Monday, 11 December 2017

ਸਾਹਿਤ ਤੇ ਸੱਭਿਆਚਾਰ (ਸੰਗਰਾਮੀ ਲਹਿਰ-ਦਸੰਬਰ 2017)

ਹਿੰਦੀ ਕਹਾਣੀ
ਇਕ ਹੋਰ ਮਦਰ ਇੰਡੀਆ
- ਦਿਨੇਸ਼ ਭੱਟ
 
ਮੈਂ ਕਿੱਥੇ ਹਾਂ, ਇਹ ਤਾਂ ਨਹੀਂ ਦੱਸ ਸਕਦਾ, ਪਰ ਬਹੁਤ ਸਾਰੀਆਂ ਘਟਨਾਵਾਂ ਦੇ ਕਰੀਬ ਹੁੰਦਾ ਹਾਂ। ਕੁੱਝ ਘਟਨਾਵਾਂ ਤੋਂ ਦੂਰ ਵੀ ਹੁੰਦਾ ਹਾਂ। ਕਦੇ ਕਦੇ ਇਹ ਵੀ ਹੁੰਦਾ ਹੈ ਕਿ ਮੇਰੇ ਤੋਂ ਬਿਨਾਂ ਬਾਕੀ ਸਾਰੇ ਲੋਕ ਘਟਨਾਵਾਂ ਦੇ ਬਿਲਕੁੱਲ ਕਰੀਬ ਹੁੰਦੇ ਹਨ । ਇਕ ਦਮ ਨੇੜੇ। ਕਈ ਵਾਰ ਤਾਂ ਲੋਕ ਘਟਨਾਵਾਂ ਦੇ ਬਿਲਕੁਲ ਦਰਮਿਆਨ ਹੁੰਦੇ ਹਨ, ਕੁੱਝ ਤਾਂ ਘਟਨਾਵਾਂ ਵਿਚ ਸ਼ਾਮਲ ਵੀ ਹੁੰਦੇ ਹਨ, ਫਿਰ ਵੀ ਉਹ ਘਟਨਾ ਦੇ ਕੁੱਝ ਅਜਿਹੇ ਅਨੁਭਵਾਂ ਤੋਂ ਵਾਂਝੇ ਰਹਿ ਜਾਂਦੇ ਹਨ ਜਿਨ੍ਹਾਂ ਨੂੰ ਮੈਂ ਅਕਸਰ ਵੇਖ ਲੈਂਦਾ ਹਾਂ।
ਇਨ੍ਹਾਂ ਘਟਨਾਵਾਂ ਵਿਚ ਸਦਮੇ ਵੀ ਹੁੰਦੇ ਹਨ। ਸਦਮੇ ਅੱਜਕੱਲ ਆਮ ਜਿਹੀ ਗੱਲ ਹੈ। ਮੈਂ ਵੇਖਿਆ ਕੁੱਝ ਲੋਕਾਂ ਦੀ ਜਿੰਦਗੀ ਵਿਚ ਵੱਡੇ ਵੱਡੇ ਸਦਮੇ ਇਕ ਪਲ ਵਿਚ ਹੀ ਸੱਟ ਮਾਰ ਜਾਂਦੇ ਹਨ। ਕੁੱਝ ਲੋਕਾਂ 'ਤੇ ਕੋਈ ਅਸਰ ਨਹੀਂ ਪੈਂਦਾ। ਨਾ ਤੜਫ, ਨਾ ਦਰਦ, ਨਾ ਬੇਚੈਨੀ। ਸਦਮੇ ਉਨ੍ਹਾਂ ਦੇ ਉਤੋਂ ਦੀ ਬੱਦਲਵਾਈ ਦੀ ਤਰ੍ਹਾਂ ਲੰਘ ਜਾਂਦੇ ਹਨ। ਉਹ ਸਹਿਜ ਭਾਵ ਉਸੇ ਤਰ੍ਹਾਂ ਦਾ ਵਿਵਹਾਰ ਕਰਦੇ ਰਹਿੰਦੇ ਹਨ ਜਿਵੇਂ ਕੁੱਝ ਵਾਪਰਿਆ ਹੀ ਨਾ ਹੋਵੇ।
ਪਤਾ ਨਹੀਂਂ ਕਿਉਂ ਮੇਰੀ ਨਜ਼ਰ ਇਨ੍ਹਾਂ ਹਾਦਸਿਆਂ, ਇਨ੍ਹਾਂ ਸਦਮਿਆਂ ਦੇ ਅੰਦਰ ਤੱਕ ਡੂੰਘੀ ਜਾਂਦੀ ਹੈ। ਇਨ੍ਹਾਂ ਦੀ ਪੁਣ-ਛਾਣ ਕਰਦੀ ਹੈ। ਜਿਵੇਂ ਕਿ ਉਨਾਂ ਵਿਚੋਂ ਕੁੱਝ ਲੱਭਦੀ ਹੋਵੇ। ਪਰਤ ਦਰ ਪਰਤ ਖੋਲ੍ਹ ਕੇ ਸਭ ਨੂੰ ਕੁੱਝ ਦਿਖਾਉਣਾ ਚਾਹੁੰਦੀ ਹੋਵੇ। ਇਨ੍ਹਾਂ ਹਾਦਸਿਆਂ, ਇਨ੍ਹਾਂ ਘਟਨਾਵਾਂ ਦੇ ਪਾਤਰ ਬੇਚੈਨੀ ਨਾਲ ਆਪਣੀਆਂ ਅਬੁੱਝ ਅੱਖਾਂ ਨੂੰ ਖੋਲ ਕੇ ਮੇਰੇ ਵੱਲ ਦੇਖਦੇ ਹਨ। ਮੈਂ ਉਨ੍ਹਾਂ ਨੂੰ ਸਵਾਲ ਕਰਦਾ ਹਾਂ ਤਾਂ ਜਵਾਬ ਦੀ ਥਾਂ ਸਵਾਲ ਹੀ ਮਿਲਦੇ ਹਨ। ਇਨ੍ਹਾਂ ਮੋੜਵੇਂ ਸਵਾਲਾਂ ਨੂੰ ਮੈਂ ਸਭ ਨਾਲ ਸਾਂਝੇ ਕਰਨਾ ਚਾਹੁੰਦਾ ਹਾਂ।
ਕਪੂਰੀ ਵੀ ਕਈ ਸਵਾਲ ਖੜੇ ਕਰਦੀ ਹੈ। ਕਪੂਰੀ ਦੇ ਹਾਦਸੇ ਅਤੇ ਉਨ੍ਹਾਂ ਵਿਚ ਗੁੰਨ੍ਹੇ ਸਦਮੇਂ ਦੀ ਪੜਤਾਲ ਕਰਨ ਲਈ ਸਾਨੂੰ ਥੋੜਾ ਪਿੱਛੇ ਜਾਣਾ ਪਵੇਗਾ। ਘਟਨਾਵਾਂ ਦੇ ਛੋਟੇ-ਛੋਟੇ ਟੁੱਕੜੇ ਹਨ। ਕਈ ਛੋਟੇ-ਛੋਟੇ ਚਿੱਤਰ ਹਨ, ਜਿਨ੍ਹਾਂ ਨੂੰ ਮੈਂ ਜੋੜ ਕੇ ਚੱਲਦਾ ਹਾਂ।
ਫੱਗਣ ਸ਼ੁਰੂ ਹੋ ਗਿਆ ਸੀ। ਦੋ ਪਹਿਰਾਂ ਤੋਂ ਵਧੇਰੇ ਰਾਤ ਬੀਤ ਗਈ ਸੀ। ਕਪੂਰੀ ਨਾਲੇ ਵਿਚ ਰੱਖੇ ਹੋਏ ਮੋਟਰ ਪੰਪ ਦੇ ਨੇੜੇ ਜਾ ਕੇ ਦੇਖ ਆਈ ਸੀ, ਸਭ ਕੁੱਝ ਠੀਕ ਠਾਕ ਸੀ। ਦੋ ਸਾਲ ਪੁਰਾਣੇ ਪੀਵੀਸੀ ਪਾਇਪਾਂ ਦੇ ਜੋੜ ਮਜ਼ਬੂਤੀ ਨਾਲ ਬੰਨ੍ਹ ਦਿੱਤੇ ਸਨ। ਖੇਤ ਵਿਚ ਬਣੇ ਛੋਟੇ ਜਿਹੇ ਢਾਰੇ ਵਿਚ ਬੈਠੀ ਉਹ ਬੁੱਝੇ ਹੋਏ ਬਲਬ ਨੂੰ ਦੇਖ ਰਹੀ ਸੀ। ਬਲਬ ਜਗ ਜਾਏ ਤਾਂ ਜਿਵੇਂ ਜੀਵਨ  ਦਾਨ ਮਿਲ ਜਾਵੇ। ਬਿਜਲੀ ਕਟੌਤੀ ਦੇ ਚਲਦਿਆਂ ਰਾਤ ਵਿਚ ਹੀ ਦੋ ਘੰਟੇ ਬਿਜਲੀ ਮਿਲਦੀ ਸੀ। ਸਮਾਂ ਤੈਅ ਨਹੀਂ ਸੀ ਕਦੋਂ ਬਿਜਲੀ ਆ ਜਾਵੇ, ਇਸ ਲਈ ਅੱਖ ਲੱਗਦੀ ਤਾਂ ਉਹ ਅੱਖਾਂ 'ਤੇ ਪਾਣੀ ਦੇ ਛਿੱਟੇ ਮਾਰ ਲੈਂਦੀ। ਤਿੰਨਾਂ ਦਿਨਾਂ ਤੋਂ ਨਾਲੇ ਵਿਚ ਮੁਸ਼ਕਲ ਨਾਲ ਏਨਾ ਪਾਣੀ ਇਕੱਠਾ ਹੋਇਆ ਸੀ ਕਿ ਉਸ ਦੇ ਪੰਜ ਏਕੜ ਰਕਬੇ ਦੇ ਖੇਤਾਂ ਵਿਚੋਂ ਮੁਸ਼ਕਲ ਨਾਲ ਦੋ ਏਕੜ ਹੀ ਸਿੰਜੇ ਜਾ ਸਕਦੇ ਸਨ।
ਕਪੂਰੀ ਨੇ ਢਾਰੇ ਵੱਲ ਦੇਖਿਆ। ਢਾਰਾ ਬਿਲਕੁੱਲ ਇਕੱਲਾ ਅਤੇ ਬੇਹੱਦ ਸ਼ਾਂਤ ਸੀ। ਢਾਰੇ ਦੇ ਪਿੱਛੇ ਧਰੇਕ ਦਾ ਦਰੱਖਤ ਸੀ। ਧਰੇਕ ਦੀਆਂ ਟਾਹਣੀਆਂ ਵਿਚੋਂ ਗੁਜਰਦੀ ਹੋਈ ਉਸਦੀ ਨਜ਼ਰ ਅਸਮਾਨ ਤੱਕ ਜਾ ਪੁੱਜੀ। ਟਹਿਣੀਆਂ ਦੀਆਂ ਨੌਕਾਂ ਉਤੇ ਜਿਵੇਂ ਕੁੱਝ ਤਾਰੇ ਜੁਗਨੂੰਆਂ ਦੀ ਤਰ੍ਹਾਂ ਜਗਦੇ ਬੁੱਝਦੇ ਜੁੜਨ ਲੱਗੇ। ਉਹ ਇਕ ਸੁੰਦਰ ਹਾਰ ਦੀ ਤਰ੍ਹਾਂ ਦਿਸ ਰਹੇ ਸਨ। ਸੁਨਹਿਰਾ ਹਾਰ। ਕਪੂਰੀ ਨੂੰ ਲੱਗਿਆ ਇਹ ਤਾਰੇ ਦੂਜੇ ਤਾਰਿਆਂ ਤੋਂ ਵੱਖਰੇ ਕਿਉਂ ਦਿਸ ਰਹੇ ਹਨ। ਇਕ ਵਾਰ ਕਮਲਾ ਚਾਚੀ ਨੇ ਦੱਸਿਆ ਸੀ ਕਿ ਜਿਹੜੇ ਲੋਕ ਜਵਾਨੀ ਵਿਚ ਮਰ ਜਾਂਦੇ ਹਨ, ਉਹੀ ਵਧੇਰੇ ਚਮਕੀਲੇ ਤਾਰੇ ਬਣਦੇ ਹਨ। ਫਿਰ ਤਾਂ ਹੋ ਸਕਦਾ ਹੈ ਇਨ੍ਹਾਂ ਵਿਚੋਂ ਹੀ ਕੋਈ ਇਕ ਤਾਰਾ ਉਸ ਦਾ ਪਤੀ ਬਸੰਤਾ ਹੋਵੇ। ਜ਼ਰੂਰ ਹੋਵੇਗਾ, ਤਦ ਹੀ ਤਾਂ ਇਹ ਏਨਾ ਚਮਕ ਰਹੇ ਹਨ। ਉਸ ਦੀਆਂ ਅੱਖਾਂ ਵਿਚ ਬਸੰਤੇ ਦਾ ਚਿਹਰੇ ਉਭਰ ਆਇਆ। ''ਕਿਉਂ ਛੱਡ ਗਿਆ ਮੈਨੂੰ ਇਕੱਲੀ''-ਉਸ ਨੇ ਆਪਣੇ ਆਪ ਨੂੰ ਕਿਹਾ। ਹਨੇਰੇ ਵਿਚ ਘੁਟਣ ਵੱਧ ਗਈ, ਅਤੇ ਉਸ ਦੇ ਗੁੱਸੇ ਨਾਲ ਦੁੱਖ ਰਹੇ ਮਨ ਦੀਆਂ ਖਿੜਕੀਆਂ ਖੁੱਲ ਗਈਆਂ।
ਉਸਦਾ ਛੋਟਾ ਬੇਟਾ ਚੰਦੂ ਉਸ ਵੇਲੇ ਦੋ ਮਹੀਨੇ ਦਾ ਸੀ ਅਤੇ ਵੱਡਾ ਰਿਤੇਸ਼ ਚਾਰ ਸਾਲਾਂ ਦਾ ਜਦੋਂ ਬਸੰਤੇ ਨੂੰ ਪੀਲੀਏ ਨੇ ਮੌਤ ਦੀ ਗਰਾਹੀ ਬਣਾ ਲਿਆ ਸੀ। ਹਸਪਤਾਲ ਤੋਂ ਜਦ ਬਸੰਤੇ ਦੀ ਲਾਸ਼ ਘਰ ਆਈ ਸੀ, ਉਸ ਦ੍ਰਿਸ਼ ਦੀ ਕਲਪਨਾ ਨਾਲ ਹੀ ਕਪੂਰੀ ਕੰਬ ਉਠੀ। ਫੱਗਣ ਮਹੀਨੇ ਦੀ ਇਸ ਠੰਡੀ ਰਾਤ ਵਿਚ ਵੀ ਜੇਠ-ਹਾੜ ਦੀ ਤਰ੍ਹਾਂ ਸਰੀਰ ਪਸੀਨੇ ਨਾਲ ਭਿੱਜ ਗਿਆ।
ਬਲਬ ਜਗ ਗਿਆ ਸੀ। ਕਪੂਰੀ ਨੇ ਉਠ ਕੇ ਸਟਾਰਟਰ ਦਾ ਹਰਾ ਬਟਨ ਦੱਬਿਆ। ਪੀਵੀਸੀ ਪਾਇਪ ਪਾਣੀ ਉਗਲਣ ਲੱਗ ਪਿਆ। ਕਹੀ ਚੁੱਕ ਕੇ ਉਹ ਪਾਣੀ ਲਈ ਰਾਹ ਬਣਾਉਣ ਲੱਗੀ।
ਨੇੜਲੇ ਖੇਤਾਂ ਦੀਆਂ ਮੋਟਰਾਂ ਵੀ ਚਾਲੂ ਹੋ ਗਈਆਂ ਸਨ। ਸਭ ਦੇ ਖੂਹ ਸਨ। ਕਪੂਰੀ ਦੇ ਪਿਤਾ ਨੇ ਵੀ ਇਕ ਦੋ ਖੁਦਵਾਏ ਸੀ, ਪਾਣੀ ਨਹੀਂ ਨਿਕਲਿਆ। ਇਸ ਲਈ ਖੇਤ ਦੇ ਦੱਖਣ ਵਿਚ ਵਹਿੰਦੇ ਛੋਟੇ ਜਿਹੇ ਨਾਲੇ ਵਿਚ ਜਿਹੜਾ ਪਾਣੀ ਮਿਲ ਜਾਵੇ ਉਹੀ ਉਸ ਦਾ ਨਸੀਬ ਹੈ। ਨੇੜਲੇ ਖੇਤਾਂ ਵਿਚ ਲਹਿਲਹਾਉਂਦੀ ਫਸਲ ਨੂੰ ਦੇਖਦੀ ਤਾਂ ਉਸਦੀਆਂ ਅੱਖਾਂ ਵਿਚ ਇਕ ਮਾਸੂਮ ਲਾਲਚ ਹੁੰਦਾ, ਜਿਵੇਂ  ਭੁੱਖਾ ਬੱਚਾ ਮਠਿਆਈ ਵੱਲ ਤੱਕਦਾ ਹੈ। ਦਿਨ ਵਿਚ ਸਿਰਫ ਇਕ ਘੰਟਾ ਬਿਜਲੀ ਮਿਲਦੀ ਸੀ ਅਤੇ ਰਾਤ ਵਿਚ ਦੋ ਜਾਂ ਤਿੰਨ ਘੰਟੇ। ਇਸ ਲਈ ਵਧੇਰੇ ਕਿਸਾਨ ਦਿਨ ਵਿਚ ਅਰਾਮ ਕਰਦੇ ਰਾਤ ਵਿਚ ਸੇਂਜਾ ਕਰਦੇ। ਤਰਾਸਦੀ ਇਹ ਸੀ ਕਿ ਤੀਹ ਸਾਲਾਂ ਦੀ ਜਵਾਨ  ਕਪੂਰੀ ਰਾਤ ਰਾਤ ਭਰ ਖੇਤ ਦੀ ਮਿੱਟੀ ਵਿਚ ਸਿੰਚਾਈ ਕਰਨ ਲਈ ਖੁੱਭੀ ਰਹਿੰਦੀ।
ਇਕੱਲੀ ਸੰਤਾਨ ਕਪੂਰੀ, ਪਿਤਾ ਦੇ ਮਰਨ ਤੋਂ ਬਾਅਦ ਸਹੁਰਿਆਂ ਤੋਂ ਮਾਪੀਂ ਚਲੀ ਆਈ ਸੀ। ਇੱਥੇ ਉਸਦੀ ਮਾਂ ਇਕੱਲੀ ਰਹਿੰਦੀ ਸੀ। ਅਤੇ ਖੇਤੀ ਕਰਨ ਵਾਲਾ ਕੋਈ ਨਹੀਂ ਸੀ, ਇਸ ਲਈ ਬਸੰਤਾ ਵੀ ਨਾਲ ਆ ਗਿਆ। ਬਸੰਤੇ ਦੇ ਘਰ ਖੇਤੀ ਲਈ ਜ਼ਮੀਨ ਘੱਟ ਸੀ ਅਤੇ ਭਰਾ ਪੰਜ ਸਨ। ਬਸੰਤੇ ਨੇ ਸਹੁਰਿਆਂ ਦੀ ਖੇਤੀ ਸੰਭਾਲ ਲਈ ਸੀ। ਉਹ ਕਰਜ਼ਾ ਲੈ ਕੇ ਮੋਟਰ ਪੰਪ ਲੈ ਆਇਆ ਸੀ। ਇਕ ਹੀ ਵਾਰ ਸਿੰਚਾਈ ਕਰ ਸਕਿਆ ਅਤੇ ਬੇਵਕਤ ਮੌਤ ਦੀ ਗਰਾਹੀ ਬਣ ਗਿਆ।
ਕਪੂਰੀ ਦੇ ਸਾਹਮਣੇ ਮੋਟਰ ਪੰਪ ਦਾ ਦਸ ਹਜ਼ਾਰ ਦਾ ਕਰਜ਼ਾ, ਚੰਦੂ-ਰਿਤੇਸ਼ ਅਤੇ ਬੁੱਢੀ ਮਾਂ ਦੀ ਪਾਲਣਾ ਚੁਣੌਤੀ ਦੇ ਰੂਪ ਵਿਚ ਸਾਹਮਣੇ ਖੜੇ ਸਨ। ਉਸਨੇ ਛੇਤੀ ਹੀ ਹੰਝੂ ਪੂੰਝ ਲਏ। ਜਿਵੇਂ ਹਵਾ ਪਾਣੀ ਦਾ ਰੁੱਖ ਬਦਲ ਦਿੰਦੀ ਹੈ, ਸਮੇਂ ਨੇ ਕਪੂਰੀ ਦੇ ਜੀਵਨ ਦਾ ਰੁੱਖ ਬਦਲ ਦਿੱਤਾ। ਪਹਿਲਾਂ ਉਸ ਉਤੇ ਛਾਈ ਰਹਿਣ ਵਾਲੀ ਚੰਚਲਤਾ ਗੰਭੀਰਤਾ ਵਿਚ ਬਦਲ ਗਈ ਸੀ। ਉਸਦੇ ਬੜਬੋਲੇਪਨ ਨੇ ਖਾਮੋਸ਼ ਰਹਿਣਾ ਸਿੱਖ ਲਿਆ।
ਬਸੰਤੇ ਦੇ ਸੰਸਕਾਰ ਤੋਂ ਲੈ ਕੇ ਖੇਤਾਂ ਦੀ ਬਿਜਾਈ ਤੱਕ ਕਿਸ਼ਨੇ ਨੇ ਕਪੂਰੀ ਦਾ ਪੂਰੀ ਤਰ੍ਹਾਂ ਸਾਥ ਦਿੱਤਾ। ਕਿਸ਼ਨੇ ਦਾ ਖੇਤ ਕਪੂਰੀ ਦੇ ਖੇਤ ਨਾਲ ਲੱਗਦਾ ਸੀ। ਕਿਸ਼ਨੇ ਦੇ ਖੇਤ ਵਿਚ ਖੂਹ ਸੀ। ਸੋ ਪਾਣੀ ਵੀ ਭਰਪੂਰ ਸੀ। ਬਸੰਤੇ ਦੇ ਮਰਨ ਦੇ ਸਾਲ ਕਿਸ਼ਨੇ ਨੇ ਕਪੂਰੀ ਦਾ ਮੋਟਰ ਪੰਪ ਆਪਣੇ ਖੂਹ ਵਿਚ ਰੱਖ ਲਿਆ ਅਤੇ ਆਪਣੇ ਖੇਤ ਤੋਂ ਕਪੂਰੀ ਦੀ ਪਾਇਪ ਲਾਇਨ ਨੂੰ ਵੀ ਪਾਣੀ ਜਾਣ ਦਿੱਤਾ। ਘੱਟ ਪੈਣ 'ਤੇ ਕੁੱਝ ਪਾਇਪ ਵੀ ਦਿੱਤੇ। ਕਿਸ਼ਨੇ ਦੇ ਪ੍ਰਤੀ ਕਪੂਰੀ ਦੀਆਂ ਅੱਖਾਂ ਵਿਚ ਅਕਸਰ ਅਹਿਸਾਨ ਦਿੱਸਦਾ ਸੀ। ਇਹ ਉਸਦੀਆਂ ਭਾਵਨਾਵਾਂ ਦੀ ਕੋਮਲਤਾ ਸੀ, ਪਰ ਕਿਸ਼ਨਾ ਉਸ ਅਹਿਸਾਨ ਦੀ ਭਾਵਨਾ ਨੂੰ ਕੁੱਝ ਹੋਰ ਹੀ ਸਮਝ ਬੈਠਾ ਸੀ। ਇਕ ਰਾਤ ਸੇਂਜਾ ਕਰਕੇ ਥੱਕੀ, ਢਾਰੇ ਵਿਚ ਸੁੱਤੀ ਕਪੂਰੀ ਦੇ ਨਾਲ ਲੰਮਾ ਪੈ ਕੇ ਉਹ ਉਸ ਦਾ ਸਿਰ ਪਲੋਸਣ ਲੱਗਾ। ਕਪੂਰੀ ਇਕਦਮ ਉਠ ਕੇ ਬੈਠ ਗਈ। ਕਿਸ਼ਨੇ ਨੂੰ ਕੋਲ ਦੇਖ ਕੇ ਉਸਦਾ ਪੂਰਾ ਸਰੀਰ ਗੁੱਸੇ ਨਾਲ ਉਬਲ ਰਿਹਾ ਸੀ। ਉਸ ਨੇ ਰਿਤੇਸ਼ ਨੂੰ ਚੂੰਢੀ ਵੱਡੀ। ਰਿਤੇਸ਼ ਉਠ ਕੇ ਜ਼ੋਰ ਜ਼ੋਰ ਦੀ ਰੌਣ ਲੱਗ ਪਿਆ। ਕਿਸ਼ਨਾ ਘਬਰਾ ਗਿਆ। ਉਸਨੇ ਦੇਖਿਆ ਕਿ ਕਪੂਰੀ ਦੀਆਂ ਅੱਖਾਂ ਵਿਚੋਂ ਅਹਿਸਾਨਮੰਦੀ ਦੇ ਭਾਵ ਗਾਇਬ ਸਨ, ਉਸ ਦੀ ਥਾਂ ਗੁੱਸਾ ਸੀ। ਉਬਲ ਰਿਹਾ ਗੁੱਸਾ।
