Friday, 3 November 2017

ਮੁਲਾਜ਼ਮ ਲਹਿਰ ਦੇ ਇਤਿਹਾਸਕ ਪਿਛੋਕੜ ਬਾਰੇ

ਵਿਚਾਰ ਚਰਚਾ : ਸਾਥੀ ਵਿਰਦੀ ਦੀਆਂ ਬੇਬੁਨਿਆਦ ਊਂਝਾਂ ਦਾ ਜਵਾਬ
 
ਹਰਕੰਵਲ ਸਿੰਘ 
ਪੰਜਾਬ ਦੀ ਮੁਲਾਜ਼ਮ ਲਹਿਰ ਦੇ ਲੰਬਾ ਸਮਾਂ ਸਿਰਮੌਰ ਆਗੂ ਰਹੇ ਕਾਮਰੇਡ ਤ੍ਰਿਲੋਚਨ ਸਿੰਘ ਰਾਣਾ ਦੇ ਸੰਘਰਸ਼ਮਈ ਜੀਵਨ ਉਪਰ ਉਨ੍ਹਾਂ ਦੇ ਹਮਰਾਹ ਰਹੇ ਲਾਲ ਸਿੰਘ ਨੇ ਇਕ ਕਿਤਾਬ ਲਿਖੀ ਹੈ। ਇਹ ਜੀਵਨੀ-ਨੁਮਾ ਪੁਸਤਕ 7 ਫਰਵਰੀ 2017 ਨੂੰ ਮੋਹਾਲੀ ਵਿਖੇ ਆਯੋਜਤ ਕੀਤੇ ਗਏ ਇਕ ਸਮਾਗਮ ਵਿਚ ਰਲੀਜ਼ ਕੀਤੀ ਗਈ ਸੀ। ਇਸ ਪੁਸਤਕ ਅਤੇ ਇਸ ਸਮਾਗਮ ਬਾਰੇ ਸਾਥੀ ਚਰਨ ਸਿੰਘ ਵਿਰਦੀ, ਸੂਬਾਈ ਸਕੱਤਰ ਸੀ.ਪੀ.ਆਈ.(ਐਮ), ਨੇ ਇਕ ਲੰਬਾ ਲੇਖ ਲਿਖਕੇ ਕਈ ਤਰ੍ਹਾਂ ਦੇ ਕਿੰਤੂ-ਪ੍ਰੰਤੂ ਕੀਤੇ ਹਨ। ਉਹਨਾਂ ਨੇ ਇਹ ਲੇਖ, ਪੂਰੇ 7 ਮਹੀਨੇ ਬਾਅਦ, 3 ਸਤੰਬਰ ਦੇ 'ਰੋਜ਼ਾਨਾ ਦੇਸ਼ ਸੇਵਕ' ਵਿਚ ''ਪੰਜਾਬ ਦੀ ਮੁਲਾਜ਼ਮ ਲਹਿਰ 'ਚ ਵਿਗਿਆਨਕ ਸੋਚ ਦਾ ਨਿਕਾਸ ਤੇ ਵਿਕਾਸ'' ਸਿਰਲੇਖ ਹੇਠ ਛਪਵਾਇਆ ਹੈ।
ਹਵਾਲਾ ਅਧੀਨ ਇਸ ਪੁਸਤਕ ਵਿਚ, ਸਾਥੀ ਰਾਣਾ ਦੀ 'ਵਿਲੱਖਣ ਸਖਸ਼ੀਅਤ' ਬਾਰੇ ਸ਼ਾਮਲ ਮੇਰੀ ਇਕ ਸੰਖੇਪ ਲਿਖਤ ਦਾ ਹਵਾਲਾ ਦੇ ਕੇ, ਸਾਥੀ ਵਿਰਦੀ ਨੇ ਮੁਲਾਜਮ ਲਹਿਰ ਦੇ ਨਿਰਮਾਣ ਵਿਚ ਸਾਥੀ ਰਾਣਾ ਦੇ ਯੋਗਦਾਨ ਬਾਰੇ ਅਤੇ ਪੁਸਤਕ-ਰਲੀਜ਼ ਸਮਾਗਮ ਦੌਰਾਨ ਹੋਏ ਵਿਚਾਰ ਵਟਾਂਦਰੇ ਬਾਰੇ ਕਈ ਤਰ੍ਹਾਂ ਦੀਆਂ ਨਿਰਆਧਾਰ ਤੇ ਗਲਤ ਟਿੱਪਣੀਆਂ ਕੀਤੀਆਂ ਹਨ। ਉਹਨਾਂ ਨੇ, ਮੰਦੀ ਭਾਵਨਾ ਤੋਂ ਪ੍ਰੇਰਿਤ ਹੋ ਕੇ, ਸਾਡੀ ਪਾਰਟੀ ਉਪਰ ਵੀ ਕੁਝ ਹਲਕੀ ਕਿਸਮ ਦੇ ਕਟਾਖਸ਼ ਕੀਤੇ ਹਨ। ਅਜੇਹੇ ਨੀਵੀਂ ਪੱਧਰ ਦੇ ਕੂੜ ਪ੍ਰਚਾਰ ਦਾ ਨੋਟਿਸ ਲੈਣਾ ਤਾਂ, ਆਮ ਤੌਰ 'ਤੇ, ਆਪਣਾ ਸਮਾਂ ਤੇ ਸ਼ਕਤੀ ਬਰਬਾਦ ਕਰਨਾ ਹੀ ਸਮਝਿਆ ਜਾਂਦਾ ਹੈ; ਪ੍ਰੰਤੂ ਮੁਲਾਜ਼ਮ ਲਹਿਰ ਦੇ ਅਜੋਕੀ ਪੀੜ੍ਹੀ ਦੇ ਸਰਗਰਮ ਕਾਰਕੁੰਨਾਂ ਦੀ ਜਾਣਕਾਰੀ ਵਾਸਤੇ ਇਸ ਸੰਦਰਭ ਵਿਚ ਕੁਝ ਅਹਿਮ ਹਕੀਕਤਾਂ ਸਾਂਝੀਆਂ ਕਰਨੀਆਂ ਵੀ ਜ਼ਰੂਰੀ ਜਾਪਦੀਆਂ ਹਨ। ਇਸ ਮਨੋਰਥ ਨਾਲ ਸਾਨੂੰ ਇਕ ਵਾਰ ਫਿਰ, ਇਹ ਚੰਦ ਕੁ ਸੱਤਰਾਂ ਲਿਖਣ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ।
ਵਿਰਦੀ ਦਾ ਈਰਖਾ ਭਰਪੂਰ ਇਤਰਾਜ਼
ਸਾਥੀ ਵਿਰਦੀ ਨੇ ਪੁਸਤਕ ਵਿਚ ਛਪੀ ਮੇਰੀ ਲਿਖਤ ਦਾ ਹਵਾਲਾ ਦੇ ਕੇ, ਆਪਣੇ ਲੇਖ ਦੇ ਆਰੰਭ ਵਿਚ ਹੀ, ਸਿਰੇ ਦੀ ਤੰਗਨਜ਼ਰੀ ਦਾ ਪ੍ਰਗਟਾਵਾ ਕਰਦਿਆਂ ਇਤਰਾਜ਼ ਕੀਤਾ ਹੈ :
