Friday 3 November 2017

ਲੋਕ ਮਸਲੇ : ਕਰੈਸ਼ਰ ਮਾਫੀਏ ਨੂੰ ਪ੍ਰਸ਼ਾਸਨ ਦੀ ਹੱਲਾਸ਼ੇਰੀ

ਜ਼ਿਲ੍ਹਾ ਹੁਸ਼ਿਆਰਪੁਰ ਦੀ ਮੁਕੇਰੀਆਂ-ਤਲਵਾੜਾ ਬੈਲਟ ਅਤੇ ਹਿਮਾਚਲ ਪ੍ਰਦੇਸ਼ ਦੀ ਇੰਦੌਰਾ ਤਹਿਸੀਲ ਵਿਚਕਾਰ ਵਗਦੇ ਦਰਿਆ ਬਿਆਸ ਦਾ ਆਲਾ ਦੁਆਲਾ ਨਜਾਇਜ਼ ਖਨਨ ਅਤੇ  ਨਾਜਾਇਜ਼ ਖਨਨ ਮਾਫੀਏ ਦੀਆਂ ਅਸਲੋਂ ਹੀ ਗੈਰ ਕਾਨੂੰਨੀ ਕਾਰਵਾਈਆਂ ਅਤੇ ਇਲਾਕੇ ਦੇ ਲੋਕਾਂ ਨਾਲ ਕੀਤੀਆਂ ਜਾ ਰਹੀਆਂ ਧੱਕੇਸ਼ਾਹੀਆਂ ਨੂੰ ਹਾਕਮ ਪਾਰਟੀਆਂ ਦੇ ਰਾਜਨੀਤੀਵਾਨਾਂ ਦੀ ਹੀ ਨਹੀਂ ਪ੍ਰਸ਼ਾਸ਼ਨ ਵਲੋਂ ਵੀ ਨੰਗੀ ਚਿੱਟੀ ਹੱਲਾਸ਼ੇਰੀ ਮਿਲ ਰਹੀ ਹੈ। ਦਰਿਆ ਦੇ ਦੋਵੇਂ ਪਾਸੇ, ਮੁਕੇਰੀਆਂ ਤਹਿਸੀਲ ਵਿਚ ਵੀ ਅਤੇ ਹਿਮਾਚਲ ਵਿਚਲੇ ਖੇਤਰ ਵਿਚ ਵੀ ਪੱਥਰ ਤੋਂ ਗੁਟਕਾ, ਬੱਜਰੀ ਤੇ ਰੇਤ ਬਨਾਉਣ ਵਾਲੇ ਲਗਭਗ ਡੇਢ ਦਰਜਨ ਕਰੈਸ਼ਰ ਲੱਗੇ ਹੋਏ ਹਨ ਜਿਹਨਾਂ ਦੇ ਵੱਡੀ ਪਹੁੰਚ ਵਾਲੇ ਮਾਲਕ ਪੱਥਰ ਦੀ ਖੁਦਾਈ ਵੀ ਗੈਰ ਕਾਨੂੰਨੀ ਢੰਗ ਨਾਲ ਕਰਦੇ ਹਨ, ਅਤੇ ਇਲਾਕੇ ਦੇ ਕੁਦਰਤੀ ਤੇ ਸਮਾਜਿਕ ਵਾਤਾਵਰਨ ਨੂੰ ਬੁਰੀ ਤਰ੍ਹਾਂ ਪਲੀਤ ਕਰਕੇ ਬਣਾਏ ਜਾਂਦੇ ਮਾਲ ਦੀ ਢੋਆ ਢੁਆਈ ਲਈ ਵੀ ਪੂਰੀ ਤਰ੍ਹਾਂ ਨਾਜਾਇਜ਼ ਢੰਗ ਤਰੀਕੇ ਵਰਤਦੇ ਹਨ। ਜਿਸਦੇ ਫਲਸਰੂਪ ਸਾਧਾਰਨ ਆਵਾਜਾਈ ਵਾਸਤੇ ਬਣੀਆਂ ਹੋਈਆਂ ਸੜਕਾਂ ਬੁਰੀ ਤਰ੍ਹਾਂ ਬਰਬਾਦ ਹੋ ਗਈਆਂ ਹਨ ਅਤੇ ਭੁਬੱਲ ਬਣ ਗਈਆਂ ਹਨ। ਇਸ ਕੰਮ ਲਈ ਵਰਤੇ ਜਾ ਰਹੇ ਦਰਜਨਾਂ ਵੱਡੇ ਵੱਡੇ ਵਾਹਨ ਟੁੱਟੀਆਂ ਸੜਕਾਂ 'ਤੇ ਦਿਨ ਰਾਤ ਦੌੜਦੇ ਰਹਿਣ ਕਾਰਨ ਉਡਦੀ ਧੂੜ ਮਿੱਟੀ ਨਾਲ 50-60 ਪਿੰਡਾਂ ਦੇ ਲੋਕਾਂ ਵਾਸਤੇ ਸਾਹ ਲੈਣਾ ਵੀ ਮੁਸ਼ਕਿਲ ਬਣ ਚੁੱਕਾ ਹੈ। ਕਈ ਭਿਆਨਕ ਹਾਦਸੇ ਹੋ ਚੁੱਕੇ ਹਨ। ਪ੍ਰੰਤੂ ਹੈਰਾਨੀਜਨਕ ਗੱਲ ਇਹ ਹੈ ਕਿ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੇ ਕੰਨਾਂ 'ਤੇ ਜੂੰ ਤੱਕ ਨਹੀਂ ਸਰਕਦੀ। ਉਹ ਉਲਟਾ, ਇਹਨਾਂ ਗੈਰ ਕਾਨੂੰਨੀ ਕਾਰਵਾਈਆਂ ਦਾ ਵਿਰੋਧ ਕਰਦੇ ਲੋਕਾਂ ਨੂੰ ਡਰਾਉਣ-ਧਮਕਾਉਣ ਅਤੇ ਦਬਾਉਣ ਲਈ ਅਕਸਰ ਹੀ ਪੁਲਸ ਦੀਆਂ ਧਾੜਾਂ ਲੈ ਆਉਂਦੇ ਹਨ।
ਅਸੀਂ ਸਮਝਦੇ ਹਾਂ ਕਿ ਸਾਡੇ ਇਸ ਇਲਜ਼ਾਮ ਨੂੰ ਸਾਬਤ ਕਰਨ ਲਈ ਇਕ ਉਦਾਹਰਣ ਹੀ ਕਾਫੀ ਹੈ। ਚੱਕ ਮੀਰਪੁਰ ਪਿੰਡ ਉਪਰਲੇ ਪਾਸੇ ਇਕ ਭਾਰਤ ਸਟੋਨ ਕਰੈਸ਼ਰ ਹੈ, ਜਿਹੜਾ ਕਿ ਹਿਮਾਚਲ ਦੇ ਖੇਤਰ ਵਿਚ ਹੈ, ਪੱਥਰ ਤੇ ਬਿਜਲੀ ਵੀ ਹਿਮਾਚਲ ਤੋਂ ਹੀ ਲੈਂਦਾ ਹੈ, ਪ੍ਰੰਤੂ ਉਸਦੀ ਮਨਜੂਰੀ ਪੰਜਾਬ ਪ੍ਰਦੂਸ਼ਨ ਕੰਟਰੋਲ ਬੋਰਡ ਨੇ ਦੇ ਰੱਖੀ ਹੈ। ਇਹ ਅਪਾਣੇ ਆਪ ਵਿਚ ਹੀ ਇਕ ਅਜੀਬ ਅੜਾਉਂਣ ਹੈ। ਇਸ ਕਰੈਸ਼ਰ ਦਾ ਤਿਆਰ ਮਾਲ ਪਿੰਡ ਚੱਕਮੀਰ ਦੀਆਂ ਗਲੀਆਂ/ਸੜਕਾਂ ਨੂੰ ਤੋੜ ਤਬਾਹ ਕਰਕੇ ਪੰਜਾਬ ਦੀ ਮੰਡੀ ਵਿਚ ਜਾਂਦਾ ਹੈ। ਇਸ ਮੰਤਵ ਲਈ ਵਰਤੇ ਜਾਂਦੇ ਟਿੱਪਰ, ਦਰਿਆ ਦੇ ਪੰਜਾਬ ਵਾਲੇ ਪਾਸੇ ਵਿਚਲੇ ਹਿਮਾਚਲ ਦੇ ਖੇਤਰ ਦੀ ਸਿੰਚਾਈ ਲਈ ਸੀਮਿੰਟ ਦੇ ਪਿੱਲਰਾਂ ਤੇ ਬਣਾਏ ਗਏ ਨਹਿਰ ਦੇ ਸੂਏ ਦੇ ਥੱਲੇ ਖੁਦਾਈ ਕਰਕੇ ਅਤੇ ਸਬਵੇਅ ਬਣਾਕੇ ਲੰਘਾਏ ਜਾਂਦੇ ਹਨ। ਇਹ ਇਕ ਗੈਰ ਕਾਨੂੰਨੀ ਕਾਰਵਾਈ ਹੈ ਜਿਸ ਨੂੰ ਰੋਕਣ ਵਾਸਤੇ ਚੱਕ ਮੀਰਪੁਰ ਦੇ ਲੋਕਾਂ ਨੇ ਸਾਧਾਰਨ ਵਾਹਨਾਂ ਦੇ ਲਾਂਘੇ ਲਈ ਇਕ ਬੈਰੀਕੇਡ ਬਣਾਇਆ ਹੋਇਆ ਸੀ ਜਿਸ ਨੂੰ ਪ੍ਰਸ਼ਾਸ਼ਨ ਨੇ ਪੁਲਸ ਦੀ ਮਦਦ ਨਾਲ 14 ਅਕਤੂਬਰ ਨੂੰ ਲੋਕਾਂ ਦੇ ਵਿਰੋਧ ਦੇ ਬਾਵਜੂਦ ਖਿੰਡਾਅ ਦਿੱਤਾ। ਕਰੈਸ਼ਰ ਮਾਫੀਏ ਦੀਆਂ ਵਧੀਕੀਆਂ ਤੋਂ ਤੰਗ ਆਏ ਹੋਏ ਲੋਕਾਂ ਨੇ ਮੁੜ ਬੈਰੀਕੇਡ ਗੱਡ ਦਿੱਤਾ। ਜਿਸ ਨੂੰ ਅਗਲੇ ਦਿਨ ਫਿਰ ਕਈ ਥਾਣਿਆਂ ਤੋਂ ਲਿਆਂਦੀ ਪੁਲਸ ਨੇ ਜੇ.ਬੀ.ਸੀ. ਲਿਆ ਕੇ ਪੁੱਟ ਦਿੱਤਾ ਅਤੇ ਲੋਕਾਂ ਨੂੰ ਕਾਨੂੰਨੀ ਕਾਰਵਾਈ ਕਰਨ ਦੀਆਂ ਧਮਕੀਆਂ ਦੇਕੇ ਕਰੈਸ਼ਰ ਮਾਫੀਏ ਨੂੰ ਹੱਲਾਸ਼ੇਰੀ ਦਿੱਤੀ।