ਕਿਸ਼ਨਾ ਭੱਜਿਆ ਤਾਂ ਫੇਰ ਕਪੂਰੀ ਵੱਲ ਮੁੜ ਨਹੀਂ ਦੇਖਿਆ। ਖੂਹ ਤੋਂ ਕਪੂਰੀ ਦੀ ਮੋਟਰ ਹਟਾ ਦਿੱਤੀ। ਜਦੋਂ ਫਸਲ ਨੂੰ ਪਾਣੀ ਦੀ ਲੋੜ ਸੀ, ਨਹੀਂ ਮਿਲ ਸਕਿਆ ਪਾਣੀ। ਫਸਲ ਘੱਟ ਹੋਈ। ਸਿੱਟਾ, ਮੋਟਰ ਦਾ ਕਰਜ਼ਾ ਵਿਆਜ਼ ਸਮੇਤ 10 ਤੋਂ 12 ਹਜ਼ਾਰ 'ਤੇ ਜਾ ਪੁੱਜਾ। ਘਰ ਦਾ ਖਰਚ, ਬੀਜ-ਖਾਦ, ਬਿਜਲੀ ਬਿੱਲ, ਜਾਨਵਰਾਂ ਲਈ ਪੱਠਾ-ਦੱਥਾ ਅਤੇ ਮੋਟਰ ਦੇ ਵਿਆਜ ਦੇ ਚਲਦਿਆਂ ਕਪੂਰੀ ਦੇ ਚਿਹਰੇ ਉਤੇ ਪਸਰੀ ਉਦਾਸੀ ਹਮੇਸ਼ਾਂ ਦੇਖੀ ਜਾ ਸਕਦੀ ਸੀ।
ਰਾਤ 4 ਵਜੇ ਜਦ ਕਪੂਰੀ ਘਰ ਪੁੱਜੀ ਤਾਂ ਬਾਹਰ ਵਿਹੜੇ ਵਿਚ ਉਸ ਦੇ ਬਲਦ ਲੀਲਾ ਤੇ ਪੀਲਾ ਗਰਦਨ ਟੇਢੀ ਕਰਕੇ ਸੁੱਤੇ ਪਏ ਸਨ। ਉਸ ਦੇ ਪੈਰਾਂ ਦੀ ਬਿੜਕ  ਸੁਣਕੇ ਉਨ੍ਹਾਂ ਨੇ ਗਰਦਨ ਚੁੱਕੀ।  ਕਪੂਰੀ ਨੇ ਉਨ੍ਹਾਂ ਦੇ ਸਰੀਰ 'ਤੇ ਹੱਥ ਫੇਰਿਆ। ਮੰਜੇ ਉਤੇ ਸੌਂ ਰਹੇ ਚੰਦੂ-ਰਿਤੇਸ਼ ਨਾਲ ਉਹ ਸੌ ਗਈ।
ਦਿਨ ਜਿਵੇਂ ਮੁਸ਼ਕਲ ਨਾਲ ਚੜ੍ਹਿਆ ਹੋਵੇ। ਕਪੂਰੀ ਜਦੋਂ ਉਬਾਸੀ ਲੈ ਕੇ ਉਠੀ ਤਾਂ ਅਜੇ ਮੂੰਹ ਹਨੇਰਾ ਹੀ ਸੀ। ਚਾਂਦਨੀ ਵੀ ਮੱਧਮ ਪੈਣ ਲੱਗ ਪਈ ਸੀ। ਚੁੱਲੇ ਵਿਚ ਅੱਗ ਜਲਦੀ ਦੇਖ ਕੇ ਉਹ ਸਮਝ ਗਈ ਕਿ ਮਾਂ ਉਠ ਗਈ ਹੈ। ਲਕਵਾ ਮਾਰੀ ਮਾਂ ਸਰੀਰ ਨੂੰ ਘਸੀਟਦਿਆਂ-ਘਸੀਟਦਿਆਂ ਵੀ ਰਸੋਈ ਵਿਚ ਥੋੜ੍ਹੀ ਬਹੁਤ ਮਦਦ ਕਰ ਦਿੰਦੀ ਸੀ।
ਮੂੰਹ ਵਿਚ ਦਾਤਣ ਚੱਬਦਿਆਂ ਕਪੂਰੀ ਡੰਗਰਾਂ ਨੂੰ ਘਾਹ ਪਾ ਰਹੀ ਸੀ ਤਦ ਹੀ ਗਲੀ ਵਿਚੋਂ ਆਵਾਜ਼ ਸੁਣਾਈ ਦਿੱਤੀ- ''ਨੀ ਕਪੂਰੀ ਕੀ ਕਰ ਰਹੀ ਏਂ?''
ਕਪੂਰੀ ਸਮਝ ਗਈ ਕਿ ਆਵਾਜ਼ ਕਮਲਾ ਚਾਚੀ ਦੀ ਹੈ। ਪਿੱਛੇ ਖੜੇ ਰਿਤੇਸ਼ ਨੇ ਕਿਹਾ- ''ਲਓ ਆ ਗਈ ਚਾਚੀ''। ਘੰਟੇ ਤੋਂ ਪਹਿਲਾਂ ਖਹਿੜਾ ਨਹੀਂ ਛੱਡਦੀ।
ਕਮਲਾ ਚਾਚੀ ਜਾਤ ਦੀ ਬਾਣੀਆ। ਪਿੰਡ ਦੀ ਵੱਡੀ ਕਿਸਾਨ। ਪੰਜ ਕੁੜੀਆਂ, ਇਕ ਹੀ ਮੁੰਡਾ, ਕਮਲਾ ਚਾਚੀ ਦਾ ਪਤੀ ਸ਼ਰਾਬੀ-ਜੁਆਰੀਆ ਸੀ। ਸਾਰੀ ਜਾਇਦਾਦ ਵੇਚ ਵੰਡ ਗਿਆ ਸੀ। ਗੰਭੀਰ ਬਿਮਾਰੀ ਨਾਲ ਮਰਿਆ। ਚਾਚੀ ਨੇ ਆਪਣੀ ਅਕਲ 'ਤੇ ਕਾਬਲੀਅਤ ਨਾਲ ਜਾਇਦਾਦ ਖੜੀ ਕੀਤੀ। ਕੁੜੀਆਂ ਨੂੰ ਪੜ੍ਹਾਇਆ ਲਿਖਾਇਆ ਸਭ ਨੂੰ ਚੰਗੇ ਘਰੀਂ ਵਿਆਹਿਆ। ਮੁੰਡੇ ਦਾ ਧਿਆਨ ਖੇਤੀਬਾੜੀ ਵਿਚ ਲਾਇਆ। ਟਰੈਕਟਰ-ਮੋਟਰ ਪੰਪ-ਥਰੈਸ਼ਰ ਬਣਾ ਕੇ ਦਿੱਤਾ। ਸਿਰੇ ਦੀ ਮੋਮੋ ਠੱਗਣੀ। ਜਿੱਥੇ ਬੈਠ ਗਈ ਕਦੋਂ ਖਹਿੜਾ ਛੱਡੇਗੀ? ਨਹੀਂ ਕਹਿ ਸਕਦੇ। ਗੱਲਾਂ ਕਰਨ ਬੈਠ ਗਈ ਤਾਂ ਅਜੇਹੀਆਂ ਗੱਪਾਂ ਜੋੜਦੀ ਕਿ ਅਸਮਾਨ ਨੂੰ ਵੀ ਟਾਕੀਆਂ ਲਾ ਦਿੰਦੀ। ਉਦਾਂ ਤਾਂ ਉਹ ਅਕਸਰ ਕਿਸੇ ਨਾ ਕਿਸੇ ਕੰਮ ਕਰਕੇ ਹੀ ਆਉਂਦੀ ਪਰ ਪਹਿਲਾਂ ਪਤੀ ਦੇ ਮਰਨ ਤੋਂ ਬਾਅਦ ਦਾ ਆਪਣਾ ''ਸੰਘਰਸ਼-ਪੁਰਾਣ'' ਸੁਣਾਉਂਦੀ। ਕਿਸ ਕਿਸ ਤਰ੍ਹਾਂ ਉਸ ਨੇ ਬੱਚਿਆਂ ਨੂੰ ਪਾਲਿਆ। ਕਿਵੇਂ ਵਿਆਹ ਕੀਤੇ। ਕਿਵੇਂ ਮੁੰਡੇ ਨੂੰ ਸੰਭਾਲਿਆ। ਚਾਹੇ ਦਿਨ ਭਰ ਵਿਚ ਦਸਾਂ ਲੋਕਾਂ ਨਾਲ ਗੱਲ ਕਰੇ ਉਸ ਨੇ ਆਪਣੇ ਸੰਘਰਸ਼ ਪੁਰਾਣ ਦੀ ਜੁਗਾਲੀ ਲਾਜ਼ਮੀ ਕਰਨੀ ਹੁੰਦੀ ਸੀ।
'ਕੀ ਦੱਸਾਂ ਚਾਚੀ, ਰਾਤ ਕੁੱਲ ਦੋ ਘੰਟੇ ਬਿਜਲੀ ਮਿਲੀ। ਇਹ ਨਾਸਪਿੱਟੀ ਬਿਜਲੀ ਤਾਂ ਕਿਸਾਨਾਂ ਨੂੰ ਭੁੱਖਾ ਮਾਰੇਗੀ।' ਕਹਿੰਦੇ ਹੋਏ ਕਪੂਰੀ ਨੇ ਚਾਚੀ ਲਈ ਮੰਜੀ ਉਤੇ ਚਾਦਰ ਵਿਛਾ ਦਿੱਤੀ।
ਪਹਿਲਾਂ ਤਾਂ ਚਾਚੀ ਦੀ ਜੁਗਾਲੀ ਚਲਦੀ ਰਹੀ ਫਿਰ ਉਹ ਕੰਮ ਦੀ ਗੱਲ 'ਤੇ ਆਈ।
''ਕਪੂਰੀ, ਤੇਰਾ ਦੁੱਖ ਮੇਰੇ ਤੋਂ ਦੇਖਿਆ ਨਹੀਂ ਜਾਂਦਾ। ਮੈਂ ਵੀ ਪੂਰੀ ਉਮਰ ਦੁੱਖਾਂ ਦੇ ਪਹਾੜ 'ਤੇ ਹੀ ਕੱਟੀ ਹੈ। ਮੇਰੀ ਸਲਾਹ ਮੰਨ ਖੇਤ ਵਿਚ ਟਿਊਬਵੈਲ ਲਾ ਲੈ।''
''ਟਿਊਬਵੈਲ....? ਕਿੰਦਾਂ ਦੀ ਗੱਲ ਕਰ ਰਹੀ ਏਂ ਚਾਚੀ। ਖੂਹ ਖੁਦਵਾਉਣ ਦੀ ਤਾਕਤ ਨਹੀਂ ਬੋਰ ਕਿਵੇਂ ਕਰਾ ਸਕਾਂਗੀ। ਅਜੇ ਮੋਟਰ ਦਾ ਕਰਜ਼ਾ ਚੜ੍ਹਿਆ ਹੋਇਆ ਹੈ। ਚਾਰ ਬੋਰੇ ਸੋਇਆਬੀਨ ਪਈ ਹੈ। ਸੋਚ ਰਹੀ ਹਾਂ ਵੇਚ ਕੇ ਕੁੱਝ ਤਾਂ ਸੇਠ ਨੂੰ ਦੇ ਆਵਾਂ।'' ਕਪੂਰੀ ਦੇ ਬੋਲਾਂ ਵਿਚ ਨਿਰਾਸ਼ਾ ਸੀ।
''ਨੀਂ....ਪਰਸੋਂ ਪਿੰਡ ਵਿਚ ਬੋਰਿੰਗ ਮਸ਼ੀਨ ਆ ਰਹੀ ਹੈ। ਮੇਰੇ ਖੇਤ ਵਿਚ ਵੀ ਹੋਣਾ ਹੈ ਬੋਰ। ਤੂੰ ਵੀ ਕਰਾ ਲੈ। ਕੁੱਝ ਪੈਸੇ ਘੱਟ ਪਏ ਤਾਂ ਮੈਂ ਸੇਠ ਤੋਂ ਉਧਾਰ ਕਰਵਾ ਦੇਵਾਂਗੀ। ਪਾਣੀ ਨਿਕਲ ਗਿਆ ਤਾਂ ਤੇਰੇ ਸਾਰੇ ਦਰਿਦਰ ਦੂਰ ਹੋ ਜਾਣਗੇ। ਮੁੰਡਿਆਂ ਲਈ ਜਿੰਦਗੀ ਭਰ ਦਾ ਸੁੱਖ।''
ਕਪੂਰੀ  ਦੇ ਚੇਹਰੇ 'ਤੇ ਲਟਕੀਆਂ ਚਿੰਤਾ ਦੀਆਂ ਟੇਢੀਆਂ ਮੇਢੀਆਂ ਲੀਕਾਂ ਵਿਚ ਕੁੱਝ ਤਬਦੀਲੀ ਜਿਹੀ ਹੋਈ। ਉਸ ਨੂੰ ਲੱਗਿਆ ਚਾਚੀ ਦੇ ਬੋਲਾਂ ਵਿਚ ਵਜਨ ਹੈ ਅਤੇ ਸਲਾਹ ਵਿਚ ਮਜ਼ਬੂਤੀ। ਮਨ ਦੀ ਪੀੜ ਘੱਟ ਹੋਈ। ਪੀੜ ਸ਼ਾਇਦ ਡਰਾਕਲ ਹੁੰਦੀ ਹੈ। ਜਿਊਣ ਦੀ ਲਾਲਸਾ ਨਾਲ ਮੁਕਾਬਲਾ ਹੁੰਦਿਆਂ ਹੀ ਭੱਜ ਉਠਦੀ ਹੈ।
''ਕਿੰਨਾ ਖਰਚਾ ਆਵੇਗਾ ਚਾਚੀ?'' ਉਸਨੇ ਸਵਾਲ ਕੀਤਾ?
''ਦਸ ਹਜ਼ਾਰ ਤੋਂ ਘੱਟ ਤਾਂ ਕੀ ਆਵੇਗਾ।''
ਕਹਿੰਦੇ ਹੋਏ ਚਾਚੀ ਨੇ ਦੇਖਿਆ ਕਪੂਰੀ ਦੇ ਚਿਹਰੇ ਉਤੇ ਸਹਿਮਤੀ ਦੇ ਚਿੰਨ੍ਹ ਨਜ਼ਰ ਆਏ। ਅਸਲ ਵਿਚ ਗੱਲ ਇਹ ਸੀ ਕਿ ਬੋਰਿੰਗ ਮਸ਼ੀਨ ਵਾਲੇ ਨੇ ਕਿਹਾ ਸੀ ਕਿ ਘੱਟੋ-ਘੱਟ ਛੇ ਬੋਰ ਹੋਣਗੇ, ਤਾਂ ਉਹ ਮਸ਼ੀਨ ਲਿਆਵੇਗਾ। ਚਾਰ ਕਿਸਾਨਾਂ ਨੂੰ ਚਾਚੀ ਤਿਆਰ ਕਰ ਚੁੱਕੀ ਸੀ। ਚਾਚੀ ਦੇ ਖੇਤ ਵਿਚ ਬੋਰ ਨਹੀਂ ਹੋਵੇਗਾ ਤਾਂ 20 ਏਕੜ ਜ਼ਮੀਨ ਦੀ ਫਸਲ ਸੁੱਕ ਜਾਵੇਗੀ।
ਕਪੂਰੀ ਨੇ ਹਿਸਾਬ ਲਾਇਆ। ਚਾਰ ਬੋਰੇ ਸੋਇਆਬੀਨ, ਚਾਰ ਪੰਜ ਬੱਕਰੀਆਂ, ਅਜੇ ਹੁਣੇ ਸੂਈ ਗਾਂ। ਹੋ ਜਾਣਗੇ ਦਸ ਹਜ਼ਾਰ।
ਉਸ ਨੇ ਚਾਚੀ ਨੂੰ ਹਾਂ ਕਰ ਦਿੱਤੀ।
ਤਿੰਨ ਦਿਨ ਤੱਕ ਬੋਰਿੰਗ ਮਸ਼ੀਨ ਚੱਲੀ, ਚਾਰ ਖੇਤਾਂ ਵਿਚ। ਚੌਥੇ ਦਿਨ ਕਮਲਾ ਚਾਚੀ ਦੇ ਖੇਤ ਤੋਂ ਕਪੂਰੀ ਦੇ ਖੇਤ ਵਿਚ ਆਈ ਸੀ ਮਸ਼ੀਨ। ਤਿੰਨ ਖੇਤਾਂ ਵਿਚ ਪਾਣੀ ਨਿਕਲਿਆ ਇਕ ਨੇ ਨਿਰਾਸ਼ ਕੀਤਾ। ਕਮਲਾ ਚਾਚੀ ਨੇ ਪੰਜ ਸੌ ਫੁੱਟ ਤੱਕ ਬੋਰ ਕਰਵਾਇਆ ਤਾਂ ਕਿਤੇ ਪਾਣੀ ਲੋੜ ਪੂਰੀ ਕਰਨ ਜੋਗਾ ਨਿਕਲਿਆ।
ਕਪੂਰੀ ਦੇ ਖੇਤ ਵਿਚ ਸਾਰਾ ਪਿੰਡ ਜਮਾ ਸੀ। ਕਪੂਰੀ ਖੇਤ ਵਿਚ ਬੋਰ ਕਰਵਾ ਰਹੀ ਹੈ। ਇਹ ਸੁਣਦਿਆਂ ਹੀ ਬਹੁਤ ਸਾਰੇ ਲੋਕ ਹੈਰਾਨ ਰਹਿ ਗਏ। ਉਹ ਸਮਝਦੇ ਸੀ ਕਪੂਰੀ ਲੱਤ ਟੁਟੇ ਮੇਮਣੇ ਦੀ ਤਰ੍ਹਾਂ ਹੈ। ਦਿਨ ਰਾਤ ''ਮੈਂ ਮੈਂ'' ਕਰਦੀ ਰਹੇਗੀ ਪਰ ਇਹ ਤਾਂ ਸਾਂਡ ਦੀ ਤਰ੍ਹਾਂ ਭਿੜ ਕੇ ਸਿੰਗ ਤੁੜਵਾਉਣ ਲਈ ਵੀ ਤਿਆਰ ਸੀ।
ਦਰਸ਼ਕਾਂ ਵਿਚ ਕਪੂਰੀ ਦੇ ਟੱਬਰ ਦੇ ਕੁੱਝ ਲੋਕ ਵੀ ਸਨ। ਕਪੂਰੀ ਜਦੋਂ ਤਿੱਖੀ ਧੁੱਪ ਵਿਚ, ਵਰਦੇ ਮੀਂਹ ਵਿਚ, ਕੜਕਦੀ ਠੰਡ ਵਿਚ ਬਿਜਾਈ, ਸਿੰਜਾਈ, ਗੁਡਾਈ, ਵਾਢੀ ਕਰਦੀ ਸੀ ਤਾਂ ਕੋਈ ਮਦਦ ਕਰਨ ਨਹੀਂ ਆਉਂਦਾ ਸੀ। ਅੱਜ ਸਭ ਪਾਣੀ ਦਾ ਤਮਾਸ਼ਾ ਦੇਖਣ ਆਏ ਸਨ। ਉਦਾਂ ਵੀ ਸ਼ਰੀਕਾ ਇਕ ਸੂਲਾਂ ਦੀ ਸੇਜ ਹੁੰਦਾ ਹੈ, ਜਿਸ ਪਾਸੇ ਵੀ ਵੱਖ ਲਵੋ ਕੰਢੇ  ਹੀ ਕੰਢੇ ਚੁੰਭਣਗੇ।
ਕਮਲਾ ਚਾਚੀ ਕਿਸੇ ਪਾਣੀ-ਪਾਰਖੀ ਨੂੰ ਨਾਲ ਲਿਆਈ ਸੀ। ਜਾਮਣ ਦੀ ਟਹਿਣੀ ਲੈ ਕੇ ਉਹ ਕਪੂਰੀ ਦੇ ਖੇਤ ਵਿਚ ਘੁੰਮਿਆ ਅਤੇ ਪਾਣੀ ਦੀ ਥਾਂ ਦੱਸੀ। ਮਸ਼ੀਨ ਆਪਣੀ ਗੜਗੜਾਹਟ ਨਾਲ ਸ਼ੁਰੂ ਹੋ ਗਈ। ਕਪੂਰੀ ਨੇ ਗੰਗਾ ਮਾਂ ਨੂੰ ਧਿਆਂਉਂਦੇ ਹੋਏ ਹੱਥ ਜੋੜੇ। ਦੋਵਾਂ ਬੱਚਿਆਂ ਦਾ ਵਾਸਤਾ ਪਾਇਆ। ਮਈਆ ਪਾਣੀ ਦੇ ਫੁਆਰੇ ਕੱਢ ਦੇ ਤਾਂ ਫਸਲ ਵੱਢਦਿਆਂ ਹੀ ਸਤ ਨਰਾਇਣ ਦੀ ਕਥਾ ਕਰਵਾਵਾਂਗੀ।
ਮਸ਼ੀਨ ਦਾ ਵਰਮਾ ਧਰਤੀ ਨੂੰ ਵੱਢਦਾ ਹੋਇਆ ਅੰਦਰ ਜਾਂਦਾ, ਦੂਜੇ ਪਾਸੇ ਕਪੂਰੀ ਦਾ ਦਿਲ ਧੜਕਦਾ। ਉਸ ਦੇ ਗੋਲ ਮਟੋਲ ਚਿਹਰੇ ਉਤੇ ਪਾਣੀ ਨੂੰ ਲੈ ਕੇ ਮਾਸੂਮ ਲਾਲਸਾ ਉਭਰ ਆਈ ਸੀ। ਉਹ ਹੁਣੇ-ਹੁਣੇ ਚਾਚੀ ਦੇ ਖੇਤ ਵਿਚ ਨਿਕਲਿਆ ਪਾਣੀ ਵੇਖ ਕੇ ਆਈ ਸੀ। ਉਸ ਤੋਂ ਅੱਧਾ ਪਾਣੀ ਵੀ ਉਸ ਨੂੰ ਮਿਲ ਜਾਵੇ ਤਾਂ ਉਹ ਦਿਨ ਰਾਤ ਮਿਹਨਤ ਕਰਕੇ ਕਾਇਆ ਕਲਪ ਕਰ ਦੇਵੇਗੀ।
ਇਕ ਸੌ ਪੰਜਾਹ ਫੁੱਟ ਤੱਕ ਬੋਰ ਚਲਾ ਗਿਆ। ਪਾਣੀ ਦਾ ਨਾਂਅ ਨਿਸ਼ਾਨ ਨਹੀਂ। ਮਸ਼ੀਨ ਵਾਲੇ ਨੇ ਮਸ਼ੀਨ ਬੰਦ ਕਰਕੇ ਕਮਲਾ ਚਾਚੀ ਵੱਲ ਵੇਖਿਆ।
ਚਾਚੀ ਨੇ ਕਪੂਰੀ ਦੇ ਕੰਨ ਵਿਚ ਫੂਕ ਮਾਰੀ-ਦਸ ਹਜ਼ਾਰ ਰੁਪਏ ਪੂਰੇ ਹੋ ਗਏ ਕਪੂਰੀ। ਮਸ਼ੀਨ ਵਾਲਾ ਪੁੱਛ ਰਿਹਾ ਹੈ, ਅੱਗੇ ਵਧੀਏ ਕਿ ਨਹੀਂ।
ਕਪੂਰੀ ਚਾਚੀ ਨੂੰ ਹੈਰਾਨਕੁੰਨ ਢੰਗ ਨਾਲ ਦੇਖਦੀ ਰਹਿ ਗਈ, ਇਕ ਦਮ-ਚੁੱਪ। ਉਸ ਦੇ ਮੂੰਹ 'ਚੋਂ ਆਵਾਜ਼ ਨਹੀਂ ਨਿਕਲੀ। ਜਿਵੇਂ ਕਿ ਅਚਨਚੇਤ ਸ਼ਬਦ ਮੁੱਕ ਗਏ ਹੋਣ।
ਉਸ ਦੇ ਸੁੰਨ ਹੋਏ ਦਿਮਾਗ ਵਿਚ ਉਸ ਦੇ ਖੇਤ ਦੇ ਆਲੇ ਦੁਆਲੇ ਦੇ ਖੇਤਾਂ ਵਿਚ ਲਹਿਰਾਉਂਦੀ ਫਸਲ ਦਰਮਿਆਨ ਉਸ ਦਾ ਖੇਤ ਬੰਜਰ ਸੀ। ਕਿਸ਼ਨੇ ਦਾ ਖੂਹ ਤੋਂ ਉਸ ਦੀ ਮੋਟਰ ਹਟਾ ਦੇਣਾ ਯਾਦ ਆ ਗਿਆ। ਅਚਾਨਕ ਉਸ ਦਾ ਚਿਹਰਾ ਨਿਵੇਕਲੇ ਜਿਹੇ ਢੰਗ ਨਾਲ ਕੱਸਿਆ ਗਿਆ। ਜਿਹੜਾ ਸ਼ਾਇਦ ਉਸ ਨੂੰ ਅੰਦਰੋਂ ਮਜ਼ਬੂਤ ਬਣਾ ਰਿਹਾ ਸੀ। ਉਸ ਨੇ ਮਨ ਹੀ ਮਨ ਹਿਸਾਬ ਲਾਇਆ। ਚਾਰ ਬੱਕਰੀਆਂ, ਮਾਂ ਦੀ ਹੰਸਲੀ,  ਉਸਦਾ ਕੜਾ। ਹੋ ਜਾਵੇਗਾ।
''ਚਾਚੀ.... ....... ਪੰਜਾਹ ਫੁੱਟ ਹੋਰ ਜਾਣ ਦਿਓ।'' ਉਸ ਨੇ ਦ੍ਰਿੜਤਾ ਨਾਲ ਚਾਚੀ ਨੂੰ ਕਿਹਾ।
ਚਾਚੀ ਨੇ ਮਸ਼ੀਨ ਵਾਲੇ ਨੂੰ ਇਸ਼ਾਰਾ ਕੀਤਾ। ਮਸ਼ੀਨ ਫਿਰ ਚੱਲੀ।
ਪੰਜਾਹ ਫੁੱਟ ਵਧਣ ਬਾਅਦ ਵੀ ਕਪੂਰੀ ਦੇ ਹੱਥ ਪੱਥਰ ਹੀ ਪਏ।
ਨੇੜੇ ਤੇੜੇ ਘੁਸਰ-ਮੁਸਰ ਹੋਈ। ਇਕ ਸੌ ਫੁੱਟ ਹੋਰ ਡੂੰਘਾ ਜਾਇਆ ਜਾਵੇ ਤਾਂ ਪਾਣੀ ਨਿਕਲ ਹੀ ਆਵੇਗਾ। ਕੁੱਝ ਮਿੱਟੀ ਨਰਮ ਨਿਕਲ ਰਹੀ ਹੈ। ਕਪੂਰੀ ਦੇ ਕੁੱਝ ਹਿਤੂ ਬਜ਼ੁਰਗਾਂ ਨੇ ਉਸ ਨੂੰ ਸਮਝਾਇਆ। ਬੇਟਾ ਹੁਣ ਨਾ ਵਧਾ। ਕਿਸਮਤ ਵਿਚ ਜੋ ਹੈ ਉਸ ਨੂੰ ਹੀ ਆਪਣਾ ਸਮਝ। ਪਰ ਕਪੂਰੀ ਉਤੇ ਜਿਵੇਂ ਪਾਣੀ ਦਾ ਨਸ਼ਾ ਸਵਾਰ ਸੀ। ਪਾਣੀ ਤੋਂ ਬਿਨਾਂ ਉਸ ਨੂੰ ਆਪਣੇ ਬੱਚਿਆਂ ਦਾ ਭਵਿੱਖ ਹਨੇਰਾ ਲੱਗਿਆ। ਉਹ ਅੰਤਮ ਜੂਆ ਖੇਡਣ ਲਈ ਤਿਆਰ ਸੀ।
''ਸੋ ਫੁੱਟ ਤੱਕ ਹੋਰ ਜਾਣ ਦਿਓ ਚਾਚੀ।'' ਉਸਨੇ ਕਿਹਾ।
''ਪੈਸੇ ਕਿਥੋਂ ਲਿਆਏਂਗੀ, ਕਪੂਰੀ?'' ਚਾਚੀ ਵੀ ਹੈਰਾਨ ਸੀ।
''ਲੀਲਾ-ਪੀਲਾ ਹੈ ਨਾ।'' ਕਪੂਰੀ ਦੀ ਆਵਾਜ਼ ਵਿਚ ਅਜੀਬ ਜਿਹੀ ਖਰਖਰਾਹਟ ਸੀ। ਜਿਵੇਂ ਇਕ ਚਿੜਚਿੜੇ ਅਤੇ ਉਲਝੇ ਆਦਮੀ ਵਿਚ ਹੁੰਦੀ ਹੈ।
ਮਸ਼ੀਨ 100 ਫੁੱਟ ਹੋਰ ਚੱਲੀ ਪਰ ਕਪੂਰੀ ਦੀ ਕਿਸਮਤ ਨਹੀਂ ਬਦਲ ਸਕੀ। ਕੁੱਝ ਲੋਕ ਉਸਦੀ ਬੇਬਸੀ ਉਤੇ ਦੁੱਖੀ ਹੋ ਕੇ ਵਾਪਸ ਗਏ ਤਾਂ ਕੁੱਝ ਉਸ ਨੂੰ ਬੇਵਕੂਫ ਠਹਿਰਾ ਰਹੇ ਸਨ।
ਕਪੂਰੀ ਨੂੰ ਲੱਗ ਰਿਹਾ ਸੀ ਕਿ ਉਹ ਚੱਕਰ ਖਾ ਕੇ ਜ਼ਮੀਨ ਉਤੇ ਡਿਗ ਪਵੇਗੀ। ਉਸ ਨੇ ਚਾਚੀ ਦੇ ਮੋਢੇ 'ਤੇ ਹੱਥ ਰੱਖਿਆ। ਹੱਥ ਹੌਲੀ-ਹੌਲੀ ਕੰਬ ਰਹੇ ਸਨ। ਇਸ ਤਰ੍ਹਾਂ ਹੱਥ ਸਿਰਫ ਬੇਬਸੀ, ਗੈਰ ਯਕੀਨੀ, ਦੁੱਖ ਅਤੇ ਹਾਰ ਨਾਲ ਕੰਬਦੇ ਹਨ।
ਚਾਚੀ ਨੇ ਹੀ ਉਸ ਨੂੰ ਘਰ ਤੱਕ ਪਹੁੰਚਾਇਆ। ਉਸ ਰਾਤ ਉਨ੍ਹਾਂ ਦੇ ਘਰ ਰੋਟੀ ਨਹੀਂ ਬਣੀ।
ਪਿੰਡ ਵਿਚ ਬੜੇ ਮਹਾਰਾਜ ਦੇ ਘਰ ਉਸ ਰਾਤ ਅੱਧਾ ਪਿੰਡ ਬੈਠ ਕੇ ਟੈਲੀਵਿਜ਼ਨ ਦੇਖ ਰਿਹਾ ਸੀ। 'ਮਦਰ ਇੰਡੀਆ' ਫਿਲਮ ਆ ਰਹੀ ਸੀ। ਫਿਲਮ ਦੇ ਖਤਮ ਹੁੰਦਿਆਂ-ਹੁੰਦਿਆਂ ਫਿਲਮ ਦੀ ਨਾਇਕਾ ਨਰਗਿਸ ਨੂੰ ਦੇਖ ਕੇ ਪਿੱਛੇ ਬੈਠਾ ਕਿਸ਼ਨਾ ਕਹਿ ਰਿਹਾ ਸੀ-ਓਏ ਇਹ ਤਾਂ ਆਪਣੀ ਕਪੂਰੀ ਹੈ।
ਕਮਰਾ ਹਾਸੇ ਨਾਲ ਭਰ ਗਿਆ ਸੀ।
ਸਵੇਰੇ ਚਾਚੀ ਆਈ ਤਾਂ ਦੇਖਿਆ ਕਪੂਰੀ ਸ਼ਾਇਦ ਪੂਰੀ ਰਾਤ ਰੌਂਦੀ ਰਹੀ ਸੀ। ਉਸ ਦੀਆਂ ਅੱਖਾਂ ਸੁੱਜੀਆਂ ਹੋਈਆਂ ਸਨ। ਪੁਤਲੀਆਂ ਸਥਿਰ, ਨ੍ਹਾਸਾਂ ਲਾਲ ਅਤੇ ਬੁੱਲ ਜਿਵੇਂ ਇਕ ਦੂਜੇ ਨਾਲ ਜੁੜ ਗਏ ਸਨ।
ਚਾਚੀ ਨੇ ਕੋਲ ਬੈਠ ਕੇ ਸਮਝਾਇਆ-ਪੁੱਤ ਜਿੰਦਗੀ ਤਾਂ ਇਕ ਬਲਦ ਗੱਡੀ ਵਰਗੀ ਹੈ। ਇਕ ਝਟਕੇ ਨਾਲ ਇਸਦੇ ਤਖਤੇ ਵੀ ਹਿੱਲ ਜਾਂਦੇ ਹਨ। ਇਕ ਕਿੱਲ ਟੁੱਟ ਜਾਵੇ ਤਾਂ ਪਹੀਏ ਨਿਕਲ ਜਾਂਦੇ ਹਨ। ਇਸ ਨੂੰ ਯਤਨ ਕਰਕੇ ਸੰਭਾਲਣਾ ਪੈਂਦਾ ਹੈ। ਪ੍ਰੇਸ਼ਾਨ ਨਾ ਹੋ। ਆਪਣੇ ਆਪ ਨੂੰ ਸੰਭਾਲ। ਅਜੇ ਮਸ਼ੀਨ ਦਾ ਹਿਸਾਬ ਕਰ ਦੇ। ਮੇਰੇ ਖੇਤ ਤੋਂ ਪਾਣੀ ਲੈ ਲਈਂ। ਖਾਦ-ਬੀਜ ਮੈਂ ਦੇ ਦੇਵਾਂਗੀ। ਫਸਲ ਅੱਧੀ-ਅੱਧੀ ਕਰ ਲਵਾਂਗੇ।
