Monday 11 December 2017

ਜਨਤਕ ਲਾਮਬੰਦੀ (ਸੰਗਰਾਮੀ ਲਹਿਰ-ਦਸੰਬਰ 2017)

ਅਕਤੂਬਰ ਇਨਕਲਾਬ ਦੀ ਸ਼ਤਾਬਦੀ ਮੌਕੇ ਥਾਂ-ਥਾਂ ਲਲਕਾਰ ਮਾਰਚ 
ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਦੀ ਪੰਜਾਬ ਰਾਜ ਕਮੇਟੀ ਦੇ ਸੱਦੇ 'ਤੇ, ਯੁਗਪਲਟਾਊ ਅਕਤੂਬਰ ਇਨਕਲਾਬ (1917 ਦੀ ਰੂਸ ਦੀ ਸਮਾਜਵਾਦੀ ਕ੍ਰਾਂਤੀ) ਦੀ ਸ਼ਤਾਬਦੀ ਮੌਕੇ 7 ਨਵੰਬਰ, 2017 ਨੂੰ ਸਾਰੇ ਜ਼ਿਲ੍ਹਾ ਕੇਂਦਰਾਂ 'ਤੇ ਪ੍ਰਭਾਵਸ਼ਾਲੀ ਲੋਕ ਮਾਰਚ ਜੱਥੇਬੰਦ ਕੀਤੇ ਗਏ ਅਤੇ ਇਸ ਇਤਿਹਾਸਕ ਦਿਹਾੜੇ ਨੂੰ ''ਲਲਕਾਰ ਦਿਵਸ'' ਵਜੋਂ ਮਨਾਇਆ ਗਿਆ। ਉਕਤ ਮੰਤਵ  ਦਾ ਸੱਦਾ ਪਾਰਟੀ ਦੀ ਮੁੰਬਈ ਵਿਖੇ ਸੰਪੰਨ ਹੋਈ ਕੇਂਦਰੀ ਕਮੇਟੀ ਦੀ ਮੀਟਿੰਗ ਵੱਲੋਂ ਦਿੱਤਾ ਗਿਆ ਸੀ।
ਲੋਕ ਮਾਰਚਾਂ ਸਮੇਂ, ਪਾਰਟੀ ਵਲੋਂ ਥਾਂ ਪੁਰ ਥਾਂ ਕੀਤੀਆਂ ਗਈਆਂ ਵਿਸ਼ਾਲ ਜਨਸਭਾਵਾਂ ਵਿੱਚ, ਲੋਕਾਂ ਨੂੰ ਸੱਦਾ ਦਿੱਤਾ ਗਿਆ ਕਿ ਦੁਨੀਆ ਭਰ ਦੇ ਕਿਰਤੀਆਂ ਦੇ ਆਗੂ ਲੈਨਿਨ ਦੀ ਅਗਵਾਈ ਵਾਲੀ ਬੋਲਸ਼ਵਿਕ ਪਾਰਟੀ ਦੀ ਰਹਿਨੁੰਮਾਈ ਵਿੱਚ, ਰੂਸੀ ਮਿਹਨਤਕਸ਼ ਆਵਾਮ ਵਲੋਂ, ਸੰਸਾਰ 'ਚ ਪਹਿਲੀ ਵਾਰ ਸਥਾਪਤ ਕੀਤੇ ਗਏ, ਸਮਾਜਵਾਜੀ ਪ੍ਰਬੰਧ ਦੀਆਂ ਸ਼ਾਨਾਮਤੀਆਂ ਪ੍ਰਾਪਤੀਆਂ ਦੀ ਮਸ਼ਾਲ ਸੰਸਾਰ ਭਰ 'ਚ ਪ੍ਰਜਵਲਿਤ ਕੀਤੇ ਜਾਣ ਦੇ ਯਤਨ ਕੀਤੇ ਜਾਣ। ਜਨਸਭਾਵਾਂ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਜਨਰਲ ਸਕੱਤਰ ਸਾਥੀ ਮੰਗਤ ਰਾਮ ਪਾਸਲਾ, ਪਾਰਟੀ ਦੀ ਪੰਜਾਬ ਇਕਾਈ ਦੇ ਸਕੱਤਰ ਸਾਥੀ ਹਰਕੰਵਲ ਸਿੰਘ ਅਤੇ ਹੋਰਨਾਂ ਆਗੂਆਂ ਕਿਹਾ ਕਿ ਬੇਸ਼ਕ ਦੁਨੀਆ ਭਰ ਦੇ ਪੂੰਜੀਪਤੀ, ਕਿਰਤੀਆਂ ਦੇ ਇਸ ਪਹਿਲੇ ਰਾਜ ਨੂੰ ਉੱਥੋਂ ਦੇ ਆਗੂਆਂ ਦੀਆਂ ਗਲਤੀਆਂ ਕਾਰਨ ਲੱਗੀਆਂ ਪਛਾੜਾਂ ਕਰਕੇ ਖੁਸ਼ੀਆਂ ਮਨਾਉਣ ਪਰ ਲੁੱਟੀ-ਪੁੱਟੀ ਜਾ ਰਹੀ ਸੰਸਾਰ ਦੇ ਸਾਰੇ ਦੇਸ਼ਾਂ ਦੀ ਲੋਕਾਈ ਨੂੰ ਅਕਤੂਬਰ ਇਨਕਲਾਬ ਵਰਗੀਆਂ ਕਰਾਂਤੀਆਂ ਦੀ ਲੋੜ ਹੈ।
ਆਗੂਆਂ ਨੇ ਜ਼ੋਰ ਦੇਕੇ ਕਿਹਾ ਕਿ ਸਾਮਰਾਜੀ ਬਘਿਆੜਾਂ, ਬਹੁਕੌਮੀ ਕਾਰਪੋਰੇਸ਼ਨਾਂ, ਪੰਜੀਪਤੀਆਂ ਅਤੇ ਹੋਰ ਲੁਟੇਰੇ ਵਰਗਾਂ ਦੀ ਸੰਸਾਰ ਭਰ ਦੇ ਕੁਦਰਤੀ ਖਜਾਣਿਆਂ 'ਤੇ ਲੇਕਾਂ ਦੀ ਲੁੱਟ ਦੇ ਖਾਤਮੇ ਲਈ, ਸੰਸਾਰ ਨੂੰ ਵਿਨਾਸ਼ਕਾਰੀ ਜੰਗਾਂ ਤੋਂ ਬਚਾਉਣ ਲਈ, ਲੋਟੂਆਂ ਵਲੋਂ ਤਿੱਖੇ ਕੀਤੇ ਜਾ ਰਹੇ ਨਸਲੀ, ਫਿਰਕੂ, ਇਲਾਕਾਈ, ਭਾਸ਼ਾਈ, ਲਿੰਗਕ, ਜਾਤ-ਪਾਤੀ ਵਰਤਾਰਿਆਂ ਦੇ ਖਾਤਮੇ ਅਤੇ ਸਭਨਾਂ ਦੇ ਬਰਾਬਰ ਬਹੁਪੱਖੀ ਵਿਕਾਸ ਲਈ, ਮਾਰਕਸਵਾਦ-ਲੈਨਿਨਵਾਦ ਦੀਆਂ ਵਿਗਿਆਨਕ ਸਿੱਖਿਆਵਾਂ 'ਤੇ ਚਲਦਿਆਂ, ਅਕਤੂਬਰ ਇਨਕਲਾਬ ਵਰਗੀਆਂ ਤਬਦੀਲੀਆਂ ਦਾ ਸੰਗਰਾਮ ਹੀ ਇੱਕੋ-ਇੱਕ ਗਰੰਟੀ ਹੋ ਸਕਦਾ ਹੈ। ਪਾਰਟੀ ਆਗੂਆਂ ਵਲੋਂ ਐਲਾਨ ਕੀਤਾ ਗਿਆ ਕਿ ਅਕਤੂਬਰ ਇਨਕਲਾਬ ਦਾ ਲੋਕ ਹਿਤੂ ਸਨੇਹਾ ਘਰ-ਘਰ ਪੁਚਾਉਣ ਲਈ ਜਾਨਹੂਲਵੇਂ ਯਤਨ ਜਾਰੀ ਰੱਖੇ ਜਾਣਗੇ।
 
ਜ਼ਿਲ੍ਹੇ ਵਾਰ ਰੀਪੋਰਟਾਂ ਹੇਠ ਲਿਖੇ ਅਨੁਸਾਰ ਹਨ :
ਜਲੰਧਰ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐੱਮ ਪੀ ਆਈ) ਦੀ ਕੇਂਦਰੀ ਕਮੇਟੀ ਦੇ ਸੱਦੇ 'ਤੇ ਇਥੇ 'ਲਾਲਕਾਰ ਮਾਰਚ' ਅਯੋਜਿਤ ਕੀਤਾ ਗਿਆ। 1917 ਦੇ ਮਹਾਨ 'ਅਕਤੂਬਰ ਇਨਕਲਾਬ' ਦੀਆਂ ਮਾਣਮੱਤੀਆਂ ਪ੍ਰਾਪਤੀਆਂ ਦੀ 100ਵੇਂ ਵਰ੍ਹੇਗੰਢ ਮੌਕੇ ਅਯੋਜਿਤ ਕੀਤੇ ਮਾਰਚ ਤੋਂ ਪਹਿਲਾਂ ਇਥੋਂ ਦੇ ਦੇਸ਼ ਭਗਤ ਯਾਦਗਰ ਹਾਲ 'ਚ ਇੱਕ ਇਕੱਠ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਕੌਮੀ ਜਨਰਲ ਸਕੱਤਰ ਕਾਮਰੇਡ ਮੰਗਤ ਰਾਮ ਪਾਸਲਾ ਨੇ ਕਿਹਾ ਕਿ ਸੋਵੀਅਤ ਸੰਘ 'ਚ ਮਹਾਨ ਲੈਨਿਨ ਦੀ ਅਗਵਾਈ ਹੇਠ ਆਏ ਇਨਕਲਾਬ ਨੇ ਮਨੁੱਖਤਾ ਦੀ ਭਲਾਈ ਦੀਆਂ ਨਵੀਆਂ ਉਦਾਹਰਣਾਂ ਨੂੰ ਜਨਮ ਦਿੱਤਾ, ਜਿਸ 'ਚ ਮੁਨਾਫੇ ਦੀ ਥਾਂ ਮਨੁੱਖਤਾ ਨੂੰ ਇੱਕ ਸੰਕਲਪ ਵਜੋਂ ਦੇਖਿਆ ਗਿਆ। ਉਨ੍ਹਾਂ ਕਿਹਾ ਕਿ ਇਸ ਪ੍ਰਬੰਧ ਦੌਰਾਨ ਸਿਰਫ ਬੇਰੁਜ਼ਗਾਰੀ ਦਾ ਹੀ ਖਾਤਮਾ ਨਹੀਂ ਹੋਇਆ, ਸਗੋਂ ਸਿਹਤ, ਸਾਇੰਸ, ਖ਼ੇਡਾਂ ਸਮੇਤ ਹਰ ਖ਼ੇਤਰ 'ਚ ਵੱਡੀਆਂ ਮੱਲਾਂ ਮਾਰੀਆਂ ਗਈਆਂ ਸਨ। ਇਸ ਇਕੱਠ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਸੂਬਾ ਸਕੱਤਰੇਤ ਮੈਂਬਰ ਕਾਮਰੇਡ ਕੁਲਵੰਤ ਸਿੰਘ ਸੰਧੂ ਨੇ ਕਿਹਾ ਕਿ ਅਜੋਕੇ ਦੌਰ 'ਚ ਪੂੰਜੀਵਾਦੀ ਲੁੱਟ-ਖਸੁੱਟ ਦੇ ਨਾਲ-ਨਾਲ ਸਰਕਾਰੀ ਲੁੱਟ ਵੀ ਵੱਧਦੀ ਜਾ ਰਹੀ ਹੈ। ਲੋਕਾਂ ਦੀਆਂ ਜੇਬਾਂ 'ਚੋਂ ਪੈਸੇ ਕਢਵਾਉਣ ਲਈ ਜੀ ਐੱਸ ਟੀ ਵਰਗੇ ਕਾਨੂੰਨ ਲਿਆ ਕੇ ਇਥੋਂ ਦੇ ਕੰਮਕਾਰ ਨੂੰ ਚੌਪਟ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਦੇਸ਼ ਦੇ ਹਾਕਮ ਜਲ ਜੰਗਲ ਅਤੇ ਜ਼ਮੀਨ ਨੂੰ ਗਹਿਣੇ ਕਰਕੇ ਦੇਸ਼ ਨੂੰ ਵੇਚਣ ਤੁਰੇ ਹੋਏ ਹਨ।
ਸੰਧੂ ਨੇ ਅੱਗੇ ਕਿਹਾ ਕਿ ਚੋਣਾਂ ਦੌਰਾਨ ਮੋਦੀ ਅਤੇ ਅਮਰਿੰਦਰ ਵੱਲੋਂ ਕੀਤੇ ਗਏ ਚੋਣ ਵਾਅਦੇ ਪੂਰੇ ਨਹੀਂ ਕੀਤੇ ਜਾ ਰਹੇ, ਸਗੋਂ ਹਾਕਮਾਂ ਨੇ ਝੂਠ ਬੋਲ ਕੇ, ਚੋਣਾਂ 'ਚ ਜਿੱਤ ਪ੍ਰਾਪਤ ਕਰਨ ਦੇ ਮਨਸੂਬੇ ਬਣਾ ਲਏ ਹਨ। ਇਸ ਇਕੱਠ ਨੂੰ ਪਾਰਟੀ ਦੇ ਜ਼ਿਲ੍ਹਾ ਸਕੱਤਰ ਜਸਵਿੰਦਰ ਸਿੰਘ ਢੇਸੀ, ਸੂਬਾਈ ਆਗੂ ਦਰਸ਼ਨ ਨਾਹਰ, ਮਨੋਹਰ ਗਿੱਲ, ਪਰਮਜੀਤ ਰੰਧਾਵਾ, ਸੰਤੋਖ ਸਿੰਘ ਬਿਲਗਾ, ਸ਼ਿਵ ਕੁਮਾਰ ਤਿਵਾੜੀ, ਰਾਮ ਸਿੰਘ ਕੈਮਵਾਲਾ, ਅਜੈ ਫਿਲੌਰ, ਨਿਰਮਲ ਆਧੀ, ਨਿਰਮਲ ਮਲਸੀਆਂ, ਰਾਮ ਕਿਸ਼ਨ ਅਤੇ ਹਰੀਮੁਨੀ ਸਿੰਘ ਨੇ ਵੀ ਸੰਬੋਧਨ ਕੀਤਾ। ਇਸ ਮਗਰੋਂ ਸ਼ਹਿਰ 'ਚ ਜੋਸ਼ ਭਰੇ ਨਾਅਰਿਆਂ ਨਾਲ 'ਲਲਕਾਰ ਮਾਰਚ' ਕੀਤਾ ਗਿਆ।
 
ਮਾਨਸਾ : ਅੱਜ ਇੱਥੇ ਭਾਰਤੀ ਕ੍ਰਾਂਤੀਕਾਰੀ ਮਾਰਕਸਵਾਦੀ ਪਾਰਟੀ ਦੀ ਤਹਿਸੀਲ ਕਮੇਟੀ ਵਲੋਂ ਮਹਾਨ ਅਕਤੂਬਰ ਇਨਕਲਾਬ ਦੀ 100ਵੀਂ ਵਰ੍ਹੇ ਗੰਢ ਮਨਾਈ ਗਈ। ਸਰਗਰਮ ਵਰਕਰਾਂ ਨੇ ਰੇਲਵੇ ਪਲੇਟਫਾਰਮ ਉੱਪਰ ਸਾਥੀ ਸੁਖਦੇਵ ਸਿੰਘ ਅਤਲਾ ਕਲਾਂ ਅਤੇ ਸਾਥੀ ਧੰਨਾ ਸਿੰਘ ਟਾਹਲੀਆਂ ਦੀ ਪ੍ਰਧਾਨਗੀ ਹੇਠ ਰੈਲੀ ਕੀਤੀ। ਰੈਲੀ ਨੂੰ ਸੰਬੋਧਨ ਕਰਦਿਆਂ ਜ਼ਿਲ੍ਹਾ ਸਕੱਤਰ ਸਾਥੀ ਲਾਲ ਚੰਦ ਸਰਦੂਲਗੜ੍ਹ ਨੇ ਇਨਕਲਾਬ ਦੀ ਮਹਾਨਤਾ ਅਤੇ ਪ੍ਰਾਪਤੀਆਂ ਬਾਰੇ ਵਿਸਥਾਰ ਨਾਲ ਚਾਨਣਾ ਪਾਇਆ। ਸੂਬਾ ਕਮੇਟੀ ਮੈੈਂਬਰ ਛੱਜੂ ਰਾਮ ਰਿਸ਼ੀ ਨੇ ਸਮੂਹ ਸਾਥੀਆਂ ਨੂੰ ਸੱਦਾ ਦਿੱਤਾ ਕਿ ਵੱਖ-ਵੱਖ ਮਿਹਨਤਕਸ਼ ਤਬਕਿਆਂ ਭਾਵ ਛੋਟੇ ਕਾਰੋਬਾਰੀ, ਦੁਕਾਨਦਾਰ, ਮਜ਼ਦੂਰ, ਕਿਸਾਨਾਂ ਨੂੰ ਸਮਾਜਕ ਸਮੱਸਿਆਵਾਂ ਬਾਰੇ ਸੁਚੇਤ ਅਤੇ ਜਥੇਬੰਦ ਕਰਨ ਲਈ ਪੂਰਾ ਤਾਣ ਲਾਇਆ ਜਾਵੇ ਤਾਂ ਜੋ ਦੇਸ਼ ਵਿੱਚ ਸਰਮਾਏਦਾਰਾਂ-ਜਗੀਰਦਾਰਾਂ ਦੀ ਰਾਜਸੱਤਾ ਨੂੰ ਖਤਮ ਕਰਕੇ ਮਜ਼ਦੂਰਾਂ-ਕਿਸਾਨਾਂ ਦਾ ਰਾਜ ਸਥਾਪਤ ਕੀਤਾ ਜਾ ਸਕੇ। ਇਸ ਤੋਂ ਬਾਅਦ ਬਾਜ਼ਾਰ ਵਿਚੋਂ ਦੀ ਮਾਰਚ ਕੀਤਾ ਗਿਆ। ਮਾਰਚ ਦੀ ਸਮਾਪਤੀ ਸ਼ਹੀਦ ਸੇਵਾ ਸਿੰਘ ਠੀਕਰੀਵਾਲਾ ਦੇ ਬੁੱਤ ਨੂੰ ਸਿਜਦਾ ਕਰਕੇ ਕੀਤੀ ਗਈ।
ਇਸ ਸਮੇਂ ਸਾਥੀ ਗੁਰਤੇਜ ਸਿੰਘ ਖੀਵਾ ਕਲਾਂ, ਮੇਜਰ ਸਿੰਘ ਦੂਲੋਵਾਲ, ਗੁਰਦੇਵ ਸਿੰਘ ਲੋਹਗੜ੍ਹ, ਰਾਜਿੰਦਰ ਕੁਲੈਹਰੀ, ਇੰਦਰਜੀਤ ਅੱਕਾਂਵਾਲੀ, ਪ੍ਰਿੰਸੀਪਲ ਹਰਚਰਨ ਸਿੰਘ ਮੌੜ ਆਦਿ ਨੇ ਵੀ ਸੰਬੋਧਨ ਕੀਤਾ। ਸਟੇਜ ਸਕੱਤਰ ਦੇ ਫਰਜ਼ ਤਹਿਸੀਲ ਸਕੱਤਰ ਅਮਰੀਕ ਸਿੰਘ ਫਫੜੇ ਨੇ ਨਿਭਾਏ।
 
