਕੀਮਤਾਂ ਨੂੰ ਅਪਣਾਉਂਦੇ ਹੋਏ ਐਸਾ ਸਮਾਜ ਸਿਰਜਣ ਲਈ ਅੱਗੇ ਵਧੀਏ, ਜਿੱਥੇ ਮਨੁੱਖ ਹੱਥੋਂ ਮਨੁੱਖ ਦੀ ਤੇ ਕੌਮ ਹੱਥੋਂ ਕੌਮ ਦੀ ਲੁੱਟ, ਇਕ ਧਾਰਮਿਕ  ਫਿਰਕੇ ਵਲੋਂ ਦੂਸਰੇ ਧਰਮ ਨਾਲ ਅਤੇ ਇਕ ਜਾਤੀ ਵਲੋਂ ਦੂਜੀ ਜਾਤੀ ਦੇ ਲੋਕਾਂ ਨਾਲ ਕਿਸੇ ਕਿਸਮ ਦਾ ਅਨਿਆਂ, ਜਬਰ ਅਤੇ ਵਿਤਕਰਾ ਨਾ ਹੋਵੇ। ਜਿਹੜੇ ਲੋਕ ਪੀੜਤ  ਲੋਕਾਂ ਦੀਆਂ ਕੋਮਲ ਭਾਵਨਾਵਾਂ ਨੂੰ ਕੁਰੇਦ ਕੇ ਸਿਰਫ ਤਮਾਸ਼ਾ ਦੇਖਣ ਤੇ ਆਪਣੇ ਸਵਾਰਥੀ ਹਿਤਾਂ ਨੂੰ ਪੱਠੇ ਪਾਉਣ ਦਾ ਕੰਮ ਹੀ ਕਰ ਰਹੇ ਹਨ, ਉਨ੍ਹਾਂ ਤੋਂ ਸਭ ਲੋਕਾਂ ਨੂੰ ਖਬਰਦਾਰ ਰਹਿਣਾ ਹੋਵੇਗਾ।
ਆਉਣ ਵਾਲੇ ਦਿਨਾਂ ਵਿਚ ਸੰਘ ਪਰਿਵਾਰ ਵਲੋਂ ਧਾਰਮਿਕ ਘੱਟ ਗਿਣਤੀਆਂ, ਦਲਿਤਾਂ, ਕਬਾਇਲੀਆਂ ਵਿਰੁੱਧ ਫਿਰਕੂ ਤੇ ਨਫਰਤ ਭਰਿਆ ਪ੍ਰਚਾਰ ਤੇ ਸਰੀਰਕ ਹਮਲੇ ਤੇਜ਼ ਹੋਣ ਦੀਆਂ ਵੱਡੀਆਂ ਸੰਭਾਵਨਾਵਾਂ ਹਨ। ਇਸ ਲਈ ਜਿਥੇ 1984 ਵਿਚ ਸਿੱਖਾਂ ਦੇ ਹੋਏ ਕਤਲੇਆਮ ਦੇ ਦੋਸ਼ੀਆਂ ਸਮੇਤ ਦੇਸ਼ ਦੇ ਹੋਰਨਾਂ ਭਾਗਾਂ ਵਿਚ ਫਿਰਕੂ ਦੰਗਿਆਂ ਤੇ ਸ਼ਰਾਰਤੀ ਤੱਤਾਂ ਦੀ ਹਿੰਸਾ ਲਈ ਜ਼ਿੰਮੇਵਾਰ ਲੋਕਾਂ ਨੂੰ ਢੁੱਕਵੀਆਂ ਸਜ਼ਾਵਾਂ ਦੇਣ ਅਤੇ ਪੀੜਤਾਂ ਲਈ ਢੁੱਕਵੇਂ ਮੁਆਵਜ਼ੇ ਵਰਗੀਆਂ ਹੱਕੀ ਮੰਗਾਂ ਦੀ ਪ੍ਰਾਪਤੀ ਲਈ ਸਾਨੂੰ ਆਵਾਜ਼ ਬੁਲੰਦ ਕਰਨੀ ਹੋਵੇਗੀ ਉਥੇ ਹਰ ਰੰਗ ਦੇ ਫਿਰਕੂ, ਅੱਤਵਾਦੀ ਤੇ ਸੰਕੀਰਨ ਤੱਤਾਂ ਨੂੰ ਵੀ ਜਨ ਸਮੂਹਾਂ ਵਿਚੋਂ ਨਿਖੇੜਨਾ ਹੋਵੇਗਾ। ਨਾਲ ਹੀ ਸਮੂਹ ਘੱਟ ਗਿਣਤੀਆਂ ਨੂੰ ਆਪਣੀ ਸੁਰੱਖਿਆ ਅਤੇ ਅਧਿਕਾਰਾਂ ਦੀ ਰਾਖੀ ਵਸਤੇ ਕਿਸੇ ਫਿਰਕੂ ਜਾਂ ਤੰਗ ਨਜ਼ਰੀ ਵਾਲੇ ਪੈਤੜੇ ਤੋਂ ਨਹੀਂ ਬਲਕਿ ਜਮਹੂਰੀ ਤੇ ਅਗਾਂਹ ਵਧੂ ਰੁੱਖ ਤੋਂ ਦੂਸਰੀਆਂ ਜਮਹੂਰੀ ਤੇ ਖੱਬੀਆਂ ਰਾਜਨੀਤਕ ਧਿਰਾਂ ਨਾਲ ਮਿਲਕੇ ਮੌਜੂਦਾ ਲੁਟੇਰੇ ਤੇ ਦਾਬੂ ਪ੍ਰਬੰਧ ਦੇ ਖਿਲਾਫ ਸੰਘਰਸ਼ ਕਰਨਾ ਹੋਵੇਗਾ।

No comments:

Post a Comment