ਚਾਚੀ ਦੇ ਘਰ ਮਸ਼ੀਨ ਵਾਲੇ ਦਾ ਹਿਸਾਬ ਹੋਇਆ। ਕੋਲ ਵਾਲੇ ਦਸ ਹਜ਼ਾਰ ਤੋਂ ਇਲਾਵਾ ਬੱਕਰੀ, ਕੜਾ, ਹੰਸਲੀ ਵੀ ਚਲੀ ਗਈ। ਫੇਰ ਵੀ ਵੀਹ ਹਜ਼ਾਰ ਬਕਾਇਆ। ਮਹੀਨੇ ਭਰ ਬਾਅਦ ਬੋਰ ਮਸ਼ੀਨ ਵਾਲਾ ਪੈਸੇ ਲੈਣ ਆ ਗਿਆ। ਕਿੱਥੋਂ ਲਿਆਵੇ ਪੈਸੇ ਕਪੂਰੀ। ਉਸ ਨੂੰ ਹੱਥਾਂ ਪੈਰਾਂ ਦੀ ਪੈ ਗਈ। ਪੈਸਿਆਂ ਦੀ ਜ਼ਮਾਨਤ ਕਮਲਾ ਚਾਚੀ ਨੇ ਲਈ ਸੀ, ਸੋ  ਚਾਚੀ ਵੀ ਪ੍ਰੇਸ਼ਾਨ।
ਸਮੱਸਿਆ ਸੁਲਝਾਈ ਚਾਚੀ ਦੇ ਬੇਟੇ ਨੇ। ਉਹ ਕਪੂਰੀ ਨੂੰ ਲੈ ਕੇ ਨੇੜਲੇ ਬੈਂਕ ਗਿਆ। ਪੰਜ ਏਕੜ ਜ਼ਮੀਨ ਉਤੇ ਬੜੀ ਮੁਸ਼ਕਲ ਨਾਲ ਵੀਹ ਹਜ਼ਾਰ ਦਾ ਕਰਜ਼ਾ ਮਿਲਿਆ। ਉਹ ਵੀ ਮਹੀਨਾ ਪੱਕਾ ਚੱਕਰ ਕੱਢਣ ਤੋਂ ਬਾਅਦ। ਚਾਚੀ ਦੇ ਮੁੰਡੇ ਦੀ ਬੈਂਕ ਵਿਚ ਜਾਣ ਪਹਿਚਾਣ ਨਾ ਹੁੰਦੀ ਤਾਂ ਇਹ ਵੀ ਸੰਭਵ ਨਹੀਂ ਸੀ।
ਹਾਲ ਦੀ ਘੜੀ ਬੋਰ ਮਸ਼ੀਨ ਦਾ ਕਰਜ਼ਾ ਤਾਂ ਉਤਰ ਗਿਆ ਸੀ ਪਰ  ਬੈਂਕ ਦਾ ਚੜ੍ਹ ਗਿਆ, ਉਹ ਵੀ ਵਿਆਜ ਦੇ ਨਾਲ।
ਚਾਚੀ ਦੇ ਬੋਰ ਤੋਂ ਪਾਣੀ ਮਿਲਦਿਆਂ ਹੀ ਕਪੂਰੀ ਨੇ ਜੀਅ ਜਾਨ ਲਾ ਦਿੱਤੀ। ਕਣਕ ਦੀ ਚੰਗੀ ਫਸਲ ਦੇਖ ਕੇ ਉਹ ਬੋਰ ਦੇ ਦੁੱਖ ਨੂੰ ਭੁੱਲ ਜਿਹਾ ਗਈ। ਪਾਣੀ ਨੇ ਫਸਲ ਨੂੰ ਜੀਵਨ ਦਿੱਤਾ ਸੀ ਅਤੇ ਹਰਿਆਲੀ ਫਸਲ ਲਈ, ਕਪੂਰੀ ਦੀ ਆਸ ਨੂੰ ਬੂਰ ਪਾ ਦਿੱਤਾ।
ਮੌਸਮ ਇੰਨਾ ਬਦਲ ਗਿਆ ਕਿ ਕੁੱਝ ਹੀ ਦਿਨਾਂ ਵਿਚ ਕਣਕ ਦੇ ਸਿੱਟੇ ਵਧਣ ਲੱਗੇ ਸੀ ਅਤੇ ਰੰਗ ਬਦਲਣ ਲੱਗ ਪਿਆ ਸੀ। ਸੁੱਕੀਆਂ ਭੂਰੀਆਂ ਟਹਿਣੀਆਂ ਉਤੇ ਹਰਿਆਲੀ ਦਿਸਣ ਲੱਗੀ। ਦਿਨ ਵਿਚ ਤਪਸ਼ ਸੀ ਪਰ ਰਾਤਾਂ ਠੰਡੀਆਂ।
ਲਹਿਲਹਾਉਂਦੀ ਫਸਲ ਦਾ ਕੁੱਝ ਅਜਿਹਾ ਨਸ਼ਾ ਸੀ ਕਿ ਅੱਧੇ ਪਿੰਡ ਦੇ ਲੋਕ ਉਸ ਵਿਚ ਮਸਤ ਸਨ। ਕੁੱਝ ਤਾਂ ਕੰਮ ਵਿਚ ਰੁੱਝੇ ਪਰ ਕੁੱਝ ਬਿਨਾਂ ਕਿਸੇ ਕੰਮ ਦੇ ਹੀ ਸ਼ਹਿਰ ਘੁੰਮਣ ਚਲੇ ਜਾਂਦੇ। ਕੋਈ ਸ਼ੱਕਰ-ਚਾਹ ਲਿਆਉਣ ਦੇ ਬਹਾਨੇ ਤਾਂ ਕੋਈ ਵਿਆਹ ਸ਼ਾਦੀ ਦੇ ਕੱਪੜੇ ਟੱਲੇ ਖਰੀਦਣ ਦੇ ਬਹਾਨੇ। ਰਾਤ ਨੂੰ ਖੇਤਾਂ ਵਿਚ ਘੁੰਮਦੇ ਮੁੰਡਿਆਂ ਦੇ ਗੀਤਾਂ ਦੇ ਬੋਲਾਂ ਨਾਲ ਲੋਕਾਂ ਦਾ ਮਨ ਖੁਸ਼ੀ ਨਾਲ ਚਹਿਕ ਉਠਦਾ। ਚੇਤ ਵਿਚ ਹੋਣ ਵਾਲੇ ਵਿਆਹਾਂ ਦੇ ਕਾਰਨ ਘਰਾਂ-ਵਿਹੜਿਆਂ ਵਿਚ ਗੀਤ ਗੂੰਜਣ ਲੱਗੇ ਸੀ।
ਕਪੂਰੀ ਬਜਾਰ ਤੋਂ ਪਰਤੀ ਸੀ। ਉਹ ਇਕ ਧੁੰਦਲੀ ਸ਼ਾਮ ਸੀ। ਲੱਗਦਾ ਸੀ ਰਾਤ ਸਮੇਂ ਨਾਲ ਹੀ ਉਤਰ ਆਵੇਗੀ। ਕਪੂਰੀ ਵਿਹੜੇ ਵਿਚ ਹੀ ਮੰਜੀ ਡਾਹ ਕੇ ਲੰਮੀ ਪੈ ਗਈ। ਚਿੰਤਾ ਉਲਝਣਾ ਵਿਚ ਘਿਰੀ ਨੂੰ ਉਸ ਨੂੰ ਪਤਾ ਨਹੀਂ ਕਦੋਂ ਨੀਂਦ ਆ ਗਈ, ਯਾਦ ਨਹੀਂ।
ਅਜੇ ਪਹਿਰ ਭਰ ਰਾਤ ਹੀ ਬੀਤੀ ਹੋਵੇਗੀ ਕਿ ਕਪੂਰੀ ਨੂੰ ਲੱਗਿਆ ਜਿਵੇਂ ਕਿਸੇ ਨੇ ਧੱਕਾ ਦੇ ਕੇ ਮੰਜੀ ਤੋਂ ਹੇਠਾਂ ਸੁੱਟ ਦਿੱਤਾ ਹੋਵੇ। ਅੱਖਾਂ ਖੋਲੀਆਂ ਤਾਂ ਵੇਖਿਆ ਚਾਰ ਚੁਫੇਰੇ ਕਾਲਾ ਗਾੜ੍ਹਾ ਹਨੇਰਾ ਫੈਲਿਆ ਸੀ ਅਤੇ ਜ਼ੋਰਾਂ ਨਾਲ ਹਵਾ ਚਲ ਰਹੀ ਸੀ। ਘਬਰਾ ਕੇ ਮੰਜੀ ਤੋਂ ਉਠ ਕੇ ਘਰ ਵੱਲ ਭੱਜੀ। ਤਖਤੇ ਨਾਲ ਪਿੱਠ ਢੋਹਕੇ ਬੈਠ ਗਈ ਤਾਂ ਇੰਨੀ ਜ਼ੋਰਦਾਰ ਕੜਾਕਾ ਸੁਣਿਆ ਜਿਵੇਂ ਘਰ ਦੇ ਉਪਰ ਹੀ ਬਿਜਲੀ ਡਿੱਗੀ ਹੋਵੇ। ਉਹ ਪਿੱਛੇ ਵੱਲ ਨਿਕਲੀ। ਖੇਤਾਂ ਵੱਲ ਵੇਖਿਆ ਤਾਂ ਬਿਜਲੀ ਦੀ ਚਮਕ ਨਾਲ ਅੱਖਾਂ ਚੁੰਧਿਆ ਕੇ ਮੀਚੀਆਂ ਗਈਆਂ। ਉਸ ਨੇ ਸਿਰ ਗੋਡਿਆਂ ਵਿਚ ਲੁਕਾ ਲਿਆ।
ਥੋੜੀ ਦੇਰ ਬਾਅਦ ਉਸ ਨੂੰ ਲੱਗਿਆ ਕਿ ਛੱਤ ਉਤੇ ਖੜਕਾ ਵੱਧ ਰਿਹਾ ਹੈ। ਜਿਵੇਂ ਛੱਤ ਨੂੰ ਹੀ ਡਿਗਾ ਦੇਵੇਗਾ। ਉਸ ਨੇ ਘਬਰਾ ਕੇ ਦਰਵਾਜਾ ਖੋਲਿਆ। ਸਰਦਲ ਲੰਘਦਿਆਂ ਹੀ ਲੱਗਿਆ ਜਿਵੇਂ ਪੈਰ ਵਿਚ ਕੁੱਝ ਠੰਡਾ ਜਿਹਾ ਚੁਭ ਗਿਆ ਹੈ। ਉਦੋਂ ਹੀ ਬਿਜਲੀ ਲਿਸ਼ਕੀ ਤਾਂ ਦੇਖਿਆ ਕਿ ਬਾਹਰ ਤਾਂ ਧਰਤੀ ਗੜਿਆਂ ਨਾਲ ਚਿੱਟੀ ਹੋ ਗਈ ਸੀ। ਕਪੂਰੀ ਦੇ ਜਿਵੇਂ ਹੋਸ਼ ਹੀ ਉਡ ਗਏ।
ਇਸ ਵਾਰ ਬਿਜਲੀ ਦੀ ਲਿਸ਼ਕ ਨਾਲ ਭਿਅੰਕਰ ਕੜਾਕੇ ਫੇਰ ਸੁਣਾਈ ਦਿੱਤੇ ਤਾਂ ਕਪੂਰੀ ਨੂੰ ਪੱਕ ਰਹੀ ਕਣਕ ਦੀ ਫਸਲ ਦੀ ਬਰਬਾਦੀ ਦਾ ਖਿਆਲ ਆਇਆ। ਉਹ ਚੀਖ ਉਠੀ।