ਏਸੇ ਤਰ੍ਹਾਂ ਮੁਕੇਰੀਆਂ ਹਾਈਡਲ ਦੇ ਵਾਧੂ ਪਾਣੀ ਲਈ ਬਣਾਈ ਗਈ ਅਸਥਾਈ ਚੈਨਲ ਉਪਰ ਬਣੇ ਹੋਏ ਪੁਲ ਨੰਬਰ 695, ਜਿਹੜਾ ਕਿ ਸਰਕਾਰੀ ਤੌਰ 'ਤੇ ਵੀ ਭਾਰੀ (8 ਟਨ ਤੋਂ ਉਪਰ) ਟਰੈਫਿਕ ਲਈ ਅਯੋਗ ਕਰਾਰ ਦਿੱਤਾ ਜਾ ਚੁੱਕਾ ਹੈ, ਉਪਰੋਂ ਤਿੰਨ ਹੋਰ ਕਰੈਸ਼ਰਾਂ-ਸ਼ਾਹੀ, ਵਸ਼ਿਸ਼ਟ ਅਤੇ ਮਹਾਂਦੇਵ, ਦਾ ਮਾਲ ਢੋਇਆ ਜਾ ਰਿਹਾ ਹੈ। ਜਿਸ ਨਾਲ ਛੋਟੇ ਪਿੰਡਾਂ ਦੀਆਂ ਸੜਕਾਂ ਬੁਰੀ ਤਰ੍ਹਾਂ ਟੁੱਟ ਗਈਆਂ ਸਨ। ਇਸ ਲਈ ਪਿੰਡ ਵਾਸੀਆਂ ਨੇ ਇਸ ਪੁਲ 'ਤੇ ਵੀ ਧਰਨਾ ਲਾਇਆ ਅਤੇ ਬੈਰੀਕੇਡ ਸਥਾਪਤ ਕੀਤਾ, ਜਿਸ ਨੂੰ ਪਲੀਸ ਨੇ ਪ੍ਰਸ਼ਾਸ਼ਨ ਦੇ ਦਬਾਅ ਹੇਠ ਤੋੜ ਦਿੱਤਾ। ਜਿੱਥੇ 8 ਟਨ ਭਾਰ ਵਾਲੀਆਂ ਗੱਡੀਆਂ ਦੀ ਵੀ ਮਨਾਹੀ ਹੈ। ਇਸ ਤੋਂ ਬਾਅਦ ਕਰੈਸ਼ਰ  ਮਾਲਕਾਂ ਨੇ ਇਕ ਹੋਰ ਗੈਰ ਕਾਨੂੰਨੀ ਕਾਰਵਾਈ ਆਰੰਭ ਦਿੱਤੀ ਹੈ। ਹੁਣ ਇਹਨਾਂ ਤਿੰਨਾਂ ਕਰੈਸ਼ਰਾਂ ਦਾ ਮਾਲ ਲਾਗਲੇ ਪਿੰਡ ਹੰਡਵਾਲ ਦੀਆਂ ਗਲੀਆਂ ਵਿੱਚੀਂ ਟਰੈਕਟਰ-ਟਰਾਲੀਆਂ ਤੇ ਢੋਇਆ ਜਾ ਰਿਹਾ ਹੈ। ਇਨਾਂ ਟਰਾਲੀਆਂ ਵਿਚ ਪੁਰਾਣੇ ਮਾਲ ਲੱਦਣ ਦੀ ਵਿਵਸਥਾ ਬਣਾ ਲਈ ਗਈ ਹੈ ਅਤੇ ਇਹਨਾਂ ਦੀ ਇਹ ਕਾਰਵਾਈ ਦਿਨ-ਰਾਤ ਚੱਲਦੀ ਹੈ। ਟਰੈਕਟਰਾਂ ਤੇ ਲਾਏ ਹੋਏ ਡੈਕ ਕੰਨ ਪਾੜਵੀਂ ਆਵਾਜ਼ ਵਿਚ ਵੱਜਦੇ ਹਨ ਅਤੇ ਹਵਾ ਪ੍ਰਦੂਸ਼ਣ ਦੇ ਨਾਲ ਨਾਲ ਆਵਾਜ਼ ਪ੍ਰਦੂਸ਼ਨ ਵੀ ਨਿਡਰਤਾ ਸਹਿਤ ਫ਼ੈਲਾਇਆ ਜਾਂਦਾ ਹੈ।
ਇਸ ਤਰ੍ਹਾਂ ਕਰੈਸ਼ਰ ਮਾਫੀਏ ਨੇ ਪ੍ਰਸ਼ਾਸ਼ਨਿਕ ਅਧਿਕਾਰੀਆਂ ਦੀ ਇਸ ਮਿਲੀਭਗਤ ਨਾਲ ਇਲਾਕੇ ਦੇ ਲੋਕਾਂ ਦਾ ਜੀਵਨ ਹੀ ਦੁਭਰ ਨਹੀਂ ਬਣਾਇਆ ਹੋਇਆ ਬਲਕਿ ਦਰਿਆ ਦੇ ਬੈਡਾਂ 'ਚੋਂ ਪੱਥਰਾਂ ਦੀ ਪੁਟਾਈ ਹੋਣ ਨਾਲ ਪੌਂਗ ਡੈਮ ਲਈ ਵੀ ਵੱਡੇ ਖਤਰੇ ਪੈਦਾ ਹੋ ਰਹੇ ਹਨ। ਜੇਕਰ ਇਸ ਗੈਰ ਕਾਨੂੰਨੀ ਧੰਦੇ ਨੂੰ ਰੋਕਿਆ ਨਾ ਗਿਆ ਤਾਂ ਏਥੇ ਵੀ ਇਕ ਦਿਨ ਬਦਰੀ ਨਾਥ ਵਰਗੀ ਪਰਲੋ ਆ ਸਕਦੀ ਹੈ। ਇਲਾਕੇ ਦੇ ਲੋਕਾਂ ਦੀ ਇਸ ਤਰਾਸਦੀ ਨੂੰ ਨੇੜਿਓਂ ਹੋ ਕੇ ਜਾਨਣ ਲਈ ਪਿਛਲੀ ਦਿਨੀਂ ਸਾਡੀ ਪਾਰਟੀ ਆਰ.ਐਮ.ਪੀ.ਆਈ. ਦੇ ਕਾਮਰੇਡ ਹਰਕੰਵਲ ਸਿੰਘ, ਦਵਿੰਦਰ ਸਿੰਘ, ਬਲਬੀਰ ਸਿੰਘ ਅਤੇ ਧਰਮਿੰਦਰ ਸਿੰਘ 'ਤੇ ਅਧਾਰਤ ਪ੍ਰਤੀਨਿੱਧਮੰਡਲ ਨੇ ਇਲਾਕੇ ਦਾ ਦੌਰਾ ਕੀਤਾ। ਇਸ ਦੌਰਾਨ ਚੱਕਮੀਰਪੁਰ ਵਿਚ ਕੀਤੀ ਗਈ ਇਕ ਮੀਟਿੰਗ ਵਿੱਚ ਬੀਬੀ ਸੁਰੇਸ਼ ਕੁਮਾਰੀ, ਦਰਸ਼ਨਾ ਕੁਮਰੀ ਅਤੇ ਲੀਲਾ ਦੇਵੀ ਨੇ ਦੱਸਿਆ ਕਿ ਟਿੱਪਰਾਂ ਦੀ ਆਵਾਜਾਈ ਨਾਲ ਟੁੱਟੀਆਂ ਸੜਕਾਂ 'ਤੇ ਬਰਸਾਤ ਵਿਚ ਆਵਾਜਾਈ ਬਹੁਤ ਹੀ ਔਖੀ ਹੋ ਜਾਂਦੀ ਹੈ। ਅਤੇ ਜਦੋਂ ਮੁੜ  ਉਡਦੀ ਹੈ ਤਾਂ ਫਸਲਾਂ ਤੇ ਪਸ਼ੂਆਂ ਦਾ ਚਾਰਾ ਵੀ ਬਰਬਾਦ ਹੋ ਜਾਂਦਾ ਹੈ ਅਤੇ ਧੋਕੇ ਸੁਕਣੇ ਪਾਏ ਗਏ ਕੱਪੜੇ ਵੀ ਖਰਾਬ ਹੋ ਜਾਂਦੇ ਹਨ। ਕਰੈਸ਼ਰ  ਮਾਲਕਾਂ ਦੀਆਂ ਗੈਰ ਕਾਨੂੰਨੀ ਕਾਰਵਾਈਆਂ ਰੋਕਣ ਅਤੇ ਕਾਨੂੰਨਾਂ ਦੀ ਪਾਲਣਾ ਕਰਾਉਣ ਵਾਸਤੇ ਲੋਕਾਂ ਵਲੋਂ ਬਣਾਈ ਗਈ ''ਖਨਿਨ ਰੋਕੋ, ਵਾਤਾਵਰਨ ਬਚਾਓ'' ਸੰਘਰਸ਼ ਕਮੇਟੀ ਦੇ ਸਕੱਤਰ ਜਸਬੀਰ ਸਿੰਘ ਅਤੇ ਪਿੰਡ ਟੋਬੇ ਦੀ ਪੰਚ ਬੀਬੀ ਜੀਤ ਕੌਰ ਅਤੇ ਸ਼ੀਲਾ ਦੇਵੀ ਨੇ ਦੱਸਿਆ ਕਿ ਐਸ.ਡੀ.ਐਮ. ਅਤੇ ਹੋਰ ਅਧਿਕਾਰੀਆਂ ਵਲੋਂ ਲੋਕਾਂ ਦੀ ਗੱਲ ਸੁਣਨ ਦੀ ਬਜਾਏ ਧਰਨੇ 'ਤੇ ਬੈਠੇ ਲੋਕਾਂ ਨੂੰ ਧਮਕੀਆਂ ਅਤੇ ਔਰਤਾਂ ਨੂੰ ਚੁੱਕਕੇ ਚੇਲ੍ਹ 'ਚ ਬੰਦ ਕਰਨ ਦੇ ਡਰਾਵੇ ਵੀ ਦਿੱਤੇ ਗਏ। ਏਸੇ ਤਰ੍ਹਾਂ ਹੰਦਵਾਲ ਪਿੰਡ ਵਿਚ ਵੱਡੀ ਗਿਣਤੀ ਵਿਚ ਇਕੱਠੀਆਂ ਹੋਈਆਂ ਔਰਤਾਂ ਵਿਚੋਂ ਬੀਬੀ ਪੁਸ਼ਪਾ ਕੁਮਾਰੀ, ਰਾਜ ਕੁਮਾਰੀ ਅਤੇ ਕਮਲੇਸ਼ ਕੁਮਾਰੀ ਨੇ ਦੱਸਿਆ ਕਿ ਜਦੋਂ ਬੱਜਰੀ ਨਾਲ ਨੱਕੋ ਨੱਕ ਲੱਦੀਆਂ ਹੋਈਆਂ ਟਰਾਲੀਆਂ ਪਿੰਡ ਦੀਆਂ ਗਲੀਆਂ 'ਚੋਂ ਲੰਘਦਾ ਦੀਆਂ ਹਨ ਹੈ ਤਾਂ ਆਮ ਆਵਾਜਾਈ ਰੁਕ ਜਾਂਦੀ ਹੈ। ਉਹਨਾਂ ਨੇ ਟਰਾਲੀਆਂ ਤੇ ਵੱਜਦੇ ਡੈਕਾਂ ਵਿਚਲੇ ਲੱਚਰ ਗੀਤਾਂ ਵਿਰੁੱਧ ਵੀ ਜ਼ੋਰਦਾਰ ਰੋਸ ਦਾ ਪ੍ਰਗਟਾਵਾ ਕੀਤਾ। ਚੰਗੀ ਗੱਲ ਇਹ ਹੈ ਕਿ ਲੋਕਾਂ ਦੀਆਂ ਇਹਨਾਂ ਮੁਸੀਬਤਾਂ ਪ੍ਰਤੀ ਸਰਕਾਰ ਦੀ ਮੁਜ਼ਰਮਾਨਾ ਅਨਗਹਿਲੀ ਤੇ ਦਬਾਊ ਵਤੀਰੇ ਦੇ ਬਾਵਜੂਦ ਲੋਕ ਦੇਸ਼ ਦੇ ਕਾਨੂੰੂਨਾਂ ਨੂੰ ਲਾਗੂ ਕਰਾਉਣ ਲਈ ਬੜੇ ਹੌਸਲੇ ਨਾਲ ਇਕਜੁਟ ਖੜੇ ਹਨ। ਇਸ ਤੋਂ ਪਹਿਲਾਂ ਹਾਜ਼ੀਪੁਰ ਦੇ ਖੇਤਰ ਵਿਚਲੇ ਕਰੈਸ਼ਰ ਮਾਲਕਾਂ ਦੀਆਂ ਧੱਕੇਸ਼ਾਹੀਆਂ ਵਿਰੁੱਧ ਵੀ ਸਾਥੀ ਧਰਮਿੰਦਰ ਸਿੰਘ ਦੀ ਅਗਵਾਈ ਹੇਠ ਖਨਿਨ ਰੋਕੋ, ਜ਼ਮੀਨ ਬਚਾਓ ਸੰਘਰਸ਼ ਕਮੇਟੀ ਦੇ ਪਲੈਟਫਾਰਮ ਤੋਂ ਵਧੀਆ ਸੰਘਰਸ਼ ਛੇੜਿਆ ਜਾ ਚੁਕੱਾ ਹੈ। ਉਥੇ ਵੀ ਪ੍ਰਸ਼ਾਸ਼ਨ ਵਲੋਂ ਆਗੂਆਂ ਉਪਰ ਝੂਠੇ ਕੇਸ ਬਣਾਕੇ ਉਹਨਾਂ ਨੂੰ ਖਰਾਬ ਕੀਤਾ ਜਾ ਰਿਹਾ ਹੈ। ਕਰੈਸ਼ਰ ਮਾਲਕਾਂ ਵਲੋਂ ਇਸ ਗੈਰ ਕਾਨੂੰਨੀ ਕਾਰਵਾਈ ਦੀ ਦੁਰਵਰਤੋਂ ਵੀ ਬਹੁਤ ਕੀਤੀ ਜਾ ਰਹੀ ਹੈ। ਇਸ ਕਮਾਈ ਰਾਹੀਂ   ਉਹਨਾਂ ਤਾਂ ਹਾਕਮ ਧਿਰ ਤੋਂ ਇਲਾਵਾ ਵਿਰੋਧੀ ਧਿਰ ਦੇ ਕੁਝ ਸਵਾਰਥੀ ਆਗੂ ਵੀ ਆਪਣੇ ਨਾਲ ਜੋੜੇ ਹੋਏ ਹਨ। ਇਸ ਦੇ ਬਾਵਜੂਦ ਲੋਕ ਬੜੇ ਹੌਂਸਲੇ ਨਾਲ ਵਾਤਾਵਰਨ ਦੀ ਰਾਖੀ ਲਈ ਅਤੇ ਆਪਣੀਆਂ ਮੁਸ਼ਕਲਾਂ ਦੇ ਹੱਲ ਲਈ ਲੜ ਰਹੇ ਹਨ। ਚੰਗੀ ਗੱਲ ਇਹ ਵੀ ਹੈ ਕਿ ਔਰਤਾਂ ਇਸ ਘੋਲ ਦੀ ਅਗਵਾਈ ਕਰ ਰਹੀਆਂ ਹਨ।                    
- ਗਿਆਨ ਸਿੰਘ ਗੁਪਤਾ

No comments:

Post a Comment