ਹੁਸ਼ਿਆਰਪੁਰ :  ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰਐੱਮਪੀਆਈ) ਦੀ ਜ਼ਿਲ੍ਹਾ ਹੁਸ਼ਿਆਰਪੁਰ ਵੱਲੋਂ 7 ਨਵੰਬਰ ਨੂੰ ਅਕਤੂਬਰ ਇਨਕਲਾਬ ਦਾ ਸ਼ਤਾਬਦੀ ਦਿਹਾੜਾ ਕਾਮਰੇਡ ਅਮਰੀਕ  ਸਿੰਘ, ਬਿਆਸ ਦੇਵ ਦੀ ਪ੍ਰਧਾਨਗੀ ਹੇਠ ਸ਼ਹੀਦ ਉਧਮ ਸਿੰਘ ਪਾਰਕ ਵਿਖੇ ਰੋਹ ਭਰਪੂਰ ਰੈਲੀ ਕਰਨ ਉਪਰੰਤ ਸ਼ਹਿਰ ਵਿੱਚ ਮਾਰਚ ਕਰਕੇ ਮਨਾਇਆ ਗਿਆ। ਇਸ ਸਮਾਗਮ ਵਿੱਚ ਪਾਰਟੀ ਦੇ ਸੂਬਾ ਸਕੱਤਰ ਹਰਕੰਵਲ ਸਿੰੰਘ ਵਿਸ਼ੇਸ਼ ਤੌਰ 'ਤੇ ਸ਼ਾਮੂਲ ਹੋਏ। ਰੈਲੀ ਨੂੰ ਸੰਬੋਧਨ ਕਰਦਿਆਂ ਹਰਕੰਵਲ ਸਿੰੰਘ ਅਤੇ ਸੂਬਾ ਕਮੇਟੀ ਮੈਂਬਰ ਡਾ: ਕਰਮਜੀਤ ਸਿੰਘ ਨੇ ਅਕਤੂਬਰ ਇਨਕਲਾਬ ਦੀ ਮਹਾਨਤਾ ਬਾਰੇ ਵਿਸਥਾਰ ਸਹਿਤ ਚਾਨਣਾ ਪਾੳਂੁਦਿਆਂ ਦੱਸਿਆ ਕਿ 7 ਨਵੰਬਰ 1917 ਨੂੰ ਸੰਸਾਰ ਵਿੱਚ ਇੱਕ ਐਸੀ ਇਨਕਲਾਬੀ ਤਬਦੀਲੀ ਆਈ, ਜਿਸ ਨੇ ਸਾਧਨਹੀਣ, ਬੇਵੱਸ, ਲਾਚਾਰ, ਨਰਕ ਵਰਗੀ ਜ਼ਿੰਦਗੀ ਭੋਗ ਰਹੇ, ਨਿਮਾਣੇ, ਨਿਤਾਣੇ ਤੇ ਹਰ ਪੱਖੋਂ ਲਿਤਾੜੇ ਹੋਏ ਗਰੀਬ ਲੋਕ ਰਾਜਭਾਗ ਦੇ ਮਾਲਕ ਬਣ ਬੈਠੇ। ਉਨ੍ਹਾਂ ਸਰਮਾਏਦਾਰੀ ਵਿਵਸਥਾ ਵਿੱਚ ਲਗਾਤਾਰ ਵੱਧ ਰਹੇ ਆਰਥਿਕ ਸੰਕਟ ਨੂੰ ਟਾਲਣ ਲਈ ਵਿਕਾਸਸ਼ੀਲ ਦੇਸ਼ਾਂ ਤੇ ਆਰਥਿਕ ਬੋਝ ਲੱਦਣ ਬਾਰੇ, ਮੋਦੀ ਸਰਕਾਰ ਦੀ ਸਰਮਾਏਦਾਰ ਪੱਖੀ ਤੇ ਲੋਕ-ਵਿਰੋਧੀ ਪਹੁੰਚ, ਆਰ.ਐੱਸ.ਐੱਸ. ਤੋਂ ਅਗਵਾਈ ਲੈ ਕੇ ਹਿੰਦੂ ਰਾਸ਼ਟਰਵਾਦ ਦੇ ਭੜਕਾਊ ਮਨਸ਼ੇ, ਜਾਤੀਵਾਦ ਅਤੇ ਧਰਮਾਂ ਦੇ ਨਾਂਅ 'ਤੇ ਲੋਕਾਂ ਨੂੰ ਗੁੰਮਰਾਹ ਕਰਕੇ ਉਨ੍ਹਾਂ ਦੇ ਅਸਲ ਮੁੱਦਿਆਂ ਤੋਂ ਭਟਕਾਉਣ ਦੀਆਂ ਚਾਲਾਂ, ਪੰਜਾਬ ਦੀ ਕਾਂਗਰਸ ਸਰਕਾਰ ਵੱਲੋਂ ਚੋਣਾਂ ਵਿੱਚ ਕੀਤੇ ਵਾਧੇ ਪੂਰੇ ਨਾ ਕਰਨਾ ਅਦਿ ਬਾਰੇ ਅਤੇ ਹੋਰ ਲੋਕਾਂ ਦੀਆਂ ਸਮੱਸਿਆਵਾਂ ਤੇ ਵਿਸਥਾਰ ਸਹਿਤ ਚਾਨਣਾ ਪਾਇਆ।
ਇਸ ਮੌਕੇ ਕਾ. ਗਿਆਨ ਸਿੰਘ ਗੁਪਤਾ, ਕਾ: ਜੋਧ ਸਿੰਘ, ਕਾ: ਗੰਗਾ ਪ੍ਰਸਾਦਿ, ਕਾ:ਸੱਤਪਾਲ ਲੱਠ, ਕਾ: ਪਿਆਰਾ ਸਿੰਘ ਪਰਖ, ਕਾ:ਸਵਰਨ ਸਿੰਘ, ਕਾ: ਅਮਰਜੀਤ ਸਿੰਘ ਕਾਨੂੰਗੋ, ਕਾ: ਸ਼ਿਵ ਕੁਮਾਰ, ਡਾ: ਤਰਲੋਚਨ ਸਿੰਘ, ਕਾ: ਕੁਲਤਾਰ ਸਿੰਘ, ਕਾ: ਦਵਿੰਦਰ ਸਿੰਘ ਕੱਕੋਂ, ਕਾ: ਮਲਕੀਤ ਸਿੰਘ, ਕਾ: ਬਲਵੀਰ ਸਿੰਘ ਸੈਣੀ, ਕਾ: ਤਰਸੇਮ ਲਾਲ, ਕਾ:ਸਰਵਨ ਸਿੰਘ, ਕਾ: ਸ਼ਾਦੀ ਲਾਲ ਕਪੂਰ, ਕਾ: ਦੀਪਕ ਠਾਕਰ, ਕਾ: ਧਰਮਿੰਦਰ ਸਿੰਘ, ਕਾ: ਗੁਰਦੇਵ ਦੱਤ, ਕਾ: ਹਰਜਾਪ ਸਿੰਘ, ਕਾ: ਬਲਵੰਤ ਰਾਮ ਆਦਿ ਤੋਂ ਇਲਾਵਾ ਸੈਕੜੇ ਕਿਰਤੀ ਲੋਕ ਸ਼ਾਮਲ ਸਨ। ਇਸ ਉਪਰੰਤ ਸ਼ਹਿਰ ਵਿੱਚ ਮਾਰਚ ਕੀਤਾ ਗਿਆ।
 
ਗੁਰਦਾਸਪੁਰ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ ਜ਼ਿਲ੍ਹਾ ਗੁਰਦਾਸਪੁਰ ਵੱਲੋਂ ਨਹਿਰੂ ਪਾਰਕ ਸੁੱਕਾ ਤਲਾਬ ਵਿੱਚ ਰੂਸੀ ਅਕਤੂਬਰ ਇਨਕਲਾਬ ਦੀ ਸੌਵੀਂ ਵਰ੍ਹੇਗੰਢ ਮੌਕੇ ਰੈਲੀ ਅਤੇ ਸ਼ਹਿਰ ਵਿੱਚ ਵਿਸ਼ਾਲ ਮਾਰਚ ਕੀਤਾ ਗਿਆ। ਇਸ ਦੀ ਅਗਵਾਈ ਸਰਵਸਾਥੀ ਅਵਤਾਰ ਸਿੰਘ ਗੁਰਦਾਸਪੁਰ, ਨਿਰਮਲ ਸਿੰਘ ਬੋਪਾਰਾਏ, ਮਨਜੀਤ ਸਿੰਘ ਕਾਦੀਆਂ, ਮਨਦੀਪ ਕੌਰ ਅਤੇ ਗੁਰਜੀਤ ਸਿੰਘ ਕਲਾਨੌਰ ਨੇ ਕੀਤੀ।
ਰੈਲੀ ਨੂੰ ਸੰਬੋਧਨ ਕਰਦਿਆਂ ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਰਘਬੀਰ ਸਿੰਘ ਪਕੀਵਾਂ, ਜ਼ਿਲ੍ਹਾ ਆਗੂ ਮੱਖਣ ਸਿੰਘ ਕੋਹਾੜ, ਕਾਮਰੇਡ ਸ਼ਮਸ਼ੇਰ ਸਿੰਘ ਨਵਾਂ ਪਿੰਡ ਸੂਬਾ ਕਮੇਟੀ ਮੈਂਬਰ ਅਤੇ ਜਸਵੰਤ ਸਿੰਘ ਬੁੱਟਰ ਨੇ ਕਿਹਾ ਕਿ ਅਕਤੂਬਰ ਇਨਕਲਾਬ ਨੇ ਜ਼ਾਰਸ਼ਾਹੀ ਵਿਰੁੱਧ ਸੰਘਰਸ਼ ਲੜ ਕੇ ਰੂਸ ਵਿੱਚ ਅਜਿਹਾ ਕਿਰਤੀ ਵਰਗ ਦਾ ਰਾਜ ਸਥਾਪਤ ਕੀਤਾ, ਇਸ ਨਾਲ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਪੂਰੀ ਤਰ੍ਹਾਂ ਖਤਮ ਕਰ ਦਿੱਤੀ। ਅਜੋਕੇ ਦੌਰ ਵਿੱਚ ਸਾਮਰਾਜੀ ਸ਼ਕਤੀਆਂ ਵੱਲੋਂ ਸਥਾਪਤ ਪੂੰਜੀਵਾਦੀ ਵਿਵਸਥਾ ਦੇ ਨਿਕਲ ਰਹੇ ਲੋਕ ਵਿਰੋਧੀ ਸਿੱਟਿਆਂ 'ਨੇ ਸਾਬਤ ਕਰ ਦਿੱਤਾ ਹੈ ਕਿ ਕਿਰਤੀ ਲੋਕਾਂ ਦੀ ਮੁਕਤੀ ਦਾ ਸਮਾਜਵਾਦ ਹੀ ਇੱਕੋ-ਇੱਕ ਰਾਹ ਹੈ। ਉਨ੍ਹਾ ਰੈਲੀ ਵਿੱਚ ਸ਼ਾਮਲ ਲੋਕਾਂ ਨੂੰ ਦੇਸ਼ ਵਿੱਚ ਸਮਾਜਵਾਦੀ ਵਿਵਸਥਾ ਸਥਾਪਤ ਕਰਨ ਲਈ ਜ਼ੋਰਦਾਰ ਅਪੀਲ ਕੀਤੀ।
ਇਸ ਰੈਲੀ ਨੂੰ ਉਪਰੋਕਤ ਆਗੂਆਂ ਤੋਂ ਇਲਾਵਾ ਸਰਵਸਾਥੀ ਦਰਸ਼ਨ ਸਿੰਘ ਡੇਹਰੀਵਾਲ, ਜੋਗਿੰਦਰਪਾਲ ਸੈਣੀ ਦੀਨਾਨਗਰ, ਬੀ ਕੇ ਪੁਰੀ ਧਾਰੀਵਾਲ, ਬਲਰਾਜ ਸਿੰਘ ਬਿਸ਼ਨ ਕੋਟ, ਮਹੰਤ ਚੰਚਲ ਸਿੰਘ ਤੇ ਰਮੇਸ਼ ਚੰਦ ਨੇ ਵੀ ਸੰਬੋਧਨ ਕੀਤਾ। ਅਤੇ ਅਕਤੂਬਰ ਇਨਕਲਾਬ ਦੀ ਵਿਰਾਸਤ ਨੂੰ ਬੁਲੰਦ ਕਰਨ ਦਾ ਸੱਦਾ
 