''ਮਾਂ ਵੇਖ ਪਾਈਆ-ਪਾਈਆ ਦੇ ਗੜ੍ਹੇ ਡਿੱਗ ਰਹੇ ਹਨ। ਇਹ ਤਾਂ ਸਭ ਬਰਬਾਦ ਕਰ ਦੇਣਗੇ।'' ਕੰਬਲ ਵਿਚ ਲਿਪਟੀ ਮਾਂ ਨੂੰ ਉਸ ਨੇ ਝੰਜੋੜਦਿਆਂ ਕਿਹਾ।
ਮਾਂ ਉਠ ਕੇ ਬੁੜਬੁੜਾਉਣ ਲੱਗੀ-ਕਿਉਂ ਸਰਵਨਾਸ਼ ਕਰ ਰਿਹਾ ਹੈਂ ਕਰਤਾਰ। ਤੇਰੀਆਂ ਤੂੰ ਹੀ ਜਾਣੇ, ਤੇਰੀਆਂ ਤੂੰ ਹੀ ਜਾਣੇਂ ਕਰਤਾਰ।
ਕਪੂਰੀ ਨੂੰ ਖਿਆਲ ਆਇਆ ਲੀਲਾ-ਪੀਲਾ ਬਾਹਰ ਕੋਠੇ ਵਿਚ ਬੱਝੇ ਹਨ। ਉਹ ਉਧਰ ਭੱਜੀ। ਲੀਲਾ-ਪੀਲਾ ਨੂੰ ਖੋਲ ਕੇ ਸਾਹਮਣੇ ਵਾਲੇ ਅੰਦਰ ਬੰਨ੍ਹ ਆਈ। ਕੱਪੜੇ ਭਿੱਜ ਗਏ ਸਨ ਅਤੇ ਸਰੀਰ ਉਤੇ ਜਿਵੇਂ ਸ਼ੈਂਟੇ ਪਏ ਹੋਣ। ਠੰਡ ਐਨੀ ਲੱਗੀ ਕਿ ਦੰਦ ਵੱਜ ਰਹੇ ਸਨ। ਪਰ ਉਸ ਦਾ ਧਿਆਨ ਗੜਿਆਂ ਦੇ ਖੜਕੇ ਵੱਲ ਲੱਗਿਆ ਸੀ - ਜਿਵੇਂ ਸਾਰੇ ਉਸ ਦੇ ਮੁਨਾਏ ਸਿਰ ਉਤੇ ਹੀ ਡਿੱਗ ਰਹੇ ਹੋਣ।
ਵਾਰ ਵਾਰ ਬਿਜਲੀ ਲਿਸ਼ਕ ਰਹੀ ਸੀ। ਜਿੰਨੀ ਵਾਰ ਵੀ ਬਿਜਲੀ ਲਿਸ਼ਕਦੀ ਕਪੂਰੀ ਬਹੁਤ ਜ਼ਿਆਦਾ ਡਰ ਜਾਂਦੀ। ਜਿੰਨੇ ਜ਼ਿਆਦਾ ਗੜਿਆਂ ਦੀ ਖੜਾਕ ਸੁਣਦੀ ਉਨੀ ਹੀ ਉਸ ਨੂੰ ਘਬਰਾਹਟ ਤੇ ਖਿਝ ਆਉਂਦੀ।
ਹੌਲੀ-ਹੌਲੀ ਆਵਾਜ਼ ਘਟਣ ਲੱਗੀ ਅਤੇ ਕੁੱਝ ਹੀ ਪਲ ਬਾਅਦ ਇੰਝ ਲੱਗਾ ਜਿਵੇਂ ਛੋਟੀਆਂ ਛੋਟੀਆਂ ਬੂੰਦਾਂ ਦੀ ਬਾਰਸ਼ ਹੋਣ ਲੱਗ ਪਈ ਹੋਵੇ। ਥੋੜੀ ਦੇਰ ਬਾਅਦ ਉਸਨੇ ਦਰਵਾਜੇ ਵੱਲ ਦੇਖਿਆ ਤਾਂ ਲੱਗਿਆ ਜਿਵੇਂ ਬਾਹਰ ਚਾਨਣਾ ਹੋਣਾ ਸ਼ੁਰੂ ਹੋ ਰਿਹਾ ਸੀ।
ਦਿਨ ਚੜ੍ਹਦੇ ਹੀ ਜਦੋਂ ਲੋਕ ਖੇਤਾਂ ਦੀ ਖਬਰ ਲੈਣ ਪਹੁੰਚੇ ਤਾਂ ਤਰਾਹੀ-ਤਰਾਹੀ ਕਰਨ ਲੱਗੇ। ਕੁੱਝ ਖੇਤ ਤਾਂ ਗੜਿਆਂ ਨਾਲ ਇੰਨੇ ਜ਼ਿਆਦਾ ਬਰਬਾਦ ਹੋ ਗਏ ਸਨ ਕਿ ਕੁੱਝ ਵੀ ਨਹੀਂ ਬਚ ਸਕਿਆ ਸੀ। ਕੁੱਝ ਥੋੜੇ ਬਹੁਤੇ ਬਚ ਗਏ ਸਨ। ਦੱਖਣ ਵਾਲੇ ਪਾਸੇ ਦੇ ਖੇਤਾਂ ਦਾ ਨੁਕਸਾਨ ਕਾਫੀ ਘੱਟ ਹੋਇਆ ਸੀ। ਜ਼ਿਆਦਾ ਮਾਰ ਉਤਰ ਵਾਲੇ ਪਾਸੇ ਪਈ ਸੀ। ਇੱਧਰ ਕਪੂਰੀ ਤੇ ਕਿਸ਼ਨਾ ਦੇ ਖੇਤ ਸਨ।
ਪਿੰਡ ਦੇ ਘਰਾਂ, ਗਲੀਆਂ ਅਤੇ ਖੇਤਾਂ ਵਿਚ ਗੜਿਆਂ ਨਾਲ ਬਰਬਾਦੀ ਤੋਂ ਇਲਾਵਾ ਹੋਰ ਕੋਈ ਗੱਲ ਹੀ ਨਹੀਂ ਸੁੱਝਦੀ ਸੀ। ਵਾਰ ਵਾਰ ਉਹ ਹੀ ਗੱਲਾਂ ਦੁਹਰਾਈਆਂ ਜਾ ਰਹੀਆਂ ਸਨ ਜਿਹੜੀਆਂ ਪਿਛਲੇ ਚਾਰ-ਪੰਜ ਦਿਨਾਂ ਵਿਚ ਦੰਦਾਂ ਨਾਲ ਪੀਹ-ਪੀਹ ਕੇ ਮੈਦਾ ਬਣਾ ਦਿੱਤੀਆਂ ਗਈਆਂ ਸਨ।
ਕਪੂਰੀ ਆਪਣੀ ਫਸਲ ਵੇਖ ਕੇ ਆਈ ਤਾਂ ਕਮਲਾ ਚਾਚੀ ਕੋਲ ਬੈਠ ਕੇ ਬਹੁਤ ਰੋਈ। ਇਹ ਕਿਹਾ ਭਗਵਾਨ ਹੈ ਚਾਚੀ। ਹਾੜ੍ਹ ਜੇਠ ਦੀ ਗਰਮੀ ਵਿਚ ਸਭ ਨੂੰ ਸਾੜਦਾ ਹੈ ਅਤੇ ਸੌਣ-ਭਾਦੋਂ ਉਸ ਨੂੰ ਹਰਿਆਲਾ ਕਰਨ ਲਈ ਮੋਹਲੇਧਾਰ ਮੀਂਹ ਪਾਉਂਦਾ ਹੈ। ਆਪਣੇ ਆਪ ਜੰਗਲ ਵਿਚ  ਵੇਲਾਂ ਉਗਾ ਦਿੰਦਾ ਹੈ ਅਤੇ ਫੇਰ ਖੁਦ ਬਾਸਾਂ ਦੀ ਰਗੜ ਨਾਲ ਉਨ੍ਹਾਂ ਨੂੰ ਅੱਗ ਲਾ ਕੇ ਸਵਾਹ ਕਰ ਦਿੰਦਾ ਹੈ। ਆਪਣੇ ਆਪ ਚੁਰਾਸੀ ਲੱਖ ਜੂਨਾਂ ਪੈਦਾ ਕਰਦਾ ਹੈ ਖੁਦ ਹੀ ਉਨ੍ਹਾਂ ਨੂੰ ਮਾਰ ਦਿੰਦਾ ਹੈ। ਜਿੰਦਾ ਰੱਖਣ ਲਈ ਪੇਟ ਦਿੰਦਾ ਹੈ ਅਤੇ ਗੜੇ ਸੁੱਟ ਕੇ ਸਾਰੀ ਫਸਲ ਬਰਬਾਦ ਕਰ ਦਿੰਦਾ ਹੈ।
ਕਪੂਰੀ ਨੂੰ ਨਾ ਖਾਣਾ ਚੰਗਾ ਲੱਗਦਾ ਸੀ ਨਾ ਨੀਂਦ ਆਉਂਦੀ ਸੀ। ਪੰਜਾਂ-ਛੇਆਂ ਦਿਨਾਂ ਤੋਂ ਫਸਲ ਦੀ ਬਰਬਾਦੀ ਦੀ ਚਿੰਤਾ ਦੇ ਬਿਨਾਂ ਹੋਰ ਕੁੱਝ ਸੁਝਦਾ ਹੀ ਨਹੀਂ ਸੀ। ਉਹ ਖੇਤ ਦੇ ਦੂਜੇ ਸਿਰੇ ਉਤੇ ਜਾ ਕੇ ਟੁੱਟੇ ਸਿੱਟਿਆਂ ਅਤੇ ਖਿਲਰੇ ਕਣਕ ਦੇ ਨਾੜ ਨੂੰ ਇਕ ਇਕ ਕਰਕੇ ਚੁੱਗਦੀ ਸੀ। ਲੋਕਾਂ ਤੋਂ ਨਜ਼ਰ ਲੁਕਾ ਕੇ ਰੋਂਦੀ ਰਹਿੰਦੀ ਸੀ। ਸਿੱਟੇ ਅਤੇ ਟੁੱਟੇ ਨਾੜ ਨੂੰ ਇਸ ਤਰ੍ਹਾਂ ਸਿੱਧਾ ਕਰਕੇ ਦੇਖਦੀ ਰਹਿੰਦੀ ਜਿਵੇਂ ਕਿਸੇ ਕੈਂਸਰ ਦੇ ਮਰੀਜ ਦੇ ਝੜ ਕੇ ਡਿੱਗੇ ਵਾਲਾਂ ਨੂੰ ਭੈਣ-ਭਰਾ ਪਲੋਸਦੇ ਹਨ।
ਕਪੂਰੀ ਦਾ ਮਨ ਇੰਨਾ ਬੇਚੈਨ ਹੋ ਗਿਆ ਸੀ ਕਿ ਪਤਾ ਨਹੀਂ ਚੱਲਦਾ ਹੁਣ ਕੀ ਕਰੇ ਤੇ ਕੀ ਨਾ ਕਰੇ।
ਵਾਰ ਵਾਰ ਸਿਲ੍ਹੀਆਂ ਹੁੰਦੀਆਂ ਅੱਖਾਂ ਨੂੰ ਲੁਕਾਉਂਦੀ ਹੋਈ ਕਪੂਰੀ ਘਰ ਪਰਤੀ ਸੀ।
ਬਾਹਰ ਮੋਟਰ ਸਾਇਕਲ ਖੜਾ ਦੇਖ ਘਬਰਾਈ। ਮੋਟਰ ਪੰਪ ਵਾਲਾ ਸੇਠ ਬਾਹਰ ਤੋਂ ਆਇਆ ਸੀ। ਕਪੂਰੀ ਦੀਆਂ ਮਿੰਨਤਾਂ ਅਤੇ ਗੜਿਆਂ ਨਾਲ ਹੋਈ ਫਸਲ ਦੀ ਬਰਬਾਦੀ ਦੀ ਵਿੱਥਿਆ ਦਾ ਵੀ ਉਸ 'ਤੇ ਕੋਈ ਅਸਰ ਨਾ ਹੋਇਆ। ਉਹ ਕਹਿਣ ਲੱਗਾ-ਚਾਹੇ ਇਕ-ਦੋ ਦਿਨ ਵੀ ਮੈਨੂੰ ਠਹਿਰਨਾ ਪਵੇ, ਐਤਕੀਂ ਪੈਸੇ ਲੈ ਕੇ ਹੀ ਮੁੜਾਂਗਾ।
ਸੇਠ ਬੜੇ ਮਹਾਰਾਜ ਦੇ ਘਰ ਰਾਤ ਠਹਰਿਆ ਸੀ। ਕਪੂਰੀ ਅੱਧੀ ਰਾਤ ਤੱਕ ਪੈਸਿਆਂ ਦੇ ਇੰਤਜਾਮ ਲਈ ਪਿੰਡ ਘੁੰਮਦੀ ਰਹੀ। ਕੋਈ ਜੁਗਾੜ ਨਹੀਂ ਹੋ ਸਕਿਆ।
ਸਵੇਰੇ ਸੇਠ ਆਇਆ ਤਾਂ ਕਪੂਰੀ ਦਾ ਮੂੰਹ ਲਟਕਿਆ ਹੋਇਆ ਸੀ। ਸੇਠ ਨੇ ਕੋਠੇ 'ਚੋਂ ਲੀਲਾ-ਪੀਲਾ ਦੇ ਰੱਸੇ ਖੋਲ੍ਹੇ ਅਤੇ ਉਨ੍ਹਾ ਨੂੰ ਲੈ ਤੁਰਿਆ।
ਕਪੂਰੀ ਦਾ ਕਾਲਜਾ ਫਟ ਰਿਹਾ ਸੀ। ਉਹ ਜਾਂਦੇ ਹੋਏ ਬਲਦਾਂ ਨਾਲ ਅੱਖ ਨਹੀਂ ਮਿਲਾ ਸਕ ਰਹੀ ਸੀ। ਬਸੰਤੇ ਦੇ ਮਰਨ ਤੋਂ ਬਾਅਦ ਇਨ੍ਹਾਂ ਦੋਹਾਂ ਬਲਦਾਂ ਨੇ ਹੀ ਉਸਦੀ ਕਿਸ਼ਤੀ ਪਾਰ ਲਾਈ ਸੀ। ਉਨ੍ਹਾਂ ਨੂੰ ਜਾਂਦਾ ਦੇਖ ਕੇ ਉਹ ਜਾਰ-ਜਾਰ ਰੋਣ ਲੱਗੀ।
ਇਸ ਤੋਂ ਬਾਅਦ ਦੀ ਘਟਨਾ ਮੈਂ ਤੁਹਾਨੂੰ ਨਹੀਂ ਦੱਸ ਸਕਦਾ। ਮੈਂ ਸ਼ੁਰੂ ਵਿਚ ਹੀ ਕਿਹਾ ਸੀ ਕਿ ਮੈਂ ਕਦੇ ਕਦੇ ਘਟਨਾਵਾਂ ਤੋਂ ਇਕ ਦਮ ਗਾਇਬ ਹੋ ਜਾਂਦਾ ਹਾਂ।
ਦੋ-ਤਿੰਨ ਸਾਲ ਤੱਕ ਮੈਂ ਕਪੂਰੀ ਦੀਆਂ ਘਟਨਾਵਾਂ ਤੋਂ ਦੂਰ ਰਿਹਾ। ਕਿਸੇ ਹੋਰ ਦੀ ਜਿੰਦਗੀ ਦੀਆਂ ਘਟਨਾਵਾਂ ਦੀ ਪੁਣ-ਛਾਣ ਕਰ ਰਿਹਾ ਸੀ।
ਹਾਂ, ਲਗਭਗ ਤਿੰਨ ਸਾਲ ਬਾਅਦ ਕਿਸੇ ਹਾਟ-ਬਜਾਰ ਵਿਚ ਮੈਂ ਕਿਸ਼ਨੇ ਦੀਆਂ ਗੱਲਾਂ ਸੁਣੀਆਂ ਹਨ। ਉਹ ਆਪਣੇ ਯਾਰ ਨੂੰ ਹੱਸਦਿਆਂ ਹੋਇਆ ਕਪੂਰੀ ਬਾਰੇ ਦੱਸ ਰਿਹਾ ਸੀ-
''ਯਾਰ ਬੈਂਕ ਦਾ ਕਰਜਾ ਕਦੇ ਵੀ ਨਾ ਲਇਓ। ਫਸਲ-ਪਾਣੀ ਦਾ ਕੋਈ ਭਰੋਸਾ ਨਹੀਂ। ਇਹ ਕਰਜਾ ਜਾਂ ਤਾਂ ਜ਼ਮੀਨ ਖਾਂਦਾ ਹੈ ਜਾਂ ਜਾਨ ਲੈ ਲੈਂਦਾ ਹੈ। ਸਾਡੇ ਪਿੰਡ ਦੀ ਕਪੂਰੀ ਨੂੰ ਜਾਣਦਾ ਹੈਂ। ਉਹੀ ਮੇਰੇ ਖੇਤ ਦੇ ਨੇੜਲੀ। ਬੈਂਕ ਦਾ ਕਰਜਾ ਵਾਪਸ ਨਹੀਂ ਕਰ ਸਕੀ। ਕੱਲ ਸਾੜੀ ਦਾ ਪੱਲਾ ਗਰਦਨ ਵਿਚ ਫਸਾ ਕੇ ਲਟਕ ਗਈ ਸਾਲੀ ਵੱਡੇ ਅੰਬ ਦੇ ਦਰੱਖਤ ਨਾਲ। ਮੈਂ ਤਾਂ ਦੇਖ ਕੇ ਡਰ ਗਿਆ, ਭਾਈ। ਮਦਰ ਇੰਡੀਆ ਨੰਬਰ ਦੋ ਦੀ ਪੂਰੀ ਜੀਭ  ਬਾਹਰ ਨਿਕਲੀ ਹੋਈ ਸੀ।''



ਗ਼ਜ਼ਲ
- ਜਤਿੰਦਰ ਭਨੋਟ
 

ਲੋਕਾਂ ਦੇ ਜਦ ਸੁਪਨੇ ਫੂਕੇ ਜਾਂਦੇ ਨੇ।
ਫਿਰ ਰਾਜੇ ਦੇ ਪੁਤਲੇ ਫੂਕੇ ਜਾਂਦੇ ਨੇ।
ਐਟਮ ਬੰਬਾਂ ਦੇ ਚਰਚੇ ਜਦ ਚੱਲਣ ਗੇ
ਰੋਟੀ ਵਾਲੇ ਨੁਕਤੇ ਫੂਕੇ ਜਾਂਦੇ ਨੇ।
ਚੋਰੀ ਸੀਨਾ ਜੋਰੀ ਹਾਕਮ ਹੈ ਕਰਦਾ
ਮੁੱਦਾ ਭਟਕੇ ਗੁਟਕੇ ਫੂਕੇ ਜਾਂਦੇ ਨੇ।
ਧਰਮਾਂ ਤੋਂ ਅੱਗ ਫੜੀ ਹੈ ਠੇਕੇਦਾਰਾਂ ਨੇ
ਭਾਰਤ ਦੇ ਵਿਚ ਬੁਰਕੇ ਫੂਕੇ ਜਾਂਦੇ ਨੇ।
ਮਟਕਾ ਚੌਕ ਬਣੇ ਮਕਤਲ ਜਦ ਲੋਕਾਂ ਦਾ
ਫਿਰ ਡਿਗਰੀ ਤੇ ਨੁਸਖੇ ਫੂਕੇ ਜਾਂਦੇ ਨੇ।
ਜੰਗੋਂ ਪਹਿਲਾਂ ਜਿੱਥੇ ਮਹਿਫਲ ਸੀ ਜੁੜਦੀ
ਹੁਣ ਉਸ ਥਾਂ 'ਤੇ ਮੁਰਦੇ ਫੂਕੇ ਜਾਂਦੇ ਨੇ।
ਆਡਰ ਬਾਡਰ ਨੇਤਾ ਦੇਣ ਭਨੋਟ ਜਦੋਂ
ਸਰਹੱਦਾਂ 'ਤੇ ਗੁਰਬੇ ਫੂਕੇ ਜਾਂਦੇ ਨੇ


ਗ਼ਜ਼ਲ
- ਮੱਖਣ ਕੁਹਾੜ
ਤੁਰੇ ਨਹੀਂ ਸਾਂ ਤਾਂ ਲੱਗਦਾ ਸੀ ਕਿ ਸਾਨੂੰ ਰਾਹ ਨਹੀਂ ਲੱਭਣਾ
ਤੁਰੇ ਹਾਂ ਤਾਂ ਇਵੇਂ ਲੱਗਦੈ ਕਿ ਹੁਣ ਰਸਤਾ ਨਹੀਂ ਭੁੱਲਣਾ।
ਖਲਾਰੇ ਚੋਗ ਚਿੜੀਆਂ ਲਈ, ਪਰੇਰੇ ਬਾਜਾਂ ਨੂੰ ਓਧਰ,
ਸ਼ਿਕਾਰੀ ਬਣ ਗਿਐ ਮਾਲੀ, ਕਿਵੇਂ ਚਿੜੀਆਂ ਨੇ ਹੈ ਬਚਣਾ?
ਕਰਾਂ ਮੈਂ ਕਿਸ ਤਰ੍ਹਾਂ ਇਤਬਾਰ ਤੇਰੇ ਡੌਲ਼ਿਆਂ ਉਤੇ,
ਕਿ ਜਦ ਵੀ ਫਰਕਣੇ ਨੇ ਇਹ, ਹੈ ਮੇਰਾ ਹੀ ਲਹੂ ਡੁੱਲਣਾ।
ਚਿਤਵ ਨਾ ਪੀਂਘ ਸੱਤ ਰੰਗੀ, ਨਾ ਬੱਦਲਾਂ ਨਾਲ ਲਾ ਯਾਰੀ,
ਤੂੰ ਕਰ ਮਜ਼ਬੂਤ ਖੰਭ ਆਪਣੇ, ਮੁਖਾਲਫ ਵਾ 'ਚ ਸਿੱਖ ਉਡਣਾ।
ਕਹੋ ਵਾਵਾਂ ਨੂੰ ਫੁੱਲ੍ਹਾਂ ਨੂੰ, ਨਿਯਮ ਬਦਲੇ ਨੇ ਰੁੱਤਾਂ ਦੇ,
ਜੇ ਰਹਿਣੈ ਵਾਦੀਆਂ ਵਿਚ, ਤਾਂ ਪਊ ਮੁਤਾਬਕ ਉਸ ਦੇ ਹੀ ਢਲਣਾ
ਤਲਾਵਾਂ ਜਿਹੜਿਆਂ ਵਿਚ ਤੂੰ ਮਗਰਮੱਛ ਪਾਲ ਰੱਖੇ ਨੇ,
ਤੂੰ ਕਿੰਨਾ ਵੀ ਕਹੇਂ ਬੇਸ਼ਕ, ਅਸਾਂ ਉਹਨਾਂ 'ਚ ਨਈਂ ਨ੍ਹਾਉਣਾਂ।
ਸਿਵਾਏ 'ਕੇਸਰੀ' ਫੁੱਲਾਂ ਦੇ ਕੋਈ ਫੁੱਲ ਉਗਾਉਂਦਾ ਨਈਂ,
ਨਾ ਮਾਲੀ ਬਦਲਿਆ ਤਾਂ ਹੋਰ ਫੁੱਲਾਂ ਨੇ ਨਹੀਂ ਬਚਣਾ।

No comments:

Post a Comment