Friday 3 November 2017

ਸੰਪਾਦਕੀ : ਕੁਲ ਹਿੰਦ ਕਾਨਫਰੰਸ ਦਾ ਮਹੱਤਵ

ਭਾਰਤੀ ਇਨਕਲਾਬੀ ਮਾਰਕਸਵਾਦੀ ਪਾਰਟੀ (ਆਰ.ਐਮ.ਪੀ.ਆਈ.) ਦੀ ਪਹਿਲੀ ਕੁਲ ਹਿੰਦ ਕਾਨਫਰੰਸ, 23 ਤੋਂ 26 ਨਵੰਬਰ 2017 ਤੱਕ, ਚੰਡੀਗੜ੍ਹ ਵਿਖੇ ਹੋ ਰਹੀ ਹੈ। ਇਸ ਕਾਨਫਰੰਸ ਦੀ ਤਿਆਰੀ ਵਜੋਂ ਪਾਰਟੀ ਦੀਆਂ ਹੇਠਲੀ ਪੱਧਰ ਦੀਆਂ ਸਾਰੀਆਂ ਬਰਾਂਚਾਂ, ਤਹਿਸੀਲ ਤੇ ਜ਼ਿਲ੍ਹਾ ਕਮੇਟੀਆਂ ਅਤੇ ਪ੍ਰਾਂਤਕ ਕਮੇਟੀਆਂ ਦੀਆਂ ਕਾਨਫਰੰਸਾਂ ਲਗਭਗ ਮੁਕੰਮਲ ਹੋ ਚੁੱਕੀਆਂ ਹਨ। ਇਸ ਆਧਾਰ 'ਤੇ, ਕੁਲ ਹਿੰਦ ਕਾਨਫਰੰਸ ਵਿਚ ਕੇਰਲਾ, ਤਾਮਲਨਾਡੂ, ਮਹਾਰਾਸ਼ਟਰ, ਹਰਿਆਣਾ, ਪੰਜਾਬ ਅਤੇ ਹਿਮਾਚਲ ਪ੍ਰਦੇਸ਼ ਸਮੇਤ ਇਕ ਦਰਜਨ ਤੋਂ ਵੱਧ ਪ੍ਰਾਂਤਾਂ ਤੋਂ 280 ਦੇ ਕਰੀਬ ਚੁਣੇ ਹੋਏ ਡੈਲੀਗੇਟ ਤੇ ਦਰਸ਼ਕ ਸ਼ਾਮਲ ਹੋਣਗੇ।
ਆਰ.ਐਮ.ਪੀ.ਆਈ. ਦੇਸ਼ ਦੇ ਕਿਰਤੀ ਜਨਸਮੂਹਾਂ ਦੀ ਸੰਪੂਰਨ ਬੰਦਖਲਾਸੀ ਲਈ ਅਤੇ ਅਜੇਹੇ ਸਮਾਜ ਦੀ ਸਿਰਜਣਾ ਲਈ ਸੰਘਰਸ਼ਸ਼ੀਲ ਹੈ ਜਿਹੜਾ ਕਿ ਜਮਾਤ-ਰਹਿਤ, ਜਾਤ-ਰਹਿਤ ਅਤੇ ਨਾਰੀ ਮੁਕਤੀ ਵੱਲ ਸੇਧਤ ਇਕ ਸੈਕੂਲਰ ਸਮਾਜ ਹੋਵੇ; ਜਿਸ ਵਿਚ ਕਿਸੇ ਵੀ ਕਿਸਮ ਦੀ ਲੁੱਟ-ਚੋਂਘ, ਊਚ-ਨੀਚ, ਸਮਾਜਿਕ ਵਿਤਕਰਿਆਂ ਜਾਂ ਸਮਾਜਿਕ ਜਬਰ ਲਈ ਕੋਈ ਥਾਂ ਨਾ ਹੋਵੇ ਅਤੇ ਜਿਹੜਾ ਸਰਵ-ਸਾਂਝੀਵਾਲਤਾ, ਸਮਾਨਤਾ, ਪ੍ਰਸਪਰ ਸੁਹਿਰਦਤਾ ਤੇ ਵਿਚਾਰਧਾਰਕ ਸਹਿਨਸ਼ੀਲਤਾ ਨੂੰ ਰੂਪਮਾਨ ਕਰਦਾ ਹੋਵੇ। ਅਜਿਹਾ ਸਮਾਜ, ਜਿਸ ਵਿਚ ਧਾਰਮਿਕ, ਨਸਲੀ, ਭਾਸ਼ਾਈ ਜਾਂ ਇਲਾਕਾਈ ਵੱਖਰੇਵਿਆਂ ਆਦਿ ਤੋਂ ਉਪਰ ਉਠਕੇ, ਹਰ ਨਾਗਰਿਕ ਲਈ ਬਰਾਬਰ ਅਧਿਕਾਰਾਂ ਦੀ ਮੁਕੰਮਲ ਰੂਪ ਵਿਚ ਗਾਰੰਟੀ ਹੋਵੇ। ਇਸ ਕਾਨਫਰੰਸ ਵਿਚ ਸ਼ਾਮਲ ਹੋਣ ਵਾਲੇ ਡੈਲੀਗੇਟ ਅਜੇਹੇ ਲੋਕ ਪੱਖੀ ਸਮਾਜ ਦੀ ਸਿਰਜਣਾ ਦੇ ਰਾਹ ਵਿਚ ਦਰਪੇਸ਼ ਆਉਣ ਵਾਲੀਆਂ ਹਰ ਤਰ੍ਹਾਂ ਦੀਆਂ ਅਜੋਕੀਆਂ ਤੇ ਦੀਰਘਕਾਲੀ ਕਠਿਨਾਈਆਂ ਬਾਰੇ ਵੀ ਭਾਵਪੂਰਤ ਵਿਚਾਰਾਂ ਕਰਨਗੇ ਅਤੇ ਉਹਨਾਂ ਕਠਿਨਾਈਆਂ ਨੂੰ ਦੂਰ ਕਰਨ ਲਈ ਲੋਕ ਲਾਮਬੰਦੀ 'ਤੇ ਅਧਾਰਤ ਪਦਾਰਥਕ ਵਸੀਲੇ ਜੁਟਾਉਣ ਵਾਸਤੇ ਲੋੜੀਂਦੀ ਯੋਜਨਾਬੰਦੀ ਵੀ ਕਰਨਗੇ। ਇਸ ਤਰ੍ਹਾਂ ਇਹ ਕਾਨਫਰੰਸ, ਲਾਜ਼ਮੀ ਤੌਰ 'ਤੇ, ਵਿਆਪਕ ਰੂਪ ਵਿਚ ਫੈਲੀ ਹੋਈ ਗਰੀਬੀ, ਬੇਰੁਜ਼ਗਾਰੀ, ਮਹਿੰਗਾਈ, ਭਰਿਸ਼ਟਾਚਾਰ, ਬਹੁਪਰਤੀ ਸਮਾਜਿਕ ਦਾਬੇ ਅਤੇ ਹੋਰ ਹਰ ਤਰ੍ਹਾਂ ਦੀਆਂ ਮੁਸੀਬਤਾਂ ਤੇ ਬੇਇਨਸਾਫੀਆਂ ਨਾਲ ਜੂਝ ਰਹੇ ਲੋਕਾਂ ਵਾਸਤੇ ਚੰਗੇਰੇ ਭਵਿੱਖ ਦੀਆਂ ਸੰਭਾਵਨਾਵਾਂ ਨੂੰ ਉਭਾਰੇਗੀ।
ਉਪਰੋਕਤ ਸਾਰੇ ਕਾਰਜਾਂ ਦੀ ਪੂਰਤੀ ਲਈ, ਆਰ.ਐਮ.ਪੀ.ਆਈ. ਜਿੱਥੇ ਸਮਾਜਿਕ ਵਿਕਾਸ ਦੇ ਵਿਗਿਆਨਕ ਸਿਧਾਂਤ, ਮਾਰਕਸਵਾਦ-ਲੈਨਿਨਵਾਦ ਤੋਂ ਅਗਵਾਈ ਲੈਂਦੀ ਹੈ, ਉਥੇ ਨਾਲ ਹੀ ਇਹ ਆਪਣੇ ਦੇਸ਼-ਭਾਰਤ ਅੰਦਰ, ਹਜ਼ਾਰਾਂ ਸਾਲਾਂ ਤੋਂ ਰਾਜ ਸ਼ਕਤੀ ਨਾਲ ਜੁਝਾਰੂ ਟੱਕਰਾਂ ਲੈਂਦੀ ਆ ਰਹੀ ਲੋਕ ਧਾਰਾ ਦੀ ਪ੍ਰਤੀਨਿੱਧਤਾ ਕਰਦੇ ਰਹੇ ਯੋਧਿਆਂ ਅਤੇ ਵਿਦਵਾਨਾਂ ਵਲੋਂ ਪਾਏ ਗਏ ਪੂਰਨਿਆਂ ਤੋਂ ਵੀ ਅਹਿਮ ਸਿੱਖਿਆਵਾਂ ਗ੍ਰਹਿਣ ਕਰਨ ਪ੍ਰਤੀ ਵੱਡੀ ਹੱਦ ਤੱਕ ਜਾਗਰੂਕ ਹੈ। ਅਤੇ, ਅਜੋਕੇ ਸੰਦਰਭਾਂ ਵਿਚ ਉਨ੍ਹਾਂ ਵਡਮੁੱਲੀਆਂ ਸਿੱਖਿਆਵਾਂ ਦੀ ਸੁਚੱਜੀ ਵਰਤੋਂ ਕਰਨ ਲਈ ਵੀ ਦਰਿੜ੍ਹ ਚਿੱਤ ਹੈ। ਇਸ ਦਿਸ਼ਾ ਵਿਚ, ਜਾਤ-ਪਾਤ ਆਧਾਰਤ ਜਬਰ ਅਤੇ ਔਰਤਾਂ ਉਪਰ ਮਰਦਾਵੇਂ ਦਾਬੇ ਦੇ ਵਿਰੋਧ ਵਿਚ ਅਤੇ ਰਜਵਾੜਾਸ਼ਾਹੀ ਤੇ ਸਾਮਰਾਜੀ ਗੁਲਾਮੀ ਵਿਰੁੱਧ ਲੜੇ ਗਏ ਲਹੂ ਵੀਟਵੇਂ ਸੰਘਰਸ਼ਾਂ ਦੇ ਸਾਡੇ ਸ਼ਾਨਾਮੱਤੇ ਵਿਰਸੇ ਨੂੰ ਅਗਾਂਹ ਵਧਾਉਣ ਲਈ ਵੀ ਆਰ.ਐਮ.ਪੀ.ਆਈ. ਸੁਹਿਰਦਤਾ ਸਹਿਤ ਯਤਨਸ਼ੀਲ ਹੈ।
ਪਾਰਟੀ ਦੀ ਇਹ ਕੁਲ ਹਿੰਦ ਕਾਨਫਰੰਸ ਉਸ ਵੇਲੇ ਆਯੋਜਤ ਕੀਤੀ ਜਾ ਰਹੀ ਹੈ ਜਦੋਂਕਿ ਮਾਨਵ ਜਾਤੀ ਨੂੰ ਦਰਪੇਸ਼ ਅਨੇਕਾਂ ਮੁਸੀਬਤਾਂ ਤੋਂ ਮੁਕਤੀ ਦਿਵਾਉਣ ਵਿਚ ਪੂੰਜੀਵਾਦੀ ਪ੍ਰਣਾਲੀ ਇਕ ਵਾਰ ਫਿਰ ਅਸਫਲ ਸਿੱਧ ਹੋ ਚੁੱਕੀ ਹੈ। ਜਿਸ ਦੇ ਫਲਸਰੂਪ, ਕੌਮਾਂਤਰੀ ਪੱਧਰ ਤੇ, ਬੇਚੈਨੀ ਵਿਆਪਕ ਰੂਪ ਵਿਚ ਫੈਲੀ ਹੋਈ ਹੈ ਅਤੇ ਸਮਾਜਿਕ, ਰਾਜਸੀ ਤੇ ਮਾਨਸਿਕ ਤਣਾਅ ਨਿੱਤ ਨਵੇਂ ਰੂਪਾਂ ਵਿਚ ਨਵੀਆਂ ਚਿੰਤਾਵਾਂ ਵਜੋਂ ਫੁੱਟ ਰਹੇ ਹਨ। ਸਾਡੇ ਆਪਣੇ ਦੇਸ਼ ਵਿਚ ਵੀ ਇਕ ਪਾਸੇ ਸਰਮਾਏਦਾਰ ਪੱਖੀ ਹਾਕਮਾਂ ਦੀਆਂ ਲੋਕ ਮਾਰੂ ਆਰਥਕ ਨੀਤੀਆਂ ਲੋਕਾਂ ਦਾ ਲਹੂ ਬੁਰੀ ਤਰ੍ਹਾਂ ਨਿਚੋੜੀ ਜਾ ਰਹੀਆਂ ਹਨ, ਅਤੇ ਦੂਜੇ ਪਾਸੇ 'ਸੰਘ ਪਰਿਵਾਰ' ਦੀ ਕਮਾਨ ਹੇਠ ਕੰਮ ਕਰਦੀਆਂ ਸੱਜ ਪਿਛਾਖੜੀ ਤਾਕਤਾਂ ਦੇ ਫਿਰਕੂ-ਫਾਸ਼ੀਵਾਦੀ ਹਮਲੇ ਲਗਾਤਾਰ ਵੱਧਦੇ ਜਾ ਰਹੇ ਹਨ। ਲੋਕਾਂ ਨੂੰ ਇਹਨਾਂ ਦੋਵਾਂ ਮੁਸੀਬਤਾਂ ਦਾ ਨਾਲੋ ਨਾਲ ਟਾਕਰਾ ਕਰਨਾ ਪੈ ਰਿਹਾ ਹੈ।
ਅਜੋਕੇ ਸਮਿਆਂ ਦੀ ਇਹ ਵੀ ਇਕ ਵਿਡੰਬਨਾ ਹੀ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਵਲੋਂ ਨੋਟਬੰਦੀ ਵਰਗੇ ਸਦਮਾ-ਸਿਧਾਂਤ ਦੀ ਸੇਧ ਵਿਚ ਚੁੱਕੇ ਗਏ ਲੋਕ ਮਾਰੂ ਕਦਮ, ਜਿਸ ਦੀ ਹਰ ਪੱਖੋਂ ਸਾਹਮਣੇ ਆ ਚੁੱਕੀ ਅਸਫਲਤਾ ਨੂੰ ਜਦੋਂ ਦੇਸ਼ ਵਿਦੇਸ਼ ਦਾ ਹਰ ਇਕ ਆਰਥਕ ਮਾਹਿਰ ਬੇਨਕਾਬ ਕਰ ਰਿਹਾ ਹੈ, ਤਾਂ ਉਦੋਂ ਵੀ, ਮੋਦੀ ਸਰਕਾਰ ਤੇ ਉਸਦਾ ਸਮੁੱਚਾ ਜ਼ਰ-ਖਰੀਦ ਮੀਡੀਆ, ਇਸ ਲੋਕ ਮਾਰੂ ਕਦਮ ਦਾ ਦਿਨ-ਰਾਤ ਗੁਣਗਾਨ ਕਰ ਰਿਹਾ ਹੈ। ਏਸੇ ਤਰ੍ਹਾਂ ਹੀ ਇਸ ਸਰਕਾਰ ਦੇ ਦੂਜੇ ਵੱਡੇ ਆਰਥਕ ਕਦਮ-ਜੀ.