ਰੂਪਨਗਰ : ਆਰ ਐੱਮ ਪੀ ਆਈ ਜ਼ਿਲ੍ਹਾ ਰੂਪਨਗਰ ਵੱਲੋਂ ਰੂਸ ਇਨਕਲਾਬ ਦੀ 100ਵੀਂ ਵਰ੍ਹੇਗੰਢ 'ਤੇ ਸੈਂਕੜੇ ਕਾਰਕੁਨਾਂ ਨੇ ਇੱਥੇ ਮਾਧੋ ਸਿੰਘ ਦੀ ਸਰਾਂ ਵਿਖੇ ਰੈਲੀ ਕਰਨ ਉਪਰੰਤ ਜ਼ਿਲ੍ਹਾ ਸਕੱਤਰ ਮੋਹਣ ਸਿੰਘ ਧਮਾਣਾ, ਹਿੰਮਤ ਸਿੰਘ ਨੰਗਲ ਅਤੇ ਜਰਨੈਲ ਸਿੰਘ ਘਨੌਲੀ ਦੀ ਅਗਵਾਈ ਵਿੱਚ ਲਲਕਾਰ ਮਾਰਚ ਕੀਤਾ। ਇਸ ਰੈਲੀ ਨੂੰ ਮਲਕੀਅਤ ਸਿੰਘ ਪਲਾਸੀ, ਜੁਗਿੰਦਰ ਸਿੰਘ ਪੰਨੂ, ਅਵਤਾਰ ਸਿੰਘ ਮੂਸਾਪੁਰ, ਬਲਵਿੰਦਰ ਸਿੰਘ ਅਸਮਾਨਪੁਰ ਅਤੇ ਸ਼ਮਸ਼ੇਰ ਸਿੰਘ ਹਵੇਲੀ ਨੇ ਵੀ ਸੰਬੋਧਨ ਕੀਤਾ।
 
ਤਰਨ ਤਾਰਨ : ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ ਐੱਮ ਪੀ ਆਈ) ਦੇ ਝੰਡੇ ਹੇਠ ਰੂਸੀ ਇਨਕਲਾਬ ਦੀ 100ਵੀਂ ਵਰ੍ਹੇਗੰਢ 'ਤੇ ਲਾਲ ਝੰਡਿਆਂ ਨਾਲ ਤਰਨ ਤਾਰਨ ਦੇ ਬਜ਼ਾਰਾਂ ਵਿੱਚ ਮੁਜ਼ਾਹਰਾ ਕੀਤਾ ਗਿਆ, ਜਿਸ ਦੀ ਅਗਵਾਈ ਪਾਰਟੀ ਦੇ ਪ੍ਰਮੁੱਖ ਆਗੂ ਅਰਸਾਲ ਸਿੰਘ ਸੰਧੂ, ਮੁਖਤਾਰ ਸਿੰਘ ਮੱਲ੍ਹਾ, ਜਸਪਾਲ ਸਿੰਘ ਝਬਾਲ ਆਦਿ ਆਗੂਆ ਨੇ ਕੀਤੀ। ਮੁਜ਼ਾਹਰਾ ਕਰਨ ਤੋਂ ਪਹਿਲਾਂ ਗਾਂਧੀ ਪਾਰਕ ਵਿੱਚ ਇਕੱਠ ਕੀਤਾ ਗਿਆ।
ਇਸ ਮੌਕੇ ਇਕੱਠ ਨੂੰ ਸੰਬੋਧਨ ਕਰਦਿਆਂ ਆਰ ਐੱਮ ਪੀ ਆਈ ਦੇ ਜ਼ਿਲ੍ਹਾ ਸਕੱਤਰ ਪ੍ਰਗਟ ਸਿੰਘ ਜਾਮਾਰਾਏ, ਜ਼ਿਲ੍ਹਾ ਸਕੱਤਰੇਤ ਮੈਂਬਰ ਦਲਜੀਤ ਸਿੰਘ ਦਿਆਲਪੁਰਾ, ਬਲਦੇਵ ਸਿੰਘ ਪੰਡੋਰੀ ਅਤੇ ਚਮਨ ਲਾਲ ਦਰਾਜਕੇ ਤੋਂ ਇਲਾਵਾ ਹਰਦੀਪ ਸਿੰਘ ਰਸੂਲਪੁਰ, ਚਰਨਜੀਤ ਸਿੰਘ ਬਾਠ, ਦਾਰਾ ਸਿੰਘ ਮੁੰਡਾਪਿੰਡ, ਮਨਜੀਤ ਸਿੰਘ ਬੱਗੂ, ਬਲਦੇਵ ਸਿੰਘ ਭੈਲ, ਕਰਮ ਸਿੰਘ ਫਤਿਆਬਾਦ, ਡਾ. ਅਜੈਬ ਸਿੰਘ ਜਹਾਂਗੀਰ, ਜਸਬੀਰ ਸਿੰਘ ਵੈਰੋਵਾਲ, ਸੁਲੱਖਣ ਸਿੰਘ ਤੁੜ, ਹਰਭਜਨ ਸਿੰਘ ਪੱਟੀ, ਜਰਨੈਲ ਸਿੰਘ ਦਿਆਲਪੁਰਾ, ਨਰਿੰਦਰ ਕੌਰ ਪੱਟੀ, ਨਿਰਪਾਲ ਸਿੰਘ, ਬਲਵੰਤ ਸਿੰਘ ਅਤੇ ਧਰਮ ਸਿੰਘ ਪੱਟੀ ਆਦਿ ਆਗੂਆਂ ਨੇ ਵੀ ਸੰਬੋਧਨ ਕੀਤਾ।
 
ਅੰਮ੍ਰਿਤਸਰ : ਭਾਰਤੀ ਇੰਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਵਲੋਂ 'ਮਹਾਨ ਅਕਤੂਬਰ ਇਨਕਲਾਬ' ਦੀ  100ਵੀਂ ਵਰ੍ਹੇਂ ਗੰਢ ਜ਼੍ਹਿਲਾ ਪੱਧਰ 'ਤੇ ਅੰਮ੍ਰਿਤਸਰ ਵਿਖੇ ਇਨਕਲਾਬੀ ਭਾਵਨਾ ਹੇਠ, ''ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਤਮ'' ਕਰਨ ਦੇ ਸੰਕਲਪ ਵਜੋਂ ਬੜੇ ਜੋਸ਼ੋ-ਖਰੋਸ਼ ਨਾਲ ਮਨਾਈ ਗਈ ਕਾਮਰੇਡ ਲੈਨਿਨ ਦੀ ਅਗਵਾਈ ਹੇਠਲੀ ਰੂਸ ਦੀ ਕਮਿਉੂਨਿਸਟ ਪਾਰਟੀ (ਬਾਲਸ਼ਵਿਕ) ਤੇ ਮਹਾਨ ਅਕਤੂਬਰ ਇਨਕਲਾਬ ਲਈ ਜਾਨਾਂ ਵਾਰਨ ਵਾਲੇ ਸੁੂਰਮਿਆਂ ਨੂੰ ਯਾਦ ਕੀਤਾ ਗਿਆ। ਇਸ ਵਿਲੱਖਣ 'ਸਮਾਗਮ ਤੇ ਮਾਰਚ' 'ਚ ਜ਼ਿਲ੍ਹੇ ਭਰ ਦੇ ਪਾਰਟੀ ਕਾਰਕੁੰਨ, ਆਗੂ ਅਤੇ ਹਮਦਰਦ ਵੱਡੀ ਗਿਣਤੀ ਵਿਚ ਪਾਰਟੀ ਦੇ ਝੰਡੇ ਤੇ ਮਾਟੋ ਹੱਥਾਂ ਵਿਚ ਫੜ੍ਹਕੇ 'ਇਨਕਲਾਬ-ਜਿੰਦਾਬਾਦ', 'ਦੁਨੀਆਂ ਭਰ ਦੇ ਮਿਹਨਤਕਸ਼ੋ ਇਕ ਹੋ ਜਾਓ' ਤੇ 'ਸਾਮਰਾਜਵਾਦ-ਮੁਰਦਾਬਾਦ' ਦੇ ਨਾਅਰੇ ਮਾਰਦੇ ਹੋਏ ਵੱਡੀ ਗਿਣਤੀ' ਚ ਕਾਫਲਿਆਂ ਦੇ ਰੂਪ ਵਿਚ ਸ਼ਾਮਲ ਹੋਏ। ਇਸ ਇਨਕਲਾਬੀ ਮਾਰਚ' ਦੀ ਅਗਵਾਈ ਆਰ.ਐਮ.ਪੀ.ਈ. ਦੇ ਪ੍ਰਮੁੱਖ ਆਗੂਆਂ ਡਾ. ਗੁਰਮੇਜ ਸਿੰਘ ਤਿੰਮੋਵਾਲ, ਕਾਮਰੇਡ ਜਗਤਾਰ ਸਿੰਘ ਕਰਮਪੁਰਾ, ਬਾਬਾ ਅਰਜਨ ਸਿੰਘ ਹੁਸ਼ਿਆਰਨਗਰ ਤੇ ਸਾਥੀ ਸ਼ੀਤਲ ਸਿੰਘ ਤਲਵੰਡੀ ਨੇ ਕੀਤੀ।
ਮਾਰਚ ਤੋਂ ਪਹਿਲਾਂ ਹੋਏ ਨੂੰ ਸੰਬੋਧਨ ਕਰਦਿਆਂ ਭਾਰਤੀ ਇੰਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੇ ਕੇਂਦਰੀ ਕਮੇਟੀ ਮੈਂਬਰ ਕਾਮਰੇਡ ਗੁਰਨਾਮ ਸਿੰਘ ਦਾਊਦ ਤੇ ਜ਼੍ਹਿਲਾ ਸਕੱਤਰ ਸਾਥੀ ਰਤਨ ਸਿੰਘ ਰੰਧਾਵਾ ਨੇ ਦਸਿਆ ਕਿ ਅੱਜ ਤੱਕ ਦੇ ਮਨੁੱਖੀ ਇਤਹਾਸ ਵਿਚ 7 ਨਵੰਬਰ 1917 ਦਾ ਦਿਨ ਅ
ਅੰਤ ਮਹੱਤਵਪੂਰਨ ਦਿਵਸ 'ਮਹਾਨ ਅਕਤੂਬਰ ਇਨਕਲਾਬ' ਦੇ ਤੌਰ ਤੇ ਜਾਣਿਆ ਜਾਂਦਾ ਹੈ।
ਇਸ ਸਮਾਗਮ ਤੇ ਮਾਰਚ ਨੂੰ ਹੋਰਨਾਂ ਤੋਂ ਇਕਾਵਾ ਆਰ.ਐਮ.ਪੀ.ਆਈ. ਦੇ ਸੂਬਾ ਸਕੱਤਰੇਤ ਮੈਂਬਰ ਡਾ. ਸਤਨਾਮ ਸਿੰਘ ਅਜਨਾਲਾ, ਸੂਬਾ ਕਮੇਟੀ ਮੈਂਬਰ ਸਾਥੀ ਅਮਰੀਕ ਸਿੰਘ ਦਾਊਦ, ਗੁਰਨਾਮ ਸਿੰਘ ਉਮਰਪੂਰਾ, ਡਾ.ਬਲਵਿੰਦਰ ਸਿੰਘ ਛੇਹਰਟਾ ਤੇ ਮਾਸਟਰ ਹਰਭਜਨ ਸਿੰਘ ਟਰਪਈ ਨੇ ਸੰਬੋਧਨ ਕਰਦਿਆਂ ਕਿਹਾ ਕਿ ਇਸ ਮਹਾਨ ਇਨਕਲਾਬ ਦੀ ਬਦੋਲਤ ਲੋਕਾਂ 'ਚ ਕਾਇਮ ਹੋਏ ਸਮਾਜਵਾਦੀ ਪ੍ਰਬੰਧ ਪ੍ਰਤੀ ਵਿਸ਼ਵਾਸ ਕਾਰਨ ਪੂੰਜੀਵਾਦੀ ਦੇਸ਼ਾਂ ਦੇ ਹਾਕਮਾਂ ਨੂੰ ਵੀ ਕੁਝ ਆਰਥਿਕ ਰਿਆਇਤਾ ਲੋਕਾਂ ਨੂੰ ਦੇਣ ਲਈ ਮਜ਼ਬੂਰ ਹੋਣਾ ਪਿਆ।



ਪੀ.ਐਸ.ਐਫ. ਵਲੋਂ ਵਿਦਿਆਰਥੀ ਮੰਗਾਂ ਨੂੰ ਲੈ ਕੇ ਮੁਜ਼ਾਹਰਾ
 

ਪੰਜਾਬ ਸਟੂਡੈਂਟਸ ਫੈਡਰੇਸ਼ਨ(ਪੀ.ਐਸ.ਐਫ) ਵਲੋਂ ਦਲਿਤ ਵਿਦਿਆਰਥੀਆਂ ਦੀਆਂ ਭਖਦੀਆਂ ਮੰਗਾਂ ਨੂੰ ਲੈ ਕੇ ਦੇਸ਼ ਭਗਤ ਯਾਦਗਾਰ ਹਾਲ ਜਲੰਧਰ ਤੋ ਲੈ ਕੇ ਡੀ.ਸੀ. ਦਫ਼ਤਰ ਤੱਕ ਰੋਸ ਪ੍ਰਦਰਸ਼ਨ ਕੀਤਾ ਗਿਆ ਅਤੇ ਡੀ.ਸੀ. ਦੇ ਨਾਂ ਉਚ ਅਧਿਕਾਰੀਆ ਨੂੰ ਮੰਗ ਪੱਤਰ ਦਿੱਤਾ ਗਿਆ। ਇਸ ਮਾਰਚ ਦੀ ਅਗਵਾਈ ਰਵੀ ਕੁਮਾਰ, ਸੰਦੀਪ ਸਿੰਘ, ਮਨੀਸ਼ਾ ਰਾਣੀ ਨੇ ਕੀਤੀ।
ਇਸ ਮੌਕੇ ਵਿਦਿਆਰਥੀਆਂ ਨੂੰ ਸੰਬੋਧਨ ਕਰਦਿਆਂ ਸੂਬਾ ਮੀਤ ਪ੍ਰਧਾਨ ਮਨਜਿੰਦਰ ਢੇਸੀ ਨੇ ਕਿਹਾ ਕਿ ਦਲਿਤ ਵਿਦਿਆਰਥੀਆਂ ਦੀਆਂ ਸਾਰੀਆਂ ਫੀਸਾਂ ਪੋਸਟ ਮੈਟ੍ਰਿਕ ਸ਼ਕਾਲਰਸ਼ਿਪ ਅਧੀਨ ਮੁਆਫ ਹਨ ਅਤੇ ਹਾਈਕੋਰਟ ਦੀਆਂ ਹਦਾਇਤਾਂ ਦੇ ਅਨੁਸਾਰ ਜੇਕਰ ਕੋਈ ਕਾਲਜ਼ ਫੀਸਾਂ ਦਾ ਕਲੇਮ ਆਪਣੇ ਕਾਲਜ਼ ਅਕਾਉੁਂਟ 'ਚ ਕਰਦਾ ਹੈ ਤਾਂ ਉਹ ਕਾਲਜ ਕਿਸੇ ਵੀ ਵਿਦਿਆਰਥੀ ਕੋਲਂੋ ਫੀਸ ਨਹੀ ਵਸੂਲ ਕਰੇਗਾ ਪ੍ਰੰਤੂ ਪ੍ਰਾਈਵੇਟ ਕਾਲਜ਼ਾਂ, ਸੀ. ਟੀ. ਇੰਸਟੀਚਿਊਟ ਅਤੇ ਗੁਰੂ ਨਾਨਕ ਖਾਲਸਾ ਗਰਲਜ਼ ਕਾਲਜ਼ ਸੰਗ ਢੇਸੀਆਂ ਦੁਆਰਾ ਵਿਦਿਆਰਥੀਆਂ ਕੋਲੋਂ ਧੱਕੇ ਨਾਲ ਫੀਸ ਵਸੂਲ ਕੀਤੀ ਜਾ ਰਹੀ ਹੈ ਅਤੇ ਫੀਸਾਂ ਨਾ ਦੇਣ ਵਾਲੇ ਵਿਦਿਆਰਥੀਆਂ ਨੂੰ ਜਾਤੀ ਤੌਰ 'ਤੇ ਜਲੀਲ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਵਿਦਿਆਰਥੀਆਂ ਨੂੰ ਚੋਣਾਂ ਦੌਰਾਨ ਨਵੇਂ-ਨਵੇਂ ਲਾਰੇ ਲਾ ਕੇ ਸੱਤਾ 'ਚ ਆਈ ਕੈਪਟਨ ਸਰਕਾਰ ਵੀ ਦਲਿਤ ਵਿਦਿਆਰਥੀਆਂ ਦੀ  ਪ੍ਰਾਇਵੇਟ ਕਾਲਜ਼ਾਂ ਵਲੋਂ ਕੀਤੀ ਜਾਂਦੀ ਲੁੱਟ ਨੂੰ ਦੇਖ ਕੇ ਕੇਵਲ ਮੂਕ ਦਰਸ਼ਕ ਬਣ ਬੈਠੀ ਹੈ ਜਦਕਿ ਇਨ੍ਹਾਂ ਵਿਦਿਆਰਥੀਆਂ ਨੂੰ ਨਾ ਤਾ ਰੋਲ ਨੰਬਰ ਜਾਰੀ ਕੀਤੇ ਜਾ ਰਹੇ ਹਨ ਅਤੇ ਨਾ ਹੀ ਕਲਾਸਾਂ 'ਚ ਵੜਨ ਦਿੱਤਾ ਜਾ ਰਿਹਾ ਹੈ। ਜਿਹੜੇ ਵਿਦਿਆਰਥੀ ਫੀਸਾਂ ਨਾ ਦੇਣ ਦੀ ਗੱਲ ਕਰਦੇ ਹਨ ਉਨ੍ਹਾਂ ਨੂੰੰ ਨਾਂ ਕੱਟਣ ਅਤੇ ਹਾਜ਼ਰੀਆਂ ਘੱਟ ਕਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾਂਦੀਆ ਹਨ।
ਉਨ੍ਹਾਂ ਮੰਗ ਕੀਤੀ ਕਿ ਫਿਲੌਰ, ਗੁਰਾਇਆਂ ਵਿਖੇ ਸਰਕਾਰੀ ਬੱਸਾਂ ਦਾ ਰੁਕਣਾ ਯਕੀਨੀ ਬਣਾਇਆਂ ਜਾਵੇ ਅਤੇ ਬੱਸ ਪਾਸ ਹੋਲਡਰ ਵਿਦਿਆਰਥੀਆਂ ਨੂੰ ਲਿਜਾਣਾ ਯਕੀਨੀ ਬਣਾਇਆਂ ਜਾਵੇ। ਬੱਸਾਂ 'ਚ ਗੈਰ-ਕਾਨੂੰਨੀ ਢੰਗ ਨਾਲ ਚੱਲਦੇ ਲੱਚਰ ਤੇ ਗੰਦੇ ਗੀਤਾਂ ਉਪਰ ਪਾਬੰਦੀ ਲਗਾਈ ਜਾਵੇ। ਇਸ ਮੌਕੇ ਉਨ੍ਹਾਂ ਪ੍ਰਸ਼ਾਸ਼ਨ ਨੂੰ ਚੇਤਾਵਨੀ ਦਿੰਦੇ ਹੋਏ ਕਿਹਾ ਕਿ ਜੇਕਰ ਮਸਲੇ ਦਾ ਜਲਦ ਹੱਲ ਨਾ ਕੀਤਾ ਗਿਆ ਤਾਂ ਫੈਡਰੇਸ਼ਨ ਵਲੋਂ ਸੰਘਰਸ਼ ਨੂੰ ਹੋਰ ਤੇਜ਼ ਕੀਤਾ ਜਾਵੇਗਾ। ਇਸ ਮੌਕੇ ਹੋਰਨਾਂ ਤੋ ਇਲਾਵਾ ਪ੍ਰਭਾਤ ਕਵੀ, ਮਨਦੀਪ ਜਮਸ਼ੇਰ, ਮਨੀਸ਼ਾ, ਹਰਪ੍ਰੀਤ, ਰਾਧਿਕਾ ਅਤੇ ਵੱਖ-ਵੱਖ ਕਾਲਜ਼ਾਂ ਦੇ ਵਿਦਿਆਰਥੀ ਵੀ ਸ਼ਾਮਲ ਸਨ।

No comments:

Post a Comment