Friday 3 November 2017

ਮਨੁੱਖੀ ਇਤਿਹਾਸ ਦੀ ਸ਼ਾਨਦਾਰ ਪ੍ਰਾਪਤੀ ਹੈ 'ਅਕਤੂਬਰ ਇਨਕਲਾਬ'

ਮੱਖਣ ਕੁਹਾੜ 
100 ਸਾਲ ਪਹਿਲਾਂ 7 ਨਵੰਬਰ 1017 (ਉਸ ਸਮੇਂ ਦੇ ਕਲੰਡਰ ਮੁਤਾਬਕ 25 ਅਕਤੂਬਰ 1917) ਨੂੰ ਸੰਸਾਰ ਵਿਚ ਇਕ ਐਸੀ ਇਨਕਲਾਬੀ ਤਬਦੀਲੀ ਆਈ, ਜਿਸ ਨੇ ਸਮੁੱਚੀ ਧਰਤੀ ਦੇ ਹਰ ਕੋਨੇ ਵਿਚ ਵੱਸਦੇ ਮਨੁੱਖ ਨੂੰ ਪ੍ਰਭਾਵਤ ਕੀਤਾ। ਸਾਧਨਹੀਣ, ਬੇਵਸ, ਲਾਚਾਰ, ਨਰਕ ਵਰਗੀ ਜ਼ਿੰਦਗੀ ਭੋਗ ਰਹੇ, ਨਿਮਾਣੇ, ਨਿਤਾਣੇ ਤੇ ਹਰ ਪੱਖੋਂ ਲਿਤਾੜੇ ਹੋਏ ਗਰੀਬ ਲੋਕ ਰਾਜਭਾਗ ਦੇ ਮਾਲਕ ਬਣ ਗਏ। ਮਾਰਕਸ ਦੇ ਸਮਾਜ, ਵਿਗਿਆਨ ਦੇ ਦਰਸ਼ਨ ਨੂੰ ਮਹਾਨ ਲੈਨਿਨ ਨੇ ਆਪਣੇ ਦੇਸ਼ ਰੂਸ ਵਿੱਚ ਅਮਲੀ ਰੂਪ ਵਿੱਚ ਲਾਗੂ ਕਰ ਦਿਖਾਇਆ। ਰੂਸ ਦਾ ਪੂੰਜੀਵਾਦੀ ਢਾਂਚਾ ਤਹਿਸ-ਨਹਿਸ ਕਰਕੇ ਪ੍ਰੋਲਤਾਰੀ ਵਰਗ ਦੀ ਅਗਵਾਈ ਵਿਚ ਰਾਜ ਸਥਾਪਤ ਕਰ ਦਿੱਤਾ ਗਿਆ। ਇਸ ਇਤਿਹਾਸਕ ਵਰਤਾਰੇ ਨੂੰ ਅਕਤੂਬਰ ਇਨਕਲਾਬ ਦੇ ਤੌਰ 'ਤੇ ਜਾਣਿਆ ਜਾਣ ਲੱਗਾ। ਬੇਸ਼ੱਕ ਅੱਜ ਮਜ਼ਦੂਰ ਵਰਗ ਦਾ ਇਹ ਰਾਜ, ਸਮਾਜਵਾਦੀ ਕਿਲ੍ਹਾ ਯੂ.ਐਸ.ਐਸ.ਆਰ. ਹੋਂਦ ਵਿਚ ਨਹੀਂ ਹੈ, ਪਰੰਤੂ ਇਸ ਨੇ ਸੰਸਾਰ ਦੇ ਕਿਰਤੀ ਵਰਗ ਨੂੰ ਜੋ ਦੇਣ ਦਿੱਤੀ ਹੈ, ਉਹ ਕਦੇ ਵੀ ਭੁਲਾਈ ਨਹੀਂ ਜਾ ਸਕਦੀ। ਇਸ ਨਾਲ ਮੁੱਠੀ ਭਰ ਧਨਾਢਾਂ ਵਲੋਂ ਸਮੁੱਚੀ ਜਾਇਦਾਦ ਅਤੇ ਉਤਪਾਦਨ ਦੇ ਸਾਧਨਾਂ ਉੱਪਰ ਕੀਤਾ ਕਬਜ਼ਾ ਤੋੜ ਕੇ ਲੁੱਟੀ ਜਾ ਰਹੀ ਸ਼ੋਸ਼ਿਤ ਜਮਾਤ ਦਾ ਕਬਜ਼ਾ ਕਰਨ ਅਤੇ ਮਨੁੱਖ ਹੱਥੋਂ ਮਨੁੱਖ ਦੀ ਲੁੱਟ ਖਤਮ ਕਰਕੇ ਸਮਾਜਕ-ਆਰਥਕ ਬਰਾਬਰਤਾ ਤੇ ਸਮਾਜਕ ਇਨਸਾਫ ਵਾਲੇ ਸਮਾਜ ਦਾ ਕਾਰਲ ਮਾਰਕਸ ਦਾ ਸਿਧਾਂਤ ਅਤੇ ਸੁਪਨਾ ਸਾਕਾਰ ਹੋ ਗਿਆ। ਦੁਨੀਆਂ ਭਰ ਦੇ ਦੱਬੇ-ਕੁਚਲੇ ਲੋਕਾਂ ਵਿਚ ਨਵੀਂ ਆਸ, ਉਮੰਗ, ਵਿਸ਼ਵਾਸ ਅਤੇ ਜੋਸ਼ ਤਾਂ ਪੈਦਾ ਹੋਇਆ ਹੀ, ਦੁਨੀਆਂ ਦੇ ਸਾਰੇ ਦੇਸ਼ਾਂ 'ਤੇ ਕਬਜ਼ਾ ਕਰੀ ਬੈਠੀ ਪੂੰਜੀਵਾਦੀ ਵਿਵਸਥਾ ਨੂੰ ਹੱਥਾਂ-ਪੈਰਾਂ ਦੀ ਪੈ ਗਈ। ਸਾਮਰਾਜਵਾਦ ਦਾ ਇਕ ਕਿਲ੍ਹਾ ਢਹਿ ਢੇਰੀ ਹੋ ਗਿਆ। ਕਾਮਰੇਡ ਲੈਨਿਨ ਵੱਲੋਂ ਬਣਾਈ ਬੋਲਸ਼ਵਿਕ ਪਾਰਟੀ ਦੀ ਅਗਵਾਈ ਵਿਚ ਮਜ਼ਦੂਰ ਜਮਾਤ ਨੇ ਰੂਸ ਨੂੰ ਯੂਨੀਅਨ ਆਫ਼ ਸੋਵੀਅਤ ਸੋਸ਼ਲਿਸਟ ਰੀਪਬਲਿਕ (ਸੋਵੀਅਤ ਸਮਾਜਵਾਦੀ ਗਣਤੰਤਰ ਸੰਘ, ਯੂ.ਐਸ.ਐਸ.ਆਰ.) ਵਿਚ ਤਬਦੀਲ ਕਰ ਦਿੱਤਾ। ਇਸ ਨਾਲ ਇਹ ਸਾਬਤ ਹੋ ਗਿਆ ਕਿ ਮਜ਼ਦੂਰ ਜਮਾਤ ਜਿਸ ਨੂੰ ਪੂੰਜੀਵਾਦ ਕੋਈ ਜਮਾਤ ਹੀ ਨਹੀਂ ਸਮਝਦੀ, ਉਸ ਨੂੰ ਮਨੁੱਖ ਹੀ ਨਹੀਂ ਸਮਝਦੀ, ਉਹ ਇਕਮੁੱਠ ਹੋ ਕੇ ਮਾਰਕਸ ਦੇ ਜਮਾਤੀ ਸਿਧਾਂਤ ਨੂੰ ਧੁਰ ਅੰਦਰ ਮਨ 'ਚ ਬਿਠਾ ਕੇ, ਉਸ ਤੋਂ ਸੇਧ ਲੈ ਕੇ, ਲਹੂ ਵੀਟਵੇਂ ਸੰਘਰਸ਼ ਰਾਹੀਂ ਸੱਤਾ ਹਾਸਲ ਵੀ ਕਰ ਸਕਦੀ ਹੈ ਅਤੇ ਸਫਲਤਾ ਸਹਿਤ ਚਲਾ ਵੀ ਸਕਦੀ ਹੈ।
ਅਕਤੂਬਰ ਇਨਕਲਾਬ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਨਾ-ਬਰਾਬਰੀ, ਗਰੀਬੀ ਪਿਛਲੇ ਜਨਮਾਂ ਦਾ ਸਿੱਟਾ ਜਾਂ ਮਾੜੀ  ਕਿਸਮਤ ਕਾਰਨ ਨਹੀਂ, ਇਹ ਕੇਵਲ ਲੋਟੂ ਜ਼ਮਾਤੀ ਰਾਜ ਪ੍ਰਬੰਧ ਦਾ ਨਤੀਜਾ ਹੈ ਅਤੇ ਰਾਜ ਸੱਤਾ 'ਤੇ ਕਬਜ਼ਾ ਕਰਕੇ ਗਰੀਬ ਇਸ ਨਾਮੁਰਾਦ ਰੋਗ ਤੋਂ ਛੁਟਕਾਰਾ ਹਾਸਲ ਕਰ ਸਕਦੇ ਹਨ। ਇਸ ਦੇ ਹੋਂਦ ਵਿਚ ਆਉਣ ਨਾਲ ਦੁਨੀਆਂ ਦੇ ਹਰ ਮਨੁੱਖ ਨੂੰ ਇਹ ਸੁਪਨਾ ਸਾਕਾਰ ਹੋਣ ਦੀ ਆਸ ਬੱਝ ਗਈ ਕਿ ਉਸ ਨੂੰ ਰੋਟੀ, ਕਪੜਾ, ਮਕਾਨ, ਸਿਹਤ, ਸਿੱਖਿਆ, ਰੁਜ਼ਗਾਰ ਤੇ ਹੋਰ ਬੁਨਿਆਦੀ ਸਹੂਲਤਾਂ ਬਕਾਇਦਾ ਮਿਲ ਸਕਦੀਆਂ ਹਨ। ਮਨੁੱਖ ਨੂੰ ਸਿੱਖਿਆ/ਯੋਗਤਾ ਹਾਸਲ ਕਰਨ ਦੇ ਬਰਾਬਰ ਮੌਕੇ, ਜਿੰਨੀ ਸਿੱਖਿਆ/ਯੋਗਤਾ ਉਹ ਪ੍ਰਾਪਤ ਕਰ ਲਵੇ ਉਸ ਮੁਤਾਬਕ ਕੰਮ ਅਤੇ ਜਿੰਨਾ ਉਹ ਕੰਮ ਕਰੇ ਉਸ ਮੁਤਾਬਕ ਵੇਤਨ ਅਦਾਇਗੀ ਸੰਭਵ ਹੈ। ਐਸਾ ਰਾਜ ਸਥਾਪਤ ਹੋ ਸਕਦਾ ਹੈ, ਜਿੱਥੇ ਮਹਿੰਗਾਈ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਸੱਤਾ ਜ਼ਿਆਦਤੀ, ਜਾਤ-ਪਾਤ, ਰੰਗਭੇਦ, ਧਾਰਮਕ ਵਿਤਕਰਾ, ਜ਼ਬਰ-ਜੁਲਮ ਨਾ ਹੋਵੇ।
ਲੈਨਿਨ ਦੀ ਅਗਵਾਈ ਵਿਚ ਸੋਵੀਅਤ ਯੂਨੀਅਨ ਨੇ ਰੂਸੀ ਲੋਕਾਂ ਦੀ ਕਾਇਆ ਕਲਪ ਕਰ ਦਿੱਤੀ। ਭਾਵੇਂ ਉਥੋਂ ਦੀ ਮਜ਼ਦੂਰ ਜਮਾਤ ਨੂੰ ਇਸ ਇਨਕਲਾਬ ਲਈ ਬਹੁਤ ਵੱਡੀਆਂ ਕੁਰਬਾਨੀਆਂ ਕਰਨੀਆਂ ਪਈਆਂ, ਪਰ ਉਨ੍ਹਾਂ ਨੂੰ ਜਦ ਅਣਕਿਆਸੀਆਂ ਹਰ ਤਰ੍ਹਾਂ ਦੀਆਂ ਜੀਵਨ ਸਹੂਲਤਾਂ ਮਿਲੀਆਂ, ਉਦੋਂ ਦੁਨੀਆਂ ਦੰਗ ਰਹਿ ਗਈ। ਸਿੱਟੇ ਵਜੋਂ ਸਾਮਰਾਜੀ ਤੇ ਪੂੰਜੀਵਾਦੀ ਪ੍ਰਬੰਧ ਵਾਲੇ ਸਾਰੇ ਦੇਸ਼ਾਂ ਦੀਆਂ ਹਕੂਮਤਾਂ ਨੂੰ ਵੀ ਮਜ਼ਦੂਰ ਜਮਾਤ ਦੀ ਬਗਾਵਤ ਦੇ ਡਰੋਂ ਉਸੇ ਤਰਜ਼ 'ਤੇ ਮਜ਼ਬੂਰਨ ਕਈ ਸਹੂਲਤਾਂ ਦੇਣੀਆਂ ਪਈਆਂ। ਮੁਫ਼ਤ ਸਿੱਖਿਆ, ਲਾਜ਼ਮੀ ਰੁਜ਼ਗਾਰ, ਮੁਫ਼ਤ ਸਿਹਤ ਸਹੂਲਤ ਅਤੇ ਸੇਵਾਮੁਕਤੀ ਬਾਅਦ  ਸਮਾਜਿਕ ਸੁਰੱਖਿਆ ਦੇ ਰੂਪ ਵਿਚ ਪੈਨਸ਼ਨਾਂ ਆਦਿ ਸਹੂਲਤਾਂ ਮਿਲਣ ਲੱਗੀਆਂ। ਰੂਸ ਦੀ ਮਜ਼ਦੂਰ ਜਮਾਤ ਨੂੰ ਰਾਜਭਾਗ ਵਿਚ ਭਾਗੀਦਾਰੀ ਦਾ ਹਕੀਕੀ ਅਹਿਸਾਸ ਹੋਇਆ। ਅਮੀਰੀ-ਗਰੀਬੀ ਦਾ ਵਿਤਕਰਾ ਤੇ ਪਾੜਾ ਮੁੱਕ ਗਿਆ। ਅਕਤੂਬਰ ਇਨਕਲਾਬ ਤੋਂ ਉਤਸ਼ਾਹਿਤ ਤੇ ਪ੍ਰੇਰਤ ਹੋ ਕੇ ਅਨੇਕਾਂ ਮੁਲਕਾਂ ਵਿਚ ਚਲ ਰਹੀਆਂ ਕੌਮੀ ਮੁਕਤੀ ਲਹਿਰਾਂ ਨੂੰ ਬਲ ਮਿਲਿਆ। ਜਦ ਰੂਸ ਵਿਚ ਅਕਤੂਬਰ ਇਨਕਲਾਬ ਨੇ ਦਸਤਕ ਦਿੱਤੀ, ਉਸ ਸਮੇਂ ਪਹਿਲੀ ਸੰਸਾਰ ਜੰਗ (1914-1918) ਚੱਲ ਰਹੀ ਸੀ। ਇਹ ਜੰਗ ਪੂੰਜੀਵਾਦੀ ਮੁਲਕਾਂ ਵੱਲੋਂ ਮਜ਼ਦੂਰ ਜਮਾਤ ਦਾ ਹੱਕ ਖੋਹ ਕੇ ਕਮਾਏ ਵਾਧੂ ਸਰਮਾਏ ਨਾਲ ਉਦਯੋਗਾਂ ਦੀ ਹੋਰ ਸਥਾਪਤੀ, ਕੱਚਾ ਮਾਲ ਤੇ ਕੁਦਰਤੀ ਸੋਮੇ ਹੜੱਪਣ ਲਈ ਅਤੇ ਬਣਿਆ ਮਾਲ ਵੇਚਣ ਲਈ ਗਰੀਬ ਮੁਲਕਾਂ ਦੀਆਂ ਮੰਡੀਆਂ ਉੱਪਰ ਕਬਜ਼ੇ ਕਰਨ ਦੇ ਆਪਸੀ ਵਿਰੋਧ ਕਾਰਨ ਸੀ। ਇਸ ਸਮੇਂ ਪੂੰਜੀਵਾਦ ਗੰਭੀਰ ਸੰਕਟ ਵਿਚ ਸੀ। ਮਜ਼ਦੂਰ ਜਮਾਤ ਕੋਲ ਖਰੀਦ ਸ਼ਕਤੀ ਨਹੀਂ ਰਹੀ ਸੀ। ਕਾਰਖਾਨਿਆਂ ਦਾ ਮਾਲ ਵਿੱਕ ਨਹੀਂ ਰਿਹਾ ਸੀ। ਸਿੱਟੇ ਵਜੋਂ ਕਾਰਖਾਨੇ ਬੰਦ ਹੋ ਰਹੇ ਸਨ। ਮਜ਼ਦੂਰਾਂ ਦੀ ਛਾਂਟੀ ਹੋ ਰਹੀ ਸੀ। ਕੱਚਾ ਮਾਲ ਦੂਸਰੇ ਗਰੀਬ ਦੇਸ਼ਾਂ ਤੋਂ ਲਿਆਉਣ ਲਈ ਅਤੇ ਪੱਕਾ ਮਾਲ (ਉਤਪਾਦਨ) ਵੇਚਣ ਲਈ ਗਰੀਬ ਮੁਲਕਾਂ ਨੂੰ ਆਪਣੀਆਂ ਨਿੱਜੀ ਬਸਤੀਆਂ ਬਣਾਉਣ ਦੀ ਦੌੜ ਲੱਗੀ ਹੋਈ ਸੀ। ਇਸ ਨਾਲ ਸਾਮਰਾਜੀ ਮੁਲਕਾਂ ਵਿਚ ਆਪਸੀ ਤਣਾਅ ਵੱਧ ਗਿਆ, ਜਿਸ ਦਾ ਨਤੀਜਾ ਦੂਜੀ ਸੰਸਾਰ ਜੰਗ ਵਿਚ ਨਿਕਲਿਆ। ਬਹੁਤ ਸਾਰੇ ਮੁਲਕ ਇਸ ਜੰਗ ਦੀ ਭੱਠੀ ਵਿਚ ਲੋਕਾਂ ਨੂੰ ਝੋਕ ਰਹੇ ਸਨ। ਲੈਨਿਨ ਨੇ ਲੋਕਾਂ ਨੂੰ ਜੰਗ ਦੀ ਹਕੀਕਤ ਦੱਸੀ ਅਤੇ ਇਸ ਜੰਗ ਨੂੰ ਪੂੰਜੀਵਾਦੀ ਜਮਾਤ ਦੇ ਹੱਕ ਵਿਚ ਅਤੇ ਆਮ ਲੋਕਾਂ ਦੇ ਵਿਰੋਧ ਵਿਚ ਦੱਸਿਆ ਜੰਗ ਗਰੀਬ ਲੋਕਾਂ ਦਾ ਕੁੱਝ ਨਾ ਸੰਵਾਰ ਸਕੀ, ਸਗੋਂ ਗਰੀਬ ਮੁਲਕ ਬਸਤੀਆਂ ਬਣ ਗਏ। 1930 ਵਿਚ ਬੁਰਜ਼ੁਆਜੀ ਦਾ ਆਰਥਕ ਸੰਕਟ, ਮੰਦੀ ਦਾ ਦੌਰ ਹੋਰ ਵੱਧ ਗਿਆ। ਗੁਲਾਮ ਦੇਸ਼ਾਂ ਦੀ ਮਜ਼ਦੂਰ ਜਮਾਤ ਅਕਤੂਬਰ ਇਨਕਲਾਬ ਤੋਂ ਪ੍ਰੇਰਨਾ ਲੈ ਕੇ ਅਪਣੇ ਦੇਸ਼ਾਂ ਨੂੰ ਆਜ਼ਾਦ ਕਰਨ ਲਈ ਇਕਮੁੱਠ ਹੋਣ ਲੱਗੀ। ਮੁਕਤੀ ਲਹਿਰਾਂ ਨੇ ਹੋਰ ਜ਼ੋਰ ਫੜਿਆ। ਸਾਮਰਾਜੀ ਸੰਕਟ ਹੋਰ ਵੱਧਦਾ ਗਿਆ। ਫਾਸ਼ੀਵਾਦ ਨੇ ਪੈਰ ਪਸਾਰੇ ਅਤੇ ਹਿਟਲਰ ਦੀ ਅਗਵਾਈ ਵਿਚ ਫਾਸ਼ੀ ਤਾਕਤਾਂ ਨੇ ਸਾਰੇ ਸੰਸਾਰ 'ਤੇ ਕਬਜ਼ਾ ਕਰਨ ਹਿੱਤ ਹਮਲੇ ਸ਼ੁਰੂ ਕਰ ਦਿੱਤੇ। ਸੋਵੀਅਤ ਯੂਨੀਅਨ ਨੇ ਉਸ ਉੱਪਰ ਹੋਏ ਹਮਲੇ ਦਾ ਮੂੰਹਤੋੜ ਜਵਾਬ ਦਿੱਤਾ। ਫਾਸ਼ੀਵਾਦੀ ਤਾਕਤਾਂ ਦੀ ਹਾਰ ਹੋਈ। ਸਾਮਰਾਜ ਨੂੰ ਭਾਰੀ ਢਾਹ ਲੱਗੀ ਅਤੇ ਸਮਾਜਵਾਦੀ ਸੋਚ ਭਾਰੂ ਹੋਈ। ਸਿੱਟੇ ਵਜੋਂ ਚੀਨ ਵਿਚ ਮਾਓ ਦੀ ਅਗਵਾਈ ਵਿਚ ਕਮਿਊਨਿਸ਼ਟ ਰਾਜ ਸਥਾਪਤ ਹੋ ਗਿਆ। ਪੂਰਬੀ ਯੂਰਪ ਦੇ ਮੁਲਕ ਵੱਡੀ ਪੱਧਰ 'ਤੇ ਸਮਾਜਵਾਦੀ ਪ੍ਰਬੰਧ ਸਥਾਪਤ ਕਰਨ ਵਿਚ ਸਫਲ ਹੋਏ। ਸੰਸਾਰ ਵਿਚ ਇਕ ਸਮਾਜਵਾਦੀ ਕੈਂਪ ਸਥਾਪਤ ਹੋ ਗਿਆ। ਸੋਵੀਅਤ ਯੂਨੀਅਨ ਵੱਲੋਂ ਹੋਰ ਦੇਸ਼ਾਂ ਵਿਚ ਸਮਾਜਵਾਦੀ ਪ੍ਰਬੰਧ ਸਥਾਪਤ ਕਰਨ ਲਈ ਸੰਘਰਸ਼ਸ਼ੀਲ ਲੋਕਾਂ ਨੂੰ ਅਗਵਾਈ ਅਤੇ ਹਰ ਸੰਭਵ ਮਦਦ ਦਿਤੇ ਜਾਣ ਨਾਲ ਉਨ੍ਹਾਂ ਦੇ ਸੰਘਰਸ਼ਾਂ ਨੂੰ ਹੋਰ ਬਲ ਮਿਲਿਆ। ਸਮਾਜਵਾਦੀ ਸੋਚ ਦੀ ਚੜ੍ਹਤ ਹੋ ਗਈ। ਸੋਵੀਅਤ ਯੂਨੀਅਨ ਦੇ ਲੋਕ ਖੁਸ਼ਹਾਲ ਹੋਏ। ਸੋਵੀਅਤ ਰੂਸ ਨੇ ਆਰਥਕ, ਵਿਗਿਆਨ, ਸੁਰੱਖਿਆ, ਵਿਦਿਆ, ਖੇਡਾਂ, ਡਾਕਟਰੀ ਇਲਾਜ, ਪੁਲਾੜ ਆਦਿ ਹਰ ਖੇਤਰ ਵਿਚ ਬੇਹੱਦ ਤਰੱਕੀ ਕੀਤੀ ਅਤੇ ਇਹ ਦਰਸਾ ਦਿੱਤਾ ਕਿ ਲੋਕਾਂ ਦੀਆਂ ਸਾਰੀਆਂ ਮੁਸ਼ਕਲਾਂ ਬੁਰਜ਼ੁਆ ਪ੍ਰਬੰਧ ਹੇਠ ਨਹੀਂ ਸਗੋਂ ਸਮਾਜਵਾਦੀ ਪ੍ਰਬੰਧ ਹੇਠ ਹੀ ਹੱਲ ਹੋ ਸਕਦੀਆਂ ਹਨ।
ਅਫਸੋਸ ਕਿ 70 ਸਾਲ ਸਫਲਤਾਪੂਰਵਕ ਸਮਾਜਵਾਦੀ ਢਾਂਚਾ ਚਲਦੇ ਰਹਿਣ ਬਾਅਦ ਇਹ 1990 ਵਿਚ ਢਹਿ-ਢੇਰੀ ਹੋ ਗਿਆ। ਇਸ ਦੇ ਕਾਰਨਾਂ ਬਾਰੇ ਬਹਿਸ ਹਾਲੇ ਵੀ ਜਾਰੀ ਹੈ, ਪਰ ਇਹ ਗੱਲ ਬਿਲਕੁਲ ਹੀ ਬੇਬੁਨਿਆਦ ਹੈ ਕਿ ਮਾਰਕਸਵਾਦ ਅਸਫਲ ਹੋ ਗਿਆ ਹੈ। ਇਹ ਵੀ ਸੱਚ ਹੈ ਕਿ ਸੋਵੀਅਤ ਯੂਨੀਅਨ ਨੂੰ ਅੰਦਰੋਂ ਵਧੇਰੇ ਢਾਹ ਲੱਗੀ। ਸਾਮਰਾਜਵਾਦ ਨੇ ਤਾਂ ਬਾਹਰੋਂ ਸੱਟਾਂ ਮਾਰਨੀਆਂ ਹੀ ਸਨ। ਲੈਨਿਨ ਤੇ ਸਤਾਲਿਨ ਵੱਲੋਂ ਸਾਮਰਾਜ ਵਿਰੁੱਧ ਲੜੀ ਬੇਕਿਰਕ ਲੜਾਈ ਨੂੰ ਅਣਡਿਠ ਕਰਕੇ ਲੀਡਰਸ਼ਿਪ ਸੋਧਵਾਦੀ ਕੁਰਾਹੇ ਦਾ ਸ਼ਿਕਾਰ ਹੋ ਗਈ। ਜਿਸ ਸੁਧਾਰਵਾਦ ਬਾਰੇ ਲੈਨਿਨ ਨੇ ਪਹਿਲਾਂ ਹੀ ਸੁਚੇਤ ਕੀਤਾ ਸੀ, ''ਸੁਧਾਰਵਾਦ, ਜਦੋਂ ਇਹ ਬਿਲਕੁਲ ਸੁਹਿਰਦ ਵੀ ਹੁੰਦਾ ਹੈ, ਅਸਲ ਵਿਚ ਐਸਾ ਹਥਿਆਰ ਬਣ ਜਾਂਦਾ ਹੈ, ਜਿਸ ਰਾਹੀਂ ਬੁਰਜ਼ੁਆਜ਼ੀ ਮਜ਼ਦੂਰਾਂ ਨੂੰ ਭ੍ਰਿਸ਼ਟ ਤੇ ਕਮਜੋਰ ਕਰਦੀ ਹੈ। ਸਾਰੇ ਦੇਸ਼ਾਂ ਦਾ ਤਜਰਬਾ ਦਰਸਾਉਂਦਾ ਹੈ ਕਿ ਜਿਹੜੇ ਮਜ਼ਦੂਰ ਸੁਧਾਰਵਾਦੀਆਂ ਵਿਚ ਵਿਸ਼ਵਾਸ ਰੱਖਦੇ ਹਨ, ਉਹ ਹਮੇਸ਼ਾਂ ਹੀ ਮੂਰਖ ਬਣਾਏ ਜਾਂਦੇ ਹਨ।'' (ਵੀ.ਆਈ. ਲੈਨਿਨ ਸੰਗ੍ਰਹਿ ਕਿਰਤਾਂ ਜਿਲਦ 19)। ਉਸੇ ਦਾ ਹੀ ਯੂ.ਐਸ.ਐਸ.ਆਰ. ਦੀ ਤਤਕਾਲੀ ਲੀਡਰਸ਼ਿਪ ਸ਼ਿਕਾਰ ਹੋ ਗਈ।  ਸ਼ਾਂਤੀਪੂਰਨ ਸਹਿਹੋਂਦ, ਸ਼ਾਂਤੀਪੂਰਨ ਮੁਕਾਬਲਾ ਤੇ ਸ਼ਾਂਤੀਪੂਰਨ ਤਬਦੀਲੀ ਵਰਗੀਆਂ ਉਦਾਰਵਾਦੀ ਪਹੁੰਚਾਂ ਅਪਣਾਈਆਂ ਜਾਣ ਲੱਗੀਆਂ। ਪਾਰਟੀ ਅਤੇ ਸ਼ਾਸ਼ਕ ਵਿਚ ਅਫਸਰਸ਼ਾਹੀ ਰੁਚੀਆਂ ਭਾਰੂ ਹੋ ਗਈਆਂ। ਭ੍ਰਿਸ਼ਟਾਚਾਰੀ ਵਰਤਾਰਾ ਤੇ ਚਾਪਲੂਸੀ ਨਾਲ ਅਹੁਦੇ ਗ੍ਰਹਿਣ ਕਰਨ ਦੀ ਦੌੜ ਲੱਗ ਗਈ। ਉਧਰੋਂ ਸਾਮਰਾਜੀ ਮੁਲਕਾਂ ਦੀ ਅਗਵਾਈ ਕਰਦੀ ਅਮਰੀਕੀ ਸਰਕਾਰ ਦੀ ਸੀ.ਆਈ.ਏ. ਦੇਸ਼ ਅੰਦਰ ਘੁਸਪੈਠ ਕਰ ਗਈ। ਗੋਰਬਾਚੇਵ ਤੇ ਯੈਲਤਸਿਨ ਨੂੰ ਉਸ ਨੇ ਆਪਣਾ ਬਣਾ ਲਿਆ। ਗੋਰਬਾਚੇਵ ਨੇ ਅੰਦਰੋਂ ਢਾਹ ਲਾਈ ਅਤੇ ਸਾਮਰਾਜਵਾਦ ਨੇ ਬਾਹਰੋਂ ਨਾਕਾਬੰਦੀਆਂ, ਬੰਦਸ਼ਾਂ ਤੇ ਕੂੜ ਪ੍ਰਚਾਰ ਕੀਤਾ। ਸਮੇਤ ਭਾਰਤ ਦੇ ਹੋਰ ਦੇਸ਼ਾਂ ਦੀਆਂ ਕਮਿਊਨਿਸ਼ਟ ਪਾਰਟੀਆਂ ਵੀ ਅਕਤੂਬਰ ਇਨਕਲਾਬ ਵਿਚ ਲੈਨਿਨ, ਸਟਾਲਿਨ ਤੋਂ ਬਾਅਦ ਵਿਚ ਖਾਸ ਕਰਕੇ ਗੋਰਬਾਚੇਵ ਦੇ ਵਕਤ ਆ ਰਹੇ ਵਿਗਾੜਾਂ ਨੂੰ ਸਹੀ ਢੰਗ ਨਾਲ ਨੋਟ ਕਰਨ ਤੋਂ ਅਸਮਰੱਥ ਰਹੀਆਂ। ਕਈ ਤਾਂ ਅਖੀਰ ਤੱਕ ਉਸ ਦਾ ਗੁਣਗਾਨ ਕਰਦੀਆਂ ਰਹੀਆਂ ਅਤੇ ਉਸ ਦੇ ਕਹੇ ਆਪਣੇ ਦੇਸ਼ ਦੀਆਂ ਪੂੰਜੀਵਾਦੀ ਸਰਕਾਰਾਂ ਦੇ ਲੋਕ ਵਿਰੋਧੀ ਫੈਸਲਿਆਂ ਦਾ ਸਮਰਥਨ ਕਰਨ ਤੱਕ ਚਲੇ ਗਈਆਂ  ਏਸੇ ਤਰ੍ਹਾਂ ਪੋਲੈਂਡ ਵਿਚ ਸਾਲੀਡੇਰਿਟੀ ਤੇ ਲੇਸ ਵਲੇਸਾ ਵਰਗੇ ਸਮਾਜਵਾਦ ਦੇ ਦੁਸ਼ਮਣ ਪੈਦਾ ਹੋ ਗਏ। ਯੂ.ਐਸ.ਐਸ.ਆਰ. ਦੇ ਨਾਲ-ਨਾਲ ਪੂਰਬੀ ਯੂਰਪ ਦੇ ਹੋਰ ਮੁਲਕਾਂ ਵਿਚ ਵੀ ਇਹ ਪ੍ਰਬੰਧ ਵੀ ਢਹਿ ਢੇਰੀ ਹੋ ਗਿਆ। ਭਾਵੇਂ ਵਿਅਤਨਾਮ, ਕਿਊਬਾ, ਉੱਤਰੀ ਕੋਰੀਆ ਅਤੇ ਚੀਨ ਵਿਚ ਸਮਾਜਵਾਦੀ ਪ੍ਰਬੰਧ ਹੈ, ਪਰ ਹੁਣ ਸੰਸਾਰ ਵਿਚ ਸਮਾਜਵਾਦੀ ਕੈਂਪ ਨਹੀਂ ਰਿਹਾ। ਹੁਣ ਕਿਸੇ 'ਇੰਟਰਨੈਸ਼ਨਲ' ਦੀ ਹੋਂਦ ਵੀ ਨਹੀਂ ਹੈ। ਸਮੇਤ ਰੂਸ ਦੇ ਸਾਰੇ ਪੁਰਾਤਨ ਕਮਿਊਨਿਸ਼ਟ ਸਰਕਾਰਾਂ ਦੇ ਦੇਸ਼ਾਂ ਦੇ ਲੋਕ ਫੇਰ ਤੋਂ ਗਰੀਬੀ, ਬੇਰੁਜ਼ਗਾਰੀ, ਭ੍ਰਿਸ਼ਟਾਚਾਰ, ਮਹਿੰਗਾਈ, ਬੇਇਨਸਾਫੀ ਦੇ ਸ਼ਿਕਾਰ ਹਨ। ਹਾਹਾਕਾਰ ਮਚੀ ਹੋਈ ਹੈ। ਗਰੀਬੀ-ਅਮੀਰੀ ਦਾ ਪਾੜਾ ਸਿਖਰਾਂ ਛੋਹ ਰਿਹਾ ਹੈ।
ਅਮਰੀਕਾ ਤੇ ਹੋਰ ਵਿਕਸਤ ਦੇਸ਼ਾਂ ਵਿਚ ਫਿਰ ਤੋਂ ਆਰਥਕ ਸੰਕਟ ਹੈ। ਬੁਰਜ਼ੁਆ ਪ੍ਰਬੰਧ ਵਾਲੇ ਸਾਰੇ ਦੇਸ਼ ਕਾਰਪੋਰੇਟ ਘਰਾਣਿਆਂ ਦੀ ਜਕੜ ਵਿਚ ਹਨ। 2008 ਦੇ ਆਰਥਕ ਮੰਦਵਾੜੇ ਤੋਂ ਨਿਕਲ ਨਹੀਂ ਰਹੇ। ਮਾਲ ਵਿਕ ਨਹੀਂ ਰਿਹਾ। ਵਿਸ਼ਵ ਵਪਾਰ ਸੰਸਥਾ (ਡਬਲਿਊ.ਟੀ.ਓ.), ਅੰਤਰਰਾਸ਼ਟਰੀ ਮੁਦਰਾ ਕੋਸ਼ ਅਤੇ ਸੰਸਾਰ ਬੈਂਕ ਦੀਆਂ ਸ਼ਰਤਾਂ ਵਿਕਾਸਸ਼ੀਲ ਮੁਲਕਾਂ ਦਾ ਗਲਾ ਘੁੱਟ ਰਹੀਆਂ ਹਨ। ਕੋਈ ਰੋਕ-ਟੋਕ ਨਹੀਂ ਹੈ। ਕਈ ਤਰ੍ਹਾਂ ਦੀਆਂ ਭਰਾਂਤੀਆਂ ਪੈਦਾ ਹੋ ਰਹੀਆਂ ਹਨ। ਯੂਰਪੀ ਯੂਨੀਅਨ ਟੁੱਟ ਰਹੀ ਹੈ। ਯੂ.