ਐਸ.ਟੀ. ਨੂੰ ਲਾਗੂ ਕਰਨ, ਜਿਸ ਨੂੰ ਕਿ ਇਹ ਸਰਕਾਰ ਇਕ ਇਨਕਲਾਬੀ ਕਦਮ ਗਰਦਾਨਣ ਤੱਕ ਗਈ ਸੀ, ਨੇ ਵੀ ਪਹਿਲਾਂ ਹੀ ਮਹਿੰਗਾਈ ਦੀ ਮਾਰ ਹੇਠ ਦਰੜ੍ਹੇ ਜਾ ਰਹੇ ਲੋਕਾਂ ਦਾ ਹੋਰ ਵਧੇਰੇ ਲੱਕ ਤੋੜ ਦਿੱਤਾ ਹੈ ਅਤੇ ਰੁਜ਼ਗਾਰ ਦੇ ਵਸੀਲਿਆਂ ਨੂੰ ਵੀ ਭਾਰੀ ਸੱਟ ਮਾਰੀ ਹੈ।
ਇਹ ਵੀ ਇਕ ਤਰਾਸਦੀ ਹੀ ਹੈ ਕਿ ਜਦੋਂ ਸਰਕਾਰ ਦੇ ਇਹਨਾਂ ਕਾਰਪੋਰੇਟ ਪੱਖੀ ਕਦਮਾਂ ਅਤੇ ਸਾਮਰਾਜ ਨਿਰਦੇਸ਼ਤ ਨਵਉਦਾਰਵਾਦੀ ਨੀਤੀਆਂ ਨੂੰ ਤਿੱਖਿਆਂ ਕਰਨ ਹਿੱਤ ਕੀਤੇ ਗਏ ਕਈ ਹੋਰ ਫੈਸਲਿਆਂ ਕਾਰਨ ਦੇਸ਼ ਵਾਸੀਆਂ ਵਿਚ ਹਾਹਾਕਾਰ ਮਚੀ ਹੋਈ ਹੈ, ਉਥੇ ਸੰਘ ਪਰਵਾਰ ਵਲੋਂ ਲੋਕਾਂ ਦੀ ਵਿਆਪਕ ਬੇਚੈਨੀ ਨੂੰ ਆਪਸੀ ਵਿਵਾਦਾਂ ਵਿਚ ਉਲਝਾਉਣ ਲਈ ਨਵੇਂ-ਨਵੇਂ ਫਿਰਕੂ ਮੁੱਦੇ ਉਭਾਰੇ ਜਾ ਰਹੇ ਹਨ। ਇਸ ਦਿਸ਼ਾ ਵਿਚ ਜਦੋਂ 'ਗਊ ਰੱਖਿਆ' ਦੇ ਰੂਪ ਵਿਚ ਫੈਲਾਈ ਜਾ ਰਹੀ ਜ਼ਹਿਰ ਹੁਣ ਬਹੁਤੀ ਅਸਰਦਾਇਕ ਰਹੀ  ਨਹੀਂ ਤਾਂ ਤਾਜਮਹੱਲ ਬਾਰੇ ਨਫਰਤ ਭਰੇ ਵਿਵਾਦ ਛੇੜਨ ਦਾ ਮੁੱਦਾ ਹੋਰ ਵੀ ਵਧੇਰੇ ਬੇਸ਼ਰਮੀ ਨਾਲ ਖੜ੍ਹਾ ਕੀਤਾ ਜਾ ਰਿਹਾ ਹੈ। ਇਸ ਤਰ੍ਹਾਂ, ਇਸ ਸਰਕਾਰ ਵਲੋਂ ਦੇਸ਼ ਅੰਦਰ, ਧਰਮ ਨਿਰਪੱਖਤਾ ਦੇ ਵੱਡਮੁੱਲੇ ਅਸੂਲ ਨਾਲ ਸਬੰਧਤ ਕਦਰਾਂ ਕੀਮਤਾਂ ਨੂੰ ਭਾਰੀ ਸੱਟ ਮਾਰੀ ਜਾ ਰਹੀ ਹੈ। ਏਥੇ ਹੀ ਬਸ ਨਹੀਂ, ਜਦੋਂ ਦੇਸ਼ ਵਾਸੀ ਸੰਘ ਪਰਿਵਾਰ ਦੇ ਅਜੇਹੇ ਫਿਰਕੂ ਹਥਕੰਡਿਆਂ ਪ੍ਰਤੀ ਉਦਾਸੀਨ ਹੋ ਕੇ ਆਪਣੇ ਹੱਕਾਂ ਹਿੱਤਾਂ ਨੂੰ ਉਭਾਰਦੇ ਹਨ ਤਾਂ ਉਹਨਾਂ ਦੇ ਜਮਹੂਰੀ ਅਧਿਕਾਰਾਂ ਉਪਰ ਵੀ ਛਾਪੇ ਮਾਰੀ ਕੀਤੀ ਜਾਂਦੀ ਹੈ। ਕਿਉਂਕਿ ਕਿਰਤੀ ਲੋਕਾਂ ਦੀਆਂ ਜੀਵਨ ਹਾਲਤਾਂ ਉਪਰ ਸਰਕਾਰ ਦੀਆਂ ਸਾਮਰਾਜੀ ਸੰਸਾਰੀਕਰਨ, ਉਦਾਰੀਕਰਨ ਤੇ ਨਿੱਜੀਕਰਨ ਦੀਆਂ ਨੀਤੀਆਂ ਦੇ ਪੈ ਰਹੇ ਅਜੇਹੇ ਮਾਰੂ ਅਸਰਾਂ ਵਿਰੁੱਧ ਲੋਕ ਲਾਮਬੰਦੀ ਕਰਨ ਵਿਚ ਖੱਬੀਆਂ ਸ਼ਕਤੀਆਂ ਦੀ ਸਭ ਤੋਂ ਵੱਡੀ ਤੇ ਕਾਰਗਰ ਭੂਮਿਕਾ ਹੈ, ਇਸ ਲਈ ਸਰਕਾਰ ਤੇ ਸੰਘ ਪਰਿਵਾਰ ਨੇ ਆਪਣੀਆਂ ਜਮਹੂਰੀਅਤ ਵਿਰੋਧੀ ਪਹੁੰਚਾਂ ਤੇ ਪਰਦਾ ਪਾਉਣ ਲਈ ਉਲਟਾ 'ਲਾਲ ਦਹਿਸ਼ਤ' ਦੇ ਨਾਂਅ ਹੇਠ ਲੋਕ ਪੱਖੀ ਤਾਕਤਾਂ ਉਪਰ ਬੜਾ ਹੀ ਘਾਤਕ ਤੇ ਭੜਕਾਊ ਹਮਲਾ ਬੋਲ ਦਿੱਤਾ ਹੈ। ਜਿਹੜਾ ਕਿ ਇਕ ਹੋਰ ਵੱਡੀ ਚਿੰਤਾ ਦਾ ਵਿਸ਼ਾ ਹੈ।
ਇਹ ਕੁੱਲ ਹਿੰਦ ਕਾਨਫਰੰਸ ਇਹਨਾਂ ਸਾਰੇ ਮੁੱਦਿਆਂ 'ਤੇ ਨਿੱਠਕੇ ਵਿਚਾਰਾਂ ਕਰੇਗੀ ਅਤੇ ਸਾਮਰਾਜੀ, ਸੰਸਾਰੀਕਰਨ, ਉਦਾਰੀਕਰਨ ਤੇ ਨਿੱਜੀਕਰਨ ਦੀਆਂ ਤਬਾਹਕੁੰਨ ਨੀਤੀਆਂ ਨੂੰ ਭਾਂਜ ਦੇਣ ਦੇ ਨਾਲ-ਨਾਲ ਸੰਘ ਪਰਿਵਾਰ ਦੀਆਂ ਫਿਰਕੂ ਫਾਸ਼ੀਵਾਦੀ ਚਨੌਤੀਆਂ ਦਾ ਵਿਚਾਰਧਾਰਕ ਤੇ ਰਾਜਨੀਤਕ ਦੋਵਾਂ ਪੱਖਾਂ ਤੋਂ ਟਾਕਰਾ ਕਰਨ ਲਈ ਵੀ ਢੁਕਵੀਆਂ ਸੇਧਾਂ ਨਿਰਧਾਰਤ ਕਰੇਗੀ। ਇਸ ਤਰ੍ਹਾਂ ਇਹ ਕਾਨਫਰੰਸ, ਦੇਸ਼ ਦੇ ਕਿਰਤੀ ਜਨਸਮੂਹਾਂ ਨੂੰ ਦਰਪੇਸ਼ ਸਮੱਸਿਆਵਾਂ, ਜਿਵੇਂ ਕਿ ਵਿਆਪਕ ਬੇਰੁਜ਼ਗਾਰੀ, ਦਿਨੋਂ ਦਿਨ ਵਧੇਰੇ ਗੰਭੀਰ ਰੂਪ ਧਾਰਨ ਕਰਦੇ ਜਾ ਰਹੇ ਖੇਤੀ ਸੰਕਟ, ਘੱਟ ਗਿਣਤੀਆਂ, ਦਲਿਤਾਂ, ਔਰਤਾਂ, ਆਦਿਵਾਸੀਆਂ ਅਤੇ ਗਰੀਬੀ ਤੇ ਮੰਦਹਾਲੀ ਦੀ ਮਾਰ ਹੇਠ ਆਏ ਹੋਰ ਲੋਕਾਂ ਉਪਰ ਵੱਧ ਰਹੇ ਹਿੰਸਕ ਹਮਲਿਆਂ ਅਤੇ ਦੇਸ਼ ਦੀ ਰੱਖਿਆ ਤੇ ਸੁਰੱਖਿਆ ਨਾਲ ਜੁੜੇ ਹੋਏ ਮਸਲਿਆਂ ਨਾਲ ਅਸਰਦਾਰ ਢੰਗ ਨਾਲ ਨਜਿੱਠਣ ਵਾਸਤੇ ਜਮਾਤੀ ਸੰਘਰਸ਼ ਨੂੰ ਤਿੱਖਾ ਕਰਨ ਵੱਲ ਸੇਧਤ ਢੁਕਵੇਂ ਫੈਸਲੇ ਵੀ ਕਰੇਗੀ ਅਤੇ ਉਹਨਾਂ ਫੈਸਲਿਆਂ ਨੂੰ ਪ੍ਰਭਾਵਸ਼ਾਲੀ ਢੰਗ ਨਾਲ ਲਾਗੂ ਕਰਨ ਵਾਸਤੇ ਸਮੂਹ ਖੱਬੀਆਂ, ਜਮਹੂਰੀ ਤੇ ਧਰਮ ਨਿਰਪੱਖ ਸ਼ਕਤੀਆਂ ਨੂੰ ਇਕਜੁਟ ਕਰਨ ਵਾਸਤੇ ਵੀ ਭਾਵਪੂਰਤ ਵਿਚਾਰਾਂ ਕਰੇਗੀ। ਸਾਨੂੰ ਪੂਰਨ ਆਸ ਹੈ ਕਿ ਇੰਜ ਇਹ ਕਾਨਫਰੰਸ ਦੇਸ਼ ਦੇ ਅਜੋਕੇ ਨਿਰਾਸ਼ਾਜਨਕ ਮਾਹੌਲ ਨੂੰ ਅਗਰਗਾਮੀ ਦਿਸ਼ਾ ਵਿਚ ਤਬਦੀਲ ਕਰਨ ਵਾਸਤੇ ਇਕ ਸੰਭਾਵਨਾਵਾਂ ਭਰਪੂਰ ਆਸ ਦੀ ਕਿਰਨ ਉਜਾਗਰ ਕਰਨ ਵਿਚ ਲਾਜ਼ਮੀ ਸਫਲ ਹੋਵੇਗੀ।
- ਹਰਕੰਵਲ ਸਿੰਘ

No comments:

Post a Comment