''ਕਿਤਾਬ ਵਿਚ ਵਿਗਿਆਨਕ ਸੋਚ ਦੇ ਨਿਕਾਸ ਤੇ ਵਿਕਾਸ ਦਾ ਸਮੁੱਚਾ ਸਿਹਰਾ ਤੇ ਕਲਗ਼ੀ ਸ਼੍ਰੀ ਤ੍ਰਿਲੋਚਨ ਸਿੰਘ ਰਾਣਾ ਦੇ ਸਿਰ ਉਪਰ ਗ਼ਲਤੀ (ਜ਼ੋਰ ਸਾਡਾ) ਨਾਲ ਬੰਨ੍ਹ ਦਿੱਤੀ ਹੈ।'' ਇਹ ਤਾਂ ਸਾਰੇ ਹੀ ਜਾਣਦੇ ਹਨ ਕਿ ਸਾਥੀ ਰਾਣਾ ਚਾਰ ਦਹਾਕਿਆਂ ਤੋਂ ਵੀ ਵੱਧ ਸਮੇਂ ਤੱਕ ਅਧਿਆਪਕਾਂ-ਮੁਲਾਜ਼ਮਾਂ ਦੀ ਲਹਿਰ ਵਿਚ ਸਰਗਰਮ ਰਹੇ ਹਨ। ਇਸ ਸਮੇਂ ਦੌਰਾਨ ਪੰਜਾਬ ਦੇ ਮੁਲਾਜਮਾਂ ਵਲੋਂ ਲੜੇ ਗਏ ਅਨੇਕਾਂ ਘੋਲਾਂ ਵਿਚ, ਅਤੇ ਇਸ ਲਹਿਰ ਦੀ ਉਸਾਰੀ ਦੌਰਾਨ ਸਮੇਂ-ਸਮੇਂ 'ਤੇ ਉਭਰੇ ਮੇਲ-ਮਿਲਾਪ ਅਤੇ ਮਾਅਰਕੇਬਾਜ਼ੀ ਦੇ ਸੱਜੇ ਤੇ ਖੱਬੇ ਕੁਰਾਹਿਆਂ ਵਿਰੁੱਧ ਚੱਲੇ ਸੰਘਰਸ਼ਾਂ ਵਿਚ, ਸਾਥੀ ਰਾਣਾ ਦੀ ਯੋਗ ਅਗਵਾਈ ਤੇ ਵੱਡਮੁੱਲੇ ਯੋਗਦਾਨ ਬਾਰੇ ਵੀ ਬਹੁਤੀ ਵਿਸਥਾਰਿਤ ਵਿਆਖਿਆ ਦੀ ਲੋੜ ਨਹੀਂ। ਇਹਨਾਂ ਸਾਰੇ ਪੱਖਾਂ ਤੋਂ ਲਹਿਰ ਦੇ ਇਤਿਹਾਸ ਵਿਚ ਕਾਮਰੇਡ ਤ੍ਰਿਲੋਚਨ ਸਿੰਘ ਰਾਣਾ ਦੀ ਇਕ ਮਾਣ-ਮੱਤੀ ਥਾਂ ਹੈ, ਜਿਸਦੀ ਸੂਹੀ ਤੇ ਸੰਗਰਾਮੀ ਆਭਾ ਲੰਬਾ ਸਮਾਂ ਰਹੇਗੀ। ਐਪਰ ਇਸ ਦੇ ਬਾਵਜੂਦ ਸਾਥੀ ਰਾਣਾ ਦੀ ਪ੍ਰੇਰਣਾਦਾਇਕ ਸਖਸ਼ੀਅਤ ਨੂੰ ਨਿਖਾਰਦੇ ਸ਼ਬਦ ਸਾਥੀ ਵਿਰਦੀ ਨੂੰ ਕੌੜੇ ਕਿਉਂ ਲੱਗਦੇ ਹਨ? ਇਸਦੇ ਕਈ ਹੋਰ ਕਾਰਨ ਵੀ ਹੋ ਸਕਦੇ ਹਨ, ਪ੍ਰੰਤੂ ਆਪਣੇ ਲੇਖ ਦੇ ਆਖੀਰ ਵਿਚ ਜਾ ਕੇ ਉਹ ਆਪਣੀ ਮਨੋ-ਬਰਿਤੀ ਨੂੰ ਇਸ ਤਰ੍ਹਾਂ ਸਪੱਸ਼ਟ ਕਰਦੇ ਹਨ :
''ਇਸ ਅਭੀਨੰਦਨ ਸਮਾਰੋਹ ਵਿਚ ਪੰਜਾਬ ਦੀ ਮੁਲਾਜ਼ਮ ਲਹਿਰ ਦੀ ਮਾਣਮੱਤੀ ਵਿਰਾਸਤ ਅਤੇ ਇਸ ਦੇ ਨਿਕਾਸ ਤੇ ਵਿਕਾਸ ਦਾ ਜ਼ਿਕਰ ਕਰਨ ਦੀ ਵੱਡੀ ਕਮੀ ਰਹਿ ਗਈ ਹੈ। ਇਹ ਕਮੀ ਅਸੀਂ ਇਸ ਲੇਖ ਵਿਚ ਇਸ ਦਾ ਅਜਿਹਾ ਬਹੁਤਾ ਜ਼ਿਕਰ ਕਰਕੇ ਪੂਰੀ ਕਰਦੇ ਹਾਂ। ਇਸ ਵਿਗਿਆਨਕ ਸੋਚ ਦੇ ਨਿਕਾਸ ਤੇ ਵਿਕਾਸ ਵਿਚ ਦੋ ਪੈਂਫਲਿਟਾਂ ਦਾ ਜ਼ਿਕਰ ਕਰਨਾ ਵੀ ਬਣਦਾ ਹੈ। ਪਹਿਲਾ ਹੈ-'ਸੁਧਾਰਵਾਦ ਤੇ ਜਮਾਤੀ ਭਿਆਲੀ ਦੇ ਪਾਖੰਡੀ ਪਹਿਲਵਾਨ...'। ਦੂਜਾ ਹੈ, 'ਟਰੇਡ ਯੂਨੀਅਨ ਮੋਰਚੇ ਉਪਰ ਲੋਕਾਂ ਦੇ ਮਿੱਤਰ ਕੌਣ ਹਨ?'.....''।
ਇਹ ਨਿਸ਼ਚੇ ਹੀ 'ਖੋਦਾ ਪਹਾੜ ਨਿਕਲੀ ਚੂਹੀਆ' ਵਾਲੀ ਗੱਲ ਹੈ। ਇਹਨਾਂ ਦੋਵਾਂ ਪੈਂਫਲਟਾਂ ਬਾਰੇ ਪਹਿਲਾਂ ਵੀ ਸਵਿਸਥਾਰ ਚਰਚਾ ਹੋ ਚੁੱਕੀ ਹੈ। (ਦੇਖੋ-'ਸਾਥੀ ਚਰਨ ਸਿੰਘ ਵਿਰਦੀ ਦੇ ਸ਼ੀਸ਼ੇ ਦਾ ਕੱਚ-ਸੱਚ' 'ਸੰਗਰਾਮੀ ਲਹਿਰ' ਅੰਕ ਸਤੰਬਰ 2016)। ਇਸ ਵਿਚ ਕੋਈ ਸ਼ੱਕ ਨਹੀਂ ਕਿ ਕੁੱਝ ਸਾਥੀਆਂ ਵਲੋਂ ਮਿਲਕੇ ਤਿਆਰ ਕੀਤੇ ਗਏ ਅਤੇ ਪੈਨ ਨਾਵਾਂ ਅਧੀਨ ਛਪਵਾਏ ਗਏ ਇਹਨਾਂ ਪੈਂਫਲਟਾਂ ਵਿਚ ਸਾਥੀ ਵਿਰਦੀ (ਪੈਨ ਨਾਂਅ-ਪ੍ਰਮਿੰਦਰ) ਵੀ ਸ਼ਾਮਲ ਸਨ। ਪਰ ਏਥੇ ਇਹ ਯਾਦ ਰੱਖਣਾ ਵੀ ਜ਼ਰੂਰੀ ਹੈ ਕਿ ਇਹਨਾਂ 'ਚੋਂ ਪਹਿਲਾ ਪੈਂਫਲਿਟ 1972 ਦੇ ਅੱਧ ਵਿਚ ਅਤੇ ਦੂਜਾ ਜੁਲਾਈ 1974 ਦੇ ਆਖੀਰ ਵਿਚ ਛਪਿਆ ਸੀ। ਸਾਡੇ ਸਾਥੀਆਂ ਵਲੋਂ ਉਸ ਵੇਲੇ ਮਿਲਕੇ ਤਿਆਰ ਕੀਤੇ ਗਏ ਇਹਨਾਂ ਦੋਵਾਂ ਪੈਂਫਲਿਟਾਂ ਦੀ ਲੋੜ ਤੇ ਉਪਯੋਗਤਾ ਦਾ ਮਹੱਤਵ ਤਾਂ ਘਟਾਇਆ ਨਹੀਂ ਜਾ ਸਕਦਾ, ਪ੍ਰੰਤੂ ਏਥੇ ਇਹ ਵੀ ਯਾਦ ਰੱਖਣਾ ਜ਼ਰੂਰੀ ਹੈ ਕਿ ਉਦੋਂ ਹੋਰ ਵੀ ਬਹੁਤ ਸਾਰੇ ਲੇਖ ਅਤੇ ਕਿਤਾਬਚੇ ਲਿਖੇ ਗਏ ਸਨ; ਸਾਡੇ ਵਲੋਂ ਵੀ ਅਤੇ ਸਾਡੇ ਵਿਰੋਧੀਆਂ ਵਲੋਂ ਵੀ। ਇਹ ਸਾਰੇ, ਉਸ ਸਮੇਂ ਇਸ ਲਹਿਰ ਅੰਦਰ ਉਭਰੇ ਕੁਰਾਹਿਆਂ ਵਿਰੁੱਧ ਚੱਲੇ ਜ਼ੋਰਦਾਰ ਸਿਧਾਂਤਕ ਸੰਘਰਸ਼ ਨੂੰ ਹੀ ਰੂਪਮਾਨ ਕਰਦੇ ਹਨ। ਐਪਰ, ਇਸ ਨਾਲ ਸਾਥੀ ਵਿਰਦੀ ਦੀ ਇਹ 'ਦਾਅਵੇਦਾਰੀ' ਕਦਾਚਿੱਤ ਪ੍ਰਮਾਣਿਤ ਨਹੀਂ ਹੁੰਦੀ ਕਿ ਇਸ ਸਿਧਾਂਤਕ ਸੰਘਰਸ਼ ਦੇ ਮੋਢੀ ਸਿਰਫ ਉਹ ਹੀ ਸਨ ਨਾ ਕਿ ਸਾਥੀ ਤ੍ਰਿਲੋਚਣ ਸਿੰਘ ਰਾਣਾ। ਕਿਉਂਕਿ...
ਤੱਥ ਬੜੇ ਬੇਸ਼ਰਮ ਹੁੰਦੇ ਹਨ
ਸਾਥੀ ਵਿਰਦੀ ਤਾਂ ਪੰਜਾਬ ਦੀ ਮੁਲਾਜ਼ਮ ਲਹਿਰ ਦੇ ਸਰਗਰਮ ਆਗੂਆਂ ਦੇ ਸੰਪਰਕ ਵਿਚ 70ਵਿਆਂ ਦੇ ਮੁਢਲੇ ਸਾਲਾਂ ਵਿਚ ਹੀ ਆਏ ਸਨ। ਅਤੇ, ਉਹ ਵੀ ਕਿਸੇ ਮੁਲਾਜ਼ਮ ਜਥੇਬੰਦੀ ਦੇ ਸਰਗਰਮ ਕਾਰਕੁੰਨ ਵਜੋਂ ਨਹੀਂ ਬਲਕਿ ਵਣ ਵਿਭਾਗ ਦੇ ਇਕ ਅਧਿਕਾਰੀ ਵਜੋਂ। ਜਦੋਂ ਕਿ ਉਸ ਵੇਲੇ ਤੱਕ ਪ੍ਰਾਂਤ ਅੰਦਰ, ਸਾਥੀ ਤ੍ਰਿਲੋਚਨ ਸਿੰਘ ਰਾਣਾ ਦੀ ਅਗਵਾਈ ਹੇਠ, ਮੁਲਾਜ਼ਮ ਲਹਿਰ ਦੇ ਆਗੂਆਂ ਦੀ ਇਕ ਬੱਝਵੀਂ ਲੜਾਕੂ ਟੀਮ ਚੋਖਾ ਕੱਦ ਕੱਢ ਚੁੱਕੀ ਸੀ। ਉਪਰੋਕਤ ਪੈਂਫਲਿਟ ਛਪਣ ਤੋਂ ਕਈ ਵਰ੍ਹੇ ਪਹਿਲਾਂ ਬਣੀ ਤੇ ਵਿਕਸਤ ਹੋਈ ਇਹ ਟੀਮ ਮੇਲ-ਮਿਲਾਪ ਦੀ ਮੁਲਾਜ਼ਮ ਮਾਰੂ ਪਹੁੰਚ ਵਿਰੁੱਧ ਬੜੇ ਹੀ ਬੇਕਿਰਕ ਤੇ ਜਾਨ ਹੂਲਵੇਂ ਸੰਘਰਸ਼ ਦੀ ਉਪਜ ਸੀ। ਜਿਸਨੇ ਸਰਕਾਰੀ ਦਮਨ, ਅਫਸਰਸ਼ਾਹੀ ਦੀਆਂ ਆਪਹੁਦਰਾਸ਼ਾਹੀਆਂ ਅਤੇ ਮੇਲ-ਮਿਲਾਪ ਨੂੰ ਪ੍ਰਣਾਏ ਹੋਏ ਮੌਕਾਪ੍ਰਸਤ ਆਗੂਆਂ ਵਿਰੁੱਧ ਨਿਰਾ ਝੰਡਾ ਹੀ ਨਹੀਂ ਸੀ ਚੁੱਕਿਆ ਹੋਇਆ ਬਲਕਿ ਕਈ ਮਾਣਮੱਤੀਆਂ ਪ੍ਰਾਪਤੀਆਂ ਵੀ ਕੀਤੀਆਂ ਹੋਈਆਂ ਸਨ। ਉਦਾਹਰਣ ਵਜੋਂ, ਅਧਿਆਪਕਾਂ ਦੇ ਮੋਰਚੇ 'ਤੇ ਸ਼੍ਰੀ ਗੋਪਾਲ ਕਰਿਸ਼ਨ ਚਤਰਥ, ਐਮ.ਐਲ.ਸੀ. ਵਰਗੇ 'ਸ਼ਕਤੀਸ਼ਾਲੀ' ਤੇ ਧਾਕੜ ਆਗੂ ਦੀ ਅਗਵਾਈ ਹੇਠ ਕੰਮ ਕਰਦੀ ਕਾਬਜ਼ ਧਿਰ ਨੂੰ ਜੀ.ਟੀ.