ਕੇ. ਇਸ ਤੋਂ ਵੱਖ ਹੋ ਗਿਆ ਹੈ। ਅਮਰੀਕਾ ਵਿਚ ਟਰੰਪ ਨਵੀਆਂ ਮਾਨਵ ਵਿਰੋਧੀ ਪਹੁੰਚਾ ਅਪਣਾ ਰਿਹਾ ਹੈ। ਸੰਸਾਰ ਵਿਚ ਹਿਟਲਰੀ ਸੋਚ ਫਿਰ ਤੋਂ ਪਨਪਣ ਲੱਗ ਗਈ ਹੈ। ਆਪਣੇ-ਆਪਣੇ ਮੁਲਕ ਬਾਰੇ ਸੋਚੋ, ਹੋਰਨਾਂ ਨਾਲ ਕੋਈ ਸਬੰਧ ਨਹੀਂ ਦੀ ਸੋਚ ਭਾਰੂ ਹੈ। ਗਰੀਬ ਮੁਲਕਾਂ 'ਤੇ ਧੋਂਸ ਤੇ ਫੌਜੀ ਤਾਕਤਾਂ ਨਾਲ ਕਬਜ਼ਾ ਕੀਤਾ ਜਾ ਰਿਹਾ ਹੈ। ਅਫਗਾਨਿਸਤਾਨ, ਇਰਾਕ, ਸੀਰੀਆ ਤਬਾਹ ਹੋ ਗਏ ਹਨ। ਇਰਾਨ, ਉੱਤਰ ਕੋਰੀਆ ਆਦਿ ਨੂੰ ਬਦਨਾਮ ਕਰਕੇ ਕਬਜ਼ਾ ਕਰਨ ਦੀ ਸਾਜਿਸ਼ ਜਾਰੀ ਹੈ। ਸੰਸਾਰ ਇਕ ਧਰੁਵੀ ਹੋ ਗਿਆ ਹੈ। ਭਾਰਤ ਵਰਗੇ ਮੁਲਕ ਹੁਣ ਅਮਰੀਕਾ ਦਾ ਗੁਣਗਾਨ ਕਰਦੇ ਨਹੀਂ ਥੱਕਦੇ। ਉਸ ਦੀਆਂ ਨੀਤੀਆਂ ਨੂੰ ਮਨਮੋਹਨ-ਮੋਦੀ ਸਰਕਾਰਾਂ ਅਪਣਾ ਕੇ ਦੇਸ਼ ਨੂੰ ਬਹੁਰਾਸ਼ਟਰੀ ਕੰਪਨੀਆਂ ਦੇ ਜਬਾੜੇ ਹੇਠ ਦੇ ਰਹੀਆਂ ਹਨ। ਉਂਜ ਚੰਗਾ ਪੱਖ ਇਹ ਵੀ ਹੈ ਕਿ ਸਾਮਰਾਜ ਵਿਰੋਧੀ ਸੋਚ ਫਿਰ ਤੋਂ ਪਨਪਣ ਲੱਗੀ ਹੈ। ਖਾਸ ਕਰਕੇ ਦੱਖਣੀ ਅਮਰੀਕੀ ਮੁਲਕਾਂ ਦੇ ਲੋਕਾਂ ਨੇ ਐਸੀਆਂ ਸਰਕਾਰਾਂ ਨੂੰ ਅੱਗੇ ਲਿਆਂਦਾ ਹੈ ਜੋ ਸਾਮਰਾਜ ਵਿਰੋਧੀ ਹਨ। ਸਮੁੱਚੇ ਸੰਸਾਰ ਵਿਚ ਮਾਰਕਸਵਾਦ ਫਿਰ ਤੋਂ ਪੜ੍ਹਿਆ ਜਾਣ ਲੱਗਾ ਹੈ। ਸਾਮਰਾਜੀ ਮੁਲਕ ਵੀ ਕਾਰਲ ਮਾਰਕਸ ਦੀ ਕਿਰਤ 'ਪੂੰਜੀ' (1867) ਨੂੰ ਫਿਰ ਤੋਂ ਘੋਖਣ ਲੱਗੇ ਹਨ। ਲੋੜ ਸਿਰਫ ਇਸੇ ਹੀ ਗੱਲ ਦੀ ਹੈ ਕਿ ਇਨਕਲਾਬਾਂ ਦੇ ਕੁਰਾਹੇ ਪੈਣ ਦੇ ਕਾਰਨਾਂ ਨੂੰ ਘੋਖਿਆ ਜਾਵੇ ਅਤੇ ਉਸ ਤੋਂ ਸਬਕ ਸਿੱਖ ਕੇ ਪੂੰਜੀਵਾਦੀ ਪ੍ਰਬੰਧ ਨੂੰ ਢਹਿ-ਢੇਰੀ ਕਰਨ ਲਈ ਲੋਕਾਂ ਨੂੰ ਲਾਮਬੰਦ ਕੀਤਾ ਜਾਵੇ। ਲੋਕਾਂ ਦਾ ਕਲਿਆਣ ਕੇਵਲ ਸਮਾਜਵਾਦੀ ਪ੍ਰਬੰਧ ਹੀ ਕਰ ਸਕਦਾ ਹੈ। ਮਾਰਕਸ-ਲੈਨਿਨ-ਮਾਓ ਦੀ ਵਿਚਾਰਧਾਰਾ ਨਾਲ ਲੋਕਾਂ ਨੂੰ ਲੈਸ ਕਰਨਾ ਹੋਵੇਗਾ। ਅਕਤੂਬਰ ਇਨਕਲਾਬ ਹਮੇਸ਼ਾ ਸਾਨੂੰ ਸੇਧ ਦਿੰਦਾ ਰਹੇਗਾ। ਸਮਾਜਵਾਦੀ ਸੋਚ ਦੇ ਲੋਕਾਂ ਲਈ ਇਹ ਹਮੇਸ਼ਾ ਪ੍ਰੇਰਨਾ ਸਰੋਤ ਰਹੇਗਾ।

No comments:

Post a Comment