Friday 3 November 2017

ਮੇਲਾ ਗ਼ਦਰੀ ਬਾਬਿਆਂ ਦਾ

ਗ਼ਦਰੀ ਬਾਬਿਆਂ ਨੇ 1 ਨਵੰਬਰ 1913 ਨੂੰ ਗ਼ਦਰ ਨਾਂਅ ਦੇ ਅਖ਼ਬਾਰ ਦੀ ਸ਼ੁਰੂਆਤ ਕੀਤੀ ਜਿਸਦੇ ਨਾਂਅ ਉੱਪਰ ਹੀ ਉਨ੍ਹਾਂ ਦੀ ਪਾਰਟੀ ਦਾ ਨਾਂਅ ਪੈ ਗਿਆ। ਪਹਿਲੀ ਸੰਸਾਰ ਜੰਗ ਛਿੜਦਿਆਂ ਹੀ 8000 ਤੋਂ ਵੀ ਵੱਧ ਗ਼ਦਰੀਆਂ ਨੇ ਭਾਰਤ ਨੂੰ ਸਾਮਰਾਜੀਆਂ ਤੋਂ ਆਜਾਦੀ ਲੈਣ ਲ਼ਈ ਹੱਥਿਆਰਬੰਦ ਗ਼ਦਰ ਸ਼ੁਰੂ ਕੀਤਾ। ਗ਼ਦਰ ਸ਼ਬਦ ਉਨ੍ਹਾਂ ਨੇ ਇਨਕਲਾਬ ਦੇ ਅਰਥਾਂ ਵਿਚ ਵਰਤਿਆ। ਗ਼ਦਰ ਭਾਵੇਂ ਸਫ਼ਲ ਨਹੀਂ ਹੋ ਸਕਿਆ ਪਰ ਗਦਰੀਆਂ ਵਲੋਂ ਲਏ ਆਜਾਦੀ ਦੇ ਸੁਪਨੇ ਅਤੇ ਜਾਤ-ਜਮਾਤ ਰਹਿਤ ਬਰਾਬਰੀ ਦੇ ਸਮਾਜ ਦੇ ਖੁਆਬ ਅੱਜ ਵੀ ਪ੍ਰਸੰਗਿਕ ਹਨ ਵਿਸ਼ੇਸ਼ ਕਰ ਕੇ ਉਨ੍ਹਾਂ ਦੀ ਗੈਰਸੰਪ੍ਰਦਾਇਕ ਸੋਚ ਦੀ ਅੱਜ ਪਹਿਲਾਂ ਨਾਲ਼ੋਂ ਵੀ ਵਧੇਰੇ ਲੋੜ ਹੈ। ਬਾਬਿਆਂ ਵਲੋਂ ਗ਼ਦਰ ਅਖ਼ਬਾਰ ਦੀ ਸ਼ੁਰਆਤ ਵਾਲ਼ੇ ਦਿਨ ਮੇਲਾ ਮਨਾਉਣ ਦੀ ਪਰੰਪਰਾ ਪਾਈ ਗਈ ਜਿਸਦੀ ਕੜੀ ਵਿਚ 26ਵਾਂ 'ਮੇਲਾ ਗ਼ਦਰੀ ਬਾਬਿਆਂ' ਦਾ ਰੂਸੀ ਸਮਾਜਵਾਦੀ ਇਨਕਲਾਬ ਦੀ 100ਵੀਂ ਵਰ੍ਹੇ ਗੰਢ ਨੂੰ ਸਮਰਪਿਤ ਹੋਵੇਗਾ। ਇਸ ਮੇਲੇ 'ਚ ਮੁੱਖ ਭਾਸ਼ਣ ਨਾਮਵਰ ਖੋਜੀ ਪੱਤਰਕਾਰ ਅਤੇ ਲੇਖਿਕਾ ਰਾਣਾ ਆਯੂਬ ਦਾ ਹੋਏਗਾ। ਇਸ ਵਾਰ ਦੇਸ਼ ਭਗਤ ਯਾਦਗਾਰ ਕੰਪਲੈਕਸ ਨੂੰ ਭਾਈ ਰਤਨ ਸਿੰਘ ਰਾਏਪੁਰ ਡੱਬਾ ਅਤੇ ਭਾਈ ਸੰਤੋਖ ਸਿੰਘ 'ਕਿਰਤੀ' ਨੂੰ ਸਮਰਪਿਤ 'ਸਾਂਝੀਵਾਲ ਨਗਰ' ਦਾ ਨਾਂਅ ਦਿੱਤਾ ਗਿਆ ਹੈ।
ਇਹ ਮੇਲਾ 30 ਅਕਤੂਬਰ ਸਵੇਰੇ 10 ਵਜੇ ਕਾਮਰੇਡ ਨੌਨਿਹਾਲ ਸਿੰਘ ਵੱਲੋਂ ਸ਼ਮ੍ਹਾਂ ਰੌਸ਼ਨ ਕਰਨ ਨਾਲ ਸ਼ੁਰੂ ਹੋਏਗਾ। ਇਸ ਰੋਜ਼ ਗਾਇਨ ਅਤੇ ਭਾਸ਼ਣ ਮੁਕਾਬਲੇ ਉਪਰੰਤ ਸ਼ਾਮ 7 ਤੋਂ 10 ਵਜੇ ਤੱਕ ਸਭਿਆਚਾਰਕ ਸਮਾਗਮ, 31 ਅਕਤੂਬਰ ਕੁਇਜ਼ ਅਤੇ ਪੇਟਿੰਗ ਮੁਕਾਬਲੇ ਉਪਰੰਤ ਫ਼ਿਲਮ ਸ਼ੋਅ (ਪੀਪਲਜ਼ ਵਾਇਸ ਅਤੇ ਵਿਨੈ ਚਾਰੁਲ ਅਹਿਮਦਾਬਾਦ) ਪੇਸ਼ ਕਰਨਗੇ
ਪਹਿਲੀ ਨਵੰਬਰ ਸਵੇਰੇ 10 ਵਜੇ ਰੂਸੀ ਇਨਕਲਾਬੀਆਂ ਅਤੇ ਰੂਸ ਜਾਣ ਵਾਲੇ ਗ਼ਦਰੀ/ਕਿਰਤੀਆਂ ਨੂੰ ਸ਼ਰਧਾਂਜਲੀ ਦੇਣ ਉਪਰੰਤ ਕਮੇਟੀ ਦੇ ਜਨਰਲ ਸਕੱਤਰ ਗੁਰਮੀਤ ਵੱਲੋਂ ਜੀ ਆਇਆਂ ਕਹਿਣ ਮਗਰੋਂ ਗ਼ਦਰੀ ਝੰਡਾ ਲਹਿਰਾਉਣ ਦੀ ਰਸਮ ਦੇਸ਼ ਭਗਤ ਯਾਦਗਾਰ ਕਮੇਟੀ ਦੇ ਸੀਨੀਅਰ ਟਰੱਸਟੀ ਕਾਮਰੇਡ ਗੰਧਰਵ ਸੇਨ ਕੋਛੜ ਅਦਾ ਕਰਨਗੇ। ਇਸ ਉਪਰੰਤ ਝੰਡੇ ਦਾ ਗੀਤ ਹੋਏਗਾ। ਦਿਨ ਭਰ ਗੀਤ-ਸੰਗੀਤ ਤੋਂ ਇਲਾਵਾ ਏਕਤਰ ਚੰਡੀਗੜ੍ਹ, ਡਾ. ਜਸਮੀਤ ਅੰਮ੍ਰਿਤਸਰ ਦੀਆਂ ਟੀਮਾਂ ਲਘੂ ਨਾਟਕ ਪੇਸ਼ ਕਰਨਗੀਆਂ। ਸ਼ਾਮ 4 