ਯੂ. ਵਿਚੋਂ ਭਾਂਜ ਦਿੱਤੀ ਜਾ ਚੁੱਕੀ ਸੀ। ਅਤੇ, ਸ਼੍ਰੀ ਚਤਰਥ ਦੀ ਅਗਵਾਈ ਹੇਠਲੇ ਆਗੂਆਂ ਦੇ ਸਖਤ ਵਿਰੋਧ ਦੇ ਬਾਵਜੂਦ 5 ਜਨਵਰੀ 1967 ਦੀ ਬੇਹੱਦ ਸਫਲ ਤੇ ਇਤਿਹਾਸਕ ਹੜਤਾਲ ਕਰਵਾਈ ਜਾ ਚੁੱਕੀ ਸੀ। ਕੋਠਾਰੀ ਕਮਿਸ਼ਨ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਾਉਣ ਲਈ ਜੇਲ-ਭਰੋ ਅੰਦੋਲਨ ਦਾ ਮਾਣਮੱਤਾ ਇਤਿਹਾਸ ਸਿਰਜਿਆ ਜਾ ਚੁੱਕਾ ਸੀ। ਇਹਨਾਂ ਸਿਫਾਰਸ਼ਾਂ ਅਨੁਸਾਰ ਅਧਿਆਪਕਾਂ ਦੇ ਤਨਖਾਹ ਸਕੇਲ ਦੁਹਰਾਉਣ ਵਰਗੀ ਇਤਿਹਾਸਕ ਜਿੱਤ ਪ੍ਰਾਪਤ ਕੀਤੀ ਜਾ ਚੁੱਕੀ ਸੀ। ਇਹਨਾਂ ਸਾਰੇ ਸੰਘਰਸ਼ਾਂ ਅਤੇ ਸਨਮਾਨਜਨਕ ਜਿੱਤਾਂ ਨੇ ਪ੍ਰਾਂਤ ਦੀ ਸਮੁੱਚੀ ਮੁਲਾਜ਼ਮ ਲਹਿਰ ਅੰਦਰ ਟਰੇਡ ਯੂਨੀਅਨਾਂ ਬਾਰੇ 'ਏਕਤਾ ਤੇ ਸੰਘਰਸ਼' ਦੀ ਵਿਗਿਆਨਕ ਸੋਚ ਦਾ ਵਿਆਪਕ ਰੂਪ ਵਿਚ ਸੰਚਾਰ ਕੀਤਾ ਸੀ।
ਏਥੇ ਹੀ ਬਸ ਨਹੀਂ, ਉਪਰੋਕਤ ਪੈਂਫਲਿਟ ਲਿਖੇ ਜਾਣ ਤੋਂ ਬਹੁਤ ਪਹਿਲਾਂ, 1968 ਵਿਚ ਮੋਗਾ ਵਿਖੇ ਪ.ਸ.ਸ.ਫ. ਦੀ ਹੋਈ ਜਥੇਬੰਦਕ ਕਾਨਫਰੰਸ ਉਪਰੰਤ, ਸ਼੍ਰੀ ਰਣਬੀਰ ਢਿੱਲੋਂ ਦੀ ਅਗਵਾਈ ਹੇਠ ਕੰਮ ਕਰਦੀ ਜਥੇਬੰਦੀ ਵਿਚ ਉਭਰੀਆਂ ਜਮਹੂਰੀ ਕਾਰਜ ਪ੍ਰਣਾਲੀ ਨੂੰ ਢਾਅ ਲਾਉਣ ਵਾਲੀਆਂ ਕਰੁਚੀਆਂ ਤੇ ਮੇਲ ਮਿਲਾਪ ਦੀਆਂ ਪਹੁੰਚਾਂ ਵਿਰੁੱਧ ਵੀ ਜਾਨ ਹੂਲਵੀਂ ਲੜਾਈ ਆਰੰਭੀ ਜਾ ਚੁੱਕੀ ਸੀ। ਜੇਕਰ ਇਹਨਾਂ ਸਾਰੇ ਠੋਸ ਤੱਥਾਂ ਦੇ ਬਾਵਜੂਦ ਵੀ ਸਾਥੀ ਚਰਨ ਸਿੰਘ ਵਿਰਦੀ ਨੂੰ ਮੁਲਾਜ਼ਮਾਂ ਦੀ ਲਹਿਰ ਵਿਚ ਵਿਗਿਆਨਕ ਸੋਚ ਦੇ ਨਿਕਾਸ ਤੇ ਵਿਕਾਸ ਵਿਚ ਸਾਥੀ ਰਾਣਾ ਦੀ ਕੋਈ ਭੂਮਿਕਾ ਦਿਖਾਈ ਨਹੀਂ ਦਿੰਦੀ ਜਾਂ ਵਿਗਿਆਨਕ ਸਿਧਾਂਤਾਂ ਪ੍ਰਤੀ ਉਸਦੀ ਪ੍ਰਤੀਬੱਧਤਾ ਸ਼ੱਕੀ ਦਿਖਾਈ ਦਿੰਦੀ ਹੈ ਤਾਂ ਇਸ ਨੂੰ ਨਿਰੋਲ ਬੌਧਿਕ ਬੇਈਮਾਨੀ ਤੇ ਹਊਮੈਂਵਾਦੀ-ਸੰਕੀਰਨ-ਮਾਨਸਿਕਤਾ ਕਹਿਣ ਵਿਚ ਵੀ ਸ਼ਾਇਦ ਕਿਸੇ ਨੂੰ ਕੋਈ ਅਤਿਕਥਨੀ ਮਹਿਸੂਸ ਨਾ ਹੋਵੇ। ਅਸਲ ਵਿਚ ਤਾਂ ਇਹ ਦੋਵੇਂ ਪੈਂਫਲਿਟ ਇਹਨਾਂ ਸਾਰੇ ਉਪਰੋਕਤ ਸੰਘਰਸ਼ਾਂ 'ਚੋਂ ਹਾਸਲ ਹੋਏ ਤਜ਼ਰਬੇ ਦੇ ਸਾਰ ਤੱਤ ਨੂੰ ਹੀ ਦਰਸਾਉਂਦੇ ਹਨ।
ਉਂਝ ਤਾਂ ਸਾਥੀ ਵਿਰਦੀ ਆਪਣੇ ਆਪ ਨੂੰ ਪ੍ਰਬੁੱਧ ਮਾਰਕਸਵਾਦੀ ਅਖਵਾਉਂਦੇ ਹਨ; ਇਸ ਪੱਖੋਂ, ਉਹਨਾਂ ਦਾ ਅਧਿਐਨ ਵੀ ਕਾਫੀ ਹੈ। ਇਸ ਲਈ ਉਹਨਾਂ ਨੂੰ ਇਹ ਤਾਂ ਪਤਾ ਹੀ ਹੋਣਾ ਚਾਹੀਦਾ ਹੈ ਕਿ ਸਹੀ ਗਿਆਨ ਦਾ ਸੋਮਾ ਮਨੁੱਖ ਦਾ ਅਮਲ ਹੁੰਦਾ ਹੈ, ਇਹ ਕੋਈ 'ਧੁਰ ਕੀ ਬਾਣੀ' ਜਾਂ ਇਲਹਾਮ ਨਹੀਂ ਹੁੰਦਾ। ਇਸ ਸੰਦਰਭ ਵਿਚ ਮਹਾਨ ਮਾਓ-ਜ਼ੇ-ਤੁੰਗ ਦਾ ਇਹ ਕਥਨ ਵੀ ਕੁਥਾਂ ਨਹੀਂ ਜਾਪਦਾ :
''ਸਹੀ ਵਿਚਾਰ ਕਿੱਥੋਂ ਆਉਂਦੇ ਹਨ? ਕੀ ਉਹ ਅਕਾਸ਼ੋਂ ਉਤਰਦੇ ਹਨ? ਨਹੀਂ; ਕੀ ਉਹ ਮਨ ਅੰਦਰ ਜਮਾਂਦਰੂ ਹੀ ਹੁੰਦੇ ਹਨ? ਨਹੀਂ ਬਿਲਕੁਲ ਨਹੀਂ। ਉਹ ਤਾਂ ਸਮਾਜਿਕ ਅਮਲ 'ਚੋਂ ਪੈਦਾ ਹੁੰਦੇ ਹਨ, ਅਤੇ ਸਿਰਫ ਏਸੇ ਵਿਚੋਂ ਹੀ,....''