ਤੋਂ 6 ਵਜੇ ਤੱਕ 'ਰੂਸੀ ਇਨਕਲਾਬ ਅਤੇ ਉਸਦੀ ਵਰਤਮਾਨ ਪਰਸੰਗਕਤਾ' ਵਿਸ਼ੇ ਉਪਰ ਹੋਣ ਵਾਲੀ ਵਿਚਾਰ ਚਰਚਾ ਨੂੰ ਕਮੇਟੀ ਦੇ ਮੀਤ ਪ੍ਰਧਾਨ ਅਜਮੇਰ ਸਿੰਘ, ਸਹਾਇਕ ਸਕੱਤਰ ਡਾ. ਪਰਮਿੰਦਰ, ਮੰਗਤ ਰਾਮ ਪਾਸਲਾ, ਜਗਰੂਪ, ਸੀਤਲ ਸਿੰਘ ਸੰਘਾ ਅਤੇ ਡਾ. ਕਰਮਜੀਤ ਸੰਬੋਧਨ ਕਰਨਗੇ।
1 ਨਵੰਬਰ ਦੀ ਰਾਤ ਦਾ ਪ੍ਰੋਗਰਰਾਮ ਅਜਮੇਰ ਸਿੰਘ ਔਲਖ ਨੂੰ ਸਮਰਪਿਤ ਹੋਏਗਾ। ਉਨ੍ਹਾਂ ਦਾ ਲਿਖਿਆ ਨਾਟਕ 'ਭੱਠ ਖੇੜਿਆਂ ਦਾ ਰਹਿਣਾ' (ਕੇਵਲ ਧਾਲੀਵਾਲ), ਗੁਰਮੀਤ ਕੜਿਆਲਵੀ ਦੀ ਕਹਾਣੀ 'ਤੇ ਅਧਾਰਤ 'ਤੂੰ ਜਾ ਡੈਡੀ' (ਕੀਰਤੀ ਕਿਰਪਾਲ) ਅਤੇ ਚੰਗੇਜ ਆਈਤਮਾਤੋਵ ਦੇ ਨਾਵਲ 'ਤੇ ਅਧਾਰਤ 'ਪਹਿਲਾ ਅਧਿਆਪਕ' (ਚਕਰੇਸ਼, ਚੰਡੀਗੜ੍ਹ) ਨਾਟਕ ਖੇਡੇ ਜਾਣਗੇ।ਮਨਜੀਤ ਕੌਰ ਔਲਖ ਅਤੇ ਡਾ. ਨਵਸ਼ਰਨ ਨਾਟਕਾਂ ਅਤੇ ਗੀਤਾਂ ਭਰੀ ਰਾਤ ਨੂੰ ਸੰਬੋਧਨ ਕਰਨਗੇ। ਵਿਨੈ ਚਾਰੁਲ, ਇਨਕਲਾਬੀ ਕਵੀਸ਼ਰੀ ਜੱਥਾ ਰਸੂਲਪੁਰ ਗੀਤ-ਸੰਗੀਤ ਅਤੇ ਕਵੀਸ਼ਰੀਆਂ ਪੇਸ਼ ਕਰੇਗਾ।
ਕਿਤਾਬਾਂ ਦੇ ਸਟਾਲ ਪਹਿਲਾਂ ਵਾਂਗ ਹੀ ਮੇਲੇ ਦਾ ਆਕਰਸ਼ਣ ਹੋਣਗੇ। ਸਾਨੂੰ ਸਾਰਿਆਂ ਨੂੰ ਮੇਲੇ ਵਿਚ ਹਾਜ਼ਰੀ ਲੁਆਉਣੀ ਚਾਹੀਦੀ ਹੈ।

- ਡਾ. ਕਰਮਜੀਤ ਸਿੰਘ

No comments:

Post a Comment