(ਚੋਣਵੀਆਂ ਲਿਖਤਾਂ, ਭਾਰਤੀ ਸੰਸਕਰਨ, ਸਫ਼ਾ 502)
ਇਸ ਲਈ, ਕੀ ਸਾਥੀ ਵਿਰਦੀ ਆਪਣੀ ਸਮੁੱਚੀ ਸਰਕਾਰੀ ਨੌਕਰੀ ਦੌਰਾਨ ਮੁਲਾਜ਼ਮਾਂ ਦੇ ਕਿਸੇ ਘੋਲ, ਹੜਤਾਲ ਜਾਂ ਧਰਨੇ, ਮੁਜ਼ਾਹਰੇ ਵਿਚ ਪਾਏ ਗਏ ਕਿਸੇ ਉਭਰਵੇਂ ਯੋਗਦਾਨ ਦੀ ਕੋਈ ਉਦਾਹਰਣ ਦੇ ਸਕਦੇ ਹਨ, ਜਿਸਨੇ ਕਿ ਉਨ੍ਹਾਂ ਨੂੰ ਇਹ ਸਿਧਾਂਤ ਰਚਣ ਦੇ ਸਮਰੱਥ ਬਣਾਇਆ ਹੋਵੇ? ਸਾਡੀ ਇਹ ਵੀ ਰਾਇ ਹੈ ਕਿ ਜਿਸਨੇ ਕਿਸੇ ਵੀ ਵਰਗ ਦੀ ਜਨਤਕ ਲਾਮਬੰਦੀ ਕਰਨ ਅਤੇ ਲੋਕਾਂ ਨੂੰ ਸੰਘਰਸ਼ਾਂ ਦੇ ਪਿੜ ਵਿਚ ਉਤਾਰਨ ਦੇ ਪੱਖੋਂ ਡੱਖਾ ਭੰਨਕੇ ਦੋਹਰਾ ਨਾ ਕੀਤਾ ਹੋਵੇ, ਉਸਨੂੰ ਮੁਲਾਜ਼ਮਾਂ ਦੀ ਜਾਂ ਕਿਸੇ ਵੀ ਹੋਰ ਵਰਗ ਦੀ ਲਹਿਰ ਦਾ 'ਕਰਣਧਾਰ' ਅਖਵਾਉਣ ਸਮੇਂ ਥੋੜ੍ਹੀ ਸੰਗ-ਸ਼ਰਮ ਤਾਂ ਜ਼ਰੂਰ ਕਰਨੀ ਹੀ ਚਾਹੀਦੀ ਹੈ। ਜਿੱਥੋਂ ਤੱਕ 'ਕਲਗ਼ੀ ਲੱਗਣ ਦਾ ਸਵਾਲ ਹੈ', ਇਹ ਵੀ ਸਾਰੇ ਹੀ ਜਾਣਦੇ ਹਨ ਕਿ ਜਿੱਤਦੀ ਤਾਂ ਟੀਮ ਹੀ ਹੁੰਦੀ ਹੈ ਪਰ ਟਰਾਫੀ ਹਮੇਸ਼ਾ ਕੈਪਟਨ ਦੇ ਹੱਥ ਵਿਚ ਹੀ ਫੜਾਈ ਜਾਂਦੀ ਹੈ ਅਤੇ ਇਸ ਨਾਲ ਸਮੁੱਚੀ ਟੀਮ ਦਾ ਕਿਸੇ ਤਰ੍ਹਾਂ ਵੀ ਅਪਮਾਨ ਨਹੀਂ ਹੁੰਦਾ।
ਅਸੀਂ ਤਾਂ ਇਹ ਵੀ ਮਹਿਸੂਸ ਕਰਦੇ ਹਾਂ ਕਿ ਘੋਲਾਂ ਦੇ ਪਿੜ ਵਿਚ ਹਿੱਕਾਂ ਤਾਣਕੇ ਖੜਨ ਵਾਲੇ ਅਤੇ ਲੁਟੇਰੇ ਵਰਗਾਂ ਦੀਆਂ ਸਰਕਾਰਾਂ ਵਿਰੁੱਧ ਸੁਹਿਰਦਤਾ ਸਹਿਤ ਲੜਨ ਵਾਲੇ ਹੀ ਯੋਧੇ ਅਖਵਾਉਂਦੇ ਹਨ, ਅਤੇ ਉਹਨਾ ਦੇ ਨਾਂਅ ਹੀ ਇਤਿਹਾਸ ਵਿਚ ਆਉਂਦੇ ਹਨ। ਆਪਣੀ ਕੰਡ ਬਚਾਉਣ ਲਈ ਲੁਕਕੇ ਢੀਮਾਂ ਮਾਰਨ ਵਾਲੇ ਤਾਂ ਸ਼ਕੁਨੀ (ਮਹਾਂਭਾਰਤ ਦੇ ਇਕ ਪਾਤਰ) ਹੀ ਅਖਵਾਉਂਦੇ ਹਨ ਅਤੇ ਅਕਸਰ ਸਾਜਸ਼ੀਆਂ ਵਿਚ ਹੀ ਸ਼ੁਮਾਰ ਹੁੰਦੇ ਹਨ।
ਦੂਜਾ ਵੱਡਾ ਇਤਰਾਜ਼
ਆਪਣੇ ਲੇਖ ਵਿਚ ਸਾਥੀ ਵਿਰਦੀ ਨੇ ਦੂਜਾ ਦੋਸ਼ ਇਹ ਲਾਇਆ ਹੈ ਕਿ ਇਸ ਸਮਾਗਮ ਵਿਚ ਵਿਗਿਆਨਕ ਸੋਚ ਬਾਰੇ ਕੋਈ ਵੀ ਗੱਲ ਨਹੀਂ ਹੋਈ। ਇਹ ਇਤਰਾਜ਼ ਵੀ ਤੱਥਾਂ ਦੇ ਪੂਰੀ ਤਰ੍ਹਾਂ ਉਲਟ ਹੈ। ਇਹ ਠੀਕ ਹੈ ਕਿ ਇਸ ਸਮਾਗਮ ਦਾ ਆਯੋਜਨ ਸਾਥੀ ਰਾਣਾ ਵਲੋਂ ਵਿਅਕਤੀਗਤ ਰੂਪ ਵਿਚ ਹੀ ਕੀਤਾ ਗਿਆ ਸੀ। ਇਸ ਲਈ ਸਮਾਗਮ ਵਿਚ ਉਹਨਾਂ ਨੇ ਆਪਣੇ ਲੰਬੇ ਟਰੇਡ ਯੂਨੀਅਨ ਜੀਵਨ ਦੌਰਾਨ ਸੰਪਰਕ ਵਿਚ ਆਏ ਬਹੁਤ ਸਾਰੇ ਸੱਜਣ ਬੁਲਾਏ ਹੋਏ ਸਨ। ਆਪਣੇ ਅਖੀਰ ਤੱਕ ਰਹੇ ਯੁੱਧ ਸਾਥੀ ਵੀ ਅਤੇ ਸਿਧਾਂਤਕ ਮੱਤਭੇਦਾਂ ਕਾਰਨ, ਸਮੇਂ ਸਮੇਂ 'ਤੇ, ਸਾਥ ਛੱਡ ਜਾਣ ਵਾਲੇ ਵੀ। ਹੋ ਸਕਦਾ ਹੈ ਉਹਨਾਂ ਨੇ ਸਾਥੀ ਵਿਰਦੀ ਨੂੰ ਨਾ ਵੀ ਬੁਲਾਇਆ ਹੋਵੇ। ਉਂਝ ਸਾਥੀ ਵਿਰਦੀ ਦੀ ਪਾਰਟੀ ਦੇ ਕੇਂਦਰੀ ਕਮੇਟੀ ਮੈਂਬਰ, ਕਾਮਰੇਡ ਵਿਜੇ ਮਿਸ਼ਰਾ ਵੀ ਇਸ ਸਮਾਗਮ ਵਿਚ ਸ਼ਾਮਲ ਸਨ ਅਤੇ ਉਹਨਾਂ ਨੇ ਆਪਣੇ ਭਾਸ਼ਨ ਵਿਚ, ਇਕ ਪਹਿਲਾਂ ਬੋਲੇ ਸੱਜਣ ਦੀ ਭਾਵੁਕਤਾ 'ਤੇ ਅਧਾਰਤ ਟਿੱਪਣੀ ਦਾ ਤਰਕਸੰਗਤ ਜਵਾਬ ਵੀ ਬੜੇ ਢੁਕਵੇਂ ਸ਼ਬਦਾਂ ਵਿਚ ਦਿੱਤਾ ਸੀ। ਕੁਝ ਬੁਲਾਰਿਆਂ ਨੇ ਕਿਤਾਬ ਬਾਰੇ ਸਾਹਿਤਕ ਦਰਿਸ਼ਟੀਕੋਨ ਤੋਂ ਕੁੱਝ ਇਕ ਜਚਵੀਆਂ ਟਿੱਪਣੀਆਂ ਵੀ ਕੀਤੀਆਂ। ਪ੍ਰੰਤੂ ਬਹੁਤੇ ਬੁਲਾਰਿਆਂ ਨੇ ਸਾਥੀ ਰਾਣਾ ਦੀ ਅਗਵਾਈ ਹੇਠ ਵਿਕਸਤ ਹੋਈ ਵਿਗਿਆਨਕ ਤੇ ਲੜਾਕੂ ਸੋਚ ਦੀ ਪ੍ਰੋੜਤਾ ਵੀ ਕੀਤੀ ਅਤੇ ਅਜੋਕੀਆਂ ਰਾਜਨੀਤਕ ਅਵਸਥਾਵਾਂ ਵਿਚ ਇਸ ਸੋਚ ਨੂੰ ਦਰਪੇਸ਼ ਚਨੌਤੀਆਂ ਤੇ ਉਭਰਦੇ ਠੋਸ ਕਾਰਜਾਂ ਵੱਲ ਬਣਦੇ ਸੰਕੇਤ ਵੀ ਦਿੱਤੇ। ਇਸ ਦੇ ਬਾਵਜੂਦ ਪਤਾ ਨਹੀਂ ਸਾਥੀ ਵਿਰਦੀ ਦਾ ਹੋਰ ਕਿਹੜਾ ਖੁਫ਼ੀਆ-ਤੰਤਰ ਸੀ, ਜਿਸਦੀ ਰਿਪੋਰਟ ਦੇ ਆਧਾਰ 'ਤੇ ਉਹ ਕਹਿੰਦੇ ਹਨ :
''ਸਮਾਰੋਹ ਵਿਚ ਮੁਲਾਜ਼ਮ ਲਹਿਰ ਦੀ ਇਸ ਅਹਿਮ ਵਿਰਾਸਤ ਅਤੇ ਇਸ ਦੇ ਨਿਕਾਸ ਤੇ ਵਿਕਾਸ ਵਿਚ ਜ਼ਰੂਰੀ ਤੇ ਅਹਿਮ ਯੋਗਦਾਨ ਦੇ ਸੰਬੰਧ ਵਿਚ ਇਕ ਸ਼ਬਦ ਤੱਕ ਨਹੀਂ ਬੋਲਿਆ ਗਿਆ।''
ਨਿਸ਼ਚੇ ਹੀ ਇਹ ਕੱਚਾ-ਕੁਫ਼ਰ ਉਹਨਾਂ ਦੀ ਕਿਸੇ ਹੋਰ ਮੰਦਭਾਵਨਾ ਵੱਲ ਸੰਕੇਤ ਦਿੰਦਾ ਹੈ। ਜਾਪਦਾ ਹੈ ਉਹਨਾਂ ਨੇ ਇਹ ਵਿਚਾਰ ਸਾਡੇ ਉਪਰ ਆਪਣਾ ਅਗਲਾ ਮਨੋ-ਕਲਪਿਤ ਦੋਸ਼ ਮੜ੍ਹਨ ਲਈ ਹੀ ਘੜਿਆ ਹੈ; ਕਿਉਂਕਿ ਇਹ ਤੱਥਾਂ ਤੋਂ ਕੋਹਾਂ ਦੂਰ ਹੈ।
ਉਹ ਆਪਣੀ ਇਸ ਲਿਖਤ ਰਾਹੀਂ ਸਾਥੀ ਤ੍ਰਿਲੋਚਨ ਸਿੰਘ ਰਾਣਾ ਨੂੰ ਅਤੇ ਸਾਨੂੰ ਸਾਰਿਆਂ ਨੂੰ, ਸਮੇਤ ਸਾਥੀ ਮੰਗਤ ਰਾਮ ਪਾਸਲਾ ਦੇ, ''ਵਿਗਿਆਨਕ ਸੋਚ ਦੇ ਕੱਚੇ ਅਧਮੰਨੇ ਅਨੁਆਈ ਅਤੇ ਆਮ ਕਰਕੇ ਅਨੁਭਵਵਾਦੀ ਤੇ ਮਾਰਕਸਵਾਦ-ਲੈਨਿਨਵਾਦ ਤੋਂ ਅਣਭਿੱਜ'' ਕਰਾਰ ਦਿੰਦੇ ਹਨ। ਸਾਨੂੰ ਉਹਨਾਂ ਦੀ ਇਸ ਟਿੱਪਣੀ 'ਤੇ ਕੋਈ ਵਿਸ਼ੇਸ਼ ਗਿਲਾ ਨਹੀਂ, ਕਿਉਂਕਿ ਸਾਡਾ ਕਿਰਦਾਰ ਜਾਂ ਸਿਆਸੀ ਖੇਤਰ ਵਿਚਲਾ ਕੰਮਕਾਰ ਸਾਥੀ ਵਿਰਦੀ ਦੇ ਕੱਟੜਪੰਥੀ (Dogmatic) ਗਜ਼ਾਂ 'ਤੇ ਕਦੇ ਵੀ ਪੂਰਾ ਨਹੀਂ ਉਤਰ ਸਕਦਾ। ਅਜੇਹੇ ਗਜ਼ ਮਾਰਕਸਵਾਦੀਆਂ ਲਈ ਨਹੀਂ ਬਲਕਿ 'ਲੁਕ-ਸਿਰਿਆਂ' ਦੀ ਕਮਾਈ ਦੇ ਮੁਲਅੰਕਣ ਲਈ ਹੀ ਲੋੜੀਂਦੇ ਹੁੰਦੇ ਹਨ, ਜਿਨ੍ਹਾਂ ਨੇ ਸਮਾਜਵਾਦੀ ਲਹਿਰ ਦਾ ਨੁਕਸਾਨ ਇਸਦੇ ਕੱਟੜ ਪੂੰਜੀਵਾਦੀ ਵਿਰੋਧੀਆਂ ਨਾਲੋਂ ਵੀ ਵੱਧ ਕੀਤਾ ਹੈ। ਉਂਝ ਸਾਨੂੰ ਆਪਣੀਆਂ ਸਮਾਜਿਕ-ਰਾਜਨੀਤਕ ਪਹੁੰਚਾਂ ਦੀ ਸਾਰਥਕਤਾ ਤੇ ਪ੍ਰਸੰਗਕਤਾ ਸਿੱਧ ਕਰਨ ਲਈ ਸਾਥੀ ਵਿਰਦੀ ਦੇ ਸਰਟੀਫਿਕੇਟ ਦੀ ਵੀ ਉਕਾ ਹੀ ਕੋਈ ਲੋੜ ਨਹੀਂ; ਪਰ ਫੇਰ ਵੀ ਅਸੀਂ ਏਥੇ ਸਾਥੀ ਚਰਨ ਸਿੰਘ ਵਿਰਦੀ ਦੀ ਇਸ ਅਹਿਮਕਾਨਾ ਟਿੱਪਣੀ ਦਾ ਜਵਾਬ ਦੇਣ ਲਈ ਇਕ ਵਾਰ ਫਿਰ ਮਹਾਨ ਮਾਓ-ਜ਼ੇ-ਤੁੰਗ ਦੇ ਇਕ ਕਥਨ ਦੀ ਵਰਤੋਂ ਕਰਨ ਲਈ ਖਿਮਾਂ ਮੰਗਦੇ ਹਾਂ:
''ਅਸੀਂ ਮਾਰਕਸਵਾਦੀ ਹਾਂ, ਅਤੇ ਮਾਰਕਸਵਾਦ ਸਾਨੂੰ ਸਿਖਾਉਂਦਾ ਹੈ ਕਿ ਕਿਸੇ ਵੀ ਸਮੱਸਿਆ ਬਾਰੇ ਸਾਡੀ ਪਹੁੰਚ ਬਾਹਰਮੁੱਖੀ ਤੱਥਾਂ ਤੋਂ ਸ਼ੁਰੂ ਹੋਣੀ ਚਾਹੀਦੀ ਹੈ, ਨਾ ਕਿ ਅਮੂਰਤ ਪ੍ਰੀਭਾਸ਼ਾਵਾਂ ਤੋਂ।'' (ਉਹੀ ਸਫਾ 257)
ਪਾਰਟੀ ਬਾਰੇ ਬਚਗਾਨਾ ਟਿੱਪਣੀ
ਇਸ ਲੇਖ ਵਿਚ ਸਾਥੀ ਵਿਰਦੀ ਨੇ ਸਾਡੇ ਬਾਰੇ ਤੇ ਸਾਡੀ ਪਾਰਟੀ ਬਾਰੇ ਇਕ ਵਾਰ ਫਿਰ ਇਹ ਬੇਤੁਕੀ ਟਿੱਪਣੀ ਕੀਤੀ ਹੈ, ''ਜਿੱਥੋਂ ਤੱਕ ਸ਼੍ਰੀ ਹਰਕੰਵਲ ਸਿੰਘ ਅਤੇ ਮੰਗਤ ਰਾਮ ਪਾਸਲਾ ਵਲੋਂ ਢਾਈ ਇੱਟਾਂ ਦੀ ਮਸੀਤ ਖੜੀ ਕਰਨਾ ਹੈ, ਇਹ ਭਾਰਤ ਦੀ ਕਮਿਊਨਿਸਟ ਲਹਿਰ ਨੂੰ ਵੱਡੀ ਸੱਟ ਮਾਰਨਾ ਹੈ, ਵੱਡਾ ਜ਼ੁਰਮ ਹੈ'' ਬੀਤੇ 15 ਵਰ੍ਹਿਆਂ ਦੀਆਂ ਘਟਨਾਵਾਂ ਨੇ, ਸਾਡੇ ਇਸ 'ਜ਼ੁਰਮ' ਦੇ ਪੱਖੋਂ, ਤਾਂ ਹੁਣ ਤੱਕ ਬੜਾ ਕੁਝ ਸਪੱਸ਼ਟ ਕਰ ਦਿੱਤਾ ਹੈ। ਭਾਰਤੀ ਇਨਕਲਾਬ ਦੇ ਵਡੇਰੇ ਪ੍ਰੀਖੇਪ ਵਿਚ ਸਾਡੇ ਵਲੋਂ 2001 ਵਿਚ  ਚੁੱਕੇ ਗਏ ਇਸ ਦਲੇਰੀ ਭਰੇ ਕਦਮ ਦਾ ਸਹੀ ਮੁਲਅੰਕਣ ਤਾਂ ਭਵਿੱਖੀ ਇਤਿਹਾਸ ਹੀ ਕਰੇਗਾ, ਪ੍ਰੰਤੂ ਸੀ.ਪੀ.ਆਈ.(ਐਮ) ਦੇ ਅਜੋਕੇ ਨਿਰੰਤਰ ਨਿਘਾਰ ਦੇ ਸਨਮੁੱਖ, ਸਾਡੀ ਪਹੁੰਚ ਦਾ ਸਹੀ ਹੋਣਾ, ਇਕ ਹੱਦ ਤੱਕ, ਸਥਾਪਤ ਜ਼ਰੂਰ ਹੋ ਚੁੱਕਾ ਹੈ।  ਇਸ ਲਈ ਇਸ ਮੁੱਦੇ 'ਤੇ ਹੋਰ ਵਧੇਰੇ ਵਿਸਥਾਰ ਵਿਚ ਜਾਣ ਦੀ ਅਜੇ ਲੋੜ ਨਹੀਂ ਜਾਪਦੀ। ਜਦੋਂਕਿ ਸਾਡੀ ਪਾਰਟੀ ਬਾਰੇ ਸਾਥੀ ਵਿਰਦੀ ਵਲੋਂ ਦੁਬਾਰਾ ਕੀਤੀ ਗਈ ਇਹ ਬਚਗਾਨਾ ਟਿੱਪਣੀ ਹੁਣ ਤਾਂ ਪੂਰੀ ਤਰ੍ਹਾਂ ਬੇਹੂਦਾ ਦਿਖਾਈ ਦਿੰਦੀ ਹੈ। ਸਾਡੀ ਪਾਰਟੀ ਨੂੰ ਸਾਥੀ ਵਿਰਦੀ ਅਤੇ ਇਹਨਾਂ ਦੇ ਕੁੱਝ ਹੋਰ ਕੱਚਘਰੜ ਜੋਟੀਦਾਰ ''ਢਾਈ ਂਇੱਟ ਦੀ ਮਸੀਤ'' ਲਿਖਕੇ/ਬੋਲਕੇ ''ਆਪਣੇ ਮੂੰਹ ਆਪ ਮੀਆਂ ਮਿੱਠੂ'' ਬਣਨ ਦਾ ਭਰਮ ਹੀ  ਪਾਲਦੇ ਆ ਰਹੇ ਹਨ। ਅਸੀਂ ਪਹਿਲਾਂ ਵੀ ਇਹਨਾਂ ਦੀ ਇਸ ਢੀਠਤਾਈ ਦਾ ਲਿਖਤੀ ਜਵਾਬ ਦੇ ਚੁੱਕੇ ਹਾਂ (ਦੇਖੋ 'ਸੰਗਰਾਮੀ ਲਹਿਰ', ਸਤੰਬਰ 2016 ਅੰਕ, ਸਫਾ 10) ਉਸ ਤੋਂ ਬਾਅਦ, ਕੁਝ ਹੋਰ ਨਵੇਂ ਤੱਥ ਤਾਂ ਹੋਰ ਵੀ ਵਧੇਰੇ ਮੂੰਹ ਫੱਟ ਹੋ ਕੇ ਉਭਰੇ ਹਨ, ਜਿਹੜੇ ਕਿ ਵਿਰਦੀ ਸਾਹਿਬ ਵਰਗਿਆਂ ਦਾ ਸ਼ਰੇਆਮ ਮੂੰਹ ਚਿੜਾਉਂਦੇ ਦਿਖਾਈ ਦਿੰਦੇ ਹਨ। ਇਸ ਦੇ ਬਾਵਜੂਦ ਉਹੀ ਪੁਰਾਣਾ ਬੇਸੁਰਾ ਰਾਗ ਅਲਾਪਦੇ ਜਾਣਾ 'ਖੂਹ ਦਾ ਡੱਡੂ' ਬਣੇ ਰਹਿਣ ਨੂੰ ਹੀ ਰੂਪਮਾਨ ਕਰਦਾ ਹੈ। ਵਿਰਦੀ ਜੀ! ਐਵੇਂ ਬੇਲੋੜੀਆਂ ਡੀਂਗਾਂ ਮਾਰੀ ਜਾਣਾ ਸਾਡੀ ਰਾਜਸੀ ਪਹੁੰਚ ਦਾ ਹਿੱਸਾ ਨਹੀਂ ਹੈ। ਸਾਨੂੰ ਪਤਾ ਹੈ ਕਿ 'ਅਜੇ ਦਿੱਲੀ ਦੂਰ ਹੈ।' ਏਸੇ ਲਈ ਅਸੀਂ ਵਿਰਦੀ ਸਾਹਿਬ ਨੂੰ ਵੀ ਇਹ ਅਪੀਲ ਕਰਾਂਗੇ ਕਿ ਉਹ ''ਪਿਦਰਮ ਸੁਲਤਾਨ ਬੂਦ''(ਮੇਰਾ ਪਿਤਾ ਬਾਦਸ਼ਾਹ ਸੀ) ਦੀ ਗਿੱਦੜ-ਰਟ ਤਿਆਗਕੇ ਅਜੋਕੀਆਂ ਅਵਸਥਾਵਾਂ ਨਾਲ ਮੇਚਵੀਂ ਕੋਈ ਨਵੀਂ ਸਿਧਾਂਤਕ ਸੁਰ ਹੀ ਕੰਪੋਜ਼ ਕਰਨ ਦਾ ਉਪਰਾਲਾ ਕਰਨ; ਕਿਉਂਕਿ ਟੀਮ ਦੇ ਆਗੂ ਵਜੋਂ ਉਨ੍ਹਾਂ ਵਲੋਂ ਆਪਣੇ ਕਾਰਜਕਾਲ ਦੌਰਾਨ ਜਥੇਬੰਦਕ ਤੇ ਰਾਜਨੀਤਕ ਪੱਖ ਤੋਂ ਮਾਰੀਆਂ ਗਈਆਂ ਮੱਲਾਂ ਤਾਂ ਪੂਰੀ ਤਰ੍ਹਾਂ ਦੀਵਾਲੀਆ ਸਿੱਧ ਹੋ ਚੁੱਕੀਆਂ ਹਨ। ਇਸ ਲਈ ਉਨ੍ਹਾਂ ਨੂੰ ਹੁਣ ਆਪਣੇ ਸਿਧਾਂਤਕ ਗਿਆਨ ਰਾਹੀਂ ਹੀ ਕੋਈ ਐਸੀ ਦਿਸ਼ਾ ਘੜਨੀ ਚਾਹੀਦੀ ਹੈ ਜਿਸ ਨਾਲ ਕਿ ਭਾਰਤੀ ਹਾਕਮਾਂ ਦੀਆਂ ਸਾਮਰਾਜ-ਨਿਰਦੇਸ਼ਤ ਕਾਰਪੋਰੇਟ ਪੱਖੀ ਆਰਥਕ ਨੀਤੀਆਂ ਅਤੇ ਫਿਰਕੂ ਫਾਸ਼ੀਵਾਦੀ ਸਮਾਜਿਕ-ਰਾਜਨੀਤਕ ਪਹੁੰਚਾਂ ਦੀਆਂ ਵਦਾਣੀ ਸੱਟਾਂ ਹੇਠ ਦਰੜੇ ਜਾ ਰਹੇ ਭਾਰਤੀ ਲੋਕਾਂ ਲਈ ਕਿਸੇ ਸੁੱਖ ਦੇ ਸਾਹ ਦੀ ਉਮੀਦ ਪੈਦਾ ਹੋਵੇ। ਸਿਧਾਂਤਕ ਗਿਆਨ ਦਾ ਐਵੇਂ ਖਾਲੀ ਢੰਡੋਰਾ ਪਿੱਟੀ ਜਾਣ ਦਾ ਕੋਈ ਫਾਇਦਾ ਨਹੀਂ।

No comments